.

ਨਵੇਂ ਵਾਧਿਆਂ ਤੇ ਵਧੇਰੀ ਖਿਲਾਵਟ ਸਹਿਤ Highly improved & well clarified

(ਅਰਥ ਨਿਖਾਰ)

“ਤੀਨਿ ਛੰਦੇ ਖੇਲੁ ਆਛੈ…”

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਤੀਨਿ ਛੰਦੇ ਖੇਲੁ ਆਛੈ…" - "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰਾਗ ਟੋਡੀ `ਚ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ ਜਿਹੜਾ ਇਸ ਤਰ੍ਹਾਂ ਹੈ:-

॥ ਟੋਡੀ॥ ਤੀਨਿ ਛੰਦੇ ਖੇਲੁ ਆਛੈ॥ ੧॥ ਰਹਾਉ॥ ਕੁੰਭਾਰ ਕੇ ਘਰ ਹਾਂਡੀ ਆਛੈ, ਰਾਜਾ ਕੇ ਘਰ ਸਾਂਡੀ ਗੋ॥ ਬਾਮਨ ਕੇ ਘਰ ਰਾਂਡੀ ਆਛੈ, ਰਾਂਡੀ ਸਾਂਡੀ, ਹਾਂਡੀ ਗੋ॥ ੧॥ ਬਾਣੀਏ ਕੇ ਘਰ ਹੀਂਗੁ ਆਛੈ, ਭੈਸਰ ਮਾਥੈ ਸੀਂਗੁ ਗੋ॥ ਦੇਵਲ ਮਧੇ ਲੀਗੁ ਆਛੈ, ਲੀਗੁ ਸੀਗੁ ਹੀਗੁ ਗੋ॥ ੨॥ ਤੇਲੀ ਕੈ ਘਰ ਤੇਲੁ ਆਛੈ, ਜੰਗਲ ਮਧੇ ਬੇਲ ਗੋ॥ ਮਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ॥ ੩॥ ਸੰਤਾਂ ਮਧੇ ਗੋਬਿੰਦੁ ਆਛੈ, ਗੋਕਲ ਮਧੇ ਸਿਆਮ ਗੋ॥ ਨਾਮੇ ਮਧੇ ਰਾਮੁ ਆਛੈ, ਰਾਮ ਸਿਆਮ ਗੋਬਿੰਦ ਗੋ॥ ੪॥ ੩॥ {ਪੰ: 718}

ਦੇਖਣਾ ਹੈ ਕਿ ਸੰਪੂਰਣ ਗੁਰਬਾਣੀ ਰਚਨਾ ਸੰਬੰਧੀ ਗੁਰਦੇਵ ਦਾ ਫ਼ੁਰਮਾਣ ਹੈ, "ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ" (ਪੰ: 646 ਭਾਵ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣ ਗੁਰਬਾਣੀ ਦਾ ਧੁਰਾ ਇਕੋ ਹੈ, ਸਾਰੀ ਬਾਣੀ ਇਕੋ ਇਲਾਹੀ ਗੁਰੂ ਦੀ ਮਿਲਾਵਾ ਹੈ ਤੇ ਸੰਪੂਰਣ ਬਾਣੀ ਰਚਨਾ `ਚ ਕਿੱਧਰੇ ਵੀ ਵਿਚਾਰ ਅੰਤਰ ਤੇ ਸਵੈ ਵਿਰੋਧ ਨਹੀਂ। ਉਪ੍ਰੰਤ ਕਬੀਰ ਜੀ ਦੀ ਬਾਣੀ ਰਾਹੀਂ ਵੀ ਗੁਰਦੇਵ ਨੇ ਦ੍ਰਿੜ ਕਰਵਾਇਆ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ" (੩੩੫) ਭਾਵ ਗੁਰਬਾਣੀ `ਚ ਬੇਸ਼ਕ ੩੫ ਲਿਖਾਰੀ ਹਨ ਫ਼ਿਰ ਵੀ ਸੰਪੂਰਣ ਬਾਣੀ ਇਕੋ ਬ੍ਰਹਮ ਦਾ ਹੀ ਪ੍ਰਗਟਾਵਾ ਹੈ।

ਇਸ ਤਰ੍ਹਾਂ ਜੇਕਰ ਕੁੱਝ ਲੋਕ ਇਸ ਨੂੰ ਸਾਧਾਰਣ ਗੀਤ ਹੀ ਮੰਨ ਲੈਣ ਤਾਂ ਇਹ ਉਨ੍ਹਾਂ ਦੀ ਆਪਣਿ ਵੱਡੀ ਭੁੱਲ ਹੋਵੇਗੀ। ਦਰਅਸਲ, ਗਹਿਰਾਈ ਨਾਲ ਦੇਖਿਆ ਜਾਵੇ ਤਾਂ ਅੱਜ ਪ੍ਰਚਾਰ ਤਲ `ਤੇ ਬਹੁਤੇ ਰਾਗੀ, ਢਾਡੀ, ਕਥਾਵਾਚਕ, ਲੇਖਕ, ਭਾਈ, ਗ੍ਰੰਥੀ ਬਲਕਿ ਪ੍ਰਬੰਧਕ, ਪੰਥਕ ਨੇਤਾ ਆਦਿ ਵੀ ਗੁਰਬਾਣੀ ਦੀ ਇਸ ਸਰਬ ਉੱਚਤਾ ਪੱਖੋਂ ਬਹੁਤੀਆਂ ਕੱਚੀਆ ਤੇ ਵਿਰੋਧੀ ਵਿਚਾਰਾਂ ਹੀ ਦੇ ਰਹੇ ਹਨ।

ਉਸੇ ਦਾ ਨਤੀਜਾ, ਜਿਸ ਗੁਰਬਾਣੀ ਰਾਹੀਂ, ਸਿੱਖ ਨੇ ਸਾਰੇ ਸੰਸਾਰ ਨੂੰ ਨਾਲ ਜੋੜਣਾ ਸੀ ਪਰ ਅੱਜ ਖੁਦ ਸਿੱਖ ਰਸਾਤਲ `ਚ ਜਾ ਚੁੱਕਾ ਹੈ। ਉਪ੍ਰੰਤ ਗੱਲ ਕਰਦੇ ਹਾਂ ਹੱਥਲੇ ਸ਼ਬਦ ਦੀ। ਹਰੇਕ ਸ਼ਬਦ ਦੇ ‘ਰਹਾਉ’ ਦੇ ਬੰਦ `ਚ, ਸ਼ਬਦ ਦਾ ‘ਕੇਂਦ੍ਰੀ ਭਾਵ’, ‘ਸ਼ਬਦ ਦਾ ਸਾਰ’ ਤੇ ਨਿਚੋੜ ਹੁੰਦਾ ਹੈ। ਜਦਕਿ ਸ਼ਬਦ ਦੇ ਬਾਕੀ ਬੰਦ ‘ਰਹਾਉ’ ਵਾਲੇ ਬੰਦ ਦਾ ਵਿਸਤਾਰ ਹੁੰਦੇ ਹਨ। ਫ਼ਿਰ ਭਾਵੇਂ ਇਹ ਵਿਸਤਾਰ ਮਿਸਾਲਾਂ ਦੇ ਰੂਪ `ਚ ਹੋਵੇ ਜਾਂ ਸਿੱਧੇ ਤੌਰ `ਤੇ। ਜਿਵੇਂ ਕਿਸੇ ਫੁੱਲ `ਚ ਮੁਕਰੰਦ ਹੁੰਦਾ ਠੀਕ ੳੇੁਸੇ ਤਰ੍ਹਾਂ ਸ਼ਬਦ `ਚ ‘ਰਹਾਉ’ ਦਾ ਬੰਦ ਵੀ ਉਸ ਵਿਸ਼ੇਸ਼ ਸ਼ਬਦ ਵਿੱਚਲਾ ਮੁਕਰੰਦ ਹੀ ਹੁੰਦਾ ਹੈ।

