.

ਦੂਧੁ ਕਟੋਰੈ ਗਡਵੈ ਪਾਨੀ॥

ਕਪਲ ਗਾਇ ਨਾਮੈ ਦੁਹਿ ਆਨੀ॥

(ਅਰਥ ਨਿਖਾਰ) (ਭਾਗ ਤੀਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਬੇਨਤੀ-ਚਲਦੇ ਵਿਸ਼ੇ ਦਾ ਪੂਰਾ ਲਾਭ ਲੈਣ ਲਈ ਪਹਿਲਾਂ ਆ ਚੁੱਕੀਆਂ ਦੋ ਕਿਸ਼ਤਾਂ ਵੀ ਪੜ੍ਹੋ ਜੀ)

ਕੀ ਨਾਮਦੇਵ ਜੀ ਨੇ ਸੱਚਮੁੱਚ ਪੱਥਰ ਨੂੰ ਦੁੱਧ ਪਿਆਇਆ? -ਇਹ ਵੀ ਦੇਖ ਆਏ ਹਾਂ ਕਿ ਪੱਥਰ ਪੂਜਾ ਨੂੰ ਤਾਂ ਉਹ ਆਪ ਆਪਣੇ ਸ਼ਬਦਾਂ `ਚ ਵੀ ਬਾਰ-ਬਾਰ ਅਗਿਆਨਤਾ ਦੱਸ ਰਹੇ ਹਨ? ਤਾਂ ਵੀ ਕਮਾਲ ਹੈ ਕਿ ਵਿਰੋਧੀ ਸੱਜਨ ਇਥੇ ਇੱਕ ਹੋਰ ਅਟਕਲ ਵੀ ਜੋੜਦੇ ਹਨ, । ਉਹ ਕਹਿੰਦੇ ਹਨ ‘ਜਦੋਂ ਨਾਮਦੇਵ ਨੇ ਪੱਥਰ ਨੂੰ ਦੁੱਧ ਪਿਆਇਆ ਤਾਂ ਉਦੋਂ ਉਹ ਬੱਚੇ ਤੇ ਸੁਭਾਅ ਦੇ ਵੀ ਬੜੇ ਭੋਲੇ ਸਨ’। ਕਿਆ ਖੂਬ! ਦੋ ਸਾਲ ਦਾ ਬੱਚਾ ਵੀ ਜਾਣਦਾ ਹੈ ਕਿ ਜਿਸ ਖਿਡੌਣੇ ਨਾਲ ਉਹ ਖੇਡ ਰਿਹਾ ਹੈ ਉਹ ਝੂਠੀ-ਮੂਠੀ ਦਾ ਸ਼ੇਰ, ਘੋੜਾ, ਕਾਕਾ ਆਦਿ ਹੈ ਤੇ ਉਹ ਚਲਦਾ-ਫ਼ਿਰਦਾ-ਖਾਂਦਾ ਜਾਂ ਗੱਲਾਂ ਨਹੀਂ ਕਰਦਾ। ਕਹਾਣੀ ਮੁਤਾਬਕ ਨਾਮਦੇਵ ਜੀ ਦੇ ਪਿਤਾ ਨੇ ਇੱਕ ਦਿਨ ਕਿੱਧਰੇ ਕੰਮ ਜਾਣਾ ਸੀ। ਇਸ ਵਾਸਤੇ ਠਾਕੁਰ ਨੂੰ ਭੋਗ ਲਗਾਉਣ ਵਾਲਾ ਕੰਮ ਉਹ ਨਾਮਦੇਵ ਦੇ ਸਪੁਰਦ ਕਰ ਗਿਆ। ਤਾਂ ਕੀ ਨਾਮਦੇਵ, ਰੋਜ਼ ਨਹੀਂ ਸਨ ਦੇਖਦੇ ਕਿ ਉਨ੍ਹਾਂ ਦਾ ਬਾਪੂ ਰੋਜ਼ਾਨਾ ਠਾਕੁਰਾਂ ਨੂੰ ਕਿਸ ਤਰ੍ਹਾਂ ਭੋਗ ਲੁਆਂਦਾ ਹੈ? ਫਿਰ ਕਹਾਣੀ ਆਪ ਹੀ ਦੱਸ ਰਹੀ ਹੈ ਕਿ ਨਾਮਦੇਵ ਦੇ ਪਿਤਾ ਨੂੰ ਪਤਾ ਸੀ ਕਿ ਇਹ ਕੰਮ ਨਾਮਦੇਵ ਹੀ ਕਰ ਸਕਦਾ ਹੈ ਤਾਂ ਹੀ ਤਾਂ ਉਸ ਨੇ ਇਹ ਕੰਮ ਨਾਮਦੇਵ ਦੇ ਸਪੁਰਦ ਕੀਤਾ ਸੀ।

ਕਿਸੇ ਮੂਰਤੀ ਪੂਜਕ ਦਾ ਬੱਚਾ ਭਾਵੇਂ ਉਹ ਕਿੰਨਾ ਵੀ ਹੀਨ ਬੁੱਧੀ ਕਿਉਂ ਨਾ ਹੋਵੇ, ੳਸੁ ਨੂੰ ਪੁੱਛੋ ਤਾਂ ਉਹ ਵੀ ਦੱਸ ਦੇਵੇਗਾ ਕਿ ਉਸ ਦੇ ਮਾਂ-ਬਾਪ, ਠਾਕੁਰਾਂ ਨੂੰ ਭੋਗ ਕਿਸ ਤਰ੍ਹਾਂ ਲੁਆਂਦੇ ਹਨ। ਮੂਰਤੀਆਂ ਪੱਥਰਾਂ ਅੱਗੇ ਕਿਵੇਂ ਚੀਜ਼ਾਂ ਰੱਖ ਕੇ ਫਿਰ ਪ੍ਰਸ਼ਾਦ ਦੇ ਨਾਮ `ਤੇ ਆਪਸ `ਚ ਵੰਡ ਲੈਂਦੇ ਹਨ। ਇੱਕ ਪਾਸੇ ਤਾਂ ਭਗਤ ਜੀ ਨੂੰ ਉਹ ਰਹਿਬਰ ਮੰਣਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਆਮ ਬੱਚਿਆਂ ਦੀ ਪੱਧਰ `ਤੇ ਵੀ ਨਹੀਂ ਰੱਖਦੇ। ਅਸਾਂ ਘਟੋ ਘਟ ਭਗਤ ਜੀ ਦੀ ਆਪਣੀ ਬਾਣੀ ਹੀ ਪੜ੍ਹ ਲਈ ਹੁੰਦੀ ਤਾਂ ਵੀ ਇਹ ਧੋਖਾ ਨਾ ਖਾਂਦੇ। ਗੁਰਬਾਣੀ ਅੰਦਰ ਤਾਂ ਭਗਤ ਜੀ ਦੇ 61 ਸ਼ਬਦ ਹਨ।

ਏਥੇ ਹੀ ਬੱਸ ਨਹੀਂ, ਭਗਤ ਜੀ ਕਿੰਨੇ ਕੁ ਅਮੀਰ ਸਨ ਕਿ ਇਕੋ ਦਿਨ ਬਾਪੂ ਦੇ ਘਰੋਂ ਜਾਣ ਤੇ ਜਦੋਂ ਜ਼ਿੰਮੇਵਾਰੀ ਉਨ੍ਹਾਂ `ਤੇ ਅਈ ਤਾਂ ਉਨ੍ਹਾਂ ਨੇ ਸ਼ਰਧਾ ਵੱਸ ਪਹਿਲਾਂ ਲਵੇਰੀ ਗਉ ਚੋਈ ਤੇ ਭੋਗ ਵਾਸਤੇ ਕਟੋਰੀ ਲਿਆਂਦੀ ਤਾਂ ਉਹ ਵੀ ਸੋਨੇ ਦੀ। ਜਦਕਿ ਸੋਨਾ ਸਸਤੀ ਧਾਤੂ ਤਾਂ ਹੈ ਨਹੀਂ। ਜਦਕਿ ਇਥੇ ਸਸਤੀ ਧਾਤੂ ਦਾ ਵੀ ਉਹੀ ਮਤਲਬ ਸੀ ਤੇ ਮਹਿੰਗੀ ਦਾ ਵੀ ਉਹੀ। ਫਿਰ ਨਾਮਦੇਵ ਆਪ ਆਪਣੇ ਇੱਕ ਹੋਰ ਸ਼ਬਦ "ਪਾੜ ਪੜੋਸਣਿ ਪੂਛਿ ਲੇ ਨਾਮਾ" (ਪੰ: 657) `ਚ ਦੱਸਦੇ ਹਨ ਕਿ ਉਹ ਤਾਂ ਇੰਨੇ ਗਰੀਬ ਸਨ ਕਿ ਉਨ੍ਹਾਂ ਦੀ ਝੁੱਗੀ ਕਿਸੇ ਝੱਖੜ ਨੂੰ ਝੇਲਣ ਦੇ ਯੋਗ ਵੀ ਨਹੀਂ ਸੀ। ਇੰਨਾਂ ਹੀ ਨਹੀਂ, ਖੋਜ ਅਨੁਸਾਰ ਉਨ੍ਹਾਂ ਦਾ ਬਾਪੂ ਤਾਂ ਕੇਸ਼ੀ ਰਾਜ ਭਾਵ ਸ਼ਿਵ ਦਾ ਪੁਜਾਰੀ ਸੀ ਜੋ ਮੂਰਤੀ ਪੂਜਕਾਂ ਅਨੁਸਾਰ ਵੀ ਠਾਕੁਰ ਪੂਜਾ ਤੋਂ ਬਿਲਕੁਲ ਵੱਖਰਾ ਵਿਸ਼ਾ ਹੈ।

