.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-20)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-19 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਆਸਾ ਮਹਲਾ ੫ (੩੭੧)

ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ।।

ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ।।

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ।।

ਮੈਂ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ।। ੧।।

ਮਹਾ ਅਨੰਦ ਅਚਿੰਤ ਸਹਜਾਇਆ।।

ਦੁਸ਼ਮਨ ਦੂਤ ਮੁਏ ਸੁਖੁ ਪਾਇਆ।। ੧।। ਰਹਾਉ।।

ਸਤਿਗੁਰੁ ਮੋ ਕਉ ਦੀਆ ਉਪਦੇਸੁ।।

ਜੀਉ ਪਿੰਡ ਸਭੁ ਹਰਿ ਕਾ ਦੇਸੁ।।

ਜੋ ਕਿਛੁ ਕਰੀ ਸੁ ਤੇਰਾ ਤਾਣੁ।।

ਤੂੰ ਮੇਰੀ ਓਟ ਤੂੰ ਹੈ ਦੀਬਾਣੁ।। ੨।।

ਤੁਧ ਨੋ ਛੋਡਿ ਜਾਈਐ ਪ੍ਰਭ ਕੈਂ ਧਰਿ।।

ਆਨ ਨ ਬੀਆ ਤੇਰੀ ਸਮਸਰਿ।।

ਤੇਰੇ ਸੇਵਕ ਕਉ ਕਿਸ ਕੀ ਕਾਣਿ।।

ਸਾਕਤੁ ਭੂਲਾ ਫਿਰੈ ਬੇਬਾਣਿ।। ੩।।

ਤੇਰੀ ਵਡਿਆਈ ਕਹੀ ਨਾ ਜਾਇ।।

ਜਹ ਕਹ ਰਾਖਿ ਲਹਿ ਗਲਿ ਲਾਇ।।

ਨਾਨਕ ਦਾਸ ਤੇਰੀ ਸਰਣਾਈ।।

ਪ੍ਰਭਿ ਰਾਖੀ ਪੈਜ ਵਜੀ ਵਾਧਾਈ।। ੪।।

=======

ਵਿਸ਼ਾ ਅਧੀਨ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਦੀ ਈਰਖਾ ਵਸ ਕੀਤੇ ਹੋਰ ਵਿਰੋਧ ਵਿਚੋਂ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਸਫਲ ਹੋਣ ਦੇ ਸਬੰਧ ਵਿੱਚ ਉਚਾਰਣ ਕੀਤਾ ਗਿਆ ਹੈ। ਜਿਵੇਂ ਆਪਾਂ ਪਿਛਲੇ ਭਾਗ 18-19 ਵਿੱਚ ਪੜ੍ਹ ਕੇ ਆਏ ਹਾਂ ਕਿ ਬਾਬਾ ਪ੍ਰਿਥੀ ਚੰਦ ਵਲੋਂ ਗੁਰਤਾ ਗੱਦੀ ਨਾ ਮਿਲਣ ਤੇ ਪਿਤਾ ਗੁਰੂ ਰਾਮਦਾਸ ਦਾ ਵਿਰੋਧ, ਬਾਲ (ਗੁਰੂ) ਹਰਿਗੋਬਿੰਦ ਦੇ ਪ੍ਰਕਾਸ਼ ਕਾਰਣ ਬਾਲ ਨੂੰ ਵੱਖ-ਵੱਖ ਤਰੀਕਿਆਂ ਦੁਆਰਾ ਮਰਵਾਉਣ ਦੀਆਂ ਚਾਲਾਂ ਚੱਲੀਆਂ ਗਈਆਂ, ਬਾਬਾ ਪ੍ਰਿਥੀ ਚੰਦ ਦੇ ਹੱਥ ਵਿੱਚ ਕੋਈ ਵੀ ਸਫਲਤਾ ਨਹੀ ਲੱਗੀ, ਪਰ ਨੀਚ ਹਰਕਤਾਂ ਤੋਂ ਫਿਰ ਵੀ ਬਾਜ਼ ਨਹੀਂ ਆਏ।

