.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੨੬)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧੯ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥ ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥ ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ॥ ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ॥ ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ॥ ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ॥ ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ॥ ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ॥ ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ॥ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ॥ ੧ 

ਮਃ ੩॥ ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ॥ ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ॥ ੨ 

ਪਉੜੀ॥ ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੀੑ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ॥ ੧੯ 

(ਪਉੜੀ ੧੯, ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

(ਨੋਟ-ਪਉੜੀ ਨੰ: ੧੯ ਦਾ ਪਹਿਲਾ ਭਾਗ ਕਿਸ਼ਤ ਨੰ: ੨੫ `ਚ ਦੇ ਚੁੱਕੇ ਹਾਂ, ਹੁਣ ਕਿਸ਼ਤ ਨੰ: ੨੬ `ਚ ਉਸ ਤੋਂ ਅੱਗੇ)

ਮਃ ੩॥ ਸਦਾ ਸਦਾ ਸਾਲਾਹੀਐ, ਸਚੇ ਕਉ ਬਲਿ ਜਾਉ॥ ਨਾਨਕ ਏਕੁ ਛੋਡਿ ਦੂਜੈ ਲਗੈ, ਸਾ ਜਿਹਵਾ ਜਲਿ ਜਾਉ॥ ੨॥ {ਪੰ: ੫੧੬} “

ਪਦ ਅਰਥ : — ਬਲਿ ਜਾਉ—ਬਲਿਹਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।

ਅਰਥ : —ਸਦਾ ਸਦਾ ਸਾਲਾਹੀਐ, ਸਚੇ ਕਉ ਬਲਿ ਜਾਉ” - ਮਨੁੱਖਾ ਜਨਮ ਪਾ ਕੇ ਹਮੇਸ਼ਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਲਾਹ ਹੀ ਕਰਣੀ ਚਾਹੀਦੀ ਹੈ। ਗੁਰਦੇਵ ਬਲਕਿ ਇਥੋਂ ਤੀਕ ਫ਼ੁਰਮਾਉਂਦੇ ਹਨ ਕਿ ਮੈਂ ਵੀ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਤੇ ਬਲਿਹਾਰੇ ਜਾਂਦਾ ਹਾਂ।

ਨਾਨਕ ਏਕੁ ਛੋਡਿ ਦੂਜੈ ਲਗੈ, ਸਾ ਜਿਹਵਾ ਜਲਿ ਜਾਉ” - ਤੀਜੇ ਨਾਨਕ ਗੁਰੂ ਅਮਰਦਾਸ ਜੀ ਅਨੁਸਾਰ ਤਾਂ ਉਹ ਜੀਭ ਵੀ ਸੜ ਜਣੀ ਚਾਹੀਦੀ ਹੈ ਜਿਹੜੀ ਇਕੋ ਇੱਕ ਦਾਤੇ ਪ੍ਰਭੂ ਨੂੰ ਵਿਸਾਰ ਕੇ, ਕਿਸੇ ਹੋਰ ਦੀ ਯਾਦ `ਚ ਲੱਗ ਜਾਵੇ ਭਾਵ ਸੰਸਾਰਕ ਰਸਾਂ ਤੇ ਪ੍ਰਾਪਤੀਆਂ `ਚ ਹੀ ਉਲਝ ਜਾਵੇ। ੨।

ਗੁਰਮੱਤ ਵਿਚਾਰ ਦਰਸ਼ਨ-ਸਲੋਕ `ਚ ਗੁਰਦੇਵ ਦ੍ਰਿੜ ਕਰਵਾਉਂਦੇ ਹਨ ਕਿ ਮਨੁੱਖਾ ਜਨਮ ਪਾ ਕੇ, ਸੁਆਸ-ਸਆਸ ਪ੍ਰਭੁ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਚਾਹੀਦਾ ਹੈ। ਬਲਕਿ ਸਲੋਕ `ਚ ਵਿਸ਼ੇ ਨੂੰ ਨਿਜ ਨਾਲ ਜੋੜ ਕੇ ਵੀ ਗੁਰਦੇਵ ਫ਼ੁਰਮਾਉਂਦੇ ਹਨ, ਮੇਰੇ ਰਾਹੀਂ ਅਜਿਹਾ ਕਹਿਣਾ ਕੇਵਲ ਉਪਦੇਸ਼ ਮਾਤ੍ਰ ਨਹੀਂ, ਸੱਚ ਤਾਂ ਇਹ ਹੈ ਕਿ ਮੈਂ ਵੀ ਸਦਾ ਉਸ ਪ੍ਰਭੂ ਤੋਂ ਹੀ ਬਲਿਹਾਰੇ ਜਾਂਦਾ ਹਾਂ।