ਭਾਈ ਗੁਰਦਾਸ ਜੀ ਅਤੇ ਨਾਮਦੇਵ - ਜਦ ਕੋਈ ਵੱਸ ਨਾ ਚਲੇ ਤਾਂ ਕੁੱਝ ਸੱਜਨ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ ਪਉੜੀ ੧੧ ਦਾ ਆਸਰਾ ਲੈ ਕੇ ਪੁੱਛਦੇ ਹਨ-ਤਾਂ ਫ਼ਿਰ ਭਾਈ ਗੁਰਦਾਸ ਜੀ ਵਰਗੇ ਮਹਾਨ ਵਿਦਵਾਨ ਨੇ ਇਸ ਗੱਲ ਦੀ ਕਿਵੇਂ ਉਗਾਹੀ ਭਰੀ ਕਿ ‘ਨਾਮਦੇਵ ਜੀ ਨੇ ਠਾਕੁਰ ਨੂੰ ਦੁੱਧ ਪਿਆਇਆ ਸੀ। ਕੀ ਉਹ ਵੀ ਝੂਠ ਬੋਲ ਰਹੇ ਹਨ? ਤਾਂ ਤੇ ਪਉੜੀ ਇਸ ਤਰ੍ਹਾਂ ਹੈ:-

ਕੰਮ ਕਿਤੇ ਪਿਉ ਚੱਲਿਆ, ਨਾਮਦੇਵ ਨੋਂ ਆਖਿ ਸਿਧਾਯਾ॥ ਠਾਕੁਰ ਦੀ ਸੇਵਾ ਕਰੀ, ਦੁਧ ਪਿਆਵਣ ਕਹਿ ਸਮਝਾਇਆ॥ ਨਾਮਦੇਉ ਇਸ਼ਨਾਨ ਕਰਿ, ਕਪਲ ਗਾਇ ਦੁਹਿ ਕੈ ਲੈ ਆਇਆ॥ ਠਾਕੁਰ ਨੋਂ ਨ੍ਹਵਾਲ ਕੈ, ਚਰਣ ‘ਦਕ ਲੈ ਤਿਲਕੁ ਚੜਾਇਆ॥ ਹਥ ਜੋੜਿ ਬਿਨਤੀ ਕਰੇ, ਦੂਧ ਪੀਅਹੁ ਜੀ ਗੋਬਿੰਦ ਰਾਯਾ॥ ਨਿਹਚਉ ਕਰਿ ਆਰਾਧਿਆ, ਹੋਇ ਦਿਆਲ ਦਰਸ ਦਿਖਲਾਯਾ॥ ਭਰੀ ਕਟੋਰੀ ਨਾਮਦੇਵ, ਲੈ ਠਾਕੁਰ ਨੋਂ ਦੁਧੁ ਪੀਆਯਾ॥ . . …. . ਭਗਤ ਜਨਾ ਦਾ ਕਰੇ ਕਰਾਯਾ॥ (ਭਾ: ਗੁ: ਵਾਰ ਦਸਵੀਂ)

ਭਾਈ ਗੁਰਦਾਸ ਜੀ ਵਰਗਾ ਮਹਾਨ ਵਿਦਵਾਨ, ਜਿੰਨ੍ਹਾਂ ਦੀਆਂ ਰਚਨਾਵਾਂ ਚੰਗੇ ਚੰਗੇ ਵਿਦਵਾਨਾਂ ਦੇ ਵੀ ਦਿਮਾਗ ਹਿਲਾ ਕੇ ਰੱਖ ਦਿੇਂਦੀਆਂ ਹਨ। ਬਲਕਿ ਜਿੰਨ੍ਹਾਂ ਨੂੰ ਇਹ ਮਾਣ ਵੀ ਪ੍ਰਾਪਤ ਹੈ ਕਿ ਪੰਚਮ ਪਿਤਾ ਨੇ ਸਾਰੀ ਬੀੜ ਹੀ ਆਪ ਪਾਸੋਂ ਲਿਖਵਾਈੇ ਸੀ। ਇਹ ਕਿਵੇਂ ਸੰਭਵ ਹੈ ਕਿ ਉਨ੍ਹਾਂ ਨੂੰ ਭਗੜ ਨਾਮਦੇਵ ਦੇ ਉਪ੍ਰੋਕਤ ਸ਼ਬਦ ਦੇ ਵੀ ਅਰਥ ਸਪਸ਼ਟ ਨਾ ਹੋਣ, ਜਾਂ ਉਹ ਗੁਰਬਾਣੀ ਸਿੱਧਾਂਤ ਤੋਂ ਕੋਰੇ ਹੋਣ ਜਿਵੇਂ ਕਿ ਸਾਡੇ ਅੱਜ ਦੇ ਬਹੁਤੇ ਰਾਗੀ, ਢਾਡੀ, ਪ੍ਰਚਾਰਕ ਅਤੇ ਲਿਖਾਰੀ ਮਿਲਦੇ ਹਨ।

ਸਚਾਈ ਇਹ ਹੈ ਕਿ ਭਾਈ ਸਾਹਿਬ ਦੀ ਇਸ ਸਾਰੀ ਦਸਵੀਂ ਵਾਰ `ਚ ਇੱਕ ਵੱਖਰਾ ਹੀ ਮਜ਼ਮੂਨ ਹੈ। ਗੁਰਬਾਣੀ ਅੰਦਰ ਆਏ ਅਨੇਕਾਂ ਪ੍ਰਮਾਣ ਜਿਵੇਂ ਧਰੁਵ, ਦਰੋਪਦੀ, ਗੱਜ, ਅਜਾਮਲ, ਗਣਿਕਾ, ਪ੍ਰਹਿਲਾਦ ਆਦਿ ਬਾਰੇ ਲੰਮੇ ਸਮੇਂ ਤੋਂ ਮੂੰਹ-ਚੜ੍ਹੀਆਂ ਪ੍ਰਚੱਲਤ ਹਨ। ਇਸ ਲਈ ਕਿ ਗੁਰਬਾਣੀ ਕਥਾ-ਵਿਚਾਰ ਸਮੇਂ, ਇੰਨ੍ਹਾਂ ਮੂੰਹ-ਚੜ੍ਹੀਆਂ ਬਾਰੇ ਸੰਬੰਧਤ ਬੁਲਾਰੇ ਨੂੰ ਵੀ ਪਤਾ ਹੋਵੇ ਅਤੇ ਉਸ ਨੂੰ ਵੇਰਵੇ ਇਧਰੋਂ-ਓੁਧਰੋਂ ਨਾ ਢੂੰਢਣੇ ਪੈਣ। ਇਹ ਨਾ ਤੱਕਣਾ ਪਵੇ ਕਿ ਇਥੇ ਕਿਸ ਗਣਿਕਾ ਦੀ ਮਿਸਾਲ ਗੁਰੂ ਸਾਹਿਬ ਦੇ ਰਹੇ ਹਨ ਤੇ ਅਜਾਮਲ ਕੌਣ ਸੀ? ਇਸ ਤਰ੍ਹਾਂ ਨਾ ਗੁਰਬਾਣੀ `ਚ ਆਏ ਅਜਿਹੇ ਪ੍ਰਮਾਣ ਤੇ ਨਾ ਭਾਈ ਸਾਹਿਬ ਰਾਹੀਂ ਬਿਆਣੀਆਂ ਇਹ ਮੂੰਹ-ਚੜ੍ਹੀਆਂ ਇਸ ਦਾ ਸਬੂਤ ਹਨ ਕਿ ਵਾਕਿਆ ਹੀ ਧਰੁਵ ਇਤਿਹਾਸਕ ਹਸਤੀ ਸੀ ਜਾਂ ਉਸ ਨੇ 36 ਜੁੱਗ ਤੱਪ ਕੀਤਾ। ਇਸੇ ਤਰ੍ਹਾਂ ਇਹੀ ਵਿਸ਼ਾ ਲਾਗੂ ਹੁੰਦਾ ਹੈ ਉਨ੍ਹਾਂ ਸਾਰੇ ਕਬਿਤਾਂ ਤੇ ਉਨ੍ਹਾਂ ੨੩ ਮੂੰਹ-ਚੜ੍ਹੀਆਂ `ਤੇ।

ਚੇਤੇ ਰਹੇ! ਗੁਰੂ ਸਾਹਿਬ ਨੇ ਵੀ ਇਹ ਮਿਸਾਲਾਂ ਕੇਵਲ ਗੁਰਮਤ ਸਿਧਾਂਤਾਂ ਨੂੰ ਸਮਝਾਉਣ ਲਈ ਹੀ ਵਰਤੀਆਂ ਹਨ ਤੇ ਮੂਹਚੜ੍ਹੀਆਂ ਹੀ ਹਨ। ਭਾਈ ਸਾਹਿਬ ਨੇ ਤਾਂ ਵੱਡੀ ਬਖਸ਼ਿਸ਼ ਕਰ ਕੇ ਉਹ ਮਿਸਾਲਾਂ ਸਾਨੂੰ ਖੋਲ੍ਹ ਕੇ ਬਿਆਣ ਕਰ ਦਿੱਤੀਆਂ। ਉਂਝ ਵੀ ਭਗਤ ਨਾਮਦੇਵ, ਧੰਨਾ ਜੀ ਤੇ ਰਵਿਦਾਸ ਆਦਿ ਗੁਰੂ ਸਾਹਿਬ ਤੋਂ ਕਾਫ਼ੀ ਸਮਾਂ ਪਹਿਲਾਂ ਹੋਏ ਸਨ। ਉਨ੍ਹਾਂ ਬਾਰੇ ਇਹ ਸਾਰੀਆਂ ਕਹਾਣੀਆਂ ਪਹਿਲਾਂ ਤੋਂ ਪ੍ਰਚਲਤ ਸਨ। ਇਹੀ ਕਾਰਣ ਹੈ ਕਿ ਖੁੱਦ ਪੰਜਵੇਂ ਪਾਤਸ਼ਾਹ ਨੂੰ ਵੀ ਧੰਨਾ ਜੀ ਬਾਰੇ ਸਪਸ਼ਟ ਕਰਣ ਦੀ ਲੋੜ ਪਈ ਤੇ ਧੰਨੇ ਦੇ ਸ਼ਬਦਾਂ `ਚ ਹੀ ਪੰਨਾ 487 ਤੇ ਮ: ੫ ਦੇ ਸਿਰਲੇਖ ਹੇਠ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ" ਵਾਲਾ ਸ਼ਬਦ ਦਰਜ ਕਰ ਦਿੱਤਾ। ਜਦਕਿ ਉਸ ਸ਼ਬਦ `ਚ ਤਾਂ ਕਬੀਰ, ਸੈਣ, ਨਾਮਦੇਵ ਤੇ ਰਵਿਦਾਸ ਜੀ ਬਾਰੇ ਵੀ ਹੈ।

ਇਸ ਤਰ੍ਹਾਂ ਇਸ ਵਿਸ਼ੇਸ਼ ਵਾਰ ਰਾਹੀਂ, ਭਾਈ ਸਾਹਿਬ ਨੇ ਵੀ ਕੇਵਲ ਲੋਕਾਂ ਦੀਆਂ ਮੂੰਹਚੜ੍ਹੀਆਂ ਤੋਂ ਹੀ ਜਾਣੂ ਕਰਵਾਇਆ ਹੈ ਤਾ ਕਿ ਜਿੰਨ੍ਹਾਂ ਨੇ ਗੁਰਬਾਣੀ ਸੱਚ ਨੂੰ ਪ੍ਰਚਾਰਣਾ ਜਾਂ ਸਮਝਣਾ ਹੈ, ਉਨ੍ਹਾਂ ਨੂੰ ਲੋਕਾਈ `ਚ, ਇਨ੍ਹਾਂ ਸ਼ੰਬੰਧੀ ਵੀ ਪਤਾ ਹੋਵੇ। ਅਸਲ `ਚ ਇਸ ਸਾਰੀ ਵਾਰ ਦੀਆਂ ਤੇਈ ਦੀਆਂ ਤੇਈ ਪਉੜੀਆਂ ਦਾ ਮਜ਼ਮੂਨ ਹੀ ਲੋਕਾਂ ਵਿਚਾਲੇ ‘ਮੂੰਹ ਚੜ੍ਹੀਆਂ’ ਹਨ।

ਉਂਝ ਇਹ ਪੂਰੀ ਵਾਰ ਹੀ ਇਸ ਲਈ ਨਹੀਂ ਕਿ ਇਸ ਦੀਆਂ ਪਉੜੀਆਂ ਨੂੰ ਗੁਰਬਾਣੀ ਦੀ ਬਰਾਬਰੀ ਦੇ ਕੇ ਤੇ ਵਾਜਿਆਂ `ਤੇ ਗਾ-ਗਾ ਕੇ ਸੰਗਤਾਂ ਨੂੰ ਗੁਮਰਾਹ ਕੀਤਾ ਜਾਵੇ ਜਿਵੇਂ ਕਿ ਅੱਜ ਕੁੱਝ ਰਾਗੀ ਸੱਜਣ ਅਜਿਹਾ ਕਰ ਵੀ ਰਹੇ ਹਨ। ਬਲਕਿ ਦੁਖ ਤਾਂ ਓੁਦੋਂ ਹੋਰ ਵੱਧ ਹੁੰਦਾ ਹੈ ਜਦੋਂ ਸਾਡੇ ਕੁੱਝ ਪੰਥ ਪ੍ਰਵਾਣਤ ਰਾਗੀ ਵੀ ਇਸ ਵਾਰ ਵਿੱਚਲੇ ਕਬਿੱਤਾਂ ਨੂੰ ਬਿਲਕੁਲ ਗੁਰਬਾਣੀ ਦੀ ਬਰਾਬਰੀ ਦੇ ਕੇ ਤੇ ਉਹ ਵੀ ਇਤਿਹਾਸਿਕ ਗੁਰਦੁਆਰਿਆਂ `ਚ ਵੀ ਗਾਉਣਾ ਸ਼ੁਰੂ ਕਰ ਦਿੰਦੇ ਹਨ। ਇੱਕ ਪਾਸੇ ਉਨ੍ਹਾਂ ਦੀ ਤਿਆਰੀ `ਤੇ ਉਪ੍ਰੰਤ ਉਥੋਂ ਦੇ ਪ੍ਰਬੰਧਕਾਂ ਦੀ ਤਿਆਰੀ ਸੰਬੰਧੀਂ ੳਜਿਹੀ ਕਰਣੀ ਤੇ ਵਰਤਾਵੇ `ਤੇ ਸਿਵਾਏ ਖੂਨ ਦੇ ਅੱਥਰੂ ਕੇਰਣ ਦੇ ਹੋਰ ਕੋਈ ਚਾਰਾ ਵੀ ਨਹੀਂ ਰਹਿ ਜਾਂਦਾ।

ਦੁੱਧ ਠਾਕੁਰ ਨੂੰ? - ਆਓ! ਇੱਕ ਵਾਰੀ ਫਿਰ ਪੂਰੇ ਸ਼ਬਦ ਨੂੰ ਪੜ੍ਹ ਕੇ ਦੇਖੀਏ। ਗੱਲ ਤਾਂ ਕੀਤੀ ਹੈ ਦੁੱਧ ਪਿਆਉਣ ਦੀ, ਪਰ ਜਿਸ ਨੂੰ ਭਗਤ ਜੀ ਸੰਬੋਧਨ ਕਰ ਰਹੇ ਹਨ ਉਸ ਲਈ ਸ਼ਬਦਾਵਲੀ "ਗੋਬਿੰਦ ਰਾਇ, ਹਰਿ ਤੇ ਨਰਾਇਣ" ਵਰਤ ਰਹੇ ਹਨ। ਕਿਸੇ ਮੂਰਤੀ ਪੂਜਕ ਕੋਲੋਂ ਪੁੱਛੋ, ਪਤਾ ਲਗ ਜਾਵੇਗਾ ਕਿ ਦੁੱਧ ਪਿਆਉਣ ਦੀ ਰਸਮ ਕੇਵਲ ਪੱਥਰ ਦੇ ਠਾਕੁਰ ਲਈ ਹੀ ਹੁੰਦੀ ਹੈ ਨਾ ਕਿ ਕਿਸੇ ਮੂਰਤੀ ਲਈ। ਦੂਜੇ ਪਾਸੇ ਸਾਰੇ ਸ਼ਬਦ `ਚ ਭਗਤ ਜੀ ਨੇ ‘ਠਾਕੁਰ’ ਦਾ ਲਫਜ਼ ਤਾਂ ਉੱਕਾ ਹੀ ਨਹੀਂ ਵਰਤਿਆ। ਲੋਕਾਂ ਦੀ ਮੂੰਹ ਚੜ੍ਹੀ ਨੂੰ ਬਿਆਣ ਕਰਣ ਸਮੇਂ ਭਾਈ ਗੁਰਦਾਸ ਜੀ ਨੇ ਵੀ ਲਫ਼ਜ਼ ਖਾਸ ਤੌਰ ਤੇ ‘ਠਾਕੁਰ ਦੀ ਸੇਵਾ ਕਰੀਂ’ ਤੇ ਠਾਕੁਰ ਨੋਂ ਨ੍ਹਵਾਲ ਕੈ’ ਹੀ ਲਫ਼ਜ਼ ਵਰਤੇ ਹਨ। ਇਸ ਤਰ੍ਹਾਂ ਭਾਈ ਸਾਹਿਬ ਉਚੇਚਾ ਧਿਆਨ ਪੁਆ ਰਹੇ ਕਿ ਨਾਮਦੇਵ ਜੀ ਬਾਰੇ ‘ਲੋਕਂ ਕੀ ਮਿਥੀ ਬੈਠੇ ਹਨ’ ?

