.

ਨਿਤਨੇਮ, ਪੁਰਾਤਨ ਗ੍ਰੰਥ, ਲਿਖਤਾਂ, ਸਤਿਕਾਰ ਅਤੇ ਸਸਕਾਰ

ਅਵਤਾਰ ਸਿੰਘ ਮਿਸ਼ਨਰੀ (5104325827)

ਨਿਤ ਦਾ ਅਰਥ ਰੋਜਾਨਾ ਅਤੇ ਨੇਮ ਦਾ ਅਰਥ ਨਿਯਮ (ਰੂਲ) ਜੋ ਨੇਮ ਨਾਲ ਨਿੱਤ ਕੀਤਾ ਜਾਵੇ ਜਿਵੇਂ ਅਸੀਂ ਨੇਮ ਨਾਲ ਖਾਂਦੇ, ਪੀਂਦੇ, ਸੌਂਦੇ ਉੱਠਦੇ ਨਹਾਉਂਦੇ ਅਤੇ ਵੱਖ-ਵੱਖ ਕੰਮਕਾਰ ਕਰਦੇ ਹਾਂ ਜੋ ਸਰੀਰ ਨਾਲ ਸਬੰਧਤ ਹਨ ਇਵੇਂ ਹੀ ਸਾਨੂੰ ਆਤਮ ਚਿੰਤਨ ਲਈ ਧਰਮ ਗ੍ਰੰਥ ਪੜ੍ਹਨੇ, ਵਿਚਾਰਨੇ ਅਤੇ ਸਰਬੱਤ ਦੇ ਭਲੇ ਵਾਲਾ ਰੱਬੀ ਗਿਆਨ ਵੀ ਪ੍ਰਾਪਤ ਕਰਨਾ ਚਾਹੀਦਾ ਹੈ। ਸਿੱਖ ਦਾ ਨਿਤਨੇਮ ਕੋਈ ਰਹੁਰੀਤ ਨਹੀਂ ਸਗੋਂ-ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ॥ (340) ਹੈ। ਤੋਤਾ ਰਟਨੀ ਰੀਤਾਂ-ਰਸਮਾਂ ਦੇ ਪਿੰਜਰੇ ਚੋਂ ਤਾਂ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਮਨੁੱਖਤਾ ਨੂੰ ਕੱਢਿਆ ਸੀ ਜੇ ਕੋਈ ਗਿਣਤੀ ਦੀਆਂ ਬਾਣੀਆਂ ਜਾਂ ਸ਼ਬਦਾਂ ਦਾ ਹੀ ਪਾਠ ਜਾਂ ਨਿਤਨੇਮ ਕਰਨਾ ਹੁੰਦਾ ਤਾਂ ਗੁਰੂ ਸਾਹਿਬ ਨੂੰ ਪੂਰਾ ਗ੍ਰੰਥ ਸਾਹਿਬ ਲਿਖਣ ਦੀ ਕੀ ਲੋੜ ਸੀ? ਪੁਰਾਤਨ ਸਿੱਖਾਂ ਦਾ ਰੋਜਾਨਾ ਨੇਮ ਸੀ "ਗੁਰੂ ਗ੍ਰੰਥ ਸਾਹਿਬ" ਦੀ ਬਾਣੀ ਦਾ ਨੇਮ ਨਾਲ ਪਾਠ-ਵਿਚਾਰ ਕਰਨਾ ਭਾਵੇਂ ਇੱਕ ਪੰਨਾਂ ਪੰਜ ਜਾਂ ਪੰਜਾਹ ਪੰਨੇ ਵਕਤ ਅਨੁਸਾਰ ਹਰਰੋਜ ਪੜ੍ਹਦੇ, ਵਿਚਾਰਦੇ, ਧਾਰਦੇ ਅਤੇ ਕੰਪੈਰੇਟਿਵ ਸਟੱਡੀ ਲਈ ਹੋਰ ਵੀ ਗ੍ਰੰਥ ਪੁਸਤਕਾਂ ਪੜ੍ਹਦੇ ਸਨ। ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਨਮਾਜਾਂ ਅਤੇ ਤ੍ਰੈ ਪਾਲ ਤਿਹਾਲ ਸੰਧਿਆ ਗੈਤ੍ਰੀ ਮੰਤ੍ਰ ਹਨੂੰਮਾਨ ਚਲੀਸੇ ਤਾਂ ਪਹਿਲਾਂ ਵੀ ਆਪੋ ਆਪਣੀ ਰੀਤ ਨਾਲ ਪੜ੍ਹੇ ਜਾਂਦੇ ਸਨ। ਜੇ ਗੁਰੂ ਸਾਹਿਬ ਜੀ ਨੇ ਵੀ ਉਨ੍ਹਾਂ ਵਾਂਗ ਗਿਣਤੀ-ਮਿਣਤੀ ਦੇ ਮੰਤ੍ਰ-ਪਾਠ ਚਲੀਸੇ ਵੱਖ-ਵੱਖ ਸਮੇਂ ਨਾਲ ਜੋੜ ਕੇ ਹੀ ਪੜ੍ਹਾਉਣੇ ਸੀ ਫਿਰ ਦੂਜਿਆਂ ਦੀਆਂ ਰੀਤਾਂ ਨੂੰ ਫੋਕਟ ਕਹਿਣ ਦੀ ਕੀ ਲੋੜ ਸੀ-ਸਭ ਫੋਕਟ ਨਿਸਚੈ ਕਰਮੰ॥ (1353) ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਿਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ  (1374)