ਤ੍ਰਿਗੁਣੀ ਮਾਇਆ ਅਥਵਾ ਸੰਸਾਰ? -ਜਦੋਂ ਇਸੇ ਸ਼ਬਦ ਨੂੰ ਵਿਦਵਾਨਾਂ ਤੋਂ ਸੁਣਦੇ ਹਾਂ, ਤਾਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਦੇ ਅਰਥ ਬਹੁਤੇ ਖੁੱਲ ਨਹੀਂ ਸਕੇ ਤੇ ਕੰਮ ਬਹੁਤਾ ਅੰਦਾਜ਼ਿਆਂ ਨਾਲ ਹੀ ਚਲਾਇਆ ਜਾ ਰਿਹਾ ਹੈ। ਜਿਵੇਂ ਕੁੱਝ ਲਿਖਾਰੀਆਂ ਨੇ ਇਸ ਸ਼ਬਦ ਦੇ ਅਰਥਾਂ ਨੂੰ ਇਸ ਤਰ੍ਹਾਂ ਲਿਆ ਹੈ ਅਤੇ ਉਨ੍ਹਾਂ ਅਨੁਸਾਰ "ਭਗਤ ਜੀ ਨੇ ਇਸ ਸ਼ਬਦ `ਚ ਕੁੱਝ ਤੇ ਭਿੰਨ ਭਿੰਨ ਵਰਗਾਂ ਦੇ ਤਿੰਨ-ਤਿੰਨ ਸ਼ੁਭ ਗੁਣਾਂ ਤੇ ਪ੍ਰਸੰਗਾਂ ਨੂੰ ਇਕੱਠਾ ਕੀਤਾ ਹੋਇਆ ਹੈ"।

ਸ਼ੱਕ ਨਹੀਂ ਕਿ ਗੁਰਬਾਣੀ `ਚ ਸੰਸਾਰ ਨੂੰ ਪ੍ਰਭੂ ਦੀ ‘ਤ੍ਰਿਗੁਣੀ ਮਾਇਆ’ ਦਾ ਪ੍ਰਗਟਾਵਾ ਵੀ ਕਿਹਾ ਹੈ। ਇਸੇ ਤਰ੍ਹਾਂ ਕੁੱਝ ਵਿਦਵਾਨਾਂ ਨੇ ਭਗਤ ਜੀ ਦੇ ਸ਼ਬਦ "ਤੀਨਿ ਛੰਦੇ ਖੇਲੁ ਆਛੈ" ਨੂੰ ਵੀ ਪ੍ਰਭੂ ਦੀ ‘ਤ੍ਰਿਗੁਣੀ ਮਾਇਆ’ ਵਾਲੇ ਪੱਖੋਂ ਹੀ ਲਿਆ ਹੈ ਅਤੇ ਕੁੱਝ ਨੇ ਕੁੱਝ ਹੋਰ।

ਜਦਕਿ ਇਸ ਸਾਰੇ ਤੋਂ ਭਿੰਨ, ਮਾਲੂਮ ਹੁੰਦਾ ਹੈ ਕਿ ਭਗਤ ਜੀ ਨੇ ਬੜੇ ਵਿਸਮਾਦ `ਚ ਆ ਕੇ ਜਦੋਂ ਕਰਤਾਰ ਦੀ ਰਚਨਾ ਨੂੰ ਸਚਮੁਚ ਹੀ ਕਿਸੇ ਨਿਵੇਕਲੇ ਖੇਲ ਦੇ ਰੂਪ `ਚ ਦੇਖਿਆ ਤਾਂ ਉਨ੍ਹਾਂ ਦੇ ਹਿਰਦੇ ਦੀਆਂ ਤਰੰਗਾ ਤੇ ਗਹਿਰਾਈਆਂ ਚੋਂ ਪ੍ਰਭੂ ਦੀਆਂ ਸਿਫ਼ਿਤਾਂ ਦਾ ਅਜਿਹਾ ਚਸ਼ਮਾ ਫੁਟ ਪਿਆ ਜਿਸ ਨੂੰ ਉਨ੍ਹਾਂ ਨੇ ਇਸ ਸ਼ਬਦ ਰਾਹੀਂ ਬਿਆਣਿਆ ਹੈ। ਇਸ ਲਈ ਸ਼ਬਦ ਦੇ ਅਰਥਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ. ਸ਼ਬਦ ਸੰਬੰਧੀ ਕੁੱਝ ਹੋਰ ਵਿਚਾਰ ਵੀ ਕਰਣੀ ਚਾਹਾਂਗੇ। ਤਾਂ ਤੇ:-

ਕੁਝ ਵਿਚਾਰ, ‘ਰਹਾਉ’ ਵਿੱਚਲੇ ਲਫ਼ਜ਼ ‘ਖੇਲੁ’ ਬਾਰੇ -ਰਹਾਉ ਦੇ ਬੰਦ `ਚ ‘ਖੇਲੁ’ ਦੇ ਲਲੇ ਹੇਠਾਂ (ੁ) ਸੂਚਨਾ ਵਜੋਂ ਹੈ ਕਿ ਇੱਥੇ ਇਹ ਲਫ਼ਜ਼ ‘ਖੇਲੁ’ ਇੱਕ ਵਚਨ ਹੈ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਇਥੇ ਭਗਤ ਜੀ ਨੇ ਸ਼ਬਦ `ਚ ਆਮ ਸੰਸਾਰਕ ਖੇਡਾਂ ਦੀ ਗੱਲ ਨਹੀਂ ਕੀਤੀ ਬਲਕਿ ਪ੍ਰਭੂ ਰਚਨਾ ਵਿੱਚਲਆਂ ਵਿਸ਼ੇਸ਼ ਤੇ ਨਿਵੇਕਲੀ ਖੇਡ ਦੀ ਗੱਲ ਹੀ ਕੀਤੀ ਹੈ। ਜਦਕਿ ਪ੍ਰਭੂ ਦੀ ਰਚਨਾ ਵਿੱਚਲ਼ੀਆਂ ਭਿੰਨ-ਭਿੰਨ ਤੇ ਨਿਵੇਕਲੀਆਂ ਖੇਡਾਂ ਲਈ ਗੁਰਬਾਣੀ `ਚ ਬਿਲਕੁਲ ਇਸੇ ਇੱਕ ਵਚਨ ਦੇ ਹੀ ਰੂਪ `ਚ ਲਫ਼ਜ਼ ‘ਖੇਲੁ’ ਹੋਰ ਵੀ ਬਹੁਤ ਥਾਵੇਂ ਆਇਆ ਹੈ। ਜਿਵੇਂ:-

(ੳ) "ਜੀਅ ਜੰਤ ਸਭਿ ਤੇਰਾ ‘ਖੇਲੁ’॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ (ਪੰ: ੧੧)

(ਅ) "ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ‘ਖੇਲੁ’ ਖੇਲਾਇ" (ਪੰ: ੧੮)

(ੲ) "ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ‘ਖੇਲੁ’॥ ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ" (ਪੰ: ੨੧)

(ਸ) "ਤੁਧੁ ਆਪੇ ਆਪੁ ਉਪਾਇਆ॥ ਦੂਜਾ ‘ਖੇਲੁ’ ਕਰਿ ਦਿਖਲਾਇਆ" (ਪੰ: ੭੩)

(ਹ) "ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ‘ਖੇਲੁ’ ਦਸਾਹਰਾ ਜੀਉ" (ਪੰ: ੯੬)

ਇਸੇ ਤਰ੍ਹਾਂ ਲਫ਼ਜ਼ ‘ਛੰਦ’ ਬਾਰੇ-ਰਹਾਉ’ ਵਿਚਲਾ ਲਫ਼ਜ਼ ‘ਛੰਦ’ ਸੰਸਕ੍ਰਿਤ ਤੋਂ ਹੈ, ਅਤੇ ਅਰਥ ਹਨ ‘ਸੁਭਾਉ’। ਸੋ, ‘ਤਿਨਿ ਛੰਦੇ ਖੇਲੁ ਆਛੈ’ ਦਾ ਅਰਥ "ਉਸ (ਸੰਸਾਰ) ਦਾ ਤਮਾਸ਼ਾ, ਜਿਸ `ਚ ਹਰ ਸਮੇਂ ਪ੍ਰਭੂ ਦੀ ਤਿੰਨ ਸੁਭਾਵਾਂ ਵਾਲੀ ਸੁੰਦਰ ਤੇ ਸੁਹਾਵਣੀ ਖੇਡ ਚੱਲ ਰਹੀ ਹੈ" ਉਪ੍ਰੰਤ ਇਹ ਤਿੰਨ ਸੁਭਾਉ ਕਿਹੜੇ ਹਨ? ਸ਼ਬਦ ਦੀ ਗਹਿਰਾਈ `ਚ ਜਾਵੀਏ ਤਾਂ ਉਹ ਤਿੰਨ ਸੁਭਾਅ ਉਹ ਹਨ ਜਿਹੜੇ ਭਗਤ ਜੀ ਦੇ ਮਨ `ਚ ਪ੍ਰਭੂ ਦੀ ਬੇਅੰਤ ਰਚਨਾ ਭਾਵ ‘ਖੇਲੁ’ ਬਾਰੇ ਉਭਰੇ ਅਤੇ ਭਗਤ ਜੀ ਵੱਡੇ ਵਿਸਮਾਦ `ਚ ਚਲੇ ਗਏ। ਸ਼ਬਦ `ਚੋਂ ਖਾਸ ਤੌਰ `ਤੇ ਇਹੀ ਮੂਲ ਵਿਸ਼ਾ ਸਮਝਣ ਵਾਲਾ ਵੀ ਹੈ।

ਇਹ ਤਿੰਨ ਸੁਭਾਉ ਕੀ ਹਨ? -ਜਿਵੇਂ (ੳ) ਦਿਨ ਪਿਛੋਂ ਰਾਤ ਆਉਂਦੀ ਹੈ ਤੇ ਰਾਤ ਪਿਛੋਂ ਫ਼ਿਰ ਦਿਨ, ਇਸ ਤਰ੍ਹਾਂ ਇਹ ਤਿੰਨ ਤਬਦੀਲੀਆਂ, ਇੱਕ ਤੋਂ ਬਾਅਦ ਦੂਜੀ ਤੇ ਦੂਜੀ ਤੋਂ ਬਾਅਦ ਫ਼ਿਰ ਪਹਿਲੀ। ਇਸੇ ਤੋਂ ਦਿਨ ਤੇ ਰਾਤ ਬਣਦੇ ਹਨ, ਨਹੀਂ ਤਾਂ ਦਿਨ ਤੇ ਰਾਤ ਬਣ ਹੀ ਨਹੀਂ ਸਕਦੇ।

(ਅ) ਭੁੱਖ ਲਗਣ `ਤੇ ਭੋਜਣ ਦੀ ਲੋੜ ਹੁੰਦੀ ਹੈ ਤੇ ਭੋਜਣ ਛਕਣ ਤੋਂ ਕੁੱਝ ਸਮਾਂ ਬਾਅਦ ਫ਼ਿਰ ਭੁੱਖ; ਜੇ ਇਹ ਤਿਕੋਣਾ ਸੁਭਾਉ ਨਾ ਹੋਵੇ, ਤਾਂ ਸਮੂਹ ਸਰੀਰਾਂ ਵਿੱਚਲਾ ਵਾਧਾ ਵੀ ਰੁੱਕ ਜਾਵੇ।

(ੲ) ਦੁਕਾਨਦਾਰ ਕੋਲ ਸੌਦਾ ਤੇ ਉਸ ਸੌਦੇ ਲਈ ਗ੍ਰਾਹਕ, ਇਸ ਤਰ੍ਹਾਂ ਗ੍ਰਾਹਕ ਤੋਂ ਬਾਅਦ ਫ਼ਿਰ ਦੁਕਾਨ `ਚ ਸੌਦੇ ਦੀ ਲੋੜ। ਇਸੇ ਤਰ੍ਹਾਂ ਸਾਰੇ ਸੰਸਾਰ `ਚ ਇਹ ਤਿਕੋਣਾ ਖੇਲ ਚਲਦਾ ਹੈ। ਫ਼ਿਰ ਤਿੰਨਾ `ਚੋਂ ਜੇ ਇੱਕ ਛੰਦ ਵੀ ਵੱਖ ਕਰ ਦੇਵੀਏ ਤਾਂ ਸੰਸਾਰ ਵਿੱਚਲੇ ਉਹ ਚਲਣ ਵੀ ਰੁੱਕ ਜਾਣ ਗੇ।

(ਸ) ਜੇਕਰ ਇਸੇ "ਤੀਨਿ ਛੰਦੇ ਖੇਲੁ ਆਛੈ" ਵਾਲੇ ਵਿਸ਼ੇ ਨੂੰ ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾਂ ਵਿੱਚਲੇ ਹਰੇਕ ਜੀਵ ਦੇ ਜੀਵਨ ਪੱਖੋਂ ਲਵੀਏ ਤਾਂ ਉਥੇ ਵੀ: (੧) ਪਹਿਲਾਂ ਜਨਮ (ਬਚਪਣ) (੨) ਫ਼ਿਰ ਜੁਆਨੀ (੩) ਤੀਜੇ ਨੰਬਰ `ਤੇ ਬੁਢਾਪਾ ਤੇ ਅੰਤ ਹੁੰਦਾ ਹੈ।

ਇਤਨਾ ਹੀ ਨਹੀਂ, ਜਦੋਂ ਤੀਕ ਜੀਵ ਪ੍ਰਭੂ ਤੋਂ ਵਿੱਛੜਿਆ ਰਹਿੰਦਾ ਹੈ ਉਸ ਲਈ ਹਰੇਕ ਜੂਨ ਸਮੇਂ "ਜਨਮ-ਜੁਆਨੀ ਤੇ ਬੁਢਾਪੇ" ਵਾਲਾ ਇਹ ਤਿਕੋਣਾ ਖੇਲ, ਆਵਗਉਣ ਵਾਲੇ ਗੇੜ ਦੇ ਰੂਪ `ਚ ਚੱਲਦਾ ਰਹਿੰਦਾ ਹੈ। ਇਹ ਵੀ ਓੁਦੋਂ ਤੀਕ ਚਲਦਾ ਰਹਿੰਦਾ ਹੈ ਜਦੋਂ ਤੀਕ ਜੀਵ ਫ਼ਿਰ ਤੋਂ ਪ੍ਰਪਤ ਕਿਸੇ ਮਨੁੱਖਾ ਜਨਮ ਸਮੇਂ ਸ਼ਬਦ-ਗੁਰੂ ਦੀ ਕਮਾਈ ਤੇ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੀ ਨਹੀਂ ਹੋ ਜਾਂਦਾ ਅਥਵਾ ਪ੍ਰਭੂ `ਚ ਹੀ ਨਹੀਂ ਸਮਾਅ ਜਾਂਦਾ।

(ਹ) "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨) ਭਾਵ ਸਾਡੇ ਸਰੀਰਾਂ ਸਮੇਤ, ਇਹੀ ਹੈ ਹਰੇਕ ਮਨੁੱਖ ਦੇ ਜੀਵਨ ਦੀ ਵੀ ਖੇਡ, ਜਿਸ ਨੂੰ ਨੌਵੇਂ ਪਾਤਸ਼ਾਹ ਵੀ ਇਸ ਤਰ੍ਹਾਂ ਬਿਆਣ ਕਰਦੇ ਹਨ, ਫ਼ੁਰਮਾਣ ਹੈ "ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ" (ਪੰ: ੧੪੨੮)।

