.

ਭੱਟ ਬਾਣੀ-55

ਬਲਦੇਵ ਸਿੰਘ ਟੋਰਾਂਟੋ

ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ।।

ਸਿਵ ਬਿਰੰਚਿ ਧਰਿ ਧ੍ਯ੍ਯਾਨੁ ਨਿਤਹਿ ਜਿਸੁ ਬੇਦੁ ਬਖਾਣੈ।।

ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ।।

ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ।।

ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ।।

ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ।। ੧।।

(ਪੰਨਾ ੧੪੦੪)

ਪਦ ਅਰਥ:- ਅਗਮ – ਵੱਡਾ। ਅਨੰਤੁ – ਬੇਅੰਤ। ਅਨਾਦਿ ਆਦਿ ਜਿਸੁ ਕੋਇ ਨ ਜਾਣੈ – ਜਿਸ ਦੀ ਸ਼ੁਰੂਆਤ ਨੂੰ ਕੋਈ ਨਹੀਂ ਜਾਣਦਾ। “ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ।। “ ਬਿਰੰਚਿ – ਸੰ: ਵਿਰੰਚ-ਰਚਣ ਵਾਲਾ (ਮ: ਕੋਸ਼)। ਸਿਵ – ਬ੍ਰਹਮਾ। ਦੇਖੋ ਮਹਾਨ ਕੋਸ਼ ੧੨। ਸਿਵ ਬਿਰੰਚਿ – ਬ੍ਰਹਮਾ ਜਿਸ ਨੂੰ ਬੇਦ ਸ੍ਰਿਸ਼ਟੀ ਦਾ ਰਚੇਤਾ ਮੰਨਦੇ ਹਨ। ਸਿਵ ਬਿਰੰਚਿ ਧਰਿ ਧ੍ਯ੍ਯਾਨੁ ਨਿਤਹਿ – ਬੇਦ ਬ੍ਰਹਮੇ ਨੂੰ ਰਚੇਤਾ ਅਤੇ ਉਸ ਦਾ ਹੀ ਨਿਤ ਧਿਆਨ ਧਰਨ ਨੂੰ ਕਹਿ ਰਹੇ ਹਨ। ਨਿਰੰਕਾਰੁ ਨਿਰਵੈਰੁ – ਜਦੋਂ ਸੱਚ ਇਹ ਹੈ ਕਿ ਜੋ ਕਰਤਾ ਆਕਾਰ ਤੋਂ ਰਹਿਤ ਹੈ, ਉਹ ਹੀ ਨਿਰਵੈਰ ਹੈ। ਅਵਰੁ ਨਹੀ ਦੂਸਰ ਕੋਈ – ਹੋਰ ਕੋਈ ਦੂਸਰਾ ਹੈ ਹੀ ਨਹੀਂ। ਭੰਜਨ ਗੜ੍ਹਣ ਸਮਥੁ – ਗਿਆਨ ਹੀ ਅਗਿਆਨਤਾ ਖ਼ਤਮ ਕਰਨ ਦੇ ਸਮਰੱਥ ਹੈ। ਤਰਣ ਤਾਰਣ ਪ੍ਰਭੁ ਸੋਈ – ਅਗਿਆਨਤਾ ਤੋਂ ਉੱਪਰ ਚੁੱਕਣ ਵਾਲਾ ਵੀ ਉਹ ਸਰਬ-ਵਿਆਪਕ ਦੀ ਬਖ਼ਸ਼ਿਸ਼ ਗਿਆਨ ਹੀ ਹੈ। ਸੋਈ – ਸਰਬ-ਵਿਆਪਕ। ਤਰਣ ਤਾਰਣ – ਅਗਿਆਨਤਾ ਤੋਂ ਉੱਪਰ ਉਠਾ ਲੈਣ ਵਾਲਾ। ਨਾਨਾ ਪ੍ਰਕਾਰ – ਕਈ ਪ੍ਰਕਾਰ, ਕਈ ਤਰ੍ਹਾਂ ਦੇ ਅਨੇਕਾਂ ਜੀਵ। ਜਿਨਿ ਜਗੁ ਕੀਓ – ਜਿਨ ਜਗਤ ਵਿੱਚ ਕੀਤੇ ਹਨ। ਜਨੁ – ਜਨੁ ਉਹ ਹੈ ਜੋ ਕਰਤੇ ਤੋਂ ਕੁਰਬਾਨ ਹੈ। ਜਨੁ ਮਥਰਾ ਰਸਨਾ ਰਸੈ – ਮਥਰਾ ਉਸ ਕਰਤੇ ਤੋਂ ਕੁਰਬਾਨ ਹੈ ਅਤੇ ਮਥਰਾ ਦੀ ਰਸਨਾ `ਤੇ ਹੁਣ ਇਹ ਰਸ ਹੈ। ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ – ਸ੍ਰੇਸ਼ਟ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਪੁਰਖ ਦੀ ਬਖ਼ਸ਼ਿਸ਼ ਹੀ ਰਾਮਦਾਸ ਦੇ ਚਿਤ ਵਿੱਚ ਵੱਸਦੀ ਹੈ। ਗੁਰ – ਬਖ਼ਸ਼ਿਸ, ਗਿਆਨ।