ਬਾਬਾ ਪ੍ਰਿਥੀ ਚੰਦ ਦੀ ਜਿਵੇਂ-ਜਿਵੇਂ ਆਰਜ਼ਾ ਵਧਦੀ ਜਾ ਰਹੀ ਸੀ, ਉਸ ਦਾ ਵਿਰੋਧ ਹੋਰ ਵੀ ਵਧਦਾ ਜਾ ਰਿਹਾ ਸੀ। ਉਸਨੇ ਹਰਿਮੰਦਰ ਸਾਹਿਬ ਦੇ ਮੁਕਾਬਲੇ ਵਿੱਚ ਆਪਣੇ ਸਹੁਰੇ ਪਿੰਡ ਹੇਹਰਾਂ (ਜਿਲ੍ਹਾ ਲਾਹੌਰ) ਵਿੱਚ ਧਰਮ ਸਥਾਨ ਅਤੇ ਦੁਖ-ਨਿਵਾਰਨ ਨਾਮ ਦੇ ਸਰੋਵਰ ਦੀ ਰਚਨਾ ਵੀ ਕੀਤੀ, ਜਿਸ ਦੀ ਮਸ਼ਹੂਰੀ ਕਰਨ ਲਈ ਹਰ ਸੰਭਵ ਯਤਨ ਕੀਤੇ, ਪਰ ਸਭ ਵਿਅਰਥ ਹੀ ਗਏ। ਉਸ ਨੇ ਅਕਬਰ ਦੇ ਦਰਬਾਰੀ ਬੀਰਬਲ ਨਾਲ ਵੀ ਗੰਢ-ਤਰੁੱਪ ਕੀਤੀ ਪਰ ਹੱਥ ਸਫਲਤਾ ਫਿਰ ਵੀ ਨਹੀਂ ਲੱਗੀ।

ਬਾਬਾ ਪ੍ਰਿਥੀ ਚੰਦ ਨੇ ਫਿਰ ‘ਨਾਨਕ` ਮੋਹਰ ਛਾਪ ਹੇਠਾਂ ਕਵਿਤਾ (ਤੁਕਬੰਦੀ) ਦੀ ਰਚਨਾ ਕਰਨੀ ਸ਼ੁਰੂ ਕਰ ਕੀਤੀ, ਪਰ ਸਿੱਖ ਸੰਗਤਾਂ ਪਹਿਲੇ ਸਤਿਗੁਰਾਂ ਦੇ ਪਾਵਨ ਬਚਨਾਂ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ` (੯੨੦) ਅਥਵਾ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ` (੯੮੨) ਦੇ ਮੱਦੇ ਨਜ਼ਰ ਪਹਿਲਾਂ ਹੀ ਸੁਚੇਤ ਸਨ। ਇਸ ਲਈ ਉਸ ਦੀ ਗੁਰੂ ਆਸ਼ੇ ਦੇ ਉਲਟ ਇਹ ਚਾਲ ਵੀ ਅਸਫਲ ਹੋ ਗਈ। ਫਿਰ ਉਸ ਵਲੋਂ ਸਰਕਾਰੀ ਅਹਿਲਕਾਰਾਂ ਆਦਿ ਦੇ ਨਾਲ ਆਪਣੇ ਅਸਰ ਰਸੂਖ ਨੂੰ ਵਰਤਦੇ ਹੋਏ ਗੁਰਬਾਣੀ ਵਿਰੁਧ ਬਾਦਸ਼ਾਹ ਅਕਬਰ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ ਪਰ ਅਕਬਰ ਤੇ ਕੋਈ ਪ੍ਰਭਾਵ ਨਾ ਪਿਆ। ਉਹ ਇਸ ਸਬੰਧੀ ਪਹਿਲਾਂ ਹੀ ਪੜਤਾਲ ਕਰਵਾ ਕੇ ਅਤੇ ਨਿਜੀ ਰੂਪ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਉਪਰ ਗੁਰਬਾਣੀ ਸੁਣ ਕੇ ਪੂਰੀ ਤਰਾਂ ਸੰਤੁਸ਼ਟ ਹੋ ਚੁੱਕਾ ਸੀ। ਬਾਬਾ ਪ੍ਰਿਥੀ ਚੰਦ ਦਾ ਇਹ ਵਾਰ ਵੀ ਬੁਰੀ ਤਰਾਂ ਫੇਲ ਹੋ ਗਿਆ।

