.

ਭੱਟ ਬਾਣੀ-59

ਬਲਦੇਵ ਸਿੰਘ ਟੋਰਾਂਟੋ

ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ।।

ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ।।

ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ।।

ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ।। ੨।।

(ਪੰਨਾ ੧੪੦੫)

ਪਦ ਅਰਥ:- ਸਤਿਗੁਰਿ – ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਨਾਨਕਿ – ਨਾਨਕ ਨੇ। ਭਗਤਿ ਕਰੀ – ਬੰਦਗੀ ਕੀਤੀ ਭਾਵ ਸੱਚ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਇੱਕ ਮਨਿ – ਇੱਕ ਮਨ ਹੋ ਕੇ। ਤਨੁ ਮਨੁ ਧਨੁ ਗੋਬਿੰਦ ਦੀਅਉ – ਤਨ ਮਨ ਧਨ ਕਰਤੇ ਨੂੰ ਸਮਰਪਤ ਕਰ ਦਿੱਤਾ। ਅਨੰਤ – ਸਦੀਵੀ ਸਥਿਰ ਰਹਿਣ ਵਾਲਾ ਕਰਤਾਰ। ਮੂਰਤਿ - ਹੋਂਦ। ਅੰਗਦਿ ਅਨੰਤ ਮੂਰਤਿ ਨਿਜ ਧਾਰੀ – ਇਸੇ ਤਰ੍ਹਾਂ ਅੰਗਦ ਜੀ ਨੇ ਵੀ ਸਦੀਵੀ ਸਥਿਰ ਰਹਿਣ ਵਾਲੇ ਕਰਤਾਰ ਦੀ ਹੋਂਦ ਨੂੰ ਨਿੱਜੀ ਜੀਵਨ ਵਿੱਚ ਸਵੀਕਾਰ ਕੀਤਾ। ਨਿਜ ਧਾਰੀ – ਨਿੱਜੀ ਜੀਵਨ ਵਿੱਚ ਧਾਰਨ, ਸਵੀਕਾਰ ਕਰਨਾ। ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ– ਇਸ ਤਰ੍ਹਾਂ ਅਗੰਮ ਹਰੀ ਦੇ ਗਿਆਨ ਦੇ ਰਸ ਵਿੱਚ ਦਿਲੋਂ ਰੰਗਿਆ ਗਿਆ। ਹੀਅਉ – ਦਿਲੋਂ। ਗੁਰਿ – ਗਿਆਨ ਦੀ ਬਖ਼ਸ਼ਿਸ਼। ਅਮਰਦਾਸਿ – ਅਮਰਦਾਸ ਜੀ ਨੂੰ। ਕਰਤਾਰੁ – ਕਰਤਾਰ ਦੀ ਬਖ਼ਸ਼ਿਸ਼। ਕੀਅਉ ਵਸਿ – ਵੱਸ ਕਰ ਲਿਆ। ਵਾਹੁ ਵਾਹੁ ਕਰਿ – ਵੱਡਾ ਕਰਕੇ, ਵੱਡਾ ਜਾਣ ਕੇ। ਧ੍ਯ੍ਯਾਇਯਉ – ਅਪਣਾਇਆ। ਸ੍ਰੀ – ਸ੍ਰੇਸ਼ਟ, ਉੱਤਮ। ਗੁਰ – ਗਿਆਨ ਦੀ ਬਖ਼ਸ਼ਿਸ਼। ਜਯੋ ਜਯ ਜਗ ਮਹਿ – ਜਿਉਂ-ਜਿਉਂ ਜਗਤ ਵਿੱਚ। ਤੈ ਹਰਿ ਪਰਮ ਪਦੁ ਪਾਇਯਉ – ਤਿਉਂ-ਤਿਉਂ ਹੀ ਜਗਤ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਅਪਣਾ ਰਿਹਾ ਹੈ।

ਅਰਥ:- ਹੇ ਭਾਈ! ਜਿਸ ਤਰ੍ਹਾਂ ਪਹਿਲਾਂ ਉਸ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਨੂੰ ਨਾਨਕ ਜੀ ਨੇ ਇੱਕ ਮਨ ਹੋ ਕੇ ਆਪਣੇ ਜੀਵਨ ਵਿੱਚ ਅਪਣਾ ਕੇ ਇਹ ਗੱਲ ਸੱਚ ਕਰਕੇ ਜਾਣੀ ਕਿ ਤਨ, ਮਨ ਅਤੇ ਧਨ ਸਭ ਕਰਤੇ ਦੀ ਦਾਤ ਹੈ, ਇਸੇ ਤਰ੍ਹਾਂ ਹੀ ਅੰਗਦ ਜੀ ਵੱਲੋਂ ਵੀ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਹੋਂਦ ਨੂੰ ਹੀ ਆਪਣੇ ਨਿੱਜੀ ਜੀਵਨ ਵਿੱਚ ਸਵੀਕਾਰਨ ਨਾਲ ਉਹ ਉਸ ਅਗੰਮ ਦੇ ਗਿਆਨ ਰਸ ਵਿੱਚ ਦਿਲੋਂ ਰੰਗੇ ਗਏ। ਇਸੇ ਹੀ ਤਰ੍ਹਾਂ ਅਮਰਦਾਸ ਜੀ ਨੂੰ ਵੀ ਕਰਤਾਰ ਦੀ ਬਖ਼ਸ਼ਿਸ਼ ਗਿਆਨ ਨੇ ਆਪਣੇ ਵੱਸ ਕਰ ਲਿਆ ਤਾਂ ਉਨ੍ਹਾਂ ਨੇ ਵੀ ਉਸ ਕਰਤੇ ਨੂੰ ਹੀ ਵਾਹੁ-ਵਾਹੁ ਵੱਡਾ ਕਰਕੇ, ਵੱਡਾ ਜਾਣ ਕੇ ਅਪਣਾਇਆ। ਇਸੇ ਤਰ੍ਹਾਂ ਜਿਉਂ-ਜਿਉਂ ਰਾਮਦਾਸ ਜੀ ਇਹ ਉੱਤਮ ਗਿਆਨ ਜਗਤ ਵਿੱਚ ਕਰ ਰਹੇ ਹਨ, ਤਿਉਂ-ਤਿਉਂ ਹੀ ਜਗਤ ਉਸ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਰਿਹਾ ਹੈ।

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ।।

ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ।।

ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ।।

ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ।। ੩।।

(ਪੰਨਾ ੧੪੦੫)

ਪਦ ਅਰਥ:- ਨਾਰਦੁ – ਨਾਰਦ ਜੀ। ਧ੍ਰੂ – ਧ੍ਰੂ ਜੀ। ਪ੍ਰਹਲਾਦੁ – ਪ੍ਰਹਿਲਾਦ ਜੀ। ਪੁਬ – ਪਹਿਲਾਂ, ਪਹਿਲੇ। ਭਗਤ ਹਰਿ ਕੇ – ਸੱਚ ਦੇ ਪੁਜਾਰੀ, ਇਨਕਲਾਬੀ ਪੁਰਸ਼। ਹਰਿ ਕੇ – ਸੱਚ ਦੇ। ਜੁ ਗਣੰ – ਜੋ ਜਾਣੇ ਜਾਂਦੇ ਹਨ। ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ – ਉਨ੍ਹਾਂ ਦੀ ਤਰ੍ਹਾਂ ਉਸੇ ਹੀ ਕਤਾਰ ਦੇ ਭਗਤ-ਇਨਕਲਾਬੀ ਪੁਰਸ਼ ਅੰਬਰੀਕ ਜੀ, ਜਯਦੇਵ ਜੀ, ਤ੍ਰਿਲੋਚਨ ਜੀ, ਨਾਮਾ – ਨਾਮਦੇਵ ਜੀ। ਅਵਰੁ – ਅਤੇ। ਕਬੀਰੁ - ਕਬੀਰ ਜੀ ਨੂੰ ਜਾਣਿਆ ਜਾਂਦਾ ਹੈ। ਤਿੰਨ ਕੌ ਅਵਤਾਰੁ ਭਯਉ ਕਲਿ – ਇਨ੍ਹਾਂ ਉੱਪਰ ਵੀ ਅਵਤਾਰਵਾਦ ਨੇ ਅਗਿਆਨਤਾ ਦਾ ਪ੍ਰਭਾਵ ਪਾਉਣਾ ਚਾਹਿਆ। ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ – ਪਰ ਇਨ੍ਹਾਂ ਸਾਰਿਆਂ ਦਾ ਜੱਸ ਜਗਤ ਵਿੱਚ (ਹਰੀ ਦੇ ਭਗਤ ਹੋਣ ਦੇ ਕਾਰਨ ਅਵਤਾਰਵਾਦ ਉੱਤੇ) ਛਾਇਆ ਰਿਹਾ। ਸ੍ਰੀ – ਸ੍ਰੇਸ਼ਟ। ਗੁਰ – ਗਿਆਨ ਦੀ ਬਖ਼ਸ਼ਿਸ਼। ਜਯੋ ਜਯ ਜਗ ਮਹਿ – ਜਿਉਂ-ਜਿਉਂ ਜਗਤ ਵਿੱਚ। ਤੈ ਹਰਿ ਪਰਮ ਪਦੁ ਪਾਇਯਉ – ਤਿਉਂ-ਤਿਉਂ ਹੀ ਜਗਤ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਅਪਣਾ ਰਿਹਾ ਹੈ।