"ਘਰ ਕੋ ਬਾਪੁ" ? - ਸ਼ਬਦ `ਚ ਜਿਹੜਾ ਲਫ਼ਜ਼ "ਘਰ ਕੋ ਬਾਪੁ" ਵੀ ਆਇਆ ਹੈ ਜਿਸ ਤੋਂ ਜਾਣੇ-ਅਣਜਾਣੇ ਬਾਕੀ ਗੱਲ ਕੋਲੋਂ ਘੜ੍ਹ ਲਈ ਮਾਲੂਮ ਹੁੰਦੀ ਹੈ। ਕਹਾਣੀ ਮੁਤਾਬਕ "ਪਿਤਾ ਕਿਤੇ ਕੰਮ ਚੱਲਿਆ ਤਾਂ ਠਾਕੁਰ ਨੂੰ ਦੁੱਧ ਪਿਆਉਣ ਦੀ ਜ਼ਿੰਮੇਵਾਰੀ ਨਾਮਦੇਵ `ਤੇ ਪਾ ਗਿਆ" ਹੁਣ ਲਵੋ! ‘ਘਰ ਕੇ ਜਿਠੇਰੇ’, ‘ਘਰ ਕੀ ਨਾਇਕਿ’, ‘ਘਰ ਕੀ ਬਿਲਾਈ’, ‘ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ’ ; ਭਾਵ ਸ਼ਬਦ ‘ਘਰ’ ਆਤਮਾ ਲਈ ਵੀ ਬਾਣੀ `ਚ ਅਨੇਕਾਂ ਵਾਰ ਆਇਆ ਹੈ। ਫਿਰ ਜਿਹੜੇ ਸੱਜਨ ‘ਘਰ ਕੋ ਬਾਪੁ’ ਦਾ ਅਰਥ ਹੀ ਨਾਮਦੇਵ ਦਾ ਪਿਤਾ ਕਰਦੇ ਹਨ ਉਨ੍ਹਾਂ ਨੂੰ ਇਹ ਵਿਚਾਰਣ ਦੀ ਵੀ ਲੋੜ ਹੈ ਕਿ ਕੋਈ ਮਨੁੱਖ ਆਪਣੇ ਬੱਚਿਆਂ ਦਾ ਪਿਤਾ ਤਾਂ ਹੁੰਦਾ ਹੈ, ਪਰ ਆਪਣੀ ਮਾਤਾ, ਦਾਦੀ-ਦਾਦੇ ਆਦਿ ਸਭ ਦਾ ਪਿਤਾ ਤਾਂ ਕਦੇ ਨਹੀਂ ਹੋ ਸਕਦਾ। ਉਂਝ ਬਾਣੀ ਅਰਥਾਂ ਅਨੁਸਾਰ ਵੀ ਇਥੇ ‘ਘਰ ਕੋ ਬਾਪੁ’ ਦਾ ਅਰਥ ਕੇਵਲ ‘ਆਤਮਾ’ ਤੋਂ ਸਿਵਾ ਹੋਰ ਕੁੱਝ ਨਹੀਂ ਹੈ।

ਭਗਤ ਜੀ ਦੀ ਪਹਿਲੀ ਅਵਸਥਾ? - ਇੱਕ ਹੋਰ ਅਟਕਲ ਪੱਚੂ-ਜਦ ਕੋਈ ਗੱਲ ਨਾ ਬਣੇ ਤਾਂ ਕੁੱਝ ਸੱਜਨ ਇਹ ਵੀ ਕਹਿਣ ਲੱਗ ਪੈਂਦੇ ਹਨ ਕਿ ਇਹ ਸ਼ਬਦ, ਭਗਤ ਜੀ ਦੀ ਪਹਿਲੀ ਅਵਸਥਾ ਅਵਸਥਾ ਨਾਲ ਸੰਬੰਧਤ ਹੈ। ਇਹ ਵੀ ਕਿਆ ਵਧੀਆ ਕਾਢ ਹੈ! ਜੇ ਪਹਿਲੀ ਅਵਸਥਾ ਹੀ ਹੈ ਤਾਂ ਇਹ ਰਚਨਾ, ਗੁਰੂ ਸਾਹਿਬ ਰਾਹੀਂ ਗੁਰਬਾਣੀ `ਚ ਕਿਵੇਂ ਪ੍ਰਵਾਨ ਹੋ ਗਈ? ਗੁਰਬਾਣੀ ਸਿਧਾਂਤ ਵਿਰੁਧ ਪੱਥਰ ਪੂਜਾ ਵਾਲਾ ਫੋਕਟ ਕਰਮ, ਗੁਰਬਾਣੀ ਦਾ ਹਿੱਸਾ ਕਿਵੇਂ ਬਣ ਗਿਆ?

ਇੰਨਾਂ ਹੀ ਨਹੀਂ, ਆਖਿਰ ਦੂਜੇ ਪਾਤਸ਼ਾਹ ਤਾਂ ਪਹਿਲਾਂ ਸਨ ਹੀ ਵੈਸ਼ਨੋ ਦੇਵੀ ਦੇ ਪੁਜਾਰੀ। ਆਪਣੇ ਸਮੇ `ਤੇ ‘ਮਾਤਾ ਦੀਆਂ ਭੇਟਾ ਵੀ ਰਚਦੇ ਰਹੇ ਹੋਣਗੇ ਕਿਉਂਕਿ ਉਹ ਆਪਣੇ ਸਾਥੀਆਂ ਦੇ ਆਗੂ ਵੀ ਸਨ। ਪਰ ਉਹ ਰਚਨਾਵਾਂ ਗੁਰਬਾਣੀ ਦਾ ਰੂਪ ਨਾ ਲੈ ਸਕੀਆਂ। ਫਿਰ ਨਾਮਦੇਵ ਵਾਲਾ ਇਹ ਸ਼ਬਦ ਤਾਂ ਸਪਸ਼ਟ ਰੂਪ `ਚ ਪ੍ਰਭੂ ਪ੍ਰਾਪਤੀ ਦੀ ਗੱਲ ਹੀ ਕਰ ਰਿਹਾ ਹੈ। ਕਿਸੇ ਫੋਕਟ ਕਰਮ ਦਾ ਵੇਰਵਾ ਤਾਂ ਇਥੇ ਹੈ ਹੀ ਨਹੀਂ, ਜਿਵੇਂ ਕਿ ਦੇਵੀ ਪੂਜਾ ਆਦਿ ਦੇ ਕਰਮ। ਜੇ ਇਹ ਸ਼ਬਦ ਵੀ ਭਗਤ ਜੀ ਦੀ ਕਿਸੇ ਪਹਿਲੀ ਅਵਸਥਾ ਦਾ ਹੁੰਦਾ ਤਾਂ ਭਗਤ ਜੀ ਕਦੇ ਨਾ ਕਹਿੰਦੇ- "ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ" ਬਲਕਿ ਗੁਰਬਾਣੀ ਵਿਚਾਰਧਾਰਾ ਅਨੁਸਾਰ ਕਹਿੰਦੇ ਕਿ ਮੈਂ ਆਪਣੀ ਨਾਸਮਝੀ `ਚ ਠਾਕੁਰਾਂ ਨੂੰ ਦੁੱਧ ਪਿਆਂਦਾ ਰਿਹਾਂ ਤੇ ਉਹ ਓਦੋਂ ਮੇਰੀ ਅਗਿਆਨਤਾ ਸੀ। ਜਿਵੇਂ ਪੱਥਰਾਂ ਬਾਰੇ ਉਹ ਆਪਣੇ ਦੂਜੇ ਸ਼ਬਦਾਂ `ਚ ਕਹਿੰਦੇ ਹਨ ਕਿ "ਜੇ ਓਹੁ ਦੇਉ ਤ ਓਹੁ ਭੀ ਦੇਵਾ" (ਪੰ: ੫੨੫) ਅਤੇ ਉਨ੍ਹਾਂ ਦੇ ਹੀ ਹੋਰ ਵੀ ਕਈ ਸ਼ਬਦ `ਚ ਵੀ।

