.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਪੁਰਬ ਮਨਾਈਏ ਕਿ ਸਾਡੀ ਵੱਖਰੀ ਪਹਿਚਾਨ ਦਿਸੇ

ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਧਰਮ ਦੇ ਨਾਂ `ਤੇ ਜਾਂ ਸਤਿਕਾਰ ਦੇ ਨਾਂ `ਤੇ ਐਸਾ ਹਊਆ ਖੜਾ ਕਰ ਦਿੱਤਾ ਹੈ ਸਿੱਖੀ ਦਾ ਵਿਕਾਸ ਹੋਣ ਦੀ ਥਾਂ `ਤੇ ਆਪਸ ਵਿੱਚ ਪਾਟੋਧਾੜ ਵਾਲੀ ਸਥਿੱਤੀ ਬਣ ਗਈ ਹੈ। ਕਈ ਵਾਰੀ ਸੋਚੀ ਦਾ ਹੈ ਕਿ ਜਦੋਂ ਪੰਥ ਨੂੰ ਜੰਗਲ਼ਾਂ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪਿਆ ਸੀ ਤਾਂ ਓਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿੰਜ ਕਰਦੇ ਹੋਣਗੇ? ਆਵਾਜਾਈ ਦੇ ਸਾਧਨ ਵੀ ਕੇਵਲ ਘੋੜਿਆਂ ਦੀਆਂ ਕਾਠੀਆਂ ਹੀ ਹੁੰਦੀਆਂ ਸਨ ਤੇ ਰੈਣ ਬਸੇਰੇ ਲਈ ਤੰਬੂ ਹੁੰਦੇ ਸਨ ਪਰ ਪਾਠ ਕਰਨਾ ਸਿੱਖ ਨਹੀਂ ਭੁੱਲਦੇ ਸਨ। ਪਹਿਲੀ ਸੰਸਾਰ ਯੁੱਧ ਵਿੱਚ ਵੀ ਸਿੱਖ ਰਜ਼ਮੈਂਟਾਂ ਪਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਸੀ। ਅੱਜ ਸਤਿਕਾਰ ਦੀ ਕੋਈ ਕਮੀ ਨਹੀਂ ਹੈ ਪਰ ਸਾਡੀਆਂ ਆਪਸ ਵਿੱਚ ਵੰਡੀਆਂ ਏੰਨੀਆਂ ਪੈ ਗਈਆ ਹਨ ਮਰਨ ਮਾਰਨ ਤੱਕ ਵੀ ਚਲੇ ਜਾਂਦੇ ਹਾਂ। ਜ਼ਰਾ ਕੁ ਗੁਰਬਾਣੀ ਦੇ ਇਸ ਵਾਕ ਵਲ ਧਿਆਨ ਦੇਵਾਂਗੇ?
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ।।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।।
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।। ੧।।
ਸਲੋਕ ਮ: ੧ ਪੰਨਾ ੧੨੪੫