"ਬਿਰਥਾ ਸਭ ਹੀ ਮਾਨੁ" `ਚ ‘ਬਿਰਥਾ’ ਦੇ ਅਰਥ ਹਨ, ਪ੍ਰਾਪਤ ਮਨੁੱਖਾ ਜਨਮ ਦਾ ਸਫ਼ਲ ਨਾ ਹੋਣਾ ਅਤੇ ਉਸ ਮਨੁੱਖਾ ਜਨਮ ਸਮੇਂ ਕੀਤੇ ਹੋਏ ਚੰਗੇ ਤੇ ਮਾੜੇ ਕਰਮਾਂ ਅਨੁਸਾਰ "ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ਹਉ ਵਿਚਿ ਨਰਕਿ ਸੁਰਗਿ ਅਵਤਾਰੁ" ਭਾਵ ਜੀਵ ਲਈ ਮੁੜ ਉਹੀ ਭਿੰਨ ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਵਾਲਾ ਲੰਮਾਂ ਗੇੜ ਹੀ ਬਣਦਾ। ਉਹੀ ਗੇੜ ਜਿਸ `ਚੋ ਕੱਢ ਕੇ ਕਰਤੇ ਪ੍ਰਭੂ ਨੇ ਸਾਨੂੰ ਇਹ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ। ਜਦਕਿ "ਨਰਕਿ ਸੁਰਗਿ ਅਵਤਾਰੁ" ਦੇ ਅਰਥ ਹਨ ਔਖੇ ਤੇ ਸੌਖੇ ਜੀਵਨ।

(ਕ) ਮਨੁੱਖਾਂ ਜੀਵਨ ਅੰਦਰ ‘ਸੁਭਾਉ’ ਵੀ ਪ੍ਰਭੂ ਦੀ ਅਜਿਹੀ ਦੇਣ ਹੈ ਜੋ ਕਿਸੇ ਮਨੁੱਖ ਦਾ ਸੁਭਾਉ ਚੰਗਾ ਹੋਵੇ ਭਾਵੇਂ ਮਾੜਾ, ਪਰ (੧) ਮਨੁੱਖ ਦਾ ਸੰਸਾਰਕ ਜੀਵਨ (੨) ਉਸ ਦਾ ਆਪਣਾ ਸੁਭਾਉ (੩) ਅਤੇ ਉਸਦਾ ਸਰੀਰ; ਤਿੰਨੇ, ਇਸ ਤਿਕੋਣੇ ਮਿਲਾਪ ਕਾਰਣ ਹੀ ਬੱਝੇ ਰਹਿੰਦੇ ਹਨ।

(ਖ) ਇਹੀ ਨਹੀਂ, (੧) ਸਾਧਸੰਗਤ (੨) ਸ਼ਬਦ-ਗੁਰੂ ਦੀ ਕਮਾਈ (੩) ਪ੍ਰਭੂ ਦੀ ਬਖਸ਼ਿਸ਼, ਇਨ੍ਹਾਂ ਤਿੰਨਾਂ ਦੇ ਸੰਜੋਗ ਤੋਂ ਜੇ ਕਿਸੇ ਮਨਮੁਖ ਦਾ ਜੀਵਨ, ਗੁਰਮੁਖ ਦੇ ਜੀਵਨ `ਚ ਬਦਲ ਜਾਵੇ ਤਾਂ ਵੀ ਸੁਭਾਉ, ਸਰੀਰ ਤੇ ਸੰਸਾਰ ਤਿੰਨਾਂ ਦੇ ਮਿਲਾਪ ਤੋਂ ਹੀ ਉਸ ਗੁਰਮੁਖ ਦਾ ਜੀਵਨ ਵੀ ਚਲਦਾ ਹੈ।

(ਗ) ਬਿਰਖ ਦੀ ਮਿਸਾਲ ਲਵੀਏ। ਬਿਰਖ ਨੂੰ ਪਤੇ ਲਗਦੇ ਹਨ, ਫ਼ਿਰ ਪਤਝੜ ਤੇ ਪਤਝੜ ਤੋਂ ਬਾਅਦ ਫ਼ਿਰ ਉਸੇ ਬਿਰਖ ਨੂੰ ਨਵੇਂ ਸਿਰਿਓਂ ਉਹੀ ਹਰੇ ਪਤੇ। ਇਸੇ ਨਾਲ, ਉਸ ਬਿਰਖ ਦੀ ਲੰਮੀ ਉਮਰ ਹੁੰਦੀ ਹੈ। ਫ਼ਰਕ ਹੁੰਦਾ ਹੈ ਤਾਂ ਕੇਵਲ ਇਤਨਾ ਕਿ, ਕਿੱਧਰੇ ਤੀਸਰਾ ਪੱਖ ਉਸ ਜੀਵਨ ਦਾ ਅੰਤ ਹੁੰਦਾ ਹੈ ਜਿਵੇਂ ਸਮੂਹ ਜੀਵ ਸ਼੍ਰੇਣੀਆਂ ਦੇ ਸਰੀਰ ਅਤੇ ਕਿੱਧਰੇ ਇਹੀ ਤਿਕੋਣ ਬਣ ਰਹੀ ਹੈ ਬਿਰਖ ਵਾਂਙ ਇਕੋ ਹੀ ਸਰੀਰ ਦੇ ਚਲਣ ਤੇ ਵਿਕਾਸ ਲਈ। ਜਦਕਿ ਸਾਰੇ ਪਾਸੇ ਖੇਡ ਤਿੰਨ ਤੇ ਤਿਕੋਣ ਵਾਲੀ ਹੀ ਹੈ। ਤਾਂ ਵੀ ਪ੍ਰਭੂ ਦੀ ਉਸ ‘ਤੀਨ ਛੰਦੇ’ ਖੇਲ `ਚੋਂ ਇਹ ਕੇਵਲ ਕੁੱਝ ਮਿਸਾਲਾਂ ਹੀ ਹਨ।

ਤਾਂ ਤੇ ਸ਼ਬਦ ਦੇ ਅਰਥ ਹਨ-ਦਰਅਸਲ ਸੰਸਾਰ ਦੇ ਹਰੇਕ ਚਲਣ `ਚ ਪ੍ਰਭੂ ਦਾ ਤਿਕੋਣਾ ਤੇ "ਤੀਨਿ ਛੰਦੇ ਖੇਲੁ ਆਛੈ" ਵਾਲਾ ਖੇਲ ਹੀ ਚੱਲ ਰਹਾ ਹੈ ਜਿਸ ਨੂੰ ਸਪਸ਼ਟ ਕਰਣ ਲਈ ਹੀ ਸ਼ਬਦ `ਚ ਭਗਤ ਨਾਮਦੇਵ ਜੀ ਨੇ ਵੀ ਪ੍ਰਭੂ ਦੀ ਬੇਅੰਤ ਰਚਨਾ ਚੋਂ ਕੁੱਝ ਮਿਸਾਲਾਂ ਦਿੱਤੀਆਂ ਹਨ।