"ਨਾਮੇ ਦੇਖਿ ਨਰਾਇਨੁ ਹਸੈ" - ਕੁੱਝ ਸੱਜਨ ਅਜਿਹੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਫ਼ਿਰ ਵੀ ਆਪਣੀ ਅੜੀ `ਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਸਚਾਈ ਹੈ ਕਿ ਜਿਸ ਮਨੁੱਖ ਨੇ ਵੀ ਆਪਣੇ ਜੀਵਨ ਨੂੰ ਸਫਲ ਕੀਤਾ ਹੈ, ‘ਗੁੰਗੇ ਕੀ ਮਠਿਆਈ’ ਦੀ ਨਿਆਈ ਕੇਵਲ ਉਹ ਹੀ ਜਾਣਦਾ ਹੈ ਸਰਬ ਵਿਆਪਕ ਪ੍ਰਭੂ ਨਾਲ ਗੱਲਬਾਤ ਕਿਵੇਂ ਹੁੰਦੀ ਹੈ। ਗੁਰਬਾਣੀ ਅਨੁਸਾਰ ਉਸ ਨੂੰ ਜ਼ੱਰੇ ਜ਼ੱਰੇ `ਚੋਂ ਤਾਂ ਪ੍ਰਭੂ ਦੇ ਦਰਸ਼ਨ ਹੁੰਦੇ ਹੀ ਹਨ ਬਲਕਿ ਉ ਅੰਤਰ ਆਤਮੇ ਵੀ ਕਰਤੇ ਪ੍ਰਭੂ ਦੇ ਪ੍ਰਤੱਖ ਦਰਸ਼ਨ ਅਤੇ ਪ੍ਰਭੂ ਨਾਲ ਗੱਲਾਂ-ਬਾਤਾਂ ਵੀ ਕਰਦਾ ਹੈ। ਗੁਰਬਾਣੀ `ਚ ਹੀ ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਅਜਿਹੀਆਂ ਅਨੇਕਾਂ ਮਿਸਾਲਾਂ ਵੀ ਮੌਜੂਦ ਹਨ, ਇਥੇ ਇਹ, ਵੱਖਰੀ ਗੱਲ ਨਹੀਂ।

ਖੁਦ ਭਗਤ ਜੀ ਵੀ ਆਪਣੇ ਕੁੱਝ ਹੋਰ ਸ਼ਬਦਾਂ ਅੰਦਰ ਜਿਵੇਂ ਧਨਾਸਰੀ ਰਾਗ ਵਿੱਚਲੇ ਸ਼ਬਦ "ਪਹਿਲ ਪੁਰੀਏ ਪੁੰਡਰਕ ਵਨਾ॥ ਤਾ ਚੇ ਹੰਸਾ ਸਗਲੇ ਜਨਾਂ" `ਚ ਪ੍ਰਭੂ ਦਾ ਰੂਪ ਵਿਸ਼ਾਲ ਕਿਤਨਾ ਬਿਆਨ ਕਰਦੇ ਹਨ ਅਤੇ ਉਸੇ ਸ਼ਬਦ `ਚ "ਤੂ ਕੁਨੁ ਰੇ॥ ਮੈ ਜੀ॥ ਨਾਮਾ॥ ਹੋ ਜੀ" ਪ੍ਰਭੂ ਨਾਲ ਅੰਤਰ ਅਤਮੇ ਗੱਲਾਂ ਵੀ ਕਰਦੇ ਹਨ। ਤਾਂ ਤੇ ਜੇਕਰ ਸ਼ੰਬੰਧਤ ਸ਼ਬਦ `ਚ ਵਿਸ਼ੇ ਨੂੰ ਪਾਠਕ ਆਪ ਵੀ ਸਮਝਣ ਦਾ ਯਤਨ ਕਰਣ, ਯਲੀਨਣ ਉਨ੍ਹਾਂ ਨੂੰ ਵੀ ਸ਼ਬਦ ਦਾ ਮੂਲ ਵਿਸ਼ਾ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ।

ਦਰਅਸਲ ਇਸ ਸ਼ਬਦ `ਚੋਂ ਤਾਂ ਕਿਸੇ ਮੂਰਤੀ ਅਥਵਾ ਠਾਕੁਰ ਪੂਜਾ ਦਾ ਵੀ ਭੁਲੇਖਾ ਨਹੀਂ ਪੈ ਸਕਦਾ। ਇੰਨਾਂ ਹੀ ਨਹੀਂ ਰਾਗ ਸਾਰੰਗ ਦੇ ਇੱਕ ਸ਼ਬਦ `ਚ ਵੀ ਭਗਤ ਜੀ ਪੱਕੇ ਇਰਾਦੇ ਨਾਲ ਅਕਾਲਪੁਰਖ ਵੱਲੋਂ ਹੋ ਕੇ ਆਪਣੇ ਲਈ ਫੁਰਮਾਂਉਂਦੇ ਹਨ "ਦਾਸ ਅਨਿੰਨ ਮੇਰੋ ਨਿਜ ਰੂਪ॥ ਦਰਸਨ ਨਿਮਖ ਤਾਪ ਤ੍ਰਈ ਮੋਚਨ, ਪਰਸਤ ਮੁਕਤਿ ਕਰਤ ਗ੍ਰਿਹ ਕੂਪ॥ (ਪੰ: 1252) ਭਾਵ ‘ਦਾਸ’ (ਨਾਮਦੇਵ) ਮੇਰਾ ਹੀ ਨਿਜ ਰੂਪ ਹੈ’ ਠੀਕ ਉਸੇ ਤਰ੍ਹਾਂ ਜਿਵੇਂ ਵਿਚਾਰ ਅਧੀਨ ਸ਼ਬਦ `ਚ, ਇਸ ਬਾਰੇ ਹੋਰ ਵਿਚਾਰ ਪਦ-ਅਰਥਾਂ ਸਮੇਂ ਵੀ ਦਿੱਤੀ ਜਾ ਚੁੱਕੀ ਹੈ।

ਨਿਮਤ ਨਾਮਦੇਉ ਦੂਧੁ ਪੀਆਇਆ- ਹੁਣ ਵਿਰੋਧੀਆਂ ਕੋਲ ਕੇਵਲ ਇਕੋ ਹਥਿਆਰ ਹੀ ਬਾਕੀ ਹੈ ਜਿੱਥੋ ਕਹਿ ਸਕਦੇ ਹਨ ਕਿ ਨਾਮਦੇਵ ਰਾਹੀਂ ਦੁੱਧ ਪਿਆਉਣ ਦੀ ਗਵਾਹੀ ਭਗਤ ਰਵਿਦਾਸ ਜੀ ਨੇ ਵੀ ਗੁਰਬਾਣੀ `ਚ ਭਰੀ ਹੋਈ ਹੈ। ਉਹ ਸ਼ਬਦ ਹੈ- "ਨਿਮਤ ਨਾਮਦੇਉ ਦੂਧੁ ਪੀਆਇਆ" ਜਦਕਿ ਇਸ ਤਰ੍ਹਾਂ ਇਥੇ ਵੀ ਸ਼ਬਦ ਵਿੱਚਲੀ ਕੇਵਲ ਇੱਕ ਪੰਕਤੀ ਨਾਲ ਗੱਲ ਨਹੀਂ ਬਣੇ ਗੀ, ਆਸਾ ਰਾਗ ਵਿੱਚਲਾ ਉਹ ਪੂਰਾ ਸ਼ਬਦ ਵੀ ਇਸ ਤਰ੍ਹਾਂ ਹੈ:-

"ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ॥ ੧॥ ਰਹਾਉ॥ ਹਰਿ ਕੇ ਨਾਮ ਕਬੀਰ ਉਜਾਗਰ॥ ਜਨਮ ਜਨਮ ਕੇ ਕਾਟੇ ਕਾਗਰ॥   ॥ ਨਿਮਤ ਨਾਮਦੇਉ ਦੂਧੁ ਪੀਆਇਆ॥ ਤਉ ਜਗ ਜਨਮ ਸੰਕਟ ਨਹੀ ਆਇਆ॥  ੨॥ ਜਨ ਰਵਿਦਾਸ ਰਾਮ ਰੰਗਿ ਰਾਤਾ॥ ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥ ੩॥ ੫॥ (ਪੰ: 487)