ਜੇ ਕ੍ਰਿਚਨ ਲੋਕ ਰੋਜਾਨਾਂ ਜਾਂ ਹਫਤਾਵਾਰੀ ਬਾਈਬਲ ਪੜ੍ਹਦੇ ਵਿਚਾਰਦੇ ਹਨ ਤਾਂ ਸਿੱਖਾਂ ਨੂੰ ਰੋਜਾਨਾਂ ਜਾਂ ਹਫਤਾਵਾਰੀ ਗੁਰੂ ਗ੍ਰੰਥ ਸਾਹਿਬ ਲੜੀਵਾਰ ਰੋਜ ਪੜ੍ਹਨ ਅਤੇ ਵਿਚਾਰਨ ਦਾ ਨਿਤਨੇਮ ਨਹੀਂ ਕਰਨਾ ਚਾਹੀਦਾ ਜਾਂ ਕੁਝ ਬਾਣੀਆਂ ਹੀ ਹਰਰੋਜ ਬਾਰ ਬਾਰ ਪੜ੍ਹਦੇ ਰਹਿਣਾ ਚਾਹੀਦਾ ਹੈ? ਸਿੱਖ ਦਾ ਤਾਂ ਨੇਮ ਹੀ ਹਰਰੋਜ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ, ਵਿਚਾਰਨਾਂ, ਧਾਰਨਾ ਅਤੇ ਹੋਰਨਾਂ ਨੂੰ ਗੁਰੂ ਗਿਆਨ ਵੰਡਣਾਂ ਹੋਣਾ ਚਾਹੀਦਾ ਹੈ ਨਾਂ ਕਿ ਕਿਸੇ ਗੁਟਕੇ ਚੋਂ ਹੀ ਕੁਝ ਬਾਣੀਆਂ ਜਾਂ ਸਬਦ ਹਰਰੋਜ ਬਿਨਾਂ ਵਿਚਾਰੇ ਰਪੀਟ ਕਰੀ ਜਾਣ ਦਾ। ਪ੍ਰਤੱਖ ਨੂੰ ਪ੍ਰਮਾਨ ਦੇਣ ਦੀ ਕੀ ਲੋੜ ਹੈ? ਜਦ ਸਾਡੇ ਪਾਸ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਜੂਦ ਹਨ ਫਿਰ ਹੋਰ ਕਿਸੇ ਗ੍ਰੰਥ ਦੀ ਕੱਚੀ ਰਚਨਾਂ ਦਾ ਤਾਂ ਨਿਤਨੇਮ ਕਰਨ ਦੀ ਲੋੜ ਹੀ ਨਹੀਂ-ਜੇ ਘਰਿ ਹੋਂਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ॥ (903)

