.

ਕਿਵ ਕੂੜੈ ਤੁਟੈ ਪਾਲਿ

(ਭਾਗ 3)

ਭੁਖਿਆ, ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ॥

ਉਚਾਰਨ ਸੇਧਾਂ: ਭੁੱਖਿਆਂ, ਭੁੱਖ, ਬੰਨ੍ਹਾਂ, ਪੁਰੀਆਂ।

ਤੁਕ-ਅਰਥ, ਭਾਵਾਰਥ ਤੇ ਸਿਧਾਂਤਕ ਸੇਧਾਂ -

ਜੇ ਮੈਂ ਸਾਰੇ ਸੰਸਾਰ ਦੇ ਪਦਾਰਥਾਂ ਦੀਆਂ ਪੰਡਾਂ ਬੰਨ੍ਹ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਮਨ ਦੀ ਭੁੱਖ ਨਹੀਂ ਉਤਰਦੀ। ਭਾਵ, ਸਾਰੇ ਸੰਸਾਰ ਦੇ ਪਦਾਰਥਾਂ ਦਾ ਮਾਲਕ ਬਣ ਕੇ ਵੀ ਤ੍ਰਿਸ਼ਨਾਲੂ ਦੇ ਮਨ ਦੀ ਭੁੱਖ ਨਹੀਂ ਮਿਟ ਸਕਦੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਦੂਸਰੇ ਜਾਮੇ ਵਿੱਚ ਇਸ ਪੱਖ ਦੀ ਹੋਰ ਵੀ ਖੁੱਲ੍ਹ ਕੇ ਵਿਆਖਿਆ ਕੀਤੀ ਹੈ। ਹਜ਼ੂਰ ਕਹਿੰਦੇ ਹਨ ਮੂੰਹ ਬੋਲ ਬੋਲ ਕੇ ਰੱਜਦਾ ਨਹੀਂ; ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ। ਕੰਨ ਗੱਲਾਂ ਸੁਣਨ ਨਾਲ ਨਹੀਂ ਰੱਜਦੇ ਅਤੇ ਅੱਖਾਂ ਰੂਪ ਰੰਗ ਵੇਖ ਵੇਖ ਕੇ ਨਹੀਂ ਰੱਜਦੀਆਂ। ਕਿਉਂਕਿ, ਇਹ ਸਾਰੇ ਇੰਦਰੇ ਇੱਕ ਇੱਕ ਕਿਸਮ ਦੇ ਗੁਣਾਂ ਦੇ ਗਾਹਕ ਹਨ; ਭਾਵ, ਹਰੇਕ ਇੰਦ੍ਰੇ ਦੀ ਆਪਣੀ ਆਪਣੀ ਭੁੱਖ ਹੈ। ਉਹ ਵੱਖ ਵੱਖ ਰਸਾਂ ਦੇ ਗਾਹਕ ਹਨ ਤੇ ਆਪੋ ਆਪਣੇ ਰਸਾਂ ਦੀ ਗਾਹਕੀ ਵਿੱਚ ਰੱਜਦੇ ਨਹੀਂ।

ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ। ਸਮਝਾਇਆਂ ਵੀ ਇਨ੍ਹਾਂ ਦੀ ਭੁੱਖ ਨਹੀਂ ਮਿਟਦੀ। ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿੱਚ ਲੀਨ ਹੋ ਜਾਏ; ਭਾਵ, ਰੱਬੀ ਰਜ਼ਾ ਵਿੱਚ ਰਾਜ਼ੀ ਹੋ ਜਾਏ:

ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ॥ ਅਖੀ ਦੇਖਿ ਨ ਰਜੀਆ ਗੁਣ ਗਾਹਕ ਇੱਕ ਵੰਨ॥ ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥ {ਗੁਰੂ ਗ੍ਰੰਥ ਸਾਹਿਬ -ਪੰਨਾ 147}

ਕਿਉਂਕਿ, ਤਾਂਤਰਿਕ ਮਤੀ ਇਹ ਪ੍ਰਚਾਰ ਕਰ ਰਹੇ ਸਨ ਕਿ ਸਾਡਾ ਮਨ ਅੱਖਾਂ, ਕੰਨਾਂ, ਜ਼ਬਾਨ, ਨੱਕ ਤੇ ਤੁਚਾ ਆਦਿਕ ਇੰਦਰੀਆਂ ਰਾਹੀਂ, ਜਿਹੜਾ ਵੀ ਰਸ ਮਾਨਣਾ ਚਹੁੰਦਾ ਹੈ, ਉਹ ਪੂਰਾ ਕਰਦੇ ਰਹੀਏ ਤਾਂ ਆਖ਼ਰਕਾਰ ਇਹ ਰੱਜ ਜੇ ਟਿਕ ਜਾਏਗਾ। ਮਾਇਕ ਬਿਰਤੀ ਵਾਲੇ ਲੋਕਾਂ ਨੂੰ ਇਹ ਜੀਵਨ ਪੱਧਤੀ ਵਧੇਰੇ ਰਾਸ ਆਈ; ਕਿਉਂਕਿ, ਉਨ੍ਹਾਂ ਦੀਆਂ ਮਾਨਸਿਕ ਰੁਚੀਆਂ ਦੀ ਪੂਰਤੀ ਕਰਦੀ ਸੀ। ਪਰ, ਸਿੱਟਾ ਇਹ ਨਿਕਲਿਆ ਕਿ ਲੋਕ ਵਧੇਰੇ ਵਿਕਾਰੀ ਹੋ ਗਏ। ਧਰਮ ਦੇ ਪਰਦੇ ਹੇਠ ਵਿਭਚਾਰ ਵਧਿਆ। ਧਰਮ ਮੰਦਰਾਂ ਵਿਚੋਂ ਵੀ ਕਾਮਿਕ ਦੁਰਗੰਧੀ ਅਉਣ ਲੱਗੀ। ਖੁਜ਼ਰਾਹੋਂ ਤੇ ਕੁਨਾਰਿਕ ਦੇ ਮੰਦਰ ਇਸ ਹਕੀਕਤ ਦਾ ਪ੍ਰੱਤਖ ਪ੍ਰਮਾਣ ਹੈ।