ਤਾਂ ਤੇ ਕਿਸੇ ਵੀ ਸ਼ਬਦ ਦਾ ਕੇਂਦ੍ਰੀ ਭਾਵ ਉਸ ਸ਼ਬਦ ਦੇ ਰਹਾਉ ਦਾ `ਚ ਬੰਦ ਹੁੰਦਾ ਹੈ, ਬਾਕੀ ਸ਼ਬਦ ਉਸ ਬੰਦ ਦੀ ਵਿਆਖਿਆ ਜਾਂ ਵਿਸ਼ੇ ਨੂੰ ਸਪਸ਼ਟ ਕਰਣ ਲਈ ਮਿਸਾਲਾਂ ਹੀ ਹੁਦੀਆਂ ਹਨ। ਇਥੇ ‘ਰਹਾਓ’ ਦੇ ਬੰਦ `ਚ ਰਵਿਦਾਸ ਜੀ ਕਹਿ ਰਹੇ ਹਨ, ਪ੍ਰਭੂ ਦੇ ਸਿਮਰਨ ਨਾਲ ਹੀ ਮਨੁੱਖਾ ਜਨਮ ਦਾ ਨਿਸਤਾਰਾ ਹੋ ਸਕਦਾ ਹੈ। ਭਾਵ ਪੱਥਰ ਪੂਜਾ, ਦੇਵ ਪੂਜਾ ਆਦਿ ਨਾਲ ਨਹੀਂ। ਉਹ ਪੱਕਾ ਕਰਦੇ ਹਨ ਕਿ ਕਬੀਰ ਦਾ ਜਨਮ-ਮਰਨ ਕੱਟਣ ਵਾਲਾ ਅਤੇ ਉਸਦਾ ਨਾਮ ਉਜਾਗਰ ਕਰਣ ਵਾਲਾ ਕਰਤੇ ਪ੍ਰਭੂ ਦਾ ਨਾਮ ਹੀ ਸੀ। ਜਦਕਿ ਉਸੇ ਨਾਮ ਨੂੰ ਹੀ ਨਾਮਦੇਵ ਨੇ ਵੀ ਬੜੀ ਅਧੀਨਗੀ ਨਾਲ ਦੁੱਧ ਪਿਆਇਆ ਅਤੇ ਇਸੇ ਤੋਂ ਨਾਮਦੇਵ, ਪ੍ਰਭੂ ਦਾ ਰੂਪ ਹੋ ਗਏ। ਇਥੇ, ਜਿੰਨ੍ਹਾਂ ਅਰਥਾਂ `ਚ ਨਾਮਦੇਵ ਜੀ ਨੇ ਆਪ ਦੁੱਧ ਪਿਆਉਣ ਦਾ ਲਫਜ਼ ਵਰਤਿਆ ਠੀਕ ਉਨ੍ਹਾਂ ਹੀ ਅਰਥਾਂ `ਚ ਰਵਿਦਾਸ ਜੀ ਨੇ ਵੀ ਉਨ੍ਹਾਂ ਪ੍ਰਥਾਇ ਉਹੀ ਲਫਜ਼ ਵਰਤ ਦਿੱਤਾ, ਕਿਸੇ ਠਾਕੁਰ ਨੂੰ ਦੁੱਧ ਪਿਆਉਣ ਦੀ ਗੱਲ ਇਥੇ ਵੀ ਨਹੀਂ।

ਇਹ ਠੀਕ ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਨੇ "ਦੀਵਾ ਮੇਰਾ ਏਕੁ ਨਾਮੁ" (ਪੰ: 358) ਵਾਲੇ ਸ਼ਬਦ `ਚ ਅਕਾਲ ਪੁਰਖ ਲਈ ਲਫਜ਼ "ਕੇਸਉ" ਵਰਤਿਆ। ਫ਼ਿਰ ਇਸੇ ਪ੍ਰਥਾਏ ਤੀਜੇ ਪਾਤਸ਼ਾਹ ਦੀ ਵਸੀਅਤ ਨੂੰ ਜਦੋਂ ਭਗਤ ਸੁੰਦਰ ਜੀ ਨੇ ਬਾਣੀ ਦਾ ਰੂਪ ਦਿੱਤਾ ਤਾਂ ਉਨ੍ਹਾ ਨੇ ਵੀ ਅਕਾਲਪੁਰਖੁ ਵਾਸਤੇ ਉਹੀ ਲਫ਼ਜ਼ "ਕੇਸੋ" ਹੀ ਵਰਤਿਆ ਜਿਵੇਂ "ਕੇਸੋ ਗੋਪਾਲ ਪੰਡਿਤ ਸਦਿਅਹੁ"।

ਫ਼ਿਰ ਇਥੇ ਰਵੀਦਾਸ ਜੀ ਨੇ ਦੁੱਧ ਪਿਆਉਣ ਵਾਲੇ ਲਫਜ਼ ਦੀ ਵਰਤੋਂ ਕੀਤੀ ਤਾਂ ਨਾਲ ਫੈਸਲਾ ਵੀ ਦਿੱਤਾ ਜਿਵੇਂ "ਇਉ ਗੁਰ ਪਰਸਾਦਿ ਨਰਕ ਨਹੀ ਜਾਤਾ" ਭਾਵ ਇਥੇ ਵੀ ਸੱਚੇ ਗੁਰੂ ਰਾਹੀਂ ‘ਜਨਮ ਮਰਨ’ ਤੋਂ ਬਚਣ ਦੀ ਗੱਲ ਹੈ, ਨਾ ਕਿ ਕਿਸੇ ਠਾਕੁਰ ਜਾਂ ਪੱਥਰ ਦੀ ਕ੍ਰਿਪਾ ਨਾਲ। ਰਹਾਉ ਦੇ ਬੰਦ `ਚ "ਹਰਿ ਸਿਮਰਤ" ਇਸ ਨੂੰ ਹੋਰ ਵੀ ਪੱਕਾ ਕਰ ਰਿਹਾ ਹੈ। ਠੀਕ ਇਸੇ ਤਰ੍ਹਾਂ ਇੱਕ ਹੋਰ ਸ਼ਬਦ `ਚ ਭਗਤ ਰਵਿਦਾਸ ਇਸ ਗੱਲ ਨੂੰ ਇਸਤਰ੍ਹਾਂ ਕਹਿੰਦੇ ਹਨ:-

"ਐਸੀ ਲਾਲ ਤੁਝ ਬਿਨੁ ਕਉਨੁ ਕਰੈ॥ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥ ੧॥ ਰਹਾਉ॥ ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ ੧॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ"॥ ੨॥ ੧॥ (ਪੰ: 1106)।

ਲਫ਼ਜ਼ ਠਾਕੁਰ ਅਤੇ ਭਗਤ ਨਾਮਦੇਵ ਜੀ- ਉਂਝ ਤਾਂ ਕਰਤੇ ਪ੍ਰਭੂ ਲਈ ਬਾਣੀ `ਚ ਲਫ਼ਜ਼ ਠਾਕੁਰ ਬਗੁਤ ਵਾਰ ਆਇਆ ਹੈ, ਪਰ ਹਰੇਕ ਲਿਖਾਰੀ ਦੀ ਕੁੱਝ ਆਪਣੀ ਵੀ ਸੋਚ ਹੁੰਦੀ ਹੈ। ਬਾਣੀ `ਚ ਭਗਤ ਨਾਮਦੇਵ ਜੀ ਦੇ 61 ਸ਼ਬਦ ਆਏ ਹਨ ਪਰ ਉਨ੍ਹਾਂ ਨੇ ਕੇਵਲ ਪੱਥਰ ਪੂਜਾ ਦਾ ਜ਼ਿਕਰ ਕਰਣ ਸਮੇਂ ਹੀ ਲਫ਼ਜ਼ ਠਾਕੁਰ ਵਰਤਿਆ ਹੈ, ਪ੍ਰਭੂ ਪ੍ਰਮਾਤਮਾ ਵਾਸਤੇ ਕਿਧਰੇ ਵੀ ਨਹੀਂ। ਵਿਚਾਰ ਅਧੀਨ ਸ਼ਬਦ `ਚ ਵੀ ਜੇਕਰ ਉਨ੍ਹਾਂ ਨੇ ਕਿਸੇ ਪੱਥਰ ਦੇ ਠਾਕੁਰ ਨੂੰ ਦੁੱਧ ਪਿਆਉਣ ਦੀ ਗੱਲ ਕੀਤੀ ਹੁੰਦੀ ਤਾਂ ਲਫ਼ਜ਼ ‘ਠਾਕੁਰ’ ਹੀ ਵਰਤਦੇ ਜਿਵੇਂ ਕਿ ਹੇਠਲੇ ਸ਼ਬਦ `ਚ। ਪਰ ਵਿਚਾਰਅਧੀਨ ਸ਼ਬਦ `ਚ ਤਾਂ ਉਨ੍ਹਾਂ ਨੇ ਅਕਾਲਪੁਰਖੁ ਲਈ ਲਫ਼ਜ਼ ਵਰਤੇ ਹਨ- ਗੋਬਿੰਦ ਰਾਇ, ਹਰਿ ਤੇ ਨਾਰਾਇਣ; ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ। ਤਾਂ ਤੇ ਭਗਤ ਨਾਮਦੇਵ ਦੀ ਰਚਨਾ `ਚ ਲਫ਼ਜ਼ ‘ਠਾਕੁਰ’ ਕੇਵਲ ਤੇ ਕੇਵਲ ਪੱਥਰਾਂ ਦੀ ਪੂਜਾ ਲਈ ਹੀ ਹੈ ਨਾ ਕਿ ਮੁਰਤੀਆਂ ਦੀ ਪੂਜਾ ਲਈ ਜਿਵੇਂ:-

ਆਨੀਲੇ ਕੁੰਭ ਭਰਾਈਲੇ ਊਦਕ- ਤਾਂ ਤੇ ਅਸੀਂ ਭਗਤ ਜੀ ਦੇ ਹੀ ਆਸਾ ਰਾਗ ਵਿੱਚਲੇ ਸ਼ਬਦ `ਚੋਂ ‘ਲਫ਼ਜ਼’ ਠਾਕੁਰ ਸੰਬੰਧੀ ਨਿਬੇੜਾ ਕਰਣਾ ਵੀ ਜ਼ਰੂਰੀ ਸਮਝਦੇ ਹਾਂ ਤੇ ਸ਼ਬਦ ਹੈ:-

"ਆਸਾ॥ ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ ੧॥ ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥ ੧॥ ਰਹਾੳ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ॥ ੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ॥ ੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥ ੪॥ ੨॥ (ਪੰ: 485)

