.

ਸਿਰਫ ਵਾਹਿਗੁਰੂ-ਵਾਹਿਗੁਰੂ ਜੱਪਣਾ ਸਿਮਰਨ ਨਹੀਂ ਹੈ।
-ਰਘਬੀਰ ਸਿੰਘ ਮਾਨਾਂਵਾਲੀ

ਅਕਸਰ ਹੀ ਗੁਰਮਤਿ ਸਬੰਧੀ ਸਮਾਗਮਾਂ ਵਿੱਚ ਧਾਰਮਿਕ ਸਟੇਜ਼ਾਂ ਉਤੇ ਕੀਰਤਨੀਏ, ਕਥਾਵਾਚਕ ਅਤੇ ਹੋਰ ਬੁਲਾਰੇ ਗੁਰਮਤਿ ਵਿਚਾਰਾਂ ਕਰਦੇ ਸੰਗਤ ਨੂੰ ਵਾਰ-ਵਾਰ ਏਹੀ ਕਹਿੰਦੇ ਹਨ, ‘ਭਾਈ ਨਾਮ ਜੱਪਿਆ ਕਰੋ, ਸਿਮਰਨ ਕਰਿਆ ਕਰੋ … ਸਿਮਰਨ ਕਰਨ ਨਾਲ ਹੀ ਮੁਕਤੀ ਮਿਲ ਸਕਦੀ ਹੈ। ਘਰ ਵਿੱਚ ਬਰਕਤਾਂ ਦੇ ਢੇਰ ਲਗਦੇ ਹਨ। ਵਿਗੜੇ ਕੰਮ ਸੌਰਦੇ ਹਨ। ਜਨਮਾਂ-ਜਨਮਾਂ ਦੀ ਮੈਲ ਲੱਥਦੀ ਹੈ। ਜੂਨਾਂ ਤੋਂ ਰਹਿਤ ਹੋਈਦਾ ਹੈ। ਦੁੱਖ ਦਲਿੱਦਰ ਦੂਰ ਹੁੰਦੇ ਹਨ।’
ਪਰ ਨਾਮ ਸਿਮਰਨ ਕੀ ਹੈ? ਕਿਵੇਂ ਜੱਪਣਾ ਹੈ? ਇਸ ਬਾਰੇ ਸਭ ਦੇ ਵਿਚਾਰ ਵੱਖੋ-ਵੱਖਰੇ ਹਨ। ਜਿਸ ਕਰਕੇ ਸੁਣਨ ਵਾਲੇ ਉਲਝ ਜਾਂਦੇ ਹਨ। ਅਕਸਰ ਹਰ ਕੋਈ ਆਖਦਾ ਹੈ ਕਿ ‘ਵਾਹਿਗੁਰੂ’ ਸ਼ਬਦ ਨੂੰ ਵਾਰ-ਵਾਰ ਬੋਲੋ …। ਇਸ ਦੀਆਂ ਮਾਲਾ ਫੇਰੋ … ਉਠਦੇ-ਬਹਿੰਦੇ ‘ਵਾਹਿਗੁਰੂ’ ਹੀ ਆਖੀ ਜਾਓ। ਸਮਾਧੀ ਲਾਓ … ਤੇ ‘ਵਾਹਿਗੁਰੂ … ਵਾਹਿਗੁਰੂ’ ਹੀ ਕਰੀ ਜਾਓ। ਕੋਈ ਗੁਰਬਾਣੀ ਦੇ ਕਿਸੇ ਇੱਕ ਸ਼ਬਦ ਦਾ ਪਾਠ ਸੰਗਤ ਨੂੰ ਵਾਰ-ਵਾਰ ਕਰਨ ਲਈ ਆਖਦਾ ਹੈ। ਕਈ ਕਥਾਵਾਚਕ ਅਤੇ ਕੀਰਤਨੀਏ ਅੱਖਾਂ ਮੀਟ ਕੇ ਕੀਰਤਨ ਕਰਨ ਤੋਂ ਪਹਿਲਾਂ ਸੰਗਤ ਨੂੰ ਦਸ-ਪੰਦਰਾਂ ਮਿੰਟ ਲਈ ਸਿਰਫ ‘ਵਾਹਿਗੁਰੂ’ ਸ਼ਬਦ ਦਾ ਰਟਨ ਹੀ ਕਰਵਾਉਂਦੇ ਹਨ। ਉਹ ਕਹਿੰਦੇ ਹਨ ਕਿ ਇਹ ਸਿਮਰਨ ਹੈ। ਕਈ ਡੇਰਿਆਂ ਦੇ ਸੰਤ-ਬਾਬੇ ਗੁਰਬਾਣੀ ਦਾ ਕੋਈ ਸ਼ਬਦ ਮੰਤਰ ਦੇ ਰੂਪ ਵਿੱਚ ਦੇ ਕੇ ਉਸ ਨੂੰ ਹਰ ਰੋਜ਼ 101 ਵਾਰ ਜੱਪਣ ਲਈ ਕਹਿੰਦੇ ਹਨ। ਆਖਦੇ ਹਨ, ਇਹ ਹੀ ਸਿਮਰਨ ਹੈ ਤੇ ਬਿਨ੍ਹਾਂ ਰੁਕੇ ਕਰੀ ਜਾਓ। ਉਹ ਇਸ ‘ਵਾਹਿਗੁਰੂ’ ਦੇ ਇੱਕ ਸ਼ਬਦ ਦੀ ਆੜ ਹੇਠਾਂ ਭੋਲੀ-ਭਾਲੀ ਸੰਗਤ ਨੂੰ ਗੁਰਬਾਣੀ ਵਿਚਾਰ, ਪਾਠ ਅਤੇ ਨਿਤਨੇਮ ਤੋਂ ਵਰਜਦੇ ਰਹਿੰਦੇ ਹਨ। ਉਹ ਗੁਰਬਾਣੀ ਨਾਲੋਂ ਸੰਗਤ ਨੂੰ ਤੋੜਦੇ ਹਨ ਤੇ ਇੱਕ ਸ਼ਬਦ ‘ਵਾਹਿਗੁਰੂ’ ਤੱਕ ਹੀ ਸੀਮਤ ਕਰ ਦਿੰਦੇ ਹਨ। ਭਲਾਂ ਜੇ ਗੁਰੂ ਸਾਹਿਬਾਨ ਇੱਕ ਸ਼ਬਦ ‘ਵਾਹਿਗੁਰੂ’ ਦੇ ਰੱਟਨ ਦਾ ਉਪਦੇਸ਼ ਦਿੰਦੇ ਤਾਂ ਉਹਨਾਂ ਨੂੰ 1430 ਪੰਨਿਆਂ ਵਾਲੀ ਬੀੜ ਲਿਖਣ ਦੀ ਕੀ ਜਰੂਰਤ ਸੀ? ਗੁਰੂ ਸਾਹਿਬਾਨਾਂ ਨੇ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਇਕੱਤਰ ਕਿਉਂ ਕੀਤੀ? ਇਕੱਤਰ ਕੀਤੀ ਸਾਰੀ ਬਾਣੀ ਨੂੰ ਜੁਗੋ-ਜੁਗ ਅਟੱਲ, ਦੀਨ ਦੁਨੀ ਦੇ ਸੱਚੇ ਪਾਤਿਸ਼ਾਹ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਕਿਉਂ ਦਿਤਾ? ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਉਸ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਉੱਚਾ, ਸੁੱਚਾ ਤੇ ਮਹਾਨ ਸੰਦੇਸ਼ ਹੈ। ਗੁਰੂ ਸਾਹਿਬਾਨ ਨੇ ਜਗਤ ਜਲੰਦੇ ਨੂੰ ਸ਼ਾਂਤੀ ਦੇਣ, ਭੁੱਲੜ ਤੇ ਅਗਿਆਨੀ ਲੋਕਾਂ ਨੂੰ ਸਿੱਧੇ ਮਾਰਗ `ਤੇ ਪਾਉਣ ਲਈ ਗੁਰਬਾਣੀ ਉਚਾਰਨ ਕੀਤੀ ਹੈ। ਗੁਰਬਾਣੀ ਹਰੇਕ ਸਿੱਖ ਨੂੰ ਜਨਮ, ਵਿਆਹ ਅਤੇ ਮੌਤ ਸਮੇਂ ਗੁਰਮਤਿ ਸਿਧਾਂਤ ਅਨੁਸਾਰ ਸੰਸਕਾਰ ਨਿਭਾਉਣ ਦਾ ਸੰਦੇਸ਼ ਦਿੰਦੀ ਹੈ। ਦੁਨੀਆਂ ਵਿੱਚ ਵਿਚਰਦਿਆਂ ਪ੍ਰਭੂ ਮਿਲਾਪ ਦਾ ਢੰਗ-ਤਰੀਕਾ ਦੱਸਿਆ ਗਿਆ ਹੈ।
ਭਾਈ ਗੁਰਦਾਸ ਜੀ ਨੇ ‘ਵਾਹਿਗੁਰੂ’ ਸ਼ਬਦ ਨੂੰ ਗੁਰਮੰਤ੍ਰ ਦੱਸਿਆ ਹੈ। ਪਰ ਕਿਤੇ ਵੀ ਇਹ ਨਹੀਂ ਕਿਹਾ ਕਿ ਵਾਰ-ਵਾਰ ਇਸ ਸ਼ਬਾਦ ਦਾ ਹੀ ਰਟਨ ਤੇ ਜੱਪਣਾ ਕਰਨਾ ਹੈ। ਸਗੋਂ ਉਹਨਾਂ ਨੇ ਵਾਰ-ਵਾਰ ਕਿਸੇ ਇੱਕ ਸ਼ਬਦ ਦਾ ਰਟਨ ਕਰਨ ਤੋਂ ਵਰਜਿਆ ਹੈ ਤੇ ਬੜੇ ਸੁੰਦਰ ਬਚਨ ਕੀਤੇ ਹਨ:-
ਖਾਂਡ ਖਾਂਡ ਕਹੈ ਜਿਹਬਾ ਨ ਸਵਾਦ ਮੀਠੋ ਆਵੋ॥
ਅਗਨਿ ਅਗਨਿ ਕਹੈ ਸੀਤ ਨ ਬਿਨਾਸੁ ਹੈ॥
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ॥
ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ॥
