.

ਅੰਧਾ

ਆਮ ਤੌਰ ਤੇ ਤਾਂ ਅੰਧਾ ਓਸੇ ਨੂੰ ਹੀ ਆਖਿਆ ਜਾਂਦਾ ਹੈ ਜਿਸ ਨੂੰ (ਸਰੀਰਕ) ਅੱਖਾਂ ਦੁਆਰਾ ਕੁੱਝ ਦਿਖਾਈ ਨਹੀ ਦਿੰਦਾ ਪਰ ਸੰਸਾਰ ਵਿੱਚ ਦੋ ਤਰਾਂ ਦੇ ਅੰਨ੍ਹੇ ਮੰਨੇ ਜਾਂਦੇ ਹਨ। ਇੱਕ ਉਹ ਜਿਨ੍ਹਾਂ ਕੋਲ ਅੱਖਾਂ ਦੀ ਜੋਤ, ਰੌਸ਼ਨੀ ਨਹੀ, ਤੇ ਦੂਸਰੇ ਉਹ ਜਿਨ੍ਹਾਂ ਕੋਲ ਗਿਆਨ ਦੀ ਰੌਸ਼ਨੀ ਨਹੀ, ਅਕਲੋਂ ਅੰਨ੍ਹੇ ਜਾਂ ਵੀਚਾਰ ਬੁੱਧੀ ਤੋਂ ਸੱਖਣੇ ਹਨ। ਬਾਹਰੀ (ਸਰੀਰਕ) ਅੱਖਾਂ ਸੰਸਾਰ ਨਾਲ ਗੰਢ ਪਾਉਂਦੀਆਂ ਹਨ ਤੇ ਗਿਆਨ ਨੇਤ੍ਰ ਨਿਰੰਕਾਰ ਨਾਲ ਵੀ ਸਾਂਝ ਪਾਉਣ ਦੇ ਸਮਰੱਥ ਹਨ। ਸਰੀਰਕ ਅੱਖਾਂ ਕੇਵਲ ਦ੍ਰਿਸ਼ਟਮਾਨ ਨੂੰ ਹੀ ਵੇਖ ਸਕਦੀਆਂ ਹਨ ਪਰ ਗਿਆਨ ਨੇਤ੍ਰ ਅਦ੍ਰਿਸ਼ਟ ਨੂੰ ਵੀ ਜਾਨਣ ਯੋਗ ਹਨ। ਸਰੀਰਕ ਅੱਖਾਂ ਦੀ ਸੀਮਾ ਹੈ, ਬਹੁਤੀ ਨੇੜੇ ਜਾਂ ਬਹੁਤ ਦੂਰ ਨਹੀ ਵੇਖ ਸਕਦੀਆਂ, ਪਰ ਗਿਆਨ ਨੇਤ੍ਰਾਂ ਦੀ ਕੋਈ ਸੀਮਾ ਨਹੀ। ਇਸ ਨੂੰ ਇਹ ਕਹਿ ਲੈਣਾ ਕਿ ਸਰੀਰਕ ਅੱਖ ਅੰਦਰੂਨੀ ਗਿਆਨ ਦੀ ਅੱਖ ਤੇ ਨਿਰਭਰ ਹੈ, ਅਤਕਥਨੀ ਨਹੀ ਹੋਵੇਗੀ। ਗੁਰਬਾਣੀ ਕਿਉਂਕਿ ਮਨੁੱਖ ਦੇ ਮਾਨਸਿਕ ਪੱਖ ਨੂੰ ਸੁਧਾਰਨ ਲਈ ਹੈ, ਇਸ ਲਈ ਉਹ ਅਧਿਆਤਮਕ ਨੇਤ੍ਰਾਂ, ਜਿਨ੍ਹਾਂ ਨੂੰ ਗਿਆਨ ਨੇਤ੍ਰ, ਜਾਂ ਤੀਜਾ ਨੇਤ੍ਰ ਵੀ ਕਿਹਾ ਜਾਂਦਾ ਹੈ, ਦੀ ਵਿਸ਼ੇਸ਼ਤਾ ਹੀ ਪ੍ਰਗਟ ਕਰਦੀ ਹੈ।

ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥ ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥ 1103 ਉਹੀ ਨੇਤ੍ਰਾਂ ਦੀ ਮਹੱਤਾ ਹੈ ਜਿਨ੍ਹਾਂ ਵਿੱਚ (ਗੁਰੂ ਦੇ) ਗਿਆਨ ਦਾ ਸੁਰਮਾ ਪਿਆ ਹੋਇਆ ਹੈ ਭਾਵ ਆਤਮਿਕ ਗਿਆਨ ਦੇ ਸੁਰਮੇ ਵਾਲੀਆਂ ਅੱਖਾਂ (ਗਿਆਨ ਨੇਤ੍ਰਾਂ) ਦੀ ਹੀ ਵਿਸ਼ੇਸ਼ਤਾ ਹੈ। ਇਸ ਲਈ ਗੁਰਬਾਣੀ ਨੇ ਅੰਨ੍ਹਾ ਉਸ ਨੂੰ ਨਹੀ ਮੰਨਿਆ ਜੋ (ਬਾਹਰੀ ਸਰੀਰਕ) ਅੱਖਾਂ ਤੋਂ ਅੰਨ੍ਹਾ ਹੈ ਬਲਿਕੇ ਓਸੇ ਨੂੰ ਅੰਨ੍ਹਾ ਮੰਨਿਆ ਹੈ ਜੋ ਆਤਮਿਕ ਗਿਆਨ ਦੀ ਅੱਖ (ਗੁਰਗਿਆਨ) ਤੋਂ ਵਾਂਝਾ ਹੈ, ਜਿਸ ਨੇ ਗੁਰੂ ਦੁਆਰਾ ਪ੍ਰਭੂ ਨਾਲ ਸਾਂਝ ਨਹੀ ਪਾਈ, ਜੋ ਅਧਿਆਤਮਕ ਪੱਖ ਤੋਂ ਅਗਿਆਨੀ ਹੈ।

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥ 954 ਗੁਰਗਿਆਨ ਤੋਂ ਸੱਖਣੇ ਹੀ ਖਸਮਹੁ ਘੁਥੇ ਹਨ, ਜਾਂ ਫਿਰ ਦੂਜੇ ਪਾਸਿਉਂ ਖਸਮਹੁ ਘੁਥੇ ਹੀ ਆਤਮਿਕ ਗਿਆਨਹੀਣ ਹੁੰਦੇ ਹਨ, ਤੇ ਸੰਸਾਰ ਵਿੱਚ ਬਹੁਤਾਤ ਉਹਨਾਂ ਅੰਧਿਆਂ ਦੀ ਹੀ ਹੈ ਜੋ ਖਸਮੋਂ ਘੁਥੇ ਹਨ, ਪ੍ਰਭੂ ਨਾਲ ਉਹਨਾਂ ਦੀ ਕੋਈ ਸਾਂਝ ਨਹੀ ਤੇ ਉਹ ਆਤਮਿਕ ਗਿਆਨ ਦੀ ਅੱਖ ਤੋਂ ਸੱਖਣੇ ਹੀ ਹਨ। ਉਹ ਸੱਚ ਦਾ ਮਾਰਗ ਸਾਹਮਣੇ ਹੁੰਦੇ ਹੋਏ ਵੀ ਉਸ ਨੂੰ ਪਛਾਣ ਨਹੀ ਸਕਦੇ।

ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥ ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥ 603 ਜਿਵੇਂ (ਬਾਹਰੀ) ਰਾਤ ਦੇ ਹਨੇਰੇ ਵਿੱਚ ਮਨੁੱਖ ਰਸਤਾ ਨਹੀ ਵੇਖ ਸਕਦਾ, ਤਿਵੇਂ ਅੰਦਰੂਨੀ ਕਾਮ, ਕ੍ਰੌਧ, ਲੋਭ, ਮੋਹ ਤੇ ਹੰਕਾਰ ਦੇ ਵਿਕਾਰੀ ਹਨੇਰੇ ਵਿੱਚ ਮਨੁੱਖ ਪਰਮਾਰਥ ਦੇ ਰਾਹ, (ਨਿਰਮਲ ਪੰਥ, ਧਰਮ ਮਾਰਗ) ਨੂੰ ਵੀ ਨਹੀ ਵੇਖ ਸਕਦਾ ਕਿਉਂਕਿ ਵਿਕਾਰਾਂ ਦੇ ਹਨੇਰੇ ਵਿੱਚ ਵੇਖਣ ਵਾਲੀਆਂ ਅੱਖਾਂ ਵੀ ਵੱਖਰੀ ਕਿਸਮ ਦੀਆਂ ਹੀ ਹਨ।

ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥ 577 ਅਤੇ ਇਹ ਪ੍ਰਭੂ ਨੂੰ ਵੇਖਣ ਵਾਲੇ ਗਿਆਨ ਨੇਤ੍ਰ ਗੁਰੂ ਬਿਨਾ ਪ੍ਰਾਪਤ ਨਹੀ ਹੋ ਸਕਦੇ। ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥ ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥ 532 ਗੁਰੂ (ਆਤਮਿਕ ਗਿਆਨ) ਬਿਨਾ ਉਹਨਾਂ ਗਿਆਨ ਨੇਤ੍ਰਾਂ ਦੀ ਪ੍ਰਾਪਤੀ ਨਹੀ ਹੋ ਸਕਦੀ ਜੋ ਪ੍ਰਭੂ ਨੂੰ (ਸਰੀਰਕ ਤੌਰ ਤੇ ਨਹੀ ਬਲਿਕੇ) ਉਸ ਦੇ ਗੁਣਾਂ ਦੁਆਰਾ ਉਸ ਨੂੰ ਵੇਖ (ਜਾਣ) ਸਕਦੇ ਹਨ। ਅਗਰ ਕੋਈ ਵਿਅਕਤੀ ਇਹ ਦਾਵ੍ਹਾ ਕਰਦਾ ਹੈ ਕਿ ਉਸ ਨੂੰ (ਸਰੀਰਕ) ਅੱਖਾਂ ਨਾਲ ਕਿਸੇ ਵਿਛੜੀ ਰੂਹ (ਗੁਰੂ, ਪੀਰ, ਪੈਗੰਬਰ ਜਾਂ ਸ਼ਹੀਦਾਂ) ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਹਨ ਤਾਂ ਉਹ ਝੱਖ ਮਾਰਦਾ ਹੈ ਤੇ ਮਾਨਸਿਕ ਤੌਰ ਤੇ ਰੋਗੀ ਹੈ। ਇਹ ਕੇਵਲ ਉਸ ਦੇ ਮਨ ਦੀ ਕਲਪਣਾ ਹੀ ਹੋ ਸਕਦੀ ਹੈ ਕਿਉਂਕਿ ਮਰਨ ਪਿਛੋਂ ਕਦੇ ਕੋਈ (ਸਰੀਰਕ ਤੌਰ ਤੇ) ਨਹੀ ਪਰਤਿਆ। ਜਦੋਂ ਗੁਰਬਾਣੀ ਅਦ੍ਰਿਸ਼ਟ ਪ੍ਰਭੂ ਨੂੰ ਅੱਖਾਂ ਨਾਲ ਵੇਖਣ ਦੀ ਗਲ ਕਰਦੀ ਹੈ ਤਾਂ ਉਹ ਗਿਆਨ ਨੇਤ੍ਰਾਂ ਦੁਆਰਾ ਹੀ ਵੇਖਿਆ (ਜਾਣਿਆ) ਜਾ ਸਕਦਾ ਹੈ।

ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥ 668 ਜੋ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਬਾਹਰੀ ਅੱਖਾਂ ਨਾਲ ਵੇਖਿਆ ਨਹੀ ਜਾ ਸਕਦਾ ਉਸ ਨੂੰ ਪੂਰੇ ਗੁਰੂ ਦੇ ਬਖਸ਼ੇ ਗਿਆਨ ਨੇਤ੍ਰ ਪ੍ਰਗਟ ਕਰ ਦਿੰਦੇ ਹਨ ਭਾਵ (ਆਤਮਿਕ ਗਿਆਨ ਦੁਆਰਾ ਜਣਾ) ਵਖਾ ਦਿੰਦੇ ਹਨ। ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥ ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥ 407 ਅਦ੍ਰਿਸ਼ਟ ਪ੍ਰਭੂ ਬਾਹਰਲੇ ਸਰੀਰਕ ਨੇਤ੍ਰਾਂ ਨਾਲ ਨਹੀ ਵੇਖਿਆ ਜਾ ਸਕਦਾ ਇਸ ਲਈ ਗੁਰੂ ਨੇ ਗਿਆਨ ਦੇ ਨੇਤ੍ਰਾਂ ਦੁਆਰਾ ਸਭਨਾਂ ਘਟਾਂ ਵਿੱਚ ਵਸਦਾ ਪ੍ਰਭੂ ਵਿਖਾ (ਜਣਾ) ਦਿੱਤਾ। ਇੱਕ ਪਾਸੇ ਤਾਂ ਨਿੱਤ ਇਹ ਵੀ ਪੜ੍ਹਿਆ ਜਾ ਰਿਹਾ ਹੈ ਕਿ "ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਇ" ਤੇ ਦੂਜੇ ਪਾਸੇ ਗੁਰਬਾਣੀ ਵੀ ਪੜ੍ਹੀ ਜਾ ਰਹੀ ਹੈ ਕਿ: ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ 594 ਗੁਰੂ ਨੂੰ (ਦੇਹ ਮੰਨ ਕੇ) ਕੇਵਲ ਬਾਹਰੀ ਅੱਖਾਂ ਨਾਲ ਵੇਖਿਆਂ ਹੀ, ਵਿਕਾਰਾਂ (ਤੇ ਉਹਨਾਂ ਕਾਰਨ ਪੈਦਾ ਹੋਏ, ਦੁੱਖਾਂ) ਤੋਂ ਮੁਕਤੀ (ਨਵਿਰਤੀ) ਨਹੀ ਹੋ ਸਕਦੀ, ਹੳਮੈ ਦੀ ਮੈਲ ਦੂਰ ਨਹੀ ਹੋ ਸਕਦੀ, ਨਾਮ (ਹੁਕਮ) ਨਾਲ ਪਿਆਰ ਨਹੀ ਪੈ ਸਕਦਾ, ਜਦੋਂ ਤੱਕ ਸ਼ਬਦ ਗੁਰੂ ਨਾਲ ਸਾਂਝ ਨਹੀ ਪੈਂਦੀ। ਇਹਨਾਂ ਗਿਆਨ ਦੇ ਨੇਤ੍ਰਾਂ ਤੋਂ ਬਿਨਾ ਫਿਰ ਮਨੁੱਖ ਆਪ ਵੀ ਅੰਨ੍ਹਿਆਂ ਵਾਲੇ ਕੰਮ ਕਰਦਾ ਹੈ ਤੇ ਦੂਸਰਿਆਂ ਨੂੰ ਵੀ ਭਰਮ ਭੁਲੇਖਿਆਂ ਵਿੱਚ ਪਾਈ ਰੱਖਦਾ ਹੈ। ਅੰਨ੍ਹਾ, ਅੰਨ੍ਹੇ ਨੂੰ ਰਾਹ ਦੱਸੇਗਾ ਤਾਂ ਖੂਹ ਜਾਂ ਖੱਡੇ ਵਿੱਚ ਹੀ ਸੁਟੇਗਾ, ਭਟਕਣਾ ਵਿੱਚ ਜਾਂ ਕੁਰਾਹੇ ਹੀ ਪਾਏਗਾ ਤੇ ਇਹ ਕੰਮ ਮੌਜੂਦਾ ਧਰਮ ਦੇ ਗਿਆਨਹੀਣ ਆਗੂ, ਅਖੌਤੀ ਸਾਧ, ਸੰਤ, ਤੇ ਬਾਬੇ ਬੜੀ ਬਾਖੂਬੀ ਨਾਲ ਨਿਭਾ ਰਹੇ ਹਨ। ਮਸਾਲ ਦੇ ਤੌਰ ਤੇ, ਇੰਟਰਨੈੱਟ ਤੇ ਪੜ੍ਹਿਆ ਤੇ ਵੇਖਿਆ ਗਿਆ ਹੈ ਕਿ ਪਹਿਲਾਂ ਇਸਤ੍ਰੀ ਨੂੰ ਅਪਵਿੱਤ੍ਰ ਕਿਹਾ ਗਿਆ, ਫੇਰ ਉਸ ਦੇ ਮਾਹਵਾਰੀ ਕਰਮ ਨੂੰ ਅਪਵਿੱਤ੍ਰ ਆਖਿਆ ਗਿਆ। ਹੁਣ ਜਿਸ ਨੂੰ ਇਹ ਨਹੀ ਦਿਸ ਰਿਹਾ ਕਿ, ਪਹਿਲਾਂ ਇਸਤ੍ਰੀ ਨੂੰ ਅਪਵਿੱਤ੍ਰ ਕਹਿਣਾ ਉਸ ਤੋਂ ਪੈਦਾ ਹੋਈ ਸਮੂਹ ਮਨੁਖਤਾ (ਜਿਸ ਵਿੱਚ ਕਹਿਣ ਵਾਲਾ ਆਪ ਵੀ ਆ ਜਾਂਦਾ ਹੈ) ਨੂੰ ਹੀ ਅਪਵਿੱਤਰ ਬਣਾ ਦਿੰਦਾ ਹੈ ਤੇ ਦੂਜੇ ਉਸ ਦੇ ਕੁਦਰਤੀ ਮਾਹਵਾਰੀ ਕਰਮ ਨੂੰ ਅਪਵਿੱਤ੍ਰ ਕਹਿਣਾ ਕੁਦਰਤ ਦੇ ਕਾਦਰ ਨੂੰ ਅਪਵਿੱਤ੍ਰ ਕਹਿਣਾ ਹੈ, ਤਾਂ ਐਸੇ ਵਿਅਕਤੀ ਨੂੰ ਅੰਧਾ ਨਹੀ ਤਾਂ ਫੇਰ ਕੀ ਆਖਿਆ ਜਾਵੇ? ਜੋ ਮਨੁੱਖ ਆਪ ਹੀ ਗਿਆਨ ਤੋਂ ਸੱਖਣਾ ਹੈ, ਆਤਮਿਕ ਤੌਰ ਤੇ ਅੰਨ੍ਹਾ ਹੈ ਪਰ ਆਪਣੇ ਲੋਭ ਜਾਂ ਲੋਕ ਪਚਾਰੇ ਲਈ ਆਪਣੇ ਆਪ ਨੂੰ ਸੰਤ (ਗੁਰੂ) ਅਖਵਾਉਂਦਾ ਹੈ, ਉਹ ਕਿਸੇ ਹੋਰ ਨੂੰ ਜੀਵਨ ਦੇ ਸਹੀ ਰਾਹ ਕਿਵੇਂ ਪਾ ਸਕਦਾ ਹੈ? ਜੋ ਥੋੜੀ ਮਤ ਦੇ ਕਾਰਨ ਆਪ ਹੀ ਲੁਟਿਆ ਗਿਆ ਹੈ, ਭੁਲਿਆ ਫਿਰਦਾ ਹੈ, ਗਿਆਨ ਨੇਤ੍ਰਹੀਨ ਹੈ, ਉਹ ਸੱਚ ਦੇ ਮਾਰਗ ਦੀ ਪਛਾਣ ਕਿਵੇਂ ਕਰ ਸਕਦਾ ਹੈ?

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ 767 ਉਸ ਦੇ ਵੀਚਾਰ ਹੀ ਉਸ ਨੂੰ ਅੰਨ੍ਹਾ ਸਾਬਤ ਕਰ ਦਿੰਦੇ ਹਨ ਇਸ ਲਈ ਉਹ ਆਪ ਵੀ ਕੁਰਾਹੇ ਪਿਆ ਠੋਕਰਾਂ ਖਾਏਗਾ ਤੇ ਦੂਜਿਆਂ ਨੂੰ ਵੀ ਔਝੜ ਪਾਏਗਾ। ਐਸੇ ਮਨੁੱਖ ਲਈ ਹੀ ਗੁਰਬਾਣੀ ਫੁਰਮਾਨ ਹੈ: ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥ 140 ਅੰਨ੍ਹਿਆਂ ਮਗਰ ਕੇਵਲ ਅੰਨ੍ਹੇ ਹੀ ਲਗ ਸਕਦੇ ਹਨ ਸੁਜਾਖੇ ਨਹੀ। ਇਸ ਲਈ ਗਿਆਨ ਤੋਂ ਸੱਖਣੇ ਆਤਮਿਕ ਨੇਤ੍ਰਹੀਨ ਅਖੌਤੀ ਧਰਮ ਆਗੂਆਂ ਤੇ ਅਖੌਤੀ ਸਾਧ ਟੋਲਿਆਂ ਮਗਰ ਲੱਗਣ ਵਾਲਿਆਂ ਨੂੰ ਫਿਰ ਅੰਨ੍ਹੇ ਨਹੀ ਤਾਂ ਕੀ ਕਿਹਾ ਜਾਵੇ? ਗੁਰਗਿਆਨ ਨੇਤ੍ਰਾਂ ਵਾਲਾ ਸੁਜਾਖਾ ਤਾਂ ਅੰਨ੍ਹੇ ਮਗਰ ਨਹੀ ਲੱਗ ਸਕਦਾ। ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ 954 ਗੁਰੂ, ਗਿਆਨ ਨੇਤ੍ਰਾਂ ਦੀ ਪ੍ਰਾਪਤੀ ਦਾ ਰਾਹ ਦਸਦਾ ਹੈ: ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥ 551