ਇਸ ਸ਼ਬਦ ਰਾਹੀਂ ਪੱਥਰ ਪੂਜਾ ਦੇ ਭਰਮ `ਚ ਫਸੇ ਮਨੁੱਖ ਨੂੰ ਭਗਤ ਜੀ ਬੜੇ ਸਲੀਕੇ ਨਾਲ ਤਿੰਨ ਮਿਸਾਲਾਂ ਦੇ ਕੇ ਸਮਝਾਉਂਦੇ ਹਨ (੧) "ਐ ਭੁੱਲੜ ਵੀਰ! ਤੂੰ ਪੱਥਰ (ਠਾਕੁਰ) ਨੂੰ ਇਸ਼ਨਾਨ ਕਰਵਾਉਣ ਵਾਸਤੇ ਸੁੱਚਾ ਪਾਣੀ ਲੋੜਦਾਂ ਹੈਂ? ਇਸ ਦੇ ਲਈ ਤੂੰ ਵੱਧ ਤੋਂ ਵੱਧ ਨਵਾਂ ਘੜਾ ਲਿਆ ਕੇ ਕਿਸੇ ਨਦੀ ਜਾਂ ਖੂਹੀ ਆਦਿ `ਚੋਂ ਪਾਣੀ, ਆਪ ਭਰ ਲਿਆਉਂਦਾ ਹੈਂ। ਇਸ ਵਿਸ਼ਵਾਸ ਨਾਲ ਕਿ ਇਹ ਪਾਣੀ ਸੁੱਚਾ ਹੈ।

ਜਦਕਿ ਤੇਰੀ ਵਿਚਾਰਧਾਰਾ ਅਨੁਸਾਰ ਹੀ ਇਸ ਪਾਣੀ `ਚ ਪਹਿਲਾਂ ਹੀ ਬਿਆਲੀ ਲੱਖ ਜੀਵ ਵੱਸਦੇ ਹਨ। ਇੰਨ੍ਹਾਂ ਜੀਵਾਂ ਦੀ ਤਾਂ ਸਾਰੀ ਸਰੀਰਕ ਕਿਰਿਆ ਹੀ ਹਰ ਸਮੇਂ ਇਸੇ ਪਾਣੀ `ਚ ਹੁੰਦੀ ਹੈ। ਤਾਂ ਤੇ ਇਹ ਪਾਣੀ ਵੀ ਸੁੱਚਾ ਨਹੀਂ। ਪਰ ਮੇਰੇ ਵੀਰ! ਇਸ ਤੋਂ ਵੱਧ ਤਾਂ ਕੁੱਝ ਕਰ ਵੀ ਤਾਂ ਨਹੀਂ ਸੀ ਸਕਦਾ। ਹੁਣ ਆ ਮੈਂ ਤੈਨੂੰ ਦੱਸਦਾ ਹਾਂ ਜਿਸ ਨੂੰ ਤੂੰ ਠਾਕੁਰ ਮੰਨੀਂ ਬੈਠਾ ਹੈਂ ਉਹ ਪ੍ਰਭੂ ਨਹੀ, ਬਲਕਿ ਪ੍ਰਭੂ ਤਾਂ ਉਨ੍ਹਾਂ ਬਿਆਲੀ ਲੱਖ ਜੀਵਾਂ `ਚ ਹੋ ਕੇ ਆਪ ਹੀ ਇਸ਼ਨਾਨ ਵੀ ਕਰ ਰਿਹਾ ਸੀ।

ਇਸੇ ਤਰ੍ਹਾਂ ਇਸੇ ਰੱਬੀ ਸੱਚ ਨੂੰ ਸਮਝਾਉਣ ਲਈ ਭਗਤ ਜੀ ਦੂਜੀ ਮਿਸਾਲ ਫੁੱਲਾਂ ਦੀ ਦਿੰਦੇ ਹਨ। ਸਪਸ਼ਟ ਕਰਦੇ ਹਨ, ਜਿੰਨ੍ਹਾਂ ਫੁੱਲਾਂ ਨੂੰ ਤੂੰ ਆਪ ਤੋੜ ਕੇ ਤੇ ਸੁੱਚੇ ਮੰਨ ਕੇ ਲਿਆਂਦਾ, ਇਸ ਲਈ ਲਕਿ ਫੁਲ ਠਾਕੁਰ ਜੀ ਦੀ ਪੂਜਾ ਵਾਸਤੇ ਹਨ। ਤੈਨੂੰ ਇਹ ਨਹੀੰ ਪਤਾ ਕਿ ਇੰਨ੍ਹਾਂ ਫੁੱਲਾਂ ਨੂੰ ਪਹਿਲਾਂ ਭੰਵਰੇ ਨੇ ਜੂਠਾ ਕੀਤਾ ਹੋਇਆ ਸੀ। ਤਾਂ ਤੇ ਇਹ ਵੀ ਸੁੱਚੇ ਨਹੀਂ ਸਨ ਪਰ ਇਸ ਤੋਂ ਹੋਰ ਅਗੇ ਤੇਰੀ ਪਹੁੰਚ ਵੀ ਨਹੀਂ ਸੀ। ਅਸਲ ਚ ਮੇਰੇ ਵੀਰ! ਤੈਨੂੰ ਉਥੇ ਵੀ ਸਮਝ ਨਹੀਂ ਆਈ ਕਿ ਉਸ ਭੰਵਰੇ `ਚ ਵੀ ਤਾਂ ‘ਪ੍ਰਮਾਤਮਾ’ ਆਪ ਹੀ ਵੱਸ ਰਿਹਾ ਅਤੇ ਭੋਗ ਵੀ ਆਪ ਹੀ ਲਗਾ ਰਿਹਾ ਸੀ।

ਇਸੇ ਲੜੀ `ਚ, ਭਗਤ ਜੀ ਤੀਜੀ ਮਿਸਾਲ ਦਿੰਦੇ ਹਨ ਨੈਵੇਦ ਦੀ। ਠਾਕੁਰ ਨੂੰ ਨੈਵੇਦ ਕਰਵਾਉਣ ਲਈ ਤੈਨੂੰ ਸੁੱਚੇ ਦੁੱਧ ਦੀ ਲੋੜ ਸੀ। ਇਸ ਲਈ ਵੀ ਜੇ ਤੂੰ ਵੱਧ ਤੋਂ ਵੱਧ ਕਰੇਂਗਾ ਤਾਂ ਆਪ ਦੁੱਧ ਚੋ ਕੇ ਲੈ ਆਵੇਂਗਾ। ਸ਼ਾਇਦ ਤੈਨੂੰ ਚੇਤਾ ਨਹੀਂ ਕਿ ਪਸ਼ੂ ਦੇ ਥਨਾਂ ਨੂੰ ਤਾਂ ਪਹਿਲਾਂ ਬਛੜੇ ਨੇ ਹੀ ਚੁੰਘਿਆ ਸੀ ਅਤੇ ਤਾਂ ਹੀ, ਪਸ਼ੂ ਨੇ ਦੁੱਧ ਦਿੱਤਾ ਸੀ। ਇਸ ਤਰ੍ਹਾਂ ਦੁੱਧ ਵੀ ਸੁੱਚਾ ਨਹੀਂ ਸੀ। ਪਰ ਮੇਰੇ ਵੀਰ! ਸ਼ੱਚ ਇਹ ਹੈ ਕਿ ਤੈਨੂੰ ਉਥੇ ਪ੍ਰਭੂ ਦੀ ਪਛਾਣ ਨਹੀਂ ਆਈ। ਜਿਸ ਨੂੰ ਤੂੰ ਠਾਕੁਰ ਮੰਨੀਂ ਬੈਠਾ ਹੈਂ ਉਹ ਠਾਕੁਰ ਨਹੀਂ, ਪ੍ਰਭੂ ਤਾਂ ਬਛੜੇ ਦੇ ਰੂਪ `ਚ ਪਹਿਲਾਂ ਹੀ ਦੁਧ ਨੂੰ ਭੋਗ ਲਗਾ ਚੁੱਕਾ ਸੀ।

ਤਾਂ ਤੇ ਪੱਥਰ ਦੇ ਪੁਜਾਰੀ ਮੇਰੇ ਵੀਰ! ਇਸ ਗੱਲ ਨੂੰ ਸਮਝ, ਜਿਸ ਠਾਕੁਰ (ਪੱਥਰ) ਨੂੰ ਤੂੰ ਰੱਬ ਮਿੱਥ ਲਿਆ, ਇਹ ਤੇਰੀ ਨਾਸਮਝੀ ਸੀ। ਬੀਠੁਲ ਤਾਂ ਜ਼ੱਰੇ ਜ਼ੱਰੇ `ਚ ਹਰ ਸਮੇਂ, ਹਰ ਥਾਂ ਤੇ ਹਰ ਜੀਵ `ਚ ਵੱਸ ਕੇ ਆਪਣੀਆਂ ਖੇਡਾਂ ਕਰ ਰਿਹਾ ਹੈ, ਦਰਅਸਲ ਤੈਨੂੰ ਪ੍ਰਭੂ ਦੀ ਪਛਾਣ ਹੀ ਨਹੀਂ ਸੀ।

