.

ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ

“ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥

ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥

ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ

ਆਪਣੇ ਪਿਤਾ ਪੁਰਖੀ ਹਿੰਦੂ ਧਰਮ ਦੇ ਸ਼ਰਧਾਲੂਆਂ ਵਾਰੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਨਿਰਣਾ ਹੈ ਕਿ ਹਿੰਦੂ ਅੰਨ੍ਹੇ ਹਨ, ਗੂੰਗੇ ਹਨ ਅਤੇ ਉੱਕਾ ਹੀ ਮੂਲੋਂ ਭੁਲੇ ਹੋਏ ਖੁੰਝਕੇ ਕੁਰਾਹੇ ਜਾ ਰਹੇ ਹਨ। ਇਹ ਮੂਰਖ ਗਵਾਰ ਪੱਥਰ ਮੁਲ ਖਰੀਦ ਕੇ ਉਹਨਾਂ ਦੀ ਪੂਜਾ ਕਰਦੇ ਹਨ ਅਤੇ ਇਹ ਨਹੀਂ ਵਿਚਾਰਦੇ ਕਿ ਜਿਹੜੇ ਪਥਰ ਪਾਣੀ ਵਿੱਚ ਆਪ ਡੁੱਬ ਜਾਂਦੇ ਹਨ ਉਹਨਾਂ ਨੂੰ ਪੂਜਕੇ ਇਹ ਲੋਕ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਤਰ ਸਕਦੇ ਹਨ। ਹਿੰਦੂ ਲੋਕ ਦੇਖਾ ਦੇਖੀ ਕਰਨ ਵਾਲੇ ਭੇਡਚਾਲੀ ਲਕੀਰ ਦੇ ਫਕੀਰ ਹਨ ਕਿਉਂਕਿ ਇਹ ਲੋਕ ਬਿਨਾਂ ਸੋਚੇ ਸਮਝੇ ਨਾਰਦ ਮੁਨੀ ਦੀ ਕਹੀ ਤੇ ਪਰਚਾਰੀ ਹੋਈ ਪਥਰਾਂ ਦੀ ਉਹੀ ਪੂਜਾ ਕਰੀ ਜਾਂਦੇ ਹਨ।

ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥

ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ॥

“ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥

ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ॥

ਪੰਡਤਾਂ ਦੇ ਪਿਛੇ ਲੱਗਾ ਸਾਰਾ ਹਿੰਦੂ ਜਗਤ ਪੱਥਰ ਦੀ ਮੂਰਤੀ ਨੂੰ ਪਰਮੇਸ਼ਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਇਹ ਖਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿੱਚ ਡੁੱਬੇ ਸਮਝੋ ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲਗਣਾ। ਜੋ ਲੋਕ ਠਾਕੁਰ ਦੀ ਮੂਰਤੀ ਮੁੱਲ ਲੈਕੇ ਉਸ ਦੀ ਪੂਜਾ ਕਰਦੇ ਹਨ ਅਤੇ ਮਨ ਹਠ ਦੇ ਨਾਲ ਤੀਰਥਾਂ ਤੇ ਜਾਂਦੇ ਹਨ, ਅਸਲ ਵਿੱਚ ਇੱਕ ਦੂਜੇ ਨੂੰ ਇਹ ਕੰਮ ਕਰਦਿਆਂ ਵੇਖ ਕੇ ਸਾਂਗ ਬਣਾਈ ਜਾਂਦੇ ਹਨ ਅਤੇ ਲੋਕਾਂ ਵਿੱਚ ਚੰਗਾ ਅਖਵਾਣ ਲਈ ਹੀ ਕਰਦੇ ਹਨ। ਸਹੀ ਰਸਤੇ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਫਿਰਦੇ ਹਨ।

