.

“ਵਾਕੰਸ਼” Subordinate clause

ਗੁਰਬਾਣੀ ਵਿੱਚ ਦਰਸ਼ਣ ਕਰਨ 'ਤੇ ਉਹ ਸ਼ਬਦ ਨਜ਼ਰੀਂ ਪੈਂਦੇ ਹਨ ਜੋ ਦੋ ਸ਼ਬਦਾਂ ਦੇ ਮੇਲ ਤੋਂ ਵਾਕੰਸ਼ ਬਣੇ ਹੁੰਦੇ ਹਨ। ਇਸ ਵਿੱਚ ਦੋ ਸ਼ਬਦ ਵਾਕੰਸ਼-ਅਧੀਨ ਹੁੰਦੇ ਹਨ, ਜਿੰਨਾਂ ਵਿੱਚ ਵਾਕ ਦਾ ਮੁੱਖ ਕਾਰਣ ਦਿੱਤਾ ਹੁੰਦਾ ਹੈ। ਇਹਨਾਂ ਵਾਕੰਸ਼-ਅਧੀਨ ਸ਼ਬਦ ਜੋਟੇ ਵਿੱਚ ਦੋ ਸ਼ਬਦ ਹੁੰਦੇ ਹਨ ;ਇੱਕ ਨਾਂਵ -ਵਾਚੀ ਸ਼ਬਦ, ਦੂਜਾ ਕਿਰਿਆ- ਵਾਚੀ ਸ਼ਬਦ। ਵਾਕੰਸ਼-ਅਧੀਨ ਸ਼ਬਦਾਂ ਵਿੱਚ ਕੁੱਝ ਦੱਸਿਆ ਜਾਂਦਾ ਹੈ ਜਿਸ ਦਾ ਭਾਵ ਵਾਕੰਸ਼ ਵਿੱਚ ਹੀ ਦਰਸਾਇਆ ਹੁੰਦਾ ਹੈ, ਇਸ ਕਰਕੇ ਜੋਟੇ ਰੂਪ 'ਚ ਆਏ ਸ਼ਬਦਾਂ ਦੇ ਨਾਂਵ-ਵਾਚੀ ਸ਼ਬਦ ਦੇ ਅੰਤ 'ਸਿਹਾਰੀ' ਅਤੇ ਕਿਰਿਆ-ਵਾਚੀ ਸ਼ਬਦ ਦੇ ਅੰਤ 'ਦੋਲਾਵਾਂ' ਹੁੰਦੀਆਂ ਹਨ। ਐਸੇ ਸ਼ਬਦਾਂ ਦੀ ਬਣਤਰ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਉਕਤ ਸ਼ਬਦ ਕਿਰਿਆ-ਫਲ ਕਿਰਦੰਤ ਦੇ ਨੇੜੇ-ਤੇੜੇ ਜਾਪਦੇ ਹਨ, ਪਰ ਇਹਨਾਂ ਵਾਕੰਸ਼ਾਂ ਵਿੱਚ ਆਏ ਸ਼ਬਦ 'ਨਾਵ' ਅਤੇ 'ਵਿਸ਼ੇਸ਼ਣੀ' ਸ਼ਬਦ ਵਾਕ ਵਿੱਚ ਪ੍ਰਭਾਵਿਤ ਹੁੰਦੇ ਹਨ,'ਕਾਰਨ' ਅਤੇ 'ਕਾਰਜ਼' ਦਾ ਵਾਕ ਵਿੱਚ ਮੁੱਖ ਉਦੇਸ਼ ਹੋਣ ਕਾਰਣ ਐਸੇ ਸ਼ਬਦਾਂ ਨੂੰ ਅਜੋਕੀ ਭਾਸ਼ਾਈ ਵਿਆਕਰਣਾਂ ਵਿੱਚ 'ਕਾਰਨ ਕਾਰਜ ਕਿਰਦੰਤ' ਆਖਿਆ ਜਾਂਦਾ ਹੈ; ਇਸ ਕਰਕੇ'ਕਿਰਿਆ ਫਲ-ਕਿਰਦੰਤ' ਨਾਲੋਂ ਉਕਤ ਨਾਮ ਵਰਤਣਾ ਵਧੇਰੇ ਠੀਕ ਜਾਪਦਾ ਹੈ:
"ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥ (ਪੰ:/੩੨)
"ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥ (ਪੰ:/੫੬੦)
"ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥ (ਪੰ:/੫੫੯)
"ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥੨॥ (ਪੰ:/੩੩)
"ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥ (ਪੰ:/੩੩)
"ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥੩॥ (ਪੰ:/੫੫੮)
"ਨਾਨਕ ਸਤਗੁਰਿ ਮਿਲਿਐ ਫਲੁ ਪਾਇਆ ਨਾਮੁ ਵਡਾਈ ਦੇਇ ॥੪॥੨॥ (ਪੰ:/੫੫੮)

