.

ਹਜ ਕਾਬੈ ਜਾਉ ਨ ਤੀਰਥ ਪੂਜਾ

ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ॥
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ॥
ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ॥
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿੑ ਫੁਰਮਾਈ ਗਾਇ --- 1375

ਕਬੀਰ ਜੀ ਦਾ ਕਹਿਣਾ ਹੈ ਕਿ ਹਜ ਕਾਬੇ ਜਾਣ ਨਾਲ ਲੋਕਾਂ ਦੇ ਕੀਤੇ ਪਾਪਾਂ ਦਾ ਨਾਸ ਨਹੀਂ ਹੁੰਦਾ। ਉਹ ਸਾਨੂੰ ਸਮਝਾਉਂਦੇ ਹਨ ਕਿ ਉਹ ਆਪ ਕਈ ਵਾਰ ਹਜ ਕਾਬੇ ਗਏ ਪਰ ਉਹਨਾਂ ਨੂੰ ਉਥੇ ਖੁਦਾ ਦੇ ਦਰਸ਼ਨ ਨ ਹੋਏ। ਉਹਨਾਂ ਨੇ ਬੇਨਤੀ ਕਰਕੇ ਖੁਦਾ ਤੋਂ ਅਪਣਾ ਕਸੂਰ ਪੁਛਿਆ, ਗਲਤੀ ਪੁਛੀ। ਕਬੀਰ ਜੀ ਦਸਦੇ ਹਨ ਕਿ ਮੈਨੂੰ ਉਥੇ ਖੁਦਾ ਜੀ ਮਿਲ ਪਏ ਪਰ ਉਹ ਮੇਰੇ ਇਥੇ ਹਜ ਕਾਬੈ ਆਉਣ ਤੇ ਖੁਸ਼ ਨਹੀਂ ਸਨ। ਸਾਂਈ ਜੀ ਮੇਰੇ ਨਾਲ ਨਾਰਾਜ਼ ਸਨ ਅਤੇ ਉਹ ਮੇਰੇ ਨਾਲ ਲੜ ਪਏ ਕਿ ਮੈਂ ਇਥੇ ਕਿਉਂ ਆਇਆ ਹਾਂ ਅਤੇ ਮੈਨੂੰ ਇਥੇ ਆਉਣ ਲਈ ਕਿਸ ਨੇ ਕਿਹਾ ਹੈ।
ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ॥
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ---1349
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ॥
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ---1350
ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ॥
ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ---1375
ਜੇ ਮਨ ਵਿੱਚ ਕੂੜ- ਕਪਟ ਹੈ ਤਾਂ ਨਾਂ ਉਡੀਸੇ ਜਗਨ ਨਾਥ ਪੁਰੀ ਵਿੱਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ ਤੇ ਨਾਂ ਮਸੀਤਿ ਵਿੱਚ ਜਾ ਕੇ ਸਿਜਦਾ ਕਰਨ (ਮਥਾ ਟੇਕਣ) ਦਾ ਕੋਈ ਫਾਇਦਾ ਹੈ। ਜੇ ਮਨ ਵਿੱਚ ਕੂੜ-ਕਪਟ ਹੈ ਤਾਂ ਮਸੀਤਿ ਵਿੱਚ ਜਾਣ ਵੇਲੇ ਹੱਥ ਪੈਰ ਧੋਣ ਦੀ ਧਾਰਮਕ ਰਸਮ ਕਰਨ ਦਾ ਕੀ ਲਾਭ? ਮੂੰਹ ਧੋਣ ਦਾਂ ਕੀ ਗੁਣ? ਹੱਜ ਕਾਬੇ ਜਾਣ ਦਾ ਕੀ ਫਾਇਦਾ? ਜਿਸ ਇਨਸਾਨ ਦਾ ਦਿਲ ਸਾਫ ਨਹੀਂ ਉਸ ਨੂੰ ਕਦੇ ਵੀ ਤੇ ਕਿਸੇ ਥਾਂ ਵੀ ਖੁਦਾ ਨਹੀਂ ਮਿਲ ਸਕਦਾ।
ਅਬ ਕਹੁ ਰਾਮ ਕਵਨ ਗਤਿ ਮੋਰੀ॥
ਤਜੀ ਲੇ ਬਨਾਰਸ ਮਤਿ ਭਈ ਥੋਰੀ ਸਗਲ ਜਨਮੁ ਸਿਵ ਪੁਰੀ ਗਵਾਇਆ॥
ਮਰਤੀ ਬਾਰ ਮਗਹਰਿ ਉਠਿ ਆਇਆ॥
ਬਹੁਤੁ ਬਰਸ ਤਪੁ ਕੀਆ ਕਾਸੀ॥ ਮਰਨੁ ਭਇਆ ਮਗਹਰ ਕੀ ਬਾਸੀ॥
ਕਾਸੀ ਮਗਹਰ ਸਮ ਬੀਚਾਰੀ॥ ਓਛੀ ਭਗਤਿ ਕੈਸੇ ਉਤਰਸਿ ਪਾਰੀ---326
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ॥
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ --- 484
ਆਮ ਹਿੰਦੂ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਜੋ ਇਨਸਾਨ ਬਨਾਰਸ ਰਹਿੰਦਾ ਹੋਇਆ ਸਰੀਰ ਤਿਆਗੇ, ਉਹ ਮੁਕਤ ਹੋ ਜਾਂਦਾ ਹੈ ਕਿਉਂਕਿ ਇਹ ਨਗਰੀ ਸ਼ਿਵ ਜੀ ਦੀ ਹੈ ਅਤੇ ਜੋ ਮਗਹਰ ਦੀ ਨਗਰੀ ਵਿੱਚ ਮਰਦਾ ਹੈ ਉਹ ਖੋਤੇ ਦੀ ਜੂਨੇ ਪੈਂਦਾ ਹੈ। ਕਬੀਰ ਜੀ ਇਸ ਭੁਲੇਖੇ ਨੂੰ ਦੂਰ ਕਰਦੇ ਹਨ ਕਿ ਕਠੋਰ ਮਨ ਵਾਲਾ ਇਨਸਾਨ ਤਾਂ ਕਾਂਸ਼ੀ, ਦੇਵਤਿਆਂ ਦੀ ਨਗਰੀ, ਵਿੱਚ ਮਰ ਕੇ ਵੀ ਨਰਕ ਵਿੱਚ ਹੀ ਪੈਂਦਾ ਹੈ ਪਰ ਰੱਬ ਦਾ ਭਗਤ ਹਾੜੰਬੈ ਮਰ ਕੇ ਭੀ ਮਗਹਰ ਵਰਗੀ ਸਰਾਪ ਹੋਈ ਥਾਂ ਦੇ ਸਾਰੇ ਲੋਕਾਂ ਨੂੰ ਤਾਰ ਦਿੰਦਾ ਹੈ।
ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ॥
ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ---692
ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ॥
ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ॥ 2॥
ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ --- 969