ਗੁਰੂ ਦੀ ਰਜ਼ਾ (ਹੁਕਮ) ਵਿੱਚ ਚਲਿਆਂ ਹੀ ਗਿਆਨ ਦੀ ਰੌਸ਼ਨੀ ਪ੍ਰਾਪਤ ਹੋ ਸਕਦੀ ਹੈ। ਜਿਵੇਂ ਸੰਸਾਰੀ ਨੇਤ੍ਰਹੀਨ ਮਨੁੱਖ ਸਹਾਰੇ ਬਿਨਾ ਰਾਹ ਨਹੀ ਲੱਭ ਸਕਦਾ ਤਿਵੇਂ ਅਧਿਆਤਮਕ ਅੰਨ੍ਹਾ ਵੀ (ਗੁਰੂ ਦੇ) ਸਹਾਰੇ ਬਿਨਾ ਸੱਚ ਦਾ ਮਾਰਗ ਜਾਂ ਨਿਰਮਲ ਪੰਥ, (ਪ੍ਰਭੂ ਨਾਲ ਸਾਂਝ ਦਾ ਰਾਹ) ਨਹੀ ਲੱਭ ਸਕਦਾ। ਹੁਣ ਜੋ ਮਨੁੱਖ ਆਪ ਅੰਨ੍ਹਾ (ਅਗਿਆਨੀ) ਹੈ ਉਹ (ਗਿਆਨ ਵਾਲੇ) ਨੇਤ੍ਰਾਂ ਦੀ ਪਛਾਣ ਕਿਵੇਂ ਕਰੇ? ਇਸੇ ਉਲਝਣ ਤੋਂ ਹੀ ਤਾਂ ਅਨੇਕਾਂ ਅਖੌਤੀ ਪੀਰਾਂ, ਪੈਗੰਬਰਾਂ, ਸਾਧਾਂ, ਸੰਤਾਂ ਤੇ ਬਾਬਿਆਂ ਦੀ ਬੇਕਾਰ ਫਸਲ ਉੱਗ ਖੜੋਤੀ ਹੈ। ਸਦਾ ਸਿਰ ਝੁਕਦਾ ਹੈ ਬਾਬੇ ਨਾਨਕ ਅੱਗੇ ਜਿਸ ਨੇ ਅਨੇਕਾਂ ਕਠਨਾਈਆਂ ਨੂੰ ਝੱਲ ਕੇ ਮਨੁਖਤਾ ਦੀ ਝੋਲੀ ਵਿੱਚ ਗਿਆਨ ਦੇ ਨੇਤ੍ਰਾਂ ਦੀ ਦਾਤ ਪਾ ਦਿੱਤੀ। ਜੋ ਵੀ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਵੇਗਾ ਉਸ ਨੂੰ ਗਿਆਨ ਦੇ ਨੇਤ੍ਰਾਂ ਦੀ ਦਾਤ ਅਵੱਸ਼ ਪ੍ਰਾਪਤ ਹੋ ਜਾਵੇਗੀ। ਸ਼ਰਤ ਕੇਵਲ ਤੇ ਕੇਵਲ ਗੁਰੂ ਸ਼ਰਨ ਵਿੱਚ ਆਉਣ ਦੀ ਹੀ ਹੈ, ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈਣ ਦੀ ਹੀ ਹੈ, "ਸਿਰੁ ਦੀਜੈ ਕਾਣਿ ਨ ਕੀਜੈ "ਦੀ ਹੀ ਦੇਰ ਹੈ, ਉਸ ਨੂੰ ਅਸਲੀ ਤੇ ਨਕਲੀ, ਜਾਂ ਖਰੇ ਤੇ ਖੋਟੇ ਦੀ ਪਰਖ ਕਰਨੀ ਆ ਜਾਵੇਗੀ, ਅੰਨ੍ਹੇ ਤੇ ਸੁਜਾਖੇ ਦੀ ਸੂਝ ਹੋ ਜਾਵੇਗਾ, ਸੱਚ ਤੇ ਝੂਠ ਨੂੰ ਜਾਨਣ ਵਾਲੀ ਬਿਬੇਕ ਬੁੱਧ, ਦ੍ਰਿਸ਼ਟੀ ਮਿਲ ਜਾਵੇਗੀ। ਗੁਣ ਨਾਨਕੁ ਬੋਲੈ ਭਲੀ ਬਾਣਿ ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥ 1189 ਨਾਨਕ ਤਾਂ ਪ੍ਰਭੂ ਦੇ ਚਰਨਾਂ ਨਾਲ ਜੋੜਨ ਵਾਲੀ ਸਿਫਤ ਸਾਲਾਹ ਦੀ ਬਾਣੀ ਹੀ ਉਚਾਰਦਾ ਹੈ, ਜੋ ਪ੍ਰਭੂ ਦਾ ਦੀਦਾਰ ਕਰਨ ਵਾਲੀਆਂ ਆਤਮਿਕ ਅੱਖਾਂ ਦੇ ਕੇ ਸੁਜਾਖਾ ਬਣਾ ਦਿੰਦੀ ਹੈ। ਬੱਸ, ਥੋੜੀ ਜਿਹੀ ਹਿੰਮਤ ਕਰਨ ਦੀ ਹੀ ਲੋੜ ਹੈ, ਗੁਰੂ ਦੀ ਸ਼ਰਨ ਆਉਣ ਦੀ ਹੀ ਦੇਰ ਹੈ। ਗੁਰੂ ਦੀ ਸ਼ਰਨ ਆਉਣ ਤੋਂ ਭਾਵ ਗੁਰਬਾਣੀ ਨੂੰ ਅਰਥਾਂ ਸਮੇਤ ਆਪ ਪੜ੍ਹਨਾ, ਸੁਣਨਾ, ਬੁੱਝਣਾ (ਵੀਚਾਰਨਾ) ਤੇ ਫਿਰ ਜੀਵਨ ਵਿੱਚ ਅਮਲਾਉਣਾ ਹੈ। ਇਹ ਸੌਦਾ ਉਧਾਰ ਦਾ ਨਹੀ ਕਿ ਗੁਰੂ ਦੀ ਸ਼ਰਨ ਹੁਣ ਆਉ ਪਰ ਨੇਤ੍ਰ ਅਗਲੇ ਜਨਮ ਵਿੱਚ ਮਿਲਣਗੇ। ਵਿਕਾਰਾਂ ਦਾ ਹਨੇਰਾ ਤਾਂ ਹੁਣ ਇਸੇ ਵਰਤਮਾਨ ਜੀਵਨ ਵਿੱਚ ਹੈ ਇਸ ਕਰਕੇ ਅਧਿਆਤਮਕ ਨੇਤ੍ਰਾਂ ਦੀ ਲੋੜ ਵੀ ਹੁਣੇ ਇਸੇ ਵਰਤਮਾਨ ਜੀਵਨ ਵਿੱਚ ਹੀ ਹੈ, ਇਸੇ ਕਾਰਨ ਗੁਰੂ, ਸ਼ਰਨ ਆਏ ਨਾਲ ਇਹ ਖਰਾ ਤੇ ਨਕਦੀ ਸੌਦਾ ਹੀ ਕਰਦਾ ਹੈ, ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥ 406 ਜਿਸ ਹੱਥ ਕੋਈ ਕਰਮ ਕਰਦਾ ਹੈ ਓਸੇ ਹੱਥ ਉਸ ਦਾ ਫਲ ਪ੍ਰਾਪਤ ਹੋ ਜਾਂਦਾ ਹੈ, ਕਿਸੇ ਦੂਸਰੇ ਦਾ ਉਸ ਵਿੱਚ ਕੋਈ ਦਖਲ ਨਹੀ ਹੋ ਸਕਦਾ। ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਜਾਂ ਗੁਰਮਤ ਤੇ ਚਲਣਾ ਹੀ ਤੀਜੇ ਨੇਤ੍ਰਾਂ ਦੀ ਪ੍ਰਾਪਤੀ ਹੈ।

