.

ਗਲੀ ਅਸੀ ਚੰਗੀਆਂ

ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

ਅੱਜ ਸਿੱਖੀ ਦਾ ਬੂਟਾ ਲਗਿਆਂ ਸਾਢੇ ਚਾਰ ਸਦੀਆਂ ਬੀਤ ਗਈਆਂ ਹਨ। ਇਹ ਬੂਟਾ ਉਸ ਧਰਤੀ ਉਤੇ ਬੀਜਿਆ ਗਿਆ ਸੀ ਜਿਥੇ ਉਸ ਸਮੇ ਜਾਤ-ਪਾਤ, ਊਚ-ਨੀਚ ਇਤਨੇ ਜੋਰਾਂ ਤੇ ਸੀ ਕਿ ਕੁਝ ਜਾਤੀਆਂ ਦੇ ਲੋਕਾਂ ਨੂੰ ਪਾਣੀ ਪੀਣ ਅਤੇ ਰੋਟੀ ਖਾਣ ਵਾਸਤੇ ਕੋਈ ਬਰਤਨ ਵੀ ਨਹੀਂ ਸੀ ਦਿਤਾ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਕੇਵਲ ਉਸ ਲੋਕਾਈ ਨੂੰ ਉਚਿਆਂ ਚੁਕਣ ਵਾਸਤੇ, "ਏਕ ਪਿਤਾ, ਏਕਸ ਕੇ ਹਮ ਬਾਰਕ" ਦੀ ਆਵਾਜ ਦਿਤੀ ਸੀ ਜਿਸ ਨੂੰ ਦਸਵੇ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਵੀ ਪੱਕਿਆਂ ਕੀਤਾ ਜਦੋਂ ਪੰਜਾਂ ਪਿਅਰਿਆਂ ਦੀ ਚੋਣ ਵਿਚ ਪੰਜ ਜਾਤੀਆਂ (ਖਤਰੀ, ਜਾਟ, ਛੀਂਬਾ, ਕੁਮਿਆਰ ਅਤੇ ਨਾਈ) ਦੇ ਲੋਕਾਂ ਨੂੰ ਸ਼ਾਮਲ ਕਰਕੇ, ਪੰਜਾਂ ਵਿਚ ਪਰਮੇਸਰ ਹੋਣ ਦੀ ਆਵਾਜ ਦਿਤੀ ਅਤੇ ਫਿਰ ਉਹਨਾਂ ਪਾਸੋਂ ਓਸੇ ਹੀ ਰੀਤ ਨਾਲ ਆਪ ਅੰਮ੍ਰਿਤ ਛਕਿਆ। ਇਸ ਸਾਰੀ ਕਿਰਿਆ ਨੂੰ ਜਾਨਣ ਵਾਲਾ ਸਿੱਖ ਅੱਜ ਫਿਰ ਉਹਨਾਂ ਸਾਰੀਆਂ ਕੁਰਹਿਤਾਂ ਵਿਚ ਪੂਰੀ ਤਰਾਂ ਫਸ ਚੁਕਾ ਹੈ ਜਿਨ੍ਹਾਂ ਤੋਂ ਸਿੱਖ ਨੂੰ ਮੁਕਤ ਕੀਤਾ ਗਿਆ ਸੀ। ਅੱਜ ਦੇ ਸਿੱਖ ਪਾਸ ਆਪਣੇ ਆਪ ਨੂੰ ਉਚਾ ਦਿਖਾਉਣ ਲਈ ਧਰਮ ਅਤੇ ਧਰਮ ਦੇ ਅਸੂਲ ਤਾਂ ਅਲੋਪ ਹੋ ਚੁਕੇ ਹਨ ਅਤੇ ਜੇਕਰ ਕੁਝ ਬਾਕੀ ਹੈ ਤਾਂ ਉਹ ਹੈ ਪਹਿਲੀਆਂ ਚਾਰ ਸਦੀਆਂ ਦੇ ਸਿਖਾਂ ਦੀਆਂ ਅਨਗਿਣਤ ਸਾਖੀਆਂ ਅਤੇ ਗੱਲਾਂ ਜਿਨ੍ਹਾਂ ਉਤੇ ਹਰ ਸਿੱਖ ਘੰਟਿਆਂ ਬਧੀ ਲੈਕਚਰ ਕਰਦਿਆਂ ਸਾਹ ਨਹੀ ਲੈਂਦਾ। ਪੰਜਾਬੀ ਵਿਚ ਇਕ ਬਹੁਤ ਹੀ ਪ੍ਰਚੱਲਤ ਕਹਾਣੀ ਹੈ ਕਿ ਕੋਈ ਬੱਚਾ ਛੋਟੀ ਉਮਰੇ ਗੁੜ ਬਹੁਤ ਖਾਇਆ ਕਰਦਾ ਸੀ ਜਿਸ ਤੋਂ ਬੱਚੇ ਦੀ ਮਾਤਾ ਬਹੁਤ ਫਿਕਰਵੰਦ ਸੀ। ਇਕ ਦਿਨ ਉਹ ਬੱਚੇ ਨੂੰ ਨਾਲ ਲੈਕੇ ਇਕ ਸਾਧ, ਜਿਸਨੇ ਆਪਣੇ ਮਨ ਨੂੰ ਸਾਧਿਆ ਹੋਇਆ ਸੀ, ਦੇ ਪਾਸ ਗਈ ਅਤੇ ਬੱਚੇ ਨੂੰ ਗੁੜ ਨਾ ਖਾਣ ਦੀ ਸਿੱਖਿਆ ਦੇਣ ਦੀ ਬੇਨਤੀ ਕੀਤੀ। ਮਹਾਂਪੁਰਸ਼ ਨੇ ਥੋਹੜਾ ਸੋਚ ਕੇ ਮਾਈ ਨੂੰ ਕੁਝ ਦਿਨਾਂ ਬਾਅਦ ਆਉਣ ਵਾਸਤੇ ਕਿਹਾ। ਜਦ ਮਾਈ ਬੱਚੇ ਨੂੰ ਲੈ ਕੇ ਥੋਹੜੇ ਦਿਨਾਂ ਬਾਅਦ ਫਿਰ ਸੰਤ ਜੀ ਪਾਸ ਗਈ ਤਾਂ ਉਸ ਨੇ ਬੱਚੇ ਨੂੰ ਸਮਝਾਂਦਿਆਂ, ਬਹੁਤਾ ਗੁੜ ਖਾਣ ਦੇ ਨੁਕਸਾਨ ਦੱਸ ਕੇ, ਗੁੜ ਨਾ ਖਾਣ ਦੀ ਸਿੱਖਿਆ ਭਰੀ ਨਸੀਹਤ ਕੀਤੀ। ਮਾਈ ਸੁਣ ਕੇ ਬੋਲੀ, "ਬਾਬਾ ਜੀ, ਇਹ ਗਲ ਤਾਂ ਤੁਸੀਂ ਉਸ ਦਿਨ ਹੀ ਕਹਿ ਸਕਦੇ ਸੀ; ਮੈਨੂੰ ਦੋਹਰਾ ਚੱਕਰ ਨਾ ਪੈਂਦਾ। ਬਾਬਾ ਜੀ ਨੇ ਮਾਈ ਨੂੰ ਸਮਝਾਂਦਿਆਂ ਕਿਹਾ, "ਮਾਤਾ ਉਸ ਦਿਨ ਤੱਕ ਮੈਂ ਵੀ ਗੁੜ ਖਾਇਆ ਕਰਦਾ ਸੀ। ਜਦ ਤੱਕ ਮੈ ਆਪ ਉਸ ਬੁਰਾਈ ਨੂੰ ਨਹੀਂ ਸੀ ਛਡਦਾ, ਮੈਂ ਬਚੇ ਨੂੰ ਕਿਵੇਂ ਨਸੀ੍ਹਤ ਕਰ ਸਕਦਾ ਸੀ!"