ਫ਼ਿਰ ਜਿਹੜੇ ਮਨੁੱਖਾ ਜਨਮ ਪਾ ਕੇ ਵੀ, ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜਦੇ, ਗੁਰਦੇਵ ਉਨ੍ਹਾਂ ਪ੍ਰਤੀ ਫ਼ੁਰਮਾਉਂਦੇ ਹਨ, ਅਜਿਹੇ ਲੋਕਾਂ ਦੀ ਤਾਂ ਜ੍ਹਿਬਾ ਵੀ ਸੜ ਜਾਣੀ ਚਾਹੀਦੀ ਹੈ। ਸਪਸ਼ਟ ਹੋਇਆ ਕਿ ਮਨੁੱਖਾ ਜਨਮ ਪਾਉਣ ਦਾ ਇਕੋ ਇੱਕ ਮਕਸਦ ਹੀ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਤੇ ਇਸ ਜਨਮ ਨੂੰ ਸਾਫ਼ਲ ਕਰਣਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਧ੍ਰਿਗਾਕਾਰ ਹੈ ਅਜਿਹੇ ਮਨੁੱਖਾ ਜਨਮ `ਤੇ।

ਪਉੜੀ॥ ਅੰਸਾ ਅਉਤਾਰੁ ਉਪਾਇਓਨੁ, ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ, ਦੁਖ ਸੁਖ ਭਿੜੀਆ॥ ਈਸਰੁ ਬ੍ਰਹਮਾ ਸੇਵਦੇ. ਅੰਤੁ ਤਿਨੀੑ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ, ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ, ਅਸਥਿਰੁ ਜਗਿ ਥੀਆ॥ ੧੯॥ (ਪੰ: ੫੧੬)

ਪਦ ਅਰਥ : —ਅੰਸ—ਹਿੱਸਾ। ਅੰਸਾ ਅਉਤਾਰ—ਦੇਵੀਆਂ ਦੇਵਤੇ। ਉਪਾਇਓਨੁ—ਉਨ੍ਹਾਂ ਦੇਵੀ ਦੇਵਤਿਆਂ ਨੂੰ ਵੀ ਪ੍ਰਭੂ ਨੇ ਆਪ ਹੀ ਉਪਾਇਆ ਤੇ ਹੋਂਦ `ਚ ਲਿਆਂਦਾ ਹੈ ਭਾਵ ਉਨ੍ਹਾਂ ਦੀ ਹੋਂਦ ਵੀ ਦੇਵੀ ਦੇਵਤਿਆਂ ਆਪਣੇ ਆਪ ਤੋਂ ਨਹੀਂ (ਜਦਕਿ ਪ੍ਰਭੂ ਤਾਂ ਹੈ ਹੀ ਸੈਭੰ ਤੇ ਆਪਣੇ ਆਪ ਤੋਂ)। ਦੂਜਾ ਭਾਉ—ਮਾਇਆ ਦਾ ਮੋਹ, ਪ੍ਰਭੂ ਨੂੰ ਵਿਸਾਰ ਕੇ ਮਾਇਕ ਰਸਾਂ ਤੇ ਪ੍ਰਾਪਤੀਆਂ `ਚ ਖੱਚੱਤ ਹੋਣਾ। ਜਿਉ ਰਾਜੇ—ਰਾਜਿਆਂ ਵਾਂਙ। ਸੇਵਦੇਸਿਮਰਦੇ ਕਬੂਲਦੇ। ਈਸਰ—ਸ਼ਿਵ, ਸ਼ਿਵਜੀ। ਤਿਨੀੑ—ਉਨ੍ਹਾਂ ਨੇ। ਗੁਰਮੁਖਿ ਪ੍ਰਗਟੀਆ—ਜਿਹੜੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ ਉਨ੍ਹਾਂ ਗੁਰਮੁਖਾਂ ਦੀ ਰਹਿਣੀ ਤੇ ਜੀਵਨ `ਚੋਂ ਹੀ ਅਕਾਲਪੁਖ ਦੇ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਤਿਥੈ—ਜੀਵਨ ਦੀ ਉੱਤਮ ਗੁਰਮੁਖਾਂ ਵਾਲੀ ਆਤਮਕ ਅਵਸਥਾ `ਚ ਪਹੁੰਚਣ `ਤੇ। ਸੋਗੁ—ਚਿੰਤਾ। ਵਿਜੋਗੁ—ਵਿਛੋੜਾ। ਜਗਿ—ਜਗਤ `ਚ, ਸੰਸਾਰ `ਚ।

