.

ਭੱਟ ਬਾਣੀ-69

ਬਲਦੇਵ ਸਿੰਘ ਟੋਰਾਂਟੋ

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ।।

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ।।

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ।।

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ।।

ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ।। ੧।।

(ਪੰਨਾ ੧੪੦੮)

ਪਦ ਅਰਥ:- ਜੋਤਿ ਰੂਪ ਹਰਿ ਆਪਿ ਗੁਰੂ – ਜੋਤਿ-ਪ੍ਰਕਾਸ਼ ਰੂਪ ਹਰੀ ਆਪ ਹੀ ਗੁਰੂ। ਨਾਨਕੁ – ਨਾਨਕ ਜੀ ਨੇ। ਕਹਾਯਉ – ਅਖਵਾਇਆ। ਤਾ ਤੇ – ਉਨ੍ਹਾਂ ਤੋਂ ਅੱਗੇ। ਅੰਗਦੁ ਭਯਉ – ਅੰਗਦ ਦੇਵ ਜੀ ਨੂੰ ਗਿਆਨ ਦਾ ਪ੍ਰਕਾਸ਼ ਹੋਇਆ। ਤਤ ਸਿਉ ਤਤੁ – ਤੱਤ ਨਾਲ ਤੱਤ। ਮਿਲਾਯਉ – ਮਿਲਾ ਲਿਆ। ਅੰਗਦਿ ਕਿਰਪਾ ਧਾਰਿ – ਜਿਹੜੀ ਗਿਆਨ ਦੀ ਬਖ਼ਸ਼ਿਸ਼ ਅੰਗਦ ਦੇਵ ਜੀ ਨੇ ਪ੍ਰਵਾਣ ਕੀਤੀ ਸੀ। ਅਮਰੁ – ਅਮਰਦਾਸ ਜੀ ਨੇ। ਸਤਿਗੁਰੁ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ। ਥਿਰੁ ਕੀਅਉ – ਟਿਕਾ ਲਿਆ। ਅਮਰਤੁ – ਅੰਮ੍ਰਿਤ। ਛਤ੍ਰੁ ਗੁਰ – ਗਿਆਨ ਦਾ ਛਤ੍ਰ। ਰਾਮਹਿ ਦੀਅਉ – ਰਾਮਦਾਸ ਜੀ ਨੂੰ ਦਿੱਤਾ। ਗੁਰ – ਗਿਆਨ। ਦਰਸਨੁ – ਗਿਆਨ ਨੂੰ ਹੂ-ਬਹੂ। ਪਰਸਿ – ਪਰਸਣਾ, ਅਪਣਾਉਣਾ। ਕਹਿ ਮਥੁਰਾ – ਭੱਟ ਮਥਰਾ ਆਖਦਾ ਹੈ। ਅੰਮ੍ਰਿਤ ਬਯਣ – ਅੰਮ੍ਰਿਤ ਦਾ ਪ੍ਰਵਾਹ, ਵਹਿਣ। ਬਯਣ – ਪ੍ਰਵਾਹ, ਵਹਿਣ। ਮੂਰਤਿ – ਮੂਰਤਿ। ਪੰਚ – ਪੰਜਵੀਂ। ਪ੍ਰਮਾਣ – ਸਬੂਤ, ਮਿਸਾਲ। ਪੁਰਖੁ – ਪੂਰਣ। ਗੁਰੁ – ਗਿਆਨ ਨੂੰ ਅਪਣਾਇਆ। ਅਰਜੁਨੁ – ਅਰਜਨ ਦੇਵ ਜੀ ਨੇ ਗਿਆਨ ਨੂੰ। ਪਿਖਹੁ ਨਯਣ – ਅੱਖੀਂ ਦੇਖਿਆ, ਆਪਣੀ ਅੱਖੀਂ ਡਿੱਠਾ।