ਅੱਖਰੀਂ ਅਰਥ--ਅਕਲ ਵਿਅਰਥ ਗਵਾ ਲੈਣਾ—ਇਸ ਨੂੰ ਅਕਲ ਨਹੀਂ ਆਖੀਦਾ। ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ, ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ। ਨਾਨਕ ਆਖਦਾ ਹੈ—ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਗੁਰ-ਗਿਆਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ।
ਸਿਆਣੇ ਲੋਕਾਂ ਨੇ ਪਾਣੀ ਦੇ ਹੜ੍ਹਾਂ ਨੂੰ ਰੋਕ ਕੇ ਬਿਜਲੀ ਪੈਦਾ ਕਰ ਤੇ ਨਹਿਰਾਂ ਬਣਾ ਦਿੱਤੀਆਂ। ਅੱਗ ਨੂੰ ਆਪਣੇ ਅਧੀਨ ਕਰਦਿਆਂ ਭਾਰੀਆਂ ਤੋਂ ਭਾਰੀਆਂ ਮਸ਼ੀਨਾਂ ਗੇੜਨ ਦੇ ਕੰਮ ਲਾ ਦਿੱਤਾ ਹੈ। ਤੇਲ ਨੂੰ ਬਰੀਕ ਤੋਂ ਬਰੀਕ ਕਰਦਿਆਂ ਸੜਕਾਂ ਤੇ ਦੋੜਨ ਲਾ ਦਿੱਤਾ ਹੈ। ਸਿੱਖ ਪੰਥ ਦੀ ਅਥਾਹ ਸ਼ਕਤੀ ਨੂੰ ਅੱਜ ਖਿੰਡਾ ਕੇ ਰੱਖ ਦਿੱਤਾ ਹੈ। ਨਾ ਤਾਂ ਕੋਈ ਵਿਦਵਾਨਾ ਦਾ ਆਪਸੀ ਇਕੱਠ ਹੈ ਕਿ ਉਹ ਕੋਈ ਕੌਮ ਨੂੰ ਠੋਸ ਪ੍ਰੋਗਰਾਮ ਦੇ ਸਕਣ। ਅੱਜ ਕੌਮ ਵਿੱਚ ਪ੍ਰੋਗਰਾਮ ਏੰਨੇ ਖਿਲਾਰ ਦਿੱਤੇ ਹਨ ਇੱਕ ਪ੍ਰੋਗਰਾਮ ਮੁਕਦਾ ਹੈ ਦੂਜਾ ਖੜਾ ਹੁੰਦਾ ਹੈ। ਗੁਰਦੁਆਰਿਆਂ ਵਿੱਚ ਏਨੇ ਦਿਹਾੜੇ ਮਨਾਏ ਜਾ ਰਹੇ ਹਨ ਜਿੰਨਾ ਦੀ ਗਣਤੀ ਕਰਨੀ ਵਸੋਂ ਦੇ ਬਾਹਰ ਦੀ ਗੱਲ ਹੈ। ਹਰ ਰੋਜ਼ ਕੋਈ ਨਾ ਕੋਈ ਦਿਨ ਦਿਹਾੜਾ ਮਨਾਉਣ ਲਈ ਸੰਗਤਾਂ ਵਿੱਚ ਪੈਸਿਆਂ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਨਾਲ ਹੀ ਜਨਮ ਸਫਲਾ ਕਰਨ ਦਾ ਸਰਟੀਫੀਕੇਟ ਦਿੱਤਾ ਜਾਂਦਾ ਹੈ। ਇਹ ਵੀ ਸਮਝਾਇਆ ਜਾਂਦਾ ਹੈ ਇਸੇ ਦਾਨ ਪੁੰਨ ਨਾਲ ਹੀ ਅਗਾਂਹ ਤੁਹਾਨੂੰ ਰਾਖਵੀਂ ਸੀਟ ਮਿਲੇਗੀ ਵਰਨਾ ਥੱਲੇ ਹੀ ਬਹਿਣਾ ਪਏਗਾ ਜਾਂ ਨਰਕਾਂ ਦੇ ਭਾਗੀਦਾਰ ਹੋਵੋਗੇ। ਸੰਗਤ ਵੀ ਇੰਜ ਹੀ ਸਮਝਦੀ ਹੈ ਕਿ ਸ਼ਾਇਦ ਅੱਜ ਦਾ ਦਿੱਤਾ ਲੰਗਰ ਵਾਸਤੇ ਦਾਨ ਹੀ ਸਾਡੇ ਕੰਮ ਆਏਗਾ। ਇਹ ਠੀਕ ਹੈ ਕਿ ਪੰਥ ਦੀਆਂ ਨਿਆਰੀਆਂ ਰਹੁਰੀਤਾਂ ਹਨ। ਅੱਜ ਇਨ੍ਹਾਂ ਰਹੁਰੀਤਾਂ ਬਹੁਤ ਨੀਵੇਂ ਪੱਧਰ ਤੇ ਲੇ ਕੇ ਆ ਗਏ ਹਾਂ।