ਅਰਥ:- ਸ੍ਰਿਸ਼ਟੀ ਦਾ ਕਰਤਾ ਬੇਅੰਤ ਵੱਡਾ ਹੈ ਜਿਸ ਦੀ ਸ਼ੁਰੂਆਤ ਕੋਈ ਨਹੀਂ ਜਾਣਦਾ। ਇਸ ਦੇ ਉਲਟ ਬੇਦ ਬ੍ਰਹਮੇ ਨੂੰ ਸ੍ਰਿਸ਼ਟੀ ਦਾ ਰਚੇਤਾ ਅਤੇ ਉਸ ਦਾ ਧਿਆਨ ਧਰਨ ਲਈ ਹੀ ਪ੍ਰੇਰਨਾ ਕਰ ਰਹੇ ਹਨ, ਜਦੋਂ ਕਿ ਸੱਚ ਇਹ ਹੈ ਕਿ ਜੋ ਕਰਤਾ ਆਕਾਰ ਤੋਂ ਰਹਿਤ ਹੈ, ਉਹ ਹੀ ਨਿਰਵੈਰ ਹੈ, ਹੋਰ ਕੋਈ ਦੂਸਰਾ (ਅਵਤਾਰਵਾਦੀ) ਉਸ ਦੀ ਬਰਾਬਰੀ ਕਰ ਹੀ ਨਹੀਂ ਸਕਦਾ। ਇਸ (ਅਵਤਾਰਵਾਦੀ) ਅਗਿਆਨਤਾ ਤੋਂ (ਆਪਣੇ ਆਪ ਨੂੰ) ਉੱਪਰ ਚੁੱਕਣ ਲਈ ਉਸ ਸਰਬ-ਵਿਆਪਕ ਦੀ ਬਖ਼ਸ਼ਿਸ਼ ਗਿਆਨ ਹੀ ਸਮਰੱਥ ਹੈ। ਕਰਤੇ ਨੇ (ਬ੍ਰਹਮੇ ਵਰਗੇ) ਅਨੇਕਾਂ ਹੋਰ ਜੀਵ ਜਗਤ ਵਿੱਚ ਪੈਦਾ ਕੀਤੇ ਹਨ ਭਾਵ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਕਰਤਾ ਹੀ ਹੈ (ਬ੍ਰਹਮਾ ਨਹੀਂ)। ਇਸ ਕਰਕੇ ਮਥਰਾ ਵੀ ਉਸ ਕਰਤੇ ਤੋਂ ਕੁਰਬਾਨ ਹੈ। ਜਿਸ ਸ੍ਰੇਸ਼ਟ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਬਖ਼ਸ਼ਿਸ਼ ਰਾਮਦਾਸ ਜੀ ਦੇ ਹਿਰਦੇ ਵਿੱਚ ਵੱਸਦੀ ਹੈ।

ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ।।

ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ।।

ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ।।

ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ।। ੨।।

(ਪੰਨਾ ੧੪੦੪)