ਅਰਥ:- ਹੇ ਭਾਈ! ਨਾਨਕ ਜੀ ਨੇ ਪ੍ਰਕਾਸ਼ ਰੂਪ ਹਰੀ ਨੂੰ ਹੀ ਆਪਣਾ ਗੁਰੂ ਅਖਵਾਇਆ। ਉਨ੍ਹਾਂ ਤੋਂ ਅੱਗੇ ਅੰਗਦ ਦੇਵ ਜੀ ਨੂੰ ਜਦੋਂ ਇਸ ਗਿਆਨ ਦਾ ਪ੍ਰਕਾਸ਼ ਹੋਇਆ ਤਾਂ ਉਨ੍ਹਾਂ ਨੇ ਵੀ ਉਸੇ ਗਿਆਨ ਦੇ ਤੱਤ ਨਾਲ ਤੱਤ ਨੂੰ ਮਿਲਾ ਲਿਆ ਭਾਵ ਅਸਲੀਅਤ ਸੱਚ ਗਿਆਨ ਨਾਲ ਇਕਮਿਕ ਹੋ ਗਏ ਤਾਂ ਉਨ੍ਹਾਂ ਵੀ ਕਰਤੇ ਨੂੰ ਹੀ ਗੁਰੂ ਅਖਵਾਇਆ। ਜਿਹੜੀ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਅੰਗਦ ਦੇਵ ਜੀ ਨੇ ਪ੍ਰਵਾਣ ਕੀਤੀ ਸੀ, ਉਸੇ ਦੀ ਬਖ਼ਸ਼ਿਸ਼ ਉੱਪਰ ਅਮਰਦਾਸ ਜੀ ਨੇ ਵੀ ਆਪਣੇ ਆਪ ਨੂੰ ਟਿਕਾ ਲਿਆ ਤਾਂ ਉਨ੍ਹਾਂ ਨੇ ਵੀ ਪ੍ਰਕਾਸ਼ ਰੂਪ ਕਰਤੇ ਨੂੰ ਹੀ ਆਪਣਾ ਗੁਰੂ ਅਖਵਾਇਆ। ਇਸ ਤੋਂ ਅੱਗੇ ਅਮਰਦਾਸ ਜੀ ਨੇ ਅੰਮ੍ਰਿਤ ਵਰਗੇ ਗਿਆਨ ਦਾ ਛਤਰ ਰਾਮਦਾਸ ਜੀ ਦੇ ਸਿਰ ਕਰ ਦਿੱਤਾ ਭਾਵ ਰਾਮਦਾਸ ਜੀ ਨੂੰ ਜਿੰਮੇਵਾਰੀ ਸੌਂਪ ਦਿੱਤੀ ਤਾਂ ਰਾਮਦਾਸ ਜੀ ਨੇ ਵੀ ਕਰਤੇ ਨੂੰ ਹੀ ਆਪਣਾ ਗੁਰੂ ਅਖਵਾਇਆ। ਹੇ ਭਾਈ! ਮਥਰਾ ਆਖਦਾ ਹੈ ਇਸ ਤਰ੍ਹਾਂ ਰਾਮਦਾਸ ਜੀ ਨੇ ਇਸ ਗਿਆਨ ਨੂੰ ਹੂ-ਬਹੂ ਪਰਸਿਆ ਭਾਵ ਆਪਣੇ ਜੀਵਨ ਵਿੱਚ ਅਪਣਾਇਆ। ਇਸ ਤਰ੍ਹਾਂ ਇਸ ਗਿਆਨ ਅੰਮ੍ਰਿਤ ਦਾ ਵਹਿਣ-ਪ੍ਰਵਾਹ ਅੱਗੇ ਤੋਂ ਅੱਗੇ ਚੱਲਿਆ। ਇਸੇ ਤਰ੍ਹਾਂ ਅੱਗੇ ਪੰਜਵੀਂ ਮੂਰਤਿ ਅਰਜਨ ਦੇਵ ਜੀ ਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਅਤੇ ਪ੍ਰਕਾਸ ਰੂਪ ਪੂਰਣ ਕਰਤੇ ਨੂੰ ਹੀ ਆਪਣਾ ਗੁਰੂ ਅਖਵਾਇਆ। ਇਹ ਮਿਸਾਲ ਮੈਂ (ਮਥਰਾ ਨੇ) ਆਪਣੀ ਅੱਖੀਂ ਡਿੱਠੀ ਹੈ।

ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ।।

ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ।।

ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ।।

ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ।।

ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ।।

ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ।। ੨।।

(ਪੰਨਾ ੧੪੦੮)

ਪਦ ਅਰਥ:- ਸਤਿ ਰੂਪੁ ਸਤਿ – ਸੱਚ ਰੂਪ ਦੇ ਸੱਚ ਨੂੰ। ਸਤਿ ਨਾਮੁ – ਸਦੀਵੀ ਸੱਚ ਨੂੰ ਅਪਣਾਇਆ। ਸੰਤੋਖੁ – ਸੰਤੁਸ਼ਟਤਾ ਨਾਲ। ਧਰਿਓ ਉਰਿ – ਉਸ ਕਰਤੇ ਉੱਪਰ ਆਪਣਾ ਅਕੀਦਾ ਟਿਕਾਇਆ। ਆਦਿ – ਮੁੱਢ ਕਦੀਮ ਤੋਂ। ਪੁਰਖਿ – ਕਰਤਾ ਪੁਰਖ। ਪਰਤਖਿ – ਸੱਚ। ਲਿਖ੍ਯ੍ਯਉ – ਜਾਣਿਆ। ਅਛਰੁ – ਛਲਿ ਰਹਿਤ, ਛਲੇ ਨਾ ਜਾਣਾ। ਮਸਤਕਿ ਧੁਰਿ – ਸਿਰ ਉੱਪਰ। ਪ੍ਰਗਟ ਜੋਤਿ – ਉਨ੍ਹਾਂ ਦੀ ਵੀਚਾਰਧਾਰਾ ਪ੍ਰਗਟ ਹੋਈ। ਜਗਮਗੈ – ਪ੍ਰਕਾਸ਼। ਤੇਜੁ – ਤੇਜ। ਭੂਅ ਮੰਡਲਿ – ਸੰਸਾਰ। ਛਾਯਉ – ਛਾਇਆ। ਪਾਰਸੁ – ਪਵਿੱਤਰ ਵੀਚਾਰਧਾਰਾ। ਪਰਸਿ – ਨਾਲ ਜੁੜ ਕੇ। ਗੁਰਿ – ਉਸ ਦੀ ਬਖ਼ਸ਼ਿਸ਼ ਗਿਆਨ। ਗੁਰੂ – ਗਿਆਨ ਦਾਤਾ। ਕਹਾਯਉ – ਅਖਵਾਇਆ। ਭਨਿ ਮਥਰਾ – ਭੱਟ ਮਥਰਾ ਆਖਦਾ ਹੈ। ਮੂਰਤਿ – ਹੋਂਦ। ਸਦਾ – ਸਦੀਵੀ। ਥਿਰੁ – ਰਹਿਣ ਵਾਲੀ। ਲਾਇ ਚਿਤੁ – ਆਪਣਾ ਚਿਤ ਜੋੜ ਕੇ। ਸਨਮੁਖ ਰਹਹੁ – ਉਸ ਦੇ ਹੀ ਸਨਮੁਖ ਰਹੋ। ਕਲਜੁਗਿ – ਅਗਿਆਨਤਾ ਦਾ ਸਾਗਰ। ਜਹਾਜੁ – ਬੋਹਿਥ। ਅਰਜੁਨੁ ਗੁਰੂ – ਅਰਜਨ ਦੇਵ ਜੀ ਦਾ ਗੁਰੂ ਗਿਆਨ ਦਾਤਾ ਕਰਤਾ। ਸਗਲ ਸ੍ਰਿਸ੍ਟਿ - ਸਾਰਾ ਸੰਸਾਰ। ਲਗਿ – ਜੁੜ ਕੇ, ਜੁੜਨ ਨਾਲ। ਬਿਤਰਹੁ – ਡੁੱਬਣ ਤੋਂ ਬਚਿਆ ਨਹੀਂ ਜਾ ਸਕਦਾ। ਤਰ ਜਾਣਾ ਭਾਵ ਡੁੱਬਣ ਤੋਂ ਬਚ ਜਾਣਾ।

