.

ਦੂਧੁ ਕਟੋਰੈ ਗਡਵੈ ਪਾਨੀ॥

ਕਪਲ ਗਾਇ ਨਾਮੈ ਦੁਹਿ ਆਨੀ॥

(ਅਰਥ ਨਿਖਾਰ) (ਭਾਗ ਦੂਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਬੇਨਤੀ-ਚਲਦੇ ਵਿਸ਼ੇ ਦਾ ਪੂਰਾ ਲਾਭ ਲੈਣ ਲਈ ਇਸਦੀ ਪਹਿਲੀ ਕਿਸ਼ਤ ਵੀ ਜ਼ਰੂਰ ਪੜ੍ਹੋ ਜੀ)

ਸ਼ਬਦ `ਚ ਰੂਪਕ ਅਲੰਕਾਰ- ਰਾਗ ਪ੍ਰਭਾਤੀ, ਮ: ੧ ਪੰ: 1329 ਦੇ ਇੱਕ ਸ਼ਬਦ `ਚ ਗੁਰੂ ਨਾਨਕ ਪਾਤਸ਼ਾਹ ਨੇ ਵੀ ਮਿਲਦੇ-ਜੁਲਦੇ ਪ੍ਰਕਰਣ `ਚ ਬਹੁਤਾ ਕਰਕੇ ਉਹੀ ਸ਼ਬਦਾਵਲੀ ਵਰਤੀ ਹੈ ਜਿਹੜੀ ਕਿ ਨਾਮਦੇਵ ਜੀ ਦੇ ਵਿਚਾਰ ਅਧੀਨ ਸ਼ਬਦ `ਚ ਵਰਤੀ ਹੈ, ਜਿਵੇਂ:-

“ਕਰਤਾ ਤੂ ਮੇਰਾ ਜਜਮਾਨੁ॥ ਇੱਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ॥ ੧॥ ਰਹਾਉ॥ ……॥ ੨॥ ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥ ਦੂਧੁ ਕਰਮੁ ਸੰਤੋਖੁ ਘੀਉ ……॥ ੩॥ ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ॥ ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ॥ ੪॥ ੭॥”

ਪ੍ਰਕਰਣ ਅਨੁਸਾਰ ਦੋਵਾਂ ਸ਼ਬਦਾਂ ਵਿਚਲੇ ਰੂਪਕ ਅਲੰਕਾਰਾਂ ‘ਦੁਧੁ’ ‘ਗਊ ਲਵੇਰੀ’ ਸ਼ਬਦਾਵਲੀ ਵੱਖ ਵੱਖ ਕਰਕੇ ਧਿਆਨ ਦੇਣ ਯੋਗ ਹੈ, ਸਮਝ ਆਉਂਦੇ ਦੇਰ ਨਹੀਂ ਲਗਦੀ।

ਅਰਥ:- ਹੁਣ ਭਗਤ ਜੀ ਦੇ ਵਿਚਾਰ-ਅਧੀਨ ਸ਼ਬਦ “ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ” ਦੇ ਕ੍ਰਮ ਵਾਰ ਅਰਥਾਂ ਵੱਲ ਵੱਧਦੇ ਹੋਏ:-

“ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ ਮੇਰੋ ਮਨੁ ਪਤੀਆਇ॥ ਨਾਹੀ ਤ ਘਰ ਕੋ ਬਾਪੁ ਰਿਸਾਇ”॥ ੧॥ ਰਹਾਉ॥ ਰਹਾਉ ਦਾ ਬੰਦ ਕਿਸੇ ਵੀ ਸ਼ਬਦ ਦਾ ਕੇਂਦ੍ਰੀ ਭਾਵ ਹੋਇਆ ਕਰਦਾ ਹੈ, ਭਗਤ ਜੀ ਨੇ ਇਥੇ ਪ੍ਰਭੂ ਪਿਆਰ `ਚ ਰੰਗੇ ਹੋਏ ਆਪਣੇ ਮਨ ਦੀ ਅਵਸਥਾ ਨੂੰ ਬਿਆਣ ਕਰਣ ਲਈ, ਪ੍ਰਭੂ ਦੇ ਅੰਮ੍ਰਿਤ ਨਾਮ ਅਥਵਾ ਸਿਫਿਤ ਸਲਾਹ ਨੂੰ ਦੁਧ ਦੇ ਪ੍ਰਤੀਕ ਨਾਲ ਬਿਆਣਿਆ ਹੈ ਤੇ ਆਪਣੇ ਮਨੁੱਖਾ ਸਰੀਰ ਨੂੰ ਪ੍ਰਭੂ ਦੇ ਉਸ ਨਾਮ ਅੰਮ੍ਰਿਤ ਨਾਲ ਭਰਿਆ ਹੋਇਆ ਕਟੋਰਾ। ਇਸ ਤਰ੍ਹਾ ਉਨ੍ਹਾਂ ਨੇ ਇਥੇ ਪ੍ਰਭੂ ਦੇ ਨਾਮ ਅੰਮ੍ਰਿਤ ਨਾਲ ਭਰੇ ਹੋਏ ਆਪਣੇ ਸਰੀਰ ਨੂੰ ਪ੍ਰਭੂ ਚਰਨਾਂ `ਚ ਅਰਪਣ ਕਰਣ ਦੀ ਗੱਲ ਕਹੀ ਹੈ। ਜੋਦੜੀਆਂ ਕਰਦੇ ਹਨ “ਹੇ ਘਟ ਘਟ ਦੀ ਜਾਨਣ ਵਾਲੇ ਪ੍ਰਭੂ! ਮੈਨੂੰ ਆਪਣਾ ਰੂਪ ਬਣਾ ਕੇ ਮੇਰਾ ਮਨੁੱਖਾ ਜਨਮ ਸਫਲ ਕਰ ਦੇਵੋ ਜਿਸ ਨਾਲ ਮੇਰਾ ਮਨ ਧੀਰਜ `ਚ ਆ ਜਾਵੇ; ਨਹੀਂ ਤਾਂ ਮੇਰੀ ਆਤਮਾ (ਘਰ ਕੋ ਬਾਪੁ) ਦੁਖੀ ਹੋਵੇਗੀ॥ ੧॥ ਰਹਾਉ॥

“ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ” - (ਹੇ ਪ੍ਰਭੂ)! ਮਨ ਰੂਪੀ ਕਟੋਰਾ ਨਾਮ ਅੰਮ੍ਰਿਤ ਨਾਲ ਭਰਪੂਰ ਹੈ ਅਤੇ ਸਰੀਰ ਰੂਪੀ ਗਡਵੈ `ਚ ਉੱਦਮ ਵਾਲਾ ਪਾਣੀ ਪਿਆ ਹੋਇਆ ਹੈ। ਹੇ ਪਭੂ! ਇਸ ਨਾਮਦੇਵ ਨੇ ਇਹ ਦੁੱਧ ਰੂਪੀ ਤੁਹਾਡਾ ਅੰਮ੍ਰਿਤ ਨਾਮ, ਆਪ ਦੀ ਸਿਫਤ ਸਲਾਹ ਰੂਪੀ ਕਪਲ ਗਊ ਨੂੰ ਚੋ ਕੇ ਲਿਆਂਦਾ ਹੈ ਭਾਵ ਮੈਂ ਇਸ ਨੂੰ ਸੰਸਾਰਕ ਮਾਇਆ ਮੋਹ ਤੇ ਵਿਸ਼ੇ-ਵਿਕਾਰਾਂ ਦੇ ਥਪੇੜਾਂ ਤੋਂ ਬਚਾਅ ਕੇ ਲਿਆਂਦਾ ਹੈ॥ ੧॥

“ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ” -ਹੇ ਪ੍ਰਭੂ ਜੀ! ਨਾਮ ਦੇਵ ਦਾ ਮਨ (ਜੋ ਪਹਿਲਾਂ ਕਟੋਰਾ ਭਾਵ ਵਿਕਾਰਾਂ, ਮਾਇਕ ਤ੍ਰਿਸ਼ਨਾਂ ਆਦਿ ਤੇ ਭਿੰਨ-ਭਿੰਨ ਇਸ਼ਟਾਂ ਦੀਆਂ ਪੂਜਾਵਾਂ ਕਾਰਨ ਖਿੰਡਿਆ ਪਿਆ ਸੀ। ਉਹ ਹੁਣ ਕਟੋਰੇ ਤੋਂ ਜਿਵੇ ਸੋਨੇ ਦੀ (ਛੋਟੀ ਜਿਹੀ) ਕਟੋਰੀ `ਚ ਬਦਲ ਚੁੱਕਾ ਹੈ।

ਭਾਵ ਉਹ ਹੁਣ ਕੇਵਲ ਪ੍ਰਭੂ ਦੇ ਪਿਆਰ ਵਾਲੇ ਰੰਗ `ਚ ਹੀ ਰੰਙਿਆ ਪਿਆ ਹੈ। ਹੁਣ ਇਹ ਸ+ਇਨ ਕਟੋਰੀ ਮਤਲਬ ਬਿਨਾ ਖੋਟ ਹੈ ਤੇ ਨਾਮ ਅੰਮ੍ਰਿਤ ਨਾਲ ਭਰਿਆ ਪਿਆ ਹੈ। ਇਸ ਲਈ ਨਾਮਦੇਵ ਨੇ ਤਾਂ ਹੁਣ ਪ੍ਰਭੂ ਦੇ ਨਾਮ-ਅਮ੍ਰਿਤ ਨਾਲ ਸੁਅਛ ਤੇ ਨਿਰਮਲ ਹੋ ਚੁੱਕਾ ਆਪਣਾ ਇਹ ਮਨ, ਪੂਰੀ ਤਰ੍ਹਾਂ ਪ੍ਰਭੂ ਦੇ ਚਰਣਾ `ਚ ਅਰਪਣ ਕਰ ਦਿੱਤਾ ਹੈ। ੨।

“ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ” -ਨਾਮਦੇਵ ਹੁਣ ਵੱਡੇ ਯਕੀਨ ਨਾਲ ਕਹਿ ਸਕਦਾ ਹੈ ਕਿ ਨਾਮਦੇਵ ਦੇ ਹਿਰਦੇ `ਚ ਹੁਣ ਕਿਸੇ ਹੋਰ ਦਾ ਨਹੀਂ, ਕੇਵਲ ਤੇ ਕੇਵਲ ਇਕੋ ਇੱਕ ਪ੍ਰਭੂ ਦਾ ਹੀ ਵਾਸਾ ਹੈ। ਇਸ ਤਰ੍ਹਾਂ ਆਪਣੇ ਹਿਰਦੇ ਘਰ `ਚ ਸਾਖਿਆਤ ਪ੍ਰਗਟ ਹੋ ਚੁੱਕੇ ਪ੍ਰਭੂ ਪਤੀ ਬਾਰੇ ਦ੍ਰਿੜ ਵਿਸ਼ਵਾਸ ਨਾਲ ਨਾਮਦੇਵ ਕਹਿੰਦਾ ਹੈ ਕਿ ਨਾਮਦੇਵ ਦੀ ਪ੍ਰਭੂ ਤੋਂ ਆਪਾ ਵਾਰਣ ਵਾਲੀ ਮਨ ਦੀ ਇਸ ਅਵਸਥਾ ਨੂੰ ਦੇਖ ਕੇ ਪ੍ਰਭੂ ਜੀ ਵੀ ਬਹੁਤ ਪ੍ਰਸੰਨ ਹੋਏ। ੩।

“ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ” -ਇਸ ਤਰ੍ਹਾਂ ਨਾਮਦੇਵ ਪ੍ਰਭੂ ਨੂੰ ਸਿਫਿਤ ਸਲਾਹ ਰੂਪੀ ਦੁੱਧ ਪਿਆਉਣ `ਚ ਸਫਲ ਹੋ ਜਾਂਦਾ ਹੈ ਅਤੇ ਜੀਂਦੇ ਜੀਅ ਪ੍ਰਭੂ `ਚ ਹੌ ਅਭੇਦ ਹੋ ਜਾਂਦਾ ਹੈ (ਨਾਮੇ ਹਰਿ ਕਾ ਦਰਸਨੁ ਭਇਆ-ਭਾਵ ਨਾਮਦੇਵ ਨੂੰ ਅੰਤ-ਆਤਮੇ ਪ੍ਰਭੂ ਨਾਲ ਮਿਲਾਪ ਤੇ ਵਾਰਤਾਲਾਪ ਵੀ ਕਰ ਲੈਂਦੇ ਹਨ)॥ ੪॥

ਸ਼ਬਦ ਦਾ ਸਮੂਚਾ ਭਾਵ- ਭਗਤ ਜੀ ਨੇ ਸ਼ਬਦ `ਚ ਰੂਪਕ ਅਲੰਕਾਰ ਤੇ ਪ੍ਰਤੀਕ ਵਰਤੇ ਹਨ। ਭਗਤ ਜੀ ਨੇ ਸ਼ਬਦ `ਚ ਪੱਥਰ ਤੇ ਮੂਰਤੀ ਪੂਜਾ ਆਦਿ ਕਰਮ ਨੂੰ ਨਿਹਫਲ ਕਰਮ ਦੱਸਦੇ ਹੋਏ ਪੱਥਰ ਪੂਜ ਨੂੰ ਉਸੇ ਦੀ ਬੋਲੀ `ਚ ਸਦਾ ਥਿਰ ਇਕੋ-ਇਕ ਪ੍ਰਭੂ `ਚ ਅਭੇਦ ਹੋਣ ਅਤੇ ਉਸ ਦੇ ਚਰਨਾਂ `ਚ ਆਪਣਾ ਆਪ ਨਿਛਾਵਰ ਕਰਣ ਦੀ ਗੱਲ ਸਮਝਾਈ ਹੈ। ਸਪਸ਼ਟ ਹੈ ਉਹ ਇਸ ਲਈ ਤਾ ਕਿ ਉਹ ਵੀ ਆਪਣੇ ਇਸ ਦੁਰਲਭ ਮਨੁੱਖਾ ਜਨਮ ਨੂੰ ਸਫ਼ਲਾ ਕਰ ਸਕੇ।

ਪੱਥਰ ਦਾ ਪੁਜਾਰੀ ਆਖ਼ਿਰ ਕਰਦਾ ਕੀ ਹੈ? - ਠਾਕੁਰਾਂ-ਮੂਰਤੀਆਂ ਦੀ ਪੂਜਾ ਸਮੇਂ ਮੂਰਤੀਆਂ ਨੂੰ ਭੋਗ ਲਗਵਾਉਣ ਲਈ ਸੁੱਚੇ ਦੁੱਧ ਦੀ ਤੇ ਠਾਕੁਰਾਂ ਦੇ ਇਸ਼ਨਾਨ ਲਈ ਸੁੱਚੇ ਪਾਣੀ ਦੀ ਲੋੜ ਹੁੰਦੀ ਹੇ। ਇਸ ਤਰ੍ਹਾਂ ਸੁੱਚੇ ਦੁਧ ਲਈ ਜੇ ਬਹੁਤ ਕਰੇ ਤਾਂ ਵੀ ਉਹ ਆਪ ਦੁੱਧ ਚੋ ਕੇ ਲਿਆਵੇਗਾ। ਦੁੱਧ ਚੋਣ ਲਈ ਪਹਿਲਾਂ ਉਹ ਕਿਸੇ ਗਡਵੇ ਆਦਿ `ਚ ਪਾਣੀ ਲੈਂਦਾ ਤੇ ਗਊ-ਮੱਝ ਦੇ ਥਨਾਂ ਨੂੰ ਧੋਂਦਾ ਹੈ। ਫ਼ਿਰ ਪਸ਼ੂ ਦੇ ਥਨਾਂ ਨੂੰ ਉਸ ਦੇ ਬਛੜੇ ਦੇ ਮੂੰਹ `ਚ ਪਾਂਦਾ ਹੈ ਤਾ ਕਿ ਪਸ਼ੂ ਆਪਣੇ ਬਛੜੇ ਲਈ ਦੁਧ ਦੇ ਦੇਵੇ, ਉਪ੍ਰੰਤ ਉਹ ਪਸ਼ੂ ਦਾ ਦੁੱਧ ਚੋ ਕੇ ਲੈ ਆਉਂਦਾ ਹੈ।

ਇਸ ਤਰ੍ਹਾਂ ਕਟੋਰੇ ਆਦਿ `ਚ ਲਿਆਂਦੇ ‘ਸੁੱਚੇ’ ਦੁਧ ਨੂੰ ਪੂਜਾ ਵਾਲੀ ਛੋਟੀ ਜਿਹੀ ਕਟੋਰੀ `ਚ ਪਾ ਕੇ ਠਾਕੁਰਾਂ-ਮੂਰਤੀਆਂ ਨੂੰ ਭੋਗ ਲੁਆਉਣ ਦੀ ਤਸੱਲੀ ਕਰ ਲੈਂਦਾ ਹੈ। ਹਾਲਾਂਕਿ ਉਸਨੂੰ ਪਤਾ ਹੁੰਦਾ ਹੈ ਕਿ ਨਾ ਤਾਂ ਪੱਥਰ ਨੇ ਦੁੱਧ ਪੀਤਾ ਹੈ ਤੇ ਨਾ ਉਹ ਪੀ ਸਕਦਾ ਹੈ। ਇਹ ਤਾਂ ਉਸ ਨੇ ਕੇਵਲ ਇੱਕ ਰੀਤ ਪੂਰੀ ਕੀਤੀ ਹੁੰਦੀ ਹੈ। ਬਲਕਿ ਸੂਝਵਾਨ ਨੂੰ ਤਾਂ ਉਸਦੀ ਕਰਣੀ `ਚੋਂ, ਕਰਤੇ ਬਾਰੇ ਅਗਿਆਨਤਾ ਵੀ ਨਜ਼ਰ ਆਉਂਦੀ ਹੈ। ਫਿਰ ਵੀ ਲੰਮੇ ਸਮੇਂ ਤੋਂ ਅਜਿਹੇ ਕਰਮ ਹੁੰਦੇ ਆ ਰਹੇ ਹਨ।

ਸ਼ਬਦ ਸੰਬੰਧੀ ਗੁਰਮੱਤ ਵਿਸ਼ਲੇਸ਼ਨ:- ਸ਼ਬਦ ਰਾਹੀਂ ਭਗਤ ਜੀ, ਪੱਥਰ ਪੂਜਾ ਵਾਲੇ ਕਰਮਾਂ `ਚ ਫਸੇ ਮਨੁੱਖ ਨੂੰ ਕਹਿੰਦੇ ਹਨ, “ਐ ਮੇਰੇ ਭੁੱਲੜ ਵੀਰ! ਜਿਸ ਠਾਕੁਰ ਨੂੰ ਤੂੰ ਰੱਬ ਮੰਨਦਾ ਤੇ ਸਮਝਦਾ ਹੈਂ, ਅਸਲ `ਚ ਤੈਨੂੰ ਰੱਬ ਦੀ ਸਮਝ ਹੀ ਨਹੀਂ ਆਈ। ਪ੍ਰਭੂ ਤਾਂ ਘਟ-ਘਟ ਦੀ ਜਾਨਣ ਵਾਲਾ (ਗੋਬਿੰਦ) ਤੇ ਸਰਬ ਵਿਆਪਕ ਹੈ। ਇੰਨਾਂ ਹੀ ਨਹੀਂ, ਤੂੰ ਭੋਗ ਲੁਆਉਣ ਦੀ ਕੇਵਲ ਇੱਕ ਰੀਤ ਪੂਰੀ ਕਰ ਕੇ ਹੀ ਸਮਝ ਲੈਂਦਾ ਹੈਂ ਕਿ ਠਾਕੁਰ ਨੇ ਭੋਗ ਲਗਾ ਲਿਆ ਤੇ ਇਹੀ ਤੇਰੇ ਤੋਂ ਬਾਰ ਬਾਰ ਵੱਡੀ ਭੁੱਲ ਵੀ ਹੁੰਦੀ ਹੈ।

ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਕਰਤੇ ਦੀ ਸਿਫਤ ਸਲਾਹ ਰਾਹੀਂ ਤੂੰ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਵੀ ਕਰ ਸਕਦਾ ਹੈਂ। ਇਸ ਦੇ ਲਈ ਤੂੰ ਆਪਣੇ ਸਰੀਰ ਰੂਪ ਗੱਡਵੇ `ਚ ਉੱਦਮ ਰੂਪ ਪਾਨੀ ਭਰ। ਠੀਕ ਉਸੇ ਤਰ੍ਹਾਂ, ਜਿਵੇਂ ਉਥੇ ਗਡਵਾ ਤੇ ਉਸ `ਚ ਲਿਆਂਦਾ ਹੋਇਆ ਪਾਣੀ ਕੇਵਲ ਵੱਕਤੀ ਲੋੜ ਹੁੰਦਾ ਹੈ; ਉਸੇ ਤਰ੍ਹਾਂ ਅਨੇਕਾਂ ਜੂਨਾਂ ਭੋਗਣ ਬਾਅਦ ਤੇਰਾ ਇਹ ਮਨੁੱਖਾ ਸਰੀਰ ਵੀ ਪ੍ਰਭੂ ਮਿਲਾਪ ਲਈ ਕੇਵਲ ਇੱਕ ਨਿਵੇਕਲਾ ਵੱਕਤੀ ਅਤੇ ਸਾਧਨ ਮਾਤ੍ਰ ਹੀ ਹੈ।

ਜਿਵੇਂ ਪੱਥਰ ਪੂਜਾ ਸਮੇਂ ਤੂੰ ਪਹਿਲਾਂ ਗਊ ਦੇ ਥਨਾਂ ਨੂੰ ਧੋਣ ਦਾ ਉੱਦਮ ਕਰਦਾ ਹੈਂ। ਉਸੇ ਤਰ੍ਹਾਂ ਉੱਦਮ ਕਰ ਤੇੰ ਇਸ ਮਨੁੱਖਾ ਸਰੀਰ ਅੰਦਰ ਤੂੰ ਨਾਮ ਅੰਮ੍ਰਿਤ ਨੂੰ ਸਿੰਝ। ਇਸ ਤਰ੍ਹਾਂ ਤੇਰਾ ਇਹ ਮਨੁੱਖਾ ਸਰੀਰ ਵੀ, ਇਲਾਹੀ ਗੁਣਾਂ ਕਾਰਣ, ਸਾਰੇ ਮਨੁੱਖਾਂ `ਚੋਂ ਉੱਤਮ ਤੇ ਸਤਿਕਾਜੋਗ ਹੋ ਜਾਵੇਗਾ, ਠੀਕ ਉਸੇ ਤਰ੍ਹਾਂ, ਜਿਵੇਂ ਸਮੂਹ ਗਊਆਂ `ਚੋਂ ਲਵੇਰੀ ਗਾਂ।

ਜੀਵਨ ਦੇ ਸੱਚ ਵਾਲੇ ਮਾਰਗ `ਤੇ ਚੱਲ ਕੇ ਤੂੰ ਆਪਣੇ ਆਪ ਨੂੰ ਮੋਹ-ਮਾਇਆ ਦੇ ਥਪੇੜਾਂ ਤੋਂ ਬਚਾਉਣ `ਚ ਸਫ਼ਲ ਹੋ ਜਾਵੇਂਗਾ। ਤੈਨੂੰ ਕਰਮਕਾਂਡਾਂ ਤੇ ਭਿੰਨ ੰਿਭੰਨ ਪੂਜਾਵਾਂ ‘ਤੋਂ ਵੀ ਛੁੱਟਕਾਰਾ ਮਿਲ ਜਾਵੇਗਾ। ਤੇਰਾ ਮਨ ਜਿਹੜਾ ਵਿਕਾਰਾਂ ਵੱਲ ਤੇ ਸੰਸਾਰਕ ਮੋਹ ਮਾਇਆ ਦੇ ਪਸਾਰੇ `ਚ ਫੈਲਿਆ, ਤੇਰੇ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਕਰਣ ਦਾ ਕਾਰਣ ਬਣਿਆ ਹੋਇਆ ਹੈ। ਇਹ ਪ੍ਰਭੂ ਦੇ ਰੰਗ `ਚ ਰੰਗਿਆ ਜਾ ਕੇ, ਇਕੋ ਇੱਕ ਸਦਾ ਥਿਰ ਪ੍ਰਭੂ `ਤੇ ਇਸ ਤਰ੍ਹਾਂ ਕੇਂਦ੍ਰਿਤ ਹੋ ਜਾਵੇਗਾ ਜਿਵੇਂ ਭਰੇ ਹੋਏ ਗਡਵੇ ਬਦਲੇ ਠਾਕੁਰ ਨੂੰ ਭੋਗ ਲੁਆਉਣ ਸਮੇਂ ਛੋਟੀ ਜਿਹੀ ਕਟੋਰੀ ਤੇ ਉਹ ਵੀ ਖਰੇ ਸੋਨੇ ਦੀ।

ਇਸ ਤਰ੍ਹਾਂ ਤੂੰ ਬਿਨਾ ਖੋਟ ਸੋਨੇ ਦੀ ਕਟੋਰੀ ਵਾਂਙ ਨਾਮ ਅਮ੍ਰਿਤ ਤੋਂ ਤਿਆਰ ਬਿਨਾ ਖੋਟ ਨਿਰਮਲ ਮਨ ਰਾਹੀਂ ਸਹੀ ਅਰਥਾਂ `ਚ ਪ੍ਰਭੂ ਠਾਕੁਰ ਨੂੰ ਭੋਗ ਲੁਆਉਣ `ਚ ਸਫ਼ਲ ਹੋ ਜਾਵੇਂਗਾ ਭਾਵ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਵੇਂਗਾ। ਕੇਵਲ ਇਹੀ ਇੱਕ ਤਰੀਕਾ ਹੈ ਜਿਸ ਨਾਲ ਤੂੰ ਪ੍ਰਾਪਤ ਮਨੁੱਖਾ ਜਨਮ `ਚ ਸਹਿਜੇ ਹੀ ਅਕਾਲਪੁਰਖ ਨਾਲ ਇੱਕ ਮਿੱਕ ਹੋ ਸਕਦਾ ਹੈਂ ਬਲਕਿ ਇਸ ਨਾਲ ਤੈਨੂੰ ਰੋਜ਼-ਰੋਜ਼ ਦੇ ਭੋਗ ਲੁਆਉਣ ਵਾਲੀ ਇਸ ਨਿਸ਼ਫਲ ਕਰਣੀ ਤੋਂ ਵੀ ਛੁੱਟਕਾਰਾ ਮਿਲ ਜਾਵੇਗਾ।

ਸਿੱਟਾ ਇਹ, ਅਸਾਂ ਮਨੁੱਖਾ ਸਰੀਰ ਰੂਪੀ ਗਡਵੇ ਨੂੰ ਉੱਦਮ ਦੇ ਪਾਣੀ ਨਾਲ ਸੁਅਛ ਕਰਕੇ, ਇਸ `ਚ ਵੱਸ ਰਹੇ ਮਨ ਨੂੰ ਨਾਮ ਅੰਮ੍ਰਿਤ ਰੂਪ ਦੁੱਧ ਨਾਲ ਭਰਪੂਰ ਕਰਣਾ ਹੈ। ਇਸ ਤਰ੍ਹਾਂ ਇਸਦੀ ਪਹਿਲੀ ਖਿੰਡੀ ਹੋਈ ਬਿਰਤੀ ਖਰੇ ਸੋਨੇ ਦੀ ਕਟੋਰੀ ਨਿਆਈਂ ਕੇਂਦ੍ਰਿਤ ਹੋ ਜਾਵੇਗੀ ਤੇ ਸਾਡੇ ਜੀਵਨ ਨੂੰ ਪ੍ਰਭੂ ਦੀ ਰਜ਼ਾ `ਚ ਜੀਉਣਾ ਆ ਜਾਏਗਾ। ਇਹੀ ਹੈ ਦੁੱਧ ਨੂੰ ਕਟੋਰੇ `ਚੋਂ, ਸੋਨੇ ਦੀ ਕਟੋਰੀ `ਚ ਭਰ ਕੇ, ਪਤੀ ਪ੍ਰਮਾਤਮਾ ਦੇ ਅਰਪਣ ਕਰਣਾ ਤੇ ਪ੍ਰਭੂ ਨਾਲ ਅੰਤਰ ਆਤਮੇ ਦਰਸ਼ਨ ਕਰਣੇ।

ਵਿਸ਼ੇ ਸੰਬੰਧੀ ਕੁੱਝ ਹੋਰ- ਚੇਤੇ ਰਹੇ! ਸੋਨਾ ਇੱਕ ਅਜਿਹੀ ਧਾਤ ਹੈ ਜਿਸਨੂੰ ਉੱਦਮ ਰਾਹੀ ਤੇ ਕਦੋਂ ਵੀੇ ਖੋਟ ਰਹਿਤ ਕੀਤਾ ਜਾ ਸਕਦਾ ਹੈ। ਫ਼ਿਰ ਉਸ ਅੰਦਰ ਰਤੀ ਭਰ ਵੀ ਖੋਟ ਨਹੀਂ ਰਹਿੰਦੀ। ਇਸੇ ਵਾਸਤੇ ਇਥੇ ਪ੍ਰਭੂ ਰੰਗ `ਚ ਰੰਗੇ ਜਾ ਚੁੱਕੇ ਮਨ ਲਈ ਵੀ ਸੋਨੇ ਦੀ ਕਟੋਰੀ ਵਾਲਾ ਅਲੰਕਾਰ ਹੀ ਵਰਤਿਆ ਹੈ। ਸੱਚ ਵੀ ਇਹੀ ਹੈ ਕਿ ਮਨੁੱਖ ਚਾਹੇ ਕਿੰਨਾ ਵੀ ਗੁਣਾਹਗਾਰ ਤੇ ਵਿਕਾਰੀ ਬਿਰਤੀ ਦਾ ਕਿਉਂ ਨਾ ਹੋਵੇ ਪਰ ਉਸ ਨੂੰ ਹਾਂਕਦਾ ਹੈ ਤਾਂ ਉਸ ਅੰਦਰਲਾ ਮਨ ਹੀ।

ਇਹ ਵੀ, ਜਿਵੇਂ ਮੂਰਤੀ ਤੇ ਪੱਥਰ ਦਾ ਪੁਜਾਰੀ ਦੁੱਧ ਨੂੰ ਲਿਆਂਉਦਾ ਹੈ ਕਿਸੇ ਕਟੋਰੇ ਆਦਿ `ਚ, ਪਰ ਭੋਗ ਲੁਆਉਣ ਸਮੇਂ ਠਾਕੁਰ ਅਗੇ ਉਸ ਨੂੰ ਛੋਟੀ ਜਹੀ ਕਟੋਰੀ `ਚ ਅਰਪਣ ਕਰਦਾ ਹੈ। ਠੀਕ ਉਸੇ ਤਰ੍ਹਾਂ ਪ੍ਰਭੂ ਪਿਆਰ `ਚ ਰੰਗਿਆ ਜਾ ਚੁੱਕਾ ਮਨੁੱਖੀ ਮਨ, ਕਟੋਰੇ ਤੋਂ ਕਟੋਰੀ, ਭਾਵ ਜਦੋਂ ਪ੍ਰਭੂ ਦੇ ਨਾਮ ਰੰਗ `ਤੇ ਕੇਂਦ੍ਰਿਤ ਹੋ ਜਾਂਦਾ ਹੈ ਤਾ ਇਹ ਵੀ ਇਧਰ ਓੁਧਰ ਭਟਕਣ ਤੋਂ ਰੁੱਕ ਜਾਂਦਾ ਹੈ।

ਦੂਜਾ, ਮਨੁੱਖ ਦਾ ਸਰੀਰ ਭਾਵੇਂ ਕਿਤਨਾ ਵੱਡਾ ਹੋਵੇ ਪਰ ਇਸਨੂੰ ਨਚਾਉਂਦਾ ਹੈ ਇਸ ਅੰਦਰ ਇਸਦੇ ਸੰਸਕਾਰਾਂ ਦਾ ਸਮੂਹ, ਇਸਦਾ ਸੂਖਮ ਮਨ। ਜੇ ਇਸ ਦਾ ਇਹ ਮਨ, ਪ੍ਰਭੂ ਦੀ ਨਿਰਮਲ ਜੋਤ `ਚ ਸਮਾਅ ਜਾਵੇ ਤਾਂ ਇਸਦੀ ਵਿਕਾਰਾਂ, ਤ੍ਰਿਸ਼ਨਾ ਵਾਲੀ ਭੁੱਖ ਵੀ ਸਦਾ ਲਈ ਨਾਸ ਹੋ ਜਾਂਦੀ ਹੈ ਅਤੇ ਇਹ ਟਿਕਾਅ `ਚ ਆ ਜਾਂਦਾ ਹੈ। ਫ਼ਿਰ ਇਸ ਸਰੀਰ ਅੰਦਰ ਕਰਮ ਕਾਂਡ, ਪੱਥਰ-ਮੂਰਤੀ ਪੂਜਾ ਆਦਿ ਜਾਂ ਕੋਈ ਵੀ ਅਜਿਹੀ ਸੰਸਾਰਕ ਦੌੜ ਰਹਿੰਦੀ ਹੀ ਨਹੀਂ। ਇਹੀ ਕਾਰਣ ਹੈ ਕਿ “ਸ+ਇਨ ਕਟੋਰੀ ਅੰਮ੍ਰਿਤ ਭਰੀ” ਭਾਵ ਗੁਰਬਾਣੀ `ਚ ਨਾਮ ਅੰਮ੍ਰਿਤ ਨਾਲ ਪਵਿਤ੍ਰ ਹੋ ਚੁੱਕੇ ਮਨ ਲਈ ‘ਸੋਨਾ’ ‘ਕੁੰਦਨ’ ਪ੍ਰਤੀਕ ਵੀ ਕੇਵਲ ਇਥੇ ਹੀ ਨਹੀਂ ਆਇਆ ਬਲਕਿ ਬਹੁਤ ਵਾਰੀ ਆਇਆ ਹੈ।

ਦਰਅਸਲ ਭਗਤ ਜੀ ਨੇ ਇਸ ਸ਼ਬਦ `ਚ ਅਲੰਕਾਰ ਕੇਵਲ ਪੱਥਰ ਪੂਜ ਦਾ ਹੀ ਵਰਤਿਆ ਹੈ। ਨਾਮਦੇਵ ਜੀ ਇਸ ਸ਼ਬਦ ਰਾਹੀਂ ਫ਼ੁਰਮਾਉਂਦੇ ਹਨ, ਐ ਭਾਈ! ਜਦੋਂ ਇਸ ਤਰੀਕੇ ਤੂੰ ਹਰੀ ਨੂੰ ਭੋਗ ਲਗਵਾਏਂਗਾ ਭਾਵ ਜਦੋਂ ਤੁੰ ਆਪਣਾ ਆਪ ਪ੍ਰਭੂ ਅੱਗੇ ਅਰਪਣ ਕਰ ਦੇਵੇਂਗਾ ਤਾਂ ਉਸ `ਚੋਂ ਤੈਨੂੰ ਸੱਚੀ ਆਤਮਕ ਸ਼ਾਂਤੀ ਪ੍ਰਾਪਤ ਹੋਵੇਗੀ। ਫ਼ਿਰ ਉਹ ਤੱਸਲੀ ਕੇਵਲ ਰੀਤ ਪੂਰੀ ਕਰਣ ਵਾਲੀ ਹੀ ਨਹੀਂ ਹੋਵੇਗੀ ਬਲਕਿ ਤੂੰ ਅਕੱਟ ਵਿਸ਼ਵਾਸ ਨਾਲ ਕਹਿ ਸਕੇਂਗਾ ਕਿ ਹੁਣ ਤੇਰਾ ਵਾਸਾ ਕਰਤੇ ਪ੍ਰਭੂ ਦੇ ਹਿਰਦੇ ਘਰ `ਚ ਹੋ ਚੁੱਕਾ ਹੈ। ਅਜਿਹਾ ਕਰਕੇ ਤੇਰੀ ਆਤਮਾ ਨੂੰ ਸੱਚੀ ਖੁਸ਼ੀ ਪ੍ਰਾਪਤ ਹੋਵੇਗੀ। ਪ੍ਰਭੂ ਤੇਰੇ `ਤੇ ਖੁਸ਼ ਹੋਵੇਗਾ ਅਤੇ ਇਸ ਤਰ੍ਹਾਂ ਤੂੰ ਅੰਤਰ-ਆਤਮੇ ਪ੍ਰਭੂ ਦੇ ਪ੍ਰਤੱਖ ਦਰਸ਼ਨ ਵੀ ਕਰ ਲਵੇਂਗਾ।

ਗੁਰਬਾਣੀ `ਚ ਰੂਪਕ ਅੰਲਕਾਰਾਂ ਦੀ ਵਰਤੋਂ? - ਰੂਪਕ ਅੰਲਕਾਰ ਕਾਵਿ ਰਚਨਾ ਦਾ ਉਹ ਢੰਗ ਹੈ ਜਦੋਂ ਕਵੀ ਆਪਣੀ ਕਿਸੇ ਗੱਲ ਨੂੰ, ਕਿਸੇ ਦੂਜੇ ਦੇ ਚੱਲਦੇ ਆ ਰਹੇ ਢੰਗ `ਚ ਬੰਨ੍ਹ ਕੇ ਸਪਸ਼ਟ ਕਰਦਾ ਹੈ। ਇਥੋਂ ਤੀਕ ਕਿ ਕਿਸੇ ਚਲਦੀ ਆ ਰਹੀ ਕਿਰਿਆ ਦੇ ਕਰਣ ਵਾਲੇ ਦੀ ਹੀ ਸ਼ਬਦਾਵਲੀ ਵਰਤ ਕੇ, ਕਵੀ ਉਸ ਨੂੰ ਆਪਣੀ ਗੱਲ ਸਮਝਾਂਦਾ ਜਾਂ ਪ੍ਰਗਟ ਕਰ ਲੈਂਦਾ ਹੈ। ਅਜਿਹੇ ਰੂਪਕ ਅਲੰਕਾਰ ਹੱਥਲੇ ਸ਼ਬਦ ਸਮੇਤ, ਗੁਰਬਾਣੀ `ਚ ਅਨੇਕਾਂ ਥਾਵੇਂ ਵਰਤੇ ਮਿਲਦੇ ਹਨ ਜਿਵੇਂ:-

੧.’ਦੀਵਾ ਮੇਰਾ ਏਕੁ ਨਾਮੁ’ - ਆਸਾ ਰਾਗ ਪੰ: 358, ‘ਦੀਵਾ ਮੇਰਾ ਏਕੁ ਨਾਮੁ’ ਵਾਲੇ ਸ਼ਬਦ `ਚ, ਗੁਰੂ ਨਾਨਕ ਪਾਤਸ਼ਾਹ ਨੇ ਪ੍ਰਾਣੀ ਦੀ ਮੌਤ ਪਿੱਛੋਂ ਦੀਵਾ ਵੱਟੀ, ਪਿੰਡ, ਪੱਤਲ, ਕਿਰਿਆ, ਫੁੱਲ ਚੁਨਣੇ, ਹਰਦੁਆਰ ਪਹੁਚਾਉਣੇ, ਪ੍ਰਯਾਗ ਜਾਣਾ ਆਦਿ ਰਸਮਾਂ `ਚੋਂ ਮਨੁੱਖ ਨੂੰ ਸੁਚੇਤ ਕੀਤਾ ਹੈ। ਖੂਬੀ ਇਹ ਕਿ ਗੁਰਦੇਵ ਨੇ ਮਨੁੱਖ ਰਾਹੀਂ ਕੀਤੇ ਜਾ ਰਹੇ ਸਾਰੇ ਕਰਮ-ਕਾਂਡੀ ਲਫ਼ਜ਼ਾਂ ਨੂੰ, ਪ੍ਰਭੂ ਦੇ ਨਾਮ ਸਿਮਰਨ ਦੇ ਅਰਥਾਂ `ਚ ਬਦਲ ਕੇ, ਚੱਲ ਰਹੇ ਭਰਮ ਜਾਲ ਨੂੰ ਪੂਰੀ ਤਰ੍ਹਾਂ ਤੋੜਿਆ ਹੈ।

੨. ਸੂਤਕ ਨਾਲ ਸੰਬੰਧਤ ਸਲੋਕ (ਪੰ: 472) - ਸੂਤਕ ਦੇ ਭਰਮਾਂ `ਚ ਫਸੇ, ਪਰ ਸੂਤਕ ਲਫ਼ਜ਼ ਦੇ ਸ਼ੈਦਾਈ ਲੋਕਾਂ ਨੂੰ ਗੁਰਦੇਵ ਨੇ ਉਨ੍ਹਾਂ ਦੀ ਹੀ ਸ਼ਬਦਾਵਲੀ `ਚ ਸਮਝਾਇਆ ਹੈ। ਉਥੇ ਤਾਂ ਪਾਤਸ਼ਾਹ ਨੇ ਇਥੋਂ ਤੀਕ ਕਹਿ ਦਿੱਤਾ ਕਿ ਸੂਤਕ ਦਾ ਕੱਢਣਾ ਤਾਂ ਜ਼ਰੂਰੀ ਹੈ ਪਰ ਅਸਲ ਸੂਤਕ ਮਨੁੱਖੀ ਜੀਵਨ ਵਿੱਚਲੇ ਅਉਗਣ ਹਨ ਜਿੰਨ੍ਹਾਂ ਤੋਂ ਮਨੁੱਖ ਲਈ ਬਚਣਾ ਜ਼ਰੂਰੀ ਹੈ। ਜੀਵਨ `ਚੋਂ ਇੰਨ੍ਹਾਂ ਅਉਗੁਣਾਂ ਨੂੰ ਕੱਢੇ ਬਿਨਾ ਮਨੁੱਖਾ ਜਨਮ ਬਿਰਥਾ ਹੋ ਜਾਂਦਾ ਹੈ। ਫ਼ਿਰ ਇਹ ਵੀ ਕਿ ਜਿਸਨੂੰ ਮਨੁੱਖ ਸੂਤਕ ਕਹਿ ਰਿਹਾ ਹੈ ਇਹ ਕੇਵਲ ਉਸਦੇ ਮਨ ਦਾ ਕੇਵਲ ਭਰਮ ਹੈ, ਜਿਸਦੀ ਉੱਕਾ ਹੋਂਦ ਨਹੀਂ।

੩. ਬਾਣੀ ‘ਜਪੁ’ ਦੀ ਪਉੜੀ ੨੮ ਤੋਂ ੩੨-ਜੋਗੀਆਂ ਨੂੰ ਉਨ੍ਹਾਂ ਨਾਲ ਸੰਬੰਧਤ ਕਰਮਕਾਂਡੀ ਸੋਚ `ਚੋਂ ਕੱਢਣ ਲਈ, ਪਾਤਸ਼ਾਹ ਨੇ ਉਨ੍ਹਾਂ ਦੀ ਸ਼ਬਦਾਵਲੀ ਮੁੰਦ੍ਰਾਂ, ਝੋਲੀ, ਪੱਤ, ਡੰਡਾ, ਆਈ ਪੰਥੀ, ਭੁਗਤਿ, ਭੰਡਾਰਣ, ਅਨਹਦ ਨਾਦ, ਬਿਭੂਤ, ਸਮਾਧੀਆਂ ਆਦਿ ਵਰਤ ਕੇ, ਉਨ੍ਹਾਂ ਨੂੰ ਮਨੁੱਖਾ ਜਨਮ ਦੇ ਇਕੋ ਇੱਕ ਸੱਚ ਧਰਮ ਦੇ ਮਾਰਗ `ਤੇ ਚਲਣ ਦੀ ਗੱਲ ਸਪਸ਼ਟ ਕੀਤੀ ਹੈ।

੪.’ਰਾਮਕਲੀ ਸਦੁ’ `ਚ ਪੰ: ੯੨੩ `ਤੇ-ਤੀਜੇ ਪਾਤਸ਼ਾਹ ਨੇ ਮਿਰਤਕ ਸੰਸਕਾਰਾਂ ਸਮੇਂ ਅਚਾਰਜੀਆਂ ਤੇ ਗਰੁੜ ਪੁਰਾਨ ਦੇ ਵਿਸ਼ਵਾਸਾਂ `ਚ ਫਸੇ ਮਨੁੱਖ ਨੂੰ ਬੇਬਾਣ, ਪਿੰਡ-ਪੱਤਲ-ਕਿਰਿਆ, ਦੀਵਾ, ਫੁਲ ਚੁਣ ਕੇ ਹਰਦੁਆਰ ਪਹੁੰਚਾਣੇ ਆਦਿ ਕਰਮਾਂ ਨੂੰ ਬਿਰਥਾ ਦੱਸਿਆ ਹੈ। ਖੂਬੀ ਇਹ ਕਿ ਇਸ ਦੇ ਨਾਲ, ਜੀਵਨ ਦੇ ਸੱਚ ਮਾਰਗ ਨੂੰ ਅਪਨਾਉਣ ਲਈ ਵੀ ਗੁਰਦੇਵ ਨੇ ਪੰਡਿਤ, ਪੁਰਾਨ, ਬਿਬਾਨ, ਪਿੰਡ, ਪੱਤਲ, ਕਿਰਿਆ, ਦੀਵਾ ਆਦਿ ਉਹੀ ਸ਼ਬਦ ਵਰਤੇ ਹਨ ਪਰ ਬਦਲਵੇਂ ਅਰਥਾ `ਚ

੫. ਜਨੇਊ ਦੇ ਬ੍ਰਾਹਮਣੀ ਵਿਸ਼ਵਾਸਾਂ ਸੰਬੰਧੀ-ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਾਲ ਸੰਬੰਧਤ ਸਲੋਕਾਂ (ਪੰ: 471) ਰਾਹੀਂ ਜਿੱਥੇ ਜਨੇਊ ਨੂੰ ਨਿਰੋਲ ਬ੍ਰਾਹਮਣੀ ਚਾਲ ਸਾਬਤ ਕੀਤਾ, ਉਥੇ ਨਾਲ ਹੀ ਜਨੇਊ ਦੇ ਵਿਸ਼ਵਾਸ `ਚ ਫਸੇ ਮਨੁੱਖ ਨੂੰ, ਜਨੇਊ ਸਬਦ ਨੂੰ ਹੀ ਵਰਤ ਕੇ ਦਇਆ, ਸੰਤੋਖ, ਜਤ, ਸਤ ਦੇ ਆਦਰਸ਼ਕ ਗੁਣਾਂ ਨੂੰ ਧਾਰਨ ਕਰਣ ਤੇ ਸੱਚਾ ਧਰਮੀ ਬਣਨ ਲਈ ਪ੍ਰੇਰਣਾ ਵੀ ਕੀਤੀ ਹੈ।

੬. ਕਿਰਸਾਨੀ, ਦੁਕਾਨਦਾਰੀ, ਸੌਦਾਗਰੀ, ਚਾਕਰੀ ਆਦਿ (ਪੰ: ੫੯੫) -ਕਿੱਤਿਆਂ `ਚ ਲੱਗੇ ਪਰ ਉਨ੍ਹਾਂ ਚ ਖੱਚਤ ਮਨੁੱਖ ਦੇ ਜੀਵਨ ਨੂੰ ਪ੍ਰਭੂ ਵਾਲੇ ਪਾਸੇ ਮੋੜਣ ਲਈ, ਉਨ੍ਹਾਂ ਦੀ ਹੀ ਬੋਲੀ -ਰਹਿਨੀ ਦੇ ਲਫਜ਼-ਜਿਵੇਂ ਬੀਜ, ਹਲ, ਸੁਹਾਗਾ, ਹੱਟੀ, ਸੌਦਾਗਰੀ, ਘੋੜੇ, ਖਰਚ, ਚਾਕਰੀ ਆਦਿ ਨੂੰ ਅਰਥਾਂ ਦਾ ਨਵਾਂ ਰੂਪ ਦੇ ਕੇ ਸਤੁ, ਸੰਤੋਖ, ਦਇਆ, ਸਿਫ਼ਤ ਸਲਾਹ ਆਦਿ ਰੱਬੀ ਗੁਣਾਂ ਨੂੰ ਅਪਨਾਉਣ ਲਈ ਪ੍ਰੇਰਣਾ ਕੀਤੀ ਹੈ।

੭. ਕੁੱਝ ਆਰਤੀ ਸੰਬੰਧੀ-ਮਨੁੱਖ ਆਪ ਮੂਰਤੀਆਂ ਘੜਦਾ ਤੇ ਫਿਰ ਥਾਲ `ਚ ਦੀਵੇ ਆਦਿ ਬਾਲ ਕੇ ਉਨ੍ਹਾਂ ਮੂਰਤੀਆਂ ਦੀ ਆਰਤੀ ਉਤਾਰਦਾ ਹੈ। ਸਮਝ ਲੈਂਦਾ ਹੈ ਕਿ ਉਹ ਭਗਵਾਨ ਦੀ ਆਰਤੀ ਉਤਾਰ ਰਿਹਾ ਹੈ। “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ” (ਪੰ: ੧੨) ਵਾਲਾ ਸ਼ਬਦ ਉਚਾਰ ਕੇ ਗੁਰਦੇਵ ਦੱਸਦੇ ਹਨ ਕਿ ਐ ਭੁੱਲੜ ਮਨੁੱਖ! ਉਸ ਪ੍ਰਭੂ ਦੀ ਆਰਤੀ ਤਾਂ ਉਤਾਰੀ ਹੀ ਨਹੀਂ ਜਾ ਸਕਦੀ। ਉਸ ਦੀ ਆਰਤੀ ਮਾਨੋਂ ਚੰਦ, ਸੂਰਜ, ਤਾਰੇ, ਫੁੱਲ ਬਨਸਪਤੀ ਆਦਿ ਰਾਹੀਂ ਆਪਣੇ ਆਪ ਤੇ ਹਰ ਸਮੇਂ ਉਤਰ ਰਹੀ ਹੈ। ਇਥੇ ਵੀ ਖੂਬੀ ਇਹ ਕਿ ਇਸ ਸ਼ਬਦ `ਚ ਵੀ ਚਲੰਤ ਆਰਤੀ ਦੇ ਸਾਰੇ ਲਫ਼ਜ਼ ਤੇ ਢੰਗ ਵਰਣਤ ਹਨ ਪਰ ਪੂਰੀ ਤਰ੍ਹਾਂ ਬਦਲਵੇਂ ਅਰਥਾਂ `ਚ।

੮.”ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ” (ਪੰ: ੪੬੫) -ਵਾਲੇ ਸਲੋਕ ਰਾਹੀਂ ਗੁਰਦੇਵ ਰਾਸਾਂ (ਅਜੋਕੀਆਂ ਰਾਮ, ਕ੍ਰਿਸ਼ਨ ਲੀਲਾਵਾਂ ਆਦਿ) `ਚ ਉਲਝੇ ਮਨੁੱਖ ਨੂੰ ਉਸੇ ਦੀ ਕਰਣੀ `ਚ ਸਮਝਾਂਦੇ ਹਨ “ਐ ਭਾਈ! ਜਿਹੜੀ ਰਾਸ ਤੂੰ ਪਾ ਰਿਹਾ ਹੈ ਇਹ ਕੇਵਲ “ਨਚਣੁ ਕੁਦਣੁ ਮਨ ਕਾ ਚਾਉ” (ਪੰ: 465) ਹੀ ਹੈ ਤੇ ਸੱਚ ਧਰਮ ਨਾਲ ਇਸ ਦਾ ਕੁੱਝ ਵੀ ਸੰਬੰਧ ਨਹੀਂ। ਦਰਅਸਲ ਤੈਨੂੰ ਕਰਤੇ ਦੀ ਰਚਨਾ `ਚ ਉਸ ਵੱਲੋਂ ਆਪ ਮੁਹਾਰੇ, ਹਰ ਸਮੇਂ ਪੈ ਰਹੀ ਰਾਸ ਨੂੰ ਸਮਝਣ ਦੀ ਲੋੜ ਹੈ। ਇਸਦੇ ਉਲਟ ਜਿਸ ਕਰਤੇ ਨੇ ਮਨੁੱਖ ਲਈ ਇਹ ਖੇਡ ਰਚੀ, ਮਨੁੱਖ, ਉਸ ਕਰਤੇ ਨੂੰ ਤਾਂ ਵਿਸਾਰ ਦਿੰਦਾ ਤੇ ਇਸ ਮਾਇਆਜਾਲ `ਚ ਉਲਝਿਆ ਆਪਣਾ ਅਮੁੱਲਾ ਜਨਮ ਬਿਰਥਾ ਕਰ ਲੈਂਦਾ ਹੈ।

੯.”ਧਨਿ ਧੰਨਿ ਓ ਰਾਮ ਬੇਨੁ ਬਾਜੈ” (ਪੰ: ੯੮੮) -ਭਗਤ ਨਾਮਦੇਵ ਜੀ ਹੀ ਆਪਣੇ ਇੱਕ ਸ਼ਬਦ `ਚ ‘ਅਵਤਾਰ ਪੂਜਾ’ `ਚ ਉਲਝੇ ਮਨੁੱਖ ਨੂੰ ਉਸੇ ਦੇ ਬੋਲੀ `ਚ ਸਮਝਾਂਦੇ ਹਨ “ਤੂੰ ਦੇਵਕੀ ਸੁੱਤ ਕ੍ਰਿਸ਼ਨ ਨੂੰ ਹੀ ਰੱਬ ਮੰਨ ਕੇ ਉਸੇ ਦੀ ਬੰਸਰੀ ਦਾ ਸ਼ੈਦਾਈ ਹੋ ਗਿਆ ਪਰ ਤੈਨੂੰ ਕਰਤੇ ਰਾਮ ਦੀ ਰਚਨਾ ਰੂਪੀ ਬੰਸਰੀ, ਜਿਹੜੀ ਹਰ ਸਮੇਂ ਆਪਣੇ ਆਪ ਵੱਜ ਰਹੀ ਹੈ, ਉਸਦੀ ਪਛਾਣ ਨਾ ਆਈ।

ਤੂੰ ਕ੍ਰਿਸ਼ਨ ਦੀ ਕੰਬਲੀ ਨੂੰ ਹੀ ਰੱਬ ਦੀ ਕੰਬਲੀ ਮੰਨ ਬੈਠਾ, ਪਰ ਉਸ ਪ੍ਰਭੂ ਦੀ ਹਰ ਸਮੇਂ ਓੜੀ ਹੋਈ ਬੱਦਲਾਂ ਰੂਪੀ ਕੰਬਲੀ ਤੇਰੀ ਸਮਝ `ਚ ਨਾ ਆਈ। ਕਰਤੇ ਦੀ ਰਚਨਾ ਅੰਦਰ ਧਰਤੀ ਰੂਪੀ ਮਾਤਾ ਦੇਵਕੀ ਰੋਜ਼ਾਨਾ ਪਤਾ ਨਹੀਂ ਕਿੰਨੇ ਕ੍ਰਿਸ਼ਨਾਂ ਨੂੰ ਨਿੱਤ ਜਨਮ ਦੇ ਰਹੀ ਹੈ ਪਰ ਤੂੰ ਇੱਕ ਕ੍ਰਿਸ਼ਨ ਨੂੰ ਜਨਮ ਦੇਣ ਵਾਲੀ ਦੇਵਕੀ ਨੂੰ ਹੀ ਮਾਤਾ ਮੰਨ ਬੈਠਾ।

ਲੋੜ ਹੈ ਕਿ ਤੂੰ ਵੀ ਉਸ ਪ੍ਰਭੂ ਨੂੰ ਸਮਝ ਤੇ ਉਸੇ ਤੋਂ ਵਾਰੇ ਵਾਰੇ ਜਾ। ਇਥੇ ਨਾਮਦੇਵ ਜੀ ਨੇ ‘ਕ੍ਰਿਸ਼ਨ ਦੀ ਬੰਸਰੀ’ ਵਾਲੇ ਲ਼ਫ਼ਜ਼ ਨੂੰ ਉਚੇਚੇ ‘ਰਾਮ ਦੀ ਬੰਸਰੀ’ ਕਹਿ ਕੇ ਵਰਤਿਆ ਹੈ ਤਾਕਿ ਲਿਖਤ ਦਾ ਸੱਚ ਵੀ ਆਪਣੇ ਆਪ ਉਭਰ ਕੇ ਸਾਹਮਣੇ ਆ ਜਾਵੇ।

੧੦.”…ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ” -ਇਸੇ ਤਰ੍ਹਾਂ ਨਾਮਦੇਵ ਜੀ ਇੱਕ ਹੋਰ ਸ਼ਬਦ `ਚ ‘ਦਸਰਥ ਪੁੱਤਰ ਰਾਮ’ ਨੂੰ ਦੁਨੀਆਂ ਦਾ ਕਰਤਾ ਸਮਝੀ ਬੈਠੇ ਮਨੁੱਖ ਨੂੰ ਕਹਿੰਦੇ ਹਨ “ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸ ਅੰਮ੍ਰਿਤੁ ਪੀਜੈ” (ਪੰ: ੯੭੩) ਭਾਵ ਐ ਮਿਤ੍ਰ! ਸਾਰੇ ਰਸਾਂ ਦਾ ਨਿਚੋੜ ਪ੍ਰਭੂ ਦੀ ਸਿਫਤ ਸਲਾਹ `ਚ ਜੁੜਣਾ ਹੀ ਅਸਲ `ਚ ਦਸਰਥ ਪੁੱਤਰ ਰਾਜਾ ਰਾਮ ਚੰਦ ਦੇ ਨਾਮ ਨਾਲ ਜੁੜਣਾ ਹੈ। ਪਰ ਜਿਸ ਰਾਮ ਦੇ ਰਟਣ ਨੂੰ ਤੂੰ ਰੱਬ ਦਾ ਰਟਣ ਸਮਝੀ ਬੈਠਾਂ ਹੈਂ, ਇਹ ਅਸਲ `ਚ ਰੱਬ ਦਾ ਸਿਮਰਨ ਨਹੀਂ; ਜਦਕਿ ਸ਼ਬਦਵਲੀ ਇਥੇ ਵੀ ਉਸੇ ਦੀ ਹੈ।

੧੧.”ਗੁਰ ਪਰਸਾਦੀ ਵਿਦਿਆ ਵੀਚਾਰੈ” -ਬ੍ਰਾਹਮਣ ਤਾਂ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਪਦਾਰਥ ਮੰਗਦਾ ਹੈ। ਠੀਕ ਉਸੇ ਸ਼ਬਦਾਵਲੀ ਨੂੰ ਵਰਤ ਕੇ, ਰਾਗ ਪ੍ਰਭਾਤੀ ਮ: ੧ ਪੰ: 1329 ਵਾਲੇ ਸ਼ਬਦ, ਜਿਸਦਾ ਕਿ ਪਹਿਲਾਂ ਵੀ ਵੇਰਵਾ ਦੇ ਆਏ ਹਾਂ ਉਸ `ਚ-ਪਾਤਸ਼ਾਹ ਕਹਿੰਦੇ ਹਨ, “ਹੇ ਕਰਤਾ! ਤੂੰ ਮੇਰਾ ਜਜਮਾਨ ਹੈਂ। ਤੂੰ ਮੈਨੂੰ ਜਤ ਸਤ ਰੂਪੀ ਚਾਵਲ, ਦਇਆ ਰੂਪੀ ਕਣਕ, ਪ੍ਰਭੂ ਪ੍ਰਾਪਤੀ ਰੂਪੀ ਧਨ, ਸ਼ੁਭ ਕਰਮਾਂ ਰੂਪੀ ਦੁੱਧ, ਸੰਤੋਖ ਰੂਪੀ ਘਿਉ, ਖਿਮਾ-ਧੀਰਜ ਰੂਪੀ ਲਵੇਰੀ ਗਊ ਬਖਸ਼ ਅਤੇ ਮੈਂ ਤੇਰੇ ਤੋਂ ਇਹੀ ਕੁੱਝ ਮੰਗਦਾ ਹਾਂ। ਤਾਕਿ ਇਸ ਲਵੇਰੀ ਗਊ ਤੋਂ ਪੈਦਾ ਹੋਇਆ, ਮੇਰਾ ਮਨ ਰੂਪੀ ਬਛੁਰਾ ਤੇਰੇ ਨਾਲ ਇੱਕ –ਮਿੱਕ ਹੋ ਜਾਵੇ ਤੇ ਉਹ ਖਿਮਾਂ ਧੀਰਜ ਰੂਪੀ ਗਊ ਤੋਂ ਪ੍ਰਾਪਤ ਹੋਣ ਵਾਲੇ ਨਾਮ ਅੰਮ੍ਰਿਤ ਦੁੱਧ ਨੂੰ ਪੀਵੇ। ਹੇ ਪ੍ਰਭੁ! ਮੈਨੂੰ ਆਪਣੀ ਸਿਫਤ ਸਲਾਹ ਤੇ ਉਸ ਲਈ ਉੱਦਮ (ਸ਼੍ਰਮ) ਵਾਲਾ ਸਰੀਰ (ਕਪੜਾ) ਬਖਸ਼, ਤਾ ਕਿ ਮੇਰਾ ਜੀਵਨ ਤੇਰੀ ਸਿਫ਼ਤ ਸਲਾਹ (ਨਾਮ) `ਚ ਹੀ ਬਤੀਤ ਹੋਵੇ”। (ਦੇਖਣਾ ਇਹ ਵੀ ਹੈ ਕਿ ਇਸ ਸ਼ਬਦ `ਚ ਪਾਤਸ਼ਾਹ ਰਾਹੀਂ ਵਰਤੇ ਲਫ਼ਜ਼ ਲਵੇਰੀ ਗਊ ਤੇ ਦੁੱਧ, ਵਿਚਾਰਧੀਨ ਨਾਮਦੇਵ ਜੀ ਦੇ ਸ਼ਬਦ ਨੂੰ ਸਮਝਣ ਵਾਸਤੇ ਵੀ ਸਾਂਝੇ ਹਨ)

ਇਤਨਾ ਹੀ ਨਹੀਂ, ਅਜਿਹੇ ਰੂਪਕ ਅੰਲਕਾਰ ਗੁਰਬਾਣੀ `ਚ ਬੇਅੰਤ ਵਰਤੇ ਮਿਲਦੇ ਹਨ, ਲੋੜ ਹੈ ਤਾਂ ਗੁਰਬਾਣੀ ਨੂੰ ਗੁਰਬਾਣੀ ਦੀ ਸ਼ਬਦਾਵਲੀ, ਸਿਧਾਂਤ, ਵਿਆਕਰਣ ਅਨੁਸਾਰ ਸਮਝਣ ਦੀ, ਨਾ ਕਿ ਗੁਰਬਾਣੀ ਆਸ਼ੇ ਵਿਰੁੱਧ, ਆਪਣੀ ਮਨ-ਮਰਜੀ ਦੇ ਅਰਥ ਘੜਣ ਦੀ। (ਇਸ ਦਾ ਬਾਕੀ ਭਾਗ ਤਿੰਨ `ਚ ਅਵੇਗਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. II 59 P-II

(ਅਰਥ ਨਿਖਾਰ) (ਭਾਗ ਦੂਜਾ)

ਦੂਧੁ ਕਟੋਰੈ ਗਡਵੈ ਪਾਨੀ॥

ਕਪਲ ਗਾਇ ਨਾਮੈ ਦੁਹਿ ਆਨੀ॥

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web site- www.gurbaniguru.org
.