ਅਰਥ : — ਅੰਸਾ ਅਉਤਾਰੁ ਉਪਾਇਓਨੁ, ਭਾਉ ਦੂਜਾ ਕੀਆ” - ਦੇਵਤਿਆਂ ਆਦਿ ਨੂੰ ਵੀ ਪ੍ਰਭੂ ਨੇ ਹੋਂਦ `ਚ ਲਿਆਂਦਾ ਅਤੇ ਉਨ੍ਹਾਂ ਦੇਵਤਿਆਂ ਦਾ ਕਰਤਾ ਵੀ ਪ੍ਰਭੂ ਹੀ ਹੈ। ਫ਼ਿਰ ਉਨ੍ਹਾਂ ਦੇਵਤਿਆਂ ਨੂੰ ਮੋਹ ਮਾਇਆ `ਚ ਉਲਝਾਉਣ ਵਾਲਾ ਵੀ ਕੋਈ ਹੋਰ ਨਹੀਂ ਬਲਕਿ ਉਹ ਵੀ ਪ੍ਰਭੂ ਹੀ ਹੈ।

ਜਿਉ ਰਾਜੇ ਰਾਜੁ ਕਮਾਵਦੇ, ਦੁਖ ਸੁਖ ਭਿੜੀਆ” - ਉਹ ਦੇਵਤੇ ਵੀ, ਸੰਸਾਰਕ ਰਾਜਿਆਂ ਵਾਂਙ ਹੀ ਰਾਜ ਕਰਦੇ ਤੇ ਉਸੇ ਤਰ੍ਹਾਂ ਆਪਣੇ ਦੁੱਖਾਂ ਸੁਖਾਂ ਤੇ ਰਾਜ ਦੀ ਖ਼ਾਤਰ ਲੜਦੇ-ਭਿੜਦੇ ਰਹਿੰਦੇ ਸਨ।

ਈਸਰੁ ਬ੍ਰਹਮਾ ਸੇਵਦੇ, ਅੰਤੁ ਤਿਨੀੑ ਨ ਲਹੀਆ” - ਇਥੋਂ ਤੱਕ ਕਿ ਬ੍ਰਹਮਾ, ਸ਼ਿਵ ਵਰਗੇ ਮੰਨੇ ਜਾਂਦੇ ਪ੍ਰਮੁੱਖ ਦੇਵਤੇ ਵੀ, ਆਪਣੇ ਤੋਂ ਕਿਸੇ ਵੱਡੀ ਤਾਕਤ ਨੂੰ ਕਬੂਲਦੇ ਸਨ। ਪਰ ਉਨ੍ਹਾਂ ਨੂੰ ਤੇਰੇ ਬਾਰੇ ਕੁੱਝ ਵੀ ਸੋਝੀ ਨਹੀਂ ਸੀ ਭਾਵ ਫ਼ਿਰ ਵੀ ਉਹ ਤੇਰੀ ਸਦੀਵੀ ਹੋਂਦ ਤੇ ਅਜ਼ਮਤ ਨੂੰ ਨਾ ਸਮਝ ਸਕੇ ਅਤੇ ਇਸ ਪੱਖੋਂ ਅਗਿਆਨੀ ਤੇ ਅਣਜਾਣ ਹੀ ਸਨ।