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸ ਹੈ॥
ਚੰਦੁ ਚੰਦੁ ਕਹੇ ਉਜਿਆਰੋ ਨ ਪ੍ਰਗਾਸ ਹੈ॥
ਤੈਸੇ ਗਿਆਨ ਗੋਸ਼ਟਿ ਕਹਤ ਨ ਰਹਤ ਪਾਵੈ॥
ਕਰਨੀ ਪ੍ਰਧਾਨ ਭਾਨ ਉਦਤਿ ਅਕਾਸੁ ਹੈ॥ ਭਾਈ ਗੁਰਦਾਸ ਜੀ ਕਬਿੱਤ 437

ਭਾਵ: ਹੇ ਭਾਈ ਅਮਲ ਕੀਤੇ ਬਿਨ੍ਹਾਂ ਕੇਵਲ ਰੱਟਾਂ ਲਾਉਣ ਨਾਲ ਕੁੱਝ ਪ੍ਰਾਪਤ ਨਹੀਂ ਹੋਣਾ। ਜਿਵੇਂ ਖੰਡ-ਖੰਡ ਕਹਿਣ ਨਾਲ ਮੂੰਹ ਦਾ ਸਵਾਦ ਮਿੱਠਾ ਨਹੀਂ ਹੋਣਾ। ਮੂੰਹ ਜ਼ਬਾਨੀ ਅੱਗ-ਅੱਗ ਕਹੀ ਜਾਉ ਅੱਗ ਦੀ ਗਰਮਾਇਸ਼ ਨਹੀਂ ਮਿਲਣੀ। ਵੈਦ-ਵੈਦ ਕਹਿਣ ਨਾਲ ਬੀਮਾਰ ਵਿਅਕਤੀ ਦਾ ਰੋਗ ਦੂਰ ਨਹੀਂ ਹੋ ਸਕਦਾ। ਰੁਪਏ-ਰੁਪਏ ਕਹਿਣ ਨਾਲ ਕਿਸੇ ਨੇ ਅਮੀਰ ਨਹੀਂ ਬਣ ਜਾਣਾ। ਮੂੰਹ ਜ਼ਬਾਨੀ ਚੰਦਨ-ਚੰਦਨ ਕਹਿਣ ਨਾਲ ਸੁਗੰਧੀ ਪੈਦਾ ਨਹੀਂ ਹੋਣੀ। ਚੰਦ-ਚੰਦ ਕਹਿਣ ਨਾਲ ਚਾਨਣ ਨਹੀਂ ਹੋਣਾ। ਇਸ ਤਰ੍ਹਾਂ ਲੋਕੀਂ ਬਹਿਸਾਂ ਬਹੁਤ ਕਰਦੇ ਹਨ। ਪਰ ਅਮਲੀ ਜੀਵਨ ਚੰਗਾ ਨਹੀਂ ਬਣਾਉਂਦੇ। ‘ਵਾਹਿਗੁਰੂ’ ‘ਵਾਹਿਗੁਰੂ’ ਬੜਾ ਕਰਦੇ ਹਨ। ਪਰ ਆਪਣਾ ਜੀਵਨ ਗੁਰਬਾਣੀ ਦੀ ਸਿੱਖਿਆ ਮੁਤਾਬਕ ਢਾਲ ਕੇ ਸੁਚੱਜੇ ਰਾਹ ਨਹੀਂ ਪੈਂਦੇ।
‘ਵਾਹਿਗੁਰ-ਵਾਹਿਗੁਰੂ’ ਕਹਿਣ ਨਾਲ ਅਸੀਂ ਪ੍ਰਭੂ ਮਿਲਾਪ ਦੇ ਯੋਗ ਨਹੀਂ ਬਣ ਸਕਦੇ। ਇਸ ਯੋਗ ਤਾਂ ਤੱਦ ਹੀ ਬਣ ਸਕਦੇ ਹਾਂ ਜੇ ਗੁਰਬਾਣੀ ਗਿਆਨ ਹਾਸਲ ਕਰਕੇ ਉਸ ਅਨੁਸਾਰ ਆਪਣੇ ਆਪ ਨੂੰ ਢਾਲੀਏ।
‘ਵਾਹਿਗੁਰੂ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ (ਵਾਹ-ਗੁਰੂ) ਦੇ ਰੂਪ ਵਿੱਚ ਆਇਆ ਹੈ। ਭੱਟਾਂ ਨੇ ਸਿਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰੀ ਗੁਰੂ ਰਾਮ ਦਾਸ ਜੀ ਦੀ ਉਸਤਿਤ ਕਰਦਿਆਂ ਉਹਨਾਂ ਨੂੰ ‘ਵਾਹਿ+ਗੁਰੂ’ ਆਖਿਆ ਹੈ।
ਜਿਵੇਂ ਬਾਕੀ ਧਰਮਾਂ ਵਿੱਚ ਪਰਮਾਤਮਾ ਨੂੰ ਕੋਈ ਗੌਡ ਕਹਿੰਦਾ ਹੈ, ਕੋਈ ਅੱਲ੍ਹਾ ਤੇ ਕੋਈ ਭਗਵਾਨ। ਇਸ ਤਰ੍ਹਾਂ ਹੀ ਸਿੱਖ ਅਕਾਲ ਪੁਰਖ ਨੂੰ ‘ਵਾਹਿਗੁਰੂ’ ਕਹਿੰਦੇ ਹਨ। ਪਰ ਸਿਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ ਕਈ ਹੋਰ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜਿਵੇਂ ਹਰਿ, ਰਾਮ, ਬੀਠੁਲ, ਮਾਧੋ, ਪ੍ਰਭ, ਨਰਾਇਣ, ਗੋਬਿੰਦ, ਭਗਵਾਨ, ਨਿਰੰਜਨ, ਨਿਰੰਕਾਰ, ਅਲਾਹ, ਖੁਦਾ, ਪਰਮੇਸ਼ਰ, ਨਰਪਤ, ਮੁਰਾਰੀ, ਦਮੋਦਰ, ਠਾਕੁਰ, ਗੋਪਾਲ, ਸੁਆਮੀ ਅਤੇ ਕੇਸਵਾ। ਸਵਾਲ ਪੈਦਾ ਹੁੰਦਾ ਹੈ ਕਿ ਅਕਾਲ ਪੁਰਖ ਨੂੰ ‘ਵਾਹਿਗੁਰੂ’ ਦੀ ਬਜਾਇ ਇਹਨਾਂ ਨਾਵਾਂ ਨਾਲ ਕਿਉਂ ਨਹੀਂ ਯਾਦ ਕੀਤਾ ਜਾਂਦਾ?
ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਸਿੱਖ ਦਾ ਨਿਸ਼ਾਨਾ, ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਤੋਂ ਮਨ ਨੂੰ ਮੋੜਨਾ ਅਤੇ ਪਰਮਾਤਮਾ ਦੇ ਪਿਆਰ ਨਾਲ ਜੋੜਨਾ ਰੱਖਿਆ ਹੈ। ਉਸ ਨਿਰੰਕਾਰ ਦਾ ਪਿਆਰ ਅਤੇ ਨਾਮ ਗੁਰਸਿੱਖ ਦੇ ਹਿਰਦੈ ਵਿੱਚ ਇਤਨਾ ਡੂੰਘਾ ਵਸ ਜਾਵੇ ਕਿ ਮਨ ਦਾ ਸੁਭਾਉ ਹੀ ਬਦਲ ਜਾਏ।
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ -4
ਭਾਵ: ਪਰਮਾਤਮਾ ਦੇ ਨਾਮ ਨਾਲ ਪ੍ਰੇਮ ਕਰਨਾ ਮਤਿ ਦੇ ਮਾੜੇ ਵਿਚਾਰ ਧੋ ਦਿੰਦਾ ਹੈ। ਨਾਉ ਨਾਲ ਪਿਆਰ ਪਾਉਣ ਕਰਕੇ ਵਿਕਾਰ ਆਪੇ ਹੀ ਬਾਹਰ ਨਿਕਲ ਜਾਂਦੇ ਹਨ। ਇਹ ਗੁਰਬਾਣੀ ਪੜ੍ਹ ਅਤੇ ਵਿਚਾਰ ਕੇ ਹੀ ਸੰਭਵ ਹੋ ਸਕਦਾ ਹੈ। ਸਿਰਫ ਵਾਰ-ਵਾਰ ‘ਵਾਹਿਗੁਰੂ-ਵਾਹਿਗੁਰੂ’ ਦਾ ਰਟਨ ਕਰਕੇ ਨਹੀਂ ਹੋ ਸਕਦਾ। ਨਾਮ ਦੀ ਪ੍ਰਾਪਤੀ ਗੁਰਬਾਣੀ ਨਾਲ ਮਨ ਜੋੜ੍ਹਿਆ ਹੁੰਦੀ ਹੈ। ਗੁਰਬਾਣੀ ਪੜ੍ਹਨਾ, ਸਮਝਣਾ, ਵਿਚਾਰ ਕਰਨਾ ਅਤੇ ਗੁਰਬਾਣੀ ਅਨੁਸਾਰ ਚੱਲਣਾ ਹੀ ਨਾਮ ਜੱਪਣਾ ਹੈ। ਸਤਿਗੁਰ ਜੀ ਸਪਸ਼ਟ ਕਰਦੇ ਹਨ ਕਿ:-
ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰ॥ -594
ਦਰਸ਼ਨ ਕਰਨ ਨਾਲ ਨਹੀਂ, ਗੁਰੂ ਸ਼ਬਦ ਨੂੰ ਵਿਚਾਰ ਕਰਨ ਨਾਲ ਹੀ ਮੁਕਤੀ ਹੋ ਸਕਦੀ ਹੈ। ਸ਼ਬਦ (ਗੁਰਬਾਣੀ) ਦੀ ਵੀਚਾਰ ਕਰਨ ਤੋਂ ਬਿਨ੍ਹਾਂ ਹਊਮੈ ਨਹੀਂ ਮਰਦੀ ਅਤੇ ਨਾ ਹੀ ਨਾਮ ਨਾਲ ਪਿਆਰ ਲਗਦਾ ਹੈ।
ਨਾਮ ਜੱਪਣਾ ਜਰੂਰੀ ਹੈ। ਪਰ ਕਿਸੇ ਸ਼ਬਦ (ਵਾਹਿਗੁਰੂ) ਨੂੰ ਵਾਰ-ਵਾਰ ਤੋਤਾ ਰਟਨ ਜਾਂ ਬੋਲਣਾ ਨਹੀਂ। ਨਾਮ ਜੱਪਣਾ ਤਾਂ ਪ੍ਰਭੂ ਨਾਲ ਪਿਆਰ ਕਰਨਾ ਤੇ ਆਪਣੇ ਚਿੱਤ ਨੂੰ ਉਸ ਨਾਲ ਜੋੜੀ ਰੱਖਣਾ ਹੈ। ਕਿਰਤ ਕਰਨੀ ਵੀ ਜਰੂਰੀ ਹੈ। ਕਿਰਤ ਕਰਦਿਆਂ ਆਪਣਾ ਚਿੱਤ ਪਰਮਾਤਮਾ ਨਾਲ ਜੋੜੀ ਰੱਖਣਾ, ਉਸ ਦੀ ਯਾਦ ਮਨ ਵਿੱਚ ਵਸਾਈ ਰੱਖਣੀ ਹੀ ਸੱਚਾ ਨਾਮ ਸਿਮਰਨ ਹੈ। ਭਗਤ ਕਬੀਰ ਜੀ, ਨਾਮ ਦੇਵ ਜੀ ਦੇ ਸੁੰਦਰ ਬਚਨਾਂ ਨੂੰ ਆਪਣੀ ਕਲਮ ਨਾਲ ਬਿਆਨ ਕਰ ਰਹੇ ਹਨ:-
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ -1375

ਸਮਾਧੀ ਲਾ ਕੇ ਮਾਲਾ ਫੇਰ ਕੇ ‘ਵਾਹਿਗੁਰੂ-ਵਾਹਿਗੁਰੂ’ ਰਟਨ ਕਰਨਾ ਨਿਰਾ ਪਾਖੰਡ ਹੈ ਤੇ ਸਮਾਂ ਅਜ਼ਾਂਈ ਗਵਾਉਣਾ ਹੈ। ਅੱਜ ਦੇ ਸਾਧ ਬਾਬੇ ਆਪਣੇ ਮਹਿਲਾਂ ਵਰਗੇ ਡੇਰਿਆਂ ਦੇ ਏਅਰ ਕੰਡੀਸ਼ਨ ਭੋਰਿਆਂ ਵਿੱਚ ਵੜ੍ਹ ਕੇ ਨਾਮ ਸਿਮਰਨ ਦਾ ਢਕਵੰਜ਼ ਕਰਦੇ ਹਨ। ਬਹੁਤ ਸਾਰੇ ਬਾਬਿਆਂ ਦੀ ਅਸਲੀਅਤ ਜੱਗ ਜ਼ਾਹਰ ਹੋਣ ਤੋਂ ਬਾਅਦ ਪਤਾ ਲੱਗਾ ਹੈ ਕਿ ਉਹ ਤਾਂ ਏਅਰ ਕੰਡੀਸ਼ਨ ਭੋਰਿਆਂ ਵਿੱਚ ਅਯਾਸ਼ੀਆਂ ਹੀ ਕਰਦੇ ਰਹੇ ਹਨ। ਨਾਮ ਸਿਮਰਨ ਦਾ ਤਾਂ ਸਿਰਫ ਬਹਾਨਾ ਹੀ ਸੀ।
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ-680
ਇਥੇ `ਚਰਨ’ ਦੇ ਅਰਥ ਕਿਸੇ ਸੰਤ ਗੁਰੂ ਦੇ ਉਂਗਲਾਂ ਵਾਲੇ ਪੈਰ ਨਹੀਂ। ਇਥੇ ਚਰਨ ਦਾ ਭਾਵ ਉਹਨਾਂ ਦੇ ਵੀਚਾਰ ਅਤੇ ਆਦੇਸ਼ ਨੂੰ ਹਿਰਦੇ ਵਿੱਚ ਵਸਾਉਣ ਦੀ ਇੱਛਾ ਹੈ।
ਹਿਰਦੈ ਚਰਣ, ਸਬਦੁ ਸਤਿਗੁਰ ਕੋ, ਨਾਨਕ ਬਾਂਧਿਓ ਪਾਲ-680
ਭਾਵ: ਉਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰ ਦੇ `ਚਰਨ’ ਭਾਵ ਵਿਚਾਰ ਅਤੇ ਹੁਕਮ ਵਸ ਜਾਂਦੇ ਹਨ, ਜਿਸ ਨੇ ਸਤਿਗੁਰ ਦੀ ਬਾਣੀ ਪੱਲੇ ਬੰਨ੍ਹ ਲਈ ਹੈ। ਜੇ ਬਾਣੀ ਹੀ ਨਹੀਂ ਪੜ੍ਹੋਗੇ ਤਾਂ ਇਹ ਸੰਭਵ ਹੀ ਨਹੀਂ ਹੋ ਸਕਦਾ।
ਯੋਗੀਆਂ ਅਤੇ ਪੁਰਾਤਨ ਸੰਤਾਂ ਨੇ ਮੰਤ੍ਰ ਜਾਪ ਨੂੰ ਜਾਂ ਕਿਸੇ ਗੁਪਤ ਸ਼ਬਦ ਦੇ ਰਟਣ ਨੂੰ ਅਤੇ ਗਿਣ-ਗਿਣ ਕੇ ਉਸ ਸ਼ਬਦ ਦੀਆਂ ਮਾਲਾਂ ਫੇਰਨ ਨੂੰ ਹੀ ਧਰਮ-ਕਰਮ ਮੰਨ ਲਿਆ ਸੀ। ਗੁਰੂ ਸਾਹਿਬਾਨ ਨੇ ਸਮਝਾਇਆ ਕਿ ਗੁਰਸਿੱਖ ਨੂੰ ਇਸ ਤਰ੍ਹਾਂ ਮਾਲਾ ਫੇਰ ਕੇ ਜਾਂ ਸਮਾਧੀ ਲਾ ਕੇ ਕਿਸੇ ਜਾਪ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਸਾਰੇ ਜਪ ਤਪ ਦਾ ਫਲ, ਗੁਰਬਾਣੀ ਕੀਰਤਨ ਕਰਨ ਤੇ ਸੁਣਨ ਅਤੇ ਗੁਰੂ ਦੇ ਹੁਕਮ (ਭਾਣੇ) ਵਿੱਚ ਜੀਵਨ ਜਿਊਣ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ।
ਜਪ ਤਪ ਸੰਜਮ ਕਰਮ ਧਰਮ, ਹਰਿ ਕੀਰਤਨੁ ਜਨਿ ਗਾਇਓ-498
ਜਪ, ਤਪ, ਸੰਜਮ ਅਤੇ ਸਾਰੇ ਕਰਮ-ਧਰਮ ਉਸ ਸੇਵਕ ਦੇ ਪੂਰੇ ਹੋ ਜਾਂਦੇ ਹਨ, ਜਿਸ ਨੇ ਗੁਰਬਾਣੀ ਕੀਰਤਨ ਗਾਇਆ ਹੈ। ਵਾਹਿਗੁਰੂ ਦੀ ਵਡਿਆਈ ਮਨ ਵਿੱਚ ਵਸਾਈ ਹੈ। ਅਕਾਲ ਪੁਰਖ ਦੀ ਸਿਫਤ ਸਲਾਹ ਕੀਤੀ ਹੈ।
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ॥ -88
ਉਸ ਮਨੁੱਖ ਨੂੰ ਸਾਰੇ ਜਪ, ਤਪ, ਸੰਜਮ ਦਾ ਫੱਲ ਮਿਲ ਜਾਂਦਾ ਹੈ। ਜੋ ਸਤਿਗੁਰ ਦੇ ਭਾਣੇ (ਹੁਕਮ) ਵਿੱਚ ਚਲਦਾ ਹੈ।
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ॥ ਜਬ ਲਗੁ ਗੁਰ ਕਾ ਸ਼ਬਦ ਨ ਕਮਾਹੀ॥ 1060
ਗੁਰੂ ਦੀ ਬਾਣੀ ਹੀ ਅਸਲੀ ਜਪ ਹੈ, ਹੋਰ ਕੋਈ ਜਪ ਤਪ ਨਹੀਂ ਹੈ।
ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਰਸਨਾ ਨਾਲ ਕਹਿਣਾ ਗੁਰਮਤਿ ਸਿਮਰਨ ਨਹੀਂ ਮੰਨਿਆ ਜਾਂਦਾ।
