.

ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ

(ਸੁਖਜੀਤ ਸਿੰਘ ਕਪੂਰਥਲਾ)

ਅਸੀਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਅਕਸਰ ਵੇਖਦੇ ਹਾਂ ਕਿ ਸਾਡਾ ਸਬੰਧ ਜਿਸ ਨਾਲ ਗੂੜ੍ਹਾ ਬਣ ਜਾਂਦਾ ਹੈ ਉਸ ਦੀ ਹਰ ਗੱਲ ਸਾਨੂੰ ਚੰਗੀ ਲੱਗਣ ਲੱਗ ਪੈਂਦੀ ਹੈ। ਇਹ ਸਭ ਕੁੱਝ ਅੰਦੂਰਨੀ ਪਿਆਰ ਦੇ ਕਾਰਣ ਹੁੰਦਾ ਹੈ। ਠੀਕ ਇਸੇ ਤਰਾਂ ਜਿਸ-ਜਿਸ ਦਾ ਸਬੰਧ ਪ੍ਰਮੇਸ਼ਰ ਨਾਲ ਜੁੜਦਾ ਹੈ, ਉਹ ਪ੍ਰਮੇਸ਼ਰ ਨੂੰ ਪਿਆਰ ਕਰਦਾ ਹੋਇਆ ਉਸ ਦੇ ਹਰ ਕਾਰਜ ਨੂੰ ਪ੍ਰਸੰਨਤਾ ਨਾਲ ਵੇਖਦਾ-ਮਾਣਦਾ ਹੈ। ਪ੍ਰਭੂ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ` (੫੧੫) ਰੂਪ ਹੋ ਕੇ ਸੰਸਾਰ ਨੂੰ ਅਗਵਾਈ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਗੁਰਬਾਣੀ, ਖਸਮ ਕੀ ਬਾਣੀ, ਸ਼ਬਦ ਵੀ ਕਿਹਾ ਗਿਆ ਹੈ। ਪ੍ਰਮੇਸ਼ਰ ਨੇ ਸੰਸਾਰ ਭਲੇ ਲਈ ਆਪਣੀ ਬਾਣੀ ਗੁਰੂ ਸਾਹਿਬਾਨ, ਭਗਤਾਂ ਆਦਿ ਦੇ ਹਿਰਦੇ ਰਾਹੀਂ ਸੰਸਾਰ ਦੇ ਸਾਹਮਣੇ ਪ੍ਰਗਟ ਕੀਤੀ। ਅਕਾਲ ਪੁਰਖ ਨਾਲ ਜੁੜ ਕੇ ਇੱਕ ਮਿਕ ਹੋਈਆਂ ਆਤਮਾਵਾਂ ਜਿੰਨ੍ਹਾਂ ਰਾਹੀਂ ‘ਧੁਰ ਕੀ ਬਾਣੀ ਆਈ` (੬੨੮) ਉਹਨਾਂ ਵਿਚੋਂ ਕਿਸੇ ਨੇ ਵੀ ਇਸ ਨੂੰ ਆਪਣੀ ਨਹੀਂ ਆਖਿਆ। ਉਹਨਾਂ ਦੀ ਜੀਵਨ ਅਵਸਥਾ ਐਸੀ ਬਣ ਗਈ ਕਿ ਪ੍ਰਮੇਸ਼ਰ ਦਾ ਹਰ ਪੱਖ ਉਹਨਾਂ ਨੂੰ ਪਿਆਰਾ ਲੱਗਣ ਲੱਗ ਪਿਆ। ਪ੍ਰਮੇਸ਼ਰ ਦੇ ਸ਼ਬਦ ਨਾਲ ਜੁੜਣ ਕਾਰਣ ਉਹਨਾਂ ਦਾ ਮਨ ਸ਼ਬਦ ਦੁਆਰਾ ਪ੍ਰਸੰਨਤਾ ਹਾਸਲ ਕਰਨ ਵਾਲੇ ਮਾਰਗ ਤੇ ਚਲ ਪਿਆ। ਪ੍ਰਮੇਸ਼ਰ ਦੇ ਪਿਆਰ ਵਿੱਚ ਰੰਗੇ ਗੁਰੂ ਅਰਜਨ ਸਾਹਿਬ ਦੇ ਹਿਰਦੇ ਵਿਚੋਂ ‘ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ` (੧੧੧੭) ਦੀ ਆਵਾਜ਼ ਬਾਣੀ ਰੂਪ ਵਿੱਚ ਸੰਸਾਰ ਦੇ ਸਾਹਮਣੇ ਆਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਸਿਧ ਗੋਸਟਿ` ਨਾਮਕ ਬਾਣੀ ਵਿੱਚ ਸਿਧ ਯੋਗੀ ਗੁਰੂ ਨਾਨਕ ਸਾਹਿਬ ਦੀ ਗਿਆਨ ਭਰਪੂਰ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਸਵਾਲ ਕਰਦੇ ਹਨ ਕਿ ਜੀਵਨ ਦਾ ਮੂਲ ਕੀ ਹੈ? ਇਹ ਮਨੁੱਖਾ ਜਨਮ ਕਿਹੜੀ ਸਿਖਿਆ ਲੈਣ ਦਾ ਸਮਾਂ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈ? -

ਕਵਣ ਮੂਲੁ ਕਵਣ ਮਤਿ ਵੇਲਾ।।

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।। … ….

ਗੁਰੂ ਸਾਹਿਬ ਸਪਸ਼ਟ ਉਤਰ ਦਿੰਦੇ ਹਨ ਕਿ ਪ੍ਰਾਣ ਹੀ ਜੀਵਨ ਦਾ ਮੁੱਢ ਹਨ। ਇਹ ਮਨੁੱਖਾ ਜਨਮ ਦਾ ਸਮਾਂ ਸਤਿਗੁਰੂ ਦੀ ਸਿਖਿਆ ਲੈਣ ਦਾ ਹੈ। ਸ਼ਬਦ ਹੀ ਮੇਰਾ ਗੁਰੂ ਹੈ ਅਤੇ ਮੇਰੀ ਸੁਰਤਿ ਦਾ ਟਿਕਾਉ ਉਸ ਗੁਰੂ ਦਾ ਸਿੱਖ ਹੈ। -

ਪਵਨ ਅਰੰਭ ਸਤਿਗੁਰ ਮਤਿ ਵੇਲਾ।।

ਸਬਦੁ ਗੁਰੂ ਸੁਰਤਿ ਧੁਨਿ ਚੇਲਾ।। … …. .

(ਰਾਮਕਲੀ ਮਹਲਾ ੧-੯੪੩)

ਭਾਵ ਸ਼ਬਦ ਹੀ ਗੁਰੂ ਰੂਪ ਹੈ ਮਨੁੱਖ ਦੀ ਸੁਰਤਿ ਚੇਲਾ ਰੂਪ ਹੋ ਕੇ ਸ਼ਬਦ ਤੋਂ ਅਗਵਾਈ ਪ੍ਰਾਪਤ ਕਰਦੀ ਹੈ। ਜਿਹੜੇ ਜੀਵ ਸ਼ਬਦ ਗੁਰੂ ਦੀ ਰੋਸ਼ਨੀ ਵਿੱਚ ਨਹੀਂ ਚਲਦੇ ਉਹਨਾਂ ਦੇ ਜੀਵਨ ਦੀ ਹਾਲਤ ‘ਬਿਨੁ ਸਬਦੈ ਜਗੁ ਬਉਰਾਨੰ` (੬੩੫) ਵਾਲੀ ਹੋ ਜਾਂਦੀ ਹੈ। ਅਗਿਆਨਤਾ ਕਾਰਣ ਜੀਵਨ ਵਿੱਚ ਕਿਸੇ ਤਰਾਂ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਅਤੇ ਜਨਮ ਮਰਣ ਦੇ ਗੇੜ ਤੋਂ ਛੁਟਕਾਰਾ ਵੀ ਨਹੀਂ ਮਿਲਦਾ। ਇਸ ਪ੍ਰਥਾਇ ਗੁਰਵਾਕ ਹਨ ‘ਬਿਨੁ ਸਬਦੈ ਅੰਤਰਿ ਆਨੇਰਾ।। ਨਾ ਵਸਤੁ ਲਹੈ ਨ ਚੂਕੈ ਫੇਰਾ।। ` (ਮਾਝ ਮਹਲਾ ੩-੧੨੪) ਜਿਵੇਂ ਘਰ ਅੰਦਰ ਹਨੇਰਾ ਹੋਣ ਤੇ ਆਪਣੇ ਹੱਥੀਂ ਘਰ ਵਿੱਚ ਰੱਖੀ ਗਈ ਵਸਤੂ ਲੱਭਣੀ ਮੁਸ਼ਕਲ ਹੋ ਜਾਂਦੀ ਹੈ, ਪਰ ਪ੍ਰਕਾਸ਼ ਹੋਣ ਤੇ ਸਭ ਕੁੱਝ ਸਾਹਮਣੇ ਸਪਸ਼ਟ ਦਿਖਾਈ ਦੇਣ ਲੱਗ ਪੈਂਦਾ ਹੈ। ਠੀਕ ਇਸੇ ਤਰਾਂ ਜੀਵਨ ਨੂੰ ਅਗਿਆਨਤਾ ਭਰਪੂਰ ਹਨੇਰੇ ਵਿਚੋਂ ਬਾਹਰ ਆਉਣ ਲਈ ਸ਼ਬਦ ਦੇ ਗਿਆਨ ਰੂਪੀ ਪ੍ਰਕਾਸ਼ ਦੀ ਜ਼ਰੂਰਤ ਹੈ। ਸਤਿਸੰਗਤ ਦੇ ਮਾਰਗ ਰਾਹੀਂ ਆਪਣੇ ਵਿਸ਼ਵਾਸ ਨੂੰ ਪ੍ਰਪੱਕ ਕਰਨ ਦੀ ਲੋੜ ਹੈ-

-ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦ ਦੀਪਕੁ ਪਰਗਾਸਾ।।

ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾਕਉ ਸਾਧ ਸੰਗਤਿ ਬਿਸ੍ਵਾਸਾ।।

(ਗਉੜੀ ਮਹਲਾ ੫-੨੦੮)

ਅਥਵਾ

- ਸਤਿਗੁਰ ਸਬਦਿ ਉਜਾਰੋ ਦੀਪਾ।।

ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ।।

(ਬਿਲਾਵਲ ਮਹਲਾ ੫-੮੨੧)

ਵਿਸ਼ਾ ਅਧੀਨ ਵਾਰਤਾ ਦੇ ਸਿਰਲੇਖ ‘ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ` (੧੧੧੭) ਵਾਲੀ ਜੀਵਨ ਅਵਸਥਾ ਬਨਾਉਣ ਲਈ ਜਰੂਰੀ ਹੈ ਕਿ ਸਾਨੂੰ ਸ਼ਬਦ ਕੀ ਹੈ, ਸ਼ਬਦ ਗੁਰੂ ਕਿਵੇਂ ਹੈ, ਸ਼ਬਦ ਨਾਲ ਜੁੜ ਕੇ ਲਾਭ ਕਿਵੇਂ ਉਠਾਇਆ ਜਾਵੇ ਆਦਿ ਪ੍ਰਸ਼ਨਾਂ ਦੇ ਉਤਰ ਪਤਾ ਹੋਣੇ ਚਾਹੀਦੇ ਹਨ। ਗੁਰੂ ਅੰਗਦ ਦੇਵ ਜੀ ਆਸਾ ਕੀ ਵਾਰ ਵਿੱਚ ਰਚਿਤ ਸਲੋਕ ਅੰਦਰ ਸ਼ਬਦ ਨੂੰ ਧਰਮ ਦੀ ਪ੍ਰੀਭਾਸ਼ਾ ਤਹਿਤ ਨਿਰਧਾਰਤ ਕਰਦੇ ਹੋਏ ਦਸਦੇ ਹਨ ਕਿ ਕਿਵੇਂ ਅਸੀਂ ਵੱਖ ਵੱਖ ਜਾਤਾਂ -ਪਾਤਾਂ ਵਿੱਚ ਵੰਡੇ ਹੋਏ ਮਨੁੱਖਾਂ ਨੇ ਧਰਮ ਨੂੰ ਵੀ ਵੰਡਣ ਤੋਂ ਸੰਕੋਚ ਨਹੀਂ ਕੀਤਾ। ਅਸਲ ਧਰਮ ਤਾਂ ਸ਼ਬਦ ਦੇ ਅੰਤਰੀਵ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਜਾਚ ਬਣਾਉਣਾ ਹੈ।

