.

ਗੁਰਮੁਖੀ ਲਿਪੀ
ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

ਪੌਦਿਆਂ ਨੂੰ ਛੱਡ ਕੇ ਹਰ ਜੀਵ ਆਪਣੇ ਆਪ ਦਾ ਪ੍ਰਗਟਾਵਾ ਮੂੰਹ ਰਾਹੀਂ ਕਰਦਾ ਹੈ ਅਤੇ ਹਰ ਜੀਵ ਦੀ ਆਵਾਜ ਆਪਣੀ ਜਾਤੀ ਨੂੰ ਛਡ ਕੇ ਸਾਰੀਆਂ ਜਾਤੀਆਂ ਨਾਲੋਂ ਭਿੰਨ ਹੁੰਦੀ ਹੈ। ਮਾਨਵ ਜਾਤੀ ਵਿਚ ਆਵਾਜ ਦੀ ਭਿੰਨਤਾ ਨੂੰ ਬੋਲੀ ਕਿਹਾ ਜਾਂਦਾ ਹੈ ਅਤੇ ਇਸ ਬੋਲੀ ਦਾ ਸਬੰਧ ਭੂੰਮੀ ਦੇ ਭਿੰਨ ਭਿੰਨ ਖੇਤਰਾਂ ਨਾਲ ਹੈ। ਪੰਜਾਬ, ਜਿਸ ਦਾ ਪਹਿਲਾ ਨਾਮ ਸਪਤ ਸਿੰਧੂ ਭਾਵ ਸੱਤ ਨਦੀਆਂ ਦਾ ਪ੍ਰਾਂਤ ਸੀ। ਉਸ ਸਮੇਂ ਇਸ ਪ੍ਰਾਂਤ ਵਿਚ ਬੋਲੀ ਜਾਣ ਵਾਲੀ ਭਾਸਾ ਵੀ ਸਪਤ ਸਿੰਧੂ ਹੀ ਸੀ। ਸਮਾਂ ਬਦਲਿਆ ਅਤੇ ਇਸ ਖੇਤਰ ਦਾ ਨਾਮ ਵੀ ਬਦਲ ਗਿਆ। ਇਸ ਵਿਚ ਵਗਦੇ ਪੰਜ ਦਰਿਆਵਾਂ ਨੂੰ ਆਧਾਰ ਮੰਨ ਕੇ ਇਸ ਦਾ ਨਾਮ ਵੀ ਪੰਜ-ਆਬ ਵਿਚ ਬਦਲ ਗਿਆ ਜੋ ਅੱਜ ਪੰਜਾਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਪੰਜਾਬ ਦੇ 1947 ਦੀ ਵੰਡ ਸਮੇਂ ਦੋ ਹਿੱਸੇ ਵੀ ਹੋ ਗਏ ਫਿਰ ਵੀ ਇਹ ਪੰਜਾਬ ਦੋਨਾਂ ਹੀ ਦੇਸਾਂ ਵਿਚ ਇਕ ਨਾਮ ਨਾਲ ਹੀ ਜਾਣਿਆਂ ਜਾਂਦਾ ਹੈ, ਹਾਂ ਕਿਤੇ ਕੋਈ ਭੁਲੇਖਾ ਹੋਵੇ ਤਾਂ ਪੂਰਬੀ ਪੰਜਾਬ ਅਤੇ ਪਛਮੀ ਪੰਜਾਬ ਕਹਿਕੇ ਕੱਢ ਲਿਆ ਜਾਂਦਾ ਹੈ। ਹਜਾਰੀ ਪ੍ਰਸਾਦ ਤ੍ਰਿਵੇਦੀ ਅਤੇ ਅੰਗ੍ਰੇਜ ਵਿਦਿਵਾਨ ਚਾਰਲੋਟੇ ਵੌਡਨਵਿਲ ਦੀ ਖੋਜ ਅਨੁਸਾਰ ਭਗਤ ਕਬੀਰ ਜੀ ਦੇ ਕਾਲ ਵਿਚ ਪੰਜਾਬੀ ਲੰਡੇ ਅਤੇ 'ਬਰਾਹਮੀ' ਲਿਪੀ ਵਿਚ ਲਿਖੀ ਜਾਂਦੀ ਸੀ। ਇਹ ਲਿਪੀ ਉਸ ਸਮੇਂ ਬਠਿੰਡੇ ਵਿਚ ਬੋਲੀ ਜਾਂਦੀ ਸੀ। ਦੂਜਾ ਸਿਧਾਂਤ ਜੀ.