ਪਰ ਮਨੁਖੀ ਸੋਚ ਇਸ ਲਾਹੇਵੰਦ ਨਕਦੀ ਸੌਦੇ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੈ ਕਿਉਂਕਿ ਮਨੁੱਖ ਲੋਭ, ਮੋਹ ਤੇ ਹੰਕਾਰ ਵਸ ਹੋਇਆ ਦੁਨਿਆਵੀ ਪਦਾਰਥਾਂ ਜਾਂ ਰਸਾਂ ਦੀ ਲਪੇਟ ਵਿੱਚ ਆਇਆ ਉਹਨਾਂ ਦੀ ਪਕੜ ਤਾਂ ਕਰ ਲੈਂਦਾ ਹੈ ਪਰ ਉਹਨਾਂ ਤੋਂ ਛੁਟਕਾਰਾ ਨਹੀ ਪਾ ਸਕਦਾ ਭਾਵੇਂ ਇਹ ਪਦਾਰਥ ਜਾਂ ਰਸ ਉਸ ਲਈ ਆਤਮਘਾਤੀ ਹੀ ਕਿਉਂ ਨਾ ਹੋਣ। ਮਨੁੱਖ ਦੀ ਇਹ ਪਕੜ ਤ੍ਰਿਸ਼ਨਾ ਬਣ ਕੇ ਉਸ ਨੂੰ ਅੰਨ੍ਹਾਂ ਕਰ ਦਿੰਦੀ ਹੈ ਜਿਸ ਕਾਰਨ ਫਿਰ ਇਸ ਵਿਕਾਰੀ ਹਨੇਰੇ ਵਿਚੋਂ ਨਿਕਲਨਾ ਅਤਿ ਕਠਨ ਹੋ ਜਾਂਦਾ ਹੈ। ਸ਼ਰਾਬੀ ਸ਼ਰਾਬ ਦਾ ਮੋਹ ਛੱਡਣ ਨੂੰ ਤਿਆਰ ਨਹੀ, ਧਨਵਾਨ ਧਨ ਦੀ ਪਕੜ ਤਿਆਗਣ ਨੂੰ ਤਿਆਰ ਨਹੀ, ਸਤਾਧਾਰੀ ਸਤਾ (ਵਾਲੀ ਕੁਰਸੀ) ਛੱਡਣ ਨੂੰ ਤਿਆਰ ਨਹੀ, ਅਖੌਤੀ ਧਰਮੀ, ਧਰਮ ਦੇ ਨਿਰਰਥਕ ਕਰਮ ਕਾਂਡ ਤੇ ਆਪਣੀ ਪ੍ਰਤਿਸ਼ਟਾ (ਹੰਕਾਰ) ਛੱਡਣ ਨੂੰ ਤਿਆਰ ਨਹੀ … … ਆਦਿਕ …. . ਇਥੇ ਪਦਾਰਥ ਜਾਂ ਰਸ ਬੁਰੇ ਨਹੀ ਪਰ ਇਹਨਾਂ ਵਿਕਾਰਾਂ ਦੀ ਪਕੜ ਨੇ ਹੀ ਅੰਨ੍ਹਾ ਤੇ ਬੋਲਾ ਕਰ ਛਡਿਆ ਹੈ ਤੇ ਇਹ ਕਿਸੇ ਦੀ ਵੀ ਗਲ ਸੁਣਨ ਨੂੰ ਤਿਆਰ ਨਹੀ ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ 313 ਵਿਕਾਰਾਂ ਦੇ ਘੁੱਪ ਹਨੇਰੇ ਵਿੱਚ ਅੰਨ੍ਹਾ ਹੋਇਆ ਮਨੁੱਖ ਹੁਣ ਇਸ ਹਨੇਰੇ (ਧਾਰਮਕ ਰੀਤਾਂ, ਰਸਮਾਂ, ਕਰਮ ਕਾਡਾਂ ਤੇ ਬਾਹਰੀ ਦਿੱਖ) ਨੂੰ ਹੀ ਚਾਨਣ ਮੁਨਾਰਾ (ਨਿਰਮਲ ਪੰਥ) ਮੰਨ ਬੈਠਾ ਹੈ ਇਸ ਲਈ, ਨਾ ਇਹ (ਗਿਆਨ ਦੀ ਅੱਖ, ਗੁਰਮਤ, ਬਾਰੇ) ਕੁੱਝ ਸੁਣਨਾ ਚਹੁੰਦਾ ਹੈ, ਨਾ ਹੀ ਬੁੱਝਣਾ ਚਹੁੰਦਾ ਹੈ, ਤੇ ਨਾ ਹੀ ਉਸ ਦੀ ਪ੍ਰਾਪਤੀ ਦਾ ਚਾਹਵਾਨ ਹੈ ਕਿਉਂਕਿ ਇਸ ਨੂੰ ਭਰਮ ਹੋ ਗਿਆ ਹੈ ਕਿ ਅਖੌਤੀ ਧਾਰਮਕ ਰੀਤਾਂ ਰਸਮਾਂ ਤੇ ਕਰਮ ਕਾਂਡ ਕਰਨੇ ਤੇ ਬਾਹਰੀ ਧਾਰਮਿਕ ਵਿਖਾਵਾ ਹੀ ਅਸਲੀ ਧਰਮ ਹੈ। ਗੁਰੂ ਤਾਂ ਸੂਚਤ ਕਰਦਾ ਹੈ ਕਿ: ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 162, … …. ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥ 229, … …. ਬਹੁ ਕਰਮ ਕਮਾਵੈ ਦੁਖੁ ਸਬਾਇਆ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥ 423 ,.......... ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ ਸੋ ਬੰਧਨੁ ਪੈਰੇ ॥ 1075 … … … … ….