ਪੁਰਾਤਨ ਗ੍ਰੰਥ, ਹੱਥ ਲਿਖਤਾਂ ਅਤੇ ਕੌਮੀ ਵਿਰਾਸਤਾਂ ਸਾਡਾ ਖਜਾਨਾ ਅਤੇ ਵਿਰਸਾ ਹਨ, ਨੂੰ ਪੁਰਾਣੀਆਂ ਕਹਿ ਢਾਹ ਜਾਂ ਸਾੜ ਦੇਣਾ ਡੂੰਘੀ ਸਾਜਿਸ਼ ਹੈ। ਅੱਜ ਕੱਲ ਡੇਰੇ ਸੰਪ੍ਰਦਾਵਾਂ ਅਤੇ ਸ਼੍ਰੋਮਣੀ ਕਮੇਟੀ ਉੱਤੇ ਕਾਬਜ ਅਖੌਤੀ ਲੀਡਰ ਸਾਰੇ ਘਿਉ ਖਿਚੜੀ ਹੋ, ਸਭ ਕੁਝ ਸਤਿਕਾਰ ਅਤੇ ਸਸਕਾਰ ਦੇ ਨਾਂ ਤੇ ਮਲੀਆਮੇਟ ਕਰੀ ਜਾ ਰਹੇ ਹਨ। ਚੰਗਿਆਈ ਦਾ ਬੀ ਵੀ ਨਾਸ ਨਹੀਂ ਹੁੰਦਾ ਜਿਵੇਂ ਕੁਝ ਸਾਲ ਪਹਿਲਾਂ ਕੁਝ ਨੌਜਵਾਨ ਸਿੰਘ ਸਿੰਘਣੀਆਂ ਅਤੇ ਸਿੱਖ ਸੇਵਕਾਂ ਨੇ ਰਲ ਕੇ ਡਿਜੀਟਲ ਲਾਇਬ੍ਰੇਰੀ ਬਣਾਈ ਸੀ ਜਿਸ ਵਿੱਚ ਉਹ ਪੁਰਾਤਨ ਹੱਥ ਲਿਖਤਾਂ ਅਤੇ ਗ੍ਰੰਥ ਸਕੈਨ ਕਰਕੇ ਪਾਈ ਜਾਂਦੇ ਸਨ ਤੇ ਹਨ ਤਾਂ ਕਿ ਪੰਥ ਦੋਖੀ ਅਨਮੋਲ ਹੱਥ ਲਿਖਤਾਂ ਦੇ ਸਸਕਾਰ ਦੇ ਨਾਮ ‘ਤੇ ਨਾਮੋਂ ਨਿਸ਼ਾਨ ਹੀ ਨਾਂ ਮਿਟਾ ਦੇਣ। ਸੋ ਕੋਈ ਵੀ ਗੁਰੂ ਕਾਲ ਦੀ ਜਾਂ ਸਿੱਖ ਮਿਸਲਾਂ ਅਤੇ ਸਿੱਖ ਰਾਜ ਵੇਲੇ ਦੀ ਪੋਥੀ, ਗੁਟਕਾ ਹੋਰ ਲਿਖਤ ਜਾਂ ਗ੍ਰੰਥ ਮਿਲਦਾ ਹੈ ਤਾਂ ਸਭ ਸਾਂਭ ਕੇ ਰੱਖੋ।

ਰਾਗਮਾਲਾ ਜੋ ਕਾਮਕੰਦਲਾ ਅਤੇ ਮਾਧਵਾਨਲ ਦੀ ਇਸ਼ਕ ਕਹਾਣੀ ਵਾਲੇ ਕਿੱਸੇ ਵਿੱਚ ਹੂ-ਬਾਹੂ ਲਿਖੀ ਹੋਈ ਹੈ ਅਤੇ ਬਾਅਦ ਵਿੱਚ ਕਿਸੇ ਪੰਥ ਦੋਖੀ ਨੇ ਬਿਖੜੇ ਸਮੇਂ ਜਦ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਦਿੱਤੀ। ਪੁਰਾਣੀਆਂ ਬੀੜਾਂ ਜੋ ਬਿਨਾਂ ਰਾਗਮਾਲਾ ਸਨ ਵੀ ਸਸਕਾਰ ਦੇ ਬਹਾਨੇ ਬੂਬਨੇ ਸਾਧਾਂ ਅਤੇ ਸੰਪ੍ਰਦਾਈਆਂ ਅਤੇ ਇਨ੍ਹਾਂ ਦੇ ਉਪਾਸ਼ਕ ਪ੍ਰਚਾਰਕਾਂ, ਪ੍ਰਬੰਧਕਾਂ ਅਤੇ ਆਪੂੰ ਬਣੀਆਂ ਜਾਂ ਕਿਸੇ ਸਾਜਿਸ਼ ਅਧੀਨ ਬਣਾ ਦਿੱਤੀ ਗਈਆਂ ਸਤਿਕਾਰ ਕਮੇਟੀਆਂ ਨੇ ਸਾੜ ਦਿੱਤੀਆਂ ਅਤੇ ਸਾੜ ਰਹੇ ਹਨ। ਧਿਅਨ ਦਿਓ! ਜਿਨ੍ਹਾਂ ਚਿਰ ਕਿਸੇ ਵੀ ਬਿਰਧ ਪੁਰਾਤਨ ਲਿਖਤ ਦੀ ਸਕੈਨ ਕਰਕੇ, ਫੋਟੋ ਕਾਪੀ ਨਹੀਂ ਕਰ ਲਈ ਜਾਂਦੀ, ਓਨਾਂ ਚਿਰ ਕਿਸੇ ਨੂੰ ਵੀ ਨਾਂ ਦਿਓ।