ਇਸਤਰ੍ਹਾਂ ੳ੍ਰੁਪ੍ਰੋਕਤ ਸ਼ਬਦ `ਚ ਭਗਤ ਜੀ ਆਪਣੇ ਬਾਰੇ ਸਪਸ਼ਟ ਸ਼ਬਦਾਵਲੀ ਹੈ "ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ"। ਇੰਨੀਂ ਸਪਸ਼ਟ ਅਤੇ ਉੱਚੀ ਆਤਮਕ ਅਵਸਥਾ ਦੇ ਮਾਲਿਕ ਭਗਤ ਜੀ ਦੇ ਸ਼ਬਦ "ਦੂਧੁ ਕਟੋਰੈ ਗਡਵੈ ਪਾਨੀ" (ਪੰ: 1163) ਦੇ ਵੇਰਵੇ ਸਹਿਤ ਅਰਥ ਸਮਝਣ ਤੋਂ ਬਾਅਦ ਵੀ ਜੇ ਕੋਈ ਸੱਜਨ ਇਹੀ ਸਮਝੇ ਜਾਂ ਰਟ ਲਗਾਏ ਕਿ ਭਗਤ ਜੀ ਨੇ ਕਿਸੇ ਮੂਰਤੀ ਜਾਂ ਪੱਥਰ ਦੇ ਠਾਕੁਰ ਨੂੰ ਦੁੱਧ ਪਿਆਇਆ ਤਾਂ ਉਸਦੀ ਸਮਝ ਦਾ ਫ਼ਿਰ ਉਹ ਆਪ ਹੀ ਮਾਲਿਕ ਹੈ।

ਜਦਕਿ ਭਗਤ ਜੀ ਦੇ ਇਸ਼ਟ ਬਾਰੇ ਹੋਰ ਵੇਰਵੇ ਲਈ ਗੁਰਮੱਤ ਪਾਠ ਨੰ: ੯੯ "ਭਗਤ ਨਾਮਦੇਵ ਜੀ ਦਾ ਇਸ਼ਟ" ਵੀ ਪ੍ਰਾਪਤ ਹੈ ਜੀ। ਤਾਂ ਵੀ ਇਸ ਤੋਂ ਬਾਅਦ ਭਗਤ ਜੀ ਦਾ ਹੀ ਉਨ੍ਹਾਂ ਦੇ ਇਸ਼ਟ ਦੇ ਸੰਬੰਧ `ਚ ਹੇਠ ਦਿੱਤਾ ਇੱਕ ਹੋਰ ਸ਼ਬਦ ਵੀ ਲੈ ਰਹੇ ਹਾਂ ਜੀ। ਤਾਂ ਤੇ: ਉਹ ਸ਼ਬਦ ਹੈ:-

"ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥ ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥   ॥ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥   ॥ ਰਹਾਉ॥ ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ॥ ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ॥   ॥ ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ॥ ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ॥   ॥ ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ॥ ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ॥     ॥" (ਪੰ: ੪੮੫)

ਨਿਰਣਾ ਤੇ ਨਿਚੋੜ- ਭਗਤ ਜੀ ਨੇ, ਨਾ ਕਿਸੇ ਪੱਥਰ ਦੀ ਪੂਜਾ ਕੀਤੀ, ਨਾ ਕਿਸੇ ਪੱਥਰ `ਚੋਂ ਰੱਬ ਨਿਕਲਿਆ ਤੇ ਨਾ ਹੀ ਉਨ੍ਹਾਂ ਕੋਲੋਂ ਕਿਸੇ ਅਜਿਹੇ ਪੱਥਰ ਨੇ ਕਦੇ ਦੁੱਧ ਪੀਤਾ। ਬਲਕਿ ਇਸ ਸ਼ਬਦ ਰਾਹੀਂ ਭਗਤ ਜੀ ਪੱਥਰ ਪੂਜਾ `ਚ ਉਲਝੇ ਹੋਏ ਮਨੁੱਖ ਨੂੰ ਹਲੂਣਾ ਦੇ ਕੇ ਉਸੇ ਦੀ ਹੀ ਬੋਲੀ `ਚ ਰੱਬੀ ਸੱਚ ਨੂੰ ਸਪਸ਼ਟ ਕਰ ਰਹੇ ਹਨ। ਇਥੇ ਭਗਤ ਜੀ ਨੇ ਤਾਂ ਪੱਥਰ ਪੂਜਾ ਦੀ ਬੋਲੀ ਤੇ ਕਰਣੀ `ਚ ਉਸੇ ਪੱਥਰ ਪੂਜਾ ਦੇ ਢੰਗ ਨੂੰ ਵੀ ਉੱਚੇ ਆਤਮਕ ਅਰਥਾਂ `ਚ ਬਿਆਨਿਆ ਹੈ। .

ਕਾਵ ਰਚਨਾ ਦੇ ਇਸ ਢੰਗ ਨੂੰ ਕਾਵਿ ਬੋਲੀ `ਚ ਰੂਪਕ ਅਲੰਕਾਰ ਕਹਿੰਦੇ ਹਨ। ਭਗਤ ਜੀ ਨੇ ਤਾਂ ਮਨੁੱਖ ਨੂੰ ਇਸ ਤਰੀਕੇ ਫੋਕਟ ਕਰਮਾਂ ਤੋਂ ਨਿਜਾਤ ਦੁਆ ਕੇ, ਉਨ੍ਹਾਂ ਦੀ ਹੀ ਬੋਲੀ ਤੇ ਕਰਣੀ `ਚ ਕੇਵਲ ਤੇ ਕੇਵਲ "ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ" (ਨਾਮਦੇਵ ਜੀ ਪੰ: ੯੮੮) ਭਾਵ ਕਰਤੇ ਰਾਮ ਨਾਲ ਜੋੜਿਆ ਹੈ। ਉਂਝ ਵੀ ਗੁਰਬਾਣੀ ਸਿਧਾਂਤ ਅਨੁਸਾਰ ਮਨੁੱਖ ਨੂੰ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ "ਪੱਥਰ-ਮੂਰਤੀ-ਤਸਵੀਰ ਪੂਜਾ" ਗੁਰਬਾਣੀ ਅਨੁਸਾਰ ਪ੍ਰਭੂ ਕਰਤੇ ਦੀ ਪੂਜਾ ਨਹੀਂ, ਪ੍ਰਭੂ ਤਾਂ ਹੈ ਰੂਪ, ਰੰਗ ਤੇ ਰੇਖ ਤੋਂ ਨਿਆਰਾ।

ਹਾਂ! ਆਪਣੇ ਪਹਿਲੇ ਜੀਵਨ `ਚ ਕੋਈ ਵੀ ਭਗਤ ਭਾਵੇਂ ਕੁੱਝ ਵੀ ਰਿਹਾ ਹੋਵੇ, ਫ਼ਿਰ ਜਦੋਂ ਉਸ ਦੀ ਕਿਸੇ ਰਚਨਾ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਵਾਨ ਕਰ ਕੇ ਆਪਣੀ ਛਾਤੀ ਨਾਲ ਲਾਇਆ ਤਾਂ ਉਹਨਾਂ ਦੀਆਂ ਰਚਨਾਵਾਂ ਉਹੀ ਸਨ ਜਿਹੜੀਆਂ ਗੁਰਬਾਣੀ ਕਸਵੱਟੀ `ਤੇ ਪੂਰੀਆਂ ਉਤਰਦੀਆਂ ਅਤੇ ਸੰਬੰਧਤ ਭਗਤਾਂ ਦੇ ਸਫ਼ਲ ਜੀਵਨ ਦੇ ਸਮੇਂ ਦੀਆਂ ਸਨ।

ਕਮੀ ਤਾਂ ਕਿਧਰੇ ਸਾਡੇ ਸਮਝਣ `ਚ ਤਾਂ ਰਹਿ ਸਕਦੀ ਹੈ, ਪਰ ਗੁਰਬਾਣੀ ਸਿਧਾਂਤ ਸਦੀਵੀ ਅਤੇ ਇਕੋ ਅਤੇ ਜੁਗੋ ਜੁਗ ਅਟੱਲ ਹਨ। ਸਮੂਚੀ ਗੁਰਬਾਣੀ ਅੰਦਰ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" (ਪੰ: 646) ਦਾ ਸਿਧਾਂਤ ਕੰਮ ਕਰ ਰਿਹਾ ਹੈ। ਇਹ ਨਹੀਂ ਕਿ ਗੁਰੂ ਪਾਤਸ਼ਾਹ ਹੋਰ ਗੱਲ ਕਹਿਣ ਅਤੇ ਉਥੇ ਕੋਈ ਦੂਜਾ ਲਿਖਾਰੀ ਕੋਈ ਦੂਜੀ ਗੱਲ ਤੇ ਉਸ ਦੇ ਵਿਰੁਧ। #59s81.04s05RJ1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. II 59 P-III

(ਅਰਥ ਨਿਖਾਰ) (ਭਾਗ ਤੀਜਾ)

ਦੂਧੁ ਕਟੋਰੈ ਗਡਵੈ ਪਾਨੀ॥

ਕਪਲ ਗਾਇ ਨਾਮੈ ਦੁਹਿ ਆਨੀ॥

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web site-

www.gurbaniguru.org




.