ਨਿਰਭਉ ਨਿਰੰਕਾਰੁ ਅਲਖੁ ਹੈ, ਗੁਰਮੁਖਿ ਪ੍ਰਗਟੀਆ” -ਦਰਅਸਲ ਪ੍ਰਭੂ ਪ੍ਰਮਾਤਮਾ ਤਾਂ ਹੈ ਹੀ ਨਿਰਭਉ, ਆਕਾਰ-ਰਹਿਤ ਤੇ ਉਸਨੂੰ ਇਨ੍ਹਾਂ ਸਥੂਲ ਅੱਖਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਪ੍ਰਭੂ ਤਾਂ, ਸ਼ਬਦ-ਗੁਰੂ ਦੀ ਕਮਾਈ ਕਰਣ ਵਾਲੇ ਗੁਰਮੁਖਾਂ ਦੀ ਜੀਵਨ ਰਹਿਣੀ `ਚੋਂ ਹੀ ਪ੍ਰਗਟ ਹੁੰਦਾ ਹੈ।

ਤਿਥੈ ਸੋਗੁ ਵਿਜੋਗੁ ਨ ਵਿਆਪਈ, ਅਸਥਿਰੁ ਜਗਿ ਥੀਆ” - ਇਸਤਰ੍ਹਾਂ ਗੁਰਮੁਖ ਅਵਸਥਾ `ਚ ਅਪੜਣ ਬਾਅਦ ਮਨੁੱਖ ਦਾ ਜੀਵਨ, ਸੰਸਾਰਕ ਸੋਗ-ਵਿਜੋਗ ਆਦਿ ਦੇ ਪ੍ਰਭਾਵਾਂ ਤੋਂ ਉੱਚਾ ਉਠ ਜਾਂਦਾ ਹੈ ਤੇ ਆਤਮਕ ਉੱਚਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਗੁਰਮੁਖ ਜਨ, ਸੰਸਾਰ `ਚ ਵਿਚਰਦੇ ਹੋਏ ਵੀ ਸਹਿਜ, ਅਡੋਲ ਤੇ ਮਾਨਸਿਕ ਟਿਕਾਅ ਵਾਲੀ ਅਵਸਥਾ ਦਾ ਅਨੰਦ ਮਾਣਦੇ ਹਨ।

ਭਾਵ ਜਿਉ ਰਾਜੇ ਰਾਜੁ ਕਮਾਵਦੇ, ਦੁਖ ਸੁਖ ਭਿੜੀਆ” ਉਨ੍ਹਾਂ ਦੇਵਤਿਆਂ ਦੇ ਲੜਾਈਆਂ-ਭਿੜਾਈਆਂ ਤੇ “ਭਾਉ ਦੂਜਾ” ਅਥਵਾ “ਤ੍ਰੈ ਗੁਣੀ” ਜੀਵਨ ਦੇ ਉਲਟ; ਗੁਰਮੁਖ, ਪ੍ਰਭੂ ਦੇ ਨਾਮ ਰੰਗ `ਚ ਰੰਗਿਆ ਹੋਇਆ ਸ਼ਾਤਮਈ, ਸਹਿਜ ਤੇ ਮਾਨਸਿਕ ਅਡੋਲਤਾ ਵਾਲਾ ਜੀਵਨ ਬਤੀਤ ਕਰਦੇ ਹਨ। ੧੯।