ਜਦੋਂ ਮੈਂ ਆਪਣੇ ਪਿੰਡ ਵਾਲੇ ਜੀਵਨ ਵਲ ਵੇਖਦਾ ਹਾਂ ਸਾਡੇ ਪਿੰਡ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ ਇੱਕ ਛਬੀਲਾਂ ਵਾਲਾ ਗੁਰਪੁਰਬ ਹੀ ਮਨਾਇਆ ਜਾਂਦਾ ਸੀ। ਜਦੋਂ ਲੁਧਿਆਣੇ ਸ਼ਹਿਰ ਵਿੱਚ ਆਇਆ ਤਾਂ ਏੱਥੇ ਵੀ ਕੇਵਲ ਏੰਨੇ ਹੀ ਪੁਰਬ ਮਨਾਏ ਜਾਂਦੇ ਸਨ। ਹਾਂ ਵੱਡਿਆਂ ਗੁਰਦੁਆਰਿਆਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਦ ਹੀ ਮਨਾਏ ਜਾਂਦੇ ਸਨ। ਹੌਲ਼ੀ ਹੌਲ਼ੀ ਸਾਰੇ ਗੁਰੂਆਂ ਦੇ ਆਗਮਨ ਗੁਰਗੱਦੀ, ਵਿਆਹ ਜੋਤੀ ਜੋਤ ਸਮਾਉਣ ਵੈਸਾਖੀ, ਦੀਵਾਲੀ, ਸਿੰਘਾਂ ਦੀਆਂ ਸ਼ਹੀਦੀਆਂ ਗੁਰਗੱਦੀ ਤੇ ਪਹਿਲਾ ਪ੍ਰਕਾਸ਼ ਅਤੇ ਜਾਤਾਂ ਦੇ ਅਧਾਰਤ ਭਗਤਾਂ ਦੇ ਦਿਨ ਦਿਹਾਰ ਵੀ ਮਨਾਏ ਜਾਣ ਲੱਗ ਪਏ ਹਨ। ਭਾਈ ਗੁਰਦਾਸ ਸਾਹਿਬ ਜੀ ਦਾ ਇਹ ਵਾਕ ਵੀ ਗੁਰਪੁਰਬ ਮਨਾਉਣ ਦੀ ਵਿਆਖਿਆ ਕਰਦਾ ਹੈ।
ਕੁਰਬਾਣੀ ਤਿਨਾਂ ਗੁਰਸਿੱਖਾਂ ਭਾਇ ਭਗਤ ਗੁਰਪੁਰਬ ਕਰੰਦੇ।।
ਜਿਉਂਦੀਆਂ ਕੌਮਾਂ ਆਪਣੇ ਪੁਰਖਿਆਂ ਦੇ ਦਿਨ-ਦਿਉਹਾਰ ਮਨਾਉਂਦੀਆਂ ਹਨ। ਕਿਸੇ ਵਿਦਵਾਨ ਨੇ ਠੀਕ ਕਿਹਾ ਕਿ ਬੰਦੇ ਜੇ ਤੂੰ ਤਰੱਕੀ ਕਰਨਾ ਚਹੁੰਦੇ ਏਂ ਤਾਂ ਕਦੇ ਕਦੇ ਪੁਰਾਣੇ ਕਿੱਸਿਆਂ ਨੂੰ ਜ਼ਰੂਰ ਫੋਲ ਲਿਆ ਕਰ--
ਤਾਜ਼ਾ ਖਾਹੀ ਦਾਸਤਾਨ ਗ਼ਰ ਦਾਗ ਰਾਏ ਹਾਏ ਸੀਨਾ ਰਾ,
ਗਾਹੇ ਗਾਹੇ ਬਾਜ਼ ਖਾਂ ਈਂ ਕਿੱਸਾ ਰਾਏ ਹਾਏ ਪਰੀਨਾ ਰਾ।
ਗੁਰੂ ਅਮਰਦਾਸ ਜੀ ਦਾ ਵਾਕ ਹੈ ਕਿ ਬਜ਼ੁਰਗਾਂ ਦੀਆਂ ਗਾਥਾਵਾਂ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾ ਦੇਂਦੀਆਂ ਹਨ।
ਬਾਬਾਣੀਆਂ ਕਹਾਣੀਆਂ ਪੁਤ ਸੁਪਤ ਕਰੇਨ।
