.

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੂਤ, ਭਵਾਨ ਤੇ ਭਵਿਖ
(ਕਿਸ਼ਤ ਨੰ:2)

ਉਦਾਸੀ, ਨਿਰਮਲੇ ਅਤੇ ਭਾਈ ਸਾਹਿਬ ਮਨੀ ਸਿੰਘ ਜੀ ਤੋਂ ਸ਼ੁਰੂ ਹੋਈ ਸੰਪਰਦਾਈ ਪ੍ਰਨਾਲੀ ਦੇ ਵਿਦਵਾਨ ਗੁਰਬਾਣੀ ਸੰਥਿਆ ਨੂੰ ਦੋ ਭਾਗਾਂ ਵਿੱਚ ਵੰਡ ਕੇ ਕੰਮ ਕਰਦੇ ਆ ਰਹੇ ਹਨ। ਇੱਕ ਹੈ ਆਮ ਸਿੱਖ ਸ਼ਰਧਾਲੂਆਂ ਲਈ ਸ਼ੁਧ ਪਾਠ ਦੀ ਸੰਥਿਆ ਤੇ ਦੂਜਾ ਹੈ ਪ੍ਰਚਾਰਕਾਂ ਲਈ ਪਾਠ ਸਮੇਤ ਅਰਥਾਂ ਦੀ ਸੰਥਿਆ। ਪਰ, ਉਹ ਅਧਿਆਪਕ ਤੇ ਵਿਦਿਆਰਥੀ ਸੰਥਿਆ ਕਰਾਉਣਾ ਜਾਂ ਸੰਥਿਆ ਲੈਣਾ ਲਫ਼ਜ਼ਾਂ ਦੀ ਥਾਂ ‘ਸੰਥਿਆ ਲਗਾਉਣਾ` ਕਹਿੰਦੇ ਸਨ। ਕਿਉਂਕਿ, ਸਮਕਾਲੀ ਤੇ ਪ੍ਰਚਲਿਤ ਲੋਕ-ਭਾਸ਼ਾ ਹੋਣ ਕਾਰਣ ਪਹਿਲਾਂ ਪਹਿਲ ਸ਼ੁਧ ਉਚਾਰਣ ਦਾ ਮਸਲਾ ਇਤਨਾ ਗੰਭੀਰ ਨਹੀਂ ਸੀ, ਜਿਤਨਾ ਕਿ ਹੁਣ। ਹਾਂ, ਜੇ ਕੋਈ ਸੁਭਾਵਿਕ ਗ਼ਲਤੀ ਹੁੰਦੀ ਵੀ ਤਾਂ ਉਹ ਸੀ ਬੇਧਿਆਨੀ ਕਾਰਣ ਲਗ-ਮਾਤ੍ਰੀ। ਜਿਵੇਂ ਪ੍ਰਸਿੱਧ ਸਾਖੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸਿੱਖ ਨੇ ‘ਕੈ` ਪਾਠ ਦੀ ‘ਕੇ` ਉਚਾਰਣ ਕੀਤਾ ਤਾਂ ਗੁਰਦੇਵ ਜੀ ਦਸਵੇਂ ਪਾਤਸ਼ਾਹ ਨੇ ਉਸ ਨੂੰ ਸਖ਼ਤੀ ਨਾਲ ਤਾੜਿਆ। ਸੋ ਉਸ ਵੇਲੇ ਮੁੱਖ ਮਸਲਾ ਹੁੰਦਾ ਸੀ ਤੁਕਾਂ ਨੂੰ ਪਦ-ਛੇਦ ਕਰਨਾ ਤੇ ਵਾਕ-ਵੰਡ ਲਈ ਵਿਸਰਾਮ ਲਗਾਉਣ ਦਾ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੋਕੀਆਂ ਪਦ-ਛੇਦ ਬੀੜਾਂ ਤੋਂ ਪਹਿਲਾਂ ਜੁੜਵੇਂ ਅੱਖਰਾਂ ਵਾਲੀਆਂ (ਲੜੀਦਾਰ) ਬੀੜਾਂ ਹੀ ਪ੍ਰਚਲਿਤ ਸਨ। ਇਨ੍ਹਾਂ ਨੂੰ ਸੰਗਲੀ ਬੀੜਾਂ ਦਾ ਨਾਂ ਵੀ ਦਿੱਤਾ ਜਾਂਦਾ ਸੀ। ਇਸ ਬੀੜ ਦੀ ਨਮੂਨੇ ਵਜੋਂ ਇੱਕ ਤੁਕ ਪੇਸ਼ ਹੈ:

