.

ਸਿੱਖਾਂ ਦੀ ਅਰਦਾਸ

ਭਾਗ ਪਹਿਲਾ

ਸਿਖ ਗੁਰੂ ਸਾਹਿਬਾਨ ਨੇ ਸਮੇਂ ਦੇ ਸੰਸਥਾਗਤ ਧਰਮਾਂ ਨੂੰ ਨਕਾਰਦੇ ਹੋਏ ਮਾਨਵਵਾਦ ਦੀ ਕਰਾਂਤੀਕਾਰੀ ਲਹਿਰ ਚਾਲੂ ਕੀਤੀ ਅਤੇ ਦੋ ਸਦੀਆਂ ਦੇ ਵੱਧ ਦੇ ਸਮੇਂ ਤਕ ਇਸ ਨੂੰ ਪੂਰੀ ਸਫਲਤਾ ਨਾਲ ਨਿਭਾਇਆ। 1733 ਈਸਵੀ ਵਿੱਚ ਹੋਈ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਹਾਲਾਤ ਐਸੇ ਬਣ ਗਏ ਕਿ ਹਿੰਦੂ ਮੱਤ ਦੇ ਉਦਾਸੀ ਅਤੇ ਨਿਰਮਲੇ ਫਿਰਕਿਆਂ ਦੇ ਪੁਜਾਰੀਆਂ ਨੂੰ ਸਿਖ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੇ ਸਿੱਖੀ ਪਰਚਾਰ ਕੇਂਦਰਾਂ ਉੱਤੇ ਕਬਜ਼ਾ ਜਮਾਉਣ ਦਾ ਮੌਕਾ ਮਿਲ ਗਿਆ। ਇਹ ਕਬਜ਼ਾ ਇੱਕ ਸਦੀ ਤੋਂ ਵੀ ਵੱਧ ਸਮੇਂ ਤਕ ਰਿਹਾ ਅਤੇ ਇਸ ਦੌਰਾਨ ਉਹਨਾਂ ਨੇ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲਹਿਰ ਨੂੰ ਬ੍ਰਾਹਮਣਵਾਦੀ ਰੂਪ ਦਿੰਦੇ ਹੋਏ ਇਸ ਨੂੰ ਪੱਕੇ ਤੌਰ ਤੇ ਸੰਸਥਾਗਤ ਧਰਮ (religion) ਬਣਾ ਦਿੱਤਾ ਅਤੇ ਇਸ ਦਾ ਨਾਮ ‘ਸਿਖ ਧਰਮ’ ਪਰਚਲਤ ਕਰ ਦਿੱਤਾ। ਸਿਖ ਸ਼ਰਧਾਲੂਆਂ ਨੇ ਅਣਜਾਣਪੁਣੇ ਵਿੱਚ ਹਿੰਦੂ ਮੱਤ ਦੀ ਵੰਨਗੀ ਰੂਪੀ ਇਸ ਸੰਸਥਾਗਤ ਧਰਮ ਨੂੰ ਪਰਵਾਨ ਕਰ ਲਿਆ ਅਤੇ ਕਰਮਕਾਂਡਾਂ ਦੇ ਚੱਕਰਵਿਊ ਵਿੱਚ ਫਸ ਗਏ।

ਇਸ ਸੰਸਥਾਗਤ ‘ਸਿਖ ਧਰਮ’ ਦੇ ਅਨੇਕਾਂ ਕਰਮ-ਕਾਂਡਾਂ ਵਿੱਚੋਂ ਇੱਕ ਹੈ ‘ਸਿੱਖਾਂ ਦੀ ਅਰਦਾਸ’। ਇਸ ‘ਅਰਦਾਸ’ ਦੀ ਪਰੰਪਰਾ ਕਦੋਂ ਸ਼ੁਰੂ ਹੋਈ ਇਸ ਬਾਰੇ ਤਾਂ ਨਿਸਚਤ ਨਹੀਂ ਪਰੰਤੂ ਇਹ ਜ਼ਰੂਰ ਸਪਸ਼ਟ ਹੈ ਕਿ ਇਸ ਰਸਮ ਦੀ ਪਰੰਪਰਾ ਸਿਖ ਗੁਰੂ ਸਾਹਿਬਾਨ ਵੱਲੋਂ ਚਲਾਈ ਹੋਈ ਨਹੀਂ। ਇਸ ਦਾ ਵਰਤਮਾਨ ਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ 1936 ਈਸਵੀ ਵਿੱਚ ਜਾਰੀ ਕੀਤੇ ਗਏ ਉਸ ਦਸਤਾਵੇਜ਼ ਦਾ ਹਿੱਸਾ ਹੈ ਜਿਸ ਨੂੰ ‘ਰਹਿਤਨਾਮਾ’ ਕਿਹਾ ਜਾਂਦਾ ਹੈ। ਹੇਠਾਂ ਸਿੱਖਾਂ ਦੇ ਵੱਲੋਂ ਨਿਭਾਈ ਜਾਂਦੀ ਅਰਦਾਸ ਦੀ ਰਸਮ ਸਬੰਧੀ ਪੜਾਅਵਾਰ ਜਾਣਕਾਰੀ ਦਿੰਦੇ ਹੋਏ ਨਾਲ-ਨਾਲ ਹਰ ਪੜਾਅ ਦੀ ਸਥਿਤੀ ਦੀ ਸਮੀਖਿਆ ਵੀ ਪੇਸ਼ ਕੀਤੀ ਜਾ ਰਹੀ ਹੈ।

ਪੜਾਅ ਪਹਿਲਾ

ਅਰਦਾਸ ਦੀ ਰਸਮ ਧਾਰਮਿਕ ਸਮਾਗਮਾਂ ਵਿੱਚ ਪਾਠ ਦੇ ਭੋਗ ਪਾਉਣ ਉਪਰੰਤ ਅਤੇ ਸਮਾਜਕ ਮੌਕਿਆਂ ਤੇ ਗੁਰਬਾਣੀ ਗ੍ਰੰਥ ਦੀ ਹਾਜ਼ਰੀ ਵਿੱਚ ਜਾਂ ਗੁਰਬਾਣੀ ਗ੍ਰੰਥ ਦੀ ਗੈਰਹਾਜ਼ਰੀ ਵਿੱਚ ਨਿਭਾ ਲਈ ਜਾਂਦੀ ਹੈ। ਸਿੱਖਾਂ ਵੱਲੋਂ ਗੁਰਬਾਣੀ ਗ੍ਰੰਥ ਨੂੰ ਆਮ ਕਰਕੇ ‘ਗੁਰੂ ਗ੍ਰੰਥ ਸਾਹਿਬ’ ਕਿਹਾ ਜਾਂਦਾ ਹੈ। ਅਰਦਾਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਕਿਸੇ ਜ਼ੋਰਾਵਰ ਧਿਰ ਕੋਲੋਂ ਕਿਸੇ ਮੰਗ ਦੀ ਪੂਰਤੀ ਕਰਵਾਉਣ ਲਈ ਉਸ ਧਿਰ ਅੱਗੇ ਅਰਜ਼ੋਈ ਭਾਵ ਮਿੰਨਤ-ਤਰਲਾ ਕਰਨਾ। ਭਾਈ ਕਾਹਨ ਸਿੰਘ ਨਾਭਾ ‘ਮਹਾਨਕੋਸ਼’ ਵਿੱਚ ਅਰਦਾਸ ਨੂੰ ‘ਮੁਰਾਦ ਮੰਗਣ ਦੀ ਕਿਰਿਆ’ ਦੇ ਤੌਰ ਤੇ ਪਰੀਭਾਸ਼ਿਤ ਕਰਦਾ ਹੈ। ‘ਸਿੱਖਾਂ ਦੀ ਅਰਦਾਸ’ ਵੀ ਬਹੁਤਾ ਕਰਕੇ ਕਿਸੇ ਪਰਤੱਖ ਜਾਂ ਅਪਰਤੱਖ ਮੰਗ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਹੈ ਪਰੰਤੂ ਕਿਤੇ-ਕਿਤੇ ਇਹ ਸ਼ੁਕਰਾਨੇ ਵਜੋਂ ਵੀ ਕੀਤੀ ਜਾਂਦੀ ਹੈ। ਉਂਜ ਕੀਤੀ ਜਾ ਰਹੀ ਅਰਦਾਸ ਦਾ ਮਨੋਰਥ ਸਬੰਧਤ ਸਮਾਗਮ ਜਾਂ ਮੌਕੇ ਤੋਂ ਭਲੀ-ਭਾਂਤ ਜ਼ਾਹਿਰ ਹੋ ਜਾਂਦਾ ਹੈ ਜਿੱਥੇ ਇਸ ਰਸਮ ਨੂੰ ਨਿਭਾਇਆ ਜਾ ਰਿਹਾ ਹੁੰਦਾ ਹੈ।

ਸਮੀਖਿਆ

ਸਿਖ ਭਾਈਚਾਰੇ ਵੱਲੋਂ ਹਰੇਕ ਧਾਰਮਿਕ ਮੌਕੇ ਉੱਤੇ ਅਰਦਾਸ ਦੀ ਰਸਮ ਨੂੰ ਸ਼ਾਮਲ ਕਰਨਾ ਜਾਂ ਕੁੱਝ ਸਮਾਜਿਕ ਮੌਕਿਆਂ ਨੂੰ ਵੀ ਅਰਦਾਸ ਰਾਹੀਂ ਧਾਰਮਿਕ ਰੰਗਤ ਦੇਣ ਦਾ ਯਤਨ ਕਰਨਾ ਸਿੱਖਾਂ ਦੇ ਕਰਮ-ਕਾਂਡਾਂ ਵਿੱਚ ਚੰਗੀ ਤਰ੍ਹਾਂ ਜਕੜੇ ਹੋਣ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਹੀ ਕਾਰਨ ਹੈ ਕਿ ਸਿੱਖਾਂ ਦੀ ਅਰਦਾਸ ਦਾ ਕੋਈ ਯੋਜਨਾਬੱਧ ਪ੍ਰਯੋਜਨ ਨਹੀਂ ਅਤੇ ਬੋਲੀ ਜਾ ਰਹੀ ਅਰਦਾਸ ਵਿੱਚ ਕਾਫੀ ਸਮਾਂ ਇਹ ਸਪਸ਼ਟ ਰੂਪ ਵਿੱਚ ਪਤਾ ਨਹੀਂ ਚਲਦਾ ਕਿ ਅਰਦਾਸ ਪ੍ਰਭੂ-ਪਰਮੇਸ਼ਵਰ ਅੱਗੇ ਕੀਤੀ ਜਾ ਰਹੀ ਹੈ, ‘ਗੁਰੂ ਗ੍ਰੰਥ ਸਾਹਿਬ’ ਅੱਗੇ ਜਾਂ ਕਿਸੇ ਹੋਰ ਇਸ਼ਟ ਅੱਗੇ। ਹੁਣ, ਜੇਕਰ ਅਰਦਾਸ ਪ੍ਰਭੂ-ਪਰਮੇਸ਼ਵਰ ਅੱਗੇ ਕੀਤੀ ਜਾ ਰਹੀ ਹੈ ਤਾਂ ਇਸ ਲਈ ਕਿਸੇ ਵਿਸ਼ੇਸ਼ ਸਮਾਗਮ ਅਤੇ ਕਿਸੇ ਵਿਸ਼ੇਸ਼ ਵਿਧੀ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਕਿਉਂਕਿ ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ਤਾਂ ਹਰ ਵਕਤ ਅਤੇ ਹਰ ਥਾਂ ਮੌਜੂਦ ਹੈ ਅਤੇ ਉਸ ਅੱਗੇ ਅਰਦਾਸ ਕਰਨ ਹਿਤ ਕਿਸੇ ਤੇ ਕੋਈ ਨੇਮ-ਬੱਧ ਵਿਧੀ ਨਹੀਂ ਠੋਸੀ ਜਾ ਸਕਦੀ। ਦੂਸਰੇ ਪਾਸੇ, ਜੇਕਰ ਅਰਦਾਸ ‘ਗੁਰੂ ਗ੍ਰੰਥ ਸਾਹਿਬ’ ਅੱਗੇ ਕੀਤੀ ਜਾ ਰਹੀ ਹੈ ਤਾਂ ‘ਗੁਰੂ ਗ੍ਰੰਥ ਸਾਹਿਬ’ ਇੱਕ ਮੂਰਤੀ ਬਣ ਜਾਂਦਾ ਹੈ। ਗੁਰਬਾਣੀ ਗ੍ਰੰਥ ਇੱਕ ਵਿਸ਼ੇਸ਼ ਕਿਸਮ ਦੇ ਗਿਆਨ ਦਾ ਸੋਮਾ ਜ਼ਰੂਰ ਹੈ ਅਤੇ ਇਹ ਗਿਆਨ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਹੀ ਪਰਾਪਤ ਹੋ ਸਕਦਾ ਹੈ। ਗੁਰਮੱਤ ਅਨੁਸਾਰ ਦੇਣ ਵਾਲਾ ਤਾਂ ਕੇਵਲ ਪ੍ਰਭੂ-ਪਰਮੇਸ਼ਵਰ ਹੀ ਹੈ ਪਰੰਤੂ ਕਿਸੇ ਦੁਨਿਆਵੀ ਮੰਗ ਲਈ ਉਸ ਅੱਗੇ ਅਰਦਾਸ ਕਰਨਾ ਵਾਜਬ ਨਹੀਂ। ਗੁਰਮੱਤ ਦੇ ਪੱਖੋਂ ਦੇਖੀਏ ਤਾਂ ਮਨੁੱਖ ਨੇ ਤਾਂ ਪ੍ਰਭੂ-ਪਰਮੇਸ਼ਵਰ ਦਾ ਗੁਣਗਾਨ ਕਰਨਾ ਹੁੰਦਾ ਹੈ ਅਤੇ ਉਸ ਵੱਲੋਂ ਵੱਲੋਂ ਬਖਸ਼ੀ ਗਈ ਮਨੁੱਖੀ ਜੂਨ ਦੇ ਨਾਲ-ਨਾਲ ਕੁਦਰਤ ਅਤੇ ਮਨੁੱਖੀ ਸਮਾਜ ਰਾਹੀਂ ਪਰਾਪਤ ਹੋਏ ਹੋਰ ਸੁੱਖਾਂ ਲਈ ਉਸ ਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਹੈ। ਗੁਰਬਾਣੀ ਵਿੱਚ ਅਜਿਹੀ ਅਰਦਾਸ ਦੇ ਕਈ ਥਾਈਂ ਹਵਾਲੇ ਅੰਕਿਤ ਕੀਤੇ ਹੋਏ ਮਿਲਦੇ ਹਨ। ਅਰਦਾਸ ਦੇ ਗੁਰਬਾਣੀ ਆਧਾਰਿਤ ਰੂਪ ਨੂੰ ਦਰਸਾਉਂਦੇ ਇੱਕ ਸ਼ਬਦ ਦਾ ਬਹੁਤੀ ਵਾਰੀ ਸਿੱਖਾਂ ਦੀ ਰਵਾਇਤੀ ਅਰਦਾਸ ਤੋਂ ਪਹਿਲਾਂ ਖੜ੍ਹੇ ਹੋਣ ਸਮੇਂ ਸਮੂਹਿਕ ਉਚਾਰਨ ਵੀ ਕੀਤਾ ਜਾਂਦਾ ਹੈ। ਇਹ ਸ਼ਬਦ ਹੇਠਾਂ ਦਿੱਤੇ ਅਨੁਸਾਰ ਹੈ:

ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥

ਕੋਇ ਨਾ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥

ਤੁਮਰੀ ਗਤਿ ਮਿਤਿ ਤੁ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ (ਗੁਰਬਾਣੀ ਗ੍ਰੰਥ ਪੰਨਾਂ 268)