ਨਾਮ ਧਿਆਉਣ ਦਾ, ਸਿਮਰਨ ਕਰਨ ਦਾ, ਜਾਪ ਕਰਨ ਦਾ ਗੁਰਮਤਿ ਅਨੁਸਾਰ ਅਰਥ ਇਹੋ ਹੀ ਬਣਦਾ ਹੈ ਕਿ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣਾ, ਨਾਮ ਨਾਲ ਪਿਆਰ ਪਾਉਣਾ, ਵਿਕਾਰਾਂ ਨੂੰ ਮਨ ਵਿਚੋਂ ਕੱਢ ਕੇ ਸੁਚੱਜਾ ਜੀਵਨ ਗੁਰੂਬਾਣੀ ਦੇ ਅਨੁਸਾਰ ਢਾਲਣਾ, ਕੀਰਤਨ ਕਰਨਾ ਤੇ ਸੁਣਨਾ, ਬਾਣੀ ਪੜ੍ਹਨਾ, ਸਮਝਣਾ ਅਤੇ ਵੀਚਾਰਨਾ …. ਇਹ ਸਾਰੇ ਕਰਮ ਪ੍ਰਭੂ ਨਾਲ ਪ੍ਰੀਤ ਵਧਾਉਣ ਦੇ ਉਦਮ ਹਨ ਤੇ ਏਹੀ ਗੁਰਮਤਿ ਨਾਮ ਸਿਮਰਨ ਹੈ। ਇਸ ਗੁਰਮਤਿ ਸਿਧਾਂਤ ਨੂੰ ਛੱਡ ਕੇ ‘ਵਾਹਿਗੁਰੂ’ ਦਾ ਵਾਰ-ਵਾਰ ਰਟਨ ਕਰਨਾ, ‘ਵਾਹਿਗੁਰੂ’ ਜਾਪ ਦੇ ਕੀਰਤਨ, ਨਾਮ ਸਿਮਰਨ ਦੇ ਦੀਵਾਨ ਲਾਉਣੇ, ਜੋਗੀਆਂ ਵਾਲਾ ਕਰਮਕਾਂਡ ਹੈ। ਜੋ ਗੁਰਮਤਿ ਦੇ ਬਿਲਕੁਲ ਵਿਰੁੱਧ ਹੈ ਤੇ ਕੁਰਾਹੇ ਪਾਉਣ ਵਾਲਾ ਹੈ ਅਤੇ ਗੁਰਮਤਿ ਸਿਧਾਂਤ, ਗੁਰਮਤਿ ਗਿਆਨ ਅਤੇ ਗੁਰਮਤਿ ਸੋਝੀ ਤੋਂ ਦੂਰ ਕਰਨ ਵਾਲਾ ਹੈ।
ਗੁਰੂ ਸਾਹਿਬ ਦਾ ਫੁਰਮਾਨ ਹੈ ਕਿ “ਜਪਿ ਮਨ ਮੇਰੇ ਗੋਬਿੰਦ ਕੀ ਬਾਣੀ …॥ -192”
ਭਾਵ: ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਵੀ ਬਾਣੀ ਨੂੰ ਪੜ੍ਹਨਾ, ਸੁਣਨਾ, ਗਾਇਨ ਕਰਨਾ ਹੀ ਸਿਮਰਨ ਤੇ ਜੱਪਣਾ ਹੈ,
‘ਵਾਹਗਿਰੂ’ ਸ਼ਬਦ ਦਾ ਜਾਪ ਕਰਨ ਵਾਲੇ ਜ਼ਿਦੀ ਲੋਕ, ਸਾਧ-ਸੰਤ, ਬ੍ਰਹਮ ਗਿਆਨੀ, ਭਾਈ ਗਰੁਦਾਸ ਜੀ ਦੀਆਂ ਵਾਰਾਂ ਵਿੱਚੋਂ ਕੇਵਲ ਇੱਕ ਸ਼ਬਦ ਦੀ ਉਦਾਹਰਣ ਦਿੰਦੇ ਹੋਏ ‘ਵਾਹਿਗੁਰੂ’ ਸ਼ਬਦ ਦਾ ਸਿਮਰਨ ਕਰਨ `ਤੇ ਜ਼ੋਰ ਦਿੰਦੇ ਹਨ:-
ਵਾਹਿਗੁਰੂ ਗੁਰਮੰਤ੍ਰ ਹੈ, ਜਪਿ ਹਉਮੈ ਖੋਈ॥
ਪਰ ਭਾਈ ਗੁਰਦਾਸ ਜੀ ਨੇ ਜੋ ਆਪਣੀਆਂ ਵਾਰਾਂ ਵਿੱਚ ਬਾਬੇ ਨਾਨਕ ਦੀਆਂ ਪ੍ਰਚਾਰ ਫੇਰੀਆਂ ਦਾ ਜ਼ਿਕਰ ਕਰਦੇ ਹੋਏ ਸਤਿਨਾਮ ਦਾ ਜ਼ਿਕਰ ਕੀਤਾ ਹੈ ਉਸ ਨੂੰ ਅੱਖੌਂ-ਪਰੋਖੇ ਕਰ ਦਿੰਦੇ ਹਨ।
ਸਤਿਨਾਮੁ ਪੜ੍ਹ ਮੰਤ੍ਰ ਸੁਣਾਇਆ॥
ਸਤਿਨਾਮੁ ਦਾ ਚਕ੍ਰ ਚਲਾਇਆ॥
ਫਿਰ ਤਾਂ ਸਪਸ਼ਟ ਹੈ ਕਿ ਭਾਈ ਗੁਰਦਾਸ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨਾਂ ਤੇ ਸਿੱਖਾਂ ਨੇ ‘ਵਾਹਿਗੁਰੂ’ ਸ਼ਬਦ ਦਾ ਜਾਪ ਨਹੀਂ ਕੀਤਾ ਸੀ। ਕੀ ਉਹਨਾਂ ਦਾ ਜੀਵਨ ਵਿਅਰਥ ਗਿਆ ਹੈ? ਭਾਈ ਗੁਰਦਾਸ ਜੀ ਨਿਰਸੰਦੇਹ ਗੁਰਮਤਿ ਦੇ ਵਿਦਵਾਨ ਸਨ ਤੇ ਸਤਿਕਾਰਯੋਗ ਹਸਤੀ ਸਨ। ਪਰ ਕੀ ਭਾਈ ਗੁਰਦਾਸ ਜੀ ਦਾ ਹੁਕਮ ਗੁਰੂ ਸਾਹਿਬਾਨ ਦੇ ਹੁਕਮ ਤੋਂ ਉਪਰ ਹੈ? ?
ਸਿਮਰਨ ਦੇ ਅੱਖਰੀ ਅਰਥ ਹਨ, ਪਰਮਾਤਮਾ ਨੂੰ ਯਾਦ ਕਰਨਾ, ਚੇਤੇ ਰੱਖਣਾ ਆਦਿ। ਮਨੁੱਖ ਉਸ ਨੂੰ ਹੀ ਵਾਰ-ਵਾਰ ਯਾਦ ਕਰਦਾ ਹੈ ਜੋ ਉਸ ਨੂੰ ਆਪਣਾ ਪ੍ਰਤੀਤ ਹੋਵੇ। ਮਨ ਨੂੰ ਪਿਆਰਾ ਲੱਗੇ … ਮਨ ਉਸ ਦੀ ਚਾਹਤ ਕਰਦਾ ਹੈ ਤੇ ਏਹੀ ਚਾਹਤ ਯਾਦ ਬਣ ਜਾਂਦੀ ਹੈ। ਭਾਵ ਸਿਮਰਨ ਬਣ ਜਾਂਦੀ ਹੈ। ਮਾਤਾ-ਪਿਤਾ ਵਲੋਂ ਪ੍ਰਦੇਸ ਗਏ ਪੁੱਤਰ ਨੂੰ ਯਾਦ ਕਰਨਾ ਸਿਮਰਨ ਹੈ। ਪਿਆਰੇ ਪਤੀ ਤੋਂ ਵਿਛੜੀ ਇਸਤਰੀ ਪਤੀ ਨੂੰ ਚੇਤੇ ਕਰਕੇ ਸਮਾਂ ਗੁਜ਼ਾਰਦੀ ਹੈ। ਉਹ ਪਤੀ ਦਾ ਸਿਮਰਨ ਕਰਦੀ ਹੈ, ਬੇਬੇ ਨਾਨਕੀ ਲੁਕਾਈ ਦੀ ਭਲਾਈ ਲਈ ਉਦਾਸੀਆਂ ਤੇ ਗਏ ਵੀਰ ਨਾਨਕ ਨੂੰ ਯਾਦ ਕਰਦੀ ਉਸ ਦਾ ਸਿਮਰਨ ਕਰਦੀ ਹੈ। ਕਿਸੇ ਨੂੰ ਯਾਦ ਕਰਨਾ ਉਸ ਨਾਲ ਜੁੜਨ ਦਾ ਪ੍ਰਤੀਕ ਹੈ ਤੇ ਭੁਲਣਾ ਵਿਛੋੜੇ ਦਾ ਪ੍ਰਤੀਕ ਹੈ। ਕਿਸੇ ਨੇ ਮਾਤਾ-ਪਿਤਾ ਨੂੰ ਨਹੀਂ ਕਿਹਾ ਕਿ ਪੁਤਰ ਦੀ ਯਾਦ ਵਿੱਚ ਸਿਮਰਨ ਕਿਵੇਂ ਕਰਨਾ ਹੈ? ਪਤਨੀ ਨੇ ਵੀ ਕਿਸੇ ਤੋਂ ਨਹੀਂ ਪੁਛਿਆ ਕਿ ਉਸ ਨੇ ਪਤੀ ਨੂੰ ਕਿਵੇਂ ਯਾਦ ਕਰਨਾ ਹੈ? ਪਤੀ ਦਾ ਹਰ ਵਕਤ ਸਿਮਰਨ ਕਿਵੇਂ ਕਰਨਾ ਹੈ? ਜਿਸ ਨੂੰ ਮਿਲਣ ਲਈ ਹਿਰਦਾ ਤੜਫ ਉਠੇ ਉਸ ਦੀ ਯਾਦ ਹਮੇਸ਼ਾ ਮਨ ਵਿੱਚ ਬਣੀ ਰਹਿੰਦੀ ਹੈ। ਜਿਥੇ ਮਿਲਣ ਦੀ ਤੜਫ਼ ਨਹੀਂ ਉਥੇ ਯਾਦ ਜਾਂ ਸਿਮਰਨ ਕਦੀ ਚਿੱਤ ਚੇਤੇ ਵੀ ਨਹੀਂ ਹੋ ਸਕਦਾ। ਬਾਣੀ ਵਿੱਚ ਲਿਖਿਆ ਹੈ ਕਿ ਗੁਰੂ ਦੀ ਬਾਣੀ (ਸਿੱਖਿਆ) ਹੀ ਅਸਲੀ ਜਪ ਹੈ। ਹੋਰ ਕੋਈ ਨਹੀਂ। ਤਪੁ ਕਰਨੇ, ਸਰੀਰ ਨੂੰ ਬੇਲੋੜੇ ਕਸ਼ਟ ਦੇਣੇ, ਕਿਸੇ ਕੰਮ ਨਹੀਂ। ਗੁਰੂ ਮਤ ਲੈ ਕੇ ਸਮਾਜ ਸੇਵਾ ਕਰਨੀ ਹੀ ਸਹੀ ਤਪ ਹੈ ਸਹੀ ਸਿਮਰਨ ਹੈ।
ਜਦੋਂ 1740 ਵਿੱਚ ਦਰਬਾਰ ਸਾਹਿਬ ਵਿੱਚ ਮੱਸੇ ਰੰਗੜ ਨੇ ਮੰਦ ਕਰਤੂਤਾਂ ਕੀਤੀਆਂ ਤੇ ਇਸ ਦੀ ਭਿਣਕ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਲੱਗੀ ਤਾਂ ਉਹਨਾਂ ਮੱਸੇ ਰੰਗੜ ਨੂੰ ਸੋਧਣ ਦਾ ਸਿਮਰਨ ਕੀਤਾ ਤੇ ਕਾਮਯਾਬੀ ਹਾਸਲ ਕੀਤੀ, ਇਹ ਦੋਵੇਂ ਸੂਰਮੇ ‘ਨਾਮ ਸਿਮਰਨ’ ਦਾ ਖੇਖਣ ਨਹੀਂ ਸੀ ਕਰਦੇ, ਸਗੋਂ ਨਾਮ ਦੀ ਵਿਧੀ ਮੁਤਾਬਕ ਜੀਵਨ ਜਿਉ ਰਹੇ ਸਨ।
ਦਸਾਂ ਪਾਤਸ਼ਾਹੀਆਂ ਨੇ 239 ਸਾਲ ਦੇ ਕਰੀਬ ਗੁਰਮਤਿ ਪ੍ਰਚਾਰ ਕਰਕੇ ਇੱਕ ਸਮਰਥ ਤੇ ਆਪਾ ਕੁਰਬਾਨ ਕਰਨ ਵਾਲੀ ਕੌਮ ਪੈਦਾ ਕੀਤੀ। ਕਿਸੇ ਵੀ ਗੁਰੂ ਸਾਹਿਬਾਨ ਨੇ ਇੱਕ ਸ਼ਬਦ ‘ਵਾਹਿਗੁਰੂ’ ਦਾ ਰਟਨ ਨਹੀਂ ਸੀ ਕਰਵਾਇਆ। ਸਗੋਂ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹਨ-ਸੁਣਨ, ਵੀਚਾਰਨ ਤੇ ਬਾਣੀ ਅਨੁਸਾਰ ਜੀਵਨ ਢਾਲਣ ਦਾ ਹੁਕਮ ਕੀਤਾ ਸੀ। ਅਨੇਕਾਂ ਸਿੱਖਾਂ ਨੇ ਲਾਸਾਨੀਆਂ ਕਰੁਬਾਨੀਆਂ ਕੀਤੀਆਂ ‘ਵਾਹਿਗੁਰੂ’ ਦਾ ਰਟਨ ਕਰਕੇ ਨਹੀਂ ਬਲਕਿ ਗੁਰਬਾਣੀ ਦਾ ਗੁਰਮਤਿ ਸਿਧਾਂਤ ਆਪਣੇ ਜੀਵਨ ਵਿੱਚ ਲਾਗੂ ਕਰਕੇ …।
ਦਸ਼ਮੇਸ਼ ਪਿਤਾ ਦੇ ਲਾਡਲੇ, ਅੱਖਾਂ ਦੇ ਤਾਰੇ ਜਿਗਰ ਦੇ ਟੁਕੜੇ, ਮਾਤਾ ਸੁੰਦਰੀ ਜੀ ਦੀਆਂ ਲੋਰੀਆਂ ਵਿੱਚ ਪਲੇ, ਦਾਦੀ ਮਾਂ ਤੋਂ ਸ਼ੁਭ ਸਿਖਿਆਵਾਂ ਪ੍ਰਾਪਤ ਕਰਨ ਵਾਲੇ ‘ਨਿੱਕੀਆਂ ਜ਼ਿੰਦਾਂ’ ਛੋਟੇ ਸਾਹਿਬਜ਼ਾਦੇ ਵੱਡਾ ਸਾਕਾ ਵਰਤਾਉਣ ਵਕਤ ਕੇਵਲ ਸਤ ਸਾਲ ਤੇ ਨੌ ਸਾਲ ਦੇ ਸਨ, ਇੰਨੇ ਛੋਟੇ ਬਾਲਕਾਂ ਨੇ ਕਿਸ ਵਿਧੀ ਨਾਲ ਨਾਮ ਜਪਿਆ ਸੀ? ਕਿੰਨੀਆਂ ਕੁ ਸਮਾਧੀਆਂ ਲਾਈਆਂ ਸਨ? ਉਹ ਹਰ ਰੋਜ਼ ਕਿੰਨੇ ਪਹਿਰ ਨਾਮ ਸਿਮਰਨ ਕਰਦੇ ਹਨ? ਕਿੰਨੇ ਕੁ ਉਹਨਾਂ ਨੇ ਮੰਤਰ ਜਾਪ ਕੀਤੇ ਸਨ? ਕਿੰਨਾ ਕੁ ‘ਵਾਹਿਗੁਰੂ-ਵਾਹਿਗੁਰੂ’ ਕਰਿਆ ਸੀ? ਅਸਲ ਤੇ ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਗੁਰੂ ਘਰ ਦੇ ਉੱਚੇ ਤੇ ਸੁੱਚੇ ਅਸੂਲਾਂ ਦੀ ਸਮਝ ਆ ਗਈ ਸੀ।
ਭਾਈ ਸੁਬੇਗ ਸਿੰਘ ਦਾ ਬਾਰਾਂ-ਤੇਰਾਂ ਸਾਲ ਦਾ ਪੁੱਤਰ ਸ਼ਾਹਬਾਜ਼ ਸਿੰਘ ਜਿਸ ਨੂੰ ਜ਼ਾਲਮਾਂ ਨੇ ਚਰਖੜੀ `ਤੇ ਚਾੜ੍ਹ ਕੇ ਅਸਹਿ ਕਸ਼ਟ ਦੇ ਕੇ ਸ਼ਹੀਦ ਕੀਤਾ ਸੀ ਨੇ ਕਿਹੜਾ ਨਾਮ ਜੱਪਿਆ ਸੀ। ਉਸ ਬਾਲਕ ਨੂੰ ਤਾਂ ਮਾਤਾ-ਪਿਤਾ ਤੋਂ ਸਿੱਖੀ ਦੇ ਪਾਵਨ ਅਸੂਲਾਂ ਦੀ ਸਮਝ ਆ ਗਈ ਸੀ। ਗੁਰਮਤਿ ਸਿਧਾਂਤ ਉਸ ਦੇ ਰੋਮ-ਰੋਮ ਵਿੱਚ ਵਸ ਗਏ ਸਨ। ਏਹੀ ਨਾਮ ਸਿਮਰਨ ਹੈ।
ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਚੌਂਕੜਾ ਮਾਰ ਕੇ ਕਿਹੜਾ ਨਾਮ ਸਿਮਰਨ ਕੀਤਾ ਸੀ? ਉਹਨਾਂ ਨੇ ਤਾਂ ਇੰਦਰਾਂ ਗਾਂਧੀ ਨੂੰ ਪਾਪ ਦੀ ਕਰਾਰੀ ਸਜ਼ਾ ਦੇਣ ਦਾ ਸਿਮਰਨ ਕੀਤਾ ਸੀ। ਇਹਨਾਂ ਦੋਹਾਂ ਸੂਰਮਿਆਂ ਨੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ `ਤੇ ਹੋਏ ਹਮਲੇ ਤੋਂ ਬਾਅਦ ਹੀ ਖੰਡੇ ਦੀ ਪਾਹੁਲ ਲਈ ਸੀ। ਚੌਂਕੜੀਆਂ ਤੇ ਸਮਾਧੀਆਂ ਲਾ ਕੇ ਕਿਸੇ ‘ਵਾਹਿਗੁਰੂ’ ਸ਼ਬਦ ਦਾ ਰੱਟਨ ਨਹੀਂ ਸੀ ਕੀਤਾ।
ਭਾਈ ਸੁੱਖਾ ਤੇ ਜ਼ਿੰਦਾ ਨੇ ਭਾਰਤੀ ਫੌਜ ਦੇ ਮੁੱਖੀ ਜਨਰਲ ਵੈਦਿਆਂ ਨੂੰ ਸਜ਼ਾ ਦੇਣ ਦਾ ਸਿਮਰਨ ਕੀਤਾ ਸੀ। ਹੋਰ ਕੋਈ ਜਾਪ-ਸਿਮਰਨ ਉਹਨਾਂ ਨੇ ਸਿੱਖਿਆ ਹੀ ਨਹੀਂ ਸੀ।
ਸ਼੍ਰ: ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਅਜ਼ਾਦ ਕਰਾਉਣ ਦਾ ਸਿਮਰਨ ਕੀਤਾ ਸੀ। ਆਪਣਾ ਤਨ, ਮਨ, ਧਨ ਸਭ ਕੁੱਝ ਕੁਰਬਾਨ ਕਰ ਦਿਤਾ ਤੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ। ਇਹ ਹੋਣਹਾਰ ਸਮਝਦਾਰ ਤੇ ਦਲੇਰ ਨੌਜਵਾਨ ਕਿਹੜਾ ‘ਵਾਹਿਗੁਰੂ’ ਦਾ ਸਿਮਰਨ ਕਰਿਆ ਕਰਦੇ ਸਨ। ਭਾਈ ਦਿਲਾਵਰ ਸਿੰਘ ਨੇ ਵੱਡੀ ਕੁਰਬਾਨੀ ਕੀਤੀ। ਉਹਨੇ ਕਿੰਨਾ ਕੁ ‘ਵਾਹਿਗੁਰੂ’ ਦਾ ਰਟਨ ਕੀਤਾ ਸੀ?
ਗੁਰੂ ਸਾਹਿਬ ਗੁਰਬਾਣੀ ਰਾਹੀਂ ਜੋ ਹੁਕਮ ਕਰਦੇ ਹਨ, ਉਹਨਾਂ ਨੂੰ ਧਿਆਨ ਨਾਲ ਸੁਣਨਾ, ਪੜ੍ਹਨਾ ਤੇ ਫਿਰ ਗਹਿਰਾਈ ਨਾਲ ਸਮਝਣਾ ਹੈ। ਉਪਰੰਤ ਆਪਣੀ ਜ਼ਿੰਦਗੀ ਉਸ ਹੁਕਮ ਅਨੁਸਾਰ ਬਣਾਉਣ ਲਈ ਵਾਹ ਲਾ ਦੇਣੀ, ਹੀ ਅਸਲ ਸਿਮਰਨ ਹੈ। ਜੇ ਗੁਰਸਿੱਖ ਨੇ ਗੁਰੂ ਦਾ ਹੁਕਮ ਹੀ ਨਹੀਂ ਮੰਨਣਾ ਤਾਂ ਭਾਵੇਂ ਜਿੰਨੇ ਮਰਜ਼ੀ ਸਿਮਰਨ ਕਰੀ ਜਾਓ ਸਭ ਵਿਅਰਥ ਹਨ।
ਪਾਠ ਕਰੀ ਜਾਓ, ਮੰਤਰ ਪੜ੍ਹੀ ਜਾਓ, ਜਾਪ ਕਰੀ ਜਾਓ, ਸਮਾਧੀ ਲਾ ਕੇ ਨਾਮ ਸਿਮਰਨ ਜਾਂ ‘ਵਾਹਿਗੁਰੂ’ ਮੰਤਰ ਜਪੀ ਜਾਓ। ਪਰ ਕੰਮ ਕੋਈ ਨਾ ਕਰੋ … ਸਾਰੇ ਕੰਮ ‘ਵਾਹਿਗੁਰੂ’ ਜੀ ਆਪੇ ਸੰਵਾਰ ਦੇਣਗੇ। ਅਜਿਹਾ ਕਰਨ ਵਾਲੇ ਬਾਣੀ ਅਨੁਸਾਰ ਢਿੱਲੜ, ਆਲਸੀ, ਵਿਹਲੜ ਅਤੇ ਕੰਮ-ਚੋਰ ਹੁੰਦੇ ਹਨ। ਜੋ ਗੁਰੂ ਸਾਹਿਬਾਨ ਨੂੰ ਪ੍ਰਵਾਨ ਹੀ ਨਹੀਂ ਹਨ।
ਬਾਣੀ ਪੜ੍ਹਨ ਤੋਂ ਬਿਨ੍ਹਾਂ ਕੋਈ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਗੁਰਬਾਣੀ ਗਿਆਨ ਦਾ ਭੰਡਾਰ ਹੈ। ਗਿਆਨ ਆਰਾਧਿਆ ਜਾਂ ਜਪਿਆ ਨਹੀਂ ਜਾਂਦਾ। ਗਿਆਨ ਤਾਂ ਹਿਰਦੇ ਵਿੱਚ ਵਸਾਈਦਾ ਹੈ। ਗੁਰੂ ਦੀ ਦਿਤੀ ਮੱਤ ਨੂੰ ਸਮਝ ਕੇ, ਉਸੁ ਮੁਤਾਬਕ ਕੰਮ ਕਰੀਦਾ ਹੈ। ਗਿਆਨ ਨੂੰ ਕੋਈ ਜੱਪ ਨਹੀਂ ਸਕਦਾ। ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰ ਕੇ ਪੜ੍ਹਿਆ ਜਾਵੇ। ਜਦੋਂ ਸਮਝ ਆ ਗਈ ਤਾਂ ਮਨੁੱਖੀ ਮਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਪੜ੍ਹਿਆਂ ਹੀ ਮਨੁੱਖ ਗਿਆਨਵਾਨ ਤੇ ਬਿਬੇਕ ਬੁੱਧੀ ਦਾ ਧਾਰਨੀ ਹੋ ਸਕਦਾ ਹੈ। ‘ਵਾਹਿਗੁਰੂ-ਵਾਹਿਗੁਰੂ’ ਭਾਂਵੇਂ ਦਿਨ ਵਿੱਚ ਹਜ਼ਾਰਾਂ ਵਾਰੀ ਆਖੀ ਜਾਓ ਕੋਈ ਗਿਆਨ ਪ੍ਰਾਪਤੀ ਨਹੀਂ ਹੋ ਸਕਦੀ। ਗੁਰਬਾਣੀ ਦੇ ਗਿਆਨ ਰਾਹੀਂ ਹੀ ਨਿਰੰਕਰ ਦੀ ਸਮਝ ਪੈਂਦੀ ਹੈ। ਸ਼ਬਦ ਦਾ ਗਿਆਨ ਹੀ ਮਨੁੱਖ ਨੂੰ ਪ੍ਰਮੇਸ਼ਰ ਨਾਲ ਇਕ-ਮਿਕ ਕਰਦਾ ਹੈ।
ਕੀ ‘ਵਾਹਿਗੁਰੂ’ ਸ਼ਬਦ ਸਾਨੂੰ ਇਹ ਗਿਆਨ ਦਿੰਦਾ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨ੍ਹਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ। ਸਿੱਖ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣੀ ਹੈ। ਸਿੱਖ ਨੇ ਮੜ੍ਹੀਆਂ ਮਸੀਤਾਂ ਤੇ ਨਹੀਂ ਜਾਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ `ਤੇ ਜ਼ੁਲਮ ਨਹੀਂ ਕਰਨਾ। ਕਰਮਕਾਂਡ ਨਹੀਂ ਕਰਨੇ …। ਵਹਿਮਾਂ ਭਰਮਾਂ ਨੂੰ ਨਹੀਂ ਮੰਨਣਾ … ਕਿਰਤ ਕਰਨੀ ਹੈ ਤੇ ਲ਼ੋੜਵੰਦ ਦੀ ਮਦਦ ਕਰਨੀ ਹੈ। ਮਤ ਨੂੰ ਮਲੀਨ ਕਰਨ ਵਾਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ। ਆਪਣਾ ਚਰਿੱਤਰ ਉੱਚਾ ਰੱਖਣਾ ਹੈ। ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਵਿਕਾਰਾਂ ਨੂੰ ਕਿਵੇਂ ਦੂਰ ਕਰਨਾ ਹੈ? ਜਾਤਾਂ-ਪਾਤਾਂ ਨੂੰ ਨਹੀਂ ਮੰਨਣਾ ਹੈ। ਨਿਮਰਤਾ ਕਿਵੇਂ ਧਾਰਨ ਕਰਨੀ ਹੈ? ਨੇਕ ਇਨਸਾਨ ਕਿਵੇਂ ਬਣਨਾ ਹੈ? ਇਹ ਸਾਰਾ ਫਲਸਫਾ ਗੁਰਬਾਣੀ ਪੜ੍ਹਨ, ਸਮਝਣ ਅਤੇ ਵਿਚਾਰਨ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਬਾਣੀ ਪੜ੍ਹਨ ਨਾਲ ਜ਼ੁਲਮ ਨਾਲ ਟੱਕਰ ਲੈਣ ਦੀ ਸ਼ਕਤੀ ਤੇ ਪ੍ਰੇਰਨਾ ਮਿਲਦੀ ਹੈ, ਬਾਣੀ ਪੜ੍ਹਨ ਨਾਲ ਮਨ ਬਲਵਾਨ ਹੁੰਦਾ ਹੈ … ਬਾਣੀ ਪੜ੍ਹਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਸਿਰਫ ‘ਵਾਹਿਗੁਰੂ’ ਰਟਨ ਨਾਲ ਇਹ ਸਾਰਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ।
ਮਨੁੱਖੀ ਦੇਹੀ ਦੇ ਬਾਹਰੀ ਨੌ ਦਰਵਾਜ਼ੇ ਹਨ। ਦਸਵਾਂ ਦੁਆਰ (ਮਨ ਜਾਂ ਦਿਮਾਗ਼) ਗੁਪਤ ਹੈ। ਇਹ ਦਸਵਾਂ ਬੰਦ ਦਰਵਾਜ਼ਾ ਮਨ ਦਾ ਹੈ। ਇਹ ਖੋਲ੍ਹਣਾ ਔਖਾ ਹੈ। ਬਾਕੀ ਨੌ ਦਰਵਾਜ਼ੇ ਤਾਂ ਕੁਦਰਤੀ ਤੌਰ `ਤੇ ਖੁਲ੍ਹ ਜਾਂਦੇ ਹਨ। ਪਰ ਮਨ ਦੇ ਦਸਵੇਂ ਬੰਦ ਦਰਵਾਜ਼ੇ ਨੂੰ ਗੁਰੂ ਦੇ ਗਿਆਨ (ਪਵਿੱਤਰ ਬਾਣੀ) ਦੁਆਰਾ ਹੀ ਖੋਲ੍ਹਿਆ ਜਾ ਸਕਦਾ ਹੈ। ਸਿਰਫ ‘ਵਾਹਿਗੁਰੂ’ ਦਾ ਰਟਨ ਕਰਕੇ ਇਹ ਦਸਵਾਂ ਬੰਦ ਦਰਵਾਜ਼ਾ ਕਦੀ ਨਹੀਂ ਖੁਲ੍ਹ ਸਕਦਾ। ਜੋ ਸਿੱਖ ‘ਵਾਹਿਗੁਰੂ’ ਸ਼ਬਦ ਦੇ ਰਟਨ ਕਰਦੇ ਹਨ ਤੇ ਸਿਰਫ ਇਸ ਨਾਲ ਹੀ ਜੁੜੇ ਹੋਏ ਹਨ। ਉਹਨਾਂ ਦਾ ਇਹ ਦਰਵਾਜ਼ਾ ਬੰਦ ਹੀ ਰਹਿੰਦਾ ਹੈ। ਅਜਿਹੇ ਲੋਕ ਵਹਿਮਾਂ-ਭਰਮਾਂ, ਕਰਮਕਾਂਡਾਂ, ਮੜ੍ਹੀਆਂ ਮਸਾਣਾਂ, ਜਠੇਰਿਆਂ ਅਤੇ ਅਖੌਤੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਹਨ। ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ। ਜੋ ਲੋਕ ਡੇਰਿਆਂ `ਤੇ ਜਾਂਦੇ ਹਨ ਅਤੇ ਦੇਹਧਾਰੀ ਗੁਰੂਆਂ ਨਾਲ ਜੁੜੇ ਹੋਏ ਹਨ। ਉਹਨਾਂ ਦਾ ਇਹ ਦਸਵਾਂ ਦੁਆਰ ਦੇਹਧਾਰੀ ਗੁਰੂਆਂ ਨੇ ਸਦੀਵੀ ਤੌਰ `ਤੇ ਬੰਦ ਕਰ ਦਿਤਾ ਹੋਇਆ ਹੈ। ਡੇਰਿਆਂ ਵਾਲੇ ਸਾਧ-ਬਾਬੇ ਸੰਗਤ ਨੂੰ ‘ਵਾਹਿਗੁਰੂ’ ਸ਼ਬਦ ਜਾਂ ਹੋਰ ਮੰਤ੍ਰਾਂ ਨਾਲ ਹੀ ਜੋੜ ਰਹੇ ਹਨ। ਗੁਰਬਾਣੀ ਪੜ੍ਹਨ ਵਿਚਾਰਨ ਦੀ ਗੱਲ ਨਹੀਂ ਕਰਦੇ। ਡੇਰੇਦਾਰ ਜਾਣਦੇ ਹਨ ਕਿ ਜੇ ਲੋਕ ਗੁਰਬਾਣੀ ਪੜ੍ਹ ਕੇ ਗਿਆਨਵਾਨ ਹੋ ਗਏ ਅਤੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ ਗਏ ਤਾਂ ਉਹ ਸਾਧਾਂ ਨੂੰ ਅੱਖਾਂ ਵਿਖਾਉਣਗੇ ਅਤੇ ਡੇਰਿਆਂ `ਤੇ ਜਾਣਾ ਬੰਦ ਕਰ ਦੇਣਗੇ। ਫਿਰ ਡੇਰਿਆਂ ਵਿੱਚ ਸੁੰਨ ਵਰਤ ਜਾਏਗੀ।
ਜੇ ‘ਵਾਹਿਗੁਰੂ’ ਗੁਰਮੰਤ੍ਰ ਵਿੱਚ ਸ਼ਕਤੀਆਂ ਹਨ ਤਾਂ ਸਾਧ-ਬਾਬੇ ਇਸ ਮੰਤ੍ਰ ਨੂੰ ਜਪ ਕੇ ਕੈਂਸਰ ਅਤੇ ਹੋਰ ਲਾ-ਇਲਾਜ ਬੀਮਾਰੀਆਂ ਨਾਲ ਪੀੜਤ ਲੋਕਾਂ ਦਾ ਇਲਾਜ ਕਿਉਂ ਨਹੀਂ ਕਰਦੇ? ਵਾਹਿਗੁਰੂ ਦੇ ਜਾਪ ਦੀ ਸ਼ਕਤੀ ਨਾਲ ਪੰਜਾਬ ਵਿਚੋਂ ਨਸ਼ਾ ਖਤਮ ਕਿਉਂ ਨਹੀਂ ਕਰਦੇ? ਇਸ ਮੰਤ੍ਰ ਜਾਪ ਰਾਹੀਂ ਹੋ ਰਹੇ ਜ਼ੁਲਮਾਂ ਅਤੇ ਕਤਲਾਂ ਨੂੰ ਠੱਲ ਕਿਉਂ ਨਹੀਂ ਪਾਉਂਦੇ। ਇਸ ਮੰਤ੍ਰ ਜਾਪ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਕਿਉਂ ਨਾ ਰੋਕਿਆਂ। ਇਹ ਮੰਤ੍ਰ ਜਾਪ ਫਿਰ ਕਿਸ ਕੰਮ ਲਈ ਰੱਖਿਆ ਹੋਇਆ ਹੈ? ਅੱਤਵਾਦ ਦੀ ਸਮੱਸਿਆ ਤੇ ਭ੍ਰਿਸ਼ਟਾਚਾਰ ਨੂੰ ਕਿਉਂ ਨਹੀਂ ਮੰਤ੍ਰ ਜਾਪ ਰੋਕ ਰਿਹਾ? ਇਹ ਗਿਣਤੀਆਂ ਮਿਣਤੀਆਂ ਵਾਲਾ ਮੰਤ੍ਰ ਜਾਪ ਕਿਹੜੇ ਸਮੇਂ ਲਈ ਰੱਖਿਆ ਹੋਇਆ ਹੈ? ਇਹ ਕਦੋਂ ਵਰਤਣਾ ਹੈ? ਇਸ ਮੰਤ੍ਰ ਦਾ ਲੋਕਾਈ ਨੂੰ ਕੀ ਲਾਭ ਹੈ?
ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ॥ -515
ਹੇ ਭਾਈ! ਸਭ ਤੋਂ ਸ਼੍ਰੋਮਣੀ ਗੁਰੂ ਦਾ ਉਪਦੇਸ਼ ਗੁਰਬਾਣੀ ਹੈ। ਇਸ ਦੇ ਤੁਲ ਹੋਰ ਕੋਈ ਨਹੀਂ। ਇਹੀ ਨਿਰੰਕਾਰ ਦੀ ਸੋਝੀ ਕਰਾਉਂਦੀ ਹੈ।
ਚਾਹੀਦਾ ਤਾਂ ਇਹ ਹੈ ਕਿ ਜਿੰਨਾ ਵਕਤ ‘ਵਾਹਿਗੁਰੂ’ ਸ਼ਬਦ ਦਾ ਰਟਨ ਕਰਕੇ ਜਾਇਆ ਕੀਤਾ ਜਾਂਦਾ ਹੈ। ਘੱਟੋ-ਘੱਟ ਉਤਨਾ ਸਮਾਂ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹ ਕੇ ਵਿਚਾਰਿਆ ਜਾਂਦਾ। ਗੁਰਬਾਣੀ ਵਿਚਲੇ ਹੁਕਮਨਾਮਿਆਂ (ਸ਼ਬਦਾਂ) ਨੂੰ ਸਮਝ ਕੇ ਉਦਮੀ ਅਤੇ ਗਿਆਨਵਾਨ ਬਣਕੇ ਪੰਥ ਦੀ ਵਿਗੜੀ ਤਕਦੀਰ ਸੰਵਾਰਨ ਵਿੱਚ ਬਣਦਾ ਸਰਦਾ ਹਿੱਸਾ ਪਾਉਂਦੇ। ਗੁਰੂ ਸਾਹਿਬਾਨਾਂ ਨੇ ਖੁਦ ਸੁਆਸ-ਸੁਆਸ ਕਰਤਾਰ ਨੂੰ ਯਾਦ ਰੱਖਿਆ ਹੈ। ਉਮਰ ਭਰ ਪਰਉਪਕਾਰ ਕੀਤੇ ਹਨ। ਵਕਤ ਅਜਾਂਈ ਕਦੀ ਨਹੀਂ ਗਵਾਇਆ। ਕਿਸੇ ਵੀ ਗੁਰੂ ਸਾਹਿਬ ਨੇ ਸਮਾਧੀਆਂ ਲਾ ਕੇ ਵਾਹਿਗੁਰੂ ਦਾ ਰਟਨ ਨਹੀਂ ਸੀ ਕੀਤਾ। ਜੇ ਸਾਰੇ ਗੁਰੂ ਸਾਹਿਬਾਨਾਂ ਨੇ ਸਮਾਧੀਆਂ ਲਾਈਆਂ ਹੁੰਦੀਆਂ ਤਾਂ ਜੰਗਾਂ ਨਹੀਂ ਸੀ ਲੜੀਆਂ ਜਾ ਸਕਦੀਆਂ, ਜ਼ੁਲਮ ਦਾ ਨਾਸ਼ ਕਰਨ ਲਈ ਸੂਰਮਿਆਂ ਦੀ ਕੌਮ ਨਾ ਪੈਦਾ ਕੀਤੀ ਜਾ ਸਕਦੀ। ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੀ ਪਸਰੀ ਧੁੰਦ ਨੂੰ ਨਹੀਂ ਸੀ ਮਿਟਾਇਆ ਜਾ ਸਕਦਾ। ਰੂਹਾਨੀ ਅਤੇ ਧੁਰ ਕੀ ਬਾਣੀ ਨਾ ਰੱਚੀ ਜਾਂਦੀ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗਿਆਨ ਦਾ ਭੰਡਾਰ ਨਾ ਰੱਚਿਆ ਜਾਂਦਾ। ਲੰਮੀਆਂ ਯਾਤਰਾਵਾਂ ਕਰਕੇ ਲੁਕਾਈ ਦੀ ਭਲਾਈ ਨਾ ਕੀਤੀ ਜਾਂਦੀ।
ਜੋ ਗੁਰਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਨਾਲ ਸਿੱਖਿਆ ਮਿਲਦੀ ਹੈ ਉਹ ‘ਵਾਹਿਗੁਰੂ ਮੰਤ੍ਰ’ ਰਟਣ ਨਾਲ ਨਹੀਂ ਮਿਲਦੀ। ਹਰ ਸਿੱਖ ਦੀ ਇਹ ਕੋਸ਼ਿਸ਼ ਹੀ ਹੋਣੀ ਚਾਹੀਦੀ ਸੀ ਕਿ ਗੁਰਬਾਣੀ ਵਿਚਾਰ ਕੇ ਜੀਵਨ ਵਿਚੋਂ ਬੁਰਾਈਆਂ ਕੱਢ ਕੇ ਗੁਣਾਂ ਨਾਲ ਭਰਪੂਰ ਹੋ ਕੇ ਸਹੀ ਮਾਅਨਿਆਂ ਵਿੱਚ “ਖਾਲਸੇ” ਬਣਦੇ। ਸਿਰਫ ‘ਵਾਹਿਗੁਰੂ ਗੁਰਮੰਤ੍ਰ’ ਨੂੰ ਵਾਰ-ਵਾਰ ਰਟਣ ਨਾਲ ਗੁਰਮਤਿ ਦੀ ਸੋਝੀ ਨਹੀਂ ਆਉਣੀ। ਮਨੁੱਖੀ ਜੀਵਨ ਨੇ ਗੁਣਾਂ ਭਰਪੂਰ ਨਹੀਂ ਬਣਨਾ। ‘ਰਾਮ-ਰਾਮ’ ਤੇ ‘ਵਾਹਿਗੁਰੂ-ਵਾਹਿਗੁਰੂ’ ਜੱਪਣ ਵਾਲੇ ਨੇਕ ਇਨਸਾਨ ਨਹੀਂ ਬਣ ਸਕੇ। ਪਰਉਪਕਾਰੀ ਨਹੀਂ ਬਣ ਸਕੇ, ਨਿੱਡਰ ਨਹੀਂ ਬਣ ਸਕੇ। ਜ਼ੁਲਮ ਦਾ ਵਿਰੋਧ ਨਹੀਂ ਕਰ ਸਕੇ। ਵਿਕਾਰਾਂ, ਕਰਮਕਾਂਡਾਂ ਤੇ ਵਹਿਮਾਂ-ਭਰਮਾਂ ਨੂੰ ਨਹੀਂ ਤਿਆਗ ਸਕੇ। ਫਿਰ ਉਹ ਕਿਹੜੇ ਨਾਮ ਸਿਮਰਨ ਦਾ ਢੰਡੋਰਾ ਪਿੱਟ ਰਹੇ ਹਨ?