ਅਰਥ:- ਇਸੇ ਸੱਚ ਦੀ ਇਨਕਲਾਬੀ ਵੀਚਾਰਧਾਰਾ ਦੇ ਪਹਿਲੇ ਭਗਤ ਨਾਰਦੁ ਜੀ, ਧ੍ਰੂ ਜੀ, ਪ੍ਰਹਿਲਾਦੁ ਜੀ ਅਤੇ ਸੁਦਾਮਾ ਜੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਤਰ੍ਹਾਂ ਉਸੇ ਹੀ ਕਤਾਰ ਦੇ ਭਗਤ-ਇਨਕਲਾਬੀ ਪੁਰਸ਼ ਅੰਬਰੀਕ ਜੀ, ਜਯਦੇਵ ਜੀ, ਤ੍ਰਿਲੋਚਨ ਜੀ, ਨਾਮਦੇਵ ਜੀ ਅਤੇ ਕਬੀਰ ਜੀ ਨੂੰ ਜਾਣਿਆ ਜਾਂਦਾ ਹੈ। ਇਨ੍ਹਾਂ ਉੱਪਰ ਵੀ ਅਵਤਾਰਵਾਦ ਨੇ ਅਗਿਆਨਤਾ ਦਾ ਪ੍ਰਭਾਵ ਪਾਉਣਾ ਚਾਹਿਆ ਪਰ ਇਨ੍ਹਾਂ ਸਾਰਿਆਂ ਦਾ ਜੱਸ ਜਗਤ ਵਿੱਚ (ਹਰੀ ਦੇ ਭਗਤ ਹੋਣ ਦੇ ਕਾਰਨ ਅਵਤਾਰਵਾਦ ਉੱਤੇ) ਛਾਇਆ ਰਿਹਾ ਹੈ (ਭਾਵ ਅਵਤਾਰਵਾਦ ਦੀ ਅਗਿਆਨਤਾ ਇਨਾਂ ਉੱਪਰ ਪ੍ਰਭਾਵ ਨਹੀਂ ਪਾ ਸਕੀ)। ਇਸੇ ਤਰ੍ਹਾਂ ਜਿਉਂ-ਜਿਉਂ ਰਾਮਦਾਸ ਜੀ ਇਹ ਉੱਤਮ ਗਿਆਨ ਜਗਤ ਵਿੱਚ ਕਰ ਰਹੇ ਹਨ, ਤਿਉਂ-ਤਿਉਂ ਹੀ ਜਗਤ ਉਸ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਇਨ੍ਹਾਂ ਸਾਰਿਆਂ ਭਗਤਾਂ ਦੀ ਤਰ੍ਹਾਂ ਅਪਣਾ ਰਿਹਾ ਹੈ।

ਨੋਟ:- ਇਥੇ ਕੋਈ ਸ਼ੰਕਾ ਹੀ ਨਹੀਂ ਰਹਿ ਜਾਂਦਾ ਕਿ ਧ੍ਰੂ, ਪ੍ਰਹਿਲਾਦ ਜੀ, ਨਾਰਦ ਜੀ, ਅੰਬਰੀਕ ਜੀ, ਸੁਦਾਮਾ ਜੀ, ਜਯਦੇਵ ਜੀ, ਨਾਮਦੇਵ ਜੀ, ਕਬੀਰ ਜੀ ਕਰਤੇ ਦੇ ਪੁਜਾਰੀ ਇਨਕਲਾਬੀ ਪੁਰਸ਼ ਹੋਏ ਹਨ, ਅਵਤਾਰਵਾਦ ਦੇ ਨਹੀਂ ਪਰ ਪਰਚਲਤ ਵਿਅਖਿਆ ਪ੍ਰਣਾਲੀਆਂ ਵਿਦਾਂਤਕ ਫ਼ਿਲਾਸਫ਼ੀ ਵਾਂਗ ਇਨ੍ਹਾਂ ਨੂੰ ਅਵਤਾਰਵਾਦ ਦੇ ਪੁਜਾਰੀ ਹੀ ਦਰਸਾ ਰਹੀਆਂ ਹਨ ਜੋ ਗੁਰਬਾਣੀ ਸਿਧਾਂਤ ਨਾਲ ਅਨਿਆਏ ਹੈ।




.