.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਮਿਸ਼ਨਰੀ ਗੁਰਮਤਿ ਪ੍ਰਚਾਰ ਲਹਿਰ ਦੀ ਸੰਭਾਲ ਲਈ ਉਪਰਾਲੇ
ਮਿਸ਼ਨਰੀ ਲਹਿਰ ਦੀ ਉਤਪਤੀ ਦੇ ਕਾਰਨ

ਗੁਰਬਚਨ ਸਿੰਘ ਪੰਨਵਾਂ
ਪ੍ਰਿੰ. ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
੯੯੧੫੫-੨੯੭੨੫

ਗੁਰੂਆਂ ਦੇ ਸਮੇਂ ਤੋਂ ਹੀ ਪੁਜਾਰੀ ਬਿਰਤੀ ਸਿੱਖ ਸਿਧਾਂਤ ਵਿੱਚ ਰਲਾ ਪਉਣ ਦੇ ਯਤਨ ਵਿੱਚ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੋਣ ਕਰਕੇ ਪੁਜਾਰੀ ਬਹੁਤਾ ਕਾਮਯਾਬ ਨਾ ਹੋ ਸਕਿਆ। ਸਮਾਂ ਬੀਤਣ ਨਾਲ ਹੌਲ਼ੀ ਹੌਲ਼ੀ ਸਿੱਖੀ ਵਿਚਾਰਧਾਰਾ ਦੀ ਥਾਂ `ਤੇ ਸਿੱਖਾਂ ਵਿੱਚ ਬ੍ਰਹਾਮਣੀ ਸੋਚ ਨੇ ਜਨਮ ਲੈ ਲਿਆ। ਕਹਾਣੀ ਇੰਨੀ ਵੱਧ ਗਈ ਕਿ ਦੇਖਣ ਨੂੰ ਅਸੀਂ ਸਿੱਖ ਲੱਗਦੇ ਸੀ ਪਰ ਕਰਮ ਸਾਡੇ ਸਨਾਤਨੀ ਮਤ ਵਾਲੇ ਸਨ। ਇਤਿਹਾਸ ਨੂੰ ਅਜੇਹੀ ਰੰਗਤ ਦਿੱਤੀ ਗਈ ਕਿ ਪੜ੍ਹਣ ਸੁਣਨ ਵਾਲਾ ਏਹੀ ਸਮਝਦਾ ਸੀ ਕੇ ਸ਼ਾਇਦ ਗੁਰੂਆਂ ਦਾ ਜੀਵਨ ਦੇਵਤਿਆਂ ਵਰਗਾ ਹੀ ਹੋਣਾ ਹੈ। ਗੁਰਬਾਣੀ ਵਿਚਾਰਨ ਵਾਲੇ ਵਿਦਵਾਨਾਂ ਨੇ ਦੇਖਿਆ ਕਿ ਸ਼ਬਦ ਗੁਰਬਾਣੀ ਦਾ ਲਿਆ ਜਾਂਦਾ ਹੈ ਤੇ ਵਿਆਖਿਆ ਕਿਸੇ ਹੋਰ ਗ੍ਰੰਥ ਦੇ ਸਿਧਾਂਤ ਦੀ ਕੀਤੀ ਜਾਂਦੀ ਹੈ। ਇਤਿਹਾਸ ਵੀ ਉਹ ਸੁਣਾਇਆ ਜਾ ਰਿਹਾ ਹੈ ਜੋ ਗੈਰ ਕੁਦਰਤੀ ਹੋਵੇ। ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਗਿਆ ਕਿ ਜਿਹੜਿਆਂ ਕਰਮ ਕਾਂਡਾਂ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੱਢਿਆ ਸੀ ਓਸੇ ਹੀ ਨਿਵਾਣ ਵਾਲੀ ਅਵਸਥਾ ਵਿੱਚ ਅਸੀਂ ਫਿਰ ਚਲੇ ਗਏ ਹਾਂ। ਸਿੱਖ ਕੌਮ ਦੀ ਅਜੇਹੀ ਤਰਾਸਦੀ ਦੇਖ ਕੇ ਵਿਚਾਰਵਾਨ ਵੀਰਾਂ ਨੇ ਸਿੰਘ ਸਭਾ ਕਾਇਮ ਕੀਤੀ। ਗੁਰਬਾਣੀ ਸਿਧਾਂਤ ਦੀ ਵਿਚਾਰ ਗੁਰਬਾਣੀ ਅਨੁਸਾਰ ਕਰਨ ਦਾ ਯਤਨ ਅਰੰਭਿਆ। ਉਹਨਾਂ ਨੇ ਪੰਜਾਬੀ ਜ਼ਬਾਨ ਦੀ ਪ੍ਰਫੁੱਲਤਾ, ਗੁਰਬਾਣੀ ਵਿਚਾਰ ਵਾਲਾ ਸਾਹਿਤ, ਮੈਗਜ਼ੀਨ ਤੇ ਸਿੱਖਾਂ ਵਿੱਚ ਵਿਦਿਆ ਦੇ ਪਰਚਾਰ ਪਸਾਰ ਲਈ ਮੁੱਢਲੇ ਯਤਨ ਅਰੰਭੇ। ਵਿਦਿਆ ਦੇ ਪਸਾਰ ਲਈ ਖਾਲਸਾ ਕਾਲਜ ਹੋਂਦ ਵਿੱਚ ਆਏ। ਨਿਰ-ਸੰਦੇਹ ਸਿੱਖੀ ਦੇ ਸਿਧਾਂਤ ਵਿੱਚ ਨਿਖਾਰ ਆਇਆ ਤੇ ਸਿੱਖ ਕੌਮ ਵਿੱਚ ਨਵੀਂ ਜਾਗਰਤੀ ਆਉਣੀ ਸ਼ੁਰੂ ਹੋਈ। ਪਰ ਉਸ ਸਮੇਂ ਸਭ ਤੋਂ ਮਾੜੀ ਹਾਲਤ ਗੁਰਦੁਆਰਿਆਂ ਦੀ ਸੀ, ਜਿੰਨ੍ਹਾਂ ਵਿੱਚ ਮਨਮਤਿ ਦਾ ਪੂਰਾ ਜ਼ੋਰ ਸੀ ਕਿਉਂਕਿ ਪੁਜਾਰੀ ਪੂਰੀ ਤਾਕਤ ਵਿੱਚ ਸਨ।
ਮਿਸ਼ਨਰੀ ਕਾਲਜ ਦੀ ਉਤਪਤੀ
ਸਿੰਘਾਂ ਨੂੰ ਲੰਬਾ ਸਮਾਂ ਗੁਲਾਮੀ ਨਾਲ ਜੂਝਦਿਆ ਹੋਇਆਂ ਆਪਣੇ ਘਰ ਬਾਰ ਤਿਆਗਣੇ ਪਏ। ਇਸ ਬਿਖਮ ਸਮੇਂ ਵਿੱਚ ਗੁਰਦੁਆਰਿਆਂ ਦਾ ਸਮੁੱਚਾ ਪ੍ਰਬੰਧ ਮਹੰਤਾਂ ਦੇ ਕਬਜ਼ੇ ਵਿੱਚ ਚਲਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹੰਤਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਮੁੱਢਲੇ ਸਮੇਂ ਸੇਵਾ-ਸੰਭਾਲ਼ ਕੀਤੀ ਹੈ। ਪਰ ਲੰਬਾ ਸਮਾਂ ਗੁਰਦੁਆਰਿਆਂ ਵਿੱਚ ਬੈਠਣ ਕਰਕੇ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਤੁਰੱਟੀਆਂ ਤੇ ਕਮੀਆਂ ਆ ਗਈਆਂ। ਪਿਤਾ ਪੁਰਖੀ ਹੋਣ ਕਰਕੇ ਗੁਰਦੁਆਰਿਆਂ ਨੂੰ ਆਪਣੀ ਨਿਜੀ ਜਾਇਦਾਦ ਸਮਝਣ ਲੱਗ ਪਏ ਸਨ। ਸਮੁੱਚੇ ਪ੍ਰਬੰਧ ਵਿੱਚ ਨਿਘਾਰ ਆ ਗਿਆ। ਏੱਥੋਂ ਤੱਕ ਕੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ ਮਹੰਤਾਂ ਵਲੋਂ ਕੀਤੇ ਜਾਂਦੇ ਕੁਕਰਮਾਂ ਦੀ ਕਹਾਣੀ ਹਰ ਰੋਜ਼ ਲੰਬੀ ਹੁੰਦੀ ਜਾ ਰਹੀ ਸੀ।
ਸਿੱਖ ਕੌਮ ਦੇ ਸੂਝਵਾਨ ਲੀਡਰਾਂ ਨੇ ਇਹ ਫੈਸਲਾ ਲਿਆ ਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਲਈ ਹੋਣੇ ਚਾਹੀਦੇ ਹਨ ਤੇ ਇਹਨਾਂ ਦਾ ਪ੍ਰਬੰਧ ਸੰਗਤ ਕੋਲ ਹੋਣਾ ਚਾਹੀਦਾ ਹੈ। ਪਰ ਪੁਜਾਰੀ ਮੰਨਣ ਲਈ ਤਿਆਰ ਨਹੀਂ ਸਨ ਕਿਉਂਕਿ ਉਹਨਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ। ੨੧ ਫਰਵਰੀ ੧੯੨੧ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਅਜ਼ਾਦ ਕਰਾਇਆ। ਸਰਕਾਰ ਨੂੰ ਝੁਕਣਾ ਪਿਆ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤ ਨੂੰ ਸੰਭਾਲ ਦਿੱਤਾ। ਨਨਕਾਣਾ ਸਾਹਿਬ ਦੀ ਧਰਤੀ `ਤੇ ਸ਼ਹੀਦ ਹੋਏ ਕੌਮੀ ਪਰਵਾਨਿਆਂ ਦੇ ਅੱਧ ਸੜੇ ਮਾਸ ਦੇ ਟੁਕੜਿਆਂ ਨੂੰ ਇੱਕ ਥਾਂ `ਤੇ ਇਕੱਠਾ ਕਰਕੇ ਅਗਨ ਭੇਟ ਕੀਤਾ ਗਿਆ ਤਾਂ ਓਦੋਂ ਸਾਡੇ ਪੁਰਖਿਆਂ ਨੇ ਇੱਕ ਫੈਸਲਾ ਲਿਆ ਕਿ ਸਿੱਖ ਕੌਮ ਵਿੱਚ ਗੁਰਬਾਣੀ ਸਿਧਾਂਤ ਦੀ ਜਾਗਰਤੀ ਲਿਆਉਣ ਲਈ ਤੇ ਪੜ੍ਹੇ ਲਿਖੇ ਪ੍ਰਚਾਰਕ ਪੈਦਾ ਕਰਨ ਲਈ ਇੱਕ ਮਿਸ਼ਨਰੀ ਕਾਲਜ ਖੋਲ੍ਹਣਾ ਚਾਹੀਦਾ ਹੈ ਜੋ ਪੰਥ ਨੂੰ ਦਰਪੇਸ਼ ਚਨੌਤੀਆਂ, ਧਾਰਮਿਕ ਕਰਮ ਕਾਂਡ ਤੇ ਸਮਾਜਿਕ ਬੁਰਾਈਆਂ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹੋਵੇ।
੧੯੨੭ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲ੍ਹਿਆ ਗਿਆ। ਇਸ ਕਾਲਜ ਵਿੱਚ ਪੰਥ ਦੇ ਉਚਕੋਟੀ ਦੇ ਵਿਦਵਾਨਾਂ ਨੇ ਊਘੇ ਪ੍ਰਚਾਰਕ ਪੈਦਾ ਕੀਤੇ, ਜਿਨ੍ਹਾਂ ਨੇ ਜੀ-ਜਾਨ ਨਾਲ ਸਿੱਖ ਪੰਥ ਦੀ ਸੇਵਾ ਕੀਤੀ। ਫਿਰ ਹੌਲੀ ਹੌਲੀ ਸਿੱਖੀ ਦੇ ਪ੍ਰਚਾਰ ਲਈ ਹੋਰ ਮਿਸ਼ਨਰੀ ਕਾਲਜ ਵੀ ਖੋਲੇ ਗਏ। ਸੂਝਵਾਨ ਵੀਰਾਂ ਨੇ ਗੁਰਮਤਿ ਮਿਸ਼ਨ ਦਾ ਪੱਤਰ ਵਿਹਾਰ ਕੋਰਸ ਸ਼ੁਰੂ ਕਰਕੇ ਕਿਰਤੀ ਵੀਰਾਂ ਅਤੇ ਬੀਬੀਆਂ ਨੂੰ ਪ੍ਰਚਾਰ ਖੇਤਰ ਵਿੱਚ ਤੋਰਿਆ। ਭਾਂਵੇ ਇਹ ਯਤਨ ਤਾਂ ਬਹੁਤ ਹੋ ਰਹੇ ਸਨ ਪਰ ਫਿਰ ਵੀ ਪੂਰਾ ਸਮਾਂ ਦੇਣ ਵਾਲੇ ਪ੍ਰਚਾਰਕਾਂ ਦੀ ਬਹੁਤ ਵੱਡੀ ਘਾਟ ਮਹਿਸੁਸ ਹੋ ਰਹੀ ਸੀ। ਇਸ ਲੋੜ ਵਿਚੋਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਰੋਪੜ ਹੋਂਦ ਵਿੱਚ ਆਇਆ ਤੇ ਫਿਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਸਥਾਪਿਤ ਹੋਇਆ।
ਗੁਰਮਤਿ ਮਿਸ਼ਨਰੀ ਲਹਿਰ ਦੇ ਉਪਰਾਲੇ
ਇਸ ਲਹਿਰ ਦੇ ਉਪਰਾਲਿਆਂ ਸਦਕਾ ਵਿਸ਼ਵ ਪੱਧਰ ਦੇ ਵਿਦਵਾਨ ਲਿਖਾਰੀ, ਪ੍ਰਚਾਰਕ ਪੈਦਾ ਹੋਏ। ਸਭ ਤੋਂ ਪਹਿਲਾਂ ਇਹ ਅਹਿਸਾਸ ਹੋਇਆ ਕਿ ਮਹਾਨ ਗੁਰਬਾਣੀ ਦੇ ਫਲਸਫੇ ਨੂੰ ਸੰਸਾਰ ਪੱਧਰ ਤੇ ਕਿਵੇਂ ਲਿਜਾਇਆ ਜਾਏ। ਇਤਿਹਾਸ ਦੀ ਬਣਤਰ ਨੂੰ ਗੁਰਬਾਣੀ ਅਨੁਸਾਰ ਕਿਦਾਂ ਪੇਸ਼ ਕੀਤਾ ਜਾਏ। ਇਸ ਲਹਿਰ ਦੇ ਉਪਰਾਲਿਆਂ ਸਦਕਾ ਹੀ ਗੁਰਮਤਿ ਦਾ ਬਹੁਤ ਸਾਰਾ ਸਿਧਾਂਤਿਕ ਸਾਹਿਤ ਪੈਦਾ ਹੋਇਆ ਹੈ। ਗੁਰਬਾਣੀ ਦੇ ਅਰਥ ਬੋਧ ਦੀ ਸੋਝੀ ਆਉਣੀ ਸ਼ੁਰੂ ਹੋਈ। ਹਰ ਵਿਚਾਰ ਨੂੰ ਗੁਰਬਾਣੀ ਨਾਲ ਪਰਖਣ ਦੀ ਰੁਚੀ ਪੈਦਾ ਹੋਈ। ਇਹ ਅਹਿਸਾਸ ਹੋਇਆ ਕਿ ਨਾਨਕਈ ਫਲਸਫਾ ਕਿਸੇ ਦਾ ਪਿਛਲੱਗ ਨਹੀਂ ਹੈ ਸਗੋਂ ਇਹ ਤੁਰਿਆ ਹੈ ਤੇ ਨਵੇਂ ਰਾਹ ਬਣੇ ਹਨ। ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਵਿਚੋਂ ਹੀ ਪ੍ਰਮਾਣ ਮਿਲ ਜਾਂਦੇ ਹਨ। ਇਸ ਲਹਿਰ ਨੇ ਗੁਰਬਾਣੀ ਦੀ ਸਿਰਮੋਰਤਾ ਨੂੰ ਵਿਆਕਰਣਕ, ਵਿਗਿਆਨਕ, ਸਿਧਾਂਤਿਕ ਢੰਗ ਤਰੀਕੇ ਨਾਲ ਪਰਚਾਰਨ ਦਾ ਯਤਨ ਕੀਤਾ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਤੇ ਪਹਿਰਾ ਦਿੰਦਿਆਂ ਇਤਿਹਾਸ ਵਿਚੋਂ ਗੈਰ ਕੁਦਰਤੀ ਸਾਖੀਆਂ ਤੇ ਗਪੌੜਿਆਂ ਦੀ ਸ਼ਨਾਖਤ ਕੀਤੀ।
ਮਿਸ਼ਨਰੀ ਲਹਿਰ ਦੀ ਸੰਭਾਲ ਕਿਵੇਂ ਕੀਤੀ ਜਾਏ
ਆਪਸੀ ਮਿਲਵਰਤਣ ਦੀ ਭਾਵਨਾ

ਇਹ ਠੀਕ ਹੈ ਕਿ ਸਾਰੇ ਗੁਰਮਤਿ ਮਿਸ਼ਨਰੀ ਕਾਲਜ ਸੀਮਤ ਸਾਧਨਾ ਨਾਲ ਕੌਮ ਦੀ ਨਿਗਰ ਤੇ ਨਿਰੋਈ ਸੇਵਾ ਕਰ ਰਹੇ ਹਨ। ਪਰ ਜਦੋਂ ਵੀ ਦੋ ਵੀਰ ਇਕੱਠੇ ਬੈਠਦੇ ਹਨ ਤਾਂ ਜ਼ਬਾਨ ਤੇ ਇਕੋ ਹੀ ਸਵਾਲ ਹੁੰਦਾ ਹੈ ਕਿ ਤੁਹਾਡਾ ਆਪਸ ਵਿੱਚ ਤਾਲ ਮੇਲ ਕਿਉਂ ਨਹੀਂ ਹੈ? ਇਸ ਲਈ ਬੇਨਤੀ ਹੈ ਕਿ ਦਸ ਮੁੱਦਿਆਂ ਵਚੋਂ ਜੇ ਕਿਤੇ ਤਿੰਨਾਂ ਤੇ ਰਾਇ ਨਹੀਂ ਬਣਦੀ ਤਾਂ ਘੱਟੋ ਘੱਟ ਸੱਤ ਮੁਦਿਆਂ `ਤੇ ਏਕਤਾ ਤਾਂ ਹੋ ਸਕਦੀ ਹੈ। ਜੇ ਇਸ ਲਹਿਰ ਨੂੰ ਵਾਕਿਆ ਹੀ ਸੰਭਾਲਣਾ ਹੈ ਤਾਂ ਸਾਨੂੰ ਹਊਮੇ ਈਰਖਾ ਦਾ ਤਿਆਗ ਕਰਕੇ ਆਪਸ ਵਿੱਚ ਮਿਲ ਕੇ ਬੈਠਣਾ ਪਏਗਾ।
ਮਜ਼ਬੂਤ ਕੇਂਦਰੀ ਜੱਥੇਬੰਦੀ
ਮਿਸ਼ਨਰੀ ਲਹਿਰ ਦੀ ਸੰਭਾਲ ਲਈ ਗਿਆਰਾ ਮੈਂਬਰਾਂ ਦੀ (ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ) ਉੱਚ ਪੱਧਰੀ ਕੇਂਦਰੀ ਜੱਥੇਬੰਦੀ ਹੋਣੀ ਚਾਹੀਦੀ ਹੈ ਜੋ ਆਪਣੀਆਂ ਸੰਸਥਵਾਂ ਤੋਂ ਉੱਪਰ ਉੱਠ ਕੇ ਕੌਮੀ ਹਿੱਤਾਂ ਦੀ ਗੱਲ ਕਰਨ ਦੇ ਸਮਰੱਥ ਹੋਵੇ। ਮਹੀਨੇ ਵਿੱਚ ਇੱਕ ਵਾਰ ਇਕੱਤ੍ਰਤਾ ਜ਼ਰੂਰੀ ਹੋਵੇ। ਇਹ ਕੇਂਦਰੀ ਜੱਥੇਬੰਦੀ ਵੱਖ ਵੱਖ ਵਿਸ਼ਿਆਂ ਦੇ ਮਾਹਰ ਵਿਦਵਾਨਾਂ ਦਾ ਇੱਕ ਕੇਂਦਰੀ ਬੋਰਡ ਬਣਾਏ। ਫਿਰ ਸਬ-ਕਮੇਟੀਆਂ ਬਣਾ ਕੇ ਉਹਨਾਂ ਨੂੰ ਕੰਮ ਵੰਡ ਕੇ ਦੇਵੇ। ਇਹ ਕੰਮ ਸਾਰੇ ਮਿਸ਼ਨਰੀ ਕਾਲਜ ਜਾਂ ਸਿੱਖੀ ਸਿਧਾਂਤ ਨਾਲ ਪਿਆਰ ਕਰਨ ਵਾਲੇ ਸੁਹਿਰਦ ਵੀਰਾਂ ਵਿੱਚ ਵੀ ਵੰਡਿਆ ਜਾ ਸਕਦਾ ਹੈ। ਇਸ ਕੰਮ ਵਿੱਚ ਇਤਿਹਾਸ ਦੇ ਵੱਖ ਵੱਖ ਪੜਾਵਾਂ ਦੀ ਖੋਜ, ਇਤਿਹਾਸ ਦੇ ਪੁਰਾਤਨ ਗ੍ਰੰਥਾਂ ਵਿਚੋਂ ਸਿੱਖ ਸਿਧਾਂਤ ਨੂੰ ਨਿਖੇੜਨਾ ਤੇ ਨਵੇਂ ਸੰਦਰਭ ਵਿੱਚ ਨਵੇਂ ਇਤਿਹਾਸ ਨੂੰ ਵਿਗਿਆਨਕ ਲੀਹਾਂ ਤੇ ਇਕਸਾਰਤਾ ਨਾਲ ਪੈਦਾ ਕਰਨਾ ਹੈ। ਸਕੁਲਾਂ ਕਾਲਜਾਂ ਵਿੱਚ ਸੈਮੀਨਾਰ ਕਰਾਉਣ ਦੇ ਪ੍ਰਬੰਧ ਕਰਨੇ। ਭਾਰਤ ਦੇ ਵੱਖ ਵੱਖ ਸੂਬਿਆਂ ਤੇ ਬਾਹਰਲੇ ਮੁਲਕਾਂ ਵਿੱਚ ਇਕਸਾਰਤਾ ਵਾਲੇ ਪ੍ਰਚਾਰਕ ਵੀਰਾਂ ਨੂੰ ਪਰਚਾਰ ਹਿੱਤ ਭੇਜਣ ਦਾ ਪ੍ਰਬੰਧ ਕਰਨਾ।
ਸਿਲੇਬਸ ਦੀ ਇੱਕ ਸਾਰਤਾ
ਗੁਰਬਾਣੀ ਦੇ ਅਰਥਾਂ ਵਿੱਚ ਇਕਸਾਰਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਸਿੱਖ ਕੌਮ ਦੇ ਵਿਦਵਾਨਾਂ ਨੇ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਇਹ ਖੋਜ ਅੱਗੋਂ ਜਾਰੀ ਰਹਿਣੀ ਚਾਹੀਦੀ ਹੈ ਤੇ ਇਸ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ। ਇਸ ਲਈ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਕਿਸੇ ਖਾਸ ਵਿਸ਼ੇ ਨੂੰ ਲੈ ਕੇ ਮਿਸ਼ਨਰੀ ਕਾਲਜਾਂ ਦੇ ਨੁੰਮਾਇੰਦੇ ਅਤੇ ਸਟਾਫ ਸਾਂਝੀ ਇਕੱਤਰਤਾ ਕਰਨ, ਜਿਸ ਵਿੱਚ ਸਬੰਧਿਤ ਵਿਸ਼ੇ ਤੇ ਲਿਖਤੀ ਤੇ ਆਵਾਜ਼ੀ ਤੌਰ ਤੇ ਆਪਣੇ ਆਪਣੇ ਵੀਚਾਰ ਰੱਖੇ ਜਾਣ। ਪ੍ਰਵਾਨ ਹੋਏ ਵੀਚਾਰਾਂ ਨੂੰ ਇਕੱਤਰ ਕਰਕੇ ਲਿਖਤ ੳਤੇ ਆਵਾਜ਼ ਦਾ ਰੂਪ ਦਿੱਤਾ ਜਾਵੇ ਤੇ ਸੰਗਤ ਤਕ ਪਹੁੰਚਾਇਆ ਜਾਵੇ ਇਵੇਂ ਹੀ ਸਿਲੇਬਸ ਬਾਰੇ ਵੀ ਚਰਚਾ ਕੀਤੀ ਜਾਵੇ। ਆਪਸੀ ਇਕਸਾਰਤਾ ਲਈ ਇਹ ਬੇਹਤਰ ਕਾਰਜ ਹੋਵੇਗਾ।
ਨੌਜਵਾਨਾਂ ਦੀ ਸੰਭਾਲਤਾ
ਜੋਸ਼ ਤੇ ਹੋਸ਼ ਮਨੁੱਖ ਨੂੰ ਮਿੱਥੇ ਹੋਏ ਮੁਕਾਮ `ਤੇ ਪਹੁੰਚਾ ਦੇਂਦੇ ਹਨ। ਸਿੱਖੀ ਵਿੱਚ ਨਾ ਤਾਂ ਜੋਸ਼ ਦੀ ਘਾਟ ਹੈ ਤੇ ਨਾ ਹੀ ਹੋਸ਼ ਵਾਲੇ ਇਨਸਾਨਾਂ ਦੀ ਘਾਟ ਹੈ। ਹਾਂ ਜੇ ਘਾਟ ਹੈ ਤਾਂ ਸਿਰਫ ਆਪਸੀ ਤਾਲ ਮੇਲ ਦੀ ਘਾਟ ਹੈ। ਜ਼ਰੂਰੀ ਲੋੜ ਹੈ ਆਪਸੀ ਤਾਲ ਮੇਲ ਬਣਾ ਕੇ ਨੌਜਵਾਨ ਪੀੜ੍ਹੀ ਅੰਦਰ ਇੱਕ ਨਵਾਂ ਜ਼ਜਬਾ ਪੈਦਾ ਕਰਨ ਦੀ।
ਗੁਰਬਾਣੀ ਦਾ ਅਨੁਵਾਦ
ਗੁਰਬਾਣੀ ਗਿਆਨ ਵਿਸ਼ਵ ਭਾਈਚਾਰੇ ਨੂੰ ਆਪਣੀ ਪਿਆਰ ਗਲਵੱਕੜੀ ਵਿੱਚ ਲੈਂਦਾ ਹੈ। ਇਸ ਲਈ ਇਸ ਗਿਆਨ ਨੂੰ ਵੱਖ ਵੱਖ ਬੋਲੀਆਂ ਵਿੱਚ ਅਨੁਵਾਦ ਕਰਾਉਣਾ ਚਾਹੀਦਾ ਹੈ।
ਪੰਥਕ ਪੱਧਰ ਤੇ ਮਜ਼ਬੂਤੀ ਨਾਲ ਸ਼ਮੂਲੀਅਤ:-
ਜਿਵੇਂ ਕਿ ਇਹ ਗੱਲ ਸਭ ਨੂੰ ਵਿਦਤ ਹੈ ਕਿ ਮਿਸ਼ਨਰੀ ਕਾਲਜ ਆਪਣੀ ਵਿਤ ਮੁਤਾਬਕ ਕੌਮੀ ਭਲੇ ਅਤੇ ਪੰਥ ਦੀ ਬਿਹਤਰੀ ਲਈ ਯੋਗਦਾਨ ਪਾ ਰਹੇ ਹਨ। ਪਰ ਇੱਕ ਘਾਟ ਜੋ ਕਦੀ ਕਦੀ ਪੰਥ ਦਰਦੀਆਂ ਵਲੋਂ ਮਹਿਸੂਸ ਕੀਤੀ ਜਾਂਦੀ ਹੈ ਉਹ ਇਹ ਹੈ ਕਿ ਕਿਸੇ ਸਾਂਝੇ ਕੌਮੀ ਕਾਰਜ ਲਈ ਸਾਡੀ ਗੈਰਹਾਜ਼ਰੀ ਪੰਥਕ ਸਫਾਂ ਵਿੱਚ ਸਾਡੀ ਬਣਦੀ ਪੁਜੀਸ਼ਨ ਨੂੰ ਢਾਹ ਲਾਉਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਿਸ਼ਨਰੀ ਕਾਲਜਾਂ ਦਾ ਸਾਂਝਾ ਪੈਨਲ ਇਸ ਬਾਰੇ ਅਖਬਾਰੀ ਬਿਆਨ ਜਾਂ ਮੀਟਿੰਗਾਂ ਵਿੱਚ ਹਿੱਸਾ ਲੈਣ ੳਤੇ ਕਿਸੇ ਕਾਰਜ ਵਿੱਚ ਸ਼ਮੂਲੀਅਤ ਕਰੇ ਤਾਂ ਕਿ ਇਨ੍ਹਾਂ ਕੌਮੀ ਜਥੇਬੰਦੀਆਂ ਦੀ ਆਵਾਜ਼ ਪੰਥਕ ਪੱਧਰ ਉੱਤੇ ਵੀ ਸੁਣੀ ਜਾਏ ਤੇ ਇਨ੍ਹਾਂ ਤੋਂ ਲਾਹਾ ਲਿਆ ਜਾ ਸਕੇ।
ਵੱਡੀਆਂ ਤੇ ਪੰਥਕ ਜੱਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੱਡੀਆਂ ਜੱਥੇਬੰਦੀਆਂ ਨੂੰ ਅੱਗੇ ਆ ਕੇ ਮਿਸ਼ਨਰੀ ਕਾਲਜਾਂ ਦੀ ਜੋ ਇੱਕ ਲਹਿਰ ਬਣ ਕੇ ਕੌਮੀ ਹਿੱਤਾਂ ਲਈ ਕੰਮ ਕਰ ਰਹੇ ਹਨ, ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿੰਨ੍ਹਾ ਪ੍ਰਚਾਰਕ ਵੀਰਾਂ ਨੇ ਆਪਣੀ ਜ਼ਿੰਦਗੀ ਦਾ ਲੰਮੇਰਾ ਸਮਾਂ ਸਿੱਖੀ ਦੇ ਪਰਚਾਰ ਵਿੱਚ ਲਗਾ ਦਿੱਤਾ ਹੈ ਬਢੇਪੇ ਵੇਲੇ ਇਹਨਾਂ ਵੱਡੀਆਂ ਸੰਸਥਾਵਾਂ ਨੂੰ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ।
ਕੇਂਦਰੀ ਜੱਥੇਬੰਦੀ ਵਲੋਂ ਪ੍ਰੋਗਰਾਮ ਦੇਣੇ
ਇਸ ਲਹਿਰ ਦੀ ਸੰਭਾਲ ਲਈ ਪੜਾਅ ਵਾਰ ਇੱਕਤ੍ਰਤਾਵਾਂ ਤੇ ਸਾਲ ਉਪਰੰਤ ਵੱਖ ਵੱਖ ਮਿਸ਼ਨਰੀ ਕਾਲਜਾਂ ਦੀ ਵੱਡੀ ਇਕਤ੍ਰਤਾ ਰੱਖੀ ਜਾਏ। ਪਿੱਛਲੇ ਕੀਤੇ ਕੰਮ ਦੀ ਪੜਚੋਲ, ਦਰਪੇਸ਼ ਚਨੌਤੀਆਂ ਤੇ ਅਗਾਂਹ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ। ਨਵੇਂ ਤੇ ਸਾਂਝੇ ਪ੍ਰੋਗਰਾਮ ਦੇਣੇ ਚਾਹੀਦੇ ਹਨ।
ਵਰਤਮਾਨ ਪ੍ਰਚਾਰਕ ਵੀਰਾਂ ਦੇ ਨਾਵਾਂ ਦੀ ਲਿਸਟ
ਪਿੱਛਲੇ ਸਮੇਂ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਵਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿੰਨ੍ਹਾਂ ਵੀਰਾਂ ਨੂੰ ਗੁਰਮਤਿ ਦਾ ਪ੍ਰਚਾਰ ਕਰਦਿਆਂ ਦਸ ਸਾਲ ਦਾ ਸਮਾਂ ਹੋ ਗਿਆ ਸੀ ਉਹਨਾਂ ਦਾ ਸਨਮਾਨ ਕੀਤਾ ਜਾਏ। ਸਨਮਾਨ ਨਾਲ ਰੋਟੀ ਤਾਂ ਨਹੀਂ ਮਿਲਦੀ ਪਰ ਇਹ ਅਹਿਸਾਸ ਜ਼ਰੂਰ ਹੋ ਜਾਂਦਾ ਹੈ ਕਿ ਮੇਰੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਤੇ ਵਾਕਿਆ ਹੀ ਮੇਰੇ ਵਲੋਂ ਕੀਤੇ ਕੰਮ ਤੋਂ ਕੌਮ ਨੂੰ ਲਾਭ ਹੋਇਆ ਹੈ। ਕੇਂਦਰੀ ਜੱਥੇਬੰਦੀ ਸਾਲ ਵਿੱਚ ਇੱਕ ਵਾਰ ਸਾਰੇ ਹੀ ਸੁਹਿਰਦ ਪ੍ਰਚਾਰਕ ਵੀਰ ਜੋ ਵਰਤਮਾਨ ਸਮੇਂ ਵਿੱਚ ਕੰਮ ਕਰ ਰਹੇ ਹਨ ਉਹਨਾਂ ਦੀ ਇਕੱਤਰਤਾ ਰੱਖੀ ਜਾਏ ਤੇ ਪ੍ਰਚਾਰ ਨੂੰ ਬੇਹਤਰ ਬਣਾਉਣ ਲਈ ਉਹਨਾਂ ਪਾਸੋਂ ਹੀ ਸੁਝਾਅ ਲਏ ਜਾਣ ਕਿਉਂ ਕਿ ਦਰਪੇਸ਼ ਸਮੱਸਿਆਵਾਂ ਦਾ ਉਹਨਾ ਨੂੰ ਹੀ ਬਹੁਤਾ ਗਿਆਨ ਹੈ
ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਦੇ ਸਫਲਤਾ ਪੂਰਵਕ ਤੀਹ ਸਾਲ ਪੂਰੇ ਕਰਨ ਦੇ ਮੌਕੇ ਉੱਤੇ ਦਾਸ ਵਲੋਂ ਹਾਦਿਕ ਵਧਾਈ ਹੋਵੇ।
.