ਅਰਥ:- ਹੇ ਭਾਈ! ਜਿਸ ਕਿਸੇ ਨੇ ਸੱਚ ਰੂਪ ਦੇ ਸਦੀਵੀ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਨੇ ਸਤੁ-ਉੱਚੇ ਆਚਰਣ ਅਤੇ ਸੰਤੁਸ਼ਟਤਾ ਨਾਲ ਉਸ ਕਰਤੇ ਉੱਪਰ ਆਪਣਾ ਅਕੀਦਾ ਟਿਕਾਇਆ। ਇਸ ਤਰ੍ਹਾਂ ਮੁੱਢ ਕਦੀਮ ਤੋਂ ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਸੱਚ ਨੂੰ ਆਪਣੇ ਸਿਰ `ਤੇ ਜਾਣਿਆ, ਉਹ ਕਿਸੇ (ਅਖੌਤੀ ਅਵਤਾਰਵਾਦੀ ਕਰਤੇ) ਤੋਂ ਛਲੇ ਨਹੀਂ ਗਏ। ਉਨ੍ਹਾਂ ਦੀ ਪ੍ਰਗਟ ਵੀਚਾਰਧਾਰਾ ਦਾ ਤੇਜ ਪ੍ਰਕਾਸ਼ ਇਸ ਸੰਸਾਰ ਉੱਪਰ ਛਾਇਆ। ਉਨ੍ਹਾਂ ਨੇ ਪਾਰਸ ਰੂਪ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਪਰਸ ਕੇ ਭਾਵ ਉਸ ਨਾਲ ਜੁੜ ਕੇ ਉਸ ਦੀ ਬਖ਼ਸ਼ਿਸ਼ ਗਿਆਨ ਨੂੰ ਜੀਵਨ ਵਿੱਚ ਅਪਣਾ ਕੇ ਉਸ ਨੂੰ ਹੀ ਆਪਣਾ ਗੁਰੂ-ਗਿਆਨ ਦਾਤਾ ਅਖਵਾਇਆ। ਇਸ ਵਾਸਤੇ ਹੇ ਭਾਈ! ਅਗਿਆਨਤਾ ਦੇ ਭਵਸਾਗਰ ਨੂੰ ਪਾਰ ਕਰਨ ਲਈ ਅਰਜਨ ਦੇਵ ਜੀ ਦਾ ਗਿਆਨ ਦਾਤਾ (ਕਰਤਾ) ਹੀ ਬੋਹਿਥ ਹੈ ਜਿਸ ਨਾਲ ਜੁੜ ਕੇ ਸਾਰਾ ਸੰਸਾਰ (ਅਵਤਾਰਵਾਦ ਦੀ ਅਗਿਆਨਤਾ ਦੇ) ਭਵਸਾਗਰ ਵਿੱਚ ਡੁੱਬਣ ਤੋਂ ਬਚ ਸਕਦਾ ਹੈ। ਇਸ ਵਾਸਤੇ ਹੇ ਭਾਈ! ਮਥਰਾ ਆਖਦਾ ਹੈ, ਜਿਸ ਦੀ ਹੋਂਦ ਸਦੀਵੀ ਅਤੇ ਸਥਿਰ ਹੈ, ਉਸ ਨਾਲ ਆਪਣਾ ਚਿੱਤ ਜੋੜ ਕੇ ਉਸ ਦੇ ਹੀ ਸਨਮੁੱਖ ਭਾਵ ਉਸ ਨੂੰ ਸਮਰਪਤ ਰਹੋ।
.