ਮਨੁੱਖਤਾ ਵਿੱਚ ਧਰਮ ਆਧਾਰਤ ਵੰਡੀਆਂ ਪਾਉਣ ਵਾਲਿਆਂ ਨੇ ਸਮਝ ਲਿਆ ਕਿ ਯੋਗੀ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ, ਬ੍ਰਾਹਮਣਾਂ ਦਾ ਧਰਮ-ਵੇਦ ਅਭਿਆਸ, ਛਤ੍ਰੀ ਦਾ ਧਰਮ-ਸੂਰਬੀਰਤਾ, ਸ਼ੂਦਰ ਦਾ ਧਰਮ, ਪਰਾਈ ਸੇਵਾ ਕਰਨਾ ਹੈ। ਪ੍ਰੰਤੂ ਵਾਸਤਵ ਵਿੱਚ ਗੁਰਮਤਿ ਅਨੁਸਾਰ ਸਾਰਿਆਂ ਦਾ ਸਰਬ ਸਾਂਝਾ ਧਰਮ ਇੱਕ ਹੀ ਹੈ- ‘ਏਕੁ ਪਿਤਾ ਏਕਸ ਕੇ ਹਮ ਬਾਰਿਕ` (੬੧੧) ਹੋਣ ਕਰਕੇ ਆਪਸੀ ਭਾਈਚਾਰਾ ਕਾਇਮ ਰੱਖਣਾ ਅਤੇ ਕੁਕਰਮਾਂ ਤੋਂ ਬਚ ਕੇ ਸ਼ੁਭ ਕਰਮਾਂ ਦੇ ਧਾਰਨੀ ਬਨਣਾ। ਗੁਰੂ ਅੰਗਦ ਸਾਹਿਬ ਇਸ ਸਲੋਕ ਰਾਹੀਂ ਨਿਰਣਾ ਦਿੰਦੇ ਹਨ ਕਿ ਜੇ ਕੋਈ ਇਸ ਭੇਦ ਨੂੰ ਸਮਝ ਲਵੇ ਤਾਂ ਮੈਂ ਉਸ ਦਾ ਦਾਸ ਹਾਂ ਅਤੇ ਉਹ ਪੁਰਸ਼ ਵਾਹਿਗੁਰੂ ਦਾ ਆਪਣਾ ਰੂਪ ਹੈ।

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ।।

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ।।

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ।।

ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ।।

(ਆਸਾ ਕੀ ਵਾਰ- ਮਹਲਾ ੨-੪੬੯)

ਵਿਚਾਰਣ ਵਾਲਾ ਪੱਖ ਹੈ ਕਿ ਗੁਰੂ ਸਾਹਿਬ ਜਿਸ ਦੇ ਦਾਸ ਬਨਣ ਲਈ ਤਿਆਰ ਹੋਣ, ਉਹ ਪ੍ਰਮੇਸ਼ਰ ਦਾ ਆਪਣਾ ਰੂਪ ਬਣਿਆ ਹੋਵੇ, ਉਹ ਕੋਈ ਆਮ ਸਖਸ਼ੀਅਤ ਨਹੀ ਹੋ ਸਕਦੀ। ਇਸ ਅਵਸਥਾ ਤਕ ਉਹੀ ਪਹੁੰਚ ਸਕਦਾ ਹੈ ਜੋ ਗੁਰੂ ਦੇ ਸ਼ਬਦ ਦੁਆਰਾ ਦਰਸਾਈ ਜੀਵਨ ਜੁਗਤ ਦਾ ਧਾਰਨੀ ਬਣਿਆ ਹੋਵੇ। ਜਿਸ ਦਾ ਮਨ ਗੁਰੂ ਦੇ ਸ਼ਬਦ ਨਾਲ ਪਤੀਜ ਗਿਆ ਹੋਵੇ, ਉਸ ਦੇ ਜੀਵਨ ਵਿੱਚ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਣਾ ਸੁਭਾਵਿਕ ਹੈ। ਸਿਖ ਦੇ ਜੀਵਨ ਵਿੱਚ ਸਹਿਜ ਹਮੇਸ਼ਾ ਬਣਿਆ ਰਹੇ ਇਸ ਲਈ ਸਾਨੂੰ ਹਰ ਸਮੇਂ ਗੁਰਬਾਣੀ ਰੂਪੀ ਨਿਤਨੇਮ, ਸਤਿਸੰਗਤ, ਸੇਵਾ, ਸਿਮਰਨ, ਅਰਦਾਸ ਆਦਿਕ ਪੱਖਾਂ ਨਾਲ ਜੁੜੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਸਿਖ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਿਸ-ਜਿਸ ਨੇ ਵੀ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੁਆਰਾ ਪਤੀਜ ਕੇ ਐਸੀ ਸਹਿਜ ਅਵਸਥਾ ਦੀ ਪ੍ਰਾਪਤੀ ਕਰ ਲਈ ਉਹ ਸਹੀ ਅਰਥਾਂ ਵਿੱਚ ‘ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ` ਬਣ ਕੇ ਸੰਸਾਰ ਨੂੰ ਅਗਵਾਈ ਦੇਣ ਦੇ ਸਮਰੱਥ ਬਣ ਗਏ। ਕੇਵਲ ਸਰੀਰਕ ਤੌਰ ਤੇ ਸਤਿਗੁਰੂ ਦੇ ਕੋਲ ਰਹਿਣ ਵਾਲੇ ਐਸੀ ਅਵਸਥਾ ਦੀ ਪ੍ਰਾਪਤੀ ਨਹੀ ਕਰ ਸਕਦੇ। ਗੁਰੂ ਕ੍ਰਿਪਾ ਦੁਆਰਾ ਐਸੀ ਪ੍ਰਾਪਤੀ ਸਹੀ ਅਰਥਾਂ ਵਿੱਚ ਜਿਨ੍ਹਾਂ-ਜਿੰਨ੍ਹਾਂ ਦੇ ਹਿਸੇ ਆਈ ਉਹ ਹੀ ਸਿੱਖ ਇਤਿਹਾਸ ਦੇ ਨਾਇਕ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਵਿਚੋਂ ਹੀ ਸਿਖ ਸ਼ਹੀਦ ਬਣ ਕੇ ਵੀ ਨਿਤਰੇ।

ਸ਼ਬਦ ਦੀ ਬਖ਼ਸ਼ਿਸ਼ ਨਾਲ ਨਿਵਾਜ ਕੇ ਹੀ ਕੋਈ ਹੱਥ ਵਿੱਚ ਸੋਟਾ ਫੜ ਕੇ ਬੋਤਾ ਸਿੰਘ ਵਾਂਗ ਗਰਜਾ ਸਿੰਘ ਦਾ ਸਾਥੀ ਬਣ ਕੇ ਤਾਕਤਵਰ ਜੁਲਮੀ ਹਕੂਮਤ ਨਾਲ ਟਕਰਾਉਣ ਦੀ ਜੁਰਅਤ ਦਿਖਾ ਜਾਂਦਾ ਹੈ ਅਤੇ ‘ਸਿਖ ਖਤਮ ਕਰ ਦਿਤੇ ਗਏ ਹਨ` ਦੇ ਐਲਾਨ ਦਾ ਜ਼ਨਾਜ਼ਾ ਕੱਢ ਦਿੰਦਾ ਹੈ।

ਸਰਕਾਰੀ ਅਲਿਹਕਾਰ ਹੁੰਦਾ ਹੋਇਆ ਵੀ ਸੁਬੇਗ ਸਿੰਘ ਸਮਾਂ ਆਉਣ ਤੇ ਸਿੱਖੀ ਪਿਆਰ ਲਈ ਆਪਣੇ ਪੁੱਤਰ ਸ਼ਾਹਬਾਜ ਸਿੰਘ ਨਾਲ ਚਰਖੜੀਆਂ ਤੇ ਤੂੰਬਾ-ਤੂੰਬਾ ਹੋ ਕੇ ਨਿਵੇਕਲਾ ਇਤਿਹਾਸ ਸਿਰਜਣ ਵਾਲੀ ਅਨੋਖੀ ਕਰਾਮਾਤ ਦਿਖਾਉਣ ਦੇ ਸਮੱਰਥ ਹੋ ਜਾਂਦਾ ਹੈ।

ਜਿਨ੍ਹਾਂ ਦੇ ਮਨ ਅੰਦਰ ਸ਼ਬਦ ਦਾ ਵਿਸ਼ਵਾਸ ਪ੍ਰਪੱਕ ਹੋ ਜਾਂਦਾ ਹੈ, ਉਹ ਗੁਰ ਸ਼ਬਦ ਨੂੰ ਹਰ ਸਮੇਂ ਅੰਗ-ਅੰਗ ਸਮਝਦੇ ਹਨ, ਉਹਨਾਂ ਦੇ ਮਨ ਵਿਚੋਂ ਹਰ ਤਰਾਂ ਦੇ ਡਰ ਭੈਅ ਤੋਂ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਜੀਵ ਫਿਰ ਗੁਰ ਸ਼ਬਦ ਦੀ ਰਖਵਾਲੀ ਵਿੱਚ ਆਪਣੇ ਆਪ ਨੂੰ ਹਰ ਤਰਾਂ ਨਾਲ ਸੁਰਖਿਅਤ ਮਹਿਸੂਸ ਕਰਦੇ ਹਨ। ਇਸ ਪ੍ਰਥਾਇ ਗੁਰ ਵਾਕ ਹਨ-

ਗੁਰ ਕਾ ਸਬਦੁ ਰਖਵਾਰੇ।।

ਚਉਕੀ ਚਉਗਿਰਦ ਹਮਾਰੇ।।

ਰਾਮ ਨਾਮਿ ਮਨੁ ਲਾਗਾ।।

ਜਮੁ ਲਜਾਇ ਕਰਿ ਭਾਗਾ।।

(ਸੋਰਠਿ ਮਹਲਾ ੫-੬੨੬)

‘ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ` ਵਾਲੀ ਅਵਸਥਾ ਦੇ ਮਾਲਕ ਬਣੇ ਜੀਵ ਆਪਣੇ ਜੀਵਨ ਵਿੱਚ ਵਾਰ-ਵਾਰ ਵਿਸ਼ੇ ਵਿਕਾਰਾਂ, ਅਉਗਣਾਂ ਦੀ ਮੌਤ ਨਹੀਂ ਮਰਦੇ, ਉਹਨਾਂ ਦੇ ਡੋਲਦੇ ਹੋਏ ਮਨ ਨੂੰ ਗੁਰ ਸ਼ਬਦ ਇਸ ਤਰਾਂ ਆਸਰਾ ਦੇ ਕੇ ਡੋਲਣ ਤੋਂ ਬਚਾ ਕੇ ਰੱਖਦਾ ਹੈ ਜਿਵੇਂ ਕਿਸੇ ਪੁਰਾਣੇ ਮਕਾਨ ਨੂੰ ਡਿਗਣ ਤੋਂ ਬਚਾਉਣ ਲਈ ਥੱਲੇ ਲੱਕੜ, ਇੱਟਾਂ ਆਦਿ ਦੀ ਥੰਮੀ ਦਾ ਆਸਰਾ ਦੇ ਲਈਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਜਰਨ ਸਾਹਿਬ ਦੇ ਬਚਨ ਹਨ-

ਜਿਉ ਮੰਦਰ ਕਉ ਥਾਮੈ ਥੰਮਨ।।

ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ।।

(ਗਉੜੀ ਸੁਖਮਨੀ ਮਹਲਾ ੫-੨੮੨)

ਆਉ ਅਸੀਂ ਜਿਥੇ ਬਾਣੀ ਨੂੰ ਗੁਰੂ ਰੂਪ ਵਿੱਚ ਪੜ੍ਹਣਾ-ਸੁਣਨਾ ਹੈ, ਉਥੇ ‘ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੇ (੯੮੨) ਵਾਲੇ ਮਾਰਗ ਦੇ ਪਾਂਧੀ ਬਣਾਂਗੇ ਤਾਂ ਅਸੀਂ ਵੀ ਗੁਰ ਸ਼ਬਦ ਦੇ ਨਾਲ ਮਨ ਪਤੀਜ ਜਾਣ ਵਾਲੀ ਅਵਸਥਾ ਦੇ ਧਾਰਣੀ ਬਣ ਜਾਵਾਂਗੇ, ਇਸ ਨਾਲ ਸਾਡੇ ਜੀਵਨ ਵਿੱਚ ਗੁਰ ਸ਼ਬਦ ਦੇ ਗਿਆਨ ਦੁਆਰਾ ਚਲਣ ਨਾਲ ਜਨਮ ਮਰਣ ਦਾ ਭੈਅ ਖਤਮ ਹੋ ਕੇ ਲੋਕ ਅਤੇ ਪਰਲੋਕ ਦੋਵੇਂ ਹੀ ਸੁਹੇਲੇ ਹੋ ਜਾਣ ਵਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ।

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ।।

ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ।।

(ਗਉੜੀ ਮਹਲਾ ੫-੩੨੦)

============

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.