ਬਾਬਾ ਪ੍ਰਿਥੀ ਚੰਦ ਨੂੰ ਵਾਰ-ਵਾਰ ਅਸਫਲਤਾ ਹੱਥ ਲੱਗਣ ਉਪਰ ਵਧਦੀ ਹੋਈ ਨਿਰਾਸ਼ਤਾ, ਈਰਖਾ ਨੇ ਮਾਨੋ ਪਾਗਲਪਨ ਦੀ ਹੱਦ ਤਕ ਪਹੁੰਚਾ ਦਿਤਾ ਸੀ। ਹੁਣ ਉਸਨੇ ਗੁਰੂ ਅਰਜਨ ਸਾਹਿਬ ਨੂੰ ਡਰਾਉਣ ਧਮਕਾਉਣ ਦੀ ਮਨਸ਼ਾ ਹਿਤ ਇੱਕ ਵਿਰੋਧੀ ਚਾਲ ਹੋਰ ਚੱਲਣ ਦੀ ਸੋਚੀ। ਉਸਨੇ ਸਰਕਾਰੀ ਅਹਿਲਕਾਰ ਸੁਲਹੀ ਖਾਨ ਨੂੰ ਗੁਰੂ ਸਾਹਿਬ ਦੇ ਖਿਲਾਫ ਇੰਨਾ ਜਿਆਦਾ ਭੜਕਾ ਦਿਤਾ ਕਿ ਉਹ ਆਪਣੀਆਂ ਫੌਜਾਂ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਉਪਰ ਹੱਲਾ ਕਰਨ ਲਈ ਚਲ ਪਿਆ।

