.

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ

ਗੁਰੂ ਨਾਨਕ ਦੇਵ ਜੀ ਦੇ ਹਿੰਦੂਆਂ, ਮੁਸਲਮਾਨਾਂ, ਜੋਗੀਆਂ ਤੇ ਜੈਨੀਆਂ ਵਾਰੇ ਲਿਖੇ ਵਿਚਾਰ ਪੜ੍ਹਕੇ ਇਹ ਸਾਫ ਪਤਾ ਲਗਦਾ ਹੈ ਕਿ ਧਰਮਾਂ ਦੀ ਦੁਨੀਆ ਵਿੱਚ ਦੋ ਤਰਾਂ ਦੇ ਲੋਕ ਹਨ, ਠੱਗਣ ਵਾਲੇ ਅਤੇ ਠੱਗੇ ਜਾਣ ਵਾਲੇ, ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲੇ। ਗੁਰਬਾਣੀ ਵਿੱਚ ਇਹ ਦਰਜ ਹੈ ਕਿ ਕਾਜ਼ੀ ਵੱਡੀ ਲੈਕੇ ਮੁਸਲਮਾਨ ਸ਼ਰਧਾਲੂਆਂ ਦਾ ਹੱਕ ਮਾਰਦਾ ਹੈ, ਝੂਠ ਬੋਲਦਾ ਹੈ ਤੇ ਮੁਰਦਾਰ ਖਾਂਦਾ ਹੈ। ਪੰਡਤਿ ਵੀ ਝੂਠ ਬੋਲਦਾ ਹੈ, ਹਿੰਦੂ ਸ਼ਰਧਾਲੂਆ ਤੋਂ ਧਰਮ ਦੇ ਨਾਂ ਤੇ ਦਾਨ ਮੰਗਦਾ ਹੈ ਤੇ ਗਰੀਬਾਂ ਦੇ ਘਰ ਜਾ ਕੇ ਗਧਿਆਂ ਵਾਂਗ ਖਾਂਦਾ ਹੈ। ਜੋਗੀ ਅਪਣੇ ਚੇਲਿਆ ਦੇ ਘਰਾਂ ਤੋਂ ਮੰਗ-ਮੰਗ ਖਾਂਦਾ ਪਹਿਨਦਾ ਹੈ। ਗੁਰੁ ਜੀ ਦਸਦੇ ਹਨ ਕਿ ਇਹ ਤਿੰਨੇ ਬਹੁਤ ਨੁਕਸਾਨ ਕਰਦੇ ਹਨ। ਜਪੁ ਜੀ ਦੀ ਇੱਕੀਵੀਂ ਪਉੜੀ ਵਿੱਚ ਵੀ ਇਹਨਾਂ ਤਿੰਨਾਂ ਦੀ ਅਗਿਆਨਤਾ ਦਾ ਵੇਰਵਾ ਹੈ।

ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥

ਵਡੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ---951

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥

ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ---662

ਗੁਰੁ ਜੀ ਨੇ ਲੁਟੇਰਿਆਂ ਦੇ ਪਾਖੰਡ ਵਾਰੇ ਲਿਖਕੇ ਲੋਕਾਂ ਨੂੰ ਇਨ੍ਹਾਂ ਤੋਂ ਬਚਣ ਦੀ ਸਿੱਖਿਆ ਦਿੱਤੀ। ਉਹਨਾਂ ਤੋਂ ਪਿਛੋਂ ਦੂਸਰੇ ਗੁਰੂ ਸਾਹਿਬਾਂ ਨੇ ਇਸ ਦਾ ਪਰਚਾਰ ਤੇ ਵਿਸਥਾਰ ਕੀਤਾ। ਗੁਰੂ ਅਰਜਨ ਦੇਵ ਜੀ ਨੇ ਇਸ ਵਿਚਾਰਧਾਰਾ ਨਾਲ ਸਹਿਮਤ ਅਤੇ ਇਸ ਦੀ ਪੁਸ਼ਟੀ ਕਰਨ ਵਾਲੀ ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਗੁਰੂ ਗਰੰਥ ਸਾਹਿਬ ਵਿੱਚ ਦਰਜ਼ ਕੀਤਾ। ਗੁਰੂ ਗਰੰਥ ਸਾਹਿਬ ਸਾਂਝੀਵਾਲਤਾ ਦੀ ਇਸ ਵਿਚਾਰਧਾਰਾ ਦਾ ਲਿਖਤੀ ਰੂਪ ਹੈ। ਇਸ ਦਾ ਪਰਚਾਰ ਸਿੱਖਾਂ ਦਾ ਫਰਜ਼ ਹੈ।

ਹਿੰਦੂ ਬੇਦਾਂ ਦੇ ਪਾਠ ਕਰਾਉਂਦੇ ਹਨ, ਤੀਰਥਾਂ ਤੇ ਇਸ਼ਨਾਨ ਕਰਦੇ ਹਨ, ਭਗਵਾਨ ਦਾ ਭਜਨ ਸੁਣਦੇ ਹਨ, ਸੀਸ ਨਿਵਾਉਂਦੇ ਹਨ, ਪਾਂਡਿਆਂ ਨੂੰ ਦਾਨ ਦਿੰਦੇ ਹਨ।

ਗੁਰੂ ਜੀ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਨੂੰ ਸਮਝਾਉਂਦੇ ਹਨ ਕਿ ਅਕਲ ਨਾਲ ਬਾਣੀ ਪੜ੍ਹਕੇ ਸਮਝੋ। ਇਸ ਨੂੰ ਸਮਝਣ ਤੋਂ ਬਿਨਾਂ ਸੱਭ ਦੀ ਖੁਆਰੀ ਹੋਵੇ ਗੀ। ਗੁਰਬਾਣੀ ਜੋ ਕਹਿੰਦੀ ਹੈ ਇਸ ਨੂੰ ਮੰਨੋ। ਮੰਨਣ ਵਾਲੇ ਦੇ ਪਾਰ-ਉਤਾਰੇ ਦੀ ਗਰੰਟੀ ਦਿੰਦੇ ਹਨ। ਗੁਰੂ ਜੀ ਸਮਝਾਉਂਦੇ ਹਨ ਰਸਮੀਂ ਪਾਠ ਪੜ੍ਹਣ ਨਾਲ ਬਾਣੀ ਦੀ ਸਮਝ ਨਹੀਂ ਆ ਸਕਦੀ। ਬਿਨਾਂ ਸਮਝਣ ਤੋਂ ਆਗਿਆ ਨਹੀਂ ਮੰਨੀ ਜਾ ਸਕਦੀ। ਗਾਵਿਆ-ਸੁਣਿਆ ਕਬੂਲ਼ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਹਨ ਤਨਿ ਧੋਣ ਨਾਲ ਮਨ ਸਾਫ ਨਹੀਂ ਹੁੰਦਾ ਤੇ ਮੈਲੇ ਮਨ ਨਾਲ ਸੀਸ ਨਿਵਾਉਣ ਦਾ ਕੋਈ ਲਾਭ ਨਹੀਂ। ਗੁਰੂ ਜੀ ਆਖਦੇ ਹਨ ਅਕਲ ਨਾਲ ਦਾਨ ਦੇਵੋ। (ਅਕਲੀ ਕੀਚੈ ਦਾਨੁ)

ਬੂਝਹੁ ਹਰਿ ਜਨ ਸਤਿਗੁਰ ਬਾਣੀ --- 1025

ਬਿਨੁ ਬੂਝੇ ਸਭ ਹੋਇ ਖੁਆਰ---791

ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ---66

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ --- 982

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ---669

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ---558

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ---470

ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਵੀ ਰਾਗੀ ਸਿੰਘ ਬਾਣੀ ਗਾਉਂਦੇ ਹਨ। ਪਾਠੀ ਸਿੰਘ ਬੁਕ ਕੀਤੇ ਹੋਏ ਪਾਠ ਪੜ੍ਹਦੇ ਹਨ। ਸੰਗਤਾਂ ਸਿਰੀ ਗੁਰੂ ਗ੍ਰੰਥ ਸਾਹਿਬ, ਨਿਸ਼ਾਨ ਸਾਹਿਬ ਅਤੇ ਬੇਰੀ ਨੂੰ ਮਥਾ ਟੇਕਦੀਆਂ ਹਨ। ਗੁਰਬਾਣੀ ਸੁਣਦੀਆਂ ਹਨ। ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਮਾਇਆ ਭੇਟਾ ਕਰਦੀਆਂ ਹਨ।

ਜਥੇਦਾਰ ਅਕਾਲ ਤਖਤ ਸਾਹਿਬ ਦੀ ਦੇਖ-ਰੇਖ ਥਲੇ ਗੁਰੂਆਂ ਦਿਆਂ ਬੰਦ ਕੀਤੀਆਂ ਹੋਈਆਂ ਨਿਕੰਮੀਆਂ, ਫਜ਼ੂਲ਼ ਤੇ ਬੇਲੋੜੀਆਂ ਹਿੰਦੂ ਧਾਰਮਕ ਰਸਮਾਂ ਚਲ ਰਹੀਆਂ ਹਨ ਅਤੇ ਅੰਧ ਵਿਸ਼ਵਾਸ ਫੈਲਾ ਕੇ ਸਧਾਰਨ ਸ਼ਰਧਾਲੂ ਸਿੱਖਾਂ ਤੋਂ ਮਾਇਆ ਲੁੱਟੀ ਜਾ ਰਹੀ ਹੈ। ਇਥੋਂ ਸੇਧ ਲੈਕੇ ਡੇਰੇਦਾਰ ਅਤੇ ਗੁਰਦਵਾਰਿਆ ਦੇ ਪਰਬੰਧਕ ਵੀ ਗੁਰਮਤਿ ਵਿਰੋਧੀ ਰਸਮਾਂ ਕਰ ਕੇ ਮਾਇਆ ਕਮਾ ਰਹੇ ਹਨ। ਗੁਰਬਾਣੀ ਪੜ੍ਹ ਕੇ ਸਾਫ ਪਤਾ ਲਗਦਾ ਹੈ ਕਿ ਸਿੱਖੀ ਤੇ ਸਧਾਰਨ ਸ਼ਰਧਾਲੂ ਸਿੱਖਾਂ ਦੇ ਸੱਭ ਤੋਂ ਵੱਡੇ ਦੁਸ਼ਮਣ ਗੁਰਦਵਾਰਿਆ ਦੇ ਪਰਬੰਧਕ ਅਤੇ SGPC ਹੈ। SGPC ਗਰੂ ਜੀ ਨੇ ਨਹੀਂ ਬਣਾਈ ਅਤੇ ਨਾਂ ਹੀ ਗੁਰੂ ਜੀ ਨੇ ਇਸ ਨੂੰ ਮਾਨਤਾ ਦਿਤੀ ਹੈ। ਇਹ ਤਾਂ ਦਿਲੀ ਦੀ ਸਰਕਾਰ ਨੇ ਬਣਾਈ ਹੈ। ਇਸ ਦੀਆਂ ਇਲੈਕਸ਼ਨਾਂ ਵੀ ਸਰਕਾਰ ਕਰਾਉਂਦੀ ਹੈ। ਉਹ ਜਦੋਂ ਚਾਹੇ ਇਸ ਨੂੰ ਤੋੜ ਵੀ ਸਕਦੀ ਹੈ। SGPC ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ, ਕਰ ਰਹੀ ਹੈ ਅਤੇ ਕਰੇ ਗੀ।

ਗੁਰੂ ਨਾਨਕ ਦੀ ਸਿੱਖੀ ਦੇ ਤਿੰਨ ਵੱਡੇ ਦੁਸ਼ਮਣ ਹਨ, ਇਹ ਬਾਹਰਲੇ ਨਹੀਂ ਅੰਦਰਲੇ ਹੀ ਹਨ। ਦੁਸ਼ਮਣ ਨੰਬਰ ਇੱਕ SGPC, ਗੁਰਦਵਾਰਿਆਂ ਦੇ ਪ੍ਰਬੰਧਕ ਅਤੇ ਡੇਰਿਆਂ ਦੇ ਮਾਲਕ ਹਨ। ਇਹ ਨਾਂ ਤਾਂ ਆਪ ਗੁਰਬਾਣੀ ਸਮਝਾਉਂਦੇ ਹਨ ਅਤੇ ਨਾਂ ਹੋਰਨਾਂ ਨੂੰ ਸਮਝਾਉਣ ਦਿੰਦੇ ਹਨ। ਸਹੀ ਪਰਚਾਰਕਾਂ ਨੂੰ ਸਟੇਜ ਤੇ ਬੋਲਣ ਦਾ ਸਮਾ ਨਹੀਂ ਦਿੰਦੇ, ਖੱਜਲ ਖੁਆਰ ਅਤੇ ਬੇ-ਇਜ਼ਤੀ ਕਰਦੇ ਹਨ। ਸਿੱਖਾਂ ਨੂੰ ਗੁਰਮਤਿ ਗਿਆਨ ਤੋਂ ਅਣਜਾਨ ਰੱਖਣਾ ਚਾਹੁੰਦੇ ਹਨ ਕਉਂਕਿ ਇਹਨਾਂ ਨੇ ਗੁਰਬਾਣੀ ਨੂੰ ਮਾਇਆ ਕਮਾਉਣ ਦਾ ਵਸੀਲਾ ਬਣਾਇਆ ਹੋਇਆ ਹੈ। ਇਹ ਲੋਕ ਸਿੱਖੀ ਸਰੂਪ ਵਿੱਚ ਗੁਰੁ-ਪੰਥ ਦੇ ਅਸਲੀ ਦੁਸ਼ਮਣ ਹਨ।

ਦੁਸ਼ਮਣ ਨੰਬਰ ਦੋ ਗਰੰਥੀ ਸਿੰਘ, ਪਾਠੀ-ਪ੍ਰਚਾਰਕ, ਰਾਗੀ-ਢਾਡੀ ਅਤੇ ਕਥਾਕਾਰ ਹਨ। ਇਹ ਗੁਰਬਾਣੀ ਸਮਝਦੇ ਤਾਂ ਹਨ ਪਰ ਸਹੀ ਪਰਚਾਰ ਨਹੀਂ ਕਰਦੇ ਕਿਉਂਕਿ ਇਸ ਜਮਾਤ ਦੇ ਮੈਂਬਰ ਆਮ ਲੋਕਾਂ ਦੀ ਤਰਾਂ ਮਾਇਆ ਕਮਾਉਣ ਦੀ ਹਿੰਮਤ ਨਹੀਂ ਰੱਖਦੇ। ਮਾਇਆ ਤੋਂ ਬਿਨਾਂ ਗੁਜ਼ਾਰਾਨ ਮੁਸ਼ਕਲ ਹੈ। ਇਸ ਲਈ ਝੂਠ ਬੋਲਣਾ ਅਤੇ ਝੂਠ ਨੂੰ ਸੱਚ ਬਣਾ ਕੇ ਪਰਚਾਰਨਾ ਇਹਨਾਂ ਦੀ ਮਜ਼ਬੂਰੀ ਹੈ। ਇਹ ਗਰੀਬ ਲੋਕ ਤਾਂ ਗੁਰਦਵਾਰਾ ਪ੍ਰਬੰਧਕਾਂ ਦੀ ਬੋਲੀ ਹੀ ਬੋਲ ਸਕਦੇ ਹਨ।

ਦੁਸ਼ਮਣ ਨੰਬਰ ਤਿੰਨ ਆਮ ਅੰਧ-ਵਿਸ਼ਵਾਸੀ ਸ਼ਰਧਾਲੂ ਸਿੱਖ ਹਨ। ਇਹ ਆਪ ਗੁਰਬਾਣੀ ਬੁਝਣ ਦੀ ਲੋੜ ਹੀ ਨਹੀਂ ਸਮਝਦੇ ਪਰ ਸਿੱਖੀ ਦੇ ਦੂਜੇ ਦੋਨਾਂ ਦੁਸਮਣਾਂ ਨੂੰ ਮਾਇਆ ਦੇ ਖੁਲੇ ਗੱਫੇ ਦੇ ਕੇ ਉਨ੍ਹਾਂ ਦੀ ਖੂਬ੍ਹ ਹੌਸਲਾ ਇਫਜ਼ਾਈ ਕਰਦੇ ਹਨ। ਇਸ ਚੜ੍ਹਾਵੇ ਦੀ ਮਾਇਆ ਨਾਲ ਗੁਰਦਵਾਰਾ ਪ੍ਰਬੰਧਕ ਗੁਰਬਾਣੀ ਸਮਝਾਉਣ ਦੀ ਬਜਾਏ ਬੇਤੁਕੀਆਂ ਇਤਹਾਸਿਕ ਕਥਾ-ਕਹਾਣੀਆਂ ਸੁਣਾਕੇ ਸੰਗਤਾਂ ਨੂੰ ਹੋਰ ਗੁਮਰਾਹ ਕਰਦੇ ਹਨ। ਇਹ ਤਿੰਨੇ ਜਮਾਤਾਂ ਹੋਈ ਅਤੇ ਹੋ ਰਹੀ ਸਾਰੀ ਬੇਇਜ਼ਤੀ ਅਤੇ ਖੱਜਲ ਖੁਆਰੀ ਦੀ ਜ਼ਿੰਮੇਵਾਰ ਹਨ। ਇਨ੍ਹਾਂ ਦੇ ਹੁੰਦਿਆਂ ਗੁਰੂਆਂ ਅਤੇ ਭਗਤਾਂ ਦੇ ਪੰਥ ਨੂੰ ਹੋਰ ਕਿਸੇ ਦੁਸ਼ਮਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ।

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥

ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ --- 1372

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ --- 1245

ਕਬੀਰ ਜੀ ਨੇ ਤਾਂ ਸਾਫ ਸਾਫ ਸਮਝਾਇਆ ਹੈ ਕਿ ਜੇ ਸਿੱਖਾਂ ਵਿੱਚ ਕੋਈ ਦੋਸ਼, ਘਾਟ, ਊਣਤਾਈ, ਉਕਾਈ, ਆਦਿ ਹੋਵੇ ਤਾਂ ਸਤਿਗੁਰੂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰੇ ਗਾ। ਗੁਰੂ ਨਾਨਕ ਜੀ ਆਖਦੇ ਹਨ ਅਕਲ ਨਾਲ ਪੜ੍ਹਕੇ ਬਾਣੀ ਸਮਝੋ, ਰੱਬ ਨੂੰ ਤੁਹਾਡੀ ਮਾਇਆ ਦੀ ਲੋੜ ਨਹੀਂ ਪਰ ਸਾਂਝੇ ਕੰਮਾਂ ਲਈ ਅਕਲ ਨਾਲ ਮਾਇਆ ਦੇਵੋ। ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕਰਕੇ, ਗੁਰਦਵਾਰਿਆ ਅਤੇ ਡੇਰੇਦਾਰਾਂ ਨੂੰ ਮਾਇਆ ਲੁੱਟਾ ਕੇ, ਸੰਗਤ ਕਿਉਂ ਦੋਸ਼ੀ ਬਣ ਰਹੀ ਹੈ?

ਜੁਗਰਾਜ ਸਿੰਘ ਧਾਲੀਵਾਲ
.