ਇਹ ਵੀ ਸਾਬਤ ਹੁੰਦਾ ਹੈ ਭਗਤ ਜੀ ਦੀ ਇਸੇ ਵਿਸਮਾਦ ਵਾਲੀ ਅਵਸਥਾ ਦੀ ਪਛਾਣ ਕਰਾਉਣ ਲਈ, ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਇਸ ਸ਼ਬਦ ਨੂੰ ਗੁਰਬਾਣੀ ਦੇ ਖਜ਼ਾਨੇ ਲਈ ਸੰਭਾਲਿਆ। ਯਕੀਨਣ ਇਸ ਲਈ, ਤਾ ਕਿ ਪ੍ਰਭੂ ਦੀ ਰਚਨਾ `ਚੋਂ ਵਿਸਮਾਦ ਵਾਲੀ ਇਸ ਅਵਸਥਾ ਦਾ ਅਨੰਦ ਗੁਰਬਾਣੀ ਨਾਲ ਜੁੜ ਕੇ ਹਰੇਕ ਪ੍ਰਾਣੀ ਵੀ ਮਾਨ ਸਕੇ। ਤਾਂ ਤੇ ਆਉਂਦੇ ਹਾਂ ਸੰਬੰਧਤ ਸ਼ਬਦ ਦੇ ਅਰਥਾਂ ਵੱਲ, ਪਰ ਉਸ ਤੋਂ ਪਹਿਲਾਂ ਕੁੱਝ ਜ਼ਰੂਰੀ ਤੇ ਵਿਸ਼ੇਸ਼ ਨੋਟ:-

ਨੋਟ- (ੳ) ਉਂਝ ਤਾਂ ਹਰੇਕ ਸ਼ਬਦ `ਚ ਰਹਾਉ ਦਾ ਬੰਦ, ਉਸ ਸ਼ਬਦ ਦਾ ਕੇਂਦ੍ਰੀ ਭਾਵ ਹੁੰਦਾ ਹੈ। ਪਰ ਹੱਥਲੇ ਸ਼ਬਦ `ਚ ਇੱਕ ਵਾਧਾ ਹੋਰ ਵੀ ਹੈ ਉਹ ਇਹ ਕਿ, ਕੇਵਲ ਰਹਾਉ ਵਾਲੇ ਬੰਦ ਦੇ ਠੀਕ ਅਰਥ ਸਮਝ `ਚ ਆ ਜਾਣ `ਤੇ ਹੀ ਪੂਰੇ ਸ਼ਬਦ ਦੇ ਅਰਥ ਵੀ ਖੁੱਲ ਜਾਂਦੇ ਹਨ।

(ਅ) ਦੂਜਾ, ਇਥੇ ਹਰੇਕ ਬੰਦ `ਚ ਲਫ਼ਜ਼ ‘ਗੋ’ ਆਇਆ ਹੈ ਜਿਵੇਂ "ਰਾਂਡੀ ਸਾਂਡੀ, ਹਾਂਡੀ ਗੋ" ਭਾਵ ਅਜੇ ਕੁੱਝ ਘਾਟ ਹੈ; ਇਸ ਲਈ ਜਦੋਂ ਉਹ ਘਾਟ ‘ਗੋ’ ਭਾਵ ਪੂਰੀ ਹੋਵੇਗ ਤਾਂ ਇਹ ਕ੍ਰਮ ਪੂਰਾ ਹੋਵੇਗਾ ਨਹੀਂ ਤਾਂ ਇਹ ਅਧੂਰਾ ਹੈ ਅਤੇ ਓਦੋਂ ਤੱਕ ਅਧੂਰਾ ਹੀ ਰਵੇਗਾ

(ੲ) ਤੀਜਾ, ਲ਼ਫ਼ਜ਼ ‘ਆਛੈ’ ਰਾਹੀਂ ਭਗਤ ਜੀ ਕਹਿੰਦੇ ਹਨ "ਹੇ ਪ੍ਰਭੁ! ਤੇਰੀ ਬੇਅੰਤ ਰਚਨਾ `ਚ ਜਿੱਧਰ ਦੇਖੋ ਤਿਕੋਣੇ ਸੁਭਾਉ ਵਾਲੀ ਤੇਰੀ ਨਿਵੇਕਲੀ ਖੇਡ ਬੜੀ ਸੁਹਾਵਣੀ ਤੇ ਮਨਮੋਹਕ ਹੈ। ਉਪ੍ਰੰਤ ਪ੍ਰਭੂ ਦੀ ਇਸ ਤਿਕੋਣੀ ਖੇਡ ਦਾ ਢੁੱਕਵੀਆਂ ਮਿਸਾਲਾਂ ਰਾਹੀਂ ਪ੍ਰਗਟਾਵਾ ਵੀ ਕਰਦੇ ਹਨ।

(ਸ) ਚੌਥਾ, ਪ੍ਰਭੂ ਰਚਨਾ ਵਿੱਚਲੇ ਇਸ "ਤੀਨਿ ਛੰਦੇ ਖੇਲੁ ਆਛੈ" ਨੂੰ ‘ਰਹਾਉ’ ਵਾਲੇ ਬੰਦ `ਚ ਪ੍ਰਗਟਾਉਣ ਤੋਂ ਬਾਅਦ, ਭਗਤ ਜੀ ਸ਼ਬਦ ਦੇ ਬਾਕੀ ਚਾਰ ਬੰਦਾਂ `ਚ ਪ੍ਰਭੂ ਦੇ ਉਸ "ਤੀਨਿ ਛੰਦੇ ਖੇਲੁ ਆਛੈ" ਨੂੰ ਹੀ ਕਰਤੇ ਦੀ ਰਚਨਾ ਚੋਂ ਕੁੱਝ ਮਿਸਾਲਾਂ ਵਰਤ ਕੇ ਸਪਸ਼ਟ ਵੀ ਕਰਦੇ ਹਨ।

(ਹ) ਫ਼ਿਰ ਚੌਥੇ ਤੇ ਅੰਤਮ ਬੰਦ `ਚ ਭਗਤ ਜੀ ਕਹਿੰਦੇ ਹਨ "ਨਾਮੇ ਮਧੇ ਰਾਮੁ ਆਛੈ" ਭਾਵ "ਹੇ ਪ੍ਰਭੂ! ਮੈਂ ਨਾਮਦੇਵ ਵੀ ਤੇਰੀ "ਤੀਨਿ ਛੰਦੇ" ਵਾਲੀ ਵਿਸਮਾਦੀ ਖੇਡ ਦਾ ਹੀ ਹਿਸਾ ਹਾਂ। ਇਸ ਲਈ ਤੇਰੇ ਚਰਣਾਂ `ਚ ਮੇਰੀ ਅਰਦਾਸ ਹੈ, ਮੇਰੇ `ਤੇ ਮਿਹਰ ਕਰ! ਤਾ ਕਿ ਮੈਂ ਤੇਰੀ ਉਸ "ਤੀਨਿ ਛੰਦੇ" ਵਾਲੀ ਸੰਸਾਰ ਵਿੱਚਲੀ ਖੇਡ `ਚ ਵਿਚਰਦਾ ਹੋਇਆ ਅੰਤ ਤੇਰੇ `ਚ ਹੀ ਸਮਾਅ ਜਾਵਾਂ, ਮੈਨੂੰ ਤੇਰੇ ਵੱਲੋਂ ਬਖ਼ਸ਼ਿਆ, ਇਹ ਮਨੁੱਖਾ ਜਨਮ ਸਫ਼ਲ ਹੋ ਜਾਵੇ, ਬਿਰਥਾ ਨਾ ਜਾਵੇ"। ਤਾਂ ਤੇ ਪੂਰੇ ਸ਼ਬਦ `ਚ:-

ਅਰਥ- "ਤੀਨਿ ਛੰਦੇ ਖੇਲੁ ਆਛੈ॥ ੧॥ ਰਹਾਉ॥" - ਪ੍ਰਭੂ ਦੀ ਸੰਸਾਰ ਰਚਨਾ ਵਾਲੀ ਇਸ ਖੇਡ `ਚ ‘ਤਿਕੋਣੇ ਸੁਭਾਉ’ ਵਾਲਾ ਅਜਿਹਾ ਮਨਮੋਹਕ ਤੇ ਸੁਹਾਵਣਾ ਕ੍ਰਮ ਚੱਲਦਾ ਹੈ ਜਿਸ `ਚ ਸਾਰਾ ਸੰਸਾਰ ਆਪ ਮੁਹਾਰੇ ਤੇ ਹਰ ਸਮੇਂ ਬੱਝਾ ਰਹਿੰਦਾ ਹੈ। ਰਹਾਉ।