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥

ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥

“ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥

ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖੁਆਰ ਹੋ ਰਹੇ ਹਨ, ਮੁਸਲਮਾਨ ਮਸੀਤਿ ਵਿੱਚ ਸਿਰ ਨਿਵਾ ਨਿਵਾ ਸਿਜਦਾ ਕਰਕੇ ਅਥਵਾ ਮਥਾ ਟੇਕ ਟੇਕ ਖੁਆਰ ਹੋ ਰਹੇ ਹਨ। ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਨੇ ਦੱਬ ਦਿਤੇ। ਇਹ ਦੱਬਣ ਸਾੜਣ ਵਿੱਚ ਹੀ ਉਲਝੇ ਪਏ ਹਨ। ਪਰਮਾਤਮਾ ਨੂੰ ਮਿਲਨ ਦੀ ਬਿਧੀ ਦੀ ਸਮਝ ਇਹਨਾਂ ਦੁਹਾਂ ਧਿਰਾਂ ਨੂੰ ਨਾਹ ਪਈ। ਹਿੰਦੂ ਦੇਹੁਰਾ ਪੂਜਦਾ ਹੈ, ਮੁਸਲਮਾਨ ਮਸੀਤਿ ਪੂਜਦਾ ਹੈ ਪਰ ਨਾਮ ਦੇਵ ਜੀ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ ਜਿਸ ਦਾ ਨਾਂ ਕੋਈ ਮੰਦਰ ਹੈ ਅਤੇ ਨਾਂ ਮਸੀਤਿ ਹੈ। ਹਿੰਦੂ ਅੰਨ੍ਹਾ ਹੈ ਤੇ ਤੁਰਕੂ ਕਾਣਾ ਹੈ ਇਹਨਾਂ ਦੋਹਾਂ ਨਾਲੋਂ ਗਿਆਨੀ ਸਿਆਣਾ ਹੈ।

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥

“ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥

“ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ॥

“ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥

ਜਿਨ੍ਹਾਂ ਪਰਾਣੀਆਂ ਦੀਆਂ ਮੁੰਹ ਮਥੇ ਵਾਲੀਆਂ ਸਰੀਰਕ ਅਖਾਂ ਪ੍ਰਭੂ ਦੇ ਹੁਕਮ ਅਨੁਸਾਰ ਠੀਕ ਤਰਾਂ ਨਹੀਂ ਦੇਖ ਸਕਦੀਆਂ ਉਹਨਾਂ ਪਰਾਣੀਆਂ ਨੂੰ ਅੰਨ੍ਹੇ ਕਹਿਣਾ ਵਾਜਿਬ ਨਹੀਂ ਹੈ। ਇਹਨਾਂ ਨੂੰ ਅਨ੍ਹੇ ਨਹੀਂ ਕਹਿਆ ਜਾ ਸਕਦਾ ਕਿਉਂਕਿ ਅੰਨ੍ਹੇ ਉਹ ਹਨ ਜੋ ਮਾਲਕ ਪ੍ਰਭੂ ਤੋਂ ਬੇਮੁਖ ਹੋਕੇ ਉਸ ਦਾ ਹੁਕਮ ਨਹੀਂ ਬੁਝਦੇ। ਹੁਕਮ ਬੁਝਕੇ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋਈਦਾ ਹੈ ਤੇ ਉਸ ਦਰਗਾਹ ਵਿੱਚ ਟਿਕੇ ਰਹਿਣ ਦਾ ਫਲ ਮਿਲਦਾ ਹੈ। ਜਿਹੜਾ ਪਰਾਣੀ ਨਿਰੀਆਂ ਗਲਾਂ ਹੀ ਕਰਦਾ ਫਿਰਦਾ ਹੈ, ਹੁਕਮ ਨੂੰ ਉੱਕਾ ਹੀ ਨਹੀਂ ਬੁਝਦਾ ਉਹ ਅਨ੍ਹੰਾ ਹੈ ਤੇ ਕੱਚਾ ਹੈ ਤੇ ਨਿਰੀਆਂ ਕਚੀਆਂ ਗਲਾਂ ਕਰਦਾ ਹੈ। ਅਸਲੀ ਅਨ੍ਹੰਾ ਉਹੀ ਹੈ ਜੋ ਬੇਸਮਝ ਹੈ ਤੇ ਅੰਨ੍ਹਿਆਂ ਵਾਲੇ ਕੰਮ ਕਰਦਾ ਹੈ।

ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ॥

“ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥ ਮਨਹਠਿ ਕਰਮ ਫਿਰਿ ਜੋਨੀ ਪਾਏ ॥

ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ॥

“ਅਗਿਆਨੀ ਅੰਧਾ ਅੰਧੁ ਅੰਧਾਰਾ ॥

ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ॥

“ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ॥

“ਅਗਿਆਨੀ ਅੰਧੇ ਦੂਜੈ ਲਾਗੇ ॥ ਬਿਨੁ ਪਾਣੀ ਡੁਬਿ ਮੂਏ ਅਭਾਗੇ॥

ਗੁਰੂ ਦੇ ਗਿਆਨ ਤੋਂ ਸਖਣਾ ਪਰਾਣੀ ਅੰਨ੍ਹਾ ਹੈ। ਅੰਧਾ ਅਗਿਆਨੀ ਵਿਅਕਤੀ ਜੀਵਨ ਦਾ ਸਹੀ ਰਾਸਤਾ ਨਹੀਂ ਜਾਣਦਾ, ਉਹ ਪਰਚੱਲਤ ਧਾਰਮਿਕ ਰਸਮਾਂ ਉਪਰ ਬਹੁਤ ਜ਼ੋਰ ਦਿੰਦਾ ਹੈ। ਮਾਇਆ ਵਾਸਤੇ ਬੇਦਾਂ ਦੇ ਪਾਠ ਪੜ੍ਹਦਾ ਹੈ ਤੇ ਘੱਟ ਚੜਾਵ੍ਹੇ ਭੇਟਾ ਤੇ ਅੰਦਰੋ ਅੰਦਰ ਖਿਝਦਾ ਹੈ। ਅਗਿਆਨਤਾ ਵਿੱਚ ਫਸੇ ਹੋਏ ਦੀ ਉਹੀ ਹਾਲਤ ਰਹਿੰਦੀ ਹੈ ਜਿਵੇਂ ਗੰਦ ਦੇ ਕੀੜੇ ਗੰਦ ਖਾਣ ਦੀ ਕਮਾਈ ਹੀ ਕਰਦੇ ਹਨ ਤੇ ਫਿਰ ਦੁਖੀ ਹੁੰਦੇ ਹਨ। ਅਗਿਆਨੀ ਲੋਕ ਜੂਨੀਆਂ ਵਿੱਚ ਪੈਕੇ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਗਿਆਣ ਵਿਹੂਣੇ ਲੋਕ ਬਦਕਿਸਮਤ ਹਨ ਅਤੇ ਪਾਣੀ ਤੋਂ ਬਿਨਾਂ ਡੁੱਬ ਕੇ ਮਰਿਆਂ ਦੀ ਨਿਆਈਂ ਹਨ।

ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ॥

“ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ॥

ਜਿਹੜੇ ਪਰਾਣੀ ਗੁਰੂ ਸ਼ਬਦ ਨੂੰ ਜਾਣਦੇ ਬੁਝਦੇ ਨਹੀਂ ਉਹ ਅੰਨ੍ਹੇ ਤੇ ਬੋਲੇ ਹਨ। ਸੰਸਾਰ ਵਿੱਚ ਆ ਕੇ ਉਹਨਾਂ ਕੁੱਝ ਨਹੀਂ ਖਟਿਆ। ਜਿਹੜੇ ਨਾਂ ਗੁਰ ਸ਼ਬਦ ਬੁਝਦੇ ਹਨ ਅਤੇ ਨਾਂ ਗੁਰਬਾਣੀ ਜਾਣਦੇ ਹਨ ਉਹ ਆਪਣੀ ਮਨਮਰਜੀ ਕਰਨ ਵਾਲੇ ਮਨਮੁਖ ਹਨ। ਉਹੀ ਅੰਨ੍ਹੇ ਹਨ ਤੇ ਸਦਾ ਦੁਖੀ ਰਹਿੰਦੇ ਹਨ।

ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥ ਮਨਮੁਖਿ ਹਉਮੈ ਪਤਿ ਗਵਾਈ॥

“ਗੁਣ ਵਿਚਾਰੇ ਗਿਆਨੀ ਸੋਇ ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥

“ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥

ਉਹ ਵਿਅਕਤੀ ਗਿਆਨੀ ਹੈ ਜਿਸਦੀ ਗੁਰ ਸ਼ਬਦ ਵਿੱਚ ਲਿਵ ਲਗੀ ਹੋਈ ਹੈ ਅਥਵਾ ਜਿਸ ਨੇ ਸ਼ਬਦ ਗੁਰਬਾਣੀ ਨੂੰ ਧਿਆਨ ਨਾਲ ਪੜਕੇ ਸਮਝਣਾ ਆਪਣਾ ਮੁਖ ਮੰਤਵ ਬਣਾਇਆ ਹੋਇਆ ਹੈ। ਗੁਣਾਂ ਦੀ ਵਿਚਾਰ ਕਰਨ ਵਾਲਾ ਹੀ ਗਿਆਨੀ ਹੈ, ਗੁਣਾਂ ਰਾਹੀਂ ਹੀ ਗਿਆਨ ਦੀ ਪਰਾਪਤੀ ਹੁੰਦੀ ਹੈ। ਗੁਰ ਗਿਆਨ ਹੀ ਬ੍ਰਹਮ ਗਿਆਨੀ ਦਾ ਭੋਜਨ ਹੈ।

ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ॥

“ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ॥

ਉਹੀ ਇਨਸਾਨ ਸਿਆਣਾ ਹੈ, ਪਤਿ ਵਾਲਾ ਹੈ, ਇਜ਼ਤ ਵਾਲਾ ਹੈ ਜਿਸ ਨੂੰ ਗੁਰੂ ਦਾ ਹੁਕਮ ਮਿਠਾ ਲਗਦਾ ਹੈ। ਹੋਰ ਸੁਘੜ ਸਿਆਣੇ ਉਹ ਹਨ ਜੋ ਗੁਰੂ ਦੇ ਕਹੇ ਹੁਕਮ ਨੂੰ ਬੁਝ ਕੇ ਦੂਸਰਿਆਂ ਲੋਕਾਂ ਨੂੰ ਸਮਝਾ ਸਕਦੇ ਹਨ ਅਥਵਾ ਉਹ ਕਹਿਣਾ ਜਾਣਦੇ ਹਨ ਤੇ ਦੂਸਰਿਆਂ ਦੇ ਕਹੇ ਨੂੰ ਬੁਝ ਲੈਂਦੇ ਹਨ।

ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥

ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ॥

“ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥

ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ॥

ਮੂਰਖ ਦਾ ਕਿਹਾ ਉਹੀ ਸੁਣਦਾ ਹੈ ਤੇ ਮੂਰਖ ਦੇ ਕਹੇ ਉਹੀ ਲਗਦਾ ਹੈ ਜੋ ਆਪ ਮੂਰਖ ਹੈ। ਮੂਰਖ ਦੇ ਲੱਛਣ ਕੀ ਹਨ? ਉਸ ਦੀ ਕਰਤੂਤ ਕੈਸੀ ਹੁੰਦੀ ਹੈ? ਜੋ ਮਨੁੱਖ ਮਾਇਆ ਦਾ ਠਗਿਆ ਹੋਇਆ ਹੋਵੇ ਤੇ ਹੰਕਾਰੀ ਹੋਵੇ, ਉਸ ਨੂੰ ਮੂਰਖ ਕਹੀਦਾ ਹੈ। ਮਾਇਆ ਦੀ ਮਸਤੀ ਤੇ ਅਹੰਕਾਰ ਵਿੱਚ ਕੀਤੇ ਕਰਮ ਨਾਲ ਦੁਖ ਪ੍ਰਾਪਤ ਹੁੰਦਾ ਹੈ, ਸਦਾ ਦੁਖੀ ਰਹੀਦਾ ਹੈ।

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥

ਅੰਧੇ ਵਿਅਕਤੀ ਦੇ ਦਸੇ ਰਾਹ ਉਤੇ ਉਹੀ ਜਾਂਦਾ ਹੈ ਜੋ ਆਪ ਅਨ੍ਹੰਾ ਹੈ। ਸੁਜਾਖਾ ਪਰਾਣੀ ਅੰਨ੍ਹੇ ਦੇ ਆਖੇ ਲਗਕੇ ਕੁਰਾਹੇ ਨਹੀਂ ਪੈਂਦਾ। ਆਤਮਕ ਜੀਵਨ ਵਿੱਚ ਨੇਤਰ ਹੀਣ ਪਰਾਣੀਆਂ ਨੂੰ ਅੰਨ੍ਹੇ ਨਹੀਂ ਕਹੀਦਾ। ਅੰਨ੍ਹੇ ਉਹੀ ਹਨ ਜੋ ਹੁਕਮ ਰਜਾਈ ਨਹੀਂ ਚਲਦੇ ਤੇ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ

ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥

“ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥

ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥

“ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥

ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥

“ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥

ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ॥

ਜਿਸ ਨੂੰ ਆਪ ਤਾਂ ਸਮਝ ਨਹੀਂ ਆਈ ਤੇ ਲੋਕਾਂ ਨੂੰ ਸਮਝਾਉਂਦਾ ਫਿਰਦਾ ਹੈ ਉਹ ਹਾਸੋ-ਹੀਣਾ ਆਗੂ ਹੀ ਬਣਦਾ ਹੈ। ਜੋ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦਸਦਾ ਹੈ ਉਸ ਦੇ ਆਪਣੇ ਸਾਰੇ ਸਾਥੀ ਲੁਟੇ ਜਾਂਦੇ ਹਨ। ਅਗੈ ਚਲਕੇ ਮੂਹੋਂ-ਮੂੰਹ ਉਸ ਨੂੰ ਜੁਤੀਆਂ ਪੈਂਦੀਆਂ ਹਨ ਤੇ ਅੰਨ੍ਹੇ ਆਗੂ ਦਾ ਅਸਲ ਰੂਪ ਉਘੜ ਆਉਂਦਾ ਹੈ। ਅੰਧਾ ਆਗੂ ਸਿੱਧਾ ਪੱਧਰਾ ਰਸਤਾ ਨਹੀਂ ਜਾਣਦਾ। ਉਹ ਹੋਛੀ ਅਕਲ ਦੇ ਕਾਰਨ ਰਾਹ ਨਹੀਂ ਪਛਾਣ ਸਕਦਾ ਤੇ ਆਪ ਹੀ ਕੁਰਾਹੇ ਪਇਆ ਹੋਇਆ ਹੈ, ਉਸ ਦੇ ਪਿਛੇ ਤੁਰਨ ਵਾਲਾ ਕਿਵੇਂ ਸਹੀ ਰਾਹ ਲੱਭ ਸਕਦਾ ਹੈ। ਅੰਨ੍ਹੇ ਪਰਾਣੀ ਦੀ ਆਪਣੀ ਹੀ ਅਕਲ ਡੌਰੀ ਭੋਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਪਰ ਤੁਰ ਨਹੀਂ ਸਕਦਾ ਤੇ ਟਿਕਾਣੇ ਤੇ ਨਹੀਂ ਪਹੁੰਚ ਸਕਦਾ। ਦੂਸਰਿਆਂ ਨੂੰ ਉਪਦੇਸ਼ ਦੇਣ ਵਾਲਾ ਝੂਠਾ ਆਗੂ ਆਪ ਵੀ ਠੱਗਿਆ ਜਾਂਦਾ ਹੈ ਤੇ ਆਪਣੇ ਸਾਥੀਆਂ ਨਾਲ ਵੀ ਠੱਗੀ ਮਰਵਾਉਂਦਾ ਹੈ।

ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥

ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠ ਬੋਲੇਨਿ॥

“ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥

ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ॥

“ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥

ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ॥

ਜਿਨ੍ਹਾਂ ਲੋਕਾਂ ਦਾ ਗੁਰੂ ਅੰਨ੍ਹਾ ਹੈ ਉਸ ਦੇ ਚੇਲੇ {ਸਿਖ} ਭੀ ਅੰਨ੍ਹਿਆਂ ਵਾਲੇ ਕੰਮ ਕਰਦੇ ਹਨ। ਉਹ ਅਪਣੀ ਮਰਜ਼ੀ ਕਰਦੇ ਹਨ, ਸਦਾ ਝੂਠ ਹੀ ਝੂਠ ਬੋਲਦੇ ਹਨ ਤੇ ਦੂਜਿਆਂ ਦੀ ਨਿੰਦਿਆ ਕਰਦੇ ਹਨ। ਨਿੰਦਿਆ ਕਰਨ ਵਾਲੇ ਆਪ ਭੀ ਡੁਬਦੇ ਹਨ ਤੇ ਆਪਣੀਆਂ ਕੁਲਾਂ ਭੀ ਗਰਕ ਕਰਦੇ ਹਨ। ਅੰਨ੍ਹੇ ਗੁਰੂ ਦੇ ਚੇਲਿਆਂ ਨੂੰ ਸੁਖ ਦਾ ਸਾਹ ਨਹੀਂ ਮਿਲਦਾ। ਅਜਿਹਾ ਚੇਲਾ ਦੁਨੀਆ ਤੇ ਆਇਆ ਤੇ ਖਾਲੀ ਹਥ ਪਛੁਤਾਉਂਦਾ ਹੀ ਜਗ ਤੋਂ ਤੁਰ ਗਿਆ ਜਿਵੇਂ ਸੁੰਝੇ ਘਰ ਵਿੱਚ ਕਾਂ ਅਕੇ ਖਾਲੀ ਜਾਂਦਾ ਹੈ।