ਸਤਿਗੁਰੂ ਅਰਜਨ ਸਾਹਿਬ ਕੋਲ ਇਸ ਦੀ ਖਬਰ ਪਹਿਲਾਂ ਪਹੁੰਚ ਗਈ। ਸਿੱਖਾਂ ਨੇ ਇਸ ਬਾਰੇ ਸੁਣਿਆ ਤਾਂ ਉਹਨਾਂ ਨੇ ਆਪਣੀ ਫਿਕਰਮੰਦੀ ਸਾਹਿਬਾਂ ਨਾਲ ਸਾਂਝੀ ਕੀਤੀ। ਗੁਰੂ ਸਾਹਿਬ ਨੂੰ ਸਿੱਖ ਸੰਗਤਾਂ ਵਲੋਂ ਵੱਖ-ਵੱਖ ਪੱਖਾਂ ਤੋਂ ਬੇਨਤੀਆਂ ਕਰਦੇ ਹੋਏ ਸਲਾਹ ਦਿਤੀ ਗਈ। ਪਹਿਲੀ ਵਿਚਾਰ ਇਹ ਸਾਹਮਣੇ ਆਈ ਕਿ ਸੁਲਹੀ ਖਾਨ ਨਹੱਕ ਹੀ ਚੜਦਾ ਆ ਰਿਹਾ ਹੈ। ਉਸ ਨੂੰ ਕੋਈ ਚਿਠੀ ਪੱਤਰੀ ਲਿਖ ਕੇ ਘੱਲੀ ਜਾਵੇ। ਦੂਜੀ ਸਲਾਹ ਕਿ ਦੋ ਸਿੱਖ ਅੱਗਲਵਾਂਢੀ ਭੇਜੇ ਜਾਣ ਜੋ ਹਮਲਾਵਰ ਨੂੰ ਰਸਤੇ ਵਿੱਚ ਹੀ ਮਿਲ ਕੇ ਸਮਝਾਉਣ ਦੇ ਯਤਨ ਕਰਨ। ਪਰ ਗੁਰੂ ਸਾਹਿਬ ਵਲੋਂ ਸਿੱਖ ਸੰਗਤਾਂ ਦੀਆਂ ਦੋਵੇਂ ਸਲਾਹਾਂ ਤੋਂ ਮੰਨਣ ਤੋਂ ਇਨਕਾਰ ਕਰਨ ਤੇ ਸਿੱਖਾਂ ਨੇ ਫਿਰ ਆਖਰੀ ਹੀਲੇ ਵਜੋਂ ਸੁਲਹੀ ਖਾਨ ਦਾ ਮੁਕਾਬਲਾ ਕਰਨ ਲਈ ਲੜਾਈ ਸਬੰਧੀ ਤਿਆਰੀ ਆਰੰਭ ਕਰਨ ਦੀ ਗੱਲ ਕੀਤੀ ਗਈ। ਇਸ ਸਲਾਹ ਉਪਰ ਸਤਿਗੁਰੂ ਨੇ ਕਿਹਾ ਕਿ ਉਹਨਾਂ ਨੇ ਤਿਆਰੀ ਪਹਿਲਾਂ ਹੀ ਕੀਤੀ ਹੋਈ ਹੈ। ਸਿੱਖਾਂ ਪੁਛਿਆ ਕਿ ਤਿਆਰੀ ਵਾਲੀ ਤਾਂ ਕੋਈ ਗੱਲ ਵੀ ਦਿਖਾਈ ਦਿੰਦੀ ਨਹੀਂ ਹੈ। ਜਵਾਬ ਮਿਲਿਆ ਕਿ ਅਸੀਂ ਨਿਮਰਤਾ ਰੂਪੀ ‘ਗਦਾ`, ਸਰਬੱਤ ਦੀ ਚਰਣ-ਧੂੜ ਰੂਪੀ ‘ਖੰਡਾ` ਪਕੜਿਆ ਹੋਇਆ ਹੈ, ਸਾਡੇ ਪੂਰੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਪੱਕੀ ਤਰਾਂ ਪ੍ਰੱਪਕ ਕਰਕੇ ਉਹਨਾਂ ਦੇ ਹਿਰਦੇ ਵਿੱਚ ਵਸਾਈ ਹੋਈ ਹੈ ਕਿ ਇਹਨਾਂ ਹਥਿਆਰਾਂ ਦੇ ਅੱਗੇ ਵੱਡੇ ਤੋਂ ਵੱਡਾ ਕੋਈ ਵੀ ਹੰਕਾਰੀ-ਹਮਲਾਵਰ ਟਿਕ ਨਹੀਂ ਸਕੇਗਾ।

ਗਰੀਬੀ ਗਦਾ ਹਮਾਰੀ।।

ਖੰਨਾ ਸਗਲ ਰੇਨੁ ਛਾਰੀ।।

ਇਸੁ ਆਗੈ ਕੋ ਨ ਟਿਕੈ ਵੇਕਾਰੀ।।

ਗੁਰੁ ਪੂਰੇ ਏਹ ਗਲਿ ਸਾਰੀ।।

(ਸੋਰਠਿ ਮਹਲਾ ੫-੬੨੮)

ਸਤਿਗੁਰਾਂ ਨੇ ਪ੍ਰਮੇਸ਼ਰ ਦੇ ਭਰੋਸੇ ਵਿੱਚ ਪ੍ਰਪੱਕਤਾ ਦਰਸਾਉਂਦੇ ਹੋਏ ਆਖਿਆ ਕਿ ਮੈਂ ਤੁਹਾਡੀਆਂ ਤਿੰਨੇ ਸਲਾਹਾਂ ਮੰਨਣ ਦੀ ਥਾਂ ਪ੍ਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਰੂਪੀ ਹਥਿਆਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਕਿਉਂਕਿ ਜਿਸਨੂੰ ਭਰੋਸਾ ਹੁੰਦਾ ਹੈ, ਉਸ ਦਾ ਭਰੋਸਾ ਪ੍ਰਮੇਸ਼ਰ ਕਦੀ ਵੀ ਅਜਾਂਈ ਨਹੀ ਜਾਣ ਦਿੰਦਾ। ਉਹ ਜੁਗਾਂ-ਜੁਗਾਂਤਰਾਂ ਤੋਂ ਆਪਣੇ ਭਗਤਾਂ ਦੀ ਰਖਵਾਲੀ ਕਰਦਾ ਆ ਰਿਹਾ ਹੈ-

-ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ।।

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ।।

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ।।

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ।।

(ਆਸਾ ਮਹਲਾ ੪-੪੫੧)

- ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ।।

ਪ੍ਰਹਲਾਦਿ ਜਨ ਤੁਧੁ ਰਾਖ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ।।

ਹਰਿ ਜੀ ਏਹ ਤੇਰੀ ਵਡਿਆਈ।।

ਭਗਤਾ ਦੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ।।

(ਸੋਰਠਿ ਮਹਲਾ ੩-੬੩੭)

ਸਤਿਗੁਰੂ ਅਰਜਨ ਸਾਹਿਬ ਵਰਗੇ ਪਾਵਨ ਹਿਰਦੇ ਵਿਚੋਂ ਕੀਤੀ ਹੋਈ ਅਰਦਾਸ ਪੂਰੀ ਹੋਣੀ ਅਟੱਲ ਸੀ। ਗੁਰੂ ਸਾਹਿਬ ਸਾਨੂੰ ਇਹੀ ਤਾਂ ਸਿਖਾਉਣਾ ਚਾਹੁੰਦੇ ਹਨ ਕਿ-

-ਪ੍ਰਭ ਪਾਸਿ ਜਨ ਕੀ ਅਰਦਾਸ ਤੂ ਸਚਾ ਸਾਂਈ।।

ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ।।

ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ।।

ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ।।

ਚਿੰਤਾ ਛਡਿ ਅਚਿੰਤ ਰਹੁ ਨਾਨਕ ਲਗਿ ਪਾਈ।।

(ਵਾਰ ਗੂਜਰੀ ਮਹਲਾ ੩-੫੧੭)

-ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸ ਕਰਿ।।

ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ।।

(ਵਾਰ ਗੂਜਰੀ ਮਹਲਾ ੫-੫੧੯)

-ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ।।

ਰਖਵਾਲਾ ਗੋਬਿੰਦ ਰਾਏ ਭਗਤ ਕੀ ਰਾਸਿ।।

(ਬਿਲਾਵਲ ਮਹਲਾ ੫-੮੧੭)

-ਬਿਰਥੀ ਕਦੀ ਨ ਹੋਵਈ ਜਨ ਕੀ ਅਰਦਾਸਿ।।

ਨਾਨਕ ਜੋਰੁ ਗੋਬਿੰਦ ਕਾ ਪੂਰਨ ਗੁਣਤਾਸਿ।।

(ਬਿਲਾਵਲ ਮਹਲਾ ੫-੮੧੯)

