.

ਪੰਡਿਤ ਮੁਲਾਂ ਛਾਡੇ ਦੋਊ

“ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ”
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ
ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ ”
“ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ 1॥ ਰਹਾਉ॥
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ”
“ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ”
“ਬਹੁ ਬਿਧਿ ਮਾਇਆ ਮੋਹ ਹਿਰਾਨੋ॥
ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ”
ਸਤਿਗੁਰਾਂ ਨੇ ਪੂਰਨ ਸੰਤ ਜਿਹੜਾ ਕਿ ਲਖਾਂ ਕਰੋੜਾਂ ਵਿੱਚ ਕੋਈ ਵਿਰਲਾ ਹੈ ਦੀ ਸੰਗਿਤ ਕਰਨ ਦੇ ਉਪਦੇਸ਼ਾਂ ਦੇ ਨਾਲ ਨਾਲ ਸਾਨੂੰ ਨਕਲੀ ਸੰਤਾਂ ਦਿਆਂ ਟੋਲਿਆਂ ਦੇ ਟੋਲੇ ਨੂੰ ਪਰਖਣ ਦੀ ਕਸਵੱਟੀ ਵੀ ਬਖਸ਼ੀ ਹੋਈ ਹੈ। ਲੰਬੇ ਲੰਬੇ ਚੋਲੇ, ਗਲ ਵਿੱਚ ਮਾਲਾ ਤੇ ਹਥ ਵਿੱਚ ਲਿਸ਼ਕਦੇ ਗੜਬੇ ਫੜੀ ਫਿਰਦਿਆਂ ਦੀ ਤੁਲਨਾ ਉਸ ਵੇਲੇ ਦੇ ਸਭ ਤੋਂ ਮਸ਼ਹੂਰ ਬਨਾਰਸ ਸ਼ਹਿਰ ਦੇ ਠਗਾਂ ਨਾਲ ਕਰਕੇ ਸੰਸਾਰ ਨੂੰ ਸਮਝਾਇਆ ਹੈ ਕਿ ਇਹ ਲੋਕਾਂ ਨੂੰ ਠਗਣ ਵਾਸਤੇ ਅਖਾਂ ਮੀਚਕੇ ਨਕ ਫੜਣ ਦਾ ਢੌਂਗ ਰਚਾਉਂਦੇ ਹਨ। ਇਹ ਆਪਣੇ ਆਪ ਨੂੰ ਤ੍ਰਿਲੋਕੀ ਦੇ ਜਾਨਣ ਵਾਲੇ ਹੋਣ ਦਾ ਪ੍ਰਚਾਰ ਕਰਦੇ ਹਨ। ਪਰ ਅਸਲੀਅਤ ਇਹ ਹੈ ਕਿ ਇਹਨਾਂ ਨੂੰ ਆਪਣੇ ਪਿਛੇ ਪਈ ਹੋਈ ਚੀਜ਼ ਵੀ ਨਹੀਂ ਦਿਸਦੀ। ਗੁਰਮਤਿ ਗਿਆਨ ਦੀ ਕਸਵੱਟੀ ਲਾਇਆਂ ਅਜ ਦੇ ਸਮੇਂ ਦੇ ਸਾਰੇ ਡੇਰੇਦਾਰ ਸੰਤ ਮਹਾਂਪੁਰਖ ਨਕਲੀ ਹੀ ਨਿਕਲਣਗੇ। ਸ਼ਾਇਦ ਹੀ ਕੋਈ ਪੂਰਨ ਸੰਤ ਹੋਵੇ। ਅਗਿਆਨੀ ਸ਼ਰਧਾਲੂ ਨਕਲੀਆਂ ਨੂੰ ਅਸਲੀ ਸਮਝਕੇ ਆਪਣਾ ਟਾਈਮ ਤੇ ਮਾਇਆ ਵਿਅਰਥ ਗੁਆ ਰਹੇ ਹਨ। ਗੁਰਬਾਣੀ ਨੂੰ ਸਮਝਣ ਦੇ ਮੰਤਵ ਨੂੰ ਮੁਖ ਰੱਖਕੇ ਪੜ੍ਹਣ ਨਾਲ ਕਥਿਤ ਡਰੇਦਾਰਾਂ ਸੰਤਾਂ ਮਹਾਂਪੁਰਖਾਂ ਦੀ ਅਸਲੀਅਤ ਵਾਰੇ ਭੁਲੇਖਾ ਦੂਰ ਹੋ ਜਾਂਦਾ ਹੈ। ਕਾਜ਼ੀਆਂ, ਪਾਂਡਿਆਂ, ਜੋਗੀਆਂ ਆਦਿ ਵਾਰੇ ਸਤਿਗੁਰਾਂ ਦਾ ਫੈਸਲਾ ਇਹ ਹੈ:-
“ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥
ਵਡੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ ”
“ਗਿਆਨ ਵਿਹੂਣਾ ਗਾਵੈ ਗੀਤ॥ ਭੁਖ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥
“ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ”
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ ”
“ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਵਾਚੈ ਵਾਦੁ ਨ ਬੇਦੁ ਬੀਚਾਰੈ॥
ਆਪਿ ਡੁਬੈ ਕਿਉ ਪਿਤਰਾ ਤਾਰੈ ”
“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ ”
“ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ
ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ “

ਕਾਜ਼ੀ ਮਾਲਾ ਫੇਰਦਾ ਹੈ, ਖੁਦਾ ਖੁਦਾ ਕਰਦਾ ਹੈ ਪਰ ਨਾਲੋ ਨਾਲ ਝੂਠ ਬੋਲਦਾ ਹੈ ਅਤੇ ਵੱਢੀ ਲੈ ਕੇ ਹੱਕ ਮਾਰਦਾ ਹੈ। ਰੋਟੀ ਕਮਾਉਣ ਵਾਸਤੇ ਆਪਣੇ ਘਰ ਨੂੰ ਮਸੀਤ ਬਣਾਈ ਬੈਠਾ ਹੈ। ਮੁਸਲਮਾਨੀ ਸ਼ਰਾਹ ਦੇ ਮਨ ਮਰਜ਼ੀ ਦੇ ਅਰਥ ਕਰਕੇ ਸ਼ਰਧਾਲੂਆਂ ਨੂੰ ਕੁਰਾਹੇ ਪਾਉਂਦਾ ਹੈ। ਕਾਜ਼ੀ ਵਾਂਗ ਬ੍ਰਾਹਮਣ ਵੀ ਝੂਠ ਬੋਲਦਾ ਹੈ। ਇਸ ਦਾ ਕਥਾ ਕੀਰਤਨ ਇੱਕ ਮਾਇਆ ਵਾਲਾ ਵਾਪਾਰ ਹੈ। ਇਹ ਆਪਣੇ ਮਥੇ ਤੇ ਟਿੱਕਾ ਲਾਉਂਦਾ ਹੈ, ਖਾਕੀ ਰੰਗ ਦੀਆਂ ਧੋਤੀਆਂ ਪਹਿਨਦਾ ਹੈ ਅਤੇ ਮਾਇਆ ਵਾਸਤੇ ਬਹੁਤ ਸਾਰੇ ਪਾਖੰਡ ਕਰਦਾ ਹੈ। ਇਸ ਨੂੰ ਬੇਦਾਂ ਦੀ ਸਿਖਿਆ ਦਾ ਕੋਈ ਗਿਆਨ ਨਹੀਂ। ਇਹ ਅਗਿਆਨਤਾ ਵਿੱਚ ਡੁਬਕੇ ਮਰਿਆ ਹੋਇਆ ਹੈ ਅਤੇ ਆਪਣੇ ਸ਼ਰਧਾਲੂਆਂ ਨੂੰ ਪਾਰ ਉਤਾਰਨ ਤੋਂ ਅਸੱਮਰਥ ਹੈ। ਇਸ ਦੇ ਹਥ ਵਿੱਚ ਛੁਰੀ ਹੈ ਅਤੇ ਇਸ ਦਾ ਵਰਤਾਰਾ ਕਸਾਈਆਂ ਵਰਗਾ ਹੈ। ਬ੍ਰਾਹਮਣ ਤੇ ਕਾਜ਼ੀ ਵਾਂਗ ਜੋਗੀ ਵੀ ਪ੍ਰਮਾਤਮਾ ਨਾਲ ਮਿਲਾਪ ਦੀ ਜੁਗਤਿ ਨਹੀਂ ਜਾਣਦਾ ਅਤੇ ਇਹ ਤਿੰਨੇ ਹੀ ਅਸਲੀ ਰਸਤੇ ਤੋਂ ਖੁੰਝੇ ਹੋਏ ਹਨ ਤੇ ਉਜਾੜਾਂ ਵਿੱਚ ਭਟਕ ਰਹੇ ਹਨ। ਇਹ ਕੂੜ ਦੇ ਵਾਪਾਰੀ ਹਨ। ਇਹਨਾਂ ਨੂੰ ਨਾਂ ਕੋਈ ਸ਼ਰਮ ਹੈ ਅਤੇ ਨਾਂ ਇਹਨਾਂ ਦਾ ਕੋਈ ਧਰਮ ਹੈ। ਇਹ ਤਿੰਨੇ ਝੂਠੇ ਹਨ ਅਤੇ ਢੀਠਾਂ ਦਾ ਇੱਕ ਟੋਲਾ ਹੈ।
“ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ”
“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ”
“ਪੂੰਅਰ ਤਾਪ ਗੇਰੀ ਕੇ ਬਸਤ੍ਰਾ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ”
“ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ ”
“ਕਾਨ ਫਰਾਇ ਹਿਰਾਏ ਟੂਕਾ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ॥
ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ”
“ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ॥
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ॥
ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ““ਮਾਣੂਆ ਮੰਗਿ ਮੰਗਿ ਪੈਨੇ ਖਾਇ “

ਗੁਰੂ ਸਾਹਿਬਾਂ ਨੇ ਸਾਰੇ ਸੰਸਾਰ ਨੂੰ ਸੁਚੇਤ ਕੀਤਾ ਹੈ ਕਿ ਲੋਕਾਂ ਨੂੰ ਮਤਾਂ ਦੇਣ ਵਾਲਿਆ ਨੂੰ ਆਪ ਭਗਤੀ ਕਰਨ ਦੇ ਤਰੀਕੇ ਦਾ ਪਤਾ ਨਹੀਂ ਅਤੇ ਨਾਂ ਹੀ ਜੀਵਨ ਨਿਰਬ੍ਹਾ ਕਰਨ ਵਾਸਤੇ ਮਾਇਆ ਕਮਾਉਣੀ ਆਉਂਦੀ ਹੈ। ਲੋਕਾਂ ਦੇ ਘਰਾਂ ਤੋਂ ਮੰਗਕੇ ਖਾਂਦੇ ਪਹਿਨਦੇ ਹਨ। ਇਹਨਾਂ ਨੂੰ ਮੰਗਕੇ ਖਾਣ ਦੀ ਕੋਈ ਸ਼ਰਮ ਨਹੀਂ, ਕੋਈ ਲਾਜ ਨਹੀਂ। ਇਹ ਮਨਖੱਟੂ, ਕੰਮ ਚੋਰ, ਬਿਪਤਾ ਦੇ ਮਾਰੇ ਹੋਏ ਆਪਣੇ ਟੱਬਰਾਂ ਨੂੰ ਰੋਂਦੇ ਕੁਰਲਾਉਂਦੇ ਛੱਡਕੇ ਘਰੋਂ ਭਗੌੜੇ ਹੋਏ ਫਿਰਦੇ ਹਨ। ਕੰਨਾਂ ਵਿੱਚ ਮੁੰਦਰਾਂ ਪਾਕੇ, ਧੂਣੀਆਂ ਤਪਾਕੇ, ਗੇਰੂ ਰੰਗ ਦੇ ਕਪੜੇ ਪਾਕੇ ਧਰਮੀ ਹੋਣ ਦਾ ਪਾਖੰਡ ਰਚੀ ਬੈਠੇ ਹਨ। ਇਹ ਤਤ੍ਰਿਸ਼ਨਾ ਭੁਖ ਦੇ ਮਾਰੇ ਹੋਏ ਹਨ ਅਤੇ ਇਹਨਾਂ ਦੀ ਤ੍ਰਿਸ਼ਨਾ ਦੀ ਤ੍ਰਿਪਤੀ ਨਹੀਂ ਹੁੰਦੀ। ਇਹ ਜੀਵਨ ਦੀ ਬਾਜੀ ਹਾਰ ਬੈਠੇ ਹਨ।
“ਧੋਤੀ ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ ”
“ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ॥
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ”
“ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿਹਰਿ ਗਾਵਾ
“ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨੑ॥ ਗਾਵਨਿ ਸੀਤਾ ਰਾਜੇ ਰਾਮ ”
“ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ”
“ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ॥
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ”
“ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ “

ਪਰਉਪਕਾਰੀ ਸਤਿਗੁਰਾਂ ਦੀ ਇਹ ਸਿਖਿਆ ਹੇ ਕਿ ਆਪਣੇ ਆਪ ਨੁੰ ਉਚੀ ਕੁਲ ਦੇ ਕਹਾਉਣ ਵਾਲੇ ਬ੍ਰਾਹਮਣ ਲੋਕ ਨੀਚ ਜਾਣੇ ਜਾਂਦੇ ਸ਼ੁਦਰਾਂ ਦੇ ਘਰੀਂ ਜਾਕੇ ਗਧਿਆਂ ਵਾਂਗ ਢਿੱਡ ਭਰਕੇ ਖਾਦੇ ਹਨ। ਮੂਰਖ ਪੰਡਿਤ ਹੇਰਾ ਫੇਰੀ ਨਾਲ ਪੇਟ ਪੂਜਾ ਕਰਦੇ ਹਨ। ਪੈਰਾਂ ਨੂੰ ਘੁੰਗਰੂ ਬੰਨ੍ਹਕੇ ਰਾਮ ਦੇ ਦਾਸ ਹੋਣ ਦਾ ਵਿਖਾਵਾ ਵੀ ਰੋਟੀ ਕਮਾਉਣ ਦਾ ਉਪਾਅ ਹੀ ਹੈ। ਇਹ ਕਪਟੀ ਲੋਕ ਤ੍ਰਿਸ਼ਨਾ ਭੁਖ ਦੇ ਮਾਰੇ ਹੋਏ ਹਨ। ਇਹ ਮੂਰਖ, ਅੰਨ੍ਹੇ ਤੇ ਪਕੇ ਮਾਇਆਧਾਰੀ ਹਨ।
“ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥
ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ ”
“ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ”
“ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ”
“ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ ”
“ਏਕੁ ਦਾਨੁ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ” “ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ “

ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾਂਹ ਕਰਕੇ ਤੇ ਜਨੇਊ ਪਾਉਣ ਵਾਲੇ ਪੰਡਿਤ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰਕੇ ਆਪਣੇ ਪਿਉ-ਦਾਦੇ ਦੀ ਹਜ਼ਾਰਾਂ ਸਾਲਾਂ ਤੋਂ ਚਲੀ ਆਉਂਦੀ ਰੀਤ ਨੂੰ ਛੱਡਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਅਤੇ ਸਾਰੇ ਸੰਸਾਰ ਨੂੰ ਸਿਖਿਆ ਦਿੱਤੀ ਕਿ ਚਾਰ ਕਉਡੀਆਂ ਦੇ ਮੁੱਲ ਦੇ ਧਾਗੇ ਵੱਟਕੇ ਜਨੇਊ ਪਾਉਣ ਵਾਲਾ ਪੰਡਿਤ ਚਲਾਕੀਆਂ ਤੇ ਝੂਠੀਆਂ ਦਲੀਲਾਂ ਨਾਲ ਮਾਇਆ ਇਕੱਠੀ ਕਰਨ ਵਿੱਚ ਲਗਿਆ ਹੋਇਆ ਹੈ। ਲੋਕਾਂ ਦੇ ਵਿਆਹ ਕਰਨ ਦਾ ਭਾੜਾ ਲੈਂਦਾ ਹੈ। ਜਜਮਾਨਾਂ ਦੀ ਧੀ ਨੂੰ ਆਪਣੀ ਧੀ ਕਹਿਣ ਵਾਲਾ ਇਹ ਪੰਡਿਤ ਉਸੇ ਧੀ ਦੇ ਮਾਪਿਆਂ ਤੋਂ ਉਸੇ ਧੀ ਦੇ ਵਿਵਾਹ ਤੇ ਦਾਨ ਲੈਣੋਂ ਵੀ ਸ਼ਰਮ ਨਹੀਂ ਮੰਨਦਾ। ਇਹ ਜਿਹੜੇ ਲੋਕਾਂ ਨੂੰ ਨਰਕ ਦੇ ਭਾਗੀ ਦਸਦਾ ਹੈ ਉਨ੍ਹਾਂ ਤੋਂ ਹੀ ਦਾਨ ਮੰਗਦਾ ਹੈ। ਇਸ ਦੇ ਇਨਸਾਫ ਕਰਨ ਦਾ ਤਰੀਕਾ ਵੀ ਬਹੁਤ ਹੈਰਾਨ ਕਰਨ ਵਾਲਾ ਹੈ। ਇਸ ਅਨੁਸਾਰ ਦਾਨ ਦੇਣ ਵਾਲਾ ਨਰਕਾ ਵਿੱਚ ਜਾਂਦਾ ਹੈ ਅਤੇ ਦਾਨ ਲੈਣ ਵਾਲਾ ਸੁਰਗ ਨਿਵਾਸੀ ਹੈ। ਸਤਿਗੁਰਾਂ ਦਾ ਨਿਰਣਾ ਹੈ ਕਿ ਬਾਹਰ ਤੋਂ ਦਿਸਦੇ ਪੰਡਿਤ ਸੂਝਵਾਨ ਨਹੀਂ ਹਨ। ਅਸਲ ਵਿੱਚ ਇਹਨਾਂ ਦੀ ਮਤਿ ਤੇ ਅਕਲ ਮੂਰਖ ਤੇ ਗਵਾਰਾਂ ਵਾਲੀ ਹੀ ਹੈ।
“ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ॥
ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ”
“ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ”
“ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ”
“ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ ”
“ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ ”
“ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ॥
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ “

ਕਬੀਰ ਜੀ ਦਾ ਉਪਦੇਸ਼ ਹੈ ਕਿ ਬ੍ਰਾਹਮਣ ਸਿਰਫ ਅਗਿਆਨੀਆਂ ਦਾ ਹੀ ਗੁਰੂ ਹੈ। ਇਹ ਸੂਝਵਾਨਾਂ ਦੇ ਗੁਰੂ ਨਹੀਂ ਹਨ। ਕਬੀਰ ਸਾਹਿਬ ਗਾਂ ਤੇ ਗੁਆਲੇ ਦੀ ਮਿਸਾਲ ਦੇਕੇ ਸਮਝਾਉਂਦੇ ਹਨ ਕਿ ਸਮਝਦਾਰ ਗੁਆਲਾ ਆਪਣੀ ਗਾਈਆਂ ਨੂੰ ਮੋਟੀਆਂ, ਤਾਜੀਆਂ ਤੇ ਨਿਰੋਈਆਂ ਰਖਣ ਵਾਸਤੇ ਉਦਮ ਕਰਕੇ ਦੂਰ ਦੁਰਾਡੇ ਦਰਿਆਵਾਂ ਦੇ ਪਾਰਲੇ ਬੰਨੇ ਵਧੀਆ ਘਾ ਵਾਲੇ ਖੇਤਾਂ ਵਿੱਚ ਲੈ ਕੇ ਜਾਂਦਾ ਹੈ। ਇਹਨਾਂ ਜਨਮ ਜਨਮ ਦੇ ਬਣੇ ਰਖਵਾਰਿਆਂ ਨੇ ਸੁਰਗ ਲਿਜਾਣ ਦਾ ਲਾਰਾ ਹੀ ਲਾਈ ਰਖਿਆ ਹੈ ਅਤੇਂ ਕਦੇ ਵੀ ਆਪਣਾ ਵਾਇਦਾ ਪੂਰਾ ਨਹੀਂ ਕੀਤਾ। ਇਹ ਨਾਕਾਰੇ ਸਾਬਤ ਹੋਏ ਹਨ। ਅਜਿਹੇ ਗੁਰੂਆਂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ ਹੈ ਜਿਹੜੇ ਆਪ ਡੁਬੇ ਹੋਏ ਦੁਸਰਿਆ ਨੂੰ ਤਾਰਨ ਦਾ ਪਾਖੰਡ ਰਚਦੇ ਹਨ। ਕਬੀਰ ਜੀ ਸਾਨੂੰ ਸਮਝਾਉਦੇ ਹਨ ਕਿ ਉਹ ਪੰਡਿਤ ਮੁਲਾਂ ਦੀ ਕਿਸੇ ਲਿਖਤ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਨੇ ਪੰਡਿਤ ਮੁਲਾਂ ਨਾਲੋਂ ਸਾਰੇ ਸੰਬੰਧ ਤੋੜ ਲਏ ਹਨ। ਇਹ ਪੰਡਿਤ ਆਦਿ ਕਿਸੇ ਕੰਮ ਆਉਣ ਜੋਗੇ ਨਹੀਂ ਹਨ।
“ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ”
“ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ”
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਉਪਦੇਸ਼ ਪੰਡਿਤਾਂ, ਬ੍ਰਾਹਮਣਾਂ, ਕਾਜ਼ੀਆਂ, ਮੁਲਾਂ, ਜੋਗੀਆਂ ਅਤੇ ਜੈਨੀਆਂ ਆਦਿ ਉਸ ਵੇਲੇ ਦੇ ਧਾਰਮਿਕ ਆਗੂਆਂ ਪਰਥਾਇ ਹਨ। ਪਰ ਗੁਰੁ ਸਾਹਿਬਾਂ ਨੇ ਇਹ ਸਪਸ਼ਟ ਕਰਕੇ ਸਮਝਾਇਆ ਹੈ ਕਿ ਕਿਸੇ ਇੱਕ ਵੀ ਪ੍ਰਾਣੀ ਨੂੰ ਦਿਤੀ ਹੋਈ ਸਿਖਿਆ ਸਾਰੇ ਸੰਸਾਰ ਦੇ ਸਾਰੇ ਲੋਕਾਂ ਵਾਸਤੇ ਸਰਬ ਸਾਂਝੀ ਹੁੰਦੀ ਹੈ। ਇਸ ਕਰਕੇ ਗੁਰਬਾਣੀ ਦਾ ਨਿਰਪੱਖ ਫੈਸਲਾ ਹੈ ਕਿ ਜਿਸ ਤਰਾਂ ਦੂਜੇ ਧਰਮਾਂ ਦੇ ਆਗੂ ਝੂਠੇ ਹਨ ਇਸੇ ਤਰਾਂ ਸਿਖਾਂ ਦੇ ਧਾਰਮਿਕ ਪ੍ਰਚਾਰਕਾਂ ਦੀ ਬਹੁਗਿਣਤੀ ਵੀ ਝੂਠੀ ਤੇ ਮਾਇਆਧਾਰੀ ਹੀ ਹੈ। ਸ਼ਰਧਾਲੂਆਂ ਨੂੰ ਅਗਿਆਨੀ ਰਖਕੇ ਉਨ੍ਹਾਂ ਦੀ ਮਾਇਆ ਲੁਟਣੀ ਇਨ੍ਹਾਂ ਦਾ ਮੁੱਖ ਕਿੱਤਾ ਹੈ। ਸੰਸਾਰ ਵਿੱਚ ਝੂਠ ਦਾ ਪਸਾਰਾ ਇਸ ਕਰਕੇ ਹੈ ਕਿ ਦੁਨੀਆ ਦੇ ਸਾਰੇ ਪ੍ਰਚਲਤ ਮਜਹਬਾਂ ਦੇ ਆਗੂ ਝੂਠੇ ਹਨ ਤੇ ਇਸ ਕਰਕੇ ਇਹਨਾਂ ਦੇ ਚੇਲੇ ਵੀ ਸਾਰੇ ਦੇ ਸਾਰੇ ਅਗਿਆਨੀ ਹਨ, ਝੂਠੇ ਹਨ। ਕੋਈ ਵਿਰਲਾ ਹੀ ਸੱਚ ਦਾ ਧਾਰਨੀ ਹੈ। ਧਾਰਮਿਕ ਅਗੂਆਂ ਨੇ ਆਪਣੇ ਅਗਿਆਨੀ ਸ਼ਰਧਾਲੂਆਂ ਦਾ ਬਹੁਤ ਜਾਨੀ ਨੁਕਸਾਨ ਕਰਵਇਆ ਹੈ। ਸਿੱਖਾਂ ਦੇ ਆਗੂਆਂ ਨੇ ਕਿਸ ਤਰਾਂ ਮੋਰਚੇ ਲਾਏ ਤੇ ਸਿਖਾਂ ਦਾ ਜੋ ਨੁਕਸਾਨ ਕਰਾਇਆ ਉਸ ਤੋਂ ਸਭ ਜਾਣੂ ਹਨ। ਧਰਮ ਦੇ ਨਾਂ ਤੇ ਮੋਰਚੇ ਵੀ ਮਾਇਆ ਦੀ ਖੇਡ ਹੀ ਹੈ।
ਸ਼ਰੋਮਣੀ ਕਮੇਟੀ ਦੇ ਥਾਪੇ ਹੋਏ ਜਥੇਦਾਰ ਅਤੇ ਡੇਰੇਦਾਰ ਸਾਧ ਸੰਤ ਮਨਮੁੱਖਾਂ ਤੇ ਸਾਕਤਾਂ ਦਾ ਟੋਲਾ ਹੈ ਕਿਉਂਕਿ ਇਹਨਾਂ ਦਾ ਸਾਰਾ ਕਰਮ ਧਰਮ ਗੁਰਮਤਿ ਵਿਰੋਧੀ ਹੈ। ਜਿਸ ਤਰਾਂ ਸਤਿਗੁਰਾਂ ਨੇ ਆਪਣੇ ਵੇਲੇ ਦੇ ਧਾਰਮਿਕ ਅਗੂਆਂ ਦੀ ਸਿਖਿਆਂ ਨਹੀਂ ਅਪਨਾਈ ਉਸੇ ਤਰਾਂ ਸਾਨੂੰ ਵੀ ਆਪਣੇ ਪਰਚਾਰਕਾਂ ਦੀ ਸਿਖਿਆ ਤੋਂ ਦੂਰ ਰਹਿਣਾ ਚਾਹੀਦਾ ਹੈ। ਸਤਿਗੁਰਾਂ ਸਾਨੂੰ ਗਿਆਨ ਦਾ ਭੰਡਾਰਾ ਬਖਸ਼ਿਆ ਹੈ ਅਤੇ ਸਾਡੀ ਮਾਂ ਬੋਲੀ ਵਿੱਚ ਗੁਰਬਾਣੀ ਰਚਕੇ ਸਾਡੇ ਉਪਰ ਬਹੁਤ ਵੱਡੀ ਬਖਸ਼ਸ ਕੀਤੀ ਹੈ। ਗੁਰਬਾਣੀ ਸਧਾਰਨ ਲੋਕਾਂ ਨੂੰ ਧਰਮਾਂ ਦੇ ਪਰਚਾਰਕਾਂ ਤੋਂ ਬਚਣ ਦੀ ਚਿਤਾਵਣੀ ਹੈ।
ਆਮ ਸਧਾਰਨ ਸਿੱਖਾਂ ਨੂੰ ਇਹ ਪਤਾ ਹੀ ਨਹੀਂ ਕਿ ਸਿੱਖੀ ਦੇ ਸੱਭ ਤੋਂ ਵੱਡੇ ਦੁਸ਼ਮਣ ਬਾਹਰਲੇ ਨਹੀ, ਸਗੋਂ ਸਾਡੇ ਆਪਣੇ ਗੁਰਦਵਾਰਿਆਂ ਦੇ ਪਰਬੰਧਕ, ਡੇਰੇਦਾਰ, ਪਾਠੀ-ਪ੍ਰਚਾਰਕ ਤੇ ਰਾਗੀ-ਢਾਡੀ ਹਨ। ਪਰਚਾਰਕ ਸਾਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ, ਜਾਨੀ-ਮਾਲੀ ਨੁਕਸਾਨ ਕਰਵਾ ਰਹੇ ਹਨ। ਜਿਵੇਂ ਹਿਸਾਬ ਦੀ ਕਿਤਾਬ ਨੂੰ ਮਥਾ ਟੇਕਣ ਨਾਲ ਜਾਂ ਸਵਾਲਾਂ ਦੀਆਂ ਰਕਮਾਂ ਪੜ੍ਹ ਪੜ੍ਹ ਕੇ ਕੋਈ ਵੀ ਪਰਾਣੀ ਇਮਤਹਾਨ ਪਾਸ ਨਹੀਂ ਕਰ ਸਕਦਾ ਇਸੇ ਤਰਾਂ ਗੁਰੂ ਗਰੰਥ ਸਾਹਿਬ ਨੂੰ ਮਥਾ ਟੇਕਣ ਨਾਲ, ਕਿਸੇ ਤੋਂ ਪਾਠ ਪੜ੍ਹਾਉਣ ਨਾਲ ਗਿਆਨ ਦੀ ਪਰਾਪਤੀ ਨਹੀਂ ਹੋ ਸਕਦੀ।
ਬਾਬੇ ਨਾਨਕ ਨੇ ਧਿਆਨ ਨਾਲ ਪੜ੍ਹਕੇ ਸਮਝਣ ਦਾ ਹੀ ਇਕੋ-ਇਕ ਰਸਤਾ ਦਸਿਆ ਹੈ, ਪਾਠ ਕਰਾਉਂਣੇ ਤਾਂ ਨਿਹਫਲ ਕਹੇ ਹਨ।
ਜੁਗਰਾਜ ਸਿੰਘ ਧਾਲੀਵਾਲ
.