ਪਉੜੀ ਵਿੱਚਲੇ ਲਫ਼ਸ ਅੰਸਾ ਅਉਤਾਰ ਸੰਬੰਧੀ - (ੳ) ਮੂਲ਼ ਰੂਪ `ਚ ਲਫ਼ਜ਼ ਅੰਸਾ ਅਉਤਾਰ ਦੇਵੀ-ਦੇਵਤਿਆਂ ਲਈ ਹੀ ਵਰਤਿਆ ਜਾਂਦਾ ਹੈ। ਪ੍ਰੋ: ਸਾਹਿਬ ਸਿੰਘ ਜੀ ਨੇ ਵੀ “ਗ੍ਰੁਰੂ ਗ੍ਰੰਥ ਦਰਪਣ” `ਚ ਇਸ ਲਫ਼ਜ਼ ਦੇ ਇਹੀ ਅਰਥ ਕੀਤੇ ਹਨ। ਇਸ ਤੋਂ ਬਾਅਦ ਪੁਰਾਤਨ ਵਿਸ਼ਵਾਸਾਂ ਸ਼ਨੁਸਾਰ ਇਨ੍ਹਾਂ ਦੇਵੀ-ਦੇਵਤਿਆਂ ਦੀ ਗਿਣਤੀ ਵੀ ਕ੍ਰੋੜਾਂ `ਚ ਦੱਸੀ ਜਾਂਦੀ ਹੈ। ਫ਼ਿਰ ਉਨ੍ਹਾਂ ਕ੍ਰੋੜਾਂ `ਚੋਂ ਵੀ ਤਿੰਨ ਦੇਵਤੇ ਬ੍ਰਹਮਾ ਵਿਸ਼ਨੂ ਤੇ ਮਹੇਸ਼ ਮੁੱਖ ਮੰਨੇਂ ਜਾਂਦੇ ਹਨ। ਇਨ੍ਹਾਂ ਤਿੰਨਾਂ ਤੋਂ ਬਾਅਦ ਜੇ ਵਧੇਰਾ ਜ਼ਿਕਰ ਆਉਂਦਾ ਹੈ ਤਾਂ ਉਹ ਹੈ ਇੰਦ੍ਰ ਦੇਵਤੇ ਦਾ।

ਉਪ੍ਰੰਤ ਇੰਦਰ ਦੇਵਤੇ ਨੂੰ ਇੰਦਰ ਪੁਰੀ ਅਥਵਾ ਇੰਦਰ ਲੋਕ ਦਾ ਰਾਜਾ ਵੀ ਦੱਸਿਆ ਗਿਆ ਹੈ। ਜਦਕਿ ਉਨ੍ਹਾਂ ਤਿੰਨ ਮੁੱਖ ਦੇਵਤਿਆਂ ਨੂੰ ਛੱਡ ਕੇ ਬਾਕੀ ਕ੍ਰੋੜਾਂ ਦੇਵਤੇ ਇਸ ਇੰਦਰ ਦੇਵਤੇ ਦੀ ਪ੍ਰਜਾ ਹੀ ਦੱਸੀ ਜਾਂਦੀ ਹੈ। ਉਸ ਵਿਚਾਰਧਾਰਾ ਅਨੁਸਾਰ ਸੂਰਜ, ਚੰਦ, ਅਗਨੀ, ਪਾਣੀ, ਹਵਾ, ਮੰਗਲ, ਸ਼ਨੀ ਆਦਿ ਇਹ ਸਾਰੇ ਦੇਵਤੇ ਹੀ ਹਨ ਅਤੇ ਇੰਦਰ ਦੇਵਤੇ ਦੀ ਪ੍ਰਜਾ ਹਨ। ਬਲਕਿ ਬੱਦਲ ਵਸਾਉਣੇ ਵੀ ਇੰਦਰ ਦੇਵਤੇ ਦੀ ਜ਼ਿਮੇਵਾਰੀ `ਚ ਆਉਂਦੇ ਹਨ।। ਜਦਕਿ ਸੁਰਗ-ਨਰਕ, ਜਮ ਲੋਕ, ਧਰਮ ਰਾਜ, ਕਾਮਧੇਨੂੰ, ਕਲਪ ਬ੍ਰਿਛ. ਫਾਰਜਾਤ ਰੁਖ, ਧੰਨਵੰਤ੍ਰੀ ਵੈਦ, ਅਪਸ੍ਰਾਵਾਂ, ਗਣ-ਗੰਧ੍ਰਵ-ਕਿੰਨਰ ਆਦਿ ਲੰਮਾਂ ਚੌੜਾ ਵੇਰਵਾ ਵੀ ਇਸੇ ਇੰਦ੍ਰ ਲੋਕ ਨਾਲ ਹੀ ਜੁੜਿਆ ਹੋਇਆ ਅਤੇ ਇਸੇ ਦਾ ਵਿਸਤਾਰ ਹੈ।