"ਕੁੰਭਾਰ ਕੇ ਘਰ ਹਾਂਡੀ ਆਛੈ, ਰਾਜਾ ਕੇ ਘਰ ਸਾਂਡੀ ਗੋ॥ ਬਾਮਨ ਕੇ ਘਰ ਰਾਂਡੀ ਆਛੈ, ਰਾਂਡੀ ਸਾਂਡੀ, ਹਾਂਡੀ ਗੋ॥ ੧॥" ਘੁਮਿਆਰ ਦੇ ਘਰ `ਚ ਹਾਂਢੀ ਭਾਵ ਮਿੱਟੀ ਦੇ ਬਰਤਨ ਚੰਗੇ ਲਗਦੇ ਹਨ, ਰਾਜਿਆਂ ਦੇ ਘਰ `ਚ ਸਾਂਢੀ (ਉਂਠਨੀ) ਭਾਵ ਉੱਤਮ ਦਰਜੇ ਦੀਆਂ ਸੁਆਰੀਆਂ `ਤੇ ਸਸ਼ਤ੍ਰ ਫ਼ੋਜਾਂ ਆਦਿ ਸ਼ੋਭਦੀਆਂ ਹਨ, ਇਸੇ ਤਰ੍ਹਾਂ ਬ੍ਰਾਹਮਣ ਦੇ ਘਰ ਅਥਵਾ ਕਿਸੇ ਬ੍ਰਾਹਮਣ ਕੋਲ ਰਾਂਡੀ ਭਾਵ ਜਨਮ ਪਤ੍ਰੀਆਂ, ਕੁੰਡਲਣੀਆਂ, ਟੇਵੇ, ਮਹੂਰਤ ਆਦਿ ਲਗਾਉਣ ਤੇ ਵਾਚਨ ਲਈ ਲੋੜੀਂਦੀਆਂ ਪੁਸਤਕਾਂ ਸ਼ੋਭਦੀਆਂ ਹਨ ਪਰ ਕਦੋਂ?

"ਰਾਂਡੀ ਸਾਂਡੀ, ਹਾਂਡੀ ਗੋ" ਜਦੋਂ ਰਾਜੇ ਕੋਲ ਸੁਆਰੀਆਂ ਤੇ ਉਸ ਦੀਆਂ ਫ਼ੌਜਾਂ ਹੇਠ ਪਰਜਾ ਰਾਹੀਂ ਤਿਕੋਣ ਵੀ ਬਣੀ ਹੋਵੇ। ਫ਼ਿਰ ਜੇ ਇਨ੍ਹਾਂ ਤਿੰਨਾਂ `ਚੋਂ ਕਿਸੇ ਇੱਕ ਦੀ ਵੀ ਘਾਟ ਹੋਵੇ ਤਾਂ "ਤੀਨ ਛੰਦੇ ਖੇਲੁ ਆਛੈ" ਵਾਲੀ ਇਲਾਹੀ ਖੇਡ ਵੀ ਸਿਰੇ ਨਹੀਂ ਚੜ੍ਹਦੀ।

ਇਸੇ ਤਰ੍ਹਾਂ ਘੁਮਿਆਰ ਤੇ, ਘੁਮਿਆਰ ਕੋਲ ਹਾਂਡੀ ਭਾਵ ਮਿੱਟੀ ਦੇ ਬਰਤਨ ਤਾਂ ਹੋਣ ਪਰ ਤਾਂ ਵੀ ਇਹ ਖੇਡ ਓਦੋਂ ਹੀ ਸ਼ੌਭਦੀ ਤੇ ਸਿਰੇ ਚੜ੍ਹਦੀ ਹੈ ਜਦੋਂ ਉਸ ਕੋਲ ਉਨ੍ਹਾਂ ਬਰਤਨਾਂ ਲਈ ਗ੍ਰਾਹਕ ਵੀ ਹੋਣ।

ਸ਼ਪਸ਼ਟ ਹੈ ਕਿਸੇ ਕਾਰਣ ਜੇ ਘੁਮਿਆਰ, ਬਰਤਨ ਤੇ ਗ੍ਰਾਹਕਾਂ ਵਾਲੀ ਇਹ ਤਿਕੋਣ ਹੀ ਨਾ ਬਣੇ ਤੇ ਤਿੰਨਾ `ਚ ਕਿਸੇ ਇੱਕ ਦੀ ਵੀ ਘਾਟ ਹੋਵੇ ਤਾਂ ਇਹ ਖੇਡ ਵੀ ਸਿਰੇ ਨਹੀਂ ਚੜ੍ਹ ਸਕਦੀ।

"ਬਾਮਨ ਕੇ ਘਰ ਰਾਂਡੀ ਆਛੈ" ਭਗਤ ਜੀ ਗੱਲ ਕਰਦੇ ਹਨ ਬ੍ਰਾਹਮਣ ਦੀ, ਇਥੇ ਬ੍ਰਾਹਮਣ ਵੀ ਹੈ ਤੇ ਬ੍ਰਾਹਮਣ ਕੋਲ ਜਨਮ ਕੁੰਡਲਣੀਆਂ, ਜਨਮ-ਪਤ੍ਰੀਆਂ, ਮੁਹੂਰਤਾਂ, ਟੇਵੇ ਆਦਿ ਲਈ ਲੋੜੀਂਦੀਆਂ ਪੁਸਤਕਾਂ ਵੀ ਹੈਣ। ਫ਼ਿਰ ਜੇ ਉਸ ਕੋਲ ਕੁੰਡਲਣੀਆਂ, ਮਹੂਰਤਾਂ, ਟੇਵਿਆਂ ਆਦਿ ਨੂੰ ਕਢਵਾਉਣ ਲਈ ਸ਼੍ਰਧਾਲੂ ਹੀ ਨਾ ਹੋਣ ਤਾਂ "ਤੀਨਿ ਛੰਦੇ" ਵਾਲੀ ਖੇਡ ਤਾਂ ਵੀ ਸਿਰੇ ਨਹੀਂ ਚੜ੍ਹੇਗੀ।

ਕਿਉਂਕਿ ਵਿਸ਼ਾ ਇਥੇ ਵੀ "੧, ਬ੍ਰਾਹਮਣ, ੨. ਜਨਮ-ਪਤ੍ਰੀਆਂ ਆਦਿ, ੩. ਸ਼੍ਰਧਾਲੂਆਂ" ਭਾਵ ਉਹੀ ਤਿਕੋਣ ਹੈ। ਫ਼ਿਰ ਜੇ ਇਥੇ ਵੀ ਇਨ੍ਹਾਂ ਤਿੰਨਾਂ ਚੋਂ ਕਿਸੇ ਇੱਕ ਦੀ ਘਾਟ ਹੋਵੇ ਤਾਂ ਮਸਲਾ ਇਥੇ ਵੀ ਉਹੀ ਰਵੇਗਾ ਅਤੇ "ਤੀਨਿ ਛੰਦੇ ਖੇਲੁ ਆਛੈ" ਵਾਲੀ ਗੱਲ ਸਿਰੇ ਨਹੀਂ ਚੜ੍ਹ ਪਾਏਗੀ। ੧।