ਸੁਲਹੀ ਖ਼ਾਂ ਜਿਹੜਾ ਚੜਾਈ ਕਰਨ ਲਈ ਆ ਰਿਹਾ ਸੀ, ਉਸ ਨਾਲ ਪ੍ਰਮੇਸ਼ਰ ਦੀ ਬਿਧ ਵਰਤੀ। ਰਸਤੇ ਵਿੱਚ ਪ੍ਰਿਥੀ ਚੰਦ ਦੇ ਸਹੁਰੇ ਪਿੰਡ ਹੇਹਰਾਂ ਵਿਖੇ ਰੁਕ ਕੇ ਉਸ ਦਾ ਭੱਠਾ ਵੇਖਣ ਲਈ ਘੋੜੇ ਸਮੇਤ ਉਪਰ ਚੜ੍ਹ ਗਿਆ। ਅਚਾਨਕ ਭੱਠੇ ਵਿੱਚ ਥੱਲੇ ਬਲਦੀ ਹੋਈ ਅੱਗ ਵਲ ਘੋੜੇ ਦੀ ਨਜ਼ਰ ਪੈਣ ਉਪਰ ਘੋੜਾ ਤ੍ਰਬਕ ਗਿਆ। ਘੋੜੇ ਦਾ ਤਵਾਜ਼ਨ ਡੋਲ ਜਾਣ ਕਾਰਣ ਥੱਲਿਓਂ ਇਟਾਂ ਦਾ ਲੱਗਾ ਹੋਇਆ ਚੱਕਾ, ਜੋ ਵਿਚ-ਵਿਚ ਅੱਗ ਦਾ ਸੇਕ ਦੇਣ ਲਈ ਇਟਾਂ ਵਿੱਚ ਵਿਥਾਂ ਛੱਡੀਆਂ ਹੋਈਆਂ ਸਨ, ਹਿਲ ਗਿਆ। ਸੁਲਹੀ ਖਾਂ ਘੋੜੇ ਸਮੇਤ ਹੀ ਬੱਲਦੇ ਭੱਠੇ ਵਿੱਚ ਡਿੱਗ ਕੇ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ। ਅੰਮ੍ਰਿਤਸਰ ਤਕ ਪਹੁੰਚ ਹੀ ਨਹੀਂ ਸਕਿਆ।

ਗੁਰੂ ਸਾਹਿਬ ਨੇ ਇਸ ਸਾਰੇ ਘਟਨਾਕ੍ਰਮ ਦਾ ਸਿਹਰਾ ਪ੍ਰਮੇਸ਼ਰ ਨੂੰ ਦਿੰਦੇ ਹੋਏ ਸ਼ੁਕਰਾਨੇ ਵਜੋਂ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਰੂਪੀ ਵਿਸ਼ਾ ਅਧੀਨ ਸ਼ਬਦ ਦੇ ਨਾਲ-ਨਾਲ ਰਾਗ ਬਿਲਾਵਲ ਵਿੱਚ ਵੀ ਹੇਠ ਲਿਖਿਆ ਸ਼ਬਦ ਉਚਾਰਣ ਕਰਦੇ ਹੋਏ ਦਸਿਆ ਕਿ ਇਸਲਾਮ ਮੱਤ ਨੂੰ ਮੰਨਣ ਵਾਲਿਆ ਦਾ ਵਿਸ਼ਵਾਸ ਹੈ ਕਿ ਮੁਸਲਮਾਨ ਨੂੰ ਮਰਨ ਤੋਂ ਬਾਅਦ ਕਬਰ ਵਿੱਚ ਹੀ ਦਫਨਾਉਣਾ ਲਾਜ਼ਮੀ ਹੈ, ਕਿਉਂਕਿ ‘ਕਿਆਮਤ ਦੇ ਦਿਨ` ਹਜ਼ਰਤ ਮੁਹੰਮਦ ਸਾਹਿਬ ਜਿਸ-ਜਿਸ ਦੀ ਗਵਾਹੀ ਦੇਣਗੇ, ਉਹ ਮੁਰਦੇ ਕਬਰਾਂ ਵਿਚੋਂ ਉਠ ਖਲੋਣਗੇ ਪਰ ਜੇਕਰ ਕੋਈ ਅੱਗ ਵਿੱਚ ਸੜ ਕੇ ਮਰੇ ਜਾਂ ਅੱਗ ਵਿੱਚ ਸਸਕਾਰ ਕਰ ਦਿਤਾ ਜਾਵੇ ਤਾਂ ਉਹ ਨਾਪਾਕ ਹੋ ਜਾਂਦਾ ਹੈ ਅਤੇ ਖੁਦਾ ਦੀ ਦਰਗਾਹ ਵਿੱਚ ਕਦੀ ਵੀ ਪ੍ਰਵਾਨ ਨਹੀਂ ਹੋ ਸਕਦਾ। ਪ੍ਰਮੇਸ਼ਰ ਦੇ ਆਪਣੇ ਹੁਕਮ ਅੰਦਰ ਆਪਣੇ ਸੇਵਕ (ਗੁਰੂ ਅਰਜਨ ਸਾਹਿਬ) ਦੀ ਪੈਜ ਰਖਦੇ ਹੋਏ ਸੁਲਹੀ ਖਾਨ ਦਾ ਅੰਤ ਇਸ ਨਾਪਾਕ ਤਰੀਕੇ ਨਾਲ ਹੋਇਆ-