ਉਪਰੋਕਤ ਵਾਕੰਸ਼ ਅਧੀਨ ਸ਼ਬਦ ਗੁਰਬਾਣੀ ਵਿੱਚ ੭ ਕੂ ਵਾਰ ਆਏ ਹਨ।ਨਾਂਵ ਸ਼ਬਦ ਦੇ ਅੰਤ 'ਕਰਣ ਕਾਰਕ' ਦੀ ਲਖਾਇਕ ਸਿਹਾਰੀ ਹੈ ਅਤੇ 'ਕਿਰਿਆਵੀ' ਸ਼ਬਦ ਦੇ ਅੰਤ ਦੋਲਾਵਾਂ।ਇਹਨਾਂ ਜੋਟੇ ਰੂਪ 'ਚ ਸ਼ਬਦਾਂ ਦਾ ਅਰਥ ਬਣੇਗਾ, 'ਸਤਿਗੁਰ ਮਿਲਣ ਸਦਕਾ, ਜੇ ਸਤਿਗੁਰੂ ਮਿਲ ਪਏ'।
"ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ (ਪੰ:/੫੨੨)
"ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥ (ਪੰ:/੪੭੦)
"ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥ (ਪੰ:/੩੬੮)

ਸਤਿਗੁਰਿ ਭੇਟਿਐ -{ਕਾਰਨ ਕਾਰਜ ਕਿਰਦੰਤ} ਸਤਿਗੁਰੂ ਦੇ ਮਿਲਣ ਨਾਲ,ਸਤਿਗੁਰੂ ਦੇ ਮਿਲ ਪੈਣ ਸਦਕਾ।
ਸੀਸਿ ਨਿਵਾਇਐ - {ਕਾਰਨ ਕਾਰਜ ਕਿਰਦੰਤ} ਸਿਰ ਨਿਵਾਏ ਜਾਣ ਨਾਲ।
ਲੋਕਿ ਪਤੀਣੈ - {ਕਾਰਨ ਕਾਰਜ ਕਿਰਦੰਤ} ਲੋਕਾਂ ਦੇ ਪਤੀਜਣ ਨਾਲ,ਜੇ ਲੋਕ ਪਤੀਜ ਜਾਏ।
ਉਕਤ ਵਾਕੰਸ਼ੀ ਸ਼ਬਦਾਂ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਅਤੇ 'ਸ਼ਬਦਾਰਥ' ਨੇ 'ਕਰਮਨੀ ਵਾਚ' ਵਿੱਚ ਕੀਤੇ ਹਨ। ਇਹਨਾਂ ਵਿਲੱਖਣ ਕਿਸਮ ਦੇ ਕਿਰਦੰਤਾਂ ਦੇ ਅਰਥ 'ਕਰਮਨੀ ਵਾਚ' ਵਿੱਚ ਹੀ ਕਰਨੇ ਦਰੁਸੱਤ ਜਾਪਦੇ ਹਨ।
ਗੁਰਬਾਣੀ ਵਿੱਚ ਆਏ ਇਸ ਤਰ੍ਹਾਂ ਦੇ ਹੋਰ ਵਾਕੰਸ਼ ਸਾਂਝੇ ਕੀਤੇ ਜਾਂਦੇ ਹਨ :
"ਗੁਰਿ ਡੀਠੈ -ਗੁਰੂ ਦੇਖਣ ਨਾਲ।
ਮਨਿ ਜੀਤੈ - ਮਨ ਜਿੱਤਿਆਂ,ਮਨ ਨੂੰ ਜਿੱਤਣ ਨਾਲ।
ਨਾਮਿ ਸਲਾਹਿਐ - ਨਾਮ ਨੂੰ ਸਲਾਹਣ ਨਾਲ।
ਸਾਜਨਿ ਮਿਲਿਐ - ਸੱਜਨ ਦੇ ਮਿਲਿਆਂ।
ਧਾਨਿ ਖਾਧੈ - ਧਾਨ ਖਾਣ ਨਾਲ।
ਮੁਖਿ ਜੋਰਿਐ - ਮੁੱਖ ਦੇ ਜੋੜਿਆਂ।
ਮੂੰਡਿ ਮੁਡਾਇਐ - ਸਿਰ ਮੁਨਾਣ ਨਾਲ।
ਸਾਸਿ ਗਇਐ - ਸਾਹ ਦੇ ਨਿਕਲਿਆਂ।
ਦਰਸਨਿ ਪਰਸਿਐ - ਦਰਸ਼ਨ ਕਰਨ ਨਾਲ।
ਸਚਿ ਕਮਾਣੈ - ਸੱਚ ਕਮਾਉਣ ਨਾਲ।
ਵਾਕੰਸ਼ ਵਿੱਚ ਕੇਵਲ ਨਾਂਵ ਵਾਚੀ ਸ਼ਬਦ ਨੂੰ ਹੀ ਸਿਹਾਰੀ ਹੋਵੇਗੀ, ਜੇਕਰ ਨਾਂਵ ਦੀ ਥਾਂ 'ਪੜਨਾਂਵ' ਵਾਚੀ ਸ਼ਬਦ ਆ ਜਾਏ ਤਾਂ ਅੰਤ ਔਂਕੜ ਆਵੇਗੀ,ਜਿਵੇਂ :
"ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥ (ਪੰ:/੧੫)
"ਜਿਤੁ ਮਿਲਿਐ ਨਾਮੁ ਵਖਾਣੀਐ ॥ (ਪੰ:/੭੨)

