.

ਭੱਟ ਬਾਣੀ-63

ਬਲਦੇਵ ਸਿੰਘ ਟੋਰਾਂਟੋ

ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਯ੍ਯਉ।।

ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ।।

ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ।।

ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ।।

ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ।।

ਗੁਰ ਰਾਮਦਾਸ ਸਚੁ ਸਲ੍ਯ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ।। ੧।।

(ਪੰਨਾ ੧੪੦੬)

ਪਦ ਅਰਥ:- ਮੋਹੁ – ਮੋਹ। ਮਲਿ – ਮੈਲੀ-ਅਗਿਆਨਤਾ। ਬਿਵਸਿ – ਲਾਚਾਰ। ਕੀਅਉ – ਕੀਤਾ ਹੋਇਆ ਹੈ। ਕਾਮੁ - ਵਾਸ਼ਨਾ, ਵਾਸ਼ਨਾਵਾਂ। ਗਹਿ – ਗ੍ਰਹਿਣ। ਕੇਸ – ਆਦਤ, ਸੁਭਾਉ। ਪਛਾੜ੍ਯ੍ਯਉ – ਪਛਾੜਨਾ। ਕ੍ਰੋਧੁ – ਕ੍ਰੋਧ। ਖੰਡਿ – ਖੰਡਨ ਕਰਕੇ। ਕ੍ਰੋਧੁ ਖੰਡਿ – ਕ੍ਰੋਧਿਤ ਵੀਚਾਰਧਾਰਾ ਦਾ ਖੰਡਨ ਕਰਕੇ। ਪਰਚੰਡਿ – ਤੇਜ ਪ੍ਰਤਾਪ। ਨੋਟ-ਇਥੇ ਪਰਚੰਡਿ ਸ਼ਬਦ ਦੇ ਨਾਲ ਸਬੰਧਤ ਸ਼ਬਦ ਖੰਡਿ ਭਾਵ ਖੰਡਨ ਹੈ, ਇਸ ਕਰਕੇ ਇਸ ਸ਼ਬਦ ਦੇ ਨਾਲ ਅਖੌਤੀ ਸ਼ਬਦ ਜੁੜਨਾ ਹੈ। ਪਰਚੰਡਿ – (ਅਖੌਤੀ) ਤੇਜ ਪ੍ਰਤਾਪ। ਲੋਭੁ – ਲਾਲਚ। ਅਪਮਾਨ – ਮਾਨ ਦੇ ਉਲਟ ਅਪਮਾਨ ਭਾਵ ਨਾ ਸਤਿਕਾਰਨਯੋਗ। ਸਿਉ – ਨਾਲ, ਸਹਿਤ। ਝਾੜ੍ਯ੍ਯਉ – ਝਾੜਨਾ, ਦੁਰਕਾਰਨਾ, ਦੁਰਕਾਰ ਦੇਣਾ। ਜਨਮੁ ਕਾਲੁ – ਜੀਵਨ ਕਾਲ। ਕਰ – ਕਰਕੇ। ਕਰ ਜੋੜਿ – ਜੁੜਨ ਕਰਕੇ। ਹੁਕਮੁ – ਰਜ਼ਾ। ਜੋ ਹੋਇ – ਜੋ ਉਹਦੇ ਹੋਏ। ਸੁ ਮੰਨੈ – ਉਹ ਮੰਨੈ ਭਾਵ ਉਨ੍ਹਾਂ ਨੇ ਜਾਣਿਆ। ਭਵ ਸਾਗਰੁ – ਅਗਿਆਨਤਾ ਦਾ ਸਾਗਰ। ਬੰਧਿਅਉ – ਬੰਨ੍ਹ ਲਾ ਕੇ, ਰੋਕ ਲਾ ਕੇ। ਸਿਖ – ਗਿਆਨ ਦੀ ਸਿੱਖਿਆ ਨੇ। ਤਾਰੇ – ਡੁੱਬਣ ਤੋਂ ਬਚਾ ਲਏ। ਸੁਪ੍ਰਸੰਨੈ – ਉਹ ਪ੍ਰਸੰਨ ਹੋਏ। ਸਿਰਿ – ਸਿਰਜਣਹਾਰੇ। ਆਤਪਤੁ – ਛਤਰ। ਸਚੌ – ਸੱਚਾ, ਸਦੀਵੀ। ਤਖਤੁ – ਤਖ਼ਤ, ਸੰਵਿਧਾਨ। ਜੋਗ – ਉੱਤਮ। ਭੋਗ – ਮਾਨਣਾ, ਮਾਣਦੇ। ਸੰਜੁਤੁ – ਸਾਥ, ਨਾਲ। ਬਲਿ – ਬਲ, ਤਾਕਤ। ਗੁਰ – ਗਿਆਨ। ਸਚੁ – ਸੱਚ ਨੂੰ। ਸਲ੍ਯ੍ਯ – ਹੇ ਸਲ! । ਭਣਿ – ਆਖ, ਅਪਣਾ। ਤੂ – ਤੂੰ। ਅਟਲੁ – ਸਦੀਵੀ ਸਥਿਰ ਰਹਿਣ ਵਾਲਾ ਕਰਤਾ। ਰਾਜਿ – ਰਾਜ। ਅਭਗੁ ਦਲਿ – ਨਾ ਖ਼ਤਮ ਹੋਣ ਵਾਲਾ।

ਅਰਥ:- ਹੇ ਭਾਈ! (ਅਵਤਾਰਵਾਦ) ਦੀ ਮੈਲੀ ਅਗਿਆਨਤਾ ਨੂੰ ਮੋਹ ਨਾਲ ਗ੍ਰਹਿਣ ਕਰ ਲੈਣ ਕਰਕੇ ਮਨੁੱਖ ਨੂੰ ਅਗਿਆਨਤਾ ਦੀਆਂ ਵਾਸ਼ਨਾਵਾਂ ਨੇ ਬੇਵਸ-ਲਾਚਾਰ ਕੀਤਾ ਹੋਇਆ ਹੈ। ਇਸ ਬੇਵਸੀ ਦੀ ਆਦਤ ਨੂੰ ਪਛਾੜਉ। ਜਿਨ੍ਹਾਂ ਨੇ ਇਸ ਆਦਤ ਨੂੰ ਪਛਾੜ ਕੇ, ਕ੍ਰੋਧੀਆਂ ਲੋਭੀਆਂ ਦੇ ਕਹੇ ਜਾਂਦੇ (ਅਖੌਤੀ) ਤੇਜ ਪ੍ਰਤਾਪ ਨੂੰ ਨਾ ਸਤਿਕਾਰਦੇ ਹੋਏ ਇਨ੍ਹਾਂ ਨੂੰ (ਗਿਆਨ ਨਾਲ) ਝਾੜਿਆ ਭਾਵ ਦੁਰਕਾਰਿਆ, ਉਹ ਆਪਣੇ ਜੀਵਨ ਕਾਲ ਵਿੱਚ ਉਸ ਕਰਤੇ ਦੀ ਰਜ਼ਾ ਨਾਲ ਜੁੜਨ ਕਰਕੇ ਉਸ ਕਰਤੇ ਦੇ ਹੋਏ, ਉਹ ਮੰਨੇ ਭਾਵ ਉਨ੍ਹਾਂ ਨੇ ਕਰਤੇ ਨੂੰ ਕਰਤਾ ਜਾਣਿਆ। ਜਿਨ੍ਹਾਂ ਕਰਤੇ ਦੀ ਰਜ਼ਾ ਨੂੰ ਮੰਨਿਆ, ਕਰਤੇ ਨੂੰ ਹੀ ਕਰਤਾ ਕਰਕੇ ਜਾਣਿਆ, ਉਹ ਗਿਆਨ ਦੀ ਸਿੱਖਿਆ ਨਾਲ (ਅਗਿਆਨਤਾ ਦੇ) ਭਵਸਾਗਰ ਵਿੱਚ ਡੁੱਬਣ ਤੋਂ ਬਚੇ। ਜੋ ਬਚੇ ਉਹ ਪ੍ਰਸੰਨ ਹੋਏ ਅਤੇ ਜੋ ਪ੍ਰਸੰਨ ਹੋਏ, ਉਹ ਉਸ ਸਿਰਜਣਹਾਰੇ ਦੇ ਸੱਚੇ ਉੱਤਮ ਤਖਤੁ-ਸੰਵਿਧਾਨ, ਗਿਆਨ ਦੇ ਸਾਏ ਨੂੰ ਮਾਣਦੇ ਹਨ ਅਤੇ ਗਿਆਨ ਨਾਲ ਉਨ੍ਹਾਂ ਨੂੰ ਬਲ ਮਿਲਦਾ ਹੈ (ਉਹ ਫਿਰ ਕਿਸੇ ਅਵਤਾਰਵਾਦੀ ਦਾ ਭੈਅ ਨਹੀਂ ਮੰਨਦੇ)। ਹੇ ਸਲ੍ਹ! ਤੂੰ ਵੀ ਰਾਮਦਾਸ ਜੀ ਦੀ ਤਰ੍ਹਾਂ ਗਿਆਨ ਸੱਚ ਨੂੰ ਅਪਣਾ ਅਤੇ ਸਦੀਵੀ ਸਥਿਰ ਰਹਿਣ ਵਾਲੇ ਦੇ ਰਾਜ਼ ਨੂੰ ਜਾਣ ਜੋ ਖਤਮ ਹੋਣ ਵਾਲਾ ਨਹੀਂ।

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ।।

ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ।।

ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ।।

ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ।।

ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ।।

ਅਘ ਅੰਤਕ ਬਦੈ ਨ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ।। ੨।। ੬੦।।

(ਪੰਨਾ ੧੪੦੬)

ਪਦ ਅਰਥ:- ਤੂ ਸਤਿਗੁਰੁ – ਤੂੰ ਸਦੀਵੀ ਸਥਿਰ ਰਹਿਣ ਵਾਲਾ ਗਿਆਨ ਦੀ ਬਖ਼ਸ਼ਿਸ਼ ਕਰਨ ਵਾਲਾ ਹੈਂ। ਚਹੁ ਜੁਗੀ – ਹਰੇਕ ਸਮੇਂ। ਆਪਿ ਆਪੇ – ਆਪਣੇ ਆਪ ਤੋਂ ਆਪ। ਪਰਮੇਸਰੁ – ਪ੍ਰਕਾਸ਼ਮਾਨ ਹੈਂ। ਸੁਰਿ – ਦੈਵੀ ਗੁਣਾਂ ਨਾਲ ਭਰਪੂਰ। ਨਰ – ਮਰਦ ਮਨੁੱਖ। ਸਾਧਿਕ ਸਿਧ – ਸ੍ਰੇਸ਼ਟ ਮਨੁੱਖ-ਸਿਧਾਰਵਾਦੀ ਮਨੁੱਖ। ਸਿਖ ਸੇਵੰਤ – ਤੇਰੇ ਸੇਵਕ - (follower) ਤੈਨੂੰ ਹੀ ਸੇਂਵਦੇ ਆਏ ਹਨ। ਧੁਰਹੁ ਧੁਰ – ਮੁੱਢ ਕਦੀਮ ਤੋਂ। ਆਦਿ – ਸ਼ੁਰੂਆਤ। ਜੁਗਾਦਿ – ਜੁਗਾਂ ਦੀ। ਅਨਾਦਿ – ਜੁਗਾਂ ਤੋਂ ਵੀ ਪਹਿਲਾਂ। ਕਲਾ – ਕਲਾ। ਧਾਰੀ – ਵਰਤ ਰਹੀ ਹੈ। ਤ੍ਰਿਹੁ ਲੋਅਹ – ਤਿੰਨਾਂ ਭਵਨਾਂ ਵਿੱਚ। ਅਗਮ ਨਿਗਮ – ਅਗੰਮ ਦੇ ਗਿਆਨ (ਬਖ਼ਸ਼ਿਸ਼) ਦਾ ਮਾਰਗ। ਨਿਗਮ – ਮਾਰਗ, ਰਸਤਾ। ਜੰਮਿਹਿ – ਜਿਸ ਨੇ ਜਨਮ ਲਿਆ ਹੈ ਭਾਵ ਅਵਤਾਰਵਾਦ। ਜਰਾ – ਬੁੱਢਾ, ਭਾਵ ਪੁਰਾਣਾ (old) ਜਰਾ ਜੰਮਿਹਿ ਆਰੋਅਹ – ਅਵਤਾਰਵਾਦ ਦੇ ਰੱਬ ਦਾ ਜੋ ਪੁਰਾਣਾ (ਭੂਤ) ਸਵਾਰ ਹੈ। ਆਰੋਅਹ – ਸਵਾਰ, ਚੜ੍ਹਿਆ ਹੋਇਆ। ਗੁਰ – ਗਿਆਨ ਦੀ ਬਖ਼ਸ਼ਿਸ਼। ਅਮਰਦਾਸਿ – ਅਮਰਦਾਸ ਜੀ ਨੇ। ਥਿਰੁ – ਜੋ ਡੋਲੇ ਨਾ, ਸਦੀਵੀ ਸਥਿਰ ਰਹਿਣ ਵਾਲਾ। ਥਪਿਅਉ – ਥਾਪੜਾ ਦੇਣਾ, ਸ਼ਾਬਾਸ਼ ਦੇਣੀ, ਉਤਸ਼ਾਹਿਤ ਕਰਨਾ। ਪਰਗਾਮੀ – ਬੋਹਿਥ, ਜਹਾਜ਼। ਤਾਰਣ ਤਰਣ – ਡੁੱਬਣ ਤੋਂ ਬਚਾਣ/ਤਾਰਣ ਲਈ। ਅਘ – ਪਾਪ, ਪਾਪੀ। ਅੰਤਕ – ਜਮ ਰਾਜ, ਜਮਦੂਤ ਕਿਸਮ ਦੇ ਅਵਤਾਰਵਾਦੀ। ਬਦੈ ਨ – ਕੁੱਝ ਨਹੀਂ ਜਾਣਦਾ। ਸਲ੍ਯ੍ਯ ਕਵਿ – ਕਵੀ ਸਲ੍ਹ। ਗੁਰ – ਗਿਆਨ ਦੀ ਬਖ਼ਸ਼ਿਸ਼। ਰਾਮਦਾਸ – ਰਾਮਦਾਸ ਜੀ। ਤੇਰੀ ਸਰਣ – ਤੇਰੀ ਸ਼ਰਨ ਹੈ।

ਅਰਥ:- ਹੇ ਭਾਈ! ਕਵੀ ਸਲ੍ਹ ਇਹ ਆਖਦਾ ਹੈ ਕਿ ਹੇ ਹਰੀ! ਤੂੰ ਹੀ ਸਦੀਵੀ ਸਥਿਰ ਰਹਿਣ ਵਾਲਾ ਹੈਂ ਅਤੇ ਹਰੇਕ ਸਮੇਂ ਗਿਆਨ ਦੀ ਬਖ਼ਸ਼ਿਸ਼ ਕਰਨ ਵਾਲਾ ਹੈਂ। ਤੂੰ ਆਪਣੇ ਆਪ ਤੋਂ ਸੁਤੇ ਸਿਧ ਪ੍ਰਕਾਸ਼ਮਾਨ ਹੈਂ ਅਤੇ ਮੁੱਢ ਕਦੀਮ ਤੋਂ ਹੀ ਦੈਵੀ ਗੁਣਾਂ ਨਾਲ ਭਰਪੂਰ, ਮਰਦ ਮਨੁੱਖ ਤੇਰੇ ਸੇਵਕ ਤੈਨੂੰ ਸੇਂਵਦੇ (ਧਿਆਂਉਂਦੇ) ਆਏ ਹਨ। ਤੂੰ ਕਰਤਾ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈਂ ਅਤੇ ਤੇਰੀ ਕਲਾ ਜੁਗਾਂ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਤਿੰਨਾਂ ਭਵਨਾਂ ਵਿੱਚ ਵਰਤ ਰਹੀ ਹੈ। ਇਸ ਲਈ ਹੇ ਭਾਈ! ਅਵਤਾਰਵਾਦ ਦਾ ਜੋ ਪੁਰਾਣਾ (ਭੂਤ) ਸਵਾਰ ਹੈ, ਇਸ ਰੋਗ ਤੋਂ ਉਧਰਣ-ਉੱਪਰ ਉਠਣ ਲਈ (ਅਗੰਮ ਦੀ ਬਖ਼ਸ਼ਿਸ਼) ਗਿਆਨ ਦਾ ਮਾਰਗ ਹੀ ਹੈ ਜਿਸ ਦੀ ਬਖ਼ਸ਼ਿਸ਼ ਤਿੰਨਾਂ ਭਵਨਾਂ ਵਿੱਚ ਵਰਤ ਰਹੀ ਹੈ। ਉਸ ਸਦੀਵੀ ਸਥਿਰ ਰਹਿਣ ਵਾਲੇ ਨੇ ਅਮਰਦਾਸ ਜੀ ਨੂੰ ਗਿਆਨ ਦਾ ਥਾਪੜਾ ਦਿੱਤਾ ਜੋ (ਜੀਵਾਂ ਨੂੰ) ਅਗਿਆਨਤਾ ਦੇ ਭਵਸਾਗਰ ਵਿੱਚ ਡੁੱਬਣ ਤੋਂ ਬਚਾਣ/ਤਾਰਣ ਲਈ ਪਰਗਾਮੀ-ਬੋਹਿਥ (ਜਹਾਜ਼) ਸਿਧ ਹੋਇਆ। ਇਸੇ ਤਰ੍ਹਾਂ ਭੱਟ ਸਲ੍ਹ ਵੀ ਪਾਪੀ ਜਮਰਾਜ ਕਿਸਮ ਦੇ (ਅਵਤਾਰਵਾਦੀ) ਲੋਕਾਂ ਨੂੰ ਕੁੱਝ ਨਹੀਂ ਜਾਣਦਾ ਅਤੇ ਹੇ ਹਰੀ! ਰਾਮਦਾਸ ਜੀ ਦੀ ਤਰ੍ਹਾਂ ਤੇਰੀ ਬਖ਼ਸ਼ਿਸ਼ ਨਾਲ ਤੇਰੀ ਹੀ ਸ਼ਰਨ ਹੈ।

ਨੋਟ – ਇਹ ਦੋ ਸਵਈਏ ਭੱਟ ਸਲ੍ਹ ਜੀ ਦੇ ਹਨ। ਇਨ੍ਹਾਂ ਦੋ ਸਵਈਯਾਂ ਦੇ ਅੰਦਰ ਹੀ ਉਨ੍ਹਾਂ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ।

ਮਹਲੇ ਚੌਥੇ ਦੇ ਸਾਰੇ ੬੦ ਸਵਈਏ ਹਨ ਅਤੇ ਵੇਰਵਾ ਇਸ ਤਰ੍ਹਾਂ ਹੈ: -

(੧) ਪਹਿਲੇ ੨੯ ਸਵਈਏ ਭੱਟ ਨਲ੍ਹ ਜੀ ਦੇ ਉਚਾਰਣ ਕੀਤੇ ਹੋਏ ਹਨ।

(੨) ੧੩ ਸਵਈਏ ਭੱਟ ਗਯੰਦ ਜੀ ਦੇ ਉਚਾਰਣ ਕੀਤੇ ਹਨ।

(੩) ੭ ਸਵਈਏ ਭੱਟ ਮਥਰਾ ਜੀ ਦੇ ਹਨ।

(੪) ੫ ਸਵਈਏ ਭੱਟ ਬਲ੍ਹ ਜੀ ਦੇ ਹਨ।

(੫) ੪ ਸਵਈਏ ਭੱਟ ਕੀਰਤ ਜੀ ਦੇ ਹਨ।

(੬) ੨ ਸਵਈਏ ਭੱਟ ਸਲ੍ਹ ਜੀ ਦੇ ਹਨ। ਕੁਲ ਜੋੜ ੬੦




.