ਅਗਰ ਗੁਰੂ ਦੇ ਬਾਰ ਬਾਰ ਸਮਝਾਉਣ ਤੇ ਵੀ ਮਨੁੱਖ ਅੰਨ੍ਹਿਆਂ ਵਾਲੇ ਕੰਮ ਹੀ ਕਰੀ ਜਾਵੇ ਤਾਂ ਉਸ ਨੂੰ ਅੰਨ੍ਹਾ ਨਹੀ ਤਾਂ ਕੀ ਆਖਿਆ ਜਾ ਸਕਦਾ ਹੈ? ਮਾਇਆ ਮੋਹਿ ਹਰਿ ਚੇਤੈ ਨਾਹੀ ॥ ਜਮਪੁਰਿ ਬਧਾ ਦੁਖ ਸਹਾਹੀ ॥ ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥ 111 ਵਿਕਾਰਾਂ ਦੇ ਹਨੇਰੇ ਵਿੱਚ ਹਰੀ ਵਿਸਰ ਗਿਆ ਹੈ ਤੇ ਹੁਣ ਅੰਨ੍ਹੇ, ਬੋਲੇ ਤੇ ਅਕਲਹੀਣ ਮਨੁੱਖ ਨੂੰ ਕੁੱਝ ਵੀ ਨਜ਼ਰ ਨਹੀ ਆਉਂਦਾ ਤੇ ਪਾਪਾਂ ਵਾਲੇ ਦੁਖੀ ਜੀਵਨ ਵਿੱਚ ਹੀ ਉਲਝਿਆ ਰਹਿੰਦਾ ਹੈ। ਗੁਰੂ ਸਾਵਧਾਨ ਕਰਦਾ ਹੈ: ਅੰਧੌ ਬੋਲੌ ਮੁਗਧੁ ਗਵਾਰੁ ॥ ਹੀਣੌ ਨੀਚੁ ਬੁਰੌ ਬੁਰਿਆਰੁ ॥ 1330 ਵਿਕਾਰਾਂ ਵਿੱਚ ਅੰਨ੍ਹਾ ਹੋਇਆ ਮਨੁੱਖ ਮੂਰਖ ਤੇ ਗਵਾਰ ਮੰਦਿਆਂ ਤੋਂ ਵੀ ਮੰਦਾ ਬਣ ਜਾਂਦਾ ਹੈ ਪਰ ਇਹ ਗੁਰੂ ਦਾ ਬਿਰਧ ਹੈ ਕਿ ਉਹ ਆਪਣੀ ਸ਼ਰਨ ਆਏ ਨੂੰ ਕੰਠ ਲਾ ਕੇ ਗਿਆਨ ਨੇਤ੍ਰਾਂ ਦੀ ਬਖਸ਼ਿਸ਼ ਕਰਦਾ ਹੈ।