ਕਾਚੇ ਗੁਰ ਤੇ ਮੁਕਤਿ ਨ ਹੂਆ॥

“ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ॥

“ਅੰਧੇ ਗੁਰੂ ਤੇ ਭਰਮੁ ਨ ਜਾਈ॥

“ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥

ਕਚੇ ਗੁਰੂ ਤੋਂ ਮੁਕਤੀ ਨਹੀਂ ਮਿਲਦੀ। ਅੰਧਾ ਅਗਿਆਨੀ ਗੁਰੂ ਅਖਵਾ ਕੇ ਕਿਸੇ ਨੂੰ ਠੀਕ ਰਸਤੇ ਨਹੀਂ ਪਾ ਸਕਦਾ, ਕਿਸੇ ਦਾ ਵਹਿਮ ਭਰਮ ਦੂਰ ਨਹੀਂ ਕਰ ਸਕਦਾ। ਉਸ ਦੇ ਚੇਲੇ ਅੰਮ੍ਰਤਿ ਛਡਕੇ ਜ਼ਹਿਰ ਖਾਂਦੇ ਹਨ।

ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ॥

“ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ॥

“ਸਤਿਗੁਰ ਸਬਦਿ ਉਜਾਰੋ ਦੀਪਾ …… ਗੁਰਬਾਣੀ ਇਸੁ ਜਗ ਮਹਿ ਚਾਨਣੁ॥

“ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥

ਇਹ ਜਗ ਅੰਨ੍ਹਾ ਹੈ। ਅੰਨ੍ਹੇ ਜਗਤ ਦੀ ਅੰਨ੍ਹਿਆਂ ਵਾਲੀ ਕਰਤੂਤ ਹੈ। ਇਹ ਸਦਾ ਅੰਨ੍ਹਿਆਂ ਵਾਲਾ ਹੀ ਕੰਮ ਕਰਦਾ ਹੈ। ਸਚੇ ਗੁਰੂ ਤੋਂ ਬਿਨਾਂ ਹਨੇਰਾ ਰਹਿੰਦਾ ਹੈ ਤੇ ਉਸ ਦੀ ਸਿਖਿਆ ਸਮਝਣ ਤੋਂ ਬਿਨਾਂ ਸਹੀ ਰਾਹ ਨਹੀਂ ਲਭ ਸਕਦਾ। ਗੁਰਬਾਣੀ ਗੁਰੂ ਹੈ, ਇਹ ਇਸ ਜਗ ਵਿੱਚ ਚਾਨਣ ਹੈ। ਸਤਿਗੁਰਾਂ ਹੁਕਮ ਕੀਤਾ ਹੈ ਕਿ ਅਸੀਂ ਗੁਰਬਾਣੀ ਆਪ ਪੜ੍ਹਕੇ ਸਮਝੀਏ ਕਿਉਂਕਿ ਉਹਨਾਂ ਨੂੰ ਪੱਕਾ ਪਤਾ ਸੀ ਕਿ ਗੁਰਦਵਾਰਾ ਪ੍ਰਬੰਧਕਾਂ ਤੇ ਪ੍ਰਚਾਰਕਾਂ ਨੇ ਗੁਰਬਾਣੀ ਨਹੀਂ ਸਮਝਾਉਣੀ ਤੇ ਪੰਡਿਤ ਮੁਲਾਂ ਆਦਿ ਵਾਂਗ, ਧਰਮ ਦਾ ਪਾਖੰਡ ਰਚਕੇ ਤੇ ਕਰਮਕਾਂਡਾਂ ਵਿੱਚ ਫਸਾਈ ਰੱਖਕੇ ਅਗਿਆਨੀ ਸ਼ਰਧਾਵਾਨਾਂ ਨੂੰ ਜਰੂਰ ਲੁੱਟਣਗੇ। ਪਿਛਲੇ ਵੀਹਾਂ ਸਾਲਾਂ ਵਿੱਚ ਸਿਖ ਪੰਥ ਦੀ ਬੇਇਜ਼ਤੀ ਤੇ ਖਜ਼ਲ ਖੁਆਰੀ ਹੋਈ ਦੇਖਕੇ ਤਾਂ ਸਿਰਲੇਖ ਵਾਲੀ ਪੰਗਤੀ ਸਿੱਖ ਅੰਨ੍ਹਾ ਸਿੱਖ ਕਾਣਾ ਹੀ ਲਗਣ ਲਗ ਪੈਂਦੀ ਹੈ ਤੇ ਅੱਜ ਦੇ ਗੁਰਦਵਾਰਾ ਪ੍ਰਬੰਧਕਾਂ ਤੇ ਸਿਖਾਂ ਦੇ ਰਾਗੀ, ਢਾਡੀਆਂ ਆਦਿ ਤੇ ਪੂਰੀ ਢੁਕਦੀ ਹੈ।

ਜੁਗਰਾਜ ਸਿੰਘ ਧਾਲੀਵਾਲ।
.