ਗ੍ਰੰਥਾਂ ਦੀ ਸੇਵਾ ਸੰਭਾਲ ਵਿਦਵਾਨਾਂ ਦਾ ਕੰਮ ਹੈ ਜੋ ਅਨਪੜ੍ਹ ਅਤੇ ਗੁਰਮਤਿ ਵਿਹੂਣਾ ਸਾਧ ਟੋਲਾ ਕਰੀ ਕਰਾਈ ਜਾ ਰਿਹਾ ਹੈ। ਬਚਾ ਲਓ ਗੁਰੂ ਕਾਲ ਦਾ ਸਿੱਖ ਵਿਰਸਾ, ਧਰਮ ਗ੍ਰੰਥ ਅਤੇ ਇਤਿਹਾਸਕ ਲਿਖਤਾਂ ਇਨ੍ਹਾਂ ਸਤਿਕਾਰੀ-ਸਸਕਾਰੀ ਬੁੱਚੜ ਕਾਤਲਾਂ ਤੋਂ। ਡਰੋ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਨਿਤਨੇਮ ਕਰਿਆ ਕਰੋ ਭਾਵੇਂ ਇੱਕ, ਪੰਜ ਜਾਂ ਪੰਜਾਹ ਪੰਨੇ ਰੋਜ ਵਿਚਾਰ ਸਹਿਤ ਪੜ੍ਹੋ ਇਹ ਹੀ ਅਸਲ ਨਿਤਨੇਮ ਹੈ। ਜੇ ਵਿਚਾਰ ਅਤੇ ਅਮਲ ਨਹੀਂ ਤਾਂ ਭਾਵੇਂ ਸਾਰਾ ਗ੍ਰੰਥ ਪੜ੍ਹੀ ਜਾਓ ਕੁਝ ਵੀ ਪ੍ਰਾਪਤ ਨਹੀਂ ਹੋਣਾ। ਹੁਣ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣ ਵਾਲੇ ਮਾਈ-ਭਾਈ ਆਪਣਾ ਕਾਫਲਾ ਬਣਾ ਲੈਣ ਨਹੀਂ ਤਾਂ ਪੰਥ ਦੋਖੀਆਂ ਵੱਲੋਂ ਤੋਤਾ ਰਟਨੀ ਨਿਤਨੇਮ, ਗੁਰਮਤਿ ਵਿਰੋਧੀ ਅਸ਼ਲੀਲ ਦਸਮ ਗ੍ਰੰਥ ਅਤੇ ਵੱਖ ਵੱਖ ਡੇਰਿਆਂ, ਸੰਪ੍ਰਦਾਵਾਂ ਅਤੇ ਟਕਸਾਲਾਂ ਦੀਆਂ ਰਹੁਰੀਤਾਂ, ਸੀਨਾ ਬਸੀਨਾਂ ਚੱਲੀਆਂ ਆ ਰਹੀਆਂ ਮਿਥਿਹਾਸਕ ਸਾਖੀਆਂ ਅਤੇ ਮਰਯਾਦਾਵਾਂ ਦੀ ਥੋਥੀ ਬੰਧਸ਼ ਫੌਜ ਰਾਹੀਂ ਉਜਾੜ ਦਿੱਤੇ ਜਾਓਗੇ। ਸੋ ਆਪ ਨੇਮ ਬਣਾ ਲਓ ਕਿ ਰੋਜਾਨਾਂ ਬਾਣੀ ਪੜ੍ਹਨੀ, ਵਿਚਾਰਨੀ, ਧਾਰਨੀ ਅਤੇ ਸੰਸਾਰ ਭਰ ਦੇ ਹੋਰ ਮਾਈ-ਭਾਈ ਨੂੰ ਸਿਖਾਉਣ ਦੀ ਉੱਤਮ ਸੇਵਾ ਵੀ ਕਰਨੀ ਹੈ-ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (306)




.