ਜਿਥੈਡਿਠਾਮਿਰਤਕੋਇਲਬਹਿਠੀਆਇ।। {ਗੁਰੂ ਗ੍ਰੰਥ ਸਾਹਿਬ - ਅੰਗ ੩੨੨}

ਅਰਥਾਂ ਦੀ ਸਮਝ ਤੋਂ ਸੱਖਣੇ ਅਤੇ ਅਭਿਆਸ ਹੀਣ ਪਾਠੀਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਨੂੰ ਠੀਕ ਪਦ-ਛੇਦ ਨਾ ਕਰਨ ਕਰਕੇ ਅਤੇ ਠੀਕ ਥਾਂ ਵਿਸ਼ਰਾਮ ਨਾ ਲਗਾਉਣ ਕਰਕੇ ਬੇਅੰਤ ਭੁਲਾਂ ਹੁੰਦੀਆਂ ਸਨ। ਜਿਵੇਂ ਅਰਥਾਂ ਦੀ ਸਮਝ ਨਾ ਹੋਣ ਕਰਕੇ ਕਈ ਪਾਠੀਆਂ ਦੁਆਰਾ ਉਪਰੋਕਤ ਤੁਕ ਦੇ ਗ਼ਲਤ ਪਦ-ਛੇਦ ਕਾਰਨ ਅਸ਼ੁੱਧ ਪਾਠ ਇਉਂ ਹੁੰਦਾ ਸੀ: ਜਿਥੈ ਡਿਠਾ ਮਿਰਤ, ਕੋਇਲ ਬਹਿਠੀ ਆਇ।। ਅਜਿਹੇ ਪਦ-ਛੇਦਕ ਵਿਸਰਾਮ ਦੁਆਰਾ ਤੁਕ ਅਰਥ ਬਣੇਗਾ- ‘ਕੋਇਲ ਨੇ ਜਿਥੇ ਮੁਰਦਾ ਵੇਖਿਆ, ਉਥੇ ਹੀ ਆ ਬੈਠੀ`। ਅਸੀਂ ਸਾਰੇ ਜਾਣਦੇ ਹਾਂ ਕਿ ਕੋਇਲ ਕਦੇ ਵੀ ਮੁਰਦਾਰ ਤੇ ਨਹੀਂ ਬੈਠਦੀ। ਮੁਰਦਾਰ ਵੇਖ ਕੇ ਬੈਠਦੀ ਹੈ ਇੱਲ। ਇਸ ਲਈ ਸਹੀ ਅਰਥਾਂ ਮੁਤਾਬਿਕ ਠੀਕ ਪਦ-ਛੇਦ ਤੇ ਸ਼ੁਧ ਪਾਠ ਹੋਵੇਗਾ: ਜਿਥੈ ਡਿਠਾ (ਡਿੱਠਾ) ਮਿਰਤਕੋ, ਇਲ (ਇੱਲ) ਬਹਿਠੀ ਆਇ।। ਕਿਉਂਕਿ, ਤੁਕ ਦਾ ਅਰਥ ਹੈ- ਇੱਲ ਨੇ ਜਿੱਥੇ ਮੁਰਦਾਰ ਵੇਖਿਆ, ਉਥੇ ਹੀ ਆ ਬੈਠੀ। ਭਾਵਾਰਥ ਹੈ ਕਿ ਜਿਵੇਂ ਅਕਾਸ਼ ਵਿੱਚ ਉਡਦੀ ਹੋਈ ਇੱਲ, ਜਿਥੇ ਵੀ ਮੁਰਦਾਰ ਵੇਖਦੀ, ਉਥੇ ਆ ਬੈਠਦੀ ਹੈ। ਐਸਾ ਹੀ ਹਾਲ ਹੁੰਦਾ ਹੈ ਉਸ ਮਨ ਦਾ, ਜਿਹੜਾ ਪਰਮਾਤਮਾ ਦੇ ਸਿਮਰਨ ਦੀਆਂ ਉਡਾਰੀਆਂ ਭੁੱਲ ਕੇ ਵਿਕਾਰਾਂ ਦੇ ਗੰਦ ਵਿੱਚ ਆ ਡਿਗਦਾ ਹੈ।