ਜਿਤੁ ਸੇਵਿਐ - ਜਿਸ ਦੀ ਸੇਵਾ ਕੀਤਿਆਂ।
ਜਿਤੁ ਮਿਲਿਐ -ਜਿਸ ਦੇ ਮਿਲਿਆ।
ਕਰਣ ਕਾਰਕ ਬਨਾਉਣ ਲਈ ਉਕਤ ਸ਼ਬਦਾਂ ਦਾ ਰੂਪ 'ਜਿਸੁ' ਤੋਂ 'ਜਿਤੁ' ਕੀਤਾ ਹੈ।
ਸੋ ਉਪਰੋਕਤ ਸਾਰੀ ਵੀਚਾਰ ਸਾਂਝੀ ਕਰਨ ਤੋਂ ਭਾਵ ਹੈ ਕਿ ਵਾਕੰਸ਼ ਸ਼ਬਦਾਂ ਨੂੰ 'ਕਾਰਨ ਕਾਰਜ ਕਿਰਦੰਤ' ਆਖਿਆ ਜਾਣਾ ਚਾਹੀਦਾ ਹੈ ਅਤੇ ਵਾਕੰਸ਼ੀ ਸ਼ਬਦਾਂ ਦੇ ਅਰਥ ਕਰਮਨੀ ਵਾਚ ਕਿਰਿਆ ਅਧੀਨ ਕਰਨੇ ਚਾਹੀਦੇ ਹਨ। ਕਿਰਿਆਵੀ ਸ਼ਬਦ ਦੇ ਅੰਤ 'ਦੋਲਾਵਾਂ' 'ਤੇ ਬਿੰਦੀ ਦਾ ਪ੍ਰਯੋਗ ਕਰਨਾ ਦਰੁੱਸਤ ਨਹੀਂ।
ਭੁੱਲ-ਚੁੱਕ ਦੀ ਖਿਮਾਂ
ਹਰਜਿੰਦਰ ਸਿੰਘ 'ਘੜਸਾਣਾ'
Khalsasingh.hs@gmail.com
.