ਉਂਜ ਇਹ ਅਤੀ ਪਿਆਰਾ ਸ਼ਬਦ ਪ੍ਰਭੂ-ਪਰਮੇਸ਼ਵਰ ਨਾਲ ਲਿਵ ਜੋੜਨ ਦਾ ਬਹੁਤ ਅੱਛਾ ਵਸੀਲਾ ਹੈ ਅਤੇ ਇਸ ਦਾ ਬੈਠਿਆਂ-ਬੈਠਿਆਂ ਹੀ ਉਚਾਰਨ ਜਾਂ ਕੀਰਤਨ ਕਰਨਾ ਚੰਗਾ ਰਹੇਗਾ। ਪਰੰਤੂ ਇੰਜ ਜਾਪਦਾ ਹੈ ਜਿਵੇਂ ਸਿੱਖਾਂ ਦੀ ਅਰਦਾਸ-ਕਿਰਿਆ ਸਮੇਂ ਇਹ ਸ਼ਬਦ ਕੇਵਲ ਖਾਨਾਪੂਰਤੀ ਲਈ ਹੀ ਸ਼ਾਮਲ ਕੀਤਾ ਜਾਂਦਾ ਹੋਵੇ।

ਪੜਾਅ ਦੂਸਰਾ

ਬਣੀ ਹੋਈ ਰਵਾਇਤ ਅਨੁਸਾਰ ਸਮਾਗਮ ਵਿੱਚ ਸ਼ਾਮਲ ਵਿਅਕਤੀਆਂ ਨੂੰ ਪਤਾ ਹੁੰਦਾ ਹੈ ਕਿ ਅਰਦਾਸ ਦੀ ਕਾਰਵਾਈ ਕਦੋਂ ਕੁ ਅਰੰਭ ਹੋਣੀ ਹੈ। ਅਰਦਾਸ ਦੀ ਰਸਮ ਲਈ ਵਰਤਿਆ ਜਾਂਦਾ ਪਾਠ (text) ਸ਼੍ਰੋਮਣੀ ਕਮੇਟੀ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਜਾਰੀ ‘ਅਰਦਾਸ’ ਦੇ ਖਰੜੇ ਤੇ ਆਧਾਰਿਤ ਹੁੰਦਾ ਹੈ। ਅਰਦਾਸ ਦਾ ਮੋਹਰੀ ਬਹੁਤੀ ਵਾਰੀ ਕੋਈ ਪੇਸ਼ਾਵਰ ਗ੍ਰੰਥੀ ਹੁੰਦਾ ਹੈ। ਅਰਦਾਸ ਦੇ ਮੋਹਰੀ ਨੂੰ ‘ਅਰਦਾਸੀਆ’ ਵੀ ਕਿਹਾ ਜਾਂਦਾ ਹੈ। ਮੋਹਰੀ ਦੀ ਜ਼ਿੰਮੇਵਾਰੀ ਕੋਈ ਵੀ ਸਿਖ ਵਿਅਕਤੀ ਨਿਭਾ ਸਕਦਾ ਹੈ ਅਤੇ ਉਹ ਇਸਤਰੀ ਵੀ ਹੋ ਸਕਦੀ ਹੈ (ਭਾਵੇਂ ਕਿ ਇਸਤਰੀਆਂ ਨੂੰ ਦਿੱਤਾ ਗਿਆ ਅਜਿਹਾ ਮੌਕਾ ਘਟ ਹੀ ਵੇਖਣ ਨੂੰ ਮਿਲਦਾ ਹੈ)। ਪਾਠ ਦਾ ਭੋਗ ਪੈਣ ਉਪਰੰਤ ਕੀਤੀ ਜਾਣ ਵਾਲੀ ਅਰਦਾਸ ਵੇਲੇ ਸਾਰੇ ਹਾਜ਼ਰ ਵਿਅਕਤੀ ਸਭ ਤੋਂ ਪਹਿਲਾਂ ਮੋਹਰੀ ਵੱਲੋਂ ਸ਼ਬਦ ‘ਤੂ ਠਾਕਰੁ ਤੁਮ ਪਹਿ ਅਰਦਾਸਿ ……………’ ਦਾ ਉਚਾਰਨ ਕਰਨ ਦਾ ਇਸ਼ਾਰਾ ਮਿਲਦੇ ਸਾਰ ਹੀ ਇਸ ਸ਼ਬਦ ਦਾ ਸਮੂਹਿਕ ਉਚਾਰਨ ਕਰਦੇ ਹੋਏ ਉਠ ਕੇ ਖੜ੍ਹੇ ਹੋ ਜਾਂਦੇ ਹਨ। ਅਰਦਾਸ ਦਾ ਮੋਹਰੀ ਸੱਜਣ ‘ਗੁਰੂ ਗ੍ਰੰਥ ਸਾਹਿਬ’ ਦੇ ਐਨ ਸਾਹਮਣੇ ਖੜ੍ਹਾ ਹੋ ਜਾਂਦਾ ਹੈ ਅਤੇ ਬਾਕੀ ਹਾਜ਼ਰ ਵਿਅਕਤੀਆਂ ਦੇ ਮੂੰਹ ਵੀ ‘ਗੁਰੂ ਗ੍ਰੰਥ ਸਾਹਿਬ’ ਵੱਲ ਨੂੰ ਹੀ ਕੀਤੇ ਹੁੰਦੇ ਹਨ। ਲਗ-ਭਗ ਸਾਰੇ ਹਾਜ਼ਰ ਵਿਅਕਤੀਆਂ ਨੇ ਨਿਮਰਤਾ-ਪੂਰਵਕ ਹੱਥ ਜੋੜੇ ਹੋਏ ਹੁੰਦੇ ਹਨ। ਇਸ ਛੋਟੇ ਜਿਹੇ ਸ਼ਬਦ ਦੀ ਸਮਾਪਤੀ ਤੋਂ ਬਾਦ ਅਰਦਾਸ ਦਾ ਮੋਹਰੀ ਬੋਲਦਾ ਹੈ “ਬੋਲਣਾ ਜੀ ਵਾਹਿਗੁਰੂ” ਅਤੇ ਉਸਦੇ ਮਗਰ ਬਾਕੀ ਵੀ ਇਕੱਠੇ ਹੀ ਉੱਚੀ ਅਵਾਜ਼ ਵਿੱਚ “ਵਾਹਿਗੁਰੂ” ਉਚਾਰਦੇ ਹਨ। ਕਈ ਮੌਕਿਆਂ ਤੇ ਜਦੋਂ ਸਮਾਗਮ ਵਿੱਚ ‘ਗੁਰੂ ਗ੍ਰੰਥ ਸਾਹਿਬ’ ਦਾ ਪਰਕਾਸ਼ ਨਹੀਂ ਕੀਤਾ ਹੁੰਦਾ ਤਾਂ ਇਸ ਸ਼ਬਦ ਦਾ ਉਚਾਰਨ ਕੀਤੇ ਬਿਨਾਂ ਹੀ ਹਾਜ਼ਰ ਵਿਅਕਤੀ ਉੱਠ ਕੇ ਖੜ੍ਹੇ ਹੋ ਜਾਂਦੇ ਹਨ ਪਰੰਤੂ ਇੱਥੇ ਦਿਸ਼ਾ ਜਾਂ ਸਥਾਨ ਸਬੰਧੀ ਕੋਈ ਬੰਧੇਜ ਨਹੀਂ ਹੁੰਦਾ। ਸਾਰੇ ਹਾਜ਼ਰ ਵਿਅਕਤੀਆਂ ਦੇ ਮੂੰਹ ਲਗ-ਭਗ ਉਸ ਦਿਸ਼ਾ ਵਿੱਚ ਹੁੰਦੇ ਹਨ ਜਿਸ ਦਿਸ਼ਾ ਵਿੱਚ ਮੋਹਰੀ ਨੇ ਮੂੰਹ ਕੀਤਾ ਹੋਇਆ ਹੁੰਦਾ ਹੈ ਅਤੇ ਮੋਹਰੀ ਹਾਜ਼ਰ ਵਿਅਕਤੀਆਂ ਦੇ ਕੇਂਦਰ ਵਿੱਚ ਹੁੰਦਾ ਹੈ। ਮੋਹਰੀ ਵੱਲੋਂ ਬੋਲੀ ਗਈ ਸਤਰ “ਬੋਲਣਾ ਜੀ ਵਾਹਿਗੁਰੂ” ਨਾਲ ਬਾਕੀ ਸਾਰੇ ‘ਵਾਹਿਗੁਰੂ’ ਬੋਲਦੇ ਹੋਏ ਹੋਣ ਵਾਲੀ ਅਰਦਾਸ-ਕਿਰਿਆ ਪ੍ਰਤੀ ਸੁਚੇਤ ਹੋ ਜਾਂਦੇ ਹਨ।

ਸਮੀਖਿਆ

ਇੱਥੇ ਇਹ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਵਿੱਚ ‘ਅਰਦਾਸ’ ਦਾ ਸਿਧਾਂਤ ਪਰਤੱਖ ਰੂਪ ਵਿੱਚ ਸਪਸ਼ਟ ਕੀਤਾ ਹੋਇਆ ਮਿਲਦਾ ਹੈ ਅਤੇ ਇਸ ਸਿਧਾਂਤ ਨੂੰ ਦਰਸਾਉਂਦਾ ਇੱਕ ਢੁੱਕਵਾਂ ਸ਼ਬਦ ‘ਤੂ ਠਾਕਰੁ ਤੁਮ ਪਹਿ ਅਰਦਾਸਿ…’ ਅਰਦਾਸ ਕਰਨ ਸਮੇਂ ਬਹੁਤੀ ਵਾਰੀ ਸਮੂਹਿਕ ਰੂਪ ਵਿੱਚ ਉਚਾਰ ਵੀ ਲਿਆ ਜਾਂਦਾ ਹੈ ਤਾਂ ਗੁਰਬਾਣੀ ਦੀ ਸਿਖਿਆ ਦੇ ਉਲਟ ਜਾਂਦੇ ਹੋਏ ਅਰਦਾਸ ਦਾ ਬਾਕੀ ਹਿੱਸਾ ਕਿਉਂ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਰਦਾਸ-ਕਿਰਿਆ ਦਾ ਇਹ ਬਾਕੀ ਦਾ ਹਿੱਸਾ ਇੱਕ ਬ੍ਰਾਹਮਣਵਾਦੀ ਰਸਮ ਤੋਂ ਵੱਧ ਕੁੱਝ ਵੀ ਨਹੀਂ। ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰਬਾਣੀ ਨੂੰ ਗੁਰੂ ਦਾ ਦਰਜਾ ਦੇਣ ਵਾਲੇ ਸਿੱਖ ਸੱਜਣ ਅਰਦਾਸ-ਕਿਰਿਆ ਰਾਹੀਂ ਆਪਣੇ ਗੁਰੂ ਪ੍ਰਤੀ ਵਿਖਾਈ ਜਾਂਦੀ ਇਸ ਅਵੱਗਿਆ ਅਤੇ ਨਿਰਾਦਰੀ ਸਬੰਧੀ ਸੁਚੇਤ ਨਹੀਂ।

ਪੜਾਅ ਤੀਸਰਾ

ਅਰਦਾਸ ਦੇ ਪਾਠ (text) ਦੀ ਪੇਸ਼ਕਾਰੀ ਵੱਲ ਆਉਂਦਿਆਂ ਅਸੀਂ ਵੇਖਦੇ ਹਾਂ ਕਿ ਮੋਹਰੀ ਵੱਲੋਂ ਅਰਦਾਸ-ਕਿਰਿਆ ਦੇ ਅਰੰਭ ਵਿੱਚ ਉਚਾਰੇ ਵਾਕ “ਬੋਲਣਾ ਜੀ ਵਾਹਿਗੁਰੂ” ਦਾ ਹਾਜ਼ਰ ਵਿਅਕਤੀਆਂ ਵੱਲੋਂ “ਵਾਹਿਗੁਰੂ” ਦੇ ਰੂਪ ਵਿੱਚ ਉੱਤਰ ਮਿਲ ਜਾਣ ਦੇ ਨਾਲ ਹੀ ਮੋਹਰੀ ਵੱਲੋਂ ਹੇਠਾਂ ਦਿੱਤੀਆਂ ਸਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ:

“ੴ ਵਾਹਿਗੁਰੂ ਜੀ ਕੀ ਫਤਹ।

ਸ੍ਰੀ ਭਗਉਤੀ ਜੀ ਸਹਾਇ॥

ਵਾਰ ਸ੍ਰੀ ਭਗਉਤੀ ਜੀ ਕੀ, ਪਾਤਸ਼ਾਹੀ 10॥”

( “ੴ” ਦਾ ਉਚਾਰਨ “ਇਕ ਓਅੰਕਾਰ” ਕਰਕੇ ਕੀਤਾ ਜਾਂਦਾ ਹੈ ਜੋ ਕਿ ਸਹੀ ਨਹੀਂ ਕਿਉਂਕਿ ਅਸਲੀ ਉਚਾਰਨ ‘ਏਕੋ’ ਜਾਂ ‘ਇੱਕੋ’ ਬਣਦਾ ਹੈ। ਪਰੰਤੂ ਇੱਥੇ ਇਸ ਵਿਸ਼ੇ ਦੇ ਵਿਸਥਾਰ ਵਿੱਚ ਨਹੀਂ ਜਾਇਆ ਜਾ ਸਕਦਾ।)

ਸਮੀਖਿਆ

“ੴ” ਸ਼ਬਦ-ਰੂਪ ‘ਜਪੁ ਬਾਣੀ’ ਦੇ ਐਨ ਅਰੰਭ ਵਿੱਚ ਆਉਂਦਾ ਹੈ ਅਤੇ ‘ਵਾਹਿਗੁਰੂ ਜੀ ਕੀ ਫਤਹ’ ਸਿੱਖਾਂ ਦੇ ਪਰਚਲਤ ਸੁਆਗਤ-ਸੂਚਕ ਜਾਂ ਸਮਾਪਤੀ-ਸੂਚਕ ਬੋਲੇ ਦਾ ਹਿੱਸਾ ਹੈ। ਪਰੰਤੂ ‘ਸ੍ਰੀ ਭਗਉਤੀ ਜੀ ਸਹਾਇ’ ਅਤੇ ‘ਵਾਰ ਸ੍ਰੀ ਭਗਉਤੀ ਜੀ ਕੀ, ਪਾਤਸ਼ਾਹੀ 10’ ਵਾਲੀਆਂ ਸਤਰਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਪਸ਼ਟ ਹੈ ਕਿ ਇੱਥੇ ‘ਪਾਤਸ਼ਾਹੀ 10’ ਤੋਂ ਭਾਵ ਹੈ ‘ਗੁਰੂ ਗੋਬਿੰਦ ਸਿੰਘ ਜੀ’ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ‘ਵਾਰ ਸ੍ਰੀ ਭਗਉਤੀ ਜੀ ਕੀ’ ਦੀ ਰਚਨਾ ਹੀ ਨਹੀਂ ਕੀਤੀ। ਜਿਸ ‘ਵਾਰ ਸ੍ਰੀ ਭਗਉਤੀ ਜੀ ਕੀ’ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਉਹ ਅਖੌਤੀ ‘ਦਸਮ ਗ੍ਰੰਥ’ ਵਿੱਚ ਦਰਜ ਕਾਵਿ-ਰਚਨਾ `ਚੰਡੀ ਦੀ ਵਾਰ’ ਦਾ ਆਰੰਭਕ ਹਿੱਸਾ ਹੈ ਅਤੇ ਇਹ ਕਾਵਿ-ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀਂ। ਅਜ ਸੁਹਿਰਦ ਵਿਦਵਾਨਾਂ ਵੱਲੋਂ ਇਹ ਚੰਗੀ ਤਰ੍ਹਾਂ ਸਾਬਤ ਕੀਤਾ ਜਾ ਚੁੱਕਾ ਹੈ ਕਿ ਅਖੌਤੀ ‘ਦਸਮ ਗ੍ਰੰਥ’ ਵਿੱਚ ਸ਼ਾਮਲ ਕਿਸੇ ਵੀ ਰਚਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਬਣਦਾ (ਇਕ ਸੁਹਿਰਦ ਸੱਜਣ ਨੇ ਤਾਂ ਅਖੌਤੀ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਨ ਵਾਲੇ ਲਈ ਚਿਰੋਕਣੀ ਪੰਜ ਕਰੋੜ ਰੁਪਏ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਹੋਈ ਹੈ ਜਿਸ ਨੂੰ ਪਰਾਪਤ ਕਰਨ ਵਾਸਤੇ ਹਾਲੇ ਤਕ ਕੋਈ ਨਹੀਂ ਨਿੱਤਰਿਆ)। ਫਿਰ ਵੀ ਸਿਖ ਸੱਜਣ ਆਪਣੀ ਅਰਦਾਸ-ਕਿਰਿਆ ਵਿੱਚ ਐਡਾ ਵੱਡਾ ਝੂਠ ਸ਼ਾਮਲ ਕਰਦੇ ਆ ਰਹੇ ਹਨ। ਗੁਰੂ ਸਾਹਿਬ ਨੂੰ ‘ਪਾਤਸ਼ਾਹੀ’ ਕਹਿਣ ਦਾ ਰਿਵਾਜ ਵੀ ਇੱਥੋਂ ਹੀ ਚੱਲਿਆ ਲਗਦਾ ਹੈ। ਅਰਦਾਸ ਵਿੱਚ ਹੀ ਅੱਗੇ ਜਾ ਕੇ ਦਸ ਗੁਰੂ ਸਾਹਿਬਾਨ ਨੂੰ ਦਸ ‘ਪਾਤਸ਼ਾਹੀਆਂ’ ਕਰਕੇ ਪੇਸ਼ ਕੀਤਾ ਗਿਆ ਹੈ। ਉਂਜ ਸਾਰੇ ਗੁਰੂ ਸਾਹਿਬਾਨ ਆਮ ਮਨੁੱਖਾਂ ਦੀ ਤਰ੍ਹਾਂ ਵਿਚਰਦੇ ਰਹੇ ਸਨ ਅਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੇ-ਆਪ ਨੂੰ ‘ਬਾਦਸ਼ਾਹ’ ਜਾਂ ‘ਅਵਤਾਰ/ਪੈਗੰਬਰ’ ਦੇ ਤੌਰ ਤੇ ਨਹੀਂ ਕਿਆਸਿਆ। ਉਹਨਾਂ ਨੇ ਤਾਂ ਆਪਣੇ-ਆਪ ਨੂੰ ‘ਗੁਰੂ’ ਵੀ ਨਹੀਂ ਕਹਾਇਆ ਭਾਵੇਂ ਕਿ ਇੱਕ ਅਧਿਆਪਕ, ਸਿਖਿਅਕ, ਵਿਸ਼ਾ-ਮਾਹਿਰ, ਰਾਹ-ਦਿਸੇਰਾ ਜਾਂ ਰਹਿਬਰ ਦੇ ਅਰਥਾਂ ਵਿੱਚ ਉਹਨਾਂ ਨੂੰ ਗੁਰੂ ਕਹਿ ਲੈਣ ਵਿੱਚ ਕੋਈ ਹਰਜ਼ ਨਹੀਂ। ਪਰੰਤੂ ਸਿਖ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਉਹਨਾਂ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਗੁਰੂ ਸਾਹਿਬਾਨ ਨੂੰ ‘ਪਾਤਸ਼ਾਹ’ ਵਰਗਾ ਘੁਮੰਡ-ਸੂਚਕ ਅਤੇ ਦੁਨਿਆਵੀ ਅਹੁਦਾ ਦੇਣਾ ਸ਼ੋਭਾ ਨਹੀਂ ਦਿੰਦਾ।

ਪੜਾਅ ਚੌਥਾ

ਅਖੌਤੀ ‘ਦਸਮ ਗ੍ਰੰਥ’ ਵਿੱਚ ਸ਼ਾਮਲ ਰਚਨਾ `ਚੰਡੀ ਦੀ ਵਾਰ’ ਵਿੱਚੋਂ ਲੈ ਕੇ ਸਿੱਖਾਂ ਦੀ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਪੂਰਾ ਹਿੱਸਾ ਹੇਠਾਂ ਦਿੱਤੇ ਅਨੁਸਾਰ ਹੈ:

“ੴ ਵਾਹਿਗੁਰੂ ਜੀ ਕੀ ਫਤਹ॥

ਸ੍ਰੀ ਭਗਉਤੀ ਜੀ ਸਹਾਇ॥

ਵਾਰ ਸ੍ਰੀ ਭਗਉਤੀ ਜੀ ਕੀ, ਪਾਤਸ਼ਾਹੀ 10॥

ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਇ॥

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿ ਰਾਇ॥

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭ ਦੁਖ ਜਾਇ॥

ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ॥

ਸਭ ਥਾਈਂ ਹੋਇ ਸਹਾਇ॥”

ਸਮੀਖਿਆ

ਸਿੱਖਾਂ ਦੀ ਅਰਦਾਸ ਦੇ ਅਰੰਭ ਵਿੱਚ ਤਿੰਨ ਵਾਰ ਆਏ ਸ਼ਬਦ ‘ਭਗਉਤੀ’ ਨਾਲ ਬਹੁਤ ਵੱਡਾ ਝੰਮੇਲਾ ਪੈਦਾ ਹੋ ਜਾਂਦਾ ਹੈ। ਇੱਥੇ ਆ ਰਿਹਾ ਸ਼ਬਦ ‘ਭਗਉਤੀ’ ਹਿੰਦੂ ਮਿਥਹਾਸ ਦੀ ਦੇਵੀ ਦੁਰਗਾ ਵਾਸਤੇ ਵਰਤਿਆ ਗਿਆ ਹੋਇਆ ਹੈ। ਇਸ ਤਰ੍ਹਾਂ ਇੱਕ ਤਾਂ ਇੱਥੇ ਸਿੱਧੇ ਤੌਰ ਤੇ ਇਹ ਵਿਖਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇਵੀ ਦੇ ਉਪਾਸ਼ਕ ਸਨ ਅਤੇ ਇਹ ਵੀ ਕਿ ਉਹਨਾਂ ਨੇ ਦੁਰਗਾ ਨੂੰ ਸਿਖ ਗੁਰੂ ਸਾਹਿਬਾਨ ਤੋਂ ਉੱਪਰ ਦਾ ਦਰਜਾ ਦਿੱਤਾ ਸੀ। ਸਭ ਨੂੰ ਪਤਾ ਹੈ ਕਿ ਗੁਰਮੱਤ ਕੇਵਲ ਇੱਕ ਨਿਰੰਕਾਰ ਪ੍ਰਭੂ-ਪਰਮੇਸ਼ਰ ਦੀ ਹੋਂਦ ਨੂੰ ਮੰਨਦੀ ਹੈ ਅਤੇ ਕਿਸੇ ਦੇਵੀ-ਦੇਵਤੇ, ਅਵਤਾਰ-ਪੈਗੰਬਰ ਜਾਂ ਧਾਰਮਿਕ ਗੁਰੂ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦੀ। ਇਹ ਆਪਣੇ-ਆਪ ਵਿੱਚ ਹੀ ਇੱਕ ਸਬੂਤ ਬਣ ਜਾਂਦਾ ਹੈ ਕਿ `ਚੰਡੀ ਦੀ ਵਾਰ’ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਕਿਉਂਕਿ ਗੁਰੂ ਜੀ ਅਜਿਹੀ ਰਚਨਾ ਕਿਵੇਂ ਬਣਾ ਸਕਦੇ ਸਨ ਜੋ ਗੁਰਮੱਤ ਦੇ ਵਿਪਰੀਤ ਜਾਂਦੀ ਹੋਵੇ। ਆਲੋਚਨਾ ਤੋਂ ਬਚਣ ਲਈ ਕਈ ਸੱਜਣ ਚਲਾਕੀ ਨਾਲ ‘ਭਗਉਤੀ’ ਦੇ ਅਰਥ ‘ਖੜਗ’, ‘ਅਕਾਲ ਪੁਰਖ’ ਜਾਂ ‘ਮਹਾਂਕਾਲ’ ਵਜੋਂ ਕਰਨ ਦਾ ਯਤਨ ਕਰਦੇ ਹਨ ਪਰੰਤੂ ਉਹ ਇਸ ਤੱਥ ਨੂੰ ਝੁਠਲਾ ਨਹੀਂ ਸਕਦੇ ਕਿ ਅਖੌਤੀ ‘ਦਸਮ ਗ੍ਰੰਥ’ ਦੇ ਪੰਜਵੇਂ ਅਧਿਆਇ ਦੇ ਸਿਰਲੇਖ ਦੇ ਸ਼ਬਦਾਂ `ਚੰਡੀ ਦੀ ਵਾਰ’ ਅਤੇ ਇਸ ਅਧਿਆਇ ਦੇ ਐਨ ਅਰੰਭ ਵਿੱਚ ਆਏ ਸ਼ਬਦਾਂ ‘ਵਾਰ ਸ੍ਰੀ ਭਗਉਤੀ ਜੀ ਕੀ’ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਹੋ ਸਕਦਾ ਅਤੇ, ਇਸ ਤਰ੍ਹਾਂ, ‘ਸ੍ਰੀ ਭਗਉਤੀ ਜੀ’ ਅਤੇ `ਚੰਡੀ’ ਭਾਵ ਦੁਰਗਾ ਇੱਕੋ ਹੀ ਹਸਤੀ ਦੇ ਨਾਮ ਹਨ (ਸਮੁੱਚੇ ਅਧਿਆਇ ਦਾ ਕੇਂਦਰੀ ਕਿਰਦਾਰ ‘ਦੁਰਗਾ’ ਹੀ ਹੈ)। ਅਰਦਾਸ ਦਾ ਮੋਹਰੀ ਪਹਿਲਾਂ ਤਾਂ ‘ਸ੍ਰੀ ਭਗਉਤੀ ਜੀ ਸਹਾਇ’ ਕਹਿੰਦਾ ਹੋਇਆ ਸਭ ਤੋਂ ਉੱਪਰ ਦੁਰਗਾ ਦੇਵੀ ਨੂੰ ਧਿਆ ਰਿਹਾ ਹੁੰਦਾ ਹੈ। ਇਸ ਤੋਂ ਅੱਗੇ ਜਿਸ ਢੰਗ ਨਾਲ ਨੌਂ ਗੁਰੂ ਸਾਹਿਬਾਨ ਦੇ ਨਾਮ ਇੱਥੇ ਲਏ ਗਏ ਹਨ ਉਸ ਵਿੱਚ ਕੁੱਝ ਨਾਮ ਸਤਿਕਾਰ ਸਹਿਤ ਨਹੀਂ ਪੇਸ਼ ਨਹੀਂ ਕੀਤੇ ਗਏ। ਗੁਰੂ ਸਾਹਿਬਾਨ ਨੂੰ ਪਹਿਲਾਂ ਤਾਂ ਅਵਤਾਰਾਂ ਦੇ ਤੌਰ ਤੇ ਦਰਸਾਇਆ ਜਾਂਦਾ ਹੈ ਅਤੇ ਫਿਰ ਦੁਰਗਾ ਨੂੰ ਸਭ ਤੋਂ ਉੱਪਰ ਦਾ ਸਥਾਨ ਦਿੰਦੇ ਹੋਏ ਉਹਨਾਂ ਸਾਰਿਆਂ ਨੂੰ ਹੇਠਲੇ ਸਥਾਨ ਤੇ ਵਿਖਾਇਆ ਜਾਂਦਾ ਹੈ। ਅਰਦਾਸ-ਕਿਰਿਆ ਵਿੱਚ ਸ਼ਾਮਲ ਸਿਖ ਸੱਜਣ ਇਸ ਸਾਰੀ ਸਥਿਤੀ ਨੂੰ ਖੜ੍ਹੇ ਹੋਕੇ ਅਤੇ ਹੱਥ ਜੋੜ ਕੇ ਆਪਣੀ ਪਰਵਾਨਗੀ ਦਿੰਦੇ ਆ ਰਹੇ ਹਨ।

ਪੜਾਅ ਪੰਜਵਾਂ

ਜ਼ਾਹਿਰ ਹੈ ਕਿ `ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਉੱਪਰ ਦਰਸਾਇਆ ਹਿੱਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਜਾਰੀ ‘ਅਰਦਾਸ’ ਵਿੱਚ ਸ਼ਾਮਲ ਹੈ। ਇਸ ਹਿੱਸੇ ਦੇ ਉਚਾਰਨ ਤੋਂ ਬਾਦ ਮੋਹਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਖਰੜੇ ਵਿੱਚੋਂ ਹੇਠਾਂ ਦਿੱਤੀਆਂ ਸਤਰਾਂ ਉਚਾਰੀਆਂ ਜਾਂਦੀਆਂ ਹਨ:

“ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ! ਸਭ ਥਾਈਂ ਹੋਇ ਸਹਾਇ॥

ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!”

(ਅਰਦਾਸ ਦਾ ਮੋਹਰੀ ਅਕਸਰ ‘ਦਸਵਾਂ ਪਾਤਸ਼ਾਹ’ ਨੂੰ ‘ਦਸਵੀਂ ਪਾਤਸ਼ਾਹੀ’ ਵਿੱਚ ਬਦਲ ਦਿੰਦਾ ਹੈ ਅਤੇ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਕਈ ਵਿਸ਼ੇਸ਼ਣ ਵੀ ਲਗਾ ਦਿੱਤੇ ਜਾਂਦੇ ਹਨ। ਬਹੁਤੀ ਵਾਰੀ ਅਰਦਾਸ ਦੇ ਮੋਹਰੀ ਵੱਲੋਂ ‘ਜੋਤ’ ਤੋਂ ਪਹਿਲਾਂ ‘ਆਤਮਿਕ’ ਵੀ ਜੋੜ ਦਿੱਤਾ ਜਾਂਦਾ ਹੈ।)

ਸਮੀਖਿਆ

ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਵਤਾਰੀ ਹਸਤੀ ਦੇ ਤੌਰ ਤੇ ਵੀ ਪੇਸ਼ ਕੀਤਾ ਜਾ ਰਿਹਾ ਹੈ ਅਤੇ ‘ਪਾਤਸ਼ਾਹ’ ਵਜੋਂ ਵੀ ਭਾਵੇਂ ਕਿ ਨਾਲ ਹੀ ਬਾਕੀ ਗੁਰੂ ਸਾਹਿਬਾਨ ਵਾਂਗ ਉਹਨਾਂ ਨੂੰ ਵੀ ਦੁਰਗਾ ਤੋਂ ਹੇਠਲੇ ਦਰਜੇ ਤੇ ਰੱਖ ਕੇ ਵਿਖਾਇਆ ਗਿਆ ਹੈ।

‘ਗੁਰਬਾਣੀ ਗ੍ਰੰਥ’ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਰਸਾਉਂਦੇ ਹੋਏ ਉਸਨੂੰ ‘ਦਸਾਂ ਪਾਤਸ਼ਾਹੀਆਂ’ ਭਾਵ ਦਸ ਸਿਖ ਗੁਰੂਆਂ ਦੀ ‘ਜੋਤ’ ਕਹਿਣਾ ਤਰਕਸੰਗਤ ਨਹੀਂ। ਇਸ ਸਬੰਧ ਵਿੱਚ ਹੇਠਾਂ ਦਿੱਤੇ ਨੁਕਤੇ ਧਿਆਨ ਮੰਗਦੇ ਹਨ:

1.   ਗੁਰਬਾਣੀ ਗ੍ਰੰਥ ਵਿੱਚ ਕੇਵਲ ਛੇ ਗੁਰੂ ਸਾਹਿਬਾਨ ਦੀ ਰਚਨਾ ਸ਼ਾਮਲ ਹੈ ਅਤੇ ਤੀਹ ਹੋਰ ਵਿਦਵਾਨ ਵਿਅਕਤੀਆਂ ਦੀ। ਇਸ ਸਥਿਤੀ ਵਿੱਚ ਸਮੁੱਚੀ ਗੁਰਬਾਣੀ ਨਾਲ ਕੇਵਲ ਦਸ ਗੁਰੂ ਸਾਹਿਬਾਨ ਦਾ ਨਾਮ ਜੋੜਨਾ ਉਚਿਤ ਕਾਰਵਾਈ ਨਹੀਂ।

2.  ‘ਜੋਤ’ ਜਾਂ ‘ਆਤਮਿਕ ਜੋਤ’ ਦਾ ਕੋਈ ਸਪਸ਼ਟ ਅਰਥ ਨਹੀਂ ਬਣਦਾ। ਗੁਰਬਾਣੀ ਗ੍ਰੰਥ ਮਨੁੱਖੀ ਸਰੋਕਾਰਾਂ ਨਾਲ ਸਬੰਧਤ ਉੱਚਾ-ਸੁੱਚਾ ਅਤੇ ਵਿਵਹਾਰਿਕ ਫਲਸਫਾ ਪੇਸ਼ ਕਰਦਾ ਹੈ ਅਤੇ ਇਸ ਵਿੱਚ ਕੁੱਝ ਵੀ ਰਹੱਸਵਾਦੀ ਜਾਂ ਪ੍ਰਾਲੌਕਿਕ ਮੌਜੂਦ ਨਹੀਂ। ਇਸ ਲਈ ਇਸ ਦੇ ਸਬੰਧ ਵਿੱਚ ਅਸਪਸ਼ਟ ਅਤੇ ਭੁਲੇਖਾਪਾਊ ਵਿਸ਼ੇਸ਼ਣ ਨਹੀਂ ਵਰਤੇ ਜਾਣੇ ਚਾਹੀਦੇ। ‘ਆਤਮਾ’ ਨੂੰ ਤਾਂ ਗੁਰਮੱਤ ਮਾਨਤਾ ਹੀ ਨਹੀਂ ਦਿੰਦੀ। (ਕਿਸੇ ਵਿਅਕਤੀ ਦੀ ਮੌਤ ਉੱਤੇ ਉਸਦੀ ‘ਆਤਮਾ’ ਦੀ ਸ਼ਾਂਤੀ ਲਈ ਕੀਤੀ ਜਾਂਦੀ ਅਰਦਾਸ ਦਾ ਗੁਰਮੱਤ ਪੱਖੋਂ ਕੋਈ ਅਰਥ ਨਹੀਂ ਬਣਦਾ।)

ਦੂਸਰੇ ਪਾਸੇ, ‘ਗੁਰਬਾਣੀ ਗ੍ਰੰਥ’ ਦੇ ਪਾਠ ਦਾ ਧਿਆਨ ਧਰਨ ਲਈ ਕਹਿਣਾ ਤਾਂ ਵਾਜਬ ਹੈ ਕਿਉਂਕਿ ਇਸ ਵਿਚਲੀ ਸਾਰੀ ਰਚਨਾ ਉੱਚੇ-ਸੁੱਚੇ ਗਿਆਨ ਦਾ ਭੰਡਾਰ ਹੈ ਪਰੰਤੂ ‘ਦੀਦਾਰ’ ਦਾ ਧਿਆਨ ਧਰਨ ਨੂੰ ਕਹਿਣਾ ਮੂਰਤੀ-ਪੂਜਾ ਵੱਲ ਪਰੇਰਨ ਦਾ ਯਤਨ ਬਣ ਜਾਂਦਾ ਹੈ। (ਉਂਜ ਗੁਰਬਾਣੀ ਗ੍ਰੰਥ ਅੱਗੇ ਪੈਸੇ ਜਾਂ ਕੋਈ ਹੋਰ ਭੇਟਾ ਰੱਖਦੇ ਹੋਏ ਮੱਥਾ ਟੇਕਣਾ ਜਾਂ ਪੂਜਾ-ਅਰਚਨਾ ਦੀ ਕੋਈ ਹੋਰ ਕਾਰਵਾਈ ਕਰਨਾ ਮੂਰਤੀ-ਪੂਜਾ ਹੀ ਬਣਦੀ ਹੈ।)

ਪੜਾਅ ਛੇਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀਆਂ ਅਗਲੀਆਂ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

“ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ! ਬੋਲੋ ਜੀ ਵਾਹਿਗੁਰੂ!

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ `ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!”

ਮੋਹਰੀ ਵੱਲੋਂ ਦੋਵੇਂ ਵਾਰ ‘ਬੋਲੋ ਜੀ ਵਾਹਿਗੁਰੂ’ ਉਚਾਰੇ ਜਾਣ ਉਪਰੰਤ ਸਾਰੇ ਹਾਜ਼ਰ ਵਿਅਕਤੀ ਉੱਚੀ ਅਵਾਜ਼ ਵਿੱਚ ਇਕੱਠੇ ਹੀ ‘ਵਾਹਿਗੁਰੂ’ ਦਾ ਉਚਾਰਨ ਕਰਦੇ ਹਨ।

ਸਮੀਖਿਆ

ਇਹ ਠੀਕ ਹੈ ਕਿ ਇਸ ਧਰਤੀ ਉੱਤੇ ਅਨੇਕਾਂ ਵਿਅਕਤੀ ਹੋਏ ਹਨ ਜਿਹਨਾਂ ਨੇ ਇਸ ਸੰਸਾਰ ਵਿੱਚ ਆਦਰਸ਼ਕ ਮਨੁੱਖੀ ਜੀਵਨ ਦੀਆਂ ਉਦਾਹਰਨਾਂ ਪੇਸ਼ ਕੀਤੀਆਂ, ਸਮੇਂ-ਸਮੇਂ ਮਨੁੱਖੀ ਹਿਤਾਂ ਦੀ ਖਾਤਰ ਸੰਘਰਸ਼ ਵਿੱਚ ਹਿੱਸਾ ਲਿਆ ਜਾਂ ਆਪਣੇ ਆਦਰਸ਼ਾਂ ਦੀ ਖਾਤਰ ਜੂਝਦੇ ਹੋਏ ਕੁਰਬਾਨੀਆਂ ਦਿੱਤੀਆਂ। ਸਿੱਖੀ ਦੇ ਇਤਹਾਸ ਵਿੱਚੋਂ ਵਿਸ਼ੇਸ਼ ਕਰਕੇ ਅਜਿਹੇ ਅਨੇਕਾਂ ਵਿਅਕਤੀਆਂ ਦੇ ਨਾਮ ਲਏ ਜਾ ਸਕਦੇ ਹਨ। ਅਜਿਹੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜੀਵਨ ਵਿੱਚੋਂ ਪਰੇਰਨਾ ਲੈਣਾ ਤਾਂ ਬਹੁਤ ਚੰਗੀ ਗੱਲ ਹੈ। ਪਰੰਤੂ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਉਹਨਾਂ ਬਾਰੇ ਸਬੰਧਤ ਸਮਾਗਮ ਵਿੱਚ ਜਾਂ ਕਿਸੇ ਵਿਸ਼ੇਸ਼ ਮੌਕੇ ਉੱਤੇ ਵਿਸਥਾਰ ਵਿੱਚ ਜਾਣਕਾਰੀ ਦੇਣਾ ਜ਼ਿਆਦਾ ਲਾਹੇਵੰਦ ਹੋਵੇਗਾ ਜਾਂ ਕਿ ਅਰਦਾਸ-ਕਿਰਿਆ ਦੇ ਦੌਰਾਨ ਕੇਵਲ ਰਸਮੀ ਤੌਰ ਤੇ ਉਹਨਾਂ ਦਾ ਹਵਾਲਾ ਦੇ ਦੇਣਾ ਅਤੇ ਉਹਨਾਂ ਦੇ ਯੋਗਦਾਨ ਵੱਲ ਧਿਆਨ ਦਿੰਦੇ ਹੋਏ ਕੇਵਲ ‘ਵਾਹਿਗੁਰੂ’ ਦਾ ਉਚਾਰਨ ਕਰ ਕੇ ਸਾਰ ਲੈਣਾ।

ਪੜਾਅ ਸੱਤਵਾਂ

ਅਰਦਾਸ ਦੇ ਮੋਹਰੀ ਵੱਲੋਂ ਬੋਲੀਆਂ ਜਾਂਦੀ ਅਗਲੀ ਸਤਰ ਹੇਠਾਂ ਦਿੱਤੇ ਅਨੁਸਾਰ ਹੈ:

“ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!”

ਸਮੀਖਿਆ

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਕੋਈ ਵੀ ‘ਤਖਤ’ ਸਥਾਪਤ ਨਹੀਂ ਸੀ ਕੀਤਾ ਗਿਆ। ਸਿਖ ਗੁਰੂਆਂ ਨਾਲ ਸਬੰਧਤ ਕਰਕੇ ‘ਤਖਤ’ ਦਾ ਸੰਕਲਪ 19ਵੀਂ ਸਦੀ ਈਸਵੀ ਵਿੱਚ ਜਾ ਕੇ ਲਿਖੀ ਗਈ ਬਦਨਾਮ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦਾ ਦਿੱਤਾ ਹੋਇਆ ਹੈ ਜਿਸ ਨੂੰ ਬ੍ਰਾਹਮਣਵਾਦੀ ਤਾਕਤਾਂ ਅਤੇ ਅੰਗਰੇਜ਼ ਸ਼ਾਸਕਾਂ ਨੇ ਪਰਪੱਕ ਕੀਤਾ। ਹਿੰਦੂ ਮੱਤ ਵਿੱਚ ਮਾਨਤਾ–ਪਰਾਪਤ ‘ਮੱਠਾਂ’ ਜਾਂ ‘ਧਾਮਾਂ’ ਦੀ ਤਰਜ਼ ਤੇ ਚਾਰ ‘ਤਖਤਾਂ’ ਦੀ ਸਥਾਪਤੀ 1925 ਈਸਵੀ ਵਿੱਚ ਪਾਸ ਹੋਏ ‘ਸਿਖ ਗੁਰਦੁਆਰਾਜ਼ ਐਕਟ’ ਰਾਹੀਂ ਕੀਤੀ ਗਈ (ਬਹੁਤ ਸਮਾਂ ਬਾਦ ਇਸ ਸੂਚੀ ਵਿੱਚ ਪੰਜਵਾਂ ‘ਤਖਤ’ ਵੀ ਜੋੜ ਲਿਆ ਗਿਆ)। ਅਜੋਕੇ ਸਮੇਂ ਵਿੱਚ ਇਹਨਾਂ ‘ਤਖਤਾਂ’ ਦੇ ਜੱਥੇਦਾਰਾਂ ਵੱਲੋਂ ਕਿਹੋ ਜਿਹੀ ਕਾਰਗੁਜ਼ਾਰੀ ਵਿਖਾਈ ਜਾ ਰਹੀ ਹੈ ਇਹ ਕਿਸੇ ਤੋਂ ਗੁੱਝੀ ਨਹੀਂ ( ‘ਜੱਥੇਦਾਰਾਂ’ ਦੀ ਨਿਯੁਕਤੀ ਉਂਜ ਵੀ ਗੈਰ-ਕਾਨੂੰਨੀ ਹੈ ਅਤੇ 1925 ਤੋਂ ਪਹਿਲਾਂ ‘ਜੱਥੇਦਾਰ ਅਕਾਲ-ਤਖਤ’ ਦੀ ਕੋਈ ਪਰੰਪਰਾ ਮੌਜੂਦ ਨਹੀਂ ਸੀ)। ਇੱਸੇ ਤਰ੍ਹਾਂ ਗੁਰਦੁਆਰਾ ਵਿਵਸਥਾ ਸਿਖ ਗੁਰੂ ਸਾਹਿਬਾਨ ਵੱਲੋਂ ਚਲਾਈ ਹੋਈ ਨਹੀਂ (ਉਹਨਾਂ ਨੇ ਤਾਂ ‘ਧਰਮਸਾਲ’ ਦਾ ਸੰਕਲਪ ਦਿੱਤਾ ਸੀ)। ਪਰੰਤੂ ਬ੍ਰਾਹਮਣਵਾਦੀ ਧਿਰਾਂ ਨੇ ਗੁਰਬਾਣੀ ਵਿੱਚ ਆਉਂਦੇ ‘ਗੁਰ/ਗੁਰੂ’ ਅਤੇ ‘ਦੁਆਰੈ’ ਦੇ ਸ਼ਬਦਾਂ ਦਾ ਜੁੱਟ ਬਣਾ ਕੇ ਅਤੇ ਇਸ ਸ਼ਬਦ-ਜੁੱਟ ਨੂੰ ਆਪਣੀ ਮਰਜ਼ੀ ਦੇ ਅਰਥ ਦਿੰਦੇ ਹੋਏ ‘ਮੰਦਰ’ ਦੇ ਮੁਕਾਬਲੇ ਤੇ ਪੂਜਾ-ਅਸਥਾਨ ਦੇ ਤੌਰ ਤੇ ‘ਗੁਰਦੁਆਰਾ’ ਪਰਚਲਤ ਕਰ ਦਿੱਤਾ (ਦਰਬਾਰ ਸਾਹਿਬ ਦਾ ਨਾਮ ਸਿੱਧਾ ਹੀ ‘ਹਰਿਮੰਦਰ’ ਕਰ ਦਿੱਤਾ ਗਿਆ)। ਇਸ ਤਰ੍ਹਾਂ ਸਿਖ ਗੁਰੂ ਸਾਹਿਬਾਨ ਵੱਲੋਂ ਦਿੱਤੇ ‘ਧਰਮਸਾਲ’ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਗਿਆ ਅਤੇ ਮੰਦਰਾਂ ਵਾਂਗ ਗੁਰਦੁਆਰੇ ਵੀ ਕਰਮ-ਕਾਂਡਾਂ ਅਤੇ ਬੇਲੋੜੀਆਂ ਰਹੁਰੀਤਾਂ ਦੇ ਗੜ੍ਹ ਬਣ ਗਏ। ਪਰੰਤੂ ‘ਸਿਖ’ ਸ਼ਰਧਾਲੂਆਂ ਨੂੰ ਅਸਲੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਬਜਾਇ ਅਰਦਾਸ ਰਾਹੀਂ ‘ਤਖਤਾਂ’ ਅਤੇ ‘ਗੁਰਦੁਆਰਿਆ’ ਵਿੱਚ ਧਿਆਨ ਧਰਨ ਲਈ ਉਤਸਾਹਿਤ ਕਰਦੇ ਹੋਏ ਉਨਾਂ ਨੂੰ ਮਨਮੱਤੀ ਕਾਰਵਾਈਆਂ ਨਾਲ ਜੋੜਨ ਤੇ ਵਧੇਰੇ ਜ਼ੋਰ ਲੱਗ ਰਿਹਾ ਵੇਖਿਆ ਜਾ ਸਕਦਾ ਹੈ।

(ਚਲਦਾ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.