ਇਸ ਲਈ ਅਧਿਆਪਕ ਵਿਦਿਆਰਥੀਆਂ ਨੂੰ ਗੁਰਬਾਣੀ ਦਾ ਪਾਠ-ਬੋਧ ਕਰਾਉਣ ਲਈ ਤੁਕਾਂ ਨੂੰ ਪਦ-ਛੇਦ ਕਰਕੇ ਸਨਾਉਣ ਉਪਰੰਤ ਔਖੀਆਂ, ਲੰਮੀਆਂ ਤੇ ਗੁੰਝਲਦਾਰ ਤੁਕਾਂ ਦੇ ਵਿਸ਼ੇਸ਼ ਵਿਸਰਾਮ ਲਗਵਾਇਆ ਕਰਦੇ ਸਨ, ਜਿਨ੍ਹਾਂ ਨੂੰ ਵਿਦਿਆਰਥੀ ਲੋੜ ਮੁਤਾਬਿਕ ਆਪਣੀਆਂ ਕਾਪੀਆਂ ਤੇ ਨੋਟ ਕਰ ਲੈਂਦੇ ਸਨ। ਪੰਜ ਗ੍ਰੰਥੀ, ੧੦ ਗ੍ਰੰਥੀ, ੨੨ ਵਾਰਾਂ ਤੇ ਭਗਤ ਬਾਣੀ ਦੀਆਂ ਪੋਥੀਆਂ ਪੜ੍ਹਾ ਕੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਠਾਇਆ ਜਾਂਦਾ ਸੀ। ਜਿਸ ਨੂੰ ਗੁਰੂ ਜੀ ਦੇ ਚਰਨੀ ਲਗਣਾ ਕਹਿੰਦੇ ਸਨ। ਕਿਉਂਕਿ, ਗਿਆਨ ਗੁਰੂ ਦੇ ਪੂਜਾਰੀਆਂ ਲਈ ਗੁਰੂ ਦਾ ਸ਼ਬਦ ਹੀ ਗੁਰੂ ਜੀ ਦੇ ਚਰਨ ਹਨ। "ਹਿਰਦੈ ਚਰਣ, ਸਬਦੁ ਸਤਿਗੁਰ ਕੋ; ਨਾਨਕ ਬਾਂਧਿਓ ਪਾਲ।। {ਪੰਨਾ ੬੮੦} ਪ੍ਰਮਾਣ ਰੂਪ ਵਿੱਚ ਸ੍ਰੀ ਮੁਖਵਾਕ ਵੀ ਹੈ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਹੁਣ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਅਕਾਰੀ ਦੇ ਜੋ ਉਪਕਾਰੀ ਯਤਨ ਹੋਏ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤੀ ਪੁਸਤਕ ‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ` ਮੁਤਾਬਿਕ ਡਾ. ਤਾਰਨ ਸਿੰਘ ਸਿੰਘ ਜੀ ਹੁਰਾਂ ਨੇ ੮ ਭਾਗਾਂ ਵਿੱਚ ਵੰਡ ਕੇ ਹੇਠ ਲਿਖੀਆਂ ੭ ਮੁਖ ਪ੍ਰਣਾਲੀਆਂ ਸਥਾਪਿਤ ਕੀਤੀਆਂ ਹਨ। ਜਿਵੇਂ –

੧. ਸਹਜ ਪ੍ਰਣਾਲੀ (ਗੁਰ ਤੇ ਗੁਰ)

੨. ਭਾਈ ਪ੍ਰਣਾਲੀ (ਭਾਈ ਗੁਰਦਾਸ)

੩. ਪਰਮਾਰਥ ਪ੍ਰਣਾਲੀ (ਸ੍ਰੀ ਮਿਹਰਬਾਨ, ਸੋਢੀ ਹਰਿ ਜੀ ਤੇ ਸੋਢੀ ਚਤੁਰਭੁਜ)

੪. ਉਦਾਸੀ ਪ੍ਰਣਾਲੀ (ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ)

੫. ਨਿਰਮਲਾ ਪ੍ਰਣਾਲੀ (ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਿਰੋਤਮ, ਭਾਈ ਦਲ ਸਿੰਘ ਗਿਆਨੀ, ਭਾਈ ਗਿਆਨ ਸਿੰਘ ਗਿਆਨੀ, ਪੰਡਿਤ ਗੁਲਾਬ ਸਿੰਘ, ਸਾਧੂ ਗੁਰਦਿੱਤ ਸਿੰਘ ਜੀ, ਸੰਤ ਸੰਪੂਰਣ ਸਿੰਘ ਤੇ ਸੰਤ ਨਿਰੰਕਾਰ ਸਿੰਘ)

੬. ਸੰਪਰਦਾਈ ਪ੍ਰਨਾਲੀ (ਭਾਈ ਮਨੀ ਸਿੰਘ ਜੀ, ਗਿਆਨੀ ਬਦਨ ਸਿੰਘ ਜੀ ਸ਼ੇਖਵਾਂ ਵਾਲੇ, ਸੰਤ ਅਮੀਰ ਸਿੰਘ ਅੰਮ੍ਰਿਤਸਰ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ ਮੁਜੰਗ ਵਾਲੇ, ਪੰਡਿਤ ਕਰਤਾਰ ਸਿੰਘ ਦਾਖਾ।

੭. ਸਿੰਘ ਸਭਾਈ ਪ੍ਰਨਾਲੀ (ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ-ਬੱਲਭ ਸਿੰਘ ਊਨਾ। ਮੇਰਾ ਖ਼ਿਆਲ ਹੈ ਕਿ ਸਿੱਖ ਮਿਸ਼ਨਰੀ ਪ੍ਰਣਾਲੀ ਦੇ ਮੋਢੀ ਪੋ. ਸਾਹਿਬ ਸਿੰਘ ਜੀ ਨੂੰ ਮੰਨੇ ਜਾਣ ਕਾਰਣ, ਇਸ ਨੂੰ ਸਿੰਘ ਸਭਾਈ ਪ੍ਰਣਾਲੀ ਤੋਂ ਨਿਖੇੜ ਕੇ ਨਹੀਂ ਵਿਚਾਰਿਆ ਗਿਆ।

੮ਵੇਂ ਭਾਗ ਨੂੰ ‘ਗੁਰਬਾਣੀ ਵਿਆਖਿਆ ਦੇ ਹੋਰ ਯਤਨ` ਨਾਂ ਦੇ ਸੰਕੋਚਿਆ ਗਿਆ ਹੈ। ਇਹ ਹਿੱਸਾ ਹੈ ਗੁਰਬਾਣੀ ਨਾਲ ਸਬੰਧਤ ਕੋਸ਼ਕਾਰੀ ਦਾ, ਜਿਸ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਤੇ ਪ੍ਰੋ. ਪਿਆਰਾ ਸਿੰਘ ਪਦਮ ਆਦਿਕ ਵਿਦਵਾਨਾਂ ਦੇ ਉਪਰਾਲੇ ਸ਼ਾਮਲ ਕੀਤੇ ਗਏ ਹਨ।

ਗੁਰਬਾਣੀ ਸੰਥਿਆ ਦਾ ਭੂਤ, ਭਵਾਨ ਤੇ ਭਵਿੱਖ ਵਿਚਾਰਨ ਲਈ ਮੈਂ ੧੫ਵੀਂ ਤੋਂ ੧੯ਵੀਂ ਸਦੀ ਦੇ ਸਮੇਂ ਨੂੰ ਭੂਤ-ਕਾਲ ਵਜੋਂ ਅਤੇ ੨੦ਵੀਂ ਸਦੀ ਤੋਂ ਹੁਣ ਤਕ ਦੇ ਸਮੇਂ ਨੂੰ ਵਰਤਮਾਨ (ਭਵਾਨ) ਵਜੋਂ ਵੇਖਿਆ ਹੈ। ਗੁਰਬਾਣੀ ਦੀ ਵਿਆਕਰਣਿਕ ਸੰਥਿਆ ਸ਼ੈਲੀ, ਟੀਕਾਕਾਰੀ ਤੇ ਵਿਆਖਿਆਕਾਰੀ ਦੇ ਖੇਤਰ ਵਿੱਚ ਜੋ ਵਧੇਰੇ ਨਿਖਾਰ ਆਇਆ ਤੇ ਲਿਖਤੀ ਕੰਮ ਹੋਇਆ ਹੈ, ਉਸ ਦਾ ਸਿਹਰਾ ੨੦ਵੀਂ ਸਦੀ ਦੀ ‘ਸਿੰਘ ਸਭਾਈ ਪ੍ਰਨਾਲੀ` ਦੇ ਸਿਰ ਹੀ ਬੱਝਦਾ ਹੈ। ਇਸ ਵਿੱਚ ਸਿਰਮੌਰ ਹਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਅਤਿ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਿੰਘ ਜੀ। ਕਿਉਂਕਿ, ਪਹਿਲਾਂ ਉਨ੍ਹਾਂ ਨੇ ਗੁਰਬਾਣੀ ਦੀ ਵਿਆਕ੍ਰਣਿਕ ਵਿਧੀ ਖੋਜ ਕੇ ਪੁਸਤਕ ਛਪਵਾਈ ਅਤੇ ਫਿਰ ਉਸ `ਤੇ ਅਧਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਨਾਂ ਹੇਠ ਪਹਿਲੀ ਵਾਰ ਸੰਪੂਰਣ ਗੁਰਬਾਣੀ ਦੇ ਸ਼ਬਦਾਰਥ ਤੇ ਲੁੜੀਂਦੇ ਲਫ਼ਜ਼ਾਂ ਦੇ ਸ਼ੁਧ ਉਚਾਰਣ ਦੱਸਦਿਆਂ ਕੇਵਲ ਤੁਕਵਾਰ ਅਰਥ ਹੀ ਨਹੀਂ ਕੀਤੇ, ਸਗੋਂ ਕਈ ਪ੍ਰਕਾਰ ਸਿਧਾਂਤਕ ਭੁਲੇਖੇ ਵੀ ਦੂਰ ਕੀਤੇ। ਪਰ, ਇਹ ਸਭ ਕੁੱਝ ਕਹਿਣ ਅਤੇ ਲਿਖਣ ਦਾ ਇਹ ਅਰਥ ਨਹੀਂ ਕਿ ਅਸੀਂ ਭਾਈ ਗੁਰਦਾਸ ਜੀ ਦੀ ‘ਭਾਈ ਪ੍ਰਨਾਲੀ` ਤੋਂ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਸਬੰਧਤ ਮੰਨੀ ਜਾਂਦੀ ‘ਸੰਪਰਦਾਈ ਪ੍ਰਣਾਲੀ` ਦੀ ਦੇਣ ਨੂੰ ਕਿਸੇ ਵੀ ਕੀਮਤ ਅੱਖੋਂ ਉਹਲੇ ਕਰੀਏ।

ਕਿਉਂਕਿ, ਸੰਗਲੀਵਤ ਲੜੀਦਾਰ ਬੀੜਾਂ ਹੋਣ ਕਾਰਣ ਸੰਥਿਆ ਲਈ ਮੁੱਢਲੀ ਲੋੜ ਸੀ ਗੁਰਬਾਣੀ ਦੇ ਪਾਠ ਨੂੰ ਪਦ-ਛੇਦ ਕਰਕੇ ਲਿਖਣ ਦੀ। ਇਸ ਪੱਖੋਂ ਪਹਿਲ ਕੀਤੀ ਹੈ ਬਾਬਾ ਪ੍ਰਿਥੀਚੰਦ ਜੀ ਦੇ ਬੇਟੇ ਸੋਢੀ ਮਿਹਰਬਾਨ ਅਤੇ ਪੋਤਰੇ ਸੋਢੀ ਹਰਿ ਜੀ ਨੇ। ਕਿਉਂਕਿ, ਮਿਹਰਬਾਨ ਜੀ ਦੀਆਂ ਗੋਸ਼ਟਾਂ ਵਿੱਚ ਵਰਤੇ ਗਏ ਸਾਰੇ ਸ਼ਬਦ ਪਦ-ਛੇਦ ਕਰਕੇ ਹੀ ਲਿਖੇ ਹੋਏ ਹਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਸਬੰਧਤ ਜੋ ਜਪੁ-ਜੀ ਸਾਹਿਬ ਦਾ ਟੀਕਾ ਹੈ, ਉਹ ਵੀ ਪਦ-ਛੇਦ ਹੈ। ਜੇ ਉਹ ਕਰਣੀ ਵਾਲੇ ਵਿਦਵਾਨ ਸੱਜਣ ਅਜਿਹਾ ਉਪਕਾਰ ਨਾ ਕਰਦੇ ਤਾਂ ਸ਼ਾਇਦ ਅੱਜ ਸਾਨੂੰ ਪਦ-ਛੇਦ ਬੀੜਾਂ ਉਪਲਬਧ ਨਾ ਹੁੰਦੀਆਂ, ਜਿਨ੍ਹਾਂ ਦੀ ਬਦੌਲਤ ਸਾਡੇ ਅਜੋਕੇ ਬੱਚੇ ਬੱਚੀਆਂ ਗੁਰਬਾਣੀ ਦਾ ਪਾਠ ਕਰਨ ਦੀ ਹਿੰਮਤ ਕਰ ਰਹੇ ਹਨ। ਭਾਵੇਂ ਕਿ ਉਚਾਰਣ ਪੱਖੋਂ ਉਹ ਅਜੇ ਵੀ ਉਹ ਔਖ ਮਹਿਸੂਸ ਕਰਦੇ ਹਨ। ਕਿਉਂਕਿ, ਸਮੇਂ ਦੀ ਚਾਲ ਨਾਲ ਗੁਰਬਾਣੀ ਦਾ ਸ਼ਬਦ ਭੰਡਾਰ ਉਨ੍ਹਾਂ ਲਈ ਪੰਜ ਤੋਂ ਅੱਠ ਸਦੀਆਂ ਪੁਰਾਣਾ ਹੋ ਚੁੱਕਾ ਹੈ। ਗੁਰਬਾਣੀ ਦੀ ਵਿਆਕਰਣ ਅਤੇ ਪੰਜਾਬੀ ਦੀ ਅਜੋਕੀ ਵਿਆਕਰਣ ਵਿੱਚ ਬੜਾ ਅੰਤਰ ਆ ਗਿਆ ਹੈ। ਭਾਵੇਂ ਕਿ ਵਿਆਕਰਣ ਦੇ ਮੂਲਿਕ ਨੀਯਮਾਂ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ।

ਗੁਰਬਾਣੀ ਦੀਆਂ ਪਾਵਨ ਬੀੜਾਂ ਪਦ-ਛੇਦ ਛਪਾਈ ਹੋਣ ਦੇ ਬਾਵਜੂਦ ਵੀ ਅਜੋਕੇ ਪਾਠਕਾਂ ਨੂੰ ਇਹਦਾ ਪਠਨ-ਪਾਠ ਇਸ ਲਈ ਔਖਾ ਲਗਦਾ ਹੈ। ਕਿਉਂਕਿ, ਉਹ ਭਾਸ਼ਾ ਲਗਭਗ ਪੰਜ ਸੌ ਤੋਂ ਲੈ ਕੇ ਅੱਠ ਸੌ ਸਾਲ ਤੱਕ ਪੁਰਾਣੀ ਹੈ। ਗੁਰੂ ਸਾਹਿਬਾਨ ਵੇਲੇ ਗੁਰਬਾਣੀ ਨੂੰ ਪੜ੍ਹਣਾ ਤੇ ਸਮਝਣਾ ਪਾਠਕ ਸ਼ਰਧਾਲੂਆਂ ਲਈ ਇਤਨਾ ਮੁਸ਼ਕਲ ਨਹੀਂ ਸੀ। ਕਿਉਂਕਿ, ਬੋਲੀ ਜ਼ਮਾਨੇ ਦੇ ਹਾਣ ਦੀ ਸੀ। ਪਰ, ਫਿਰ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰਬਾਣੀ ਦੇ ਅਰਥ-ਭਾਵਾਂ ਨੂੰ ਸਮਝਾਉਣ, ਗੁਰਬਾਣੀ ਦਾ ਸ਼ੁਧ ਪਾਠ ਸਿਖਾਉਣ ਲਈ ਗੁਰਮੁਖੀ ਅਖਰਾਂ ਦਾ ਬੋਧ ਕਰਾਉਣ ਅਤੇ ਕੱਚੀ ਬਾਣੀ ਦੇ ਰਲੇ ਤੋਂ ਬਚਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਸਨ।

ਸ੍ਰੀ ਖਡੂਰ ਸਾਹਿਬ ਵਿਖੇ ‘ਗੁਰਦੁਆਰਾ ਥੜਾ ਸਾਹਿਬ` ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਉਹ ਯਾਦਗਰੀ ਅਸਥਾਨ ਹੈ, ਜਿਥੇ ਬੈਠ ਕੇ ਉਹ ਬੱਚਿਆਂ ਨੂੰ ਗੁਰਮੁਖੀ ਸਿਖਾ ਕੇ ਜਪੁ-ਜੀ ਸਾਹਿਬ ਤੇ ਹੋਰ ਬਾਣੀਆਂ ਦੇ ਸ਼ੁਧ ਪਾਠ ਦੀ ਸੰਥਿਆ ਦਿਆ ਕਰਦੇ ਸਨ। ਗੁਰਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ `ਚੋਂ ਇਸ ਪੱਖ ਨੂੰ ਉਜਾਗਰ ਕਰਨ ਲਈ ਬਹੁਤ ਪ੍ਰਮਾਣ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਤੋਂ ਇਹ ਵੀ ਸਿੱਧ ਹੁੰਦਾ ਕਿ ਭਗਤ ਬਾਣੀ ਦਾ ਸੰਗ੍ਰਹਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ ਸੀ ਅਤੇ ਇਹ ਸਾਰਾ ਰੂਹਾਨੀ ਖਜ਼ਾਨਾ ਇੱਕ ਤੋਂ ਦੂਜੇ ਗੁਰੂ ਰਾਹੀਂ ਗੁਰੂ ਅਰਜਨ ਸਾਹਿਬ ਜੀ ਤੱਕ ਪਹੁੰਚਾ। ਪਰ, ਗੁਰਬਾਣੀ ਦੇ ਸ਼ੁਧ ਉਚਾਰਣ ਪ੍ਰਤੀ ਵਿਸ਼ੇਸ਼ ਯਤਨ ਤਦੋਂ ਸ਼ੁਰੂ ਹੋਏ, ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਭਾਈ ਸਾਹਿਬ ਗੁਰਦਾਸ ਜੀ ਰਾਹੀਂ ਸੰਨ ੧੬੦੪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਢਲੀ ਬੀੜ ‘ਪੋਥੀ` ਸਾਹਿਬ ਦੀ ਸੰਪਾਦਨਾ ਕੀਤੀ।

ਗੁਰਦੇਵ ਜੀ ਦੇ ਇਸ ਪਰਉਪਕਾਰੀ ਉਪਰਾਲੇ ਪਿੱਛੋਂ ਗੁਰੂ ਜੀ ਦੇ ਆਦੇਸ਼ ਮੁਤਾਬਿਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹਰ ਰੋਜ਼ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਪਿੱਛੋਂ ਗੁਰਬਾਣੀ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਦੀ ਕਥਾ ਸ਼ੁਰੂ ਕੀਤੀ। ਉਹ ਕੋਈ ਸਾਖੀ ਪ੍ਰਮਾਣ ਨਹੀਂ ਦਿੰਦੇ। ਉਹ ਕੇਵਲ ਲਫ਼ਜ਼ਾਂ ਦਾ ਸ਼ੁਧ ਉਚਾਰਨ ਅਤੇ ਅਖਰੀ ਅਰਥ ਦਸਦੇ ਹੋਏ ਸੰਖੇਪ ਭਾਵਾਰਥ ਪ੍ਰਗਟਾਉਂਦੇ ਸਨ। ਉਥੇ ਸਮੇਂ ਦੇ ਰਿਵਾਜ਼ ਮੁਤਾਬਿਕ ਵਾਰਾਂ ਤੇ ਕਬਿੱਤ ਰਚ ਕੇ ਗੁਰਬਾਣੀ ਦੀ ਵਿਆਖਿਆ ਤੇ ਗੁਰਮਤਿ ਸਿਧਾਂਤਾਂ ਨੂੰ ਲਿਖਤੀ ਰੂਪ ਦੇਣ ਦਾ ਯਤਨ ਵੀ ਕੀਤਾ। ਇਹੀ ਕਾਰਣ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ।

