.

ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵ-ਸ਼ਾਂਤੀ

ਮੁੱਖ-ਬੰਦ

ਅਜੋਕਾ ਦੌਰ ਵਿਗਿਆਨ ਤੇ ਤਕਨਾਲੋਜੀ ਦਾ ਦੌਰ ਹੈ। ਇਸ ਦੁਆਰਾ ਪੈਦਾ ਕੀਤੇ ਗਏ ਸੰਚਾਰ-ਸਾਧਨਾਂ ਦੀ ਸੁਖ-ਸੁਵਿਧਾ ਅਤੇ ਰੋਟੀ-ਰੋਜ਼ੀ ਦੀਆਂ ਗ਼ਰਜ਼ਾਂ ਨੇ ਮਨੁੱਖ ਨੂੰ ਸੰਸਾਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚਾ ਦਿੱਤਾ ਹੈ। ਪਰਵਾਸ ਦੇ ਇਸ ਸਫ਼ਰ ਵਿੱਚ ਮਨੁੱਖ ਇਕੱਲਾ ਹੀ ਨਹੀਂ ਗਿਆ, ਸਗੋਂ ਆਪਣੇ ਨਾਲ ਆਪਣਾ ਧਰਮ, ਜਾਤੀ, ਸਮਾਜ, ਸਭਿਆਚਾਰ, ਬੋਲੀ ਆਦਿ ਨੂੰ ਘਸੀਟ ਕੇ ਲੈ ਗਿਆ ਹੈ। ਇਸ ਨਾਲ ਹੋਇਆ ਇਹ ਹੈ ਕਿ ਦੁਨੀਆਂ ਦੇ ਹਰ ਖਿੱਤੇ ਵਿੱਚ ਬਹੁ-ਕੌਮੀ, ਬਹੁ-ਦੇਸੀ, ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਸਭਿਆਚਾਰੀ ਜਨ ਸਮੂਹ ਸਥਾਪਿਤ ਹੋ ਗਏ ਹਨ। ਵੇਖਣ ਨੂੰ ਇਹ ਨਾਨਵਤਾ ਭਾਵੇਂ ਕੁਦਰਤਿ ਦੇ ‘ਰੰਗ ਪਰੰਗ ਅਪਾਰ ਜਨਾ’ ਵਾਲੀ ਲੱਗਦੀ ਹੈ ਪਰ ਇਸ ਅਨੇਕਤਾ ਵਿੱਚ ਕੁਦਰਤਿ ਵਾਲੀ ਏਕਤਾ ਤੇ ਸਾਂਝ ਨਹੀਂ ਹੈ। ਇਹ ਤਾਂ ਪਦਾਰਥਕ ਗ਼ਰਜ਼ਾਂ ਵਿੱਚ ਬੱਝੀ ਮਨਸੂਈ ਏਕਤਾ ਹੈ ਜਿਸ ਦੇ ਅੰਦਰੂਨੀ ਧਰਾਤਲ ਉਪਰ ਹਰੇਕ ਦਾ ਵਿਅਕਤੀਗਤ ਸੁਆਰਥ ਛੁਪਿਆ ਹੋਇਆ ਹੈ। ਪਰਮਾਰਥ ਦਾ ਰਾਹ ਛੱਡ ਕੇ ਸੁਆਰਥ ਦੀ ਇਸ ਨਿਰਜਿੰਦ ਕਠੋਰਤਾ ਕਰ ਕੇ ਹੀ ਵਿਸ਼ਵ ਦੇ ਹਰ ਖਿੱਤੇ ਵਿੱਚ ਅਸ਼ਾਂਤੀ ਤੇ ਤਨਾਓ ਵਾਲਾ ਵਾਤਾਵਰਣ ਪੈਦਾ ਹੋਇਆ ਪਿਆ ਹੈ। ਕਿਧਰੇ ਜਾਤੀ ਮਸਲੇ ਹਨ ਤੇ ਕਿਧਰੇ ਨਸਲੀ ਵਿਤਕਰੇ, ਕਿਧਰੇ ਆਰਥਿਕ ਨਾ ਬਰਾਬਰੀ ਕਰ ਕੇ ਅਮੀਰ-ਗ਼ਰੀਬ ਦੇ ਪਾੜੇ ਹਨ ਤੇ ਕਿਧਰੇ ਰੰਗ-ਭੇਦ ਦੇ ਸਮਾਜੀ ਝਮੇਲੇ, ਕਿਧਰੇ ਪੂੰਜੀਵਾਦ ਰਾਹੀਂ ਕਿਰਤੀ ਵਰਗ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਕਿਧਰੇ ਧਰਮ ਦੀ ਸਰਦਾਰੀ ਖਾਤਰ ਸਭਿਆਚਾਰਕ ਭੇੜ ਹੋ ਰਹੇ ਹਨ। ਪਦਾਰਥਕ ਵਿਕਾਸ ਰਾਹੀਂ ਪੈਦਾ ਹੋਏ ਖਪਤ ਸਭਿਆਚਾਰ ਦੇ ਵਿਸ਼ਵ-ਵਰਤਾਰੇ ਵਿੱਚ ਇਨ੍ਹਾਂ ਉੱਭਰ ਰਹੀਆਂ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਦੇ ਨਜ਼ਰੀਏ ਨਾਲ ਕਿਸੇ ਹੱਦ ਤੱਕ ਪਦਾਰਥਕ ਗ਼ਰਜਾਂ ਦੁਆਲੇ ਕੇਂਦਰਿਤ ਮਨੁੱਖੀ ਮਾਨਸਿਕਤਾ ਬਾਹਰਮੁਖੀ ਰੂਪ ਵਿੱਚ ਸਾਂਝਾਂ ਦੇ ਤਾਣੇ-ਬਾਣੇ ਵਿੱਚ ਜਰੂਰ ਬੱਝ ਗਈ ਹੈ ਪਰ ਇਸ ਨੂੰ ‘ਸਭੈ ਸਾਝੀਵਾਲ ਸਦਾਇਣ’ ਵਾਲਾ ਵਿਸ਼ਵ-ਪਰਿਵਾਰ ਨਹੀਂ ਕਿਹਾ ਜਾ ਸਕਦਾ। ਆਲਮੀ ਪ੍ਰਸੰਗ ਵਿੱਚ ਅਸੀਂ ਇਹ ਜ਼ਰੂਰ ਕਹਿ ਦਿੰਦੇ ਹਾਂ ਕਿ ਸੰਸਾਰ ਇੱਕ ਗਲੋਬਲੀ ਪਿੰਡ ਬਣ ਗਿਆ ਹੈ ਪਰ ਇਸ ਆਪੋ-ਧਾਪੀ ਵਾਲੇ ਵਰਤਾਰੇ ਵਿੱਚ ਵੇਖਿਆ ਜਾਵੇ ਤਾਂ ਅਸਲ ਪਿੰਡ ਗਵਾਚ ਗਿਆ ਹੈ। ਹਰ ਪਾਸੇ ਤਣਾਓ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ। ਸੰਸਾਰ ਵਿੱਚ ਤਣਾਓ-ਮੁਕਤ ਸ਼ਾਂਤ ਮਾਹੌਲ ਕਿਵੇਂ ਸਿਰਜਿਆ ਜਾ ਸਕੇ ਇਸ ਲਈ ਸਾਡੀ ਟੇਕ ਧਰਮ ਗ੍ਰੰਥਾਂ ਉੱਪਰ ਆ ਟਿਕਦੀ ਹੈ। ਪਰ ਜੇਕਰ ਇਸ ਨਜ਼ਰੀਏ ਤੋਂ ਵਿਚਾਰ ਕੇ ਵੇਖੀਏ ਤਾਂ ਵਿਸ਼ਵ ਧਰਮ ਗ੍ਰੰਥਾਂ ਵਿੱਚ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹਾ ਪ੍ਰਵਚਨ ਹੈ ਜੋ ਵਿਸ਼ਵ-ਸ਼ਾਂਤੀ ਤੇ ਭਾਈਚਾਰਕ ਸਾਂਝ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਣ ਲਈ ਸਰਬਕਾਲੀ ਤੇ ਸਰਬਦੇਸੀ ਸਮਰੱਥਾ ਰਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਪਾਵਨ ਗ੍ਰੰਥ (sacred scripture) ਹੀ ਨਹੀਂ ਸਗੋਂ ‘ਗੁਰੂ ਗ੍ਰੰਥ’ ਹੈ ਜਿਸ ਵਿਚਲਾ ਗੁਰੂ ਦਾ ਦੇਹ ਤੋਂ ਪਾਰਗਾਮੀ ‘ਸ਼ਬਦ-ਸਰੂਪ’ ਸਮੁੱਚੀ ਮਾਨਵਤਾ ਨੂੰ ਆਪਣੀ ਬੁਕੱਲ ਵਿੱਚ ਲੈ ਲੈਂਦਾ ਹੈ। ‘ਉਪਦੇਸ਼ ਚਹੁ ਵਰਨਾ ਕੋ ਸਾਝਾ’ ਹੋਣ ਕਰ ਕੇ ਇਸ ਦੀ ਸਰਬ-ਸਾਂਝੀ ਬਾਣੀ ਜਾਤਾਂ, ਰੰਗਾਂ, ਨਸਲਾਂ, ਦੇਸਾਂ, ਕੌਮਾਂ ਦੀਆਂ ਸਭ ਹੱਦ-ਬੰਦੀਆਂ ਤੋਂ ਮੁਕਤ ‘ਸਭਸੈ ਲਏ ਮਿਲਾਇ ਜੀਓ’ ਵਾਲੇ ਸਭਿਆਚਾਰ ਨੂੰ ਉਜਾਗਰ ਕਰਦੀ ਹੈ। ਇਹ ਬਾਣੀ ਇਨਸਾਨ ਨੂੰ ਇਨਸਾਨੀਅਤ ਵਾਲੇ ਪਾਸੇ ਤੋਰਦੀ ਹੈ ਅਤੇ ਵਿਸ਼ਵ ਸ਼ਾਂਤੀ ਪੈਦਾ ਕਰਨ ਲਈ ਸਭ ਤੋਂ ਪਹਿਲੀ ਲੋੜ ਇਨਸਾਨੀਅਤ ਦੀ ਹੈ ਜੋ ਹਰ ਇਨਸਾਨ ਵਿੱਚੋਂ ਗੁਆਚ ਚੁੱਕੀ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਦਾਨਸ਼ਵਰ ਸਿੱਖ-ਚਿੰਤਕ ਕਰਨਲ ਗੁਰਦੀਪ ਸਿੰਘ ਜੀ ਨੇ ਹੱਥ ਵਿਚਲੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵ ਸ਼ਾਂਤੀ’ ਇਸੇ ਮਨੋਰਥ ਨਾਲ ਲਿਖੀ ਹੈ ਕਿ, ਅਜੋਕੇ ਤਣਾਓ ਤੇ ਅਸ਼ਾਂਤੀ ਵਾਲੇ ਵਿਸ਼ਵ-ਵਰਤਾਰੇ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਲਈ ਇਨਸਾਨ ਨੂੰ ਇਨਸਾਨੀਅਤ ਵਾਲੇ ਪਾਸੇ ਤੋਰਿਆ ਜਾਵੇ ਅਤੇ ਆਪਣਾ ‘ਮੂਲ ਪਛਾਨਣ’ ਲਈ ਵੰਗਾਰਿਆ ਜਾਵੇ। ਗੁਰਬਾਣੀ ਦੇ ਗਹਿਰ-ਗੰਭੀਰ ਅਧਿਐਨ ਰਾਹੀਂ ਆਪ ਨੇ ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਵਾਲੇ ਉਸ ਮਾਡਲ ਨੂੰ ਤਲਾਸ਼ ਲਿਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਨਹਿਤ ਹੈ। ਗਿਆਨ-ਵਿਗਿਆਨ ਦੇ ਅਜੋਕੇ ਦੌਰ ਵਿੱਚ ਲੋੜ ਇਸ ਗੱਲ ਦੀ ਹੈ ਕਿ ਵਿਸ਼ਵ-ਵਰਤਾਰੇ ਦੇ ਸਭਿਆਚਾਰਕ ਧਰਾਤਲ ਉੱਪਰ ਗੁਰਬਾਣੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਆਲਮੀ ਪ੍ਰਸੰਗ ਵਿੱਚ ਵਿਚਾਰਿਆ ਜਾਵੇ। ਕਰਨਲ ਗੁਰਦੀਪ ਸਿੰਘ ਜੀ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਵਿਧੀਵਤ ਰੂਪ ਵਿੱਚ ਇਹ ਕਾਰਜ ਕਰ ਕੇ ਇਸ ਪਾਸੇ ਪਹਿਲ ਕਦਮੀ ਕੀਤੀ ਹੈ। ਆਪ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਵਿਚਾਰਧਾਰਾ ਅਜੋਕੇ ਸਮੇਂ ਵਿੱਚ ਵਿਸ਼ਵ-ਵਿਆਪੀ ਪੱਧਰ `ਤੇ ਸਭ ਪ੍ਰਕਾਰ ਦੀਆਂ ਵਿਥਾਂ-ਵਿਖਰੇਵੇਂ ਮੇਟ ਕੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਈਚਾਰਕ ਸਾਂਝ ਦਾ ਪੁਲ ਉਸਾਰ ਸਕਦੀ ਹੈ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵ-ਸ਼ਾਂਤੀ’ ਵਿਸ਼ੇ ਨੂੰ ਨਿਬੰਧ ਰੂਪ ਵਿੱਚ ਉਜਾਗਰ ਕਰਨ ਲਈ ਦਾਨਸ਼ਵਰ ਲੇਖਕ ਨੇ ਇੱਕ ਪੂਰਾ-ਸੂਰਾ ਥੀਸਿਜ਼ ਉਸਾਰਿਆ ਹੈ ਜਿਸ ਦੀਆਂ ਅੰਤਿਕਾਵਾਂ ਨੂੰ ਛੱਡ ਕੇ ਪੰਦਰਾਂ ਚੈਪਟਰ ਹਨ। ਵਿਦੇਸ਼ਾਂ ਵਿੱਚ ਘੁੰਮ-ਫਿਰ ਕੇ ਤੇ ਅਜੋਕੇ ਵਰਤਾਰੇ ਨੂੰ ਵੇਖ ਕੇ ਪਹਿਲਾਂ ਆਪ ਨੇ ਇਹ ਮਹਿਸੂਸ ਕੀਤਾ ਹੈ ਕਿ ਸੰਸਾਰ ਅਸ਼ਾਂਤ ਹੈ। ਫਿਰ ਇਸ ਫ਼ਿਕਰ ਨੂੰ ਦੂਰ ਕਰਨ ਲਈ ਕਿ ਸੰਸਾਰ ਅਸ਼ਾਂਤ ਕਿਉਂ ਹੈ? ਨੂੰ ਵਿਚਾਰਿਆ ਹੈ। ਫਿਰ ਤੁਲਨਾਤਮਕ ਅਧਿਐਨ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ - ਕੀ ਗੁਰਮਤਿ ਤੋਂ ਇਲਾਵਾ ਅਨਮੱਤਾਂ ਵਿੱਚੋਂ ਕਿਸੇ ਮੱਤ ਦੀ ਵਿਚਾਰਧਾਰਾ `ਤੇ ਅਮਲ ਕਰ ਕੇ ਸਦੀਵੀ ਵਿਸ਼ਵ-ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ? ਇਸ ਘੋਖ ਪੜਤਾਲ ਪਿੱਛੋਂ ਜੇਕਰ ਆਪ ਨੂੰ ਯਕੀਨ ਬੱਝਦਾ ਹੈ ਤਾਂ ਉਹ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਆਧਾਰ `ਤੇ ਸਦੀਵ-ਕਾਲੀ ਵਿਸ਼ਵ-ਸ਼ਾਂਤੀ ਸਥਾਪਤ ਹੋ ਸਕਦੀ ਹੈ। ਪਦਾਰਥਕ ਪ੍ਰਾਪਤੀਆਂ ਤੇ ਬਾਹਰਮੁਖੀ ਅਰਚਾ-ਪੂਜਾ ਨਾ ਮਨ ਦੀ ਸ਼ਾਂਤੀ ਪੈਦਾ ਕਰ ਸਕਦੇ ਹਨ ਅਤੇ ਨਾ ਹੀ ਵਿਸ਼ਵ-ਸ਼ਾਂਤੀ ਲਈ ਸਹਾਈ ਹੋ ਸਕਦੇ ਹਨ। ਲੇਖਕ ਨੇ ਇਸ ਦਾ ਸਮਰੱਥ ਸਾਧਨ ਨਾਮ-ਸਿਮਰਨ ਅਤੇ ਗੁਰੂ ਬਖ਼ਸ਼ਿਸ਼ ਨੂੰ ਤਸੱਵਰ ਕੀਤਾ ਹੈ। ਸ਼ਬਦ-ਗੁਰੂ ਦੇ ਫ਼ਲਸਫ਼ੇ ਉੱਪਰ ਅਮਲ ਕਰ ਕੇ ਮਾਇਆ ਅਤੇ ਮਾਇਆ ਦੇ ਕੋੜਮੇ-ਕਬੀਲੇ ਨੂੰ ਵੱਸ ਕੀਤਾ ਜਾ ਸਕਦਾ ਹੈ ਜੋ ਵਿਸ਼ਵ-ਸ਼ਾਂਤੀ ਲਈ ਬਾਧਕ ਬਣਦੇ ਹਨ। ਇਹੀ ‘ਟਾਕਮ ਕੂੰਜੜੀਆਂ ਮਨੋ ਮਚੰਦੜੀਆਂ ਹਨ।

ਦਾਨਸ਼ਵਰ ਲੇਖਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਗੁਰਮਤਿ ਵਿਚਾਰਧਾਰਾ `ਤੇ ਅਮਲ ਕਰ ਕੇ ਆਦਰਸ਼ਕ ਪਰਿਵਾਰ ਅਤੇ ਆਦਰਸ਼ਕ ਸਮਾਜ ਸਿਰਜਿਆ ਜਾ ਸਕਦਾ ਹੈ। ਇਹ ਆਧਾਰ ਕੜੀਆਂ ਹਨ ਵਿਸ਼ਵ-ਸ਼ਾਂਤੀ ਸਥਾਪਤ ਕਰਨ ਦੀਆਂ। ਇਹ ਔਗੁਣ ਮੇਟ ਕੇ ‘ਸਾਝ ਕਰੀਜੈ ਗੁਣਾ ਕੇਰੀ’ ਵਾਲਾ ਅਮਲ ਹੈ। ਲੇਖਕ ਇਹ ਵੀ ਸੁਝਾਉਂਦਾ ਹੈ ਕਿ ਵਿਸ਼ਵ-ਸ਼ਾਂਤੀ ਸਥਾਪਤ ਕਰਨ ਲਈ ਕੌਣ, ਕਿਵੇਂ ਤੇ ਕਿਥੋਂ ਸ਼ੁਰੂਆਤ ਕਰੇ? ਇਹ ਇੱਕ ਬਹੁਤ ਹੀ ਅਹਿਮ ਵਿਚਾਰਣ ਵਾਲਾ ਮੁੱਦਾ ਹੈ। ਇਸ ਵਿੱਚ ਅਨੇਕਾਂ ਚੁਣੌਤੀਆਂ ਹਨ ਜਿਨ੍ਹਾਂ ਦਾ ਜ਼ਿਕਰ ਇਸ ਚੈਪਟਰ ਵਿੱਚ ਕੀਤਾ ਗਿਆ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਉਸਾਰੂ ਮਾਹੌਲ ਸਿਰਜਣ ਲਈ ਲੇਖਕ ਮਨੁੱਖ ਨੂੰ ਤਾੜਨਾ ਵੀ ਕਰਦਾ ਹੈ। ਹਰ ਵਿੱਚੋਂ ‘ਹਰਿ’ ਨੂੰ ਨਿਹਾਰਨ ਵਾਲੀ ਦ੍ਰਿਸ਼ਟੀ ਪੈਦਾ ਕਰ ਕੇ ਹੀ ਵਿਸ਼ਵ ਵਿੱਚ ਸਥਾਈ ਸ਼ਾਂਤੀ ਵਾਲੇ ਪਾਸੇ ਵਧਿਆ ਜਾ ਸਕਦਾ ਹੈ। ਇਨ੍ਹਾਂ ਉਪਰੋਕਤ ਸਾਰੇ ਨੁਕਤਿਆਂ ਦੁਆਲੇ ਲੇਖਕ ਨੇ ਇਸ ਪੁਸਤਕ ਨੂੰ ਕੇਂਦਰਿਤ ਕਰ ਕੇ ਵੱਖ-ਵੱਖ ਚੈਪਟਰ ਰਚੇ ਹਨ ਅਤੇ ਹਾਂ ਪੱਖੀ ਸੋਚ ਨੂੰ ਉਜਾਗਰ ਕਰਨ ਦਾ ਜਿਥੇ ਉਪਰਾਲਾ ਕੀਤਾ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਹਾਨੀ ਸੰਦੇਸ਼ ਘਰ-ਘਰ ਤੱਕ ਪਹੁੰਚਾਉਂਣ ਦਾ ਸੁਭਾਗਾ-ਕਾਰਜ ਵੀ ਕੀਤਾ ਹੈ।

ਜਦੋਂ ਦਾਨਸ਼ਵਰ ਲੇਖਕ ਕਰਨਲ ਗੁਰਦੀਪ ਸਿੰਘ ਜੀ ਇਹ ਪ੍ਰਸ਼ਨ ਉਠਾਉਂਦੇ ਹਨ ਕਿ ਵਿਸ਼ਵ ਸ਼ਾਂਤੀ ਕਿਵੇਂ ਸਥਾਪਤ ਕੀਤੀ ਜਾਵੇ ਤਾਂ ਇਸ ਦਾ ਉੱਤਰ ਵੀ ਅੱਗੇ ਜਾ ਕੇ ਆਪ ਹੀ ਦਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ-ਪ੍ਰਵਚਨ ਗਲੋਬਲੀ ਸੋਚ ਤੋਂ ਉੱਪਰ ਉੱਠ ਕੇ ਬ੍ਰਹਿਮੰਡੀ ਚੇਤਨਾ ਅਧੀਨ ‘ਕੋਟਿ ਬ੍ਰਹਿਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ’ ਰਾਹੀਂ ਇੱਕ ਐਸੀ ਸਾਂਝ ਦੀ ਗੱਲ ਕਰਦਾ ਹੈ ਜੋ ਨਾ ਵਕਤੀ ਹੈ, ਨਾ ਬਾਹਰਮੁੱਖੀ ਹੈ। ਇਸ ਦਾ ਘੇਰਾ ਕੇਵਲ ਮਨੁੱਖ ਮਾਤਰ ਤੱਕ ਹੀ ਸੀਮਤ ਨਹੀਂ ਸਗੋਂ ਸਭ ਜੀਵਾਂ ਨੂੰ ਇੱਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਅਨੁਸਾਰੀ ਕੁਦਰਤ ਦੇ ਸਿਰਜਣਾਤਮਕ ਵਿਧਾਨ ਦੀ ਏਕਤਾ ਵਿੱਚ ਬੰਨ੍ਹਦਾ ਹੈ। ਜਦ ਇਹ ਪਾਵਨ-ਪ੍ਰਵਚਨ ‘ਸਭ ਸੇ ਲਇ ਮਿਲਾਇ ਜੀਓ’ ਦੇ ਜੋਦੜੀ ਰੂਪ ਵਿੱਚ ਉਜਾਗਰ ਹੁੰਦਾ ਹੈ ਤਾਂ ਇਹ ਮਿਲਾਪ ਜੀਵ ਰੂਪੀ ਬੂੰਦ ਦਾ ਸਤਿਨਾਮ ਸਮੁੰਦਰ ਦੀ ਅਭੇਦਤਾ ਦਾ ਮਿਲਾਪ ਹੈ ਜਿਸ ਵਿੱਚ ਹੋਂਦ ਤੇ ਹਸਤੀ ਨੂੰ ਮਿਟਾ ਕੇ ਸਮੁੰਦਰ ਹੋ ਜਾਣ ਦੀ ਵਿਸ਼ਾਲਤਾ ਹੈ। ਇਥੇ ਕਿਸੇ ਦੇਸ, ਕੌਮ, ਧਰਮ ਦੀ ਗੱਲ ਨਹੀਂ ਕੀਤੀ ਗਈ। ਇਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵ-ਸ਼ਾਂਤੀ ਦਾ ਸਿੱਖ-ਮਾਡਲ ਬੁਧੀ ਜੀਵੀਆਂ ਦੇ ਵਕਤੀ ਤੇ ਗ਼ਰਜ਼ੀ ਸਾਂਝ/ਸਮਝ ਤੋਂ ਵੱਖਰਾ ਵਡੇਰਾ ਪ੍ਰਸੰਗ ਸਿਰਜਦਾ ਹੈ ਜਿਸ ਵਿੱਚ ਮਨੁੱਖ ਦੀ ‘ਹਉਂ’ ਨੂੰ ਮਾਰ ਕੇ ਉਸ ਦੀ ਦਾਨਸ਼ਵਰੀ ਨੂੰ ਅਮਲੀ ਰੂਪ ਦਿੱਤਾ ਗਿਆ ਹੈ। ਤ੍ਰੈਗੁਣੀ ਜੀਵਨ ਦੀਆਂ ਗ਼ਰਜ਼ਾਂ ਤੋਂ ਉੱਪਰ ਉੱਠ ਕੇ ਜਦ ਮਨੁੱਖ ਬ੍ਰਹਿਮੰਡੀ ਚੇਤਨਾ ਅਧੀਨ ਸੋਚਦਾ ਹੈ ਤਾਂ ‘ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ’ ਦੇ ਪੱਧਰ `ਤੇ ਸਾਰਾ ਵਿਸ਼ਵ ਇੱਕ ਭਾਈਚਾਰਾ ਲੱਗਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਧਾਰਮਿਕ ਅਨੇਕਤਾ ਨੂੰ ਰੱਬੀ ਰਚਨਾ ਦੀ ਖੂਬਸੂਰਤੀ ਦਾ ਅਨਿੱਖੜਵਾਂ ਅੰਗ ਤਸਲੀਮ ਕਰਦੀ ਹੈ। ਇਸੇ ਕਰ ਕੇ ਇਹ ਇਕਹਿਰੀ ਸੋਚ ਤੇ ਕੱਟੜਵਾਦੀ ਵਿਵਹਾਰ ਨੂੰ ਤਜ ਕੇ ਧਰਮ ਦਾ ਜੋ ਮੁਹਾਂਦਰਾ ਉਜਾਗਰ ਕਰਦੀ ਹੈ, ਉਹ ਸਮਦ੍ਰਿਸ਼ਟੀ, ਸਮਦਰਸੀ, ਜਾਤ-ਵਰਣ, ਰੰਗ-ਨਸਲ ਤੋਂ ਰਹਿਤ ਸਰਬ ਸਭਿਆਚਾਰਾਂ ਨੂੰ ਸਤਿਕਾਰਦਾ, ਸਵੀਕਾਰਦਾ, ਭਰਾਤਰੀ ਭਾਵ ਦੇ ਵਡੇਰੇ ਸਰੋਕਾਰਾਂ ਨੂੰ ਉਤਸ਼ਾਹਤ ਕਰਦਾ ਹੈ। ਕੱਟੜਵਾਦ ਦੀਆਂ ਕੰਧਾਂ ਉਸਾਰਣ ਵਾਲੀ ਤੇ ਦੂਜੇ ਨੂੰ ਆਪਣੇ ਰੰਗ ਵਿੱਚ ਰੰਗਣ ਵਾਲੀ ਖਿੱਚਾ-ਧੂਈ ਵਿਸ਼ਵ ਵਿੱਚ ਹਮੇਸ਼ਾਂ ਤਣਾਓ ਦਾ ਮਾਹੌਲ ਸਿਰਜਦੀ ਰਹੀ ਹੈ। ਇਕਹਿਰੀ ਸੋਚ ਦੀਆਂ ਅਜਿਹੀਆਂ ਧਾਰਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੱਢੋਂ ਰੱਦ ਕਰਦਾ ਹੋਇਆ ਪਰਮਾਤਮਾ ਦੀ ਵਿਆਪਕਤਾ ਦੀ ਗੱਲ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਕਿਸੇ ਧੱਰਮ ਦੀ ਬਦਖੋਈ ਨਹੀਂ ਕੀਤੀ ਗਈ ਸਗੋਂ ਹਰ ਧਰਮ ਦੀ ਅਹਿਲੇ-ਤਾਜ਼ਗੀ (ਰੂਹਾਨੀਅਤ) ਨੂੰ ਵਡਿਆਉਂਦੇ ਹੋਏ ਇਸ ਵਿੱਚ ਅਸਰ ਅੰਦਾਜ਼ ਹੋ ਰਹੀ ਨਿਰਜਿੰਦ ਹਉਂਮੈ ਦਾ ਨਿਖੇਧ ਕੀਤਾ ਗਿਆ ਹੈ। ਕੋਈ ਧਰਮ ਨਿਰਜਿੰਦ ਉਦੋਂ ਹੀ ਹੁੰਦਾ ਹੈ ਜਦੋਂ ਉਸ ਵਿੱਚ ਬਾਹਰਮੁੱਖੀ ਪੂਜਾ-ਅਰਚਾ, ਕਰਮ-ਕਾਂਡ, ਜੜ੍ਹ-ਭਰਮ ਦੀ ਅਗਿਆਨਤਾ ਤੇ ਵਖਰੇਵੇਂ ਦੇ ਸਰੋਕਾਰ ਉੱਭਰ ਆਉਂਦੇ ਹਨ। ਇਹ ਸਰੋਕਾਰ ਮਨੁੱਖ ਦੀ ਜ਼ਿੰਦਗੀ ਵਿੱਚੋਂ ਸੁਹਜ ਨੂੰ ਖ਼ਤਮ ਕਰ ਕੇ ਇਸ ਨੂੰ ਬੇਰਸ ਕਰ ਦਿੰਦੇ ਹਨ। ਜ਼ਿੰਦਾ ਸੰਸਕਾਰ ਤੇ ਆਤਮਿਕ ਰਿਸ਼ਤੇ ਖ਼ਤਮ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਅੰਤਰ-ਧਰਮ ਸੰਵਾਦ ਰਚ ਕੇ ਇੱਕ ਦ੍ਰਿਸ਼ਟੀ (vision) ਦਿੰਦੀ ਹੈ ਕਿ ਧਰਤੀ ਨੂੰ ਸ਼ੁਭ ਅਮਲਾਂ ਦੀ ਧਰਮਸਾਲ ਬਣਾਇਆ ਜਾਵੇ। ਕਰਨਲ ਗੁਰਦੀਪ ਸਿੰਘ ਜੀ ਨੇ ਇਸ ਪੁਸਤਕ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਸੰਦੇਸ਼ ਨੂੰ ਸਾਹਮਣੇ ਲਿਆ ਕੇ ਵਿਸ਼ਵ-ਵਰਤਾਰੇ ਨਾਲ ਸਾਂਝ ਪਾਉਣ ਦਾ ਇੱਕ ਸਫ਼ਲ ਯਤਨ ਕੀਤਾ ਹੈ। ਲੋੜ ਹੈ ਗੁਰਬਾਣੀ ਨੂੰ ਗਲੋਬਲੀ ਪ੍ਰਸੰਗ ਵਿੱਚ ਵਿਚਾਰਣ ਦੀ ਤੇ ਪ੍ਰਸਾਰਣ ਦੀ। ਮੈਂ ਸਮਝਦਾ ਹਾਂ ਇਸ ਪੱਖੋਂ ਲੇਖਕ ਨੇ ਪੰਥਕ ਜ਼ੁੰਮੇਵਾਰੀ ਨਿਭਾਈ ਹੈ।

ਅਜੋਕੇ ਸੰਦਰਭ ਵਿੱਚ ਵਿਸ਼ਵ ਦੇ ਹਰ ਖਿੱਤੇ ਦਾ ਸ਼ਹਿਰੀ ਅਤਿਵਾਦ ਦੇ ਖੌਫ਼ ਵਿੱਚ ਵਿੱਚਰ ਰਿਹਾ ਹੈ। ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਜਿੱਥੇ ਹਰ ਧਰਮ ਆਪਣੇ-ਆਪਣੇ ਨਜ਼ਰੀਏ ਤੋਂ ਭੂਮਿਕਾ ਨਿਭਾਅ ਰਿਹਾ ਹੈ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹੇ ਆਦਰਸ਼ਕ ਰਾਜ ਤੇ ਸਮਾਜ ਦੇ ਸੰਕਲਪ ਨੂੰ ਰੂਪਮਾਨ ਕਰਦਾ ਹੈ ਜਿਸ ਵਿੱਚ ਵਿੱਚਰਣ ਵਾਲਾ ਹਰ ਸ਼ਹਿਰੀ ਭੈਅ-ਮੁਕਤ, ਵਿਤਕਰੇ-ਮੁਕਤ, ਚਿੰਤਾ-ਮੁਕਤ, ਅਨੰਦਮਈ ਜੀਵਨ ਜਿਊਂਣ ਦੀ ਸੁਤੰਤਰਤਾ ਹਾਸਲ ਕਰ ਸਕੇ। ਰਾਜ ਭਾਵੇਂ ਕਿਸੇ ਵੀ ਤਰਜ਼ ਦਾ ਹੋਵੇ, ਲੋੜ ਸਹੀ ਰਾਜ-ਪ੍ਰਬੰਧ ਤੇ ਅਦਲੀ ਹਾਕਮ ਦੀ ਹੁੰਦੀ ਹੈ ਜੋ ਹੱਕ, ਸੱਚ, ਇਨਸਾਫ਼ ਮੁਹੱਈਆ ਕਰਵਾ ਸਕੇ। ਅੱਜ ਹਾਕਮ ਸ਼੍ਰੇਣੀ ਜਦ ‘ਰਾਜੇ ਸੀਹ ਮੁਕਦਮ ਕੁੱਤੇ’ ਦਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਰਾਜ ਆਪਣੇ ਆਪ ਕੂੜ ਦਾ ਰਾਜ ਹੋ ਨਿਬੜਣਾ ਸੁਭਾਵਿਕ ਹੈ। ਅਜਿਹੇ ਰਾਜ ਵਿੱਚ ਜ਼ਿੰਦਗੀ ਦਾ ਸਹਿਜ ਤੇ ਸੁਹਜ ਦੋਵੇਂ ਗਵਾਚ ਜਾਂਦੇ ਹਨ। ਗੁਰਬਾਣੀ ਇਸ ਵਿਆਪਕ ਵਰਤਾਰੇ ਦੀ ਥਾਂ ‘ਬੇਗਮਪੁਰੇ’ ਦਾ ਬਦਲ ਪੇਸ਼ ਕਰਦੀ ਹੈ। ਇਸ ਬਦਲ ਨੂੰ ਅਮਲ ਵਿੱਚ ਲਿਆਉਣ ਲਈ ਸਵਾਰਥ ਤਜ ਕੇ ਪਰਮਾਰਥ ਦਾ ਰਾਹ ਫੜਨ ਦੀ ਲੋੜ ਹੈ। ਅਜਿਹਾ ਕਰ ਕੇ ਆਲਮੀ ਪੱਧਰ ਤੇ ‘ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ’ ਦਾ ਵਰਤਾਰਾ ਭੌਤਿਕ ਰੂਪ ਵਿੱਚ ਸਾਕਾਰ ਹੋ ਸਕਦਾ ਹੈ। ਅਜਿਹੇ ਵਰਤਾਰੇ ਵਿੱਚ ਜ਼ਿੰਦਗੀ ਜਿਊਂਣ ਦਾ ਅੰਦਾਜ਼ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਅਤੇ ‘ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਵਾਲਾ ਹੋ ਜਾਂਦਾ ਹੈ।