"ਬਾਣੀਏ ਕੇ ਘਰ ਹੀਂਗੁ ਆਛੈ, ਭੈਸਰ ਮਾਥੈ ਸੀਂਗੁ ਗੋ॥ ਦੇਵਲ ਮਧੇ ਲੀਗੁ ਆਛੈ, ਲੀਗੁ ਸੀਗੁ ਹੀਗੁ ਗੋ॥ ੨॥" ਬਾਣੀਆ ਤੇ ਬਾਣੀਏ ਕੋਲ ਹਿੰਙ ਭਾਵ ਆਟਾ-ਦਾਲ, ਚਾਵਲ, ਗਰਮ ਮਸਾਲੇ ਆਦਿ ਪੰਸਾਰੀ-ਕਰਿਆਣੇ ਦਾ ਸਾਮਾਨ ਵੀ ਹੈ। ਭੈਂਸਿਆਂ ਦੇ ਮਾਲਿਕ ਕੋਲ ਭੈਂਸੇ ਤੇ ਉਨ੍ਹਾਂ ਭੈਂਸਿਆਂ ਦੇ ਸਿਰਾਂ `ਤੇ ਸਿੰਗ ਵੀ ਹਨ। ਇਸੇ ਤਰ੍ਹਾਂ ਦੇਵਾਲਯ (ਮੰਦਿਰ) `ਚ ਸ਼ਿਵਲਿੰਗ ਵੀ ਸਥਾਪਤ ਹੋਇਆ ਪਿਆ ਹੈ।

"ਲੀਗੁ ਸੀਗੁ ਹੀਗੁ ਗੋ" -ਫ਼ਿਰ ਜੇ ਦੇਵਾਲਯ `ਚ ਸਥਾਪਤ ਸ਼ਿਵਲਿੰਗ ਲਈ ਸ਼੍ਰਧਾਲੂਆਂ ਨਾਲ ਤਿਕੋਣ ਨਾ ਬਣੇ। ਭੈਂਸੇ ਤੇ ਉਨ੍ਹਾਂ ਦੇ ਵੱਡੇ ਵੱਡੇ ਸਿੰਗ ਕਿਸ ਕੰਮ ਜੇ ਉਨ੍ਹਾਂ ਭੈਸਿਆਂ ਲਈ ਮੁਕਾਬਲੇ ਵਾਲੀ ਤਿਕੋਣ ਹੀ ਨਾ ਬਣੇ। ਉਪ੍ਰੰਤ ਬਾਣੀਆ ਤੇ ਉਸਦੀ ਦੁਕਾਨ `ਚ ਪਿਆ ਕਰਿਆਣੇ-ਪੰਸਾਰੀ ਆਦਿ ਦਾ ਸਾਮਾਨ, ਕਿਸ ਕੰਮ ਜੇ ਉਨ੍ਹਾਂ ਵਸਤਾਂ ਲਈ ਗ੍ਰਾਹਕਾਂ ਤੋਂ ਤਿਕੋਣ ਹੀ ਨਾ ਬਣੇ।

ਦੇਵਾਲਿਆਂ `ਚ ਸ਼ਿਵਲਿੰਗ ਇਸ ਲਈ ਸਥਾਪਤ ਕੀਤਾ ਹੁੰਦਾ ਹੈ ਤਾ ਕਿ ਸ਼੍ਰਧਾਲੂ ਉਸ ਦੀ ਪੂਜਾ ਕਰ ਸਕਣ, ਇਸ ਤਰ੍ਹਾਂ ਉਥੇ ਮੰਦਿਰ, ਸ਼ਿਵਲਿੰਗ ਤੇ ਸ਼੍ਰਧਾਲੂ ਤਿੰਨਾਂ ਤੋਂ ਤਿਕੋਣ ਬਣਦੀ ਹੈ।

ਇਸੇ ਤਰ੍ਹਾਂ ਭੈਂਸਿਆਂ ਦੇ ਸਿੰਗਾ ਨੂੰ ਆਧਾਰ ਬਣਾ ਕੇ ਸੰਸਾਰ ਤਲ `ਤੇ ਭੈਂਸਿਆਂ ਦੀਆਂ ਲੜਾਈਆਂ ਕਰਵਾਈਆਂ ਤੇ ਉਨ੍ਹਾਂ ਦੇ ਮਾਲਿਕ ਵੱਡੇ-ਵੱਡੇ ਇਨਾਮ ਜਿੱਤਦੇ ਹਨ। ਭਾਵ ਇਥੇ ਤਿਕੋਣ ਹੈ (੧) ਭੈਸਿਆਂ ਦੇ ਮਾਲਿਕ (੨) ਫ਼ਿਰ ਭੈਸਿਆਂ ਦੇ ਸਿਂਗ (੩) ਤੀਜਾ ਭੈਸਿਆਂ ਦੇ ਮਕਾਬਲੇ

ਉਪ੍ਰੰਤ ਤਿਕੋਣ ਹੈ (੧) ਬਾਣੀਆ (੨) ਬਾਣੀਏ ਦੀ ਦੁਕਾਨ `ਚ ਕਰਿਆਣੇ-ਪੰਸਾਰੀ ਆਦਿ ਦਾ ਸਾਮਾਨ (੩) ਉਸ ਬਾਣੀਏ ਕੋਲ ਉਸ ਸਾਮਾਨ ਲਈ ਗ੍ਰਾਹਕ।

ਫ਼ਿਰ ਜੇ ਇਨ੍ਹਾਂ ਚੋਂ ਕਿਸੇ ਇੱਕ ਦੀ ਵੀ ਤਿਕੋਣ ਨਾ ਬਣਦੀ ਹੋਵੇ ਤਾਂ ਉਨ੍ਹਾਂ ਵਰਗਾਂ ਚੋਂ ਉਹ ਵਰਗ ਅਧੂਾੇ ਰਹਿ ਜਾਵੇਗਾ ਅਤੇ "ਤੀਨਿ ਛੰਦੇ ਖੇਲੁ ਆਛੈ" ਵਾਲੀ ਗੱਲ ਵੀ ਸਿਰੇ ਨਹੀਂ ਚੜ੍ਹੇ ਗੀ। ੨।

"ਤੇਲੀ ਕੈ ਘਰ ਤੇਲੁ ਆਛੈ, ਜੰਗਲ ਮਧੇ ਬੇਲ ਗੋ॥ ਮਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ॥ ੩॥" ਤੀਸਰੇ ਬੰਦ `ਚ ਭਗਤ ਜੀ ਮਿਸਾਲਾਂ ਲੈਂਦੇ ਹਨ ਤੇਲੀ, ਜੰਗਲ ਤੇ ਮਾਲੀ ਦੀਆਂ। ਕਹਿੰਦੇ ਹਨ, ਤੇਲੀ ਤਾਂ ਹੈ ਅਤੇ ਤੇਲੀ ਕੋਲ ਤੇਲ ਦੇ ਵੀ ਭੰਡਾਰ ਹਨ। ਫ਼ਿਰ ਜੰਗਲ ਵੀ ਹੈ ਤੇ ਉਸ ਜੰਗਲ `ਚ ਕੁੱਦਰਤੀ ਪੈਦਾ ਹੋਣ ਵਾਲੀਆਂ ਵੇਲਾਂ ਦੀ ਵੀ ਘਾਟ ਨਹੀਂ। ਇਸੇ ਤਰ੍ਹਾਂ ਮਾਲੀ ਵੀ ਹੈ ਤੇ ਉਸ ਮਾਲੀ ਕੋਲ ਕੇਲੇ ਆਦਿ ਫ਼ਲਾਂ ਦੇ ਬਾਗ਼ ਵੀ ਹਨ। ਤਾਂ ਵੀ ਇਹ ਸਭ ਓਦੋਂ ਹੀ ਸ਼ੋਭਦੇ ਹਨ, ਜਦੋਂ:-