ਸਕੂਲਾਂ, ਕੌਲਿਜਾਂ ਜਾਂ ਯੂਨੀਵਰਸਟੀਆਂ ਵਿੱਚ ਹਾਸਲ ਕੀਤੀ ਵਿਦਿਆ ਨੂੰ ਜੇਕਰ ਅਮਲੀ ਜਾਮਾ ਨਾ ਦਿੱਤਾ ਜਾਵੇ ਤਾਂ ਉਸ ਵਿਦਿਆ ਦਾ ਕੋਈ ਲਾਭ ਨਹੀ ਹੁੰਦਾ ਇਸੇ ਤਰਾਂ ਜੇ ਧਰਮ ਗ੍ਰੰਥ ਨੂੰ ਪੜ੍ਹ ਕੇ ਜੀਵਨ ਵਿੱਚ ਅਮਲੀ ਜਾਮਾ ਨਹੀ ਦਿੱਤਾ ਤਾਂ ਉਸ ਨੂੰ ਪੜ੍ਹੇ ਦਾ ਕੋਈ ਲਾਭ ਨਹੀ ਭਾਵੇਂ ਉਸ ਦੇ ਲੱਖਾਂ ਅਖੌਤੀ ਅਖੰਡ ਪਾਠ, ਸੰਪਟ ਪਾਠ, ਮੋਨ ਪਾਠ, ਭੂੰਡ ਪਾਠ, ਜਪੁਜੀ ਪਾਠ, ਸੁਖਮਣੀ ਪਾਠ … ਇਤ ਆਦਿਕ. . ਕੀਤੇ ਜਾਣ ਕਿਉਂਕਿ ਗੁਰਬਾਣੀ ਕੋਈ ਜਾਦੂ, ਟੂਣੇ ਦਾ ਮੰਤ੍ਰ ਨਹੀ ਜਿਸ ਦੇ ਉਚਾਰਨ ਨਾਲ ਗਿਆਨ ਨੇਤ੍ਰਾਂ ਦੀ ਪ੍ਰਾਪਤੀ ਹੋ ਜਾਵੇਗੀ। ਪਰ ਉਹਨਾਂ ਧਰਮ ਦੇ ਅੰਨ੍ਹੇ ਤੇ ਬੋਲੇ ਆਗੂਆਂ ਨੂੰ ਕੀ ਕਿਹਾ ਜਾਵੇ ਜਿਨ੍ਹਾਂ ਨੇ ਗੁਰਬਾਣੀ ਦੇ ਵੱਖ ਵੱਖ ਪਾਠਾਂ ਦੀਆਂ ਲੜੀਆਂ ਦੀ ਰੀਤ ਚਲਾ ਕੇ ਗੁਰਬਾਣੀ ਨੂੰ ਕੇਵਲ ਪੜ੍ਹਨ ਤੇ ਹੀ ਨਿਰਭਰ ਕਰਕੇ ਇੱਕ ਵਾਪਾਰੀ ਕਿੱਤਾ ਬਣਾ ਲਿਆ ਹੋਵੇ? ਗੁਰਬਾਣੀ ਨੂੰ ਬੱਧੇ ਰੁੱਝੇ ਕੇਵਲ ਪੜਨ ਨਾਲ ਕੁੱਛ ਨਹੀ ਸੌਰ ਸਕਦਾ ਤੇ ਨਾ ਕੋਈ ਲਾਭ ਹੈ ਅਤੇ ਇਹ ਖੂਨ ਪਸੀਨੇ ਨਾਲ ਕਮਾਏ ਧਨ ਦਾ ਹੀ ਉਜਾੜਾ ਹੈ ਪਰ ਫੇਰ ਵੀ ਇਹਨਾਂ ਅਖੌਤੀ ਪਾਠਾਂ ਦੀਆਂ ਰੀਤਾਂ ਦੇ ਅੰਧੇਪਣ ਨੂੰ ਛੱਡਣ ਲਈ ਕੋਈ ਤਿਆਰ ਨਹੀ ਭਾਵੇਂ ਪੜੀ ਜਾ ਰਹੀ ਬਾਣੀ ਹੀ ਇਸ ਨੂੰ ਨਕਾਰਦੀ ਹੈ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥ 747 … …. ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥ ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ 66 ਮਾਇਆ ਦਾ ਕੈਸਾ ਹਨੇਰਾ ਹੈ ਕਿ ਮਨੁੱਖ ਹੱਥ ਵਿੱਚ ਉਜਾਰੋ ਦੀਪਾ (ਸਤਿਗੁਰ ਸਬਦਿ ਉਜਾਰੋ ਦੀਪਾ ॥ 821) ਪਕੜ ਕੇ (ਮੋਹ ਮਾਇਆ ਦੇ) ਖੁਹ ਵਿੱਚ ਡਿਗਦਾ ਫਿਰਦਾ ਹੈ "ਹਾਥ ਦੀਪ ਕੂਏ ਪਰੈ"। ਫਿਰ ਇਸ ਅੰਨ੍ਹੇ ਕਾਰੇ ਕਰਨ ਵਾਲੇ ਨੂੰ ਅੰਨ੍ਹਾ ਨਹੀ ਤਾਂ ਕੀ ਅਖਿਆ ਜਾ ਸਕਦਾ ਹੈ? ਇਸ ਬਾਰੇ ਗੁਰਬਾਣੀ ਦਾ ਹੀ ਕਥਨ ਹੈ ਕਿ: ਅੰਨ੍ਹ੍ਹੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥ ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥ 1249 ਅੰਨ੍ਹਿਆਂ ਨੂੰ ਮੋਤੀ (ਗੁਰ ਸ਼ਬਦ) ਮਿਲ ਗਿਆ ਤੇ ਉਹ ਹੁਣ ਇਸ ਨੂੰ ਘਰ ਘਰ (ਗੁਰ ਦੁਆਰਿਆਂ ਵਿੱਚ ਮੁਲ ਦੇ ਪਾਠ ਕਰਕੇ) ਵੇਚਦੇ ਫਿਰਦੇ ਹਨ। ਅਗੋਂ ਲੈਣ ਵਾਲੇ (ਪਾਠ ਕਰਾਉਣ ਵਾਲੇ) ਵੀ ਅੰਨ੍ਹੇ ਹਨ ਤੇ ਉਹਨਾਂ ਨੂੰ ਮੋਤੀ (ਗੁਰ ਸ਼ਬਦ) ਦੀ ਕਦਰ ਕੀਮਤ ਦਾ ਕੋਈ ਪਤਾ ਨਹੀ, ਕੋਈ ਪਰਖ ਨਹੀ, ਇਸ ਲਈ ਦੋਵੇਂ ਹੀ ਉਸ ਦੀ ਅਸਲੀ ਕਦਰ ਕੀਮਤ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਚੋਖਾ ਖਰਚਾ ਕਰਕੇ ਵੀ ਕਉਡੀ ਪੱਲੇ ਨਹੀ ਪੈਂਦੀ। ਇਸ ਨੂੰ ਫਿਰ ਅੰਨ੍ਹਾਪਣ ਨਹੀ ਤਾਂ ਕੀ ਆਖਿਆ ਜਾਵੇ?

ਖਾਣ ਵਾਲੇ ਪਦਾਰਥਾਂ ਦਾ ਥਾਲ ਪਰੋਸ ਕੇ ਸ਼ਬਦ ਗੁਰੂ ਅਗੇ ਰੱਖ ਕੇ "ਹੁਣਿ ਲਾਵਹੁ ਭੋਗੁ ਹਰਿ ਰਾਏ" ਦੀ ਅਰਦਾਸ ਕੀਤੀ ਜਾਂਦੀ ਹੈ ਜਿਸ ਦਾ ਭਾਵ ਭੇਟਾ ਕੀਤੇ ਪਕਵਾਨਾਂ ਨੂੰ ਛਕਣ ਲਈ ਹੁੰਦਾ ਹੈ। ਅਗਿਆਨਤਾ ਦਾ ਕੈਸਾ ਹਨੇਰਾ ਹੈ ਕਿ ਮਨੁੱਖ ਨੂੰ ਨਜ਼ਰ ਨਹੀ ਆ ਰਿਹਾ ਕਿ ਖਾਣ ਵਾਲੇ ਪਕਵਾਨਾਂ ਦੀ ਲੋੜ ਕੇਵਲ ਜ਼ਿੰਦਾ ਸਰੀਰਾਂ ਦੀ ਹੈ ਨਿਰਜਿੰਦ ਗ੍ਰੰਥ ਦੀ ਨਹੀ। ਗੁਰਸ਼ਬਦ ਦਾ ਭਾਵ ਪਕਵਾਨਾਂ ਦੀ ਪ੍ਰਵਾਨਗੀ ਲਈ ਨਹੀ ਹੈ: ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥ 1266 ਭਾਵ: ਜਿਵੇਂ ਇੱਕ ਇਸਤ੍ਰੀ ਕਈ ਪਰਕਾਰ ਦੇ ਭੋਜਨ ਤਿਆਰ ਕਰਕੇ ਆਪਣੇ ਪਤੀ ਅਗੇ ਪ੍ਰਵਾਨਗੀ ਲਈ ਪਰੋਸਦੀ ਹੈ, ਤਿਵੇਂ ਮੈ ਆਪਣੇ ਹਿਰਦੇ ਨੂੰ, ਤੇਰੀ ਪਰਵਾਨਗੀ ਲਈ, ਤਿਆਰ ਕਰਕੇ ਪਰੋਸਿਆ ਹੈ। ਕਿਰਪਾ ਕਰਕੇ ਇਸ ਨੂੰ ਪ੍ਰਵਾਨ ਕਰੋ। ਇਥੇ ਕਿਸੇ ਬਾਹਰਲੇ ਪਕਵਾਨ ਨੂੰ ਛਕਣ ਛਕਾਣ ਦੀ ਗਲ ਨਹੀ ਪਰ ਅਖੌਤੀ ਧਰਮ ਦੇ ਅੰਨ੍ਹੇ ਤੇ ਬੋਲੇ ਆਗੂ ਅੰਨ੍ਹੀ ਸ਼ਰਧਾ ਦਾ ਘੱਟਾ ਲੋਕਾਂ ਦੀਆਂ ਅੱਖਾਂ ਵਿੱਚ ਪਾ ਕੇ ਉਹਨਾਂ ਨੂੰ ਵੀ ਅੰਨ੍ਹਾ ਕਰੀ ਜਾਂਦੇ ਹਨ। ਗੁਰਬਾਣੀ ਦਾ ਕਥਨ ਹੈ: ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ 143 ਇਹੋ ਜੇਹੇ ਅੰਨ੍ਹਿਆਂ ਨੂੰ ਭਾਵੇਂ ਪੰਜਾਹ ਦੀਵਿਆਂ ਦੇ ਚਾਨਣ ਵਿੱਚ ਰਖਿਆ ਜਾਵੇ, ਉਹਨਾਂ ਨੂੰ ਫਿਰ ਭੀ ਕੁੱਝ ਨਹੀ ਦਿਸ ਸਕਦਾ ਜਿਵੇਂ ਪਸੂਆਂ ਅੱਗੇ ਭਾਵੇਂ ਸੋਨਾ ਵੀ ਖਿਲਾਰ ਦੇਈਏ, ਪਰ ਸੋਨੇ ਦੀ ਕਦਰ ਜਾਨੇ ਬਿਨਾ, ਉਹਨਾਂ ਨੇ ਘਾਹ ਹੀ ਚੁਗਣਾ ਹੈ। ਇਸੇ ਤਰਾਂ ਗਿਆਨ ਦੇ ਨੇਤ੍ਰਾਂ ਬਿਨਾ ਗੁਰੂ ਨੂੰ ਵੇਖਿਆ (ਉਸ ਦੀ ਕਦਰ ਨੂੰ ਜਾਣਿਆ) ਨਹੀ ਜਾ ਸਕਦਾ।