ਸੁਲਹੀ ਤੇ ਨਾਰਾਇਣ ਰਾਖੁ।।

ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ।। ੧।। ਰਹਾਉ।।

ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ।।

ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ।। ੧।।

ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ।।

ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ।। ੨।।

(ਬਿਲਾਵਲੁ ਮਹਲਾ ੫-੮੨੫)

ਬਾਬਾ ਪ੍ਰਿਥੀ ਚੰਦ ਵਲੋਂ ਈਰਖਾ ਵਸ ਕੀਤੇ ਗਏ ਹਰ ਤਰਾਂ ਦੇ ਵਿਰੋਧ ਨੂੰ ਜਾਣਦੇ ਹੋਏ ਵੀ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਗੁਰੂ ਅਰਜਨ ਸਾਹਿਬ ਪੂਰੀ ਤਰਾਂ ਸੰਜਮ, ਸਹਿਨਸ਼ੀਲਤਾ ਵਿੱਚ ਰਹਿੰਦੇ ਹੋਏ ਬਰਦਾਸ਼ਤ ਕਰਦੇ ਰਹੇ। ਸਤਿਗੁਰੂ ਨੇ ਕਦੀ ਵੀ ਵਿਰੋਧ ਵਿੱਚ ਕੋਈ ਕਦਮ ਨਹੀ ਉਠਾਇਆ ਸਗੋਂ ਜਦੋਂ ਬਾਬਾ ਪ੍ਰਿਥੀ ਚੰਦ ਸਖਤ ਬਿਮਾਰ ਹੋ ਗਏ ਤਾਂ ਉਸ ਦੀ ਸਿਹਤਯਾਬੀ ਲਈ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕੀਤੀ-

-ਹਰਿ ਜੀਉ ਤੂ ਸੁਖ ਸੰਪਤਿ ਰਾਸਿ।।

ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ।।

(ਸੋਰਠਿ ਮਹਲਾ ੫-੬੧੯)

=======

ਸਿਖਿਆ:- ਸਾਨੂੰ ਆਖਰੀ ਹੀਲੇ ਤਕ ਬੁਰੇ ਵਿਅਕਤੀ ਨਾਲ ਬੁਰਾ ਵਰਤਾਉ ਕਰਨ ਤੋਂ ਹਰ ਤਰਾਂ ਨਾਲ ਸੰਜਮ ਵਿੱਚ ਰਹਿੰਦੇ ਹੋਏ ਸੰਕੋਚ ਕਰਨਾ ਚਾਹੀਦਾ ਹੈ। ਜੇ ਅਸੀਂ ਵੀ ਬੁਰਾ ਹੀ ਕਰਾਂਗੇ ਤਾਂ ਸਾਡੇ ਵਿੱਚ ਅਤੇ ਉਸ ਵਿੱਚ ਅੰਤਰ ਕੀ ਰਹਿ ਜਾਵੇਗਾ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.