‘ਵਾਹਿਗੁਰੂ’ ਕਹਿਣਾ ਜਾਂ ਬੋਲਣਾ ਮਾੜਾ ਨਹੀਂ। ਪਰ ਸਿਰਫ਼ ‘ਵਾਹਿਗੁਰੂ’ ਨੂੰ ਹੀ ਸਿਮਰਨ ਤੇ ਨਾਮ ਸਮਝ ਲੈਣਾ ਮਹਾਂ ਭੁੱਲ ਹੈ। ਅਜਿਹੇ ਲੋਕ ਆਪਣੇ ਆਪ ਨੂੰ ਹਨੇਰੇ ਖੂਹ ਵਿੱਚ ਸੁੱਟ ਰਹੇ ਹਨ। ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ।
ਸਿਮਰਨ ਅਤੇ ਨਾਮ ਜੱਪਣ ਲਈ ਹਰ ਸਿੱਖ ਨੂੰ ਘਰ ਵਿੱਚ ਸ਼ਿਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਲਿਆ ਕੇ ਸਹਿਜ ਪਾਠ ਹਮੇਸ਼ਾ ਚਾਲੂ ਰੱਖਣਾ ਚਾਹੀਦਾ ਹੈ। ਗੁਰਬਾਣੀ ਦੇ ਅਰਥਾਂ ਨੂੰ ਸਮਝਣ ਲਈ ਡਾ: ਸਾਹਿਬ ਸਿੰਘ ਦੀਆਂ ਗੁਰੂ ਗ੍ਰੰਥ ਸਾਹਿਬ ਦਰਪਨ ਦੀ ਸਹਾਇਤਾ ਲੈਣੀ ਚਾਹੀਦੀ ਹੈ। ਹਰ ਸਿੱਖ ਨੂੰ ਨੇਮ ਨਾਲ ਨਿੱਤਨੇਮ ਕਰਨਾ ਚਾਹੀਦਾ ਹੈ। ਤੇ ਹਰ ਰੋਜ਼ ਨਿੱਤਨੇਮ ਦੇ ਇੱਕ ਸ਼ਬਦ ਦੇ ਅਰਥਾਂ ਨੂੰ ਪੜ੍ਹ ਕੇ ਸਮਝਣਾ ਅਤੇ ਮਨ ਵਿੱਚ ਵਸਾਉਣਾ ਚਾਹੀਦਾ ਹੈ। ਤਾਂ ਕਿ ਬਾਣੀ ਰਾਹੀਂ ਗੁਰੂ ਵਿਚਾਰਾਂ ਦੀ ਸਮਝ ਪੈ ਜਾਵੇ। ਜੇ ਬਾਣੀ ਦੀ ਸਮਝ ਹੀ ਨਹੀਂ ਹੈ, ਬਾਣੀ ਦੇ ਅਰਥਾਂ ਦੀ ਜਾਣਕਾਰੀ ਹੀ ਨਹੀਂ ਹੈ ਤਾਂ ਹਰ ਕਿਸਮ ਦਾ ਸਿਮਰਨ ਅਤੇ ਨਾਮ ਜੱਪਣਾ ਬੇਅਰਥ ਹੈ। ਬਾਹਰੀ ਖਾਲਸਾਈ ਪਹਿਰਾਵੇ ਦੇ ਨਾਲ-ਨਾਲ ਅੰਦਰਲਾ ਪਹਿਰਾਵਾ ਵੀ ਧਾਰਨ ਕਰਨਾ ਜਰੂਰੀ ਹੈ। ਫਿਰ ਹੀ ਨਾਮ ਸਿਮਰਨ ਦੀ ਪੌੜੀ ਚੜ੍ਹਿਆ ਜਾ ਸਕਦਾ ਹੈ ‘ਵਾਹਿਗੁਰੂ’ ਸ਼ਬਦ ਦਾ ਜਾਪ ਕਰਨ ਦੇ ਭਰਮ ਵਿੱਚ ਫਸ ਕੇ ਜੀਵਨ ਅਜਾਈਂ ਨਹੀਂ ਗਵਾਅ ਲੈਣਾ ਚਾਹੀਦਾ।
ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤ ਪਾਪਾਂ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥ ਜਿਹ ਗਿਆਨ ਪ੍ਰਗਾਸ, ਅਗਿਆਨੁ ਮਿਟੰਤੁ॥ -791
ਜਿਵੇਂ ਰਾਤ ਨੂੰ ਦੀਵਾ ਬਾਲ ਲਈਏ ਤਾਂ ਘਰ ਵਿਚੋਂ ਹਨੇਰਾ ਖ਼ਤਮ ਹੋ ਜਾਂਦਾ ਹੈ। ਇਸ ਤਰ੍ਹਾਂ (ਵਿਦਵਾਨਾਂ ਦਾ) ਧਾਰਮਿਕ ਸਾਹਿਤ ਪੜ੍ਹਨ ਅਤੇ ਵਿਚਾਰਨ ਨਾਲ ਮਨੁੱਖ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਸੂਰਜ ਚੜ੍ਹਨ ਨਾਲ ਚੰਦਰਮਾ ਗੁੰਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਥੇ ਗਿਆਨ ਪ੍ਰਗਟ ਹੋ ਜਾਵੇ ਉਥੇ ਅਗਿਆਨਤਾ ਦੌੜ ਜਾਂਦੀ ਹੈ। ਸੋ ਵਾਹਿਗੁਰੂ ਦਾ ਤੋਤਾ ਰਟਨ ਕਰਨ ਨਾਲੋਂ ਮਨੁੱਖ ਨੂੰ ਵੱਧ ਤੋਂ ਵੱਧ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹ ਕੇ ਗਿਆਨ ਹਾਸਲ ਕਰਨਾ ਚਾਹੀਦਾ ਹੈ। ਹਰ ਸਿੱਖ ਨੂੰ ਸੂਝਵਾਨ ਬਣਨ ਲਈ ਚੰਗੇ ਵਿਦਵਾਨਾਂ ਦਾ ਗੁਰਮਤਿ ਸਾਹਿਤ ਪੜ੍ਹਨਾ ਚਾਹੀਦਾ ਹੈ ਫਿਰ ਹੀ ਸਾਨੂੰ ਗੁਰਮਤਿ ਦੀ ਸੋਝੀ ਆ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਪੁਰਖ ਦੇ ਵਿਚਕਾਰ ਕੋਈ ਤੀਸਰਾ ਵਿਚੋਲਾ ਨਹੀਂ ਹੈ। ਦੇਹਧਾਰੀ ਗੁਰੂਆਂ ਦੇ ਮਗਰ ਲੱਗ ਕੇ ਆਪਣਾ ਮਨੁੱਖੀ ਜੀਵਨ ਅਜਾਂਈ ਨਹੀਂ ਗਵਾਉਣਾ ਚਾਹੀਦਾ। ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹ ਅਤੇ ਸਮਝ ਕੇ ਅਸੀਂ ਅਸਾਨੀ ਨਾਲ ਹੀ ਪ੍ਰਮਾਤਮਾ ਨਾਲ ਇੱਕ ਮਿਕ ਹੋ ਸਕਦੇ ਹਾਂ।
ਪਿੰਡ ਮਾਨ਼ਾਂਵਾਲੀ ਡਾਕ: ਚਾਚੋਕੀ ਤਹਿਸੀਲ ਫਗਵਾੜਾ
(ਕਪੂਰਥਲਾ) ਪੰਜਾਬ ਪਿੰਨ: 144632
ਮੋਬਾਇਲ: 88728-54500
.