ਪਦ ਅਰਥ:- ਗੁਰੂ ਸਮਰਥੁ – ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰਨ ਦੇ ਸਮਰੱਥ ਜੋ ਗਿਆਨ ਹੈ। ਗਹਿ ਕਰੀਆ – ਪੱਲਾ ਪਕੜ ਲਿਆ ਹੈ। ਧ੍ਰੁਵ – ਨਾ ਬਦਲਣ ਵਾਲੀ। ਬੁਧਿ – ਮਤਿ। ਸੁਮਤਿ ਸਮ੍ਹਾਰਨ ਕਉ – ਨੂੰ ਸੁਮਤਿ ਵਿੱਚ ਬਦਲਣ ਲਈ। ਸਮ੍ਹਾਰਨ – ਬਦਲਣ ਲਈ। ਕਉ – ਨੂੰ। ਫੁਨਿ – ਫਿਰ। ਧ੍ਰੰਮ – ਸੱਚ ਗਿਆਨ। ਧ੍ਰੰਮ ਧੁਜਾ – ਸੱਚ ਦੇ ਗਿਆਨ ਦਾ ਝੰਡਾ। ਫਹਰੰਤਿ ਸਦਾ – ਸਦਾ ਝੁਲਦਾ ਹੈ। ਅਘ ਪੁੰਜ – ਅਗਿਆਨਤਾ ਦੀਆਂ ਸਮੂੰਹ। ਤਰੰਗ – ਲਹਿਰਾਂ। ਨਿਵਾਰਨ ਕਉ – ਛੁਟਕਾਰਾ ਲੈਣ ਨੂੰ। ਮਥੁਰਾ ਜਨ – ਮਥੁਰਾ ਇਸ ਤੋਂ ਕੁਰਬਾਨ ਹੈ। ਜਾਨਿ ਕਹੀ – ਇਹ ਗੱਲ (ਐਵੇਂ ਨਹੀਂ) ਪੂਰਨ ਤੌਰ `ਤੇ ਜਾਣ ਕੇ ਕਹੀ ਹੈ। ਜੀਅ – ਦਿਲੋਂ। ਸਾਚੁ ਸੁ ਅਉਰ ਕਛੂ ਨ – ਇਸ ਸੱਚ ਤੋਂ ਸਿਵਾਏ ਕੁੱਝ ਹੋਰ ਨਹੀਂ। ਬਿਚਾਰਨ ਕਉ – ਵਿਚਾਰਨ ਨੂੰ। ਹਰਿ ਨਾਮੁ ਬੋਹਿਥੁ – ਕਰਤੇ ਰੂਪ ਹਰੀ ਦੇ ਸੱਚ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਬੋਹਿਥੁ-ਬੇੜਾ ਹੈ। ਬਡੌ – ਵੱਡੇ। ਕਲਿ – ਅਗਿਆਨਤਾ। ਮੈ – ਮਹਿ, ਵਿੱਚੋਂ। ਭਵ ਸਾਗਰ ਪਾਰਿ ਉਤਾਰਨ ਕਉ – ਡੂੰਘੇ ਸਮੁੰਦਰ ਪਾਰ ਉਤਾਰਨ-ਜਾਣ ਲਈ।

ਅਰਥ:- ਹੇ ਭਾਈ! ਜਦੋਂ ਮੈਂ ਮਥੁਰਾ ਨੇ ਆਪਣੀ ਨਾ ਬਦਲਣ ਵਾਲੀ ਬੁੱਧ ਨੂੰ ਸੁਮਤਿ ਵਿੱਚ ਬਦਲਣ ਲਈ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਦਾ ਪੱਲਾ ਪਕੜਿਆ ਤਾਂ ਫਿਰ ਜਾਣਿਆ ਕਿ ਅਗਿਆਨਤਾ ਦੀਆਂ ਸਮੂੰਹ (ਅਵਤਾਰਵਾਦੀ) ਲਹਿਰਾਂ ਤੋਂ ਛੁਟਕਾਰਾ ਲੈਣ ਲਈ ਉਸ ਕਰਤੇ ਦੇ ਗਿਆਨ ਸੱਚ ਦਾ ਝੰਡਾ ਹਮੇਸ਼ਾ ਲਈ ਝੁੱਲਦਾ ਹੈ (ਜਿਹੜਾ ਜੀਵ ਚਾਹੇ ਬਗ਼ੈਰ ਰੰਗ, ਨਸਲ, ਜਾਤ-ਪਾਤ, ਲਿੰਗ ਭੇਦ ਦੇ ਇਸ ਝੰਡੇ ਥੱਲੇ ਆ ਸਕਦਾ ਹੈ)। ਮਥਰਾ ਇਸ ਸੱਚ ਤੋਂ ਕੁਰਬਾਨ ਹੈ ਅਤੇ ਇਹ ਗੱਲ (ਐਵੇਂ ਨਹੀਂ) ਪੂਰਨ ਤੌਰ `ਤੇ ਜਾਣ ਕੇ ਦਿਲੋਂ ਕਹੀ ਹੈ ਕਿ ਇਸ ਸੱਚ ਤੋਂ ਸਿਵਾਏ ਹੋਰ ਕੁੱਝ ਵਿਚਾਰਨ ਨੂੰ ਨਹੀਂ ਹੈ। ਇਸ ਕਰਕੇ ਹੇ ਭਾਈ! ਇਸ (ਅਵਤਾਰਵਾਦੀ) ਅਗਿਆਨਤਾ ਦੇ ਵੱਡੇ ਡੂੰਘੇ ਸਾਗਰ ਵਿੱਚੋਂ ਪਾਰ ਉਤਰਨ-ਡੁੱਬਣ ਤੋਂ ਬਚਣ ਲਈ ਕਰਤੇ ਰੂਪ ਹਰੀ ਦਾ ਸੱਚ ਗਿਆਨ ਜੀਵਨ ਵਿੱਚ ਅਪਣਾਉਣਾ ਹੀ ਬੋਹਿਥ ਹੈ।
.