ਬੀ. ਸਿੰਘ ਦਾ ਹੈ ਜਿਨ੍ਹਾਂ ਨੇ 1950 ਵਿਚ ਅਬੂ ਰਿਹਾਨ ਅਲ-ਬਰੂਨੀ ਦਾ ਹਵਾਲਾ ਦਿੰਦਿਆਂ ਕਿਹਾ,"ਅਲ-ਬਰੂਨੀ ਲਿਖਦਾ ਹੈ ਕਿ 10ਵੀਂ (ਦਸਵੀਂ) ਸਦੀ ਵਿਚ ਬਠਿੰਡਾ ਅਤੇ ਪਛਮੀ ਪੰਜਾਬ ਵਿਚ ਅਰਧਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ। ਕੁਝ ਸਮਾਂ ਬਠਿੰਡਾ ਭੱਟੀ ਰਾਜਪੂਤ ਰਾਜ ਦੀ ਰਾਜਧਾਨੀ ਵੀ ਰਿਹਾ ਜਿਸ ਕਰਕੇ ਅਰਧਨਾਗਰੀ ਲਿਪੀ ਨੂੰ ਭੱਟਾਚਾਰੀ ਲਿਪੀ ਵੀ ਕਿਹਾ ਜਾਂਦਾ ਸੀ। ਅਰਧਨਾਗਰੀ ਉਜੈਨ ਅਤੇ ਮਾਲਵਾ ਵਿਚ ਵਰਤੀ ਜਾਣ ਵਾਲੀ ਨਾਗਰੀ ਅਤੇ ਸਿਧੱਮਾਤਰਿਕਾ ਜਾਂ ਸਿੰਧਮ ਲਿਪੀ ਨਾਲ ਵੀ ਕਾਫੀ ਮੇਲ ਖਾਂਦੀ ਸੀ। ਇਹ ਸਿਧਾਂਤ ਕੁਝ ਭੰਬਲ-ਭੂਸੇ ਵਾਲਾ ਵੀ ਹੈ ਕਿਉਂਕਿ ਗੁਰਮੁਖੀ ਲਿਪੀ ਦੇ ਅਖੱਰ ਸਿੱਧਮਾਤਰਿਕਾ ਲਿਪੀ ਨਾਲ ਕਾਫੀ ਮੇਲ ਖਾਂਦੇ ਹਨ। ਜੀ.ਬੀ. ਸਿੰਘ ਅਨੁਸਾਰ ਹਠੂਰ ਦੇ ਖੂਹਾਂ ਵਿਚੋਂ ਕੁਝ ਸਬੂਤ ਮਿਲੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇ ਹਨ ਅਤੇ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਿੱਧਮਾਤਰਿਕਾ ਲਿਪੀ ਸਿੱਖ ਧਰਮ ਤੋਂ ਪਹਿਲਾਂ ਸਰਦਾ ਨਾਲ ਲਿਖੀ ਜਾਣ ਵਾਲੀ ਲਿਪੀ ਸੀ ਜਿਸਦੀ ਥਾਂ ਬਾਦ ਵਿਚ ਗੁਰਮੁਖੀ ਲਿਪੀ ਨੇ ਲੈ ਲਈ। ਗੂਗਲ ਦੀ ਇਕ ਖੋਜ ਇਹ ਵੀ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਸਿੱਧਮਾਤਰਿਕਾ ਦਾ ਰੂਪ ਸਵਾਰਇਆ ਅਤੇ ਇਸ ਦੇ ਪੈਂਤੀ ਅੱਖਰ, 9 ਪੂਰੀਆਂ ਲਗਾਂ-ਮਾਤਰਾਂ ਅਤੇ 3 ਅਧੀਆਂ ਮਾਤ੍ਰਾਂ ਵਾਲੀ ਲਿਪੀ ਬਣਾਈ ਅਤੇ ਸਿੱਖਾਂ ਦਾ ਯਾਰਵਾਂ (ਗਿਆਰਵਾਂ) ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ ਜਿਸ ਵਿਚ ਗੁਰਮੁਖੀ ਲਿਪੀ ਮਹਾਨ ਬਣਾਉਣ ਵਾਸਤੇ ਗੁਰੂ ਗਰੰਥ ਸਾਹਿਬ ਵਿਚ ਪੈਂਤੀ ਅਖਰੀ ਦੇ ਨਾਮ ਨਾਲ ਬਾਣੀ ਵੀ ਦਰਜ ਕੀਤੀ ਗਈ । ਬਾਬਾ ਫਰੀਦ ਜੀ ਅਤੇ ਭਗਤ ਕਬੀਰ ਜੀ ਦੀ ਪੰਜਾਬੀ ਭਾਸਾ ਵਿਚ ਉਚਾਰੀ ਗਈ ਬਾਣੀ ਵੀ ਕ੍ਰਮਵਾਰ ਰਾਗਾਂ ਵਿਚ ਦਰਜ ਕੀਤੀ ਗਈ। ਪਰੀਤਮ ਸਿੰਘ ਨੇ 1992 ਵਿਚ ਆਪਣੀ ਖੋਜ ਵਿਚ ਗੁਰਮੁਖੀ ਲਿਪੀ ਨੂੰ ਸਿੱਧਮਾਤਰਿਕਾ ਅਤੇ ਟਾਕਰੀ ਲਿਪੀ ਦੀ ਉੱਤਰਅਧਿਕਾਰੀ ਲਿਖਿਆ ਹੈ। ਜਿਸਤੋਂ ਸਿੱਧ ਹੁੰਦਾ ਹੈ ਕਿ ਗੁਰਮੁਖੀ ਲਿਪੀ ਸੋਲਵੀਂ ਸਦੀ ਤੋਂ ਪਹਿਲੇ ਪ੍ਰਚਲਤ ਹੋ ਚੁੱਕੀ ਸੀ। ਇਕ ਹੋਰ ਖੋਜ ਤ੍ਰਿਲੋਚਨ ਸਿੰਘ ਬੇਦੀ ਦੀ ਵੀ ਹੈ। ਤ੍ਰਿਲੋਚਨ ਸਿੰਘ ਬੇਦੀ ਦੀ 1999 ਦੀ ਖੋਜ ਅਨੁਸਾਰ ਗੁਰਮੁਖੀ ਲਿਪੀ ਦਸਵੀਂ ਅਤੇ ਚੌਧਵੀਂ ਸਦੀ ਦੇ ਵਿਚਕਾਰ ਸਰਾਧਾ ਲਿਪੀ ਦੀ ਦੇਵਾਸਾਸਾ ਸਟੇਜ ਸੀ ਜੋ ਸਿੱਧਮਾਤਰਿਕਾ ਦੇ ਵਿਚਕਾਰਲੀ ਅਵਸਥਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦਸਵੀਂ ਸਦੀ ਤੋਂ ਪੰਜਾਬ ਦੇ ਹਿਮਾਚਲ ਅਤੇ ਕਸਮੀਰ ਖੇਤਰਾਂ ਵਿਚ ਵਰਤੀ ਜਾਣ ਵਾਲੀ ਸਰਾਧਾ ਲਿਪੀ ਵਿਚ ਭਿੰਨਤਾ ਆ ਗਈ ਸੀ ਅਤੇ ਚੌਧਵੀਂ ਸਦੀ ਤੱਕ ਸਰਾਧਾ ਲਿਪੀ ਗੁਰਮੁਖੀ ਲਿਪੀ ਵਿਚ ਮਿਲ ਚੁੱਕੀ ਸੀ।
ਭਾਰਤੀ ਏਪੀਗਰਾਫਿਸਟਸ ਇਸ ਨੂੰ ਦੇਵਾਸਾਸਾ ਅਵਸਥਾ ਆਖਦੇ ਹਨ ਪ੍ਰੰਤੂ ਤ੍ਰਿਲੋਚਨ ਸਿੰਘ ਬੇਦੀ ਇਸਨੂੰ ਪਰਿਥਮ-ਗੁਰਮੁਖੀ ਜਾਂ ਪਰੋਟੋ-ਗੁਰਮੁਖੀ ਲਿਖਦਾ ਹੈ। ਤ੍ਰਿਲੋਚਨ ਸਿੰਘ ਬੇਦੀ ਅਨੁਸਾਰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਸਿੱਖ ਗੁਰੂ, ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਬਾਣੀ ਲਿਖਵਾਉਣ ਸਮੇਂ ਪਰੋਟੋ-ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਸੀ ਜਦੋਂ ਕਿ ਉਸ ਸਮੇਂ ਪੰਜਾਬ ਵਿਚ ਟਾਕਰੀ ਅਤੇ ਲੰਡੇ ਲਿਪੀਆਂ ਵੀ ਪ੍ਰਚਲਤ ਸਨ। ਪੰਜਾਬ ਵਿਚ ਉਸ ਸਮੇਂ ਲੰਡਾ ਲਿਪੀ ਵਿਆਪਾਰਕ ਲਿਪੀ ਸੀ। ਲੰਡਾ ਲਿਪੀ ਵਿਚ ਦਸ ਤਰਾਂ ਦੇ ਅਖਰ ਸਨ ਜਿਨ੍ਹਾਂ ਵਿਚੋਂ ਮਹਾਜਨੀ ਅਧਿਕ ਪ੍ਰਸਿੱਧ ਸੀ ਫਿਰ ਵੀ ਇਹ ਲਿਪੀ ਆਮ ਵਰਤੋਂ ਵਾਸਤੇ ਨਹੀਂ ਸੀ ਵਰਤੀ ਜਾਂਦੀ। ਗੁਰੂ ਗਰੰਥ ਸਾਹਿਬ ਦੀ ਸੰਪੂਰਣਤਾ ਵਾਸਤੇ ਗੁਰਮੁਖੀ ਲਿਪੀ ਦੀ ਵਰਤੋਂ ਕਰਨ ਨਾਲ ਇਕ ਤਾਂ ਗੁਰਮੁਖੀ ਲਿਪੀ ਪੰਜਾਬੀ ਭਾਸਾ ਲਿਖਣ ਵਾਸਤੇ ਹਰਮਨ ਪਿਆਰੀ ਲਿਪੀ ਬਣ ਗਈ ਅਤੇ ਦੂਸਰਾ ਗੁਰੂ ਗਰੰਥ ਸਾਹਿਬ ਉਸ ਸਮੇਂ ਦਾ ਸੱਭ ਤੋਂ ਵੱਢਾ 91,00,223 ਸਬਦ ਜੋੜਾਂ ਦੇ ਸੰਗ੍ਰਹਿ ਵਾਲਾ ਗਰੰਥ ਪੈਂਤੀ ਅਖਰਾਂ ਅਤੇ 9 ਪੂਰੀਆਂ ਅਤੇ ਦੋ ਅਰਧ ਲਗਾਂ-ਮਾਤਰਾਂ ਨਾਲ ਸੰਪੂਰਣ ਕਰਕੇ ਲਿਪੀ ਦੀ ਮਹਾਂਨਤਾ ਵਧਾ ਦਿਤੀ। ਇਹ ਹੀ ਨਹੀਂ ਇਕ ਹੀ ਅਖਰ ਨਾਲ ਭਿੰਨ ਭਿੰਨ ਸਬਦ ਉਚਾਰਣ ਕਰਕੇ ਅੰਗਰੇਜੀ ਲਿਪੀ ਨਾਲ ਤੁਲਨਾਂ ਵੀ ਕਰ ਦਿਤੀ ਕਿ ਉਚਾਰਣ ਅਖਰ ਦਾ ਨਹੀਂ ਹੋਇਆ ਕਰਦਾ ਸਗੋਂ ਜੁਬਾਨ ਦਾ ਜਾਂ ਮੂੰਹ ਤੋਂ ਬੋਲਣ ਸਮੇਂ ਹੁੰਦਾ ਹੈ ਜਿਵੇਂ ਅੰਗਰੇਜ 'ਸੀ' ਨਾਲ "ਕੌਫੀ" ਵੀ ਲਿਖਦੇ ਹਨ ਅਤੇ 'ਸੀ' ਨਾਲ "ਸਿਟੀ" ਵੀ ਲਿਖਦੇ ਹਨ ਪ੍ਰੰਤੂ ਅੱਜ ਤੱਕ ਕਿਸੇ ਨੇ ਵੀ ਕੌਫੀ ਨੂੰ 'ਸੋਫੀ' ਅਤੇ ਸਿਟੀ ਨੂੰ 'ਕਿਟੀ' ਨਹੀਂ ਕਿਹਾ। ਹੋਰ ਤਾਂ ਹੋਰ ਅੰਗਰੇਜੀ ਵਿਚ ਰੁਮਾਲ, ਗਿਆਨ ਆਦਿ ਸਬਦਾਂ ਵਿਚ ਫਾਲਤੂ ਅਖਰ ਵੀ ਹਨ ਜਿਨ੍ਹਾਂ ਤੋਂ ਬਿਨਾ ਸਬਦ ਜੋੜ ਪੂਰਾ ਨਹੀਂ ਹੁੰਦਾ ਪ੍ਰੰਤੂ ਉਚਾਰਣ ਕਰਦੇ ਸਮੇਂ ਉਨ੍ਹਾਂ ਦਾ ਜਿਕਰ ਤੱਕ ਨਹੀਂ ਆਉਂਦਾ ਏਸੇ ਤਰਾਂ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਅਨੇਕ ਅਖਰ ਆਉਂਦੇ ਹਨ ਜਿਹੜੇ ਜਿਨ੍ਹਾਂ ਦੀਆਂ ਲਗਾਂ-ਮਾਤਰਾਂ ਨਿਰਾਰਥਕ ਹਨ ਫਿਰ ਵੀ ਕੋਈ ਸਿੱਖ ਉਨ੍ਹਾਂ ਨੂੰ ਹਟਾ ਜਾਂ ਬਦਲ ਨਹੀਂ ਸਕਦਾ। ਇਹ ਭੀੰਨ-ਭੇਦ ਸਬਦ ਜੋੜਾਂ ਵਿਚ ਵੀ ਹੈ। ਇਹ ਸਾਰਾ ਕੁਝ ਅਖਰ ਨਹੀਂ ਕਰਦੇ ਸਗੋਂ ਉਨ੍ਹਾਂ ਸਬਦਾਂ ਦਾ ਉਚਾਰਣ ਕਰਨ ਸਮੇਂ ਇਨਸਾਨ ਖੁਦ ਕਰਦਾ ਹੈ। ਇਸ ਤਰਾਂ ਹੀ ਜੇਕਰ ਅਸੀਂ ਗੁਰਬਾਣੀ ਦੇ ਹੋਰ ਸਬਦ ਵੇਖੀਏ, ਵਿਚਾਰੀਏ ਅਤੇ ਪੜੀਏ ਤਾਂ ਬਹੁਤ ਸਾਰੇ ਸਬਦ ਹਨ ਜਿਨ੍ਹਾਂ ਵਿਚ ਲਗਾਂ ਮਾਤਰਾਂ ਤਾਂ ਹਨ ਪ੍ਰੰਤੂ ਉਚਾਰਣ ਵਿਚ ਨਹੀਂ ਆਉਂਦੀਆਂ। ਇਸ ਤਰਾਂ ਹੀ ਸਬਦ ਜੋੜ ਵੀ ਹਨ ਜਿਨ੍ਹਾਂ ਵਿਚ ਕਿਤੇ ਸਾਨੂੰ ਉਚਾਰਣ ਕਰਨ ਵੇਲੇ ਆਵਾਜ ਭਾਰੀ ਕਰਨੀਂ ਪੈਂਦੀ ਹੈ ਅਤੇ ਕਿਤੇ ਹਲਕੀ। ਜੇਕਰ ਅਸੀਂ ਸਹੀ ਉਚਾਰਣ ਸਿਖਾਉਣ ਅਤੇ ਸਿੱਖਣ ਤੋਂ ਬਿਨਾਂ ਜਾਂ ਨਾਨ-ਪੰਜਾਬੀ ਪ੍ਰੋਫੈਸਰਾਂ ਪਾਸੋਂ ਡਿਗਰੀਆਂ ਲੈਣ ਵਾਸਤੇ ਅਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਕੇ ਆਵਾਜਾਂ ਹਲਕੀਆਂ ਅਤੇ ਭਾਰੀਆਂ ਕਰਕੇ ਦਸੀਏ ਤਾਂ ਇਹ ਲਿਪੀ ਨਾਲ ਹਰ ਪੱਖੋਂ ਧੋਖਾ ਹੈ ਅਤੇ ਇਨਸਾਨ ਦੀ ਕਮਜੋਰੀ ਹੈ ਜਿਹੜਾ ਮੇਹਨਤ ਕਰਨ ਦੀ ਬਜਾਏ ਲਿਪੀ ਨੂੰ ਵਿਗਾੜਨ ਵਿਚ ਵਿਸਵਾਸ ਰੱਖਦਾ ਹੈ। ਕੀ ਕਦੀ ਇਨ੍ਹਾਂ ਲਿਪੀ ਵਿਗਾੜਨ ਵਾਲਿਆਂ ਨੇ ਸੋਚਿਆ ਹੈ ਕਿ ਜੋ ਲੋਕ 'ਛਾਮ' ਨੁੰ 'ਸਾਮ' ਜਾਂ 'ਛਨੇਂ' ਨੂੰ 'ਸਨਾਂ' ਅਤੇ 'ਸੱਪ' ਨੂੰ 'ਛਪ', 'ਹੱਪ' ਅਤੇ 'ਲਸੀ' ਨੂੰ ਲਛੀ ਕਹਿੰਦੇ ਹਨ ਉਨ੍ਹਾਂ ਦਾ ਉਚਾਰਣ ਕਿਦਾਂ ਠੀਕ ਕਰੋਗੇ। ਹੋਰ ਤਾਂ ਹੋਰ ਬਿੰਦੀਆਂ ਲਾਉਣ ਲਗਿਆਂ ਇਹ ਕਿਓਂ ਨਹੀਂ ਸੋਚਿਆ ਕਿ ਜਿਸ ਬਿੰਦੀ ਨਾਲ 'ਸ' ਦੀ ਆਵਾਜ ਭਾਰੀ ਕਰਦੇ ਹੋ, ਓਸ ਬਿੰਦੀ ਦੇ ਨਾਲ 'ਜ' ਦੀ ਆਵਾਜ ਹਲਕੀ ਕਿਵੇਂ ਹੋ ਸਕਦੀ ਹੈ। ਕੀ ਇਹ ਪੰਜਾਬੀ ਬੋਲਣ ਵਾਲਿਆਂ ਨੂੰ ਧੋਖਾ ਨਹੀਂ ਦਿਤਾ ਜਾਂਦਾ ਜਾਂ ਭੰਬਲ ਭੂਸੇ ਵਿਚ ਨਹੀਂ ਪਾਇਆ ਜਾਂਦਾ? ਜੇਕਰ ਪੜੇ ਲਿਖੇ ਹੀ ਅਨਪੜਾਂ ਨੂੰ ਕੁਰਾਹੇ ਪਾਉਣਗੇ ਤਾਂ ਸੋਚੋ ਉਨ੍ਹਾਂ ਨੂੰ ਕੀ ਅੰਗਰੇਜ ਰਸਤਾ ਵਿਖਾਉਣ ਵਾਸਤੇ ਆਉਣਗੇ। ਅੰਗ੍ਰੇਜੀ ਲਿਪਿ ਵਲ ਹੀ ਝਾਤ ਮਾਰ ਲਵੋ, ਛੱਬੀ ਅੱਖਰਾਂ ਵਾਲੀ ਵਰਨਮਾਲਾ ਲਗਾਂ-ਮਾਤਰਾਂ ਤੋਂ ਵੀ ਰਹਿਤ ਅੰਤਰ-ਰਾਸਟਰੀ ਲਿਪੀ ਬਣੀ ਬੈਠੀ ਹੈ। ਅੰਗ੍ਰੇਜੀ ਵਿਆਕਰਨ ਪੜਾਉਣ ਵਾਲਿਆਂ ਨੇ ੲਕ ਅਖੱਰ 'ਯੂ' ਨੂੰ 'ਲਾਭਦਾਇਕ' ਲਿਖਣ ਵਾਸਤੇ 'ਅਖੱਰ ਅਤੇ ਮਾਤ੍ਰਾ ਦੋਨਾਂ ਦੀ ਵਰਤੋਂ ਜੂ' ਅਖੱਰ ਤੋਂ ਲਈ ਹੈ, 'ਬਟ' ਸਬਦ ਵਿਚ 'ਯੂ' ਨਿਰਾਰਥਕ ਹੈ ਪ੍ਰੰਤੂ ਲਿਖਣਾ ਜਰੂਰੀ ਹੈ, 'ਅੰਡਰ' ਸਬਦ ਵਿਚ 'ਯੂ' 'ਅ' ਦੀ ਅਵਾਜ ਦਿੰਦਾ ਹੈ, 'ਪੁਟ' ਸਬਦ ਵਿਚ 'ਓਂਕੜ' ਦੀ ਆਵਾਜ ਦਿੰਦਾ ਹੈ। ਇਹ ਉਦਾਹਰਣ ਤਾਂ ਇਕ ਟੂਕ ਮਾਤਰ ਹੈ। ਅੰਗ੍ਰੇਜੀ ਦੇ ਆਲਮ-ਫਾਜਲ ਜਾਣਦੇ ਹਨ ਕਿ 26 ਅਖੱਰੀ ਵਰਣਮਾਲਾ ਬੁਧੀਮਾਨ ਅਧਿਆਪਕਾਂ ਦੇ ਕਾਰਣ ਉਤੱਮ ਗਿਣੀ ਜਾਂਦੀ ਹੈ। ਜੇਕਰ ਤੁਸੀਂ ਸਾਹਮੁਖੀ ਦੀ ਰੀਸ ਕਰਦੇ ਹੋ ਤਾਂ ਜਰਾ ਸੋਚੋ ਸਾਹਮੁਖੀ ਉਰਦੂ ਵਰਣਮਾਲਾ ਵਿਚ ਲਿਖੀ ਜਾਂਦੀ ਹੈ ਇਸ ਲਈ ਉਰਦੂ ਲਿਪੀ ਵਿਚ ਹਲਕੀ ਭਾਰੀ ਆਵਾਜ ਕੱਢਣ ਵਾਲੇ ਅਖਰ ਹਨ। ਫਜਲ ਸਾਹ ਨੇ ਛਾਹਮੁੱਖੀ ਵਿਚ ਛੰਦਾ-ਬੰਦੀ ਕੀਤੀ ਹੈ ਜਿਸ ਦਾ ਉਲਥਾ ਗੁਰਮੁੱਖੀ ਲਿਪੀ ਵਿਚ ਇਸ ਤਰਾਂ ਹੈ:
"ਪੱਤਾ ਪੱਤਾ ਪਤਾ ਦੇਵੇ ਪਤੀ ਆਇਆ ਪਤ ਦਾ ਏ।
ਕੱਲੀ ਕੱਲੀ ਕਲੀ ਉਤੇ ਤਖੱਤ ਕਿਸੇ ਨਾਰ ਦਾ।
ਫੁਲ ਫੁਲ ਫੁੱਲ ਬੈਠੇ, ਫੁਲਾਂ ਹੇਠ ਫੁੱਲ ਬੈਠਾ ਕਪੜੇ ਸਵਾਰਦਾ।
'ਰ' ਰਾਸਤੇ ਰਾਸਤੇ ਵਲ ਆਏ, ਰਾਸ ਤਕਲੇ ਨੂੰ ਪਾਏ ਵੱਲ ਯਾਰਾ।
ਵਲੀ ਵਲ ਕਢਾ ਕੇ ਵੱਲ ਹੋ ਗਏ, ਤੂੰ ਕੀ ਵੱਲ ਅੰਦਰ ਪਾਇਆ ਵਲ ਯਾਰਾ।
ਵਲ ਕੱਢਣੇ ਦਾ ਤੈਨੂੰ ਵੱਲ ਨਾਹੀਂ, ਜਾਵੀਂ ਓਦੇ ਵੱਲ ਜਿਹਨੂੰ ਹੋਵੇ ਵੱਲ ਯਾਰਾ।
ਫਜਲ ਛਾਹ ਓਦੋਂ ਵੱਲ ਵਲ ਹੋਵੇ, ਜਦੋਂ ਰੱਬ ਹੋਵੇ ਤੇਰੇ ਵੱਲ ਯਾਰਾ।"
ਅਜਿਹੇ ਬੁਧੀਮਾਨ ਲਿਖਾਰੀਆਂ ਨੂੰ ਪੜ ਕੇ ਕੌਣ ਮੂਰਖ ਆਪਣੀ ਇਸ ਅਮੀਰ ਲਿਪੀ ਨੂੰ ਵਿਗਾੜਨੀ ਚਾਹੇਗਾ। ਅੱਜ ਸਾਨੂੰ ਪੰਜਾਬੀਆਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆਂ ਵਿਚ 2010 ਦੇ ਅੰਕੜਿਆਂ ਅਨੁਸਾਰ ਪੰਜਾਬੀ ਅਤੇ ਸਾਹਮੁਖੀ ਬੋਲਣ ਵਾਲਿਆਂ ਦੀ ਗਿਣਤੀ 102 ਮਿਲੀਅਨ ਸੀ ਜੋ ਦੁਨੀਆਂ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚੋਂ ਦਸਵੇਂ ਨੰਬਰ ਉਤੇ ਆਉਂਦੀ ਹੈ। ਅਜ, ਪੰਜ ਸਾਲ ਬਾਦ ਹੋ ਸਕਦਾ ਇਸਦੀ ਗਿਣਤੀ ਹੋਰ ਵਧ ਕੇ ਨੌਵੇਂ ਜਾਂ ਅੱਠਵੇਂ ਨੰਬਰ ਤੇ ਆ ਗਈ ਹੋਵੇ। ਭਾਰਤ ਵਿਚ ਪੰਜਾਬੀ ਬੋਲਣ ਵਾਲਿਆਂ ਦਾ ਦੇਸ ਭਰ ਵਿਚ ਯਾਰਵਾਂ ਨੰਬਰ ਹੈ। ਇੰਗਲੈਂਡ ਅਤੇ ਵੇਲਜ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸੌਥੇ ਨੰਬਰ ਉਤੇ ਆਉਂਦੀ ਹੈ ਜਦੋਂ ਕਿ ਕੈਨੇਡਾ ਵਿਚ ਪੰਜਾਬੀ ਬੋਲਣ ਵਾਲੇ ਦੇਸ ਭਰ ਵਿਚ ਤੀਸਰੇ ਨੰਬਰ ਉਤੇ ਹਨ। ਯੂ.ਐਸ.ਏ. ਵਿਚ 2007 ਵਿਚ 250,000 ਦੇ ਕਰੀਬ ਸਿੱਖ ਸਨ, ਅੱਜ ਇਹ ਗਿਣਤੀ ਮਿਲੀਅਨ ਵੀ ਹੋ ਸਕਦੀ ਹੈ। ਯੂਨਾਈਟਿਡ ਅਰਬ ਇਮੀਰੇਟਸ ਅਤੇ ਸਾਊਦੀ ਅਰੇਬੀਆ ਵਿਚ ਵੀ ਆਏ ਦਿਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਆਸਟ੍ਰੇਲੀਆ ਵਿਚ ਵੀ 2006 ਤੋਂ ਪਿਛੋਂ ਪੰਜਾਬੀ ਕਮਿਊਨੀਟੀ .3% ਤੋਂ ਵਧ ਕੇ 13% ਹੋ ਗਈ ਹੈ ਅਤੇ ਪੰਜਾਬੀ ਬੋਲੀ ਆਸਟ੍ਰੇਲੀਆ ਵਿਚ ਬੇ-ਨੰਬਰੀ ਦਾ ਬੰਨਾਂ ਟਪ ਕੇ ਦਸਵੇਂ ਨੰਬਰ ਉਤੇ ਆ ਗਈ ਹੈ। ਹੋਰ ਤਾਂ ਹੋਰ ਭਾਰਤ ਵਿਚ ਬਣਨ ਵਾਲੀਆਂ ਹਿੰਦੀ ਫਿਲਮਾ ਦੀ ਸਬਦਾਵਲੀ ਵੀ ਦਿਨ ਬਦਿਨ ਪੰਜਾਬੀ ਦਾ ਰੰਗ ਫੜਦੀ ਜਾ ਰਹੀ ਹੈ।
ਇਹ ਸਾਰਾ ਕੁਝ ਦੇਖਕੇ ਵੀ ਜੇਕਰ ਅਸੀਂ 'ਮੈ ਨਾਂ ਮਾਨੂੰ' ਦੀ ਰੱਟ ਲਾਈ ਰਖਣੀ ਹੈ ਤਾਂ ਅਸੀਂ ਸ੍ਰੀ ਗੁਰੂ ਹਰਿ ਰਾਏ ਜੀ ਦੇ ਸਿੱਖ ਨਹੀਂ ਹਾਂ ਜਿਨ੍ਹਾਂ ਨੇ ਗੁਰਬਾਣੀ ਵਿਚੋਂ ਇਕ ਸਬਦ ਬਦਲਣ ਵਾਲੇ ਬਾਬਾ ਰਾਮ ਰਾਏ, ਜੋ 72 ਕਲਾਂ ਸੰਪੂਰਣ ਸਨ, ਨੂੰ ਗੁਰ-ਗੱਦੀ ਤੋਂ ਵਾਂਝਿਆਂ ਕਰ ਦਿਤਾ ਸੀ। ਹਾਂ ਜੇਕਰ ਤੁਸੀਂ ਆਪਣੀਆਂ ਡਿਗਰੀਆਂ ਪੰਜਾਬੀ ਗਲਤ ਬੋਲ ਕੇ, ਮਨ-ਮਰਜੀ ਦੀ ਗਲਤ ਖੋਜ ਕਰਕੇ, ਵਰਣਮਾਲਾ ਵਿਗਾੜ ਕੇ ਲਿਖਣ ਨਾਲ ਹੀ ਲੈਣੀਆਂ ਹਨ ਤਾਂ ਗੁਰੂਆਂ ਤੋਂ ਚਲਦੀ ਆ ਰਹੀ ਲਿਪੀ ਵਿਗਾੜਨ ਦੀ ਥਾਂ, 20-25 ਅੱਖਰਾਂ ਵਾਲੀ ਕਿਸੇ ਲਿਪੀ ਦੀ ਖੋਜ ਕਰ ਲਵੋ ਅਤੇ ਆਏ ਸਾਲ ਉਸ ਵਿਚ ਇਕ ਇਕ ਅੱਖਰ ਦਾ ਵਾੱਧਾ ਕਰਕੇ ਡਿਗਰੀਆਂ ਲਈ ਜਾਵੋ ਪ੍ਰੰਤੂ ਗੁਰਮੁੱਖੀ ਲਿਪੀ ਨੂੰ 35 ਅੱਖਰਾਂ ਵਾਲੀ, "ਪੈਂਤੀ ਅੱਖਰੀ" ਹੀ ਰਹਿਣ ਦਿਓ। ਇਸਦੀ ਖੋਜ ਕਦੋਂ ਵੀ ਹੋਈ ਹੋਵੇ ਅਤੇ ਕਿਸੇ ਨੇ ਵੀ ਕੀਤੀ ਹੋਵੇ ਇਹ ਛੇ ਸਦੀਆਂ (1400 ਤੋਂ 1900) ਤੱਕ ਪੈਂਤੀ ਅੱਖਰੀ ਹੀ ਰਹੀ ਹੈ ਅਤੇ ਇਸਨੂੰ ਪੈਂਤੀ ਅੱਖਰੀ ਹੀ ਰਹਿਣ ਦਿਓ। ਮਨ-ਘੜਤ ਵਾਧੇ ਨਾਂ ਕਰੋ। ਉਚਾਰਣ ਜਬਾਨ ਨਾਲ ਕੀਤੇ ਜਾਂਦੇ ਹਨ ਅਖੱਰ ਕਦੀ ਬੋਲਿਆ ਨਹੀਂ ਕਰਦੇ।
.