ਗੁਰ ਪੁਰਬ ਮਨਾਉਣੇ ਕੋਈ ਮਾੜੀ ਗੱਲ ਨਹੀਂ ਹੈ ਪਰ ਸਾਨੂੰ ਢੰਗ ਤਰੀਕੇ ਬਦਲਣੇ ਚਾਹੀਦੇ ਹਨ। ਅੱਜ ਗੁਰਪੁਰਬ ਮਨਾਉਣ ਸਬੰਧੀ ਸਾਡੀ ਹਾਸੋਹੀਣੀ ਸਥਿੱਤੀ ਬਣੀ ਹੋਈ ਹੈ। ਪਿੱਛਲੇ ਸਾਲ ੨੮ ਦਿਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਵਸ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਜੇ ਸਿੱਖੀ ਦਾ ਸਿਧਾਂਤਿਕ ਪੱਖ ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਜੀ ਮੁੱਢੋਂ ਗੁਰੂ ਹਨ ਜਦ ਕਿ ਭਾਈ ਲਹਿਣੇ ਜੀ ਓਦੋਂ ਗੁਰੂ ਬਣੇ ਹਨ ਜਦ ਉਹਨਾਂ ਨੂੰ ਗੁਰਿਆਈ ਮਿਲੀ ਹੈ। ਜਨਮ ਕਰਕੇ ਭਾਈ ਲਹਿਣਾ ਜੀ ਦੇਵੀ ਦੇ ਦੀਦਾਰ ਨੂੰ ਜਾਂਦੇ ਰਹੇ ਹਨ। ਗੁਰੂ ਅਮਰਦਾਸ ਜੀ ਜਨਮ ਕਰਕੇ ਗੰਗਾ ਦੀ ਯਾਤਰਾ ਕਰਦੇ ਰਹੇ ਹਨ। ਭਾਈ ਜੇਠਾ ਜੀ ਦਾ ਬਚਪਨਾ ਮਾਤਾ ਪਿਤਾ ਦੇ ਸਾਏ ਤੋਂ ਬਿਨਾ ਗੁਜ਼ਰਿਆ ਹੈ। ਇਸ ਤੋਂ ਸ਼ਪਸ਼ਟ ਹੈ ਅਗਮਨ ਕਰਕੇ ਗੁਰੂ ਨਾਨਕ ਸਾਹਿਬ ਜੀ ਹੀ ਗੁਰੂ ਹਨ ਜਦ ਕੇ ਬਾਕੀ ਨੌ ਗੁਰੂ ਸਾਹਿਬਾਨ ਓਦੋਂ ਗੁਰੂ ਬਣੇ ਹਨ ਜਦ ਉਹਨਾਂ ਨੂੰ ਗੁਰਆਈ ਮਿਲੀ ਹੈ। ਸਿਧਾਂਤਿਕ ਤੋਰ ਤੇ ਦਸ ਗੁਰੂ ਸਾਹਿਬਾਨ ਦੀ ਇੱਕ ਵਿਚਾਰਧਾਰਾ ਭਾਵ ਇੱਕ ਜੋਤ ਹੈ। ਇਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਹੈ।
ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਗੁਰੂਆਂ ਦੇ ਗੁਰਪੁਰਬਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੈ। ਉਹਨਾਂ ਨੂੰ ਤਾਂ ਮਹੀਨੇ ਵਿੱਚ ਕਈ ਧਾਰਮਿਕ ਦਿਹਾੜੇ ਮਨਾਉਣ ਨਾਲ ਆਮਦਨ ਜ਼ਿਆਦਾ ਹੁੰਦੀ ਹੈ। ਇਹ ਤਾਂ ਕਮੇਟੀਆਂ ਏੰਨੀਆਂ ਗੁਜ਼ਰ ਗਈਆਂ ਹਨ ਕਿ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਤੇ ਉਹਨਾਂ ਦੇ ਜਨਮ ਦਿਹਾੜੈ ਵੀ ਗੁਰੂਆਂ ਦੀ ਤਰਜ਼ `ਤੇ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਗਏ ਗੁਜ਼ਰੇ ਸਾਧਾਂ ਦੀਆਂ ਬਰਸੀਆਂ ਜਾਂ ਉਹਨਾਂ ਦੇ ਜਨਮ ਦਿਹਾੜੇ ਮਨਾਉਣ ਦੀ ਆਗਿਆ ਦੇਣ ਵਾਲੇ ਪ੍ਰਬੰਧਕਾਂ ਦੀ ਜ਼ਮੀਰ ਮਰ ਚੁੱਕੀ ਹੈ। ਹੁਣ ਬਹੁਤੀ ਥਾਂਈ ਵੱਡੇ ਗੁਰਦੁਆਰਿਆਂ ਵਿੱਚ ਗੁਰੂਆਂ ਨਾਲੋਂ ਸਾਧਾਂ ਦੀਆਂ ਬਰਸੀਆਂ ਜ਼ਿਆਦਾ ਮਨਾਈਆਂ ਜਾ ਰਹੀਆਂ ਹਨ। ਲੰਗਰ ਵੀ ਉਸ ਦਿਨ ਜਲੇਬੀਆਂ ਪਕੌੜਿਆਂ ਦਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਅਨੁਸਾਰ ਇਹਨਾਂ ਪ੍ਰਬੰਧਕਾਂ ਨੂੰ ਪੈਸੇ ਚਾਹੀਦੇ ਹਨ ਜਿਵੇਂ ਮਰਜ਼ੀ ਆਉਣ।
ਇਸਤ੍ਰੀ ਪੁਰਖੇ ਦਾਮ ਹਿੱਤ ਭਾਵੇਂ ਥਾਏਂ ਕੁਥਾਏਂ ਜਾਈ
ਭਾਵ ਇਹਨਾਂ ਨੂੰ ਪੈਸੇ ਚਾਹੀਦੇ ਹਨ ਭਾਂਵੇਂ ਕਾਲੇ ਚੋਰ ਪਾਸੋਂ ਆਉਣ ਇਹਨਾਂ ਨੂੰ ਕੋਈ ਸਿੱਖੀ ਸਿਧਾਂਤ ਨਾਲ ਸਰੋਕਾਰ ਨਹੀਂ ਹੈ। ਖੈਰ ਅੱਜ ਦਿਹਾੜੇ ਮਨਾਏ ਜਾ ਰਹੇ ਕਿ ਇਹਨਾਂ ਵਿਚੋਂ ਤੱਤਸਾਰ ਹੀ ਖਤਮ ਹੋ ਗਿਆ ਹੈ।
ਗੁਰਪੁਰਬ ਮਨਾਉਣ ਦਾ ਕੋਈ ਢੰਗ ਤਰੀਕਾ
ਆਪਣੀ ਵੱਖਰੀ ਪਹਿਚਾਨ ਦਾ ਢੰਢੋਰਾ ਤਾਂ ਜ਼ਰੂਰ ਪਿਟਦੇ ਹਾਂ ਪਰ ਦੁਨੀਆਂ ਨੂੰ ਅਸੀਂ ਕੋਈ ਸੁਨੇਹਾਂ ਨਹੀਂ ਦੇ ਸਕੇ। ਇੱਕ ਤਾਂ ਅਸੀਂ ਸਤਿਕਾਰ ਦੇ ਨਾਂ `ਤੇ ਆਪਣੇ ਆਪ ਨੂੰ ਏਨਾ ਸੀਮਤ ਕਰ ਲਿਆ ਹੈ ਕਿ ਕੋਈ ਉਦਮ ਕਰਕੇ ਸਹੀ ਪਰਚਾਰ ਜਾਂ ਲਿਖਣ ਦਾ ਕੰਮ ਨਹੀਂ ਕਰ ਰਿਹਾ।
ਸਿਆਣੇ ਕਹਿੰਦੇ ਹਨ ਕਿ ਕਿਸੇ ਦੀ ਚੰਗੀ ਗੱਲ ਦੀ ਰੀਸ ਕਰਨੀ ਕੋਈ ਮਾੜੀ ਨਹੀਂ ਹੈ। ਹਿੰਦੂ ਧਰਮ ਨੂੰ ਅੱਜ ਪ੍ਰਚਾਰ ਦੀ ਲੋੜ ਨਹੀਂ ਹੈ ਕਿਉਂਕਿ ਉਸ ਦੇ ਆਗੂਆਂ ਨੇ ਤਿਉਹਾਰਾਂ ਦੀ ਬਣਤਰ ਹੀ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਜਿਸ ਵਿੱਚ ਸਾਰੇ ਲੋਕ ਸ਼ਾਮਿਲ ਹੁੰਦੇ ਹਨ। ਦੀਵਾਲੀ ਨੂੰ ਖਰੀਦੋ ਪ੍ਰੋਖਤ ਕਰਦੇ ਹਨ, ਘਰਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਮਜ਼ਦੂਰੀ ਕਰਨ ਵਾਲੇ ਨੂੰ ਵੀ ਕੰਮ ਮਿਲ ਜਾਂਦਾ ਹੂੈ। ਪੱਕੇ ਤੌਰ ਤੇ ਤਿਉਹਾਰ ਬਣਾਏ ਹੋਏ ਹਨ। ਹਰ ਤਿਉਹਾਰ ਦੇ ਖਾਣ-ਪੀਣ ਦੀ ਸ਼ੈਲੀ ਵੱਖਰੀ ਹੈ। ਮੁਸਲਮਾਨ ਭਰਾਵਾਂ ਦੀਆਂ ਪੱਕੀਆਂ ਸਾਲ ਵਿੱਚ ਦੋ ਵਾਰ ਈਦਾਂ ਆਉਂਦੀਆਂ ਹਨ। ਕੀ ਬੱਚਾ ਕੀ ਬੁੱਢਾ ਹਰ ਮੁਸਲਮਾਨ ਈਦ ਦੇ ਮੌਕੇ `ਤੇ ਨਵੇਂ ਕਪੜੇ ਪਹਿਨਦਾ ਹੈ ਪੂਰੀ ਕੌਮ ਨਿਮਾਜ਼ ਪੜ੍ਹਦੀ ਹੈ। ਉਹਨਾਂ ਦਾ ਉਤਸ਼ਾਹ ਦੇਖਣ ਯੋਗ ਹੁੰਦਾ ਹੈ। ਈਸਾਈ ਧਰਮ ਵਾਲੇ ਸਾਲ ਉਪਰੰਤ ਕ੍ਰਿ੍ਰਸਮਿਸ ਮਨਾਉਂਦੇ ਹਨ। ਸਾਰਾ ਸੰਸਾਰ ਸ਼ਾਮਿਲ ਹੁੰਦਾ ਹੈ। ਦੂਜੀਆਂ ਕੌਮਾਂ ਵੀ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਸ਼ਾਮਿਲ ਹੁੰਦੀਆਂ ਹਨ। ਦੁਜਾ ਹਰ ਸਾਲ ੨੫ ਦਸੰਬਰ ਦਾ ਦਿਨ ਬਝਵੇਂ ਨਿਯਮ ਵਿੱਚ ਆਉਂਦਾ ਹੈ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਾਰਾ ਸਾਲ ਬੱਚੇ ੨੫ ਦਸੰਬਰ ਨੂੰ ਉਡੀਕਦੇ ਰਹਿੰਦੇ ਹਨ। ਬਾਕੀ ਕੌਮਾਂ ਦੇ ਬੱਚੇ ਵੀ ਖੂਬ ਫੰਨ ਕਰਦੇ ਹਨ।
ਪਹਿਲੀ ਗੱਲ ਤਾਂ ਇਹ ਹੈ ਕਮਾਂਤਰੀ ਪੱਧਰ `ਤੇ ਕੁੱਝ ਦੇਣ ਲਈ ਇਤਿਹਾਸਕ ਦਿਹਾੜੇ ਸਾਨੂੰ ਫਿਕਸ ਕਰਨੇ ਚਾਹੀਦੇ ਹਨ ਤੇ ਉਹਨਾਂ ਦੇ ਦਿਨ ਵੀ ਬੱਝਵੇਂ ਸਮੇਂ ਵਿੱਚ ਆਉਣੇ ਚਾਹੀਦੇ ਹਨ। ਗੁਰਪੁਰਬਾਂ ਦੇ ਗਰੁੱਪ ਬਣਾ ਲੈਣੇ ਚਾਹੀਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਹਾੜਾ ਸਾਰੇ ਗੁਰੂਆਂ ਦੇ ਆਗਮਨ ਦਿਹਾੜੇ ਨੂੰ ਸਮਰਪਤ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ, ਵਿਸਾਖੀ, ਹੋਲਾ-ਮਹਲਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸਾਰੀਆਂ ਸ਼ਹੀਦੀਆਂ ਸਮਰਪਤ ਹੋਣ। ਫਿਰ ਇਹਨਾਂ ਦੇ ਅਸਥਾਨ ਵੀ ਇਹਨਾਂ ਦੇ ਦਿਹਾੜੇ ਫਿਕਸ ਕੀਤੇ ਜਾ ਸਕਦੇ ਹਨ।
.