ਇਹ ਵੀ ਕਿ ਉਨ੍ਹਾਂ ਕ੍ਰੋੜਾਂ ਦੇਵੀ-ਦੇਵਤਿਆ ਚੋਂ ਜਿਹੜੇ ਬ੍ਰਹਮਾ ਵਿਸ਼ਨੂ ਤੇ ਮਹੇਸ਼, ਤਿੰਨ ਮੁੱਖ ਦੇਵਤੇ ਮੰਨੇਂ ਜਾਂਦੇ ਹਨ ਉਨ੍ਹਾਂ ਤਿੰਨਾਂ `ਚੋਂ ਵਿਸ਼ਨੂੰ ਦੇ ਦਸ ਅਵਤਾਰਾਂ ਉਪ੍ਰੰਤ ਪਾਰਬਤੀ ਤੋਂ ਸੋਲ਼੍ਹਾਂ ਮੁੱਖ ਦੇਵੀਆਂ ਵਾਲਾ ਵਿਸ਼ਾ ਵੀ, ਇਸੇ ਵਿਚਾਰਧਾਰਾ ਦਾ ਹੀ ਹਿੱਸਾ ਤੇ ਵਿਸਤਾਰ ਹੈ। ਇਸ ਤਰ੍ਹਾਂ ਵਿਸ਼ਨੂੰ ਦੇ ਦਸ ਅਵਤਾਰਾਂ `ਚੋਂ ਹੀ ਦੋ ਮੁੱਖ ਹਨ ਦਸ਼ਰਥ ਸੁੱਤ ਰਾਮਚੰਦ੍ਰ ਜੀ ਅਤੇ ਯਸੋਦਾ ਸੁੱਤ ਕ੍ਰਿਸ਼ਨ ਜੀ।

ਜਦਕਿ ਗੁਰਬਾਣੀ ਇਸ ਸਾਰੀ ਵਿਚਾਰਧਾਰਾ ਨੂੰ ਮੂਲੋਂ ਹੀ ਨਕਾਰਦੀ ਹੈ। ਇਸ ਸੰਬੰਧ `ਚ ਗੁਰਬਾਣੀ `ਚੋਂ ਅਨੇਕਾਂ ਸ਼ਬਦ ਅਤੇ ਪ੍ਰਮਾਣ ਵੀ ਪ੍ਰਾਪਤ ਹਨ। ਇਸ ਲਈ ਦੇਵੀ ਦੇਵਤਿਆਂ ਵਾਲੇ ਵਿਸ਼ੇ ਨੂੰ ਗੁਰਬਾਣੀ ਆਧਾਰ `ਤੇ ਸਪਸ਼ਟ ਕਰਣ ਲਈ, ਅੱਗੇ ਕਾਲਮ (ਅ) `ਚ ਮਿਸਾਲ ਵਜੋਂ ਕੁੱਝ ਗੁਰਬਾਣੀ ਪ੍ਰਮਾਣ ਰਹੇ ਹਾਂ। ਉਪ੍ਰੰਤ ਇਹ ਵੀ ਦੇਖਣਾ ਹੈ ਕਿ ਇਧਰ, ਗੁਰਬਾਣੀ ਅਨੁਸਾਰ ਸਮੂਚੀ ਰਚਨਾ ਦਾ ਕਰਣ ਕਾਰਣ, ਕਰਤਾ-ਧਰਤਾ, ਪਰਵਦਿਗਾਰ, ਭਾਵ ਸਭਕੁਝ ਇਕੋ ਇੱਕ ਅਕਾਲਪੁਰਖ ਹੈ ਤੇ ਉਸ ਤੋਂ ਬਿਨਾ ਹੋਰ ਕੋਈ ਦੂਜੀ ਤਾਕਤ ਨਹੀ। ਇਸ ਦੀ ਪ੍ਰੌੜਤਾ `ਚ ਵੀ ਅੱਗੇ ਕਾਲਮ (ੲ) `ਚ ਕੁੱਝ ਗੁਰਬਾਣੀ ਪ੍ਰਮਾਣ ਲੈ ਰਹੇ ਹਾਂ ਤੇ ਫ਼ਿਰ ਕਾਲਮ (ਸ) ਤੇ (ਹ) `ਚ ਵੀ ਵਿਸ਼ੇ ਸੰਬੰਧੀ ਕੁੱਝ ਸੰਬੰਧਤ ਵੇਰਵੇ। ਤਾਂ ਤੇ:-

(ਅ) ਤਾਂ ਤੇ ਦੇਵੀ-ਦੇਵਤਿਆਂ ਤੇ ਅਵਤਾਰਵਾਦ ਸ਼ੰਬੰਧੀ ਕੁੱਝ ਗੁਰਬਾਣੀ ਪ੍ਰਮਾਣ:-

(i) “. . ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ” (ਬਾਣੀ ਜਪੁ ਪਉ. ੩੫)

()ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯)।

(i) “ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ” (ਪੰ: ੩੩੨)

(iv)ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨੑ ਕਹਾਣੀਆ ਕੇਤੇ ਬੇਦ ਬੀਚਾਰ” (ਪੰਨਾ ੪੬੪)

(v) “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ” (ਪੰ: ੬੩੭)

(vi) “ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਅੰਤੁ …. . ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ” (ਪੰ: ੪੬੪)

(v) “ਭੈਰਉ ਭੂਤ ਸੀਤਲਾ ਧਾਵੈ॥ ਖਰ (ਖੋਤਾ) ਬਾਹਨੁ (ਸਵਾਰੀ) ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ….” (ਪੰ: ੮੭੪)

(vi) “ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ” (ਪੰ: ੧੧੬੩ ਕਬੀਰ)

(ix) “ਚਾਰੇ ਵੇਦ ਬ੍ਰਹਮੇ ਕਉ ਦੀਏ, ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ, ਨਰਕਿ ਸੁਰਗਿ ਅਵਤਾਰੀ॥ ੬ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ॥  ॥ ਤੂੰ ਸਚਾ, ਤੇਰਾ ਕੀਆ ਸਭੁ ਸਾਚਾ, ਦੇਹਿ ਤ ਸਾਚੁ ਵਖਾਣੀ॥ ਜਾ ਕਉ ਸਚੁ ਬੁਝਾਵਹਿ ਅਪਣਾ, ਸਹਜੇ ਨਾਮਿ ਸਮਾਣੀ” (ਪੰ: ੪੨੩)

(x) “ਬੇਦ ਪੜੇ ਪੜਿ ਬ੍ਰਹਮੇ ਹਾਰੇ, ਇਕੁ ਤਿਲੁ ਨਹੀ ਕੀਮਤਿ ਪਾਈ॥ ਸਾਧਿਕ ਸਿਧ ਫਿਰਹਿ ਬਿਲਲਾਤੇ, ਤੇ ਭੀ ਮੋਹੇ ਮਾਈ॥ ੨ ਦਸ ਅਉਤਾਰ ਰਾਜੇ ਹੋਇ ਵਰਤੇ, ਮਹਾਦੇਵ ਅਉਧੂਤਾ॥ ਤਿਨੑ ਭੀ ਅੰਤੁ ਨ ਪਾਇਓ ਤੇਰਾ, ਲਾਇ ਥਕੇ ਬਿਭੂਤਾ” (ਪੰ: ੭੪੭)

(xi) “. . … … ਰੰਗੀ ਲੇ ਜਿਹਬਾ ਹਰਿ ਕੈ ਨਾਇ॥ ਸੁਰੰਗ ਰੰਗੀਲੇ ਹਰਿ ਹਰਿ ਧਿਆਇ॥ ੧॥ ਰਹਾਉ॥” ਅਰਥ ਹਨ ਹੇ ਮੇਰੀ ਜੀਭਾ ਤੂੰ ਪ੍ਰਭੂ ਦੇ ਰੰਗ `ਚ ਰੰਗੀ ਰਹੁ ਤੇ ਚੇਤੇ ਰਖ ਕਿ ਪ੍ਰਭੂ ਦੇ ਰੰਗ ਤੋਂ ਬਿਨਾ “ਮਿਥਿਆ ਜਿਹਬਾ ਅਵਰੇਂ ਕਾਮ॥ ਨਿਰਬਾਣ ਪਦੁ ਇਕੁ ਹਰਿ ਕੋ ਨਾਮੁ॥ ੨॥ ਅਸੰਖ ਕੋਟਿ ਅਨ ਪੂਜਾ ਕਰੀ॥ ਏਕ ਨ ਪੂਜਸਿ ਨਾਮੈ ਹਰੀ॥ ੩॥ … “(ਪੰ: ੧੧੬੩ ਨਾਮਦੇਵ ਜੀ)।