ਉਪ੍ਰੋਕਤ ਕੱਥਾ ਸਚੀ ਹੈ ਜਾਂ ਮਨ-ਘੜਤ, ਇਸ ਤੋਂ ਇਕ ਗੱਲ ਸਪਸ਼ਟ ਪ੍ਰਗਟ ਤੌਰ ਤੇ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਆਪਣਾ ਜੀਵਨ ਹੁੰਦਾ ਹੈ ਸਾਨੂੰ ਸਟੇਜ ਤੇ ਆ ਕੇ ਉਸ ਤਰ੍ਹਾਂ ਦੀ ਗੱਲ ਹੀ ਕਹਿਣੀ ਚਾਹੀਦੀ ਹੈ; ਤਾਂ ਹੀ ਉਹ ਅਸਰਦਾਰ ਬਣ ਸਕਦੀ ਹੈ; ਨਹੀਂ ਤਾਂ ਉਹ ਸੁਣਨ ਵਾਲਿਆਂ ਵਾਸਤੇ ਹਾਸੋ-ਹੀਣੀ ਜਿਹੀ ਬਣ ਕੇ ਰਹਿ ਜਾਂਦੀ ਹੈ। ਇਸ ਲੋਕੋਕਤੀ ਵੀ ਹੈ: ਹੋਰਾਂ ਨੂੰ ਨਸੀਹਤ, ਖ਼ੁਦ ਮੀਆਂ ਫਜ਼ੀਹਤ। ਗੁਰਬਾਣੀ ਵਿਚ ਆਨੰਦ, ਜਪ ਅਤੇ ਰਾਗਾਂ ਦਾ ਹਊਆ ਸਿੱਖਾਂ ਅੰਦਰ ਡੇਰੇਦਾਰਾਂ ਨੇ ਬਿਠਾਇਆ ਹੋਇਆ ਹੈ ਤਾਂ ਕਿ ਸਿੱਖ ਡੇਰਿਆਂ ਵਿਚ ਜਾ ਕੇ ਇਹਨਾਂ ਹੀ ਭਟਕਣਾਂ ਵਿਚ ਲਗਾ ਰਹੇ। ਗੁਰੂ ਅਰਜਨ ਦੇਵ ਜੀ ਦੇ ਸਮੇ ਭਾਈ ਸੱਤਾ ਅਤੇ ਭਾਈ ਬਲਵੰਡ, ਕੀਰਤਨ ਵਿਚ ਆਪਣੀ ਯੋਗਤਾ ਸਦਕਾ, ਸੰਗਤਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕੇ ਸਨ। ਸਮੇ ਦੇ ਫੇਰ ਨਾਲ ਜਦੋਂ ਉਹ ਗੁਰੂ ਘਰ ਨਾਲ ਨਰਾਜ ਹੋ ਗਏ ਅਤੇ ਗੁਰੂ ਸਾਹਿਬ ਦੇ ਮਨਾਉਣ ਤੇ ਵੀ ਨਾ ਆਏ ਤਾਂ ਗੁਰੂ ਸਾਹਿਬ ਨੇ ਆਪਣੇ ਸਿਖਾਂ ਨੂੰ ਕੀਰਤਨ ਕਰਨ ਦਾ ਉਪਦੇਸ਼ ਦਿਤਾ। ਉਸ ਸਮੇ ਸਾਧਾਰਣ ਸਿਖਾਂ ਨੂੰ ਆਨੰਦ, ਜਪ, ਰਾਗ, ਸੁਰ ਅਤੇ ਤਾਲ ਦੀ ਇਤਨੀ ਸੋਝੀ ਨਹੀਂ ਸੀ ਫਿਰ ਵੀ ਉਹਨਾਂ ਗੁਰੂ ਜੀ ਦਾ ਹੁਕਮ ਮੰਨਦਿਆਂ ਕੀਰਤਨ ਆਰੰਭ ਦਿਤਾ ਜੋ ਅਜ ਵੀ ਪ੍ਰਚਲਤ ਹੈ। ਸੁਣਿਆ ਗਿਆ ਹੈ ਕਿ ਮਸਤੂਆਣੇ ਵਾਲੇ ਸੰਤ ਅਤਰ ਸਿੰਘ ਜੀ, ਸੰਗਤ ਨੂੰ ਸਿਧੀਆਂ ਧਾਰਨਾਂ ਵਿਚ ਹੀ ਕੀਰਤਨ ਕਰਨ ਵਾਸਤੇ ਕਿਹਾ ਕਰਦੇ ਸਨ। ਜੋ ਸਿਖ ਆਪਣੇ ਧਰਮ ਦੇ ਅਸੂਲਾਂ ਦਾ ਧਾਰਨੀ ਹੈ ਉਹ ਜਿਸ ਵੀ ਢੰਗ ਅਤੇ ਵਿਧੀ ਨਾਲ ਆਪਣੇ ਗੁਰੂ ਦਾ ਸਿਮਰਨ ਕਰਦਾ ਹੈ, ਗੁਰੂ ਉਸ ਉਤੇ ਹੀ ਪ੍ਰਸੰਨ ਹੁੰਦਾ ਹੈ। ਵਿਖਾਵਾ ਸਿਖ ਧਰਮ ਵਿਚ ਕੋਈ ਸਥਾਨ ਨਹੀਂ ਰਖਦਾ। ਸਾਨੂੰ ਸਿਖ ਬਣਨ ਵਾਸਤੇ ਸਿਖੀ ਅਸੂਲਾਂ ਦੇ ਧਾਰਨੀ ਹੋਣਾ ਪਵੇਗਾ; ਫਿਰ ਹੀ ਅਸੀਂ ਸਿਖ ਧਰਮ ਵਾਸਤੇ ਕੁਝ ਕਰਨ ਅਤੇ ਕਹਿਣ ਦੀ ਸਮਰੱਥਾ ਰਖ ਸਕਦੇ ਹਾਂ। ਅੱਜ ਕਲ੍ਹ ਤਾਂ ਸਾਡਾ ਇਹ ਹਾਲ ਹੁੰਦਾ ਜਾ ਰਿਹਾ ਹੈ:
ਆਪ ਕੁਚੱਜੀ ਵਿਹੜੇ ਨੂੰ ਦੋਸ਼। ਅਗੱਸਤ ਮਹੀਨੇ ਦੇ ਇਕ ਅਖਬਾਰ ਦਾ ਐਡੀਟੋਰੀਅਲ ਬਹੁਤ ਹੀ ਪ੍ਰਭਾਵਸ਼ਾਲੀ ਸੀ, ਜਿਸ ਨੂੰ ਪੜ੍ਹ ਕੇ ਖੁਸ਼ੀ ਹੋਈ ਕਿ ਕਿਸੇ ਨੇ ਤਾਂ ਸੱਚ ਲਿਖਣ ਦੀ ਹਿੰਮਤ ਕੀਤੀ ਹੈ; ਭਾਵੇਂ ਇਹ ਸੱਚ ੧੫ ਸਾਲ ਬਾਅਦ ਹੀ ਲਿਖਿਆ ਗਿਆ ਹੈ ਅਤੇ ਉਹ ਵੀ ਉਸ ਵੇਲੇ ਜਦੋਂ ਸਿੱਖਾਂ ਨੂੰ ਇਸ ਬਾਰੇ ਆਪਣੇ ਆਪ ਹੀ ਸੋਝੀ ਆ ਚੁਕੀ ਸੀ ਕਿ ਗੁਰਦਵਾਰਿਆਂ ਦਾ ਪ੍ਰਬੰਧ ਕਿਵੇਂ ਚੱਲਣਾ ਚਾਹੀਦਾ ਹੈ। ਜੋ ਕੁਝ ਇਸ ਸੰਪਾਦਕੀ ਲੇਖ ਵਿਚ ਲਿਖਿਆ ਹੈ ਉਹ ਗੁਰਦੁਆਰਾ ਕਰੇਗੀਬਰਨ ਵਿਚ ਪਿਛਲੇ ਪੰਦਰਾਂ ਸਾਲ ਤੋਂ ਹੂਬਹੂ ਇਹੀ ਕੁਝ ਹੁੰਦਾ ਆਉਂਦਾ ਸੀ। ੨੦੦੭ ਵਿਚ ਥੋਹੜਾ ਬਦਲਾਵ ਆਇਆ ਜੋ ਇਸ ਸਾਲ ਸੰਪੂਰਨ ਹੁੰਦਾ ਨਜਰ ਆ ਰਿਹਾ ਹੈ। ਗੁਰਦੁਆਰੇ, ਸਿੱਖ ਦੇ ਸਤਿਕਾਰ ਅਤੇ ਸਨਮਾਨ ਦਾ ਸਥਾਨ ਹਨ; ਲੜਾਈ, ਝਗੜੇ ਅਤੇ ਜੋਰ ਅਜਮਾਈ ਜਾਂ ਚਲਾਕੀ ਦੇ ਅੱਡੇ ਨਹੀਂ ਹਨ। ਸਾਰੇ ਸਿੱਖ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਸਿੱਖੀ ਦੀ ਜੜ੍ਹ ਮੰਨਦੇ ਹਨ ਅਤੇ ਇਹ ਠੀਕ ਵੀ ਹੈ। ਸ਼ਾਇਦ ਇਹ ਹੀ ਕਾਰਨ ਸੀ ਕਿ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਅਕਾਲ ਤਖਤ ਦੀ ਉਸਾਰੀ ਕਰਵਾ ਕੇ, ਸਿੱਖਾਂ ਨੂੰ ਰਾਜ ਕਰਨ ਅਤੇ ਰਾਜਨੀਤੀ ਦੀ ਸਿਖਲਾਈ ਅਤੇ ਪ੍ਰੇਰਨਾ ਵੀ ਦਿਤੀ। ਇਹ ਗੱਲ ਵਖਰੀ ਹੈ ਕਿ ਅੱਜ ਦਾ ਸਿੱਖ ਗੁਰੂ ਸਹਿਬ ਦੀ ਚਲਾਈ ਰਾਜਨੀਤੀ ਨੂੰ ਆਪਣੇ ਮੁਤਾਬਕ ਢਾਲ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਵਾਰਥੀ ਆਮ ਹੀ ਕਿਹਾ ਕਰਦੇ ਹਨ: ਗਿਆਨ ਦੇ ਗਲ਼ ਵਿਚ ਰੱਸਾ ਹੈ ਅਤੇ ਕਾਨੂੰਨ ਰਬੜ ਦੇ ਕਾਗਜ ਉਤੇ ਲਿਖਿਆ ਹੋਇਆ ਹੈ; ਜਿਵੇਂ ਜੀਅ ਚਾਹੇ ਚਲਾਈ ਚਲੋ। ਰਾਜਨੀਤੀ ਵਿਚ ਤਾਂ ਸ਼ਾਇਦ ਇਹ ਚੱਲਦਾ ਹੋਵੇ ਪ੍ਰੰਤੂ ਸਿੱਖ ਧਰਮ ਵਿਚ ਇਹ ਸਹੀ ਨਹੀਂ ਹੈ। ਸਿੱਖ ਧਰਮ ਦਾ ਇਤਿਹਾਸ ਤਾਂ ਗੁਰੂ ਸਾਹਿਬ ਦਾ ਆਪਣਾ ਰਚਿਆ ਹੋਇਆ ਹੈ। ਹਰਿਮੰਦਰ ਸਹਿਬ ਉਤੇ ਸਮੇ ਸਮੇ ਦੀ ਹਕੂਮਤ ਨੇ ਚਾਰ ਹਮਲੇ ਕਰਵਾਏ ਜਿਨ੍ਹਾਂ ਵਿਚ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ ਗਈ। ਇਹਨਾਂ ਚਾਰ ਹਮਲਿਆਂ ਦੇ ਹਮਲਾਆਵਰਾਂ ਨੂੰ ਹਰ ਵਾਰ ਦੋ ਸਿੱਖਾਂ ਨੇ ਠੀਕ ੧੫੨ ਦਿਨਾਂ ਬਾਅਦ ਮੌਤ ਦਾ ਜਾਮ ਪਿਲਾਇਆ। ਪਹਿਲਾ ਹਮਲਾ: ੧੩ ਅਗੱਸਤ ੧੭੪੦, (ਮੱਸਾ ਰੰਘੜ) ਹਤਿਆ: ੧੧ ਜਨਵਰੀ ੧੭੪੧, ਸੁੱਖਾ ਸਿੰਘ, ਮਹਿਤਾਬ ਸਿੰਘ। ਦੂਸਰਾ ਹਮਲਾ: ੩ ਜਨਵਰੀ ੧੭੫੭, (ਜਹਾਨ ਖਾਨ) ਹੱਤਿਆ: ