.

ਸਿੱਖਾਂ ਦੀ ਅਰਦਾਸ

ਭਾਗ ਦੂਜਾ

ਪੜਾਅ ਅੱਠਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

"ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ।"

ਸਮੀਖਿਆ

ਸ਼ਬਦ ‘ਪ੍ਰਿਥਮੇ’ ਇਹ ਸੰਕੇਤ ਦਿੰਦਾ ਹੈ ਕਿ ‘ਅਰਦਾਸ’ ਹੁਣ ਜਾ ਕੇ ਸ਼ੁਰੂ ਹੋਈ ਹੈ। ਪਰੰਤੂ ਇੱਥੇ ਵੀ ਹਾਲੇ ਸਪਸ਼ਟ ਨਹੀਂ ਕਿ ‘ਅਰਦਾਸ’ ਕਿਸ ਦੇ ਅੱਗੇ ਕੀਤੀ ਜਾ ਰਹੀ ਹੈ। ਇਹਨਾਂ ਸਤਰਾਂ ਦੀ ਭਾਵਨਾ ਤਾਂ ਗੁਰਮੱਤ ਦੀ ਅਨੁਸਾਰੀ ਹੈ ਪਰੰਤੂ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਪ੍ਰਭੂ-ਸਿਮਰਨ ਦੀ ਪਰੇਰਨਾ ਲਈ ਅਰਦਾਸ ਰਾਹੀਂ ਮੰਗ ਕਰਨੀ ਚਾਹੀਦੀ ਹੈ ਕਿ ਇਹ ਆਪਣੇ ਮਨ ਦੀ ਇੱਕ ਉਮੰਗ ਹੋਣੀ ਚਾਹੀਦੀ ਹੈ ਜਾਂ ਫਿਰ ਅਜਿਹੀ ਪਰੇਰਨਾ ਗੁਰਬਾਣੀ ਦੇ ਅਧਿਐਨ ਵਿੱਚੋਂ ਪਰਾਪਤ ਕਰਨੀ ਚਾਹੀਦੀ ਹੈ। ਚੰਗਾ ਹੋਵੇ ਜੇਕਰ ਇਹਨਾਂ ਸਤਰਾਂ ਦੀ ਭਾਸ਼ਾ ਸ਼ੁਧ ਹੋਵੇ ਨਾ ਕਿ ਪੰਜਾਬੀ ਅਤੇ ਹਿੰਦੀ ਦਾ ਮਿਲਗੋਭਾ।

ਪੜਾਅ ਨੌਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

"ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!"

ਸਮੀਖਿਆ

ਇਹਨਾਂ ਸਤਰਾਂ ਦੀ ਭਾਸ਼ਾ ਵੀ ਮਿਲਗੋਭਾ ਹੀ ਹੈ। ਦੂਸਰੇ ਪਾਸੇ ਇਹਨਾਂ ਸਤਰਾਂ ਦੀ ਭਾਵਨਾ ਸਵਾਰਥ ਭਰਪੂਰ ਪਰਤੀਤ ਹੁੰਦੀ ਹੈ ਕਿਉਂਕਿ ਇੱਥੇ ਕੇਵਲ ‘ਖਾਲਸਾ ਜੀ’ ਭਾਵ ਸਿਖ ਭਾਈਚਾਰੇ ਦੇ ਹਿਤਾਂ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਗੁਰਮੱਤ ਸਮੁੱਚੀ ਮਨੁੱਖਤਾ ਦੀ ਭਲਾਈ ਲੋਚਦੀ ਹੈ ਨਾ ਕਿ ਕਿਸੇ ਇੱਕ ਵਿਸ਼ੇਸ਼ ਫਿਰਕੇ ਦੀ। ਆਮ ਕਰਕੇ ਇੱਥੇ ਵਰਤੇ ਗਏ ‘ਸ੍ਰੀ ਸਾਹਿਬ ਜੀ’ ਨੂੰ ‘ਖੜਗ’ ਦੇ ਅਰਥ ਦਿੰਦੇ ਹੋਏ ਇਹ ਦਾਵਾ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੀ ‘ਖੜਗ’ ਨੂੰ ‘ਲੱਛਮੀ ਦੇਵੀ ਦਾ ਪਤੀ’ ਭਾਵ ਵਿਸ਼ਨੂੰ ਦੇਵਤਾ ਮੰਨਦੇ ਹੋਏ ਇਹ ਅਰਥ ਦਿੱਤੇ ਸਨ। ਇਸ ਤਰ੍ਹਾਂ ਇੱਥੇ ਗੁਰੂ ਜੀ ਅਤੇ ਉਹਨਾਂ ਦੇ ਸ਼ਰਧਾਲੂਆਂ ਨੂੰ ਵਿਸ਼ਨੂੰ ਦੇਵਤੇ ਦੇ ਪੁਜਾਰੀ ਬਣਾਇਆ ਜਾ ਰਿਹਾ ਹੈ।

ਪੜਾਅ ਦੱਸਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

"ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ! ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ।"

ਸਮੀਖਿਆ

ਇੱਥੇ ਸਿੱਖਾਂ ਲਈ ਕਈ ਤਰ੍ਹਾਂ ਦੇ ‘ਦਾਨ’ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਹ ਲਗਦਾ ਹੈ ਕਿ ਸਿੱਖ ਇਹ ਸਭ ਕੁੱਝ ਪਰਾਪਤ ਕਰਨ ਲਈ ਆਪਣੇ ਵੱਲੋਂ ਕੋਈ ਹੰਭਲਾ ਨਹੀਂ ਮਾਰਨਾ ਚਾਹੁੰਦੇ ਸਗੋਂ ਇਹ ਸਾਰਾ ਕੁੱਝ ਮੁਫਤ ਵਿੱਚ ਹੀ ਬਟੋਰਨਾ ਚਾਹੁੰਦੇ ਹਨ। ‘ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’ ਦੇ ਉਚਾਰਨ ਰਾਹੀਂ ਮਨਮੱਤੀ ਰਸਮਾਂ ਅਤੇ ਤੀਰਥ-ਯਾਤਰਾਵਾਂ ਉਤਸਾਹਿਤ ਹੁੰਦੀਆਂ ਹਨ। ਇੱਥੇ ਇਹ ਸਪਸ਼ਟ ਨਹੀਂ ਕੀਤਾ ਹੁੰਦਾ ਕਿ `ਚੌਕੀਆਂ, ਝੰਡੇ, ਬੁੰਗੇ’ ਕਿਹੜੇ ਹਨ ਜਾਂ ਇਹ ਕਿੱਥੇ ਸਥਿਤ ਹਨ ਅਤੇ ਉਹਨਾਂ ਦੇ ‘ਜੁਗੋ ਜੁਗ ਅਟੱਲ’ ਰਹਿਣ ਨਾਲ ਮਨੁੱਖਤਾ ਨੂੰ ਕੀ ਲਾਭ ਪਹੁੰਚੇਗਾ। ਇਹ ਵੀ ਪਤਾ ਨਹੀਂ ਲਗਦਾ ਕਿ ਸ਼ਬਦ ‘ਧਰਮ’ ਦੀ ਵਰਤੋਂ ਸੰਸਥਾਗਤ ਸਿਖ ਧਰਮ (religion) ਦੇ ਅਰਥਾਂ ਵਿੱਚ ਹੋਈ ਹੈ ਜਾਂ ਕਿ ਨੈਤਿਕਤਾ ਆਧਾਰਿਤ ਮਾਨਵਵਾਦੀ ਜੀਵਨ-ਜਾਚ ਦੇ ਅਰਥਾਂ ਵਿੱਚ (ਸ਼ਬਦ ‘ਧਰਮ’ ਦੇ ਇਹ ਦੋਵੇਂ ਅਰਥ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਚਲਦੇ ਹਨ!)। ਇੱਕ ਪਾਸੇ ਤਾਂ ‘ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ’ ਬਣੇ ਰਹਿਣ ਦੀ ਅਰਜ਼ੋਈ ਹੈ (ਇਹ ਹਦਾਇਤ ਵੀ ਹੋ ਸਕਦੀ ਹੈ ਅਤੇ ਦਾਵਾ ਵੀ ਹੋ ਸਕਦਾ ਹੈ) ਅਤੇ ਦੂਸਰੇ ਪਾਸੇ ਸਿੱਖਾਂ ਦੀ ‘ਮਤ’ ਦੀ ਰਖਵਾਲੀ ਦੀ ਜ਼ਿੰਮੇਵਾਰੀ ਪ੍ਰਭੂ-ਪਰਮੇਸ਼ਵਰ ਨੂੰ ਸੌਂਪੇ ਜਾਣ ਦੀ ਚੇਸ਼ਟਾ ਕੀਤੀ ਜਾ ਰਹੀ ਹੈ (ਕਈ ਵਾਰੀ ‘ਮਤ’ ਦੇ ਨਾਲ ‘ਪਤ’ ਨੂੰ ਵੀ ਜੋੜ ਦਿੱਤਾ ਜਾਂਦਾ ਹੈ)। ਇਸ ਹਿੱਸੇ ਵਿੱਚ ਉੱਪਰ ਦਰਸਾਈ ਭੰਬਲਭੂਸੇ ਵਾਲੀ ਸਥਿਤੀ ਤੋਂ ਇਲਾਵਾ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਅਰਦਾਸ ਰਾਹੀਂ ਮੰਗਾਂ ਪੇਸ਼ ਕਰਨ ਦਾ ਕਾਰਜ ਗੁਰਮੱਤ ਦੀ ਸਿਖਿਆ ਦੇ ਵਿਪਰੀਤ ਜਾਂਦਾ ਹੈ।

ਪੜਾਅ ਗਿਆਰ੍ਹਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

"ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।"

ਸਮੀਖਿਆ

ਇੱਥੇ ਪਹਿਲੀ ਵਾਰ ਸਪਸ਼ਟ ਰੂਪ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਰਦਾਸ ਦਾ ਇਹ ਹਿੱਸਾ ਪ੍ਰਭੂ-ਪਰਮੇਸ਼ਵਰ ਨੂੰ ਸੰਬੋਧਿਤ ਹੈ। ਅਰਦਾਸ ਦਾ ਇਸ ਤੋਂ ਪਹਿਲਾਂ ਦਾ ਹਿੱਸਾ ਤਾਂ ‘ਭਗਉਤੀ’ ਭਾਵ ਦੁਰਗਾ ਨੂੰ ਸੰਬੋਧਿਤ ਕੀਤਾ ਗਿਆ ਹੀ ਜਾਪਦਾ ਹੈ ਅਤੇ ਵਿਚ-ਵਿਚ ਮੋਹਰੀ ਵੱਲੋਂ ‘ਬੋਲੋ ਜੀ ਵਾਹਿਗੁਰੂ’ ਦੇ ਉਚਾਰਨ ਪਿੱਛੋਂ ਹਾਜ਼ਰ ਵਿਅਕਤੀਆਂ ਵੱਲੋਂ ‘ਵਾਹਿਗੁਰੂ’ ਬੋਲਣਾ ਇਸ ਤਰ੍ਹਾਂ ਪਰਤੀਤ ਹੁੰਦਾ ਹੈ ਜਿਵੇਂ ਹਿੰਦੂ ਮੱਤ ਵਿਚਲੀ ਹਵਨ ਦੀ ਰਸਮ ਵੇਲੇ ਪੁਜਾਰੀ ਵੱਲੋਂ ‘ਓਮ ਸਵਾਹਾ’ ਬੋਲਣ ਉਪਰੰਤ ਹਾਜ਼ਰ ਵਿਅਕਤੀਆਂ ਵੱਲੋਂ ‘ਸਵਾਹਾ’ ਵਿੱਚ ਉੱਤਰ ਦਿੱਤਾ ਜਾ ਰਿਹਾ ਹੋਵੇ।

ਇੱਥੇ ‘ਹੋਰ ਗੁਰਦੁਆਰਿਆਂ ਅਤੇ ਗੁਰਧਾਮਾਂ’ ਦਾ ਹਵਾਲਾ 1947 ਈਸਵੀ ਵਿੱਚ ਹੋਈ ਦੇਸ-ਵੰਡ ਵੱਲ ਇਸ਼ਾਰਾ ਕਰਦਾ ਹੋਇਆ ਪਾਕਿਸਤਾਨ ਵਿੱਚ ਰਹਿ ਗਏ ‘ਗੁਰਦੁਆਰਿਆਂ ਅਤੇ ਗੁਰਧਾਮਾਂ’ ਦੀ ਗੱਲ ਕਰਦਾ ਹੈ। ਪ੍ਰਭੂ-ਪਰਮੇਸ਼ਵਰ ਅੱਗੇ ਅਰਦਾਸ ਇਹ ਕੀਤੀ ਜਾ ਰਹੀ ਹੈ ਕਿ ਇਹਨਾਂ ‘ਗੁਰਦੁਆਰਿਆਂ ਅਤੇ ਗੁਰਧਾਮਾਂ’ ਦੇ ‘ਖੁਲ੍ਹੇ ਦਰਸ਼ਨ ਦੀਦਾਰ’ ਦੀ ਸਹੂਲਤ ਦਾ ਅਤੇ ਉਨਾਂ ਦੀ ‘ਸੇਵਾ ਸੰਭਾਲ’ ਦਾ ‘ਦਾਨ’ ਭਾਵ ਮੌਕਾ ਸਿਖ ਭਾਈਚਾਰੇ ਨੂੰ ਪਰਾਪਤ ਹੋ ਜਾਵੇ। ਜੇਕਰ ਇਸ ਸਬੰਧ ਵਿੱਚ ਅਸਲੀ ਸਥਿਤੀ ਤੇ ਝਾਤ ਮਾਰੀ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਭਾਰਤੀਆਂ ਲਈ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਇਹਨਾਂ ਵਿਚਾਰ-ਅਧੀਨ ਅਸਥਾਨਾਂ ਦੇ ਦਰਸ਼ਨ-ਦੀਦਾਰ ਲਈ ਵੀਜ਼ੇ ਆਮ ਹੀ ਜਾਰੀ ਕੀਤੇ ਜਾਂਦੇ ਹਨ। ਜਿੱਥੋਂ ਤਕ ਇਹਨਾਂ ਅਸਥਾਨਾਂ ਦੀ ਸੇਵਾ-ਸੰਭਾਲ ਦਾ ਸਬੰਧ ਹੈ ਪਾਕਿਸਤਾਨ ਵਿੱਚ ਇੱਕ ਅਲੱਗ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ ਜਿਸ ਵਿੱਚ ਸਿਖ ਭਾਈਚਾਰੇ ਦੇ ਲੋਕ ਸ਼ਾਮਲ ਹਨ ਅਤੇ ਇਹ ਕਮੇਟੀ ਇਹਨਾਂ ਅਸਥਾਨਾਂ ਦੀ ਸੇਵਾ-ਸੰਭਾਲ ਤਸੱਲੀਬਖਸ਼ ਢੰਗ ਨਾਲ ਕਰ ਰਹੀ ਹੈ। ਸਗੋਂ ਪਾਕਿਸਤਾਨ ਦੇ ਸਿਖ ਭਾਈਚਾਰੇ ਨਾਲ ਸਬੰਧਤ ਲੋਕ ਅਰਦਾਸ ਦੇ ਇਸ ਹਿੱਸੇ ਦਾ ਇਹ ਕਹਿੰਦੇ ਹੋਏ ਬੁਰਾ ਮਨਾਉਂਦੇ ਹਨ ਕਿ ਕੀ ਅਸੀਂ ‘ਖਾਲਸਾ ਜੀ’ ਭਾਵ ਸਿਖ ਨਹੀਂ ਹਾਂ? ਜੇਕਰ ਸ਼੍ਰੋਮਣੀ ਕਮੇਟੀ ਜਾਣ-ਬੁੱਝ ਕੇ ਅਰਦਾਸ ਦਾ ਇਹ ਹਿੱਸਾ ਕਾਇਮ ਰੱਖ ਰਹੀ ਹੈ ਤਾਂ ਇਸ ਦਾ ਅਰਥ ਇਹ ਵੀ ਨਿਕਲਦਾ ਹੈ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਪਰਾਂਤ ਦੀ ਪਿੱਛੇ ਜਿਹੇ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਪਾਕਿਸਤਾਨ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮਾਨਤਾ ਨਹੀਂ ਦਿੰਦੀ।

ਪੜਾਅ ਬਾਰ੍ਹਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

"ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ …… ਦੀ ਅਰਦਾਸ ਹੈ ਜੀ।"

ਸਮੀਖਿਆ

ਇੱਥੇ ਅਰਦਾਸ ਦੀ ਰਸਮ ਆਪਣੇ ਅਸਲੀ ਮਨੋਰਥ ਤਕ ਪਹੁੰਚ ਜਾਂਦੀ ਹੈ। ਅਰਦਾਸ ਦਾ ਇਹ ਹਿੱਸਾ ਵੀ ਪ੍ਰਭੂ-ਪਰਮੇਸ਼ਵਰ ਨੂੰ ਸੰਬੋਧਿਤ ਹੈ। ਇਸ ਹਿੱਸੇ ਵਿੱਚ ਮੋਹਰੀ ਵੱਲੋਂ ਸਮਾਗਮ ਰੱਚਣ ਵਾਲੀ ਜਾਂ ਅਰਦਾਸ ਦੇ ਮੌਕੇ ਨਾਲ ਸਬੰਧਤ ਧਿਰ ਦੀ ਮਨੋਕਾਮਨਾ ਦਰਸਾਈ ਜਾਂਦੀ ਹੈ ਭਾਵ ਇੱਥੇ ਇਹ ਜ਼ਾਹਰ ਕੀਤਾ ਜਾਂਦਾ ਹੈ ਕਿ ਅਰਦਾਸ ਦੀ ਇਹ ਰਸਮ ਸਮਾਗਮ ਰਚੇ ਜਾਣ ਦੇ ਜਾਂ ਇਸ ਦੇ ਸਫਲਤਾ ਨਾਲ ਨੇਪਰੇ ਚੜ੍ਹਨ ਦੇ ਸ਼ੁਕਰਾਨੇ ਵਜੋਂ, ਸਬੰਧਤ ਧਿਰ ਨੂੰ ਕੋਈ ਵਿਸ਼ੇਸ਼ ਪਰਾਪਤੀ ਹੋ ਜਾਣ ਦੀ ਖੁਸ਼ੀ ਦੇ ਸਬੰਧ ਵਿਚ, ਕਿਸੇ ਵਿਅਕਤੀ ਦੀ ਮੌਤ ਹੋ ਜਾਣ ਤੇ ਭਾਣਾ ਮੰਨਣ ਦੀ ਸਮਰੱਥਾ ਪਰਾਪਤ ਲਈ ਜਾਂ ਸਬੰਧਤ ਧਿਰ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਜ਼ਾਹਰ ਕੀਤੀ ਗਈ ਕਿਸੇ ਮੰਗ ਦੀ ਪੂਰਤੀ ਲਈ ਨਿਭਾਈ ਜਾ ਰਹੀ ਹੈ। ਨਾਲ ਹੀ ਮੋਹਰੀ ਵੱਲੋਂ ਪ੍ਰਭੂ-ਪਰਮੇਸ਼ਵਰ ਅੱਗੇ ਅਰਜ਼ੋਈ ਕਰ ਦਿੱਤੀ ਜਾਂਦੀ ਹੈ ਕਿ ਉਹ ਸਬੰਧਤ ਧਿਰ ਨੂੰ ਸਦਾ ਹੀ ਆਪਣੀ ਮਿਹਰ ਦਾ ਪਾਤਰ ਬਣਾਈ ਰੱਖੇ। ਇਸ ਮਕਸਦ ਲਈ ਵਰਤੇ ਜਾਂਦੇ ਕੁੱਝ ਵਿਸੇਸ਼ ਫਿਕਰੇ ਹਨ "ਖਜਾਨੇ ਭਰਪੂਰ ਰੱਖਣੇ", "ਹਰ ਮੈਦਾਨ ਫਤਹਿ ਬਖਸ਼ਣੀ", ‘ਮਿਹਰ ਭਰਿਆ ਹੱਥ ਸਿਰ ਤੇ ਰੱਖਣਾ", "ਮਨੋਕਾਮਨਾਵਾਂ ਪੂਰੀਆਂ ਕਰਨਾ", "ਕਾਰਜ ਰਾਸ ਕਰਨੇ", "ਸੇਵਕਾਂ ਦੇ ਪਰਦੇ ਕੱਜਣੇ" ਆਦਿਕ। ਗੱਲ ਕੀ ਅਰਦਾਸ ਦਾ ਅਸਲੀ ਮਨੋਰਥ ਆਖਰਕਾਰ ਪ੍ਰਭੂ-ਪਰਮੇਸ਼ਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਲਿੱਲੜੀਆਂ ਕੱਢਣ ਦੇ ਰੂਪ ਵਿੱਚ ਸਾਹਮਣੇ ਆ ਜਾਂਦਾ ਹੈ।

ਪੜਾਅ ਤੇਰ੍ਹਵਾਂ

ਜਦੋਂ ਅਰਦਾਸ ਦਾ ਮੋਹਰੀ ਅਰਦਾਸ ਦੇ ਅਸਲੀ ਮਕਸਦ ਤਹਿਤ ਅਰਜ਼ੋਈ ਕਰ ਰਿਹਾ ਹੁੰਦਾ ਹੈ ਤਾਂ ਕਈ ਧਿਰਾਂ ਉਸ ਕੋਲੋਂ ਆਪਣੀਆਂ-ਆਪਣੀਆਂ ਵਿਸ਼ੇਸ਼ ਮੰਗਾਂ ਦੇ ਸਬੰਧ ਵਿੱਚ ਆਪਣੇ-ਆਪਣੇ ਨਾਮ ਥੱਲੇ ਅਰਜ਼ੋਈਆਂ ਕਰਵਾਉਂਦੀਆਂ ਹਨ। ਨਾਲ-ਨਾਲ ਅਜਿਹੀ ਹਰੇਕ ਅਰਜ਼ੋਈ ਕੀਤੇ ਜਾਣ ਵੇਲੇ ਸਬੰਧਤ ਧਿਰ ਮੋਹਰੀ ਦੇ ਹੱਥਾਂ ਵਿੱਚ ਕੁੱਝ ਧਨ ਰਾਸ਼ੀ ਫੜਾਉਂਦੀ ਜਾਂਦੀ ਹੈ।

ਸਮੀਖਿਆ

ਇੱਥੇ ਸਿਖ ਧਾਰਮਿਕ ਸ਼ਰਧਾਲੂਆਂ ਦੀ ਕਰਮਕਾਂਡਾਂ ਵਿੱਚ ਗਲਤਾਨ ਮਨੋਸਥਿਤੀ ਪੂਰੀ ਤਰ੍ਹਾਂ ਸਾਹਮਣੇ ਆ ਜਾਂਦੀ ਹੈ ਜੋ ਇੱਕੀਵੀਂ ਸਦੀ ਵਿੱਚ ਵੀ ਇਹ ਵਿਸ਼ਵਾਸ ਕਰੀ ਬੈਠੇ ਹਨ ਕਿ ਅਰਦਾਸ ਦੇ ਮੋਹਰੀ ਦੇ ਹੱਥ ਵਿੱਚ ਧਨ-ਰਾਸ਼ੀ ਫੜਾ ਕੇ ਭਾਵ ਅਰਦਾਸ ਦੇ ਮੋਹਰੀ ਦੇ ਰਾਹੀਂ ਆਪਣੇ ਇਸ਼ਟ ਨੂੰ ਰਿਸ਼ਵਤ ਨਾਲ ਖੁਸ਼ ਕਰਕੇ ਉਹ ਆਪਣੀ ਅਰਦਾਸ ਜ਼ਰੂਰ ਪੂਰੀ ਕਰਵਾ ਲੈਣਗੇ।

ਪੜਾਅ ਚੌਧਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

"ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।"

ਸਮੀਖਿਆ

ਅਰਦਾਸ ਦੇ ਇਸ ਹਿੱਸੇ ਵਿੱਚ ਜ਼ਾਹਰ ਕੀਤੀਆਂ ਗਈਆਂ ਭਾਵਨਾਵਾਂ ਤਾਂ ਨੇਕ ਹਨ। ਪਰੰਤੂ ਅਰਦਾਸ ਨਾਲ ਸਬੰਧਤ ਸਮਾਗਮ ਜਾਂ ਮੌਕੇ ਨਾਲ ਇਹਨਾਂ ਭਾਵਨਾਵਾਂ ਦਾ ਸਿੱਧਾ ਸਬੰਧ ਨਹੀਂ ਹੁੰਦਾ ਅਤੇ ਸਿੱਖਾਂ ਦੀ ਹਰੇਕ ਅਰਦਾਸ ਵਿੱਚ ਇਸ ਸਤਰ ਦਾ ਦੁਹਰਾਓ ਕਰਦੇ ਰਹਿਣਾ ਇੱਕ ਬੇਲੋੜੀ ਅਤੇ ਕਰਮ-ਕਾਂਡੀ ਕਾਰਵਾਈ ਹੀ ਬਣਦਾ ਹੈ।

ਪੜਾਅ ਪੰਦਰ੍ਹਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀ ਅਗਲੀ ਸਤਰ ਹੇਠਾਂ ਦਿੱਤੇ ਅਨੁਸਾਰ ਹੈ:

"ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ"।

ਸਮੀਖਿਆ

ਇੱਥੇ ਪਰਗਟ ਹੁੰਦੀ `ਚੜ੍ਹਦੀ ਕਲਾ’ ਅਤੇ ‘ਸਰਬੱਤ ਦਾ ਭਲਾ’ ਦੀ ਕਾਮਨਾ ਤਾਂ ਸਰਾਹੁਣਯੋਗ ਹੈ। ਪਰੰਤੂ ਇਹ ਮੰਗ ਦੇ ਤੌਰ ਪਰਗਟ ਕੀਤੀ ਗਈ ਭਾਸਦੀ ਹੈ। ਦੂਸਰੇ ਪਾਸੇ ਇਸ ਸਤਰ ਵਿੱਚ ਸ਼ਾਮਲ ਸ਼ਬਦ-ਜੁੱਟ ‘ਨਾਨਕ ਨਾਮ’ ਦੀ ਵਰਤੋਂ ਕਾਫੀ ਵੱਡਾ ਭੰਬਲਭੂਸਾ ਖੜ੍ਹਾ ਕਰ ਦਿੰਦਾ ਹੈ। ਇਸ ਸੰਦਰਭ ਵਿੱਚ ਇਸ ਸ਼ਬਦ-ਜੁੱਟ ਦੇ ਹੇਠਾਂ ਦਿੱਤੇ ਦੋ ਅਰਥ ਨਿਕਲ ਸਕਦੇ ਹਨ:

  1. ‘ਨਾਨਕ’ ਇਸ ਸਤਰ ਦੇ ਰਚਣਹਾਰ ਵਜੋਂ ਆਇਆ ਹੈ (ਜਿਸ ਦਾ ਭਾਵ ਹੈ ਕਿ ‘ਨਾਨਕ ਇਹ ਕਹਿ ਰਿਹਾ ਹੈ ਕਿ’ ) ਅਤੇ ‘ਨਾਮ’ ਦਾ ਅਰਥ ‘ਪ੍ਰਭੂ ਦਾ ਨਾਮ ਲੈਂਦੇ ਹੋਏ’ ਜਾਂ ‘ਪ੍ਰਭੂ ਦਾ ਨਾਮ ਚੇਤੇ ਵਿੱਚ ਵਸਿਆ ਰਵ੍ਹੇ’ ਤੋਂ ਹੈ ਅਤੇ ਇਸ ਸਥਿਤੀ ਵਿੱਚ `ਚੜ੍ਹਦੀ ਕਲਾ’ ਦਾ ਅਰਥ `ਚੜ੍ਹਦੀ ਕਲਾ ਬਣੀ ਰਵ੍ਹੇ’ ਤੋਂ ਬਣੇਗਾ।
  2. ‘ਨਾਨਕ ਨਾਮ’ ਤੋਂ ਭਾਵ ਹੈ ‘ਨਾਨਕ ਦੇ ਨਾਮ ਦਾ ਸਿਮਰਨ ਕਰਨ ਨਾਲ’ ; ਇਸ ਸਥਿਤੀ ਵਿੱਚ ‘ਨਾਨਕ ਨਾਮ’ ਨੂੰ `ਚੜ੍ਹਦੀ ਕਲਾ’ ਦੇ ਨਾਲ ਜੋੜ ਕੇ ਪੜ੍ਹਨਾ ਪਵ੍ਹੇਗਾ ਅਤੇ ਅਰਥ ਬਣੇਗਾ ਕਿ ‘ਨਾਨਕ ਦਾ ਨਾਮ ਸਿਮਰਨ ਕਰਨ ਨਾਲ ਚੜ੍ਹਦੀ ਕਲਾ ਬਣੀ ਰਵ੍ਹੇਗੀ’।

ਹੁਣ ਅਸੀਂ ਉੱਪਰ ਦਿੱਤੀਆਂ ਦੋਵ੍ਹੇਂ ਸਥਿਤੀਆਂ ਉੱਤੇ ਕ੍ਰਮਵਾਰ ਵਿਚਾਰ ਕਰਦੇ ਹਾਂ।

  1. ਇਹ ਦਾਵਾ ਕਰਨਾ ਮੂਲੋਂ ਹੀ ਗਲਤ ਹੋਵੇਗਾ ਕਿ ਗੁਰੂ ਨਾਨਕ ਜੀ ਇਸ ਸਤਰ ਦੇ ਰਚਣਹਾਰ ਸਨ ਕਿਉਂਕਿ ਇਹ ਸਤਰ ਗੁਰਬਾਣੀ ਗ੍ਰੰਥ ਵਿੱਚ ਦਰਜ ਨਹੀਂ ਅਤੇ ਗੁਰੂ ਨਾਨਕ ਜੀ ਦੀ ਕੋਈ ਹੋਰ ਰਚਨਾ ਗੁਰਬਾਣੀ ਗ੍ਰੰਥ ਤੋਂ ਬਾਹਰ ਕਿਧਰੇ ਉਪਲਭਦ ਨਹੀਂ।
  2. ਗੁਰੂ ਨਾਨਕ ਜੀ ਜਾਂ ਕਿਸੇ ਹੋਰ ਸਿਖ ਗੁਰੂ ਜੀ ਨੇ ਕਦੀ ਵੀ ਆਪਣੇ ਨਾਮ ਦਾ ਸਿਮਰਨ ਕਰਨ ਦੀ ਹਦਾਇਤ ਨਹੀਂ ਕੀਤੀ। ਉਹਨਾਂ ਸਾਰਿਆਂ ਨੇ ਸਦਾ ਹੀ ਕੇਵਲ ਪ੍ਰਭੂ-ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨ ਦਾ ਹੀ ਉਪਦੇਸ਼ ਦਿੱਤਾ ਸੀ।

ਸਤਰ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਉੱਤੇ ਪੜਾਅ ਚੌਦਾਂ ਵਾਲੀ ਸਮੀਖਿਆ ਵੀ ਲਾਗੂ ਹੁੰਦੀ ਹੈ। ਕੁੱਲ ਮਿਲਾ ਕੇ ਇਸ ਸਤਰ ਦਾ ਸਿਖ ਭਾਈਚਾਰੇ ਦੀ ਅਰਦਾਸ ਵਿੱਚ ਸ਼ਾਮਲ ਹੋਣਾ ਇੱਕ ਅਨਉਚਿਤ, ਬੇਲੋੜੀ ਅਤੇ ਕਰਮਕਾਂਡੀ ਕਾਰਵਾਈ ਹੈ।

ਪੜਾਅ ਸੋਲ੍ਹਵਾਂ

ਸਤਰ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਉਚਾਰੇ ਜਾਣ ਉਪਰੰਤ ਅਰਦਾਸ ਵਿੱਚ ਸ਼ਾਮਲ ਸਾਰੇ ਵਿਅਕਤੀ ‘ਗੁਰੂ ਗ੍ਰੰਥ ਸਾਹਿਬ’ ਅੱਗੇ ਸਤਿਕਾਰ ਸਹਿਤ ਮੱਥਾ ਟੇਕਦੇ ਹਨ ਅਤੇ ਫਿਰ ਖੜ੍ਹੇ ਹੋ ਕੇ ਸਮੂਹਿਕ ਰੂਪ ਵਿੱਚ ‘ਵਾਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦਾ ਬੋਲਾ ਉਚਾਰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਅਰਦਾਸ ਦੇ ਖਰੜੇ ਅਨੁਸਾਰ ਇਸ ਬੋਲੇ ਤੋਂ ਪਿੱਛੋਂ ਮੋਹਰੀ ਵੱਲੋਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਗਜਾਇਆ ਜਾਣਾ ਹੁੰਦਾ ਹੈ ਜਿਸ ਦੇ ਨਾਲ ਹੀ ਹਾਜ਼ਰ ਵਿਅਕਤੀ ਸਮੂਹਿਕ ਰੂਪ ਵਿੱਚ ‘ਸਤਿ ਸ੍ਰੀ ਅਕਾਲ’ ਦਾ ਵਾਕ ਉਚਾਰਦੇ ਹਨ। ਜੇਕਰ ਮੌਕੇ ਉੱਤੇ ‘ਗੁਰੁ ਗ੍ਰੰਥ ਸਾਹਿਬ’ ਦਾ ਪਰਕਾਸ਼ ਕੀਤਾ ਹੋਇਆ ਹੋਵੇ ਤਾਂ ਸਾਰੇ ਵਿਅਕਤੀ ਇੱਕ ਵਾਰ ਫਿਰ ਮੱਥਾ ਟੇਕਦੇ ਹੋਏ ਆਪਣਾ-ਆਪਣਾ ਸਥਾਨ ਗ੍ਰਹਿਣ ਕਰ ਲੈਂਦੇ ਹਨ ਅਤੇ ਜੇਕਰ ਪਰਕਾਸ਼ ਨਾ ਹੋਵੇ ਤਾਂ ਸਾਰੇ ਹਾਜ਼ਰ ਵਿਅਕਤੀ ਸਬੰਧਤ ਸਮਾਗਮ ਜਾਂ ਮੌਕੇ ਦੀ ਅਗਲੀ ਕਾਰਵਾਈ ਵਿੱਚ ਸ਼ਾਮਲ ਹੋ ਜਾਂਦੇ ਹਨ।

ਸਮੀਖਿਆ

ਇਸ ਸਾਰੀ ਕਾਰਵਾਈ ਗੁਰਦੁਆਰਿਆਂ ਦੇ ਅੰਦਰ ਚੱਲ ਰਹੇ ਕਰਮ-ਕਾਂਡੀ ਵਰਤਾਰੇ ਨੂੰ ਪੂਰੀ ਤਰ੍ਹਾਂ ਉਘਾੜ ਕੇ ਪੇਸ਼ ਕਰਦੀ ਹੈ।

ਪੜਾਅ ਸਤਾਰ੍ਹਵਾਂ

ਅੱਡ-ਅੱਡ ਮੌਕਿਆਂ ਤੇ ਅਰਦਾਸ ਕਰਨ ਵੇਲੇ ਪ੍ਰਬੰਧਕਾਂ ਅਤੇ ਅਰਦਾਸ ਦੇ ਮੋਹਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਅਰਦਾਸ ਦੇ ਖਰੜੇ ਵਿੱਚ ਕੁੱਝ ਵਾਧੇ ਵੀ ਕਰ ਲਏ ਜਾਂਦੇ ਹਨ। ਇਹਨਾਂ ਵਿੱਚੋਂ ਇੱਕ ਹੈ, "ਕੜਾਹ ਪਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ" ( ‘ਭੋਗ ਲੱਗੇ’ ਕਹਿਣ ਵੇਲੇ ਜਾਂ ਤਾਂ ਇਸ਼ਟ ਨੂੰ ਮੂਰਤੀ ਦੇ ਤੌਰ ਤੇ ਕਿਆਸਿਆ ਜਾਵੇਗਾ ਜਾਂ ਸ਼ਖਸੀ ਰੂਪ ਵਿੱਚ ਅਤੇ ਇਹ ਦੋਵੇਂ ਗੱਲਾਂ ਮਨਮੱਤ ਹਨ)। ਇੱਕ ਹੋਰ ਵਾਧਾ ਜਿਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਉਹ ਇਹ ਹੈ ਕਿ ‘ਦੋਹਿਰਾ’ ਸਿਰਲੇਖ ਹੇਠ ਕੁੱਝ ਵਾਧੂ ਸਤਰਾਂ ਸਮੂਹਿਕ ਰੂਪ ਵਿੱਚ ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ। ਇਸ ਮੰਤਵ ਲਈ ਪੜਾਅ ਸੋਲ੍ਹਵਾਂ ਤੇ ਸਮੂਹਿਕ ਰੂਪ ਵਿੱਚ ‘ਵਾਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦਾ ਬੋਲਾ ਉਚਾਰਨ ਤੋਂ ਐਨ ਪਿੱਛੋਂ ਜੈਕਾਰਾ ਗਜਾਉਣ ਦੀ ਬਜਾਇ ਖੜ੍ਹੇ-ਖੜੋਤੇ ਹੀ ਸਮੂਹਿਕ ਰੂਪ ਵਿੱਚ ਹੇਠਾਂ ਦਿੱਤੀਆਂ ਸਤਰਾਂ ਉਚਾਰੀਆਂ ਜਾਂਦੀਆਂ ਹਨ:

"ਦੋਹਿਰਾ

ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।

ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।

………………………………………………………………….

………………………………………………………………….

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।

ਖੁਆਰ ਹੋਇ ਸਭ ਮਿਲੈਂਗੇ ਬਚੈ ਸ਼ਰਨ ਜੋ ਹੋਇ।”

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਅਰਦਾਸ ਦੇ ਖਰੜੇ ਵਿੱਚ ਉੱਪਰ ਦਿੱਤੇ ਬੰਦਾਂ ਨੂੰ ਉਚਾਰਨ ਦੀ ਹਦਾਇਤ ਨਹੀਂ ਕੀਤੀ ਗਈ।

ਸਮੀਖਿਆ

ਬਹੁਤ ਘਟ ਸਿਖ ਸੱਜਣ ਇਹੋ ਜਿਹੇ ਹੋਣਗੇ ਜਿਹਨਾਂ ਨੂੰ ਇਹ ਪਤਾ ਹੋਵੇ ਕਿ ਉੱਪਰ ਦਿੱਤੇ ਬੰਦਾਂ ਵਿੱਚ ਆਉਂਦੀਆਂ

‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ’, ‘ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ’ ਅਤੇ ‘ਰਾਜ ਕਰੇਗਾ ਖਾਲਸਾ’ ਵਰਗੀਆਂ ਸਤਰਾਂ ਹੂਬਹੂ ਰੂਪ ਵਿੱਚ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਵਿੱਚੋਂ ਉਚਰੀਆਂ ਹੋਈਆਂ ਨਹੀਂ ਅਤੇ ਇਹਨਾਂ ਵਿਚਲੇ ਸ਼ੁਰੂ ਦੇ ਬੰਦ ਗਿਆਨੀ ਗਿਆਨ ਸਿੰਘ ਦੁਆਰਾ 1867 ਈਸਵੀ ਵਿੱਚ ਰਚੀ ਗਈ ਮਨਮੱਤੀ ਪੁਸਤਕ ‘ਪੰਥ ਪ੍ਰਕਾਸ਼’ ਤੇ ਆਧਾਰਿਤ ਹਨ। ਗਿਆਨੀ ਗਿਆਨ ਸਿੰਘ ਖੁਦ ਹਿੰਦੂ ਮੱਤ ਦੀ ਨਿਰਮਲਾ ਸੰਪਰਦਾ ਨਾਲ ਸਬੰਧ ਰੱਖਦਾ ਸੀ ਅਤੇ ਉਸ ਨੇ ਆਪਣੀ ਪੁਸਤਕ ‘ਪੰਥ ਪ੍ਰਕਾਸ਼’ ਭਾਈ ਪ੍ਰਹਿਲਾਦ ਸਿੰਘ, ਰਤਨ ਸਿੰਘ ਭੰਗੂ, ਕਵਿ ਨਿਹਾਲ ਸਿੰਘ ਅਤੇ ਕਈ ਹੋਰ ਲਿਖਾਰੀਆਂ ਦੀਆਂ ਰਚਨਾਵਾਂ ਵਿੱਚੋਂ ਵੱਡੇ ਪੱਧਰ ਤੇ ਸਮੱਗਰੀ ਚੋਰੀ ਕਰਕੇ ਤਿਆਰ ਕੀਤੀ ਹੋਈ ਹੈ (ਵੇਖੋ ਭਾਈ ਕਾਹਨ ਸਿੰਘ ਰਚਿਤ ‘ਮਹਾਨ ਕੋਸ਼’ : ਐਂਟਰੀ ‘ਪੰਥ ਪ੍ਰਕਾਸ਼’ )। ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼’ (ਭਾਸ਼ਾ ਵਿਭਾਗ, ਪੰਜਾਬ 1987) ਦੇ ਪੰਨਾਂ 353 ਉੱਤੇ ਅਜਿਹੇ ਬੰਦਾਂ ਵਾਲਾ ਹਿੱਸਾ ਹੇਠਾਂ ਦਿੱਤੇ ਅਨੁਸਾਰ ਅੰਕਿਤ ਕੀਤਾ ਹੋਇਆ ਮਿਲਦਾ ਹੈ:

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ।

ਸਬ ਸਿੱਖਨ ਨੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ।

ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ ।

ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ ।

ਸਬ ਗੁਰੂ ਪਰਗਟ ਭਏ ਪੂਰਨ ਹਰਿ ਅਵਤਾਰ ।

ਜਗਮਗ ਜੋਤ ਬਿਰਾਜਹੀ ਸ੍ਰੀ ਗੁਰੁ ਗ੍ਰੰਥ ਮਝਾਰ ।

ਜੋ ਦਰਸਿਯੋ ਚਹਿ ਗੁਰੂ ਕੋ ਸੋ ਦਰਸੈ ਗੁਰੁ ਗ੍ਰੰਥ ।

ਪਢੈ ਸੁਨੈ ਸਾਰਥ ਲਹੈ ਪਰਮਾਰਥ ਕੌ ਪੰਥ ।

ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ ।

ਜੋ ਸਰਧਾ ਸੇਵਹੈ ਸੋ ਉਤਰੈ ਭਵ ਪਾਰ ।

ਪਹਿਲਾਂ ਤਾਂ ਗਿਆਨੀ ਗਿਆਨ ਸਿੰਘ ਨੇ ਇਹ ਬੰਦ ਵੱਡੀ ਪੱਧਰ ਤੇ ਹੇਰਾਫੇਰੀ ਕਰ ਕੇ ਤਿਆਰ ਕੀਤੇ ਸਨ ਅਤੇ ਫਿਰ ਸਿੱਖਾਂ ਦੀ ਅਰਦਾਸ ਮੌਕੇ ਇਹਨਾਂ ਬੰਦਾਂ ਵਿੱਚ ਹੋਰ ਫੇਰ-ਬਦਲ ਕਰਦੇ ਹੋਏ ‘ਦੋਹਿਰਾ’ ਸਿਰਲੇਖ ਹੇਠ ਬੇਲੋੜੇ ਹੀ ਕਾਫੀ ਸੰਖਿਆ ਵਿੱਚ ਬੰਦ ਸਮੂਹਿਕ ਰੂਪ ਵਿੱਚ ਪੇਸ਼ ਕਰ ਲਏ ਜਾਂਦੇ ਹਨ ( ‘ਰਾਜ ਕਰੇਗਾ ਖਾਲਸਾ…’ ਭਾਈ ਨੰਦ ਲਾਲ ਰਚਿਤ ‘ਤਨਖਾਹਨਾਮਾ’ ਵਿੱਚੋਂ ਹੈ)। ਸਿੱਖਾਂ ਦੀ ਅਰਦਾਸ ਵਿੱਚ ਸ਼ਾਮਲ ਨਿੱਤ ਗਾਈਆਂ ਜਾਣ ਵਾਲੀਆਂ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ’, ‘ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ’ ਅਤੇ ‘ਰਾਜ ਕਰੇਗਾ ਖਾਲਸਾ’ ਵਰਗੀਆਂ ਸਤਰਾਂ ਨੇ ‘ਸਿਖ’ ਭਾਈਚਾਰੇ ਦਾ ਜਿੱਡੇ ਵੱਡੇ ਪੱਧਰ ਤੇ ਨੁਕਸਾਨ ਕਰ ਛੱਡਿਆ ਹੈ ਉਸ ਦੇ ਵਿਸਥਾਰ ਵਿੱਚ ਇੱਥੇ ਜਾਇਆ ਨਹੀਂ ਜਾ ਸਕਦਾ।

ਪੜਾਅ ਅਠਾਰ੍ਹਵਾਂ

ਇਹਨਾਂ ਸਤਰਾਂ ਦੀ ਸਮਾਪਤੀ ਉਪਰੰਤ ਮੋਹਰੀ ਵੱਲੋਂ ਉੱਚੀ ਅਵਾਜ਼ ਵਿੱਚ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਗਜਾਇਆ ਜਾਂਦਾ ਹੈ ਜਿਸ ਦੇ ਜਵਾਬ ਵਿੱਚ ਸਾਰੇ ਹਾਜ਼ਰ ਵਿਅਕਤੀ ਉੱਚੀ ਅਵਾਜ਼ ਵਿੱਚ ‘ਸਤਿ ਸ੍ਰੀ ਅਕਾਲ’ ਦਾ ਉਚਾਰਨ ਕਰਦੇ ਹਨ। ਕਈ ਵਾਰ ਹਾਜ਼ਰ ਵਿਅਕਤੀਆਂ ਵੱਲੋਂ ਵੀ ਕੁੱਝ ਜੈਕਾਰੇ ਗਜਾ ਦਿੱਤੇ ਜਾਂਦੇ ਹਨ ਭਾਵ ਜੈਕਾਰਿਆਂ ਦੀ ਗਿਣਤੀ ਤੇ ਕੋਈ ਪਾਬੰਦੀ ਨਹੀਂ। ਇਸ ਦੇ ਨਾਲ ਹੀ ਹਾਜ਼ਰ ਵਿਅਕਤੀ ਮੱਥਾ ਟੇਕਦੇ ਹੋਏ ਬੈਠ ਜਾਂਦੇ ਹਨ ਅਤੇ ਮੌਕੇ ਦੀ ਅਗਲੀ ਕਾਰਵਾਈ ਵਿੱਚ ਸ਼ਾਮਲ ਹੋ ਜਾਂਦੇ ਹਨ।

ਸਮੀਖਿਆ

ਉੱਪਰ ਆਈ ਕਾਰਵਾਈ ਦੀ ਸਮੀਖਿਆ ਪੜਾਅ ਸੋਲਵਾਂ ਦੇ ਸਬੰਧ ਵਿੱਚ ਪੇਸ਼ ਕੀਤੀ ਗਈ ਟਿੱਪਣੀ ਵਾਲੀ ਹੀ ਹੈ।

ਨਿਸ਼ਕਰਸ

ਕੁਲ ਮਿਲਾ ਕੇ ਅਸੀਂ ਵੇਖ ਸਕਦੇ ਹਾਂ ਕਿ ਸਿੱਖਾਂ ਦੀ ਅਰਦਾਸ ਦੀ ਪਰਚਲਤ ਰਵਾਇਤ ਮਨਮੱਤੀ ਕਿਸਮ ਦੀ ਹੈ ਪਰੰਤੂ ਇਸ ਨੂੰ ਬਦਲ ਸਕਣਾ ਅਸਾਨ ਵੀ ਨਹੀਂ। ਹਰੇਕ ਸੰਸਥਾਗਤ ਧਰਮ ਦੀ ਮੁੱਢਲੀ ਸਮੱਸਿਆ ਇਹ ਹੁੰਦੀ ਹੈ ਕਿ ਇਸ ਵਿੱਚ ਕੋਈ ਸੁਧਾਰ ਕੀਤਾ ਜਾਣਾ ਸੰਭਵ ਨਹੀਂ ਹੁੰਦਾ ਸਗੋਂ ਇਸਦੀ ਵਿਵਸਥਾ ਨੇ ਦਿਨਬਦਿਨ ਬਦਤਰ ਹੀ ਹੋਣਾ ਹੁੰਦਾ ਹੈ। ਅਜਿਹੀ ਮਨਮੱਤੀ ਕਾਰਵਾਈ ਦਾ ਤਿਆਗ ਕਰਨ ਲਈ ਜ਼ਰੂਰੀ ਹੈ ਕਿ ਪਹਿਲਾਂ ਸਿੱਖੀ ਦੇ ਸੰਸਥਾਗਤ ਰੂਪ ਦਾ ਤਿਆਗ ਕੀਤਾ ਜਾਵੇ ਅਤੇ ਉਸ ‘ਧਰਮ’ ਨੂੰ ਅਪਣਾਇਆ ਜਾਵੇ ਜਿਸ ਬਾਰੇ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਆਦੇਸ਼ ਦਿੱਤਾ ਗਿਆ ਹੋਇਆ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥

ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਗੁਰਬਾਣੀ ਗ੍ਰੰਥ ਪੰਨਾਂ 266)

(ਸਮਾਪਤ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.