(x) “ਕੋਟਿ ਸੂਰ ਜਾ ਕੈ ਪਰਗਾਸ॥ ਕੋਟਿ ਮਹਾਦੇਵ ਅਰੁ ਕਬਿਲਾਸ॥ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ॥ ਬ੍ਰਹਮਾ ਕੋਟਿ ਬੇਦ ਉਚਰੈ॥ ੧ ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ॥ ੧ ॥ ਰਹਾਉ॥ ਕੋਟਿ ਚੰਦ੍ਰਮੇ ਕਰਹਿ ਚਰਾਕ॥ ਸੁਰ ਤੇਤੀਸਉ ਜੇਵਹਿ ਪਾਕ॥ ਨਵ ਗ੍ਰਹ ਕੋਟਿ ਠਾਢੇ ਦਰਬਾਰ॥ ਧਰਮ ਕੋਟਿ ਜਾ ਕੈ ਪ੍ਰਤਿਹਾਰ….” (ਪੰ: ੧੧੬੩)

(xi) “ਭਰਮੇ ਸੁਰਿ ਨਰ ਦੇਵੀ ਦੇਵਾ॥ ਭਰਮੇ ਸਿਧ ਸਾਧਿਕ ਬ੍ਰਹਮੇਵਾ” (ਪੰ: ੨੫੮)

(xiv) “ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥  ॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ॥” (ਪੰ: ੫੫੯)

(xiv) ਭੈਰਉ ਮਹਲਾ ੫ ਘਰੁ ੧ ੴ ਸਤਿ ਗੁਰਪ੍ਰਸਾਦਿ॥ ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥ ੧ ॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧ ॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ ੨ ॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥ ੩ ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ ੪ ॥ ੧ (ਪੰ: ੧੧੩੬)

(xv) “…. . ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ॥ ਅਨਿਕ ਮਹੇਸ ਬੈਸਿ ਧਿਆਨੁ ਧਰਹਿ॥ ਅਨਿਕ ਪੁਰਖ ਅੰਸਾ ਅਵਤਾਰ॥ ਅਨਿਕ ਇੰਦ੍ਰ ਊਭੇ ਦਰਬਾਰ॥ ੩ ॥ ਅਨਿਕ ਪਵਨ ਪਾਵਕ ਅਰੁ ਨੀਰ॥ ਅਨਿਕ ਰਤਨ ਸਾਗਰ ਦਧਿ ਖੀਰ॥ ਅਨਿਕ ਸੂਰ ਸਸੀਅਰ ਨਖਿਆਤਿ॥ ਅਨਿਕ ਦੇਵੀ ਦੇਵਾ ਬਹੁ ਭਾਂਤਿ॥ ੪ ॥ ਅਨਿਕ ਬਸੁਧਾ ਅਨਿਕ ਕਾਮਧੇਨ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ॥ ਅਨਿਕ ਅਕਾਸ ਅਨਿਕ ਪਾਤਾਲ॥ ਅਨਿਕ ਮੁਖੀ ਜਪੀਐ ਗੋਪਾਲ…” (ਪੰ: ੧੨੩੫) ਇਤਿਆਦਿ। ਨੋਟ-ਇਸ ਪਉੜੀ ਦੀ ਬਾਕੀ ਵਿਚਾਰ ਕਿਸ਼ਤ ਨੰ: ੨੭ `ਚ ਆਵੇ ਗੀ ਜੀ, ਧੰਨਵਾਦਿ)। (ਚਲਦਾ) #Instt. 27th. Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.