.

ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ

ਸਿਰਲੇਖ ਵਾਲਾ ਵਾਕ ਗੁਰੁ ਨਾਨਕ ਜੀ ਦੇ ਬਚਨ ਹਨ। ਇਹ ਗੂਜਰੀ ਰਾਗ ਦੀ ਤੀਸਰੀ ਅਸਟਪਦੀ ਦਾ ਦੂਜਾ ਬੰਦ ਹੈ। ਗੁਰੁ ਜੀ ਸਮਝਾਉਂਦੇ ਹਨ ਕਿ ਸੱਭ ਮਜ਼ਹਬਾਂ ਦੇ ਧਾਰਮਕ ਪਰਚਾਰਕ ਢਿਡ ਭਰਨ ਦੀ ਖਾਤਰ ਅਤੇ ਭਿਛਿਆ (ਮਾਇਆ) ਲੈਣ ਵਾਸਤੇ ਬਹੁਤ ਤਰਾਂ ਦੇ ਭੇਖ ਕਰਦੇ ਹਨ। ਗੁਰੂ ਜੀ ਦੀ ਬਾਣੀ ਪੜ੍ਹਕੇ ਤਾਂ ਇਸ ਤਰਾਂ ਲਗਦਾ ਹੈ ਕਿ ਉਹਨਾਂ ਨੇ ਰੱਬ ਦੇ ਨਾਂ ਤੇ ਚਲ ਰਹੀਆਂ ਝੂਠ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਹੀ ਸਿੱਖ ਧਰਮ ਚਲਾਇਆ ਹੈ।

ਮ: 1 ॥ ਕਾਦੀ ਕੂੜੁ ਬੋਲਿ ਮਲੁ ਖਾਇ ॥

ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ---662

ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥

ਵਡੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ---951

ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਕਾਜ਼ੀ ਮੁਸਲਮਾਨਾਂ ਵਿੱਚ ਲੜਾਈ-ਝਗੜਿਆਂ ਦਾ ਇਨਸਾਫ (ਂਿਨਆਂ) ਕਰਨ ਲਈ ਬੈਠਦਾ ਹੈ, ਮਾਲਾ ਫੇਰਦਾ ਹੈ, ਖੁਦਾ ਖੁਦਾ ਵੀ ਬੋਲਦਾ ਹੈ ਪਰ ਨਿਆਂ ਕਰਨ ਵੇਲੇ ਦੋਸ਼ੀ ਤੋਂ ਵੱਢੀ ਲੈ ਕੇ ਨਿਰਦੋਸ਼ੀਆਂ ਦੇ ਹੱਕ ਮਾਰਦਾ ਹੈ। ਕਾਜ਼ੀ ਮਾਇਆ ਦੀ ਖਾਤਰ ਸ਼ਰ੍ਹਾ ਦੇ ਕਾਨੂੰਨ ਵਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਖਾਂਦਾ ਹੈ। ਬ੍ਰਰਾਹਮਣ ਤੀਰਥ ਇਸ਼ਨਾਨ ਵੀ ਕਰਦਾ ਹੈ ਪਰ ਸ਼ੂਦਰਾਂ ਨਾਲ ਬਹੁਤ ਧੱਕਾ (ਜੀਆ-ਘਾਤ) ਕਰਦਾ ਹੈ। ਜੋਗੀ ਵੀ ਜੀਵਨ-ਜਾਚ ਨਹੀਂ ਜਾਣਦਾ। ਇਹ ਤਿੰਨੇ ਧਾਰਮਕ ਆਗੂ ਅੰਨ੍ਹੇ ਹਨ।

ਮ: 1

ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥

ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥

ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥

ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥

ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ॥

ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ --- 1012

ਮੁੰਦ੍ਰਾ ਫਟਕ ਬਨਾਈ ਕਾਨਿ --- ਭਸਮ ਚੜਾਇ ਕਰਹਿ ਪਾਖੰਡੁ

--- ਘਰਿ ਘਰਿ ਮਾਗਤ ਲਾਜ ਨ ਲਾਗੈ ---903

ਜੋਗੀ ਸੁਆਹ ਛਾਣਦਾ ਹੈ, ਸਿਰ ਵਿੱਚ ਪਾ ਕੇ ਬਾਲਾਂ ਦੀਆਂ ਜਟਾਂ ਬਣਾਉਂਦਾ ਹੈ, ਗੇਰੀ ਘੋਲ ਕੇ ਆਪਣੇ ਕਪੜੇ ਰੰਗਦਾ ਹੈ, ਧਾਰਮਕ ਪਹਿਰਾਵੇ ਵਾਲੇ ਕਪੜੇ ਪਾ ਕੇ ਭਿਖਾਰੀ ਬਣ ਜਾਂਦਾ ਹੈ। ਕਪੜੇ ਪਾੜ ਕੇ ਲੀਰਾਂ ਦਾ ਚੋਲਾ ਬਣਾਉਂਦਾ ਹੈ; ਮਾਇਆ, ਅੰਨ ਆਟਾ ਆਦਿ ਪਾਣ ਲਈ ਝੋਲੀ ਤਿਆਰ ਕਰਦਾ ਹੈ। ਕੰਨਾਂ ਵਿੱਚ ਮੁੰਦਰਾਂ ਪਾ ਕੇ ਅਤੇ ਪਿੰਡੇ ਤੇ ਸੁਆਹ ਮਲ ਕੇ ਧਰਮੀ ਹੋਣ ਦਾ ਪਾਖੰਡ ਕਰਦਾ ਹੈ। ਫਿਰ ਲੋਕਾਂ ਦੇ ਘਰ ਘਰ ਜਾ ਕੇ ਭਿੱਛਿਆ ਮੰਗਦਾ ਹੈ ਪਰ ਮਨ ਦਾ ਅੰਨ੍ਹਾ ਜਗਤ ਨੂੰ ਸੱਚ ਧਰਮ ਦਾ ਉਪਦੇਸ ਕਰਦਾ ਹੈ। ਇਸ ਨੂੰ ਘਰ ਘਰ ਜਾ ਕੇ ਮੰਗਣ ਤੋਂ ਕੋਈ ਲਾਜ ਨਹੀਂ ਕੋਈ ਸ਼ਰਮ ਨਹੀਂ।

ਮ: 1

ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥

ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥

ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ --- 1245

ਗੁਰੂ ਨਾਨਕ ਜੀ ਕਹਿੰਦੇ ਹਨ ਕਿ ਅਗਿਆਨੀ ਪੰਡਿਤ ਪਰਮਾਤਮਾ ਦੇ ਭਜਨ ਤਾਂ ਗਾਉਂਦਾ ਹੈ ਪਰ ਇਸ ਗਾਉਣ ਨੂੰ ਉਸ ਨੇ ਰੋਟੀ-ਰੋਜ਼ੀ ਦਾ ਵਸੀਲਾ ਬਣਾਇਆ ਹੋਇਆ ਹੈ। ਭੁਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਟੀ-ਰੋਜ਼ੀ ਦੀ ਖਾਤਰ ਹੀ ਹੈ; ਭਾਵ ਮੁੱਲਾਂ ਨੇ ਭੀ ਬਾਂਗ ਨਵਾਜ਼ ਅਦਿ ਮਸੀਤ ਦੀ ਕਿਰਿਆ ਨੂੰ ਰੋਟੀ ਕਮਾਉਣ ਦਾ ਸਾਧਨ ਹੀ ਬਣਾਇਆ ਹੈ। ਕੰਮ-ਚੋਰ ਨਿਖਟੂ ਆਦਮੀ ਕੰਨ ਪੜਵਾ ਕੇ ਜੋਗੀ ਬਣ ਜਾਂਦਾ ਹੈ, ਫਕੀਰ ਬਣ ਜਾਂਦਾ ਹੈ, ਆਪਣੇ ਆਪ ਨੂੰ ਗੁਰੂ ਪੀਰ ਅਖਵਾਂਦਾ ਹੈ ਪਰ ਰੋਟੀਆਂ ਦਰ ਦਰ ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ। ਗੁਰੂ ਨਾਨਕ ਜੀ ਸਮਝਾਉਂਦੇ ਹਨ ਕਿ ਜੋ ਮਨੁੱਖ ਮਿਹਨਤ ਨਾਲ ਕਮਾਈ ਕਰਕੇ ਖਾਂਦਾ-ਪਹਿਨਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ ਸਾਂਝੇ ਕੰਮਾਂ ਲਈ ਵੀ ਦਿੰਦਾ ਹੈ ਉਸ ਜਿਹਾ ਬੰਦਾ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦਾ ਹੈ।

ਮ: 1

ਘਰਿ ਨਾਰਾਇਣੁ ਸਭਾ ਨਾਲਿ॥ ਪੂਜ ਕਰੇ ਰਖੈ ਨਾਵਾਲਿ॥

ਕੁੰਗੂ ਚੰਨਣੁ ਫੁਲ ਚੜਾਏ॥ ਪੈਰੀ ਪੈ ਪੈ ਬਹੁਤੁ ਮਨਾਏ ॥

ਮਾਣੂਆ ਮੰਗਿ ਮੰਗਿ ਪੈਨੈ ਖਾਇ---1241

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥

ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ---56

ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥

ਸਰਮ ਧਰਮ ਕਾ ਡੇਰਾ ਦੂਰਿ ॥

ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ---471

ਬ੍ਰਾਹਮਨ ਆਪਣੇ ਘਰਿ ਵਿੱਚ ਹੋਰ ਮੂਰਤੀਆਂ ਨਾਲ ਨਾਰਾਇਣੁ (ਠਾਕੁਰ) ਦੀ ਮੂਰਤੀ ਅਸਥਾਪਨ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਂਦਾ ਹੈ, ਕੁੰਗੂ ਚੰਨਣੁ ਦੇ ਫੁਲ ਚੜ੍ਹਾਉਂਦਾ ਹੈ, ਉਸ ਦੀ ਪੂਜਾ ਕਰਦਾ ਹੈ, ਉਸ ਦੇ ਪੈਰਾਂ ਉਤੇ ਸਿਰ ਰੱਖ ਰੱਖ ਕੇ ਉਸ ਨੂੰ ਖੁਸ਼ ਕਰਨ ਦਾ ਯਤਨ ਕਰਦਾ ਹੈ; ਪਰ ਰੋਟੀ ਕਪੜਾ ਆਪਣੇ ਜਜਮਾਨਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ। ਪੰਡਿਤ ਝੂਠ ਬੋਲ ਬੋਲ ਕੇ ਰੋਜ਼ੀ ਕਮਾਉਂਦੇ ਹਨ। ਇਹਨਾਂ ਦੇ ਹਥ ਵਿੱਚ ਛੁਰੀ (ਚਾਕੂ) ਹੈ ਕਿਉਂਕਿ ਮਥੇ ਟਿਕਾ ਲਾ ਕੇ ਤੇ ਧੋਤੀ ਪਹਿਨ ਕੇ ਕਸਾਈਆਂ ਵਾਲੇ ਕੰਮ ਕਰਦੇ ਹਨ। ਇਹਨਾਂ ਲਈ ਧਰਮ ਗਰੰਥ ਪੜ੍ਹਨੇ ਮਾਇਆ ਦਾ ਹੀ ਇੱਕ ਵਾਪਾਰ ਹੈ। ਇਹਨਾਂ ਨੂੰ ਕੋਈ ਸ਼ਰਮ ਨਹੀਂ ਅਤੇ ਇਹਨਾਂ ਦਾਂ ਕੋਈ ਧਰਮ ਨਹੀਂ।

ਮ: 5

ਆਗੈ ਰਾਖਿਓ ਸਾਲ ਗਿਰਾਮੁ ॥ ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥

ਤਿਲਕੁ ਚਰਾਵੈ ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥2॥

ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥

ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ---888

ਗੁਰੂ ਅਰਜਨ ਦੇਵ ਜੀ ਪੰਡਿਤਾਂ ਦੇ ਪਾਖੰਡ ਨੂੰ ਹਰ ਸਪਸ਼ਟ ਕਰਦੇ ਹਨ ਕਿ ਉਹ ਸਾਲਗਿਰਾਮ (ਠਾਕਰੁ) ਦੀ ਮੂਰਤੀ ਅਗੇ ਬੈਠਦਾ ਹੈ, ਮਥੇ ਤਿਲਕ ਲਾਂਦਾ ਹੈ, ਮੂਰਤੀ ਦੇ ਪੈਰੀਂ ਪੈਂਦਾ ਹੈ। ਹਿੰਦੂਆਂ ਦੇ ਘਰ ਜਾ ਕੇ ਪੂਜਾ ਕਰਨ ਲਈ ਆਸਣ ਬਣਾਉਂਦਾ ਹੈ, ਸਾਸ਼ਤਰਾਂ ਅਨੁਸਾਰ ਛੇ ਧਾਰਮਕ ਰਸਮਾਂ ਕਰਦਾ ਹੈ, ਧਰਮ ਗਰੰਥ ਪੜ੍ਹਦਾ ਹੈ, ਮਾਲਾ ਫੇਰਦਾ ਹੈ ਅਤੇ ਫਿਰ ਬਿਭੂਤ (ਦਾਨ-ਦਖਸ਼ਣਾ, ਮਾਇਆ ਆਦਿ) ਮੰਗਦਾ ਹੈ।

ਮ: 5॥ ਧੋਤੀ ਖੋਲਿ ਵਿਛਾਏ ਹੇਠਿ ॥ ਗਰਧਪ ਵਾਂਗੂ ਲਾਹੇ ਪੇਟਿ ॥

ਪੂਜਾ ਤਿਲਕ ਕਰਤ ਇਸਨਾਨਾਂ ॥ ਛੁਰੀ ਕਾਢਿ ਲੇਵੈ ਹਥਿ ਦਾਨਾ ॥

ਬੇਦੁ ਪੜੈ ਮੁਖਿ ਮੀਠੀ ਬਾਣੀ ॥ ਜੀਆਂ ਕੁਹਤ ਨ ਸੰਗੈ ਪਰਾਣੀ ---201

ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥ ਮਾਇਆ ਕਾਰਣਿ ਪੜਿ ਪੜਿ ਲੂਝਹਿ---1051

ਕਾਨ ਫਰਾਇ ਹਿਰਾਏ ਟੂਕਾ ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ---1348

ਜੋਗੀ ਪੇਟ ਦੀ ਭੁੱਖ ਮਿਟਾਣ ਲਈ ਆਪਣੇ ਕੰਨ ਪੜਵਾ ਕੇ ਘਰ ਘਰ ਰੋਟੀ-ਟੁੱਕਰ ਮੰਗਦਾ ਫਿਰਦਾ ਹੈ। ਬ੍ਰਾਹਮਨ ਜਜਮਾਨ ਦੇ ਘਰ ਜਾ ਕੇ ਆਂਪਣੀ ਧੋਤੀ ਖੋਲ ਕੇ ਅਧੀ ਥਲੇ ਵਿਛਾ ਕੇ ਇਸ ਉਪਰ ਬੈਠਦਾ ਹੈ ਅਤੇ ਗਧਿਆਂ ਵਾਂਗ ਦਬਾ-ਦਬ ਖੀਰ ਆਦਿਕ ਆਪਣੇ ਢਿਡ ਵਿੱਚ ਪਾਉਂਦਾ ਹੈ। ਮੂੰਹ ਤੋਂ ਮਿੱਠੀ ਸੁਰ ਨਾਲ ਬਾਣੀ ਪੜ੍ਹਦਾ ਹੈ ਪਰ ਜਜਮਾਨਾਂ ਨਾਲ ਧੋਖਾ ਕਰਨ ਤੋਂ ਜਰ੍ਹਾ ਨਹੀਂ ਝਿਜਕਦਾ। ਜਜਮਾਨਾਂ ਨੂੰ ਸੁਰਗ ਦਾ ਲਾਰਾ ਲਾ ਕੇ ਹੇਰਾਫੇਰੀ ਨਾਲ ਦਾਨ ਲੈਂਦਾ ਹੈ। ਪੰਡਿਤ ਢਿੱਡ ਭਰਨ ਲਈ ਬੇਦਾਂ ਦੇ ਪਾਠ ਕਰਦੇ ਹਨ ਤੇ ਮਾਇਆ ਦਾ ਘੱਟ ਚੜ੍ਹਾਵਾ ਮਿਲਣ ਤੇ ਲੂਝਦੇ ਹਨ, ਖਿਜਦੇ ਹਨ, ਸੜਦੇ ਹਨ, ਤੜਫਦੇ ਹਨ।

ਮ: 3

ਪੰਡਿਤ ਭੁਲਿ ਭੁਲਿ ਮਾਇਆ ਵੇਖਹਿ

ਦਿਖਾ ਕਿਨੈ ਕਿਹੁ ਆਣਿ ਚੜਾਇਆ --- 513

ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥

ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ---647

ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥

ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ---1091

ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥

ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ---1246

ਗੁਰੂ ਜੀ ਕਿਹੰਦੇ ਹਨ ਪੰਡਿਤ ਮੂਰਖ ਹਨ। ਮੁੜ ਮੁੜ ਚੜ੍ਹਾਵੇ ਵਲ ਵੇਖਦੇ ਹਨ ਕਿ ਕਿਸ ਕਿਸ ਸ਼ਰਧਾਲੂ ਨੇ ਕਿੰਨੀ ਕਿੰਨੀ ਮਾਇਆ ਭੇਟਾ ਕੀਤੀ ਹੈ। ਇਹਨਾਂ ਦਾ ਸਾਰਾ ਧਰਮ ਕਰਮ ਝੂਠ ਬੋਲ ਬੋਲ ਮਾਇਆਂ ਕਮਾਉਂਣੀ ਹੈ। ਇਹਨਾਂ ਦੀ ਤ੍ਰਿਸਨਾ ਭੁੱਖ ਕਦੇ ਪੂਰੀ ਨਹੀਂ ਹੁੰਦੀ। ਇਹ ਮਾਇਆ ਦੇ ਵਪਾਰੀ ਢਿੱਡ ਭਰਨ ਲਈ ਹੀ ਬੇਦਾਂ ਦੇ ਪਾਠ ਕਰਦੇ ਹਨ

ਮਃ 3

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥

ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ---949

ਮਃ 3 ॥ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥

ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ---550

ਗੁਰੁ ਅਮਰ ਦਾਸ ਜੀ ਫੁਰਮਾਉਂਦੇ ਹਨ ਕਿ ਜਿਹੜੇ ਇਨਸਾਨ ਪਰਾਏ ਘਰੀਂ ਰੋਟੀਆ ਖਾਂਦੇ ਹਨ ਉਹ ਰੱਬ ਦੇ ਭਗਤ ਨਹੀਂ ਹੁੰਦੇ, ਉਹ ਪਖੰਡੀ ਹੁੰਦੇ ਹਨ ਅਤੇ ਪੇਟ ਭਰਨ ਦੇ ਲਈ ਬਹੁਤ ਭੇਖ ਕਰਦੇ ਹਨ। ਜੋ ਫਕੀਰ ਦਾ ਪਹਿਰਾਵਾ ਪਾ ਕੇ ਘਰ ਘਰ ਮੰਗਦਾ ਫਿਰੇ ਉਸ ਦੇ ਜੀਊਣ ਨੂੰ ਤੇ ਉਸ ਦੇ ਪੀਹਰਾਵੇ ਨੂੰ ਫਿਟਕਾਰ ਹੈ।

ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ---526

ਭਗਤਿ ਤ੍ਰਿਲੋਚਨ ਜੀ ਆਖਦੇ ਹਨ ਜੋਗੀ ਮਾਇਆ ਲਈ ਕੰਨਾਂ ਵਿੱਚ ਮੁੰਦ੍ਰਾਂ ਪਾਉਂਦਾ, ਗੋਦੜੀ ਪਹਿਨਦਾ ਹੈ। ਪਰ ਸਰੀਰ ਨੂੰ ਪਾਲਣ ਲਈ ਘਰ ਘਰ ਤੋਂ ਰੋਟੀਆਂ ਮੰਗ ਕੇ ਖਾਂਦਾ ਹੈ।

ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ---970

ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ---970

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ---1157

ਭਗਤਿ ਕਬੀਰ ਜੀ ਕਹਿੰਦੇ ਹਨ ਕਿ ਪੰਡਿਤ ਆਪ ਨੂੰ ਉੱਚੀ ਕੁੱਲ ਦੇ ਕਹਿੰਦੇ ਹਨ ਪਰ ਨੀਚਾਂ ਦੇ ਘਰੀਂ ਜਾ ਕੇ ਗਧਿਆਂ ਵਾਂਗ ਖਾਂਦੇ ਹਨ। ਬ੍ਰਾਹਮਣਾਂ ਨੇ ਆਪਣੇ ਜਜਮਾਨਾਂ ਪਾਸੋਂ ਮਾਇਆ ਮੰਗਣ ਲਈ ਹੀ ਚੌਦੇਂ, ਮੱਸਿਆ, ਪੁੰਨਿਆ, ਸੰਗਰਾਦ ਆਦਿ ਦਿਨ ਦਿਹਾੜਿਆਂ ਦੀ ਰਚਨਾ ਕੀਤੀ ਹੈ।

ਮਹਲਾ 3

ਥਿਤੀ ਵਾਰ ਸੇਵਹਿ ਮੁਗਧ ਗਵਾਰ --- 843

ਏਕੁ ਦਾਨੁ ਤੁਧੁ ਕੁਥਾਇ ਲਇਆ ॥ ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ --- 435

ਗੁਰਬਾਣੀ ਦਿਨ ਦਿਹਾੜਿਆਂ ਨੂੰ ਮੰਨਣ ਦਾ ਖੰਡਨ ਕਰਦੀ ਹੈ। ਗੁਰੂ ਅਮਰ ਦਾਸ ਜੀ ਸਾਫ ਸਾਫ ਸਪਸ਼ਟ ਕਰਦੇ ਹਨ ਕਿ ਥਿਤਾਂ ਤੇ ਵਾਰਾਂ ਨੂੰ ਸੇਵਨ ਵਾਲੇ ਭਾਵ ਪਵਿਤਰ ਸਮਝ ਕੇ ਪੂਜਾ ਕਰਨ ਵਾਲੇ ਤੇ ਮਨਾਉਂਣ ਵਾਲੇ ਮੂੜ੍ਹ ਤੇ ਗਵਾਰ ਹਨ। ਦਿਨ-ਦਿਹਾੜਿਆਂ ਨੂੰ ਪਵਿਤ੍ਰ ਪੁਕਾਰ-ਪੁਕਾਰ ਕੇ ਤੇ ਫੋਕਟ ਧਾਰਮਕ ਰਸਮਾਂ ਕਰਕੇ ਪਰਚਾਰਕ ਲੋਕਾਂ ਤੋਂ ਮਾਇਆ ਲੈਂਦੇ ਹਨ। ਗੁਰੂ ਅਮਰ ਦਾਸ ਜੀ ਪੰਡਿਤ ਨੂੰ ਸਮਝਾਉਂਦੇ ਹਨ ਕਿ ਜਜਮਾਨ ਦੀ ਧੀ ਵੀ ਤੇਰੀ ਹੀ ਧੀ ਹੈ। ਇਸ ਦੇ ਵਿਆਹ ਤੇ ਦਾਨ ਲੈ ਕੇ ਤੂੰ ਆਪਣਾ ਮਨੁੱਖਾ ਜਨਮ ਬਰਬਾਦ ਕਰ ਲਿਆ ਹੈ।

ਮਹਲਾ 1

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥

ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ --- 1290

ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥ ਮਨਿ ਅੰਧਾ ਨਾਉ ਸੁਜਾਣੁ ---471

ਗੁਰੂ ਨਾਨਕ ਜੀ ਕਹਿੰਦੇ ਹਨ ਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ! ਪੰਡਿਤ ਪਤਰੀਆਂ ਸੋਧ ਸੋਧ ਕੇ ਜਜਮਾਨਾਂ ਨੂੰ ਰਸਤਾ ਦਸਦਾ ਹੈ, ਆਪ ਤਾਂ ਮਨੋਂ ਅੰਨ੍ਹਾ ਭਾਵ ਮੂਰਖ ਹੈ ਪਰ ਇਸ ਨੇਂ ਆਪਣਾ ਨਾਮ ਸਿਆਣਾ ਰਖਿਆ ਹੋਇਆ ਹੈ। ਜਜਮਾਨਾਂ ਦੀਆਂ ਧੀਆਂ ਦੇ ਵਿਆਹ ਭਾੜਾ (ਭੇਟਾ, ਦਾਨ) ਲੈ ਲੈ ਕਰਦਾ ਹੈ। ਇਸ ਦੀ ਚਲਾਕੀ ਦੀ ਗਲ ਦੇਖੋ ਕਿ ਦਾਨ ਦੇਣ ਵਾਲੇ ਨਰਕ ਵਿੱਚ ਪੈਂਦੇ ਹਨ ਤੇ ਦਾਨ ਲੈਣ ਵਾਲੇ ਸੁਰਗ ਵਿਚ। ਗੁਰੂ ਜੀ ਸਪਸ਼ਟ ਕਰਦੇ ਹਨ ਕਿ ਪੰਡਿਤ ਨੂੰ ਜਿਹੜੇ ਲੋਕ ਨਰਕ ਜਾਂਦੇ ਦਿਸਦੇ ਹਨ ਉਹਨਾਂ ਤੋਂ ਦਾਨ ਭੀ ਨਹੀਂ ਲੈਣਾ ਚਾਹੀਦਾ।

ਜਿਵੇਂ ਹਿੰਦੂਆਂ-ਮੁਲਮਾਨਾਂ ਦੇ ਪਰਚਾਰਕ ਧਰਮੀ ਹੋਣ ਦਾ ਭੁਲੇਖਾ ਪਾ ਕੇ ਆਪਣੇ-ਆਪਣੇ ਧਰਮ ਦੇ ਸ਼ਰਧਾਲੂਆਂ ਨੂੰ ਲੁੱਟ ਰਹੇ ਹਨ ਤਿਵੇਂ ਹੀ ਗੁਰਦਵਾਰਿਆਂ ਦੇ ਪਰਬੰਧਕ ਤੇ ਸਿੱਖੀ ਦੇ ਪਰਚਾਰਕ ਸਧਾਰਨ ਸਿੱਖਾਂ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ। ਪਤਾ ਨਹੀਂ ਆਮ ਸਿੱਖ ਕਦੋਂ ਆਪਣੇ ਧਾਰਮਿਕ ਆਗੂਆਂ ਦੀਆਂ ਲੂੰਬੜ ਚਾਲਾਂ ਸਮਝਣਗੇ ਤੇ ਆਪ ਗੁਰਬਾਣੀ ਸਮਝ ਕੇ ਸਚਿਆਰੇ ਬਨਣਗੇ। ਗੁਰੂ ਜੀ ਇਨ੍ਹਾਂ ਨੂੰ ਸੁਮੱਤ ਬਖਸ਼ਣ।

ਜੁਗਰਾਜ ਸਿੰਘ ਧਾਲੀਵਾਲ।




.