ਦਾਸ ਮੁਬਾਰਿਕਬਾਦ ਦਿੰਦਾ ਹੈ ਕਰਨਲ ਗੁਰਦੀਪ ਸਿੰਘ ਜੀ ਦੀ ਕਲਮ ਨੂੰ ਜੋ ਨਿਰੰਤਰ ਚਲਦੀ ਹੋਈ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਇੱਕ ਦਰਜਨ ਤੋਂ ਵੱਧ ਪੁਸਤਕਾਂ ਸਿੱਖ-ਪੰਥ ਦੀ ਝੋਲੀ ਪਾ ਚੁੱਕੇ ਹਨ। ਸਿੱਖ ਫ਼ਲਸਫ਼ੇ ਨਾਲ ਸੰਬੰਧਿਤ ਜਿੱਥੇ ਮਹੱਤਵਪੂਰਨ ਰਚਨਾਵਾਂ ਆਪ ਜੀ ਵੱਲੋਂ ਸਾਹਮਣੇ ਆਈਆਂ ਹਨ, ਉਥੇ ਪਿਛਲੇ ਸਾਲ ਹੀ `ਚੰਗੇ ਸਮਾਜ ਦੀ ਸਿਰਜਨਾ’ ਪੁਸਤਕ ਰਾਹੀਂ ਅਤੇ ਹੁਣ ਹੱਥਲੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵ ਸ਼ਾਂਤੀ’ ਰਾਹੀਂ ਸਮੁੱਚੇ ਵਿਸ਼ਵ ਨੂੰ ਸੰਬੋਧਿਤ ਹੋਏ ਹਨ। ਆਪ ਨੇ ਆਪਣੀ ਸੇਵਾ-ਮੁਕਤ ਜ਼ਿੰਦਗੀ ਸਿਰਜਾਨਾਤਮਕ ਖੇਤਰ ਦੇ ਲੇਖੇ ਲਾ ਕੇ ‘ਲੋਕ ਸੁਖੀਏ ਪਰਲੋਕ ਸੁਹੇਲੇ’ ਹੋਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰਖੇ ਤਾਂ ਕਿ ਆਪ ਦੀ ਕਲਮ ਇਸ ਪਾਸੇ ਹੋਰ ਮਹੱਤਵਪੂਰਨ ਰਚਨਾਵਾਂ ਸਿਰਜ ਸਕੇ। ਇਹ ਕੰਮ ਭਾਵੇਂ ਵਾਹਿਗੁਰੂ ਆਪ ਸਹਾਈ ਹੋ ਕੇ ਸੇਵਕ ਪਾਸੋਂ ਕਰਵਾਉਂਦਾ ਹੈ ਪਰ ਕੀਤੀ ਗਈ ਮਿਹਨਤ ਤੇ ਡੂੰਘੇ ਅਧਿਐਨ ਲਈ ਦਾਸ ਧਰਮ ਅਧਿਐਨ ਦਾ ਵਿਦਿਆਰਥੀ ਹੋਣ ਦੇ ਨਾਤੇ ਨਮੋ ਕਰਦਾ ਹੈ। ਮੈਂ ਆਪਣਾ ਨਾਮ ਇਸ ਪੁਸਤਕ ਨਾਲ ਜੋੜ ਕੇ ਫ਼ਖਰ ਮਹਿਸੂਸ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹ ਪੁਸਤਕ ਵਿਸ਼ਵ-ਵਰਤਾਰੇ ਦੇ ਪ੍ਰਸੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਘਰ-ਘਰ ਪਹੁੰਚਾਏਗੀ। ਪਾਠਕ ਵਰਗ ਇਸ ਦਾ ਸੁਆਗਤ ਕਰੇਗਾ ਇਹ ਮੇਰੀ ਧਾਰਨਾ ਵੀ ਹੈ ਤੇ ਸ਼ੁਭ ਕਾਮਨਾ ਵੀ।

ਦਾਸ,

ਡਾ. ਗੁਲਜਾਰ ਸਿੰਘ ਕੰਗ

4 ਅਗਸਤ, 2015

ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
.