ਕਬੀਰ ਜੀ ਸਮਝਾਉਂਦੇ ਹਨ ਕਿ ਜੇ ਕੋਈ ਕਾਂਸ਼ੀ ਵਿੱਚ ਸਰੀਰ ਤਿਆਗੇ ਤੇ ਉਸ ਨੂੰ ਮੁਕਤੀ ਮਿਲ ਜਾਵੇ ਤਾਂ ਫਿਰ ਨਾਮ ਜਪਣ ਦੀ ਕੀ ਲੋੜ ਹੈ ਕਿਉਂਕਿ ਕਾਂਸ਼ੀ ਵਿੱਚ ਤਾਂ ਹਿੰਦੂ ਲੋਕਾਂ ਦੇ ਖਿਆਲ ਅਨੁਸਾਰ ਸੱਭ ਨੂੰ ਹੀ ਮੁਕਤੀ ਮਿਲ ਜਾਂਦੀ ਹੈ। ਓਇ ਲੋਕੋ ਸੁਣੌ! ਐਂਵੇ ਭ੍ਰਮਾਂ ਵਿੱਚ ਨਾ ਭੁਲੇ ਫਿਰੋ ਤੇ ਸਮਝੋ ਕਿ ਸ਼ਿਵ ਜੀ ਦੀ ਨਗਰੀ ਕਾਂਸ਼ੀ ਅਤੇ ਉਸ ਦੀ ਸਰਾਪੀ ਹੋਈ ਮੰਨੀ ਜਾਂਦੀ ਨਗਰੀ ਮਗਹਰ ਇੱਕ ਸਮਾਨ ਹਨ। ਮੈਨੂੰ ਤਾਂ ਪਰਮਾਤਮਾ ਦੇ ਦਰਸ਼ਨ ਕਾਂਸ਼ੀ ਨਹੀਂ ਸਗੋਂ ਪਹਿਲਾਂ ਮਗਹਰ ਹੀ ਹੋਏ ਹਨ। ਮੁਕਤੀ ਦੇ ਇਸ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਕਬੀਰ ਜੀ ਸਾਰੀ ਉਮਰ ਬਨਾਰਸ ਰਹਿ ਕੇ ਮਰਨ ਵੇਲੇ ਮਗਹਰ ਆ ਵਸੇ।
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ॥
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ---
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨਾੑਈਐ ਗੋਮਤੀ ਸਹਸ ਗਊ ਦਾਨੁ ਕੀਜੈ॥
ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ---
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ॥
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ --- 973

ਜੇ ਕੋਈ ਮਨੁੱਖ ਕਾਂਸ਼ੀ ਜਾ ਕੇ ਉਲਟਾ ਲਟਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿੱਚ ਸੜੇ, ਜਾਂ ਜੋਗ-ਅਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ, ਅਸਮੇਧ ਜੱਗ ਕਰੇ, ਜਾਂ ਗੁਪਤ ਸੋਨਾ ਦਾਨ ਕਰੇ; --- ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ, ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤਰਾ ਕਰੇ, ਜਾਂ ਹਿਮਾਲੇ ਪਰਬਤ ਦੀ ਬਰਫ ਵਿੱਚ ਗਾਲ ਦੇਵੇ; --- ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ ਜੇ ਸਦਾ ਹੀ ਅਜਿਹਾ ਕੋਈ ਨ ਕੋਈ ਕਰਦੇ ਹੀ ਰਹੀਏ, ਜੇ ਆਪਣਾ ਆਪ ਭੀ ਭੇਟ ਕਰ ਦੇਈਏ, ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ ਇਹ ਸਾਰੇ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।
ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥
ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥ 1॥
ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥
ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ 2॥
ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥
ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ---1195
ਮੰਦਰਾਂ ਵਿੱਚ ਪੂਜਾ ਕਰਨ ਨਾਲ ਅਤੇ ਤੀਰਥਾਂ ਦੇ ਇਸ਼ਨਾਨ ਨਾਲ ਪਾਪ ਤੇ ਮਨ ਦੇ ਭ੍ਰਮੁ ਭੁਲੇਖੇ ਦੂਰ ਨਹੀਂ ਹੁੰਦੇ। ਸਤਿਗੁਰਾਂ ਦਾ ਸ਼ਬਦ ਹੀ ਜਨਮ-ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ ਕਰਨ ਦੇ ਸਮਰੱਥ ਹੈ। ਪ੍ਰੋਫੈਸਰ ਸਾਹਬਿ ਸਿੰਘ ਜੀ ਨੇ ਭਗਤ-ਬਾਣੀ ਸਟੀਕ ਵਿੱਚ ਇਸ ਸ਼ਬਦ ਦੇ ਇਹ ਅਰਥ ਲਿਖੇ ਹਨ। “ਇੱਕ ਦਿਨ ਮੇਰੇ ਮਨ ਵਿੱਚ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿੱਚ ਵੱਸਦਾ ਹੀ ਵਿਖਾ ਦਿਤਾ ਹੈ। 1. (ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿੱਚ ਜਾਈਏ) ਜਿਥੇ ਭੀ ਜਾਈਏ ੳਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ; ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤੀਰਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਇਥੇ ਮੇਰੇ ਮਨ ਵਿੱਚ ਨਾ ਵਸਦਾ ਹੋਵੇ। 2. ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ ਤੇ (ਗੁਰੂ ਦੇ ਰਾਹੀਂ ਹੀ ਮਿਲਦਾ ਹੈ, ਕਿਉਂਕੇ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ) ਮੰਦੇ ਕਰਮਾਂ ਦਾ ਨਾਸ ਕਰ ਦਿੰਦਾ ਹੈ। 3.”
ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ॥
ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ॥
ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ॥
ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ॥
ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ---1099

ਪ੍ਰਮਾਤਮਾ ਸੱਚੇ ਗੁਰੂ ਦੀ ਸੱਚੀ ਸਿਖਿਆ ਤੇ ਚਲਣ ਨਾਲ ਹੀ ਮਿਲਦਾ ਹੈ। ਮੰਦਰਾਂ-ਮਸੀਤਾਂ ਵਿੱਚ ਸਿਰ ਨਿਵਾਉਣ ਨਾਲ, ਮੰਦਰ-ਮਸੀਤਾਂ ਨੂੰ ਪੂਜਣ ਨਾਲ, ਤੀਰਥ ਇਸ਼ਨਾਨ ਨਾਲ, ਪਵਿਤਰ ਨਗਰੀ ਵਿੱਚ ਵਸਣ ਜਾਂ ਮਰਨ ਨਾਲ, ਇਤਿਹਾਸਕ ਥਾਂਵਾਂ ਦੇ ਦਰਸ਼ਨਾਂ ਨਾਲ, ਜਾਂ ਕਿਸੇ ਹੋਰ ਪੂਜਾ-ਪਾਠ ਆਦਿ ਨਾਲ ਨਹੀਂ।
ਜੁਗਰਾਜ ਸਿੰਘ ਧਾਲੀਵਾਲ




.