.

ਭੱਟ ਬਾਣੀ-64

ਬਲਦੇਵ ਸਿੰਘ ਟੋਰਾਂਟੋ

ਸਵਈਏ ਮਹਲੇ ਪੰਜਵੇ ਕੇ ੫ ੴ ਸਤਿਗੁਰ ਪ੍ਰਸਾਦਿ।।

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ।।

ਜਿਸੁ ਸਿਮਰਤ ਦੁਰਮਤਿ ਮਲੁ ਨਾਸੀ।।

ਸਤਿਗੁਰ ਚਰਣ ਕਵਲ ਰਿਦਿ ਧਾਰੰ।।

ਗੁਰ ਅਰਜੁਨ ਗੁਣ ਸਹਜਿ ਬਿਚਾਰੰ।।

ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ।।

ਸਗਲ ਮਨੋਰਥ ਪੂਰੀ ਆਸਾ।।

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ।।

ਕਲ੍ਯ੍ਯ ਜੋੜਿ ਕਰ ਸੁਜਸੁ ਵਖਾਣਿਓ।।

ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ।।

ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ।।

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ।।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ।। ੧।।

(ਪੰਨਾ ੧੪੦੬-੦੭)

ਪਦ ਅਰਥ:- ਸਵਈਏ ਮਹਲੇ ਪੰਜਵੇ ਕੇ ੫ – ਗੁਰਮਤਿ ਵੀਚਾਰਧਾਰਾ ਨੂੰ ਹੂ-ਬਹੂ, ਇਨ-ਬਿਨ ਸਮਰਪਤ ਹੋ ਕੇ ਮਹਲੇ ਪੰਜਵੇਂ ਦੇ ਸਮੇਂ ਮਹਲੇ ਪੰਜਵੇਂ ਦੀ ਸੰਗਤ ਕਰਨ ਵਾਲੇ ਭੱਟ ਸਾਹਿਬਾਨ ਵੱਲੋਂ ਉਚਾਰਣ ਸਵਈਏ:-

ੴਸਤਿਗੁਰ ਪ੍ਰਸਾਦਿ।। – ਇਕੁ ਸਦੀਵੀ ਸਥਿਰ ਰਹਿਣ ਵਾਲੇ ਦੀ ਕ੍ਰਿਪਾ, ਬਖ਼ਸ਼ਿਸ਼ ਨੂੰ ਸਵੀਕਾਰਦਿਆਂ ਹੋਇਆਂ ਉਸ ਦੀ ਬਖ਼ਸ਼ਿਸ਼ ਸਦਕਾ। ਪ੍ਰਸਾਦਿ – ਕ੍ਰਿਪਾ, ਬਖ਼ਸ਼ਿਸ਼ ਸਦਕਾ। ਦੇਹਧਾਰੀ, ਅਵਤਾਰਵਾਦੀ ਪਰੰਪਰਾ ਦੇ ਰੱਬ ਹੋਣ ਦੇ ਭਰਮ ਉੱਪਰ ਕਾਲੀ ਲੀਕ। ਸਿਮਰੰ – ਸਿਮਰਨ ਨਾਲ। ਸੋਈ – ਸਰਬ-ਵਿਆਪਕ। ਪੁਰਖੁ – ਕਰਤਾ ਪੁਰਖ। ਅਚਲੁ – ਜੋ ਚਲਾਏਮਾਨ ਨਹੀਂ ਹੈ। ਅਬਿਨਾਸੀ – ਜੋ ਨਾਸ਼ਵਾਨ ਨਹੀਂ। ਜਿਸ ਸਿਮਰਤ – ਜਿਸ ਨੂੰ ਸਿਮਰਨ ਨਾਲ। ਦੁਰਮਤਿ – ਖੋਟੀ ਮਤ। ਦੁਰਮਤਿ ਮਲੁ – (ਅਵਤਾਰਵਾਦੀ) ਖੋਟੀ ਮੈਲੀ ਮਤ। ਨਾਸੀ – ਨਾਸ਼ ਹੋ ਗਈ, ਖ਼ਤਮ ਹੋ ਗਈ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਕਰਤਾ। ਚਰਣ – ਝੁਕਣ ਦੀ ਕਿਰਿਆ। ਕਵਲ – ਨਿਰਲੇਪਤਾ ਦਾ ਪ੍ਰਤੀਕ। ਰਿਦਿ – ਹਿਰਦੇ ਅੰਦਰ। ਧਾਰੰ – ਧਾਰਨਾ ਚਾਹੀਦਾ ਹੈ, ਵਸਾਉਣਾ ਚਾਹੀਦਾ ਹੈ। ਗੁਰ – ਕਰਤੇ ਦੀ ਬਖ਼ਸ਼ਿਸ਼ ਗਿਆਨ। ਗੁਣ – ਗੁਣ। ਸਹਜਿ – ਅਡੋਲ। ਬਿਚਾਰੰ – ਵੀਚਾਰਨ ਕਰਕੇ। ਕੀਅਉ ਪ੍ਰਗਾਸਾ – ਗਿਆਨ ਦਾ ਪ੍ਰਕਾਸ਼ ਹੋਇਆ। ਸਗਲ – ਸਮੁੱਚੇ। ਮਨੋਰਥ – ਕਾਜ। ਪੂਰੀ – ਪੂਰਨ। ਆਸਾ – ਆਸ। ਤੈ – ਤੋਂ। ਜਨਮਤ – ਜਨ ਅਤੇ ਮਤ ਦੋ ਸ਼ਬਦਾਂ ਦੇ ਸੁਮੇਲ ਹੈ, ਜਨ – ਕਰਤੇ ਤੋਂ ਕੁਰਬਾਨ ਜਨ। ਮਤ – ਕਰਤੇ ਦਾ ਮੱਤ, ਗਿਆਨ। ਜਨਮਤ – ਇਨਕਲਾਬੀ ਜਨਾਂ ਦਾ ਮੱਤ। ਗੁਰਮਤਿ – ਗਿਆਨ। ਬ੍ਰਹਮੁ – ਬ੍ਰਹਮ, ਕਰਤਾ। ਪਛਾਣਿਓ – ਪਛਾਣਿਆ। ਕਲ੍ਯ੍ਯ - ਇਹ ਸ਼ਬਦ ਸੰਸਕ੍ਰਿਤ ਦੇ ‘ਕਲਹ` ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਝਗੜਾ ਜਾਂ ਕਲੇਸ਼ (ਭਾਵ ਪੁਆੜੇ ਦੀ ਜੜ੍ਹ)। ਗੁਰਬਾਣੀ ਵਿੱਚ ਇਸ ਸ਼ਬਦ ਨੂੰ ‘ਕਲਿ` ਰੂਪ ਵਿੱਚ ਵਰਤਦਿਆਂ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਕ੍ਰੋਧ ਦਾ ਮੂਲ ਆਧਾਰ ਮੰਨ ਕੇ ਦਇਆ ਤੋਂ ਸੱਖਣਾ ਦੱਸਿਆ ਹੈ। "ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ।। " (ਗੁਰੂ ਗ੍ਰੰਥ, ਪੰਨਾ ੧੩੫੮)। ਕਲ੍ਹ-ਕਲਹ - ਅਗਿਆਨਤਾ (ਅਵਤਾਰਵਾਦ ਦੀ ਅਗਿਆਨਤਾ ਦਾ ਝਗੜਾ)। ਜੋੜਿ ਕਰ – ਨਾਲ ਜੋੜ ਕੇ। ਸੁਜਸੁ – ਉਸ ਕਰਤੇ ਦਾ ਜੱਸ ਭਾਵ ਉਸਤਤ। ਸੁ – ਉਸ। ਜਸੁ – ਜੱਸ, ਪ੍ਰਚਾਰ। ਵਖਾਣਿਓ – ਕਰਨਾ। ਭਗਤਿ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ ਇਨਕਲਾਬੀ ਪੁਰਸ਼ਾਂ ਨੇ। ਜੋਗ – ਉੱਤਮ। ਕੌ – ਨੂੰ। ਜੈਤਵਾਰੁ – ਜਿੱਤਣ ਵਾਲੇ, ਫਤਿਹ ਪਾਉਣ ਵਾਲੇ। ਹਰਿ – ਹਰੀ। ਜਨਕੁ – ਜੀਵਾਂ ਨੂੰ ਜੀਵਨ ਦੇਣ ਵਾਲਾ, ਜਨਮ ਦਾਤਾ। ਹਰਿ ਜਨਕੁ ਉਪਾਯਉ – ਹਰੀ ਜੋ ਜੀਵਾਂ ਦਾ ਜਨਮ ਦਾਤਾ ਹੈ, ਉੱਤਪਤੀ ਕਰਨ ਵਾਲਾ ਹੈ। ਸਬਦੁ ਗੁਰੂ – ਕਰਤੇ ਦੀ ਬਖ਼ਸ਼ਿਸ਼ ਗਿਆਨ। ਪਰਕਾਸਿਓ – ਪ੍ਰਕਾਸ਼ ਹੋਇਆ। ਹਰਿ ਰਸਨ ਬਸਾਯਉ – ਆਪਣੀ ਰਸਨਾ `ਤੇ ਸੱਚ ਰੂਪ ਹਰੀ ਨੂੰ ਵਸਾਇਆ। ਗੁਰ – ਕਰਤੇ ਦੀ ਬਖ਼ਸ਼ਿਸ਼ ਗਿਆਨ। ਲਾਗਿ – ਜੁੜ ਕੇ। ਉਤਮ – ਉੱਤਮ। ਪਦੁ – ਪੈੜਾਂ, ਪੂਰਨੇ। ਪਾਯਉ - ਪਾਏ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਕਰਕੇ। ਅਰਜੁਨੁ – ਅਰਜਨ ਜੀ ਦੇ ਵੱਲੋਂ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਨ ਨਾਲ। ਭਗਤ – ਇਨਕਲਾਬੀ ਪੁਰਸ਼। ਉਤਰਿ ਆਯਉ – ਪੈਦਾ ਹੋਇਆ।

ਅਰਥ:- ਹੇ ਭਾਈ! ਉਸ ਸਰਬ-ਵਿਆਪਕ ਕਰਤੇ ਨੂੰ ਹੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜੋ ਚਲਾਏਮਾਨ ਅਤੇ ਨਾਸ਼ਮਾਨ ਨਹੀਂ ਹੈ। ਜਿਸ ਨੂੰ ਯਾਦ ਰੱਖਣ ਨਾਲ ਹੀ ਦੁਰਮਤਿ (ਅਵਤਾਰਵਾਦ) ਦੀ ਖੋਟੀ, ਮੈਲੀ ਮੱਤ ਖ਼ਤਮ ਹੋ ਸਕਦੀ ਹੈ। ਇਸ ਲਈ ਉਸ ਸਦੀਵੀ ਸਥਿਰ ਰਹਿਣ ਵਾਲੇ ਅੱਗੇ ਝੁਕ ਕੇ ਇਸ ਨਿਰਲੇਪ ਵੀਚਾਰਧਾਰਾ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦੇ ਗੁਣਾਂ ਨੂੰ ਅਡੋਲ ਅਰਜਨ ਦੇਵ ਜੀ ਵੱਲੋਂ ਵੀਚਾਰਨ ਨਾਲ ਰਾਮਦਾਸ ਜੀ ਦੇ ਘਰ ਵਿੱਚ ਉਨ੍ਹਾਂ ਤੋਂ ਅੱਗੇ ਗਿਆਨ ਦਾ ਪ੍ਰਕਾਸ਼ ਹੋਇਆ ਜਿਸ ਪ੍ਰਕਾਸ਼ ਨਾਲ ਸਮੁੱਚੇ ਕਾਰਜ ਦੇ ਸੰਪੂਰਣ ਹੋਣ ਦੀ ਆਸ ਹੋਈ ਹੈ। ਕਿਉਂਕਿ ਉਨ੍ਹਾਂ ਨੇ ਇਨਕਲਾਬੀ ਜਨਾਂ ਦੇ ਮੱਤ ਬ੍ਰਹਮ ਦੇ ਉੱਤਮ ਗਿਆਨ ਨੂੰ ਪਛਾਣਿਆ ਹੈ ਜੋ (ਕਰਮ-ਕਾਂਡੀਆਂ ਵੱਲੋਂ) ਅਗਿਆਨਤਾ ਕਾਰਨ ਕ੍ਰੋਧ ਦੇ ਮੂਲ ਦਇਆ ਤੋਂ ਸੱਖਣੇ (ਅਵਤਾਰਵਾਦ) ਨੂੰ ਹੀ ਉਹ ਕਰਤਾ ਦੱਸ ਕੇ ਉਸ ਦਾ ਪ੍ਰਚਾਰ ਕੀਤਾ ਜਾਂਦਾ ਸੀ (ਨੂੰ ਦੁਰਕਾਰਿਆ)। ਇਸ ਉੱਤਮ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲਿਆਂ ਨੇ ਕਰਮ-ਕਾਂਡੀ ਵੀਚਾਰਧਾਰਾ `ਤੇ ਫਤਿਹ ਪ੍ਰਾਪਤ ਕੀਤੀ ਅਤੇ ਇਹ ਦਰਸਾਇਆ ਕਿ ਹਰੀ ਹੀ ਸਾਰੇ ਜੀਵਾਂ ਦਾ ਜਨਮ ਦਾਤਾ ਭਾਵ ਆਪ ਪੈਦਾ ਕਰਨ ਵਾਲਾ ਹੈ (ਅਵਤਾਰਵਾਦ ਦੀ ਕੋਈ ਅਹਿਮੀਅਤ ਨਹੀਂ ਹੈ)। ਇਸ ਆਤਮਿਕ ਗਿਆਨ ਦੀ ਸੂਝ ਦਾ ਜਿਨ੍ਹਾਂ ਨੂੰ ਪ੍ਰਕਾਸ਼ ਹੋਇਆ, ਉਨ੍ਹਾਂ ਨੇ ਇਸ ਸੱਚ ਨੂੰ ਆਪਣੀ ਰਸਨਾਂ ਉੱਪਰ ਵਸਾਇਆ। ਉਸ ਇਕੁ ਦੀ ਬਖ਼ਸ਼ਿਸ਼ ਗਿਆਨ ਨਾਲ ਨਾਨਕ ਦੇਵ ਜੀ, ਅੰਗਦ ਦੇਵ ਜੀ ਅਤੇ ਅਮਰਦਾਸ ਜੀ ਨੇ ਜੁੜ ਕੇ ਇਸ ਉੱਤਮ ਗਿਆਨ ਦੇ ਪੂਰਨੇ ਪਾਏ। ਇਸੇ ਤਰ੍ਹਾਂ (ਰਾਮਦਾਸ ਜੀ ਦੇ ਘਰਿ) ਇਨ੍ਹਾਂ ਗਿਆਨ ਦੇ ਪੂਰਨਿਆਂ `ਤੇ ਚੱਲ ਕੇ ਅਰਜਨ ਦੇਵ ਜੀ ਵੱਲੋਂ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ ਰਾਮਦਾਸ ਜੀ ਦੇ ਘਰਿ ਕਰਤੇ ਦੀ ਬਖ਼ਸ਼ਿਸ਼ ਗਿਆਨ ਨਾਲ ਭਗਤ-ਇਨਕਲਾਬੀ ਪੁਰਸ਼ ਪੈਦਾ ਹੋਏ।

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ।।

ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜਾੑਯਉ।।

ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ।।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ।। ੨।।

(ਪੰਨਾ ੧੪੦੭)

ਪਦ ਅਰਥ:- ਬਡਭਾਗੀ – ਖ਼ੁਸ਼ਕਿਸਮਤ, ਖ਼ੁਸ਼ਹਾਲ। ਉਨਮਾਨਿਅਉ – ਉਨ੍ਹਾਂ ਜਿਨ੍ਹਾਂ ਨੇ ਮੰਨਿਆ। ਰਿਦਿ – ਹਿਰਦੇ ਵਿੱਚ। ਸਬਦੁ – ਗਿਆਨ ਨੂੰ। ਬਸਾਯਉ – ਵਸਾਇਆ। ਮਨੁ – ਮੰਨ ਕੇ। ਮਾਣਕੁ – ਵਡਮੁੱਲਾ। ਸੰਤੋਖਿਅਉ – ਆਪਣੇ ਆਪ ਨੂੰ ਟਿਕਾਉ ਵਿੱਚ ਲਿਆਂਦਾ। ਗੁਰਿ – ਗਿਆਨ ਨੂੰ ਅੱਗੇ। ਨਾਮੁ – ਸੱਚ ਨੂੰ ਦ੍ਰਿੜ੍ਹ ਕਰਨਾ। ਦ੍ਰਿੜਾੑਯਉ – ਹੋਰਨਾਂ ਨੂੰ ਦ੍ਰਿੜ੍ਹ ਕਰਵਾਇਆ। ਸਤਿਗੁਰਿ – ਗਿਆਨ ਨੂੰ ਸਤਿਗੁਰ ਦੀ ਬਖ਼ਸ਼ਿਸ਼। ਦਰਸਾਯਉ – ਦਰਸਾਇਆ। ਗੁਰੁ – ਗਿਆਨ ਨੂੰ ਦ੍ਰਿੜ੍ਹ ਕਰ ਲੈਣ ਦੇ ਨਾਲ। ਅਰਜੁਨੁ – ਅਰਜਨ ਦੇਵ ਜੀ ਨੇ ਗਿਆਨ ਨੂੰ। ਘਰਿ –ਘਰ ਵਿੱਚੋਂ। ਗੁਰ – ਗਿਆਨ ਦੀ ਬਖ਼ਸ਼ਿਸ਼। ਅਨਭਉ – ਅਨੁਭਵ। ਠਹਰਾਯਉ – ਟਿਕਾਇਆ।

ਅਰਥ:- ਹੇ ਭਾਈ! ਜਿਨ੍ਹਾਂ ਨੇ ਗਿਆਨ ਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਵਸਾਇਆ, ਉਹ ਲੋਕ ਆਪਣੇ ਜੀਵਨ ਵਿੱਚ ਖ਼ੁਸ਼ਹਾਲ ਹਨ। ਇਸ ਵੱਡਮੁੱਲੇ ਗਿਆਨ ਨੂੰ ਮੰਨਣ ਵਾਲਿਆਂ ਨੇ ਜਿੱਥੇ ਆਪਣੇ ਆਪ ਨੂੰ ਟਿਕਾਉ ਵਿੱਚ ਲਿਆਂਦਾ, ਇਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਥੇ ਇਹ ਗਿਆਨ ਹੋਰਨਾਂ ਨੂੰ ਵੀ ਅੱਗੇ ਦ੍ਰਿੜ੍ਹ ਕਰਵਾਇਆ। ਇਸ ਗਿਆਨ ਨੂੰ (ਆਪਣੀ ਨਹੀਂ) ਸਦੀਵੀ ਸਥਿਰ ਰਹਿਣ ਵਾਲੇ ਅਗੰਮ ਅਗੋਚਰ ਪਾਰਬ੍ਰਹਮ ਦੀ ਬਖ਼ਸ਼ਿਸ਼ ਹੀ ਦਰਸਾਇਆ ਹੈ। ਇਸ ਤਰ੍ਹਾਂ ਅਰਜਨ ਦੇਵ ਜੀ ਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਦ੍ਰਿੜ੍ਹ ਕਰਕੇ ਰਾਮਦਾਸ ਜੀ ਦੇ ਘਰ ਵਿੱਚੋਂ ਗਿਆਨ ਨੂੰ ਆਪਣੇ ਅਨੁਭਵ ਵਿੱਚ ਟਿਕਾਇਆ।
.