‘ਕੇਲ ਬੇਲ ਤੇਲ ਗੋ" ਜੇ ਮਾਲੀ ਕੋਲ ਬਾਗ਼ ਵਿੱਚਲੇ ਫਲਾਂ ਲਈ ਗ੍ਰਾਹਕ ਵੀ ਹੋਣ; ਇਸੇ ਤਰ੍ਹਾਂ ਜੇ ਜੰਗਲ ਤੇ ਜੰਗਲ `ਚ ਵੇਲਾਂ ਤਾਂ ਹੋਣ ਪਰ ਨਾਲ ਉਨ੍ਹਾਂ ਵੇਲਾਂ ਦੇ ਲੋੜਵੰਦ ਵੀ ਹੋਣ। ਉਪ੍ਰੰਤ ਤੇਲੀ ਅਤੇ ਤੇਲੀ ਕੋਲ ਤੇਲ ਤਾਂ ਹੈ ਪਰ ਉਸ ਕੋਲ ਉਸ ਤੇਲ ਲਈ ਗ੍ਰਾਹਕਾਂ ਦੀ ਵੀ ਲੋੜ ਹੈ। ੩।

ਸਪਸ਼ਟ ਹੈ ਇਥੇ ਤਿਕੋਣਾਂ ਬਨਦੀਆਂ ਹਨ (੧) ਤੇਲੀ, ਤੇਲ ਤੇ ਤੇਲ ਲਈ ਗ੍ਰਾਹਕ (੨) ਜੰਗਲ, ਵੇਲਾਂ ਤੇ ਉਨ੍ਹਾਂ ਵੇਲਾਂ ਦੇ ਲੋੜਵੰਦ (੩) ਮਾਲੀ, ਉਸਦੇ ਬਾਗ਼ `ਚ ਫਲ ਤੇ ਫਲਾਂ ਦੇ ਗ੍ਰਾਹਕ

"ਸੰਤਾਂ ਮਧੇ ਗੋਬਿੰਦੁ ਆਛੈ, ਗੋਕਲ ਮਧੇ ਸਿਆਮ ਗੋ॥ ਨਾਮੇ ਮਧੇ ਰਾਮੁ ਆਛੈ, ਰਾਮ ਸਿਆਮ ਗੋਬਿੰਦ ਗੋ॥ ੪॥" -ਅੰਤਮ ਤੇ ਸ਼ਬਦ ਦੇ ਚੌਥੇ ਬੰਦ `ਚ ਭਗਤ ਜੀ ਉਸ ਵਿਸ਼ੇ ਵੱਲ ਆਉਂਦੇ ਹਨ ਜਿਸ ਮਕਸਦ ਕਾਰਣ ਭਗਤ ਜੀ ਨੇ ਇਸ ਸ਼ਬਦ ਦੀ ਰਚਨਾ ਕੀਤੀ; ਆਪ ਫ਼ੁਰਮਾਉਂਦੇ ਹਨ:-

ਹੇ ਪਭੂ! ਸੰਸਾਰ ਤਲ `ਤੇ "ਗੋਕਲ ਮਧੇ ਸਿਆਮ ਗੋ" ਗੋਕੁਲ ਨਗਰੀ ਦਾ ਮਹੱਤਵ ਤਾਂ ਹੀ ਬਣਦਾ ਹੈ ਜੇ ਉਸ ਨਾਲ ਕ੍ਰਿਸ਼ਨ ਦੀਆਂ ਲੀਲਾਵਾਂ ਤੇ ਗੋਪੀ-ਗੁਆਲਿਆਂ ਵਾਲੀ ਤਿਕੋਣ ਵੀ ਬਣੇ।

"ਸੰਤਾਂ ਮਧੇ ਗੋਬਿੰਦੁ ਆਛੈ" ਸੰਸਾਰ ਤਲ ਦਾ ਕੋਈ ਵੀ ਇਕੱਠ ਤਾਂ ਹੀ ਸ਼ੋਭਦਾ ਤੇ ਸਾਧ ਸੰਗਤ ਹੁੰਦਾ ਹੈ ਜੇ ਉਸ `ਚ ਗੋਬਿੰਦ ਭਾਵ ਘਟ ਘਟ ਦੀ ਜਾਨਣ ਵਾਲੇ ਅਕਾਲ ਪੁਰਖ ਦੀ ਸਿਫ਼ਤ ਸਲਾਹ ਹੋਵੇ ਅਤੇ ਉਸ ਇਕੱਠ `ਚੋਂ ਉਸ ਅਕਾਲਪੁਰਖ ਦਾ ਪ੍ਰਗਟਾਵਾ ਵੀ ਹੋ ਰਿਹਾ ਹੋਵੇ।

"ਨਾਮੇ ਮਧੇ ਰਾਮੁ ਆਛੈ" ਇਸੇ ਤਰ੍ਹਾਂ ਹੇ ਪ੍ਰਭੂ! ਮੇਰਾ ਭਾਵ ਨਾਮਦੇਵ ਦੇ ਜਨਮ ਦਾ ਮਕਸਦ ਵੀ ਤਾਂ ਹੀ ਪੂਰਾ ਹੁੰਦਾ ਹੈ ਜੇ ਤੇਰੇ ਬਖ਼ਸ਼ੇ ਹੋਏ ਇਸ ਮਨੁੱਖਾ ਸਰੀਰ ਰਾਹੀਂ ਜੀਂਦੇ ਜੀਅ ਮੇਰੀ ਤੇਰੇ ਨਾਲ ਸਾਂਝ ਬਣ ਆਵੇ ਅਤੇ ਮੈਂ ਵੀ ਤੇਰੇ `ਚ ਹੀ ਸਮਾਅ ਜਾਵਾਂ।

(ਇਥੇ ਵੀ ਇੱਕ ਤਾਂ ਹੈ ਨਾਮਦੇਵ, ਦੂਜਾ ਨਾਮਦੇਵ ਜੀ ਦਾ ਸਰੀਰ, ਅਤੇ ਤੀਜਾ ਹੈ ਸਰੀਰ `ਚ ਵੱਸ ਰਿਹਾ ਜੀਵਨ ਦਾਤਾ ਸਰਵ ਵਿਆਪਕ ਅਕਾਲਪੁਰਖ)

"ਰਾਮ ਸਿਆਮ ਗੋਬਿੰਦ ਗੋ" ਤਾਂ ਤੇ ਉਪ੍ਰੋਕਤ ਤਿਨਾਂ ਹੀ ਪ੍ਰਕਰਣਾ `ਚ ਵੀ "ਤੀਨਿ ਛੰਦੇ ਖੇਲੁ ਆਛੈ" ਵਾਲੀ ਗੱਲ ਤਾਂ ਹੀ ਸਿਰੇ ਚੜ੍ਹਦੀ ਹੈ ਜੇ ਪ੍ਰਕਰਣਾਂ ਅਨੁਸਾਰ ਉਨ੍ਹਾਂ `ਚ ਹਰੇਕ ਨਾਲ ਸੰਬੰਧਤ ਤੀਜਾ ਪੱਖ (੧) ਸਰਵਿਆਪੀ ਤੇ ਘਟ ਘਟ ਦੀ ਜਾਨਣ ਵਾਲਾ ਗੋਬਿੰਦ (੨) ਰਮਈਆ ਰਾਮ ਤੇ (੩) ਅਵਤਾਰੀ ਕ੍ਰਿਸ਼ਨ ਨੂੰ ਵੀ ਜੋੜਿਆ ਜਾਵੇ, ਨਹੀ ਤਾਂ "ਤੀਨਿ ਛੰਦੇ ਖੇਲੁ ਆਛੈ" ਵਾਲੀ ਗੱਲ ਇਥੇ ਵੀ ਨਹੀਂ ਬਣੇਗੀ। ੪। #96bs08.05.15#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵ ‘ਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. 96-B

ਨਵੇਂ ਵਾਧਿਆਂ ਤੇ ਵਧੇਰੀ ਖਿਲਾਵਟ ਸਹਿਤ Highly improved & well clarified

(ਅਰਥ ਨਿਖਾਰ)

"ਤੀਨਿ ਛੰਦੇ ਖੇਲੁ ਆਛੈ…"

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.