ਸਤਿਗੁਰੂ ਸੱਚੇ ਪਾਤਸ਼ਾਹ ਸਮੇਂ ਸਮੇਂ ਗੁਰਬਾਣੀ ਦਾ ਸ਼ੁਧ ਪਾਠ ਸੁਣਦੇ ਅਤੇ ਇਸ ਪ੍ਰਤੀ ਉਤਸ਼ਾਹਤ ਕਰਨ ਲਈ ਇਨਾਮ ਵੀ ਬਖ਼ਸ਼ਦੇ। ਜੋ ਅਸ਼ੁਧ ਪਾਠ ਕਰਦਾ, ਉਸ ਨੂੰ ਤਾੜਣਾ ਵੀ ਕਰਦੇ। ਜਪੁ-ਜੀ ਸਾਹਿਬ ਜੀ ਦੇ ਸ਼ੁਧ ਪਾਠ ਬਦਲੇ ਮਹਾਬਲੀ ਜੋਧੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ (ਥੜਾ ਸਾਹਿਬ) ਤੋਂ ਭਾਈ ਗੁਪਾਲਾ ਜੀ ਨੂੰ ਇੱਕ ਇਰਾਕੀ ਘੋੜਾ ਤੇ ਹੋਰ ਕਈ ਤੋਹਫ਼ੇ ਇਨਾਮ ਵਜੋਂ ਦੇਣ ਦੀ ਘਟਨਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਕੇਸਗੜ ਸਾਹਿਬ ਜੀ ਦੇ ਅਸਥਾਨ `ਤੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ‘ਰਾਮਕਲੀ ਦਖਣੀ ਓਅੰਕਾਰ` ਨਾਮਕ ਬਾਣੀ ਦਾ ਅਸ਼ੁਧ ਪਾਠ ਕਰਦੇ ਗੁਰਸਿੱਖ ਨੂੰ ਤਾੜਣਾ ਕਰਨ ਦੀ ਸਾਖੀ ਉਪਰੋਕਤ ਤੱਥ ਦੇ ਅਕੱਟ ਪ੍ਰਮਾਣ ਹਨ। ਉਸ ਵਕਤ ਗੁਰਦੇਵ ਜੀ ਵੱਲੋਂ ਜੋ ਉਪਦੇਸ਼-ਮਈ ਵਿਸ਼ੇਸ਼ ਪ੍ਰੇਰਨਾ ਕੀਤੀ ਗਈ, ਉਹ ਵੀ ਸਦਾ ਯਾਦ ਰੱਖਣ ਯੋਗ ਹੈ। ਗੁਰਪ੍ਰਤਾਪ ਸੂਰਜ ਦੇ ਸ਼ਬਦਾਂ ਵਿੱਚ ਗੁਰਦੇਵ ਜੀ ਬੋਲੇ-

ਸਿਖਹੁ! ਸੁਨਹੁ ਸੀਖ ਇਹ ਮੇਰੀ। ਬਾਨੀ ਪਢਹੁ ਸ਼ੁਧ, ਗੁਰ ਕੇਰੀ।

ਪਢੈ ਮਹਾਤਮ ਲਹੈ ਬਸਾਲ। ਹਲਤ ਪਲਤ ਮਹਿ ਹੋਇ ਨਿਹਾਲ।

ਜੇ ਅਸ਼ੁਧ ਹੈ, ਪਢੀਐ ਸ਼ੁਧਿ ਕਰਿ। ਬਿਗਰੀ ਵਸਤ ਸੰਭਾਰਹਿਂ ਜਿਮ ਘਰਿ। (ਰੁੱਤ ੩, ਅਧਿ. ੩੪)