ਸ਼ਰਧਾਲੂ ਗੁਰੂ ਗਰੰਥ ਨੂੰ ਮੱਥਾ ਤਾਂ ਟੇਕਦਾ ਹੈ, ਜਿਸ ਦਾ ਮਤਲਬ ਉਸ ਦੀ ਸਿਖਿਆ ਨੂੰ ਮੰਨਣਾਂ ਹੁੰਦਾ ਹੈ, ਪਰ ਜੇ ਉਸ ਦੀ ਸਿਖਿਆ ਤੋਂ ਹੀ ਅਨਜਾਣ (ਅੰਨ੍ਹਾ) ਹੈ ਤਾਂ ਫਿਰ "ਸੀਸ ਨਿਵਾਇਐ ਕਿਆ ਥੀਐ"। ਗੁਰਉਪਦੇਸ਼ ਹੈ: ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ 878 ਗੁਰਬਾਣੀ ਤੇ ਚੱਲਣਾ ਹੀ ਗੁਰੂ ਨੂੰ ਨਮਸਤਕ ਹੋਣਾ ਹੈ।

ਗੁਰਬਾਣੀ ਦੇ ਉਹਨਾਂ ਸ਼ਬਦਾਂ ਨਾਲ ਹੀ ਆਰਤੀ ਦੀ ਰਸਮ ਕੀਤੀ ਜਾਂਦੀ ਹੈ ਜੋ ਸ਼ਬਦ ਇਸ ਰਸਮ ਨੂੰ ਨਕਾਰਦੇ ਹਨ। ਕੀ ਇਹ ਅੰਧਾਪਣ ਨਹੀ? ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥ 229

ਗੁਰਬਾਣੀ ਨੂੰ ਪੜ੍ਹਿਆ ਤੇ ਗਾਇਆ ਤਾਂ ਬਹੁਤ ਜਾਂਦਾ ਹੈ ਪਰ ਇਹ ਕੇਵਲ ਕੰਨ ਰਸ ਤੱਕ ਹੀ ਮਹਿਫੂਜ਼ ਹੈ। ਅਗਰ ਇਸ ਨੂੰ ਵੀਚਾਰਿਆ ਜਾਂਦਾ ਤਾਂ ਇਹ ਧਰਮ ਦਾ ਇੱਕ ਵਾਪਾਰੀ ਕਿੱਤਾ ਬਣ ਕੇ ਹੀ ਨਾ ਰਹਿ ਜਾਂਦੀ। ਮਨ ਕਾ ਅੰਧਾ ਅੰਧੁ ਕਮਾਵੈ ॥ ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥ 832

ਗੁਰਬਾਣੀ ਨਿੱਜੀ ਆਪਾ ਸਵਾਰਨ ਲਈ ਹੈ ਪਰ (ਗੁਸਤਾਖੀ ਮੁਆਫ) ਇਸ ਨੂੰ ਵਾਪਾਰੀ ਕਰਮ ਕਾਂਡ ਬਣਾ ਕੇ ਦੂਸਰਿਆਂ ਨੂੰ ਸਵਾਰਨ ਤੇ ਲੋੜਾਂ ਪੂਰੀਆਂ ਕਰਨ ਲਈ ਵੇਚਿਆ ਜਾ ਰਿਹਾ ਹੈ। ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥ 738

ਗੁਰਬਾਣੀ ਵਿਸ਼ਵ ਦੇ ਭਲੇ ਲਈ ਹੈ ਪਰ ਇਸ ਨੂੰ ਛੋਟੇ ਜਿਹੇ ਧੜੇ ਦੀਆਂ ਰਹੁ ਰੀਤਾਂ ਦੀ ਵਾੜ ਨਾਲ ਘੇਰਨਾ ਗੁਰੂ ਨਾਲ ਧੋਖਾ ਤਾਂ ਨਹੀ? ਕੀ ਗੁਰੂ ਵੀ ਕਦੇ ਪੱਖ-ਪਾਤੀ ਹੋ ਸਕਦਾ ਹੈ?

ਅਖੌਤੀ ਤੇ ਪ੍ਰਚਲਤ ਧਰਮ ਦੀਆਂ ਰਸਮਾਂ ਤੇ ਕਰਮ ਕਾਂਡਾਂ ਦੀ ਸੂਚੀ ਤਾਂ ਕਾਫੀ ਲੰਬੀ ਹੈ ਪਰ ਇੱਕ ਪ੍ਰਚਲਤ ਕਹਾਵਤ ਹੈ ਕਿ "ਅਕਲ ਮੰਦ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ"। ਅਗਰ ਮਨ ਵਿੱਚ ਸੁਜਾਖੇ ਹੋਣ ਦੀ ਜਾਂ ਗਿਆਨ ਦੇ ਨੇਤ੍ਰਾਂ ਦੀ ਉਮੰਗ ਜਾਗੇ, ਗੁਰੂ ਦੇ ਦਿਦਾਰਿਆਂ ਦੀ ਸਿੱਕ ਜਾਗੇ ਤਾਂ ਉਸ ਦਾ ਇਕੋ ਇੱਕ ਰਾਹ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਬਾਝੁ ਗੁਰੂ ਹੈ ਅੰਧ ਗੁਬਾਰਾ ॥ ਅਗਿਆਨੀ ਅੰਧਾ ਅੰਧੁ ਅੰਧਾਰਾ ॥ 116

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.