ਐਸਾ ਹੋਣਾ ਸੁਭਾਵਿਕ ਹੀ ਸੀ। ਕਿਉਂਕਿ, ਜਿਵੇਂ ਅੱਗ, ਬਾਲਣ ਨਾਲ ਨਹੀ ਰੱਜਦੀ; ਸਗੋਂ, ਅੱਗ ਹੋਰ ਭਖਦੀ ਹੈ। ਅੱਗ ਦੇ ਭਾਂਬੜ ਹੋਰ ਉੱਚੇ ਹੁੰਦੇ ਹਨ। ਤਿਵੇਂ ਹੀ ਸਾਡਾ ਮਨ ਵੀ ਜ਼ਬਾਨ ਰਾਹੀਂ ਪਦਾਰਥਕ ਰਸਾਂ ਕਸਾਂ, ਅੱਖਾਂ ਨਾਲ ਦੁਨੀਆਂ ਦੇ ਰੰਗਾਂ-ਰੂਪਾਂ, ਨਾਸਾਂ ਦੁਆਰਾ ਅਤਰ-ਫੁਲੇਲ ਦੀਆਂ ਸੁਗੰਧੀਆਂ, ਕੰਨਾਂ ਨਾਲ ਸੰਗੀਤਕ ਧੁਨੀਆਂ ਅਤੇ ਤੁਚਾ ਦੁਆਰਾ ਸਪਰਸ਼ ਆਦਿਕ ਦੇ ਰਸ ਮਾਣਿਆਂ ਰੱਜਦਾ ਨਹੀਂ; ਸਗੋਂ, ਮਨ ਦੀਆਂ ਇਹ ਭੁਖਾਂ ਹੋਰ ਭੜਕਦੀਆਂ ਹਨ ਅਤੇ ਮਾਨਸਿਕ ਭਟਕਣਾ ਹੋਰ ਵਧਦੀ ਹੈ।

ਸਤਿਗੁਰੂ ਜੀ ਦਾ ਕਥਨ ਹੈ ਕਿ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵਲੋਂ ਰੱਜ ਪ੍ਰਾਪਤ ਨਹੀਂ ਕੀਤਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ:

ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ; ਬਿਨu ਹਰਿ, ਕਹਾ ਅਘਾਈ ॥ (ਅੰ: 672)

ਦੁਨੀਆ ਵਿੱਚ ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ; ਪਰ, ਮਾਇਆ ਵਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿੱਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। ਸਹਜੇ ਸਹਜੇ ਹਾਲ ਇਹ ਹੋ ਜਾਂਦਾ ਹੈ ਕਿ ਮਾਇਕ ਭੋਗਾਂ ਤੋਂ ਬਿਨਾ ਹੋਰ ਕੁੱਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ:

ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ॥ {ਗੁਰੂ ਗ੍ਰੰਥ ਸਾਹਿਬ - ਪੰਨਾ 672}

ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ ਸੁਆਦਲੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁੱਕਦੀ। ਸੁਆਦਲੇ ਖਾਣਿਆਂ ਦੇ ਚਸਕੇ ਵਿੱਚ ਫਸ ਕੇ ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ:

ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ; ਤਾ ਕੀ ਮਿਟੈ ਨ ਭੂਖਾ ॥

ਉਦਮੁ ਕਰੈ ਸੁਆਨ ਕੀ ਨਿਆਈ; ਚਾਰੇ ਕੁੰਟਾ ਘੋਖਾ ॥ (ਪੰਨਾ 672)

ਕਾਮ ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ ਵਿਸ਼ੇ-ਪਾਪ ਕਰਦਾ ਹੈ, ਤੇ, ਪਛੁਤਾਂਦਾ ਵੀ ਹੈ। ਸੋ, ਇਸ ਕਾਮ-ਵਾਸਨਾ ਵਿੱਚ ਅਤੇ ਪਛੁਤਾਵੇ ਵਿੱਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ:

ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ॥ {ਗੁਰੂ ਗ੍ਰੰਥ ਸਾਹਿਬ - ਅੰਗ 672}

ਇਸੇ ਲਈ ਗੁਰਦੇਵ ਆਖਦੇ ਹਨ ਕਿ ਜੇ ਮੈਂ ਸਾਰੀਆਂ ਪੁਰੀਆਂ ਤੇ ਭਵਨਾਂ ਦੇ ਮਾਇਕੀ ਪਦਾਰਥਾਂ ਨੂੰ ਆਪਣੀ ਮਲਕੀਅਤ ਬਣਾ ਲਵਾਂ, ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਮਨ ਅੰਦਰਲੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟ ਸਕਦੀ: ਭੁਖਿਆ ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ॥

ਜਗਤਾਰ ਸਿੰਘ ਜਾਚਕ
.