ਸੰਥਿਆ ਦੇ ਮੁਖ ਅੰਗ ‘ਪਦ-ਛੇਦ` ਬਾਰੇ ਨਿਸ਼ਾਨਦੇਈ ਕਰਦਿਆਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਦੀ ਟੀਕਾਕਾਰੀ ਤੇ ਵਿਆਖਿਆਕਾਰੀ ਦੇ ਇਤਿਹਾਸ ਵਿੱਚ ਅਜਿਹਾ ਉਪਕਾਰੀ ਉਪਰਾਲਾ ਸਭ ਤੋਂ ਪਹਿਲਾਂ ਸੋਢੀ ਮਿਹਰਬਾਨ ਜੀ ਨੇ ਕੀਤਾ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਤੋਂ ਪਿੱਛੋਂ ਉਦਾਸੀ, ਨਿਰਮਲੇ ਤੇ ਸੰਪਰਦਾਈ ਤੇ ਸਿੰਘ ਸਭਾ ਪ੍ਰਣਾਲੀ ਦੇ ਲਗਭਗ ਸਾਰੇ ਟੀਕਾਕਾਰਾਂ ਨੇ ਸ਼ਬਦਾਂ ਦੀਆਂ ਸੰਜੋਗਾਤਮਿਕ ਤੁਕਾਂ ਨੂੰ ਪਦ-ਛੇਦ ਕਰਕੇ ਹੀ ਲਿਖਿਆ। ਪਰ, ਗੁਰਬਾਣੀ ਦੇ ਸ਼ੁਧ ਉਚਾਰਣ ਅਤੇ ਵਿਆਖਿਆ ਨੂੰ ਗੁਰਮਤਿ ਦੀਆਂ ਸਿਧਾਂਤਕ ਲੀਹਾਂ `ਤੇ ਤੋਰਨ ਲਈ ਸਭ ਤੋਂ ਵੱਡਾ ਹੰਭਲਾ ਮਾਰਿਆ ਹੈ ਸਿੰਘ ਸਭਾਈ ਪ੍ਰਣਾਲੀ ਦੇ ਪ੍ਰੋਫੈਸਰ ਤੇਜਾ ਸਿੰਘ (੧੮੯੪-੧੯੫੮ ਈ.) ਤੇ ਪ੍ਰੋਫੈਸਰ ਸਾਹਿਬ ਸਿੰਘ ਜੀ (੧੮੯੩-੧੯੭੭ ਈ.) ਦੋ ਗੁਰਸਿੱਖ ਵਿਦਵਾਨਾਂ ਨੇ। ਕਿਉਂਕਿ, ‘ਗੁਰੂ ਗ੍ਰੰਥ ਦੀਆਂ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ` ਪ੍ਰੋ. ਤੇਜਾ ਸਿੰਘ ਜੀ ਹੁਰਾਂ ਸੰਨ ੧੯੨੫ ਵਿੱਚ ਲੱਭੇ ਤੇ ਸੰਨ ੧੯੨੬ ਵਿੱਚ ਪੁਸਤਕ ਦੇ ਰੂਪ ਵਿੱਚ ਛਾਪੇ। ਫਿਰ ਇਨ੍ਹਾਂ ਨੀਯਮਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ (ਸ਼ਬਦਾਰਥ) ਆਪ ਜੀ ਲਿਖਿਆ, ਜੋ ‘ਗੁਰ ਸੇਵਕ ਸਭਾ ਸ੍ਰੀ ਅੰਮ੍ਰਿਤਸਰ` ਦੇ ਨਾਂ ਹੇਠ ਪਹਿਲੀ ਵਾਰ ਛਪਿਆ, ਜਿਸ ਦੇ ਹੋਰ ਮੈਂਬਰ ਬਾਵਾ ਹਰਿਕ੍ਰਿਸ਼ਨ ਸਿੰਘ ਤੇ ਪ੍ਰੋ. ਨਰੈਣ ਸਿੰਘ ਸਨ। ਭਾਵੇਂ ਕਿ ਹੁਣ ‘ਸ਼ਬਦਾਰਥ` ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਛਾਪਿਆ ਜਾ ਰਿਹਾ ਹੈ।

‘ਗੁਰੂ ਗ੍ਰੰਥ ਦੀਆਂ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ` ਦੇ ਕਿਤਾਬਚੇ ਤੋਂ ਪ੍ਰਭਾਵਤ ਹੋ ਕੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੰਨ ੧੯੩੧ ਵਿੱਚ ੧੦੦੦ ਰੁਪੈ ਦਾ ਇਨਾਮ ਐਲਾਨਿਆ। ਸਿੱਟਾ ਇਹ ਨਿਕਲਿਆ ਪ੍ਰੋ. ਸਾਹਿਬ ਸਿੰਘ ਜੀ ਨੇ ਸੰਨ ੧੯੩੨ ਵਿੱਚ ‘ਗੁਰਬਾਣੀ ਵਿਆਕਰਣ` ਨਾਂ ਦੀ ਵਿਗਿਆਨਕ ਲੀਹਾਂ `ਤੇ ਵਿਸਥਾਰਤ ਪੁਸਤਕ ਰਚੀ। ਸੰਨ ੧੯੨੫ ਤੋਂ ੧੯੬੧ ਤੱਕ ੩੬ ਸਾਲਾਂ ਦੀ ਮਿਹਨਤ ਨਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਦੇ ਨਾਂ ਹੇਠ ਗੁਰਬਾਣੀ ਦੀ ਅਦੁੱਤੀ ਸਟੀਕ ਲਿਖੀ। ਸੰਥਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਟੀਕੇ ਦੀ ਪਹਿਲੀ ਤੇ ਵੱਡੀ ਵਿਸੇਸ਼ਤਾ ਇਹ ਸੀ ਕਿ ਸੰਪੂਰਣ ਬਾਣੀ ਨੂੰ ਪਦ-ਛੇਦ ਕਰਕੇ ਵਾਕ-ਵੰਡ ਲਈ ਤੁਕਾਂ ਵਿੱਚ ਵਿਸਰਾਮ ਚਿੰਨ ਕਾਮਾ (,) ਦੀ ਵਰਤੋਂ ਕੀਤੀ ਗਈ। ਪਦ-ਅਰਥ ਕਰਦਿਆਂ ਵਿਆਕਰਣਿਕ ਦ੍ਰਿਸ਼ਟੀ ਤੋਂ ਮਹਤਵਪੂਰਨ ਲਫ਼ਜ਼ਾਂ ਦੇ ਸ਼ੁਧ ਉਚਾਰਣ ਲਈ ਲੋੜੀਂਦੇ ਅਧਕ, ਟਿੱਪੀ ਤੇ ਬਿੰਦੀ ਲਗਾ ਕੇ ਲਿਖਣ ਦੀ ਹਿੰਮਤ ਵੀ ਕੀਤੀ।

ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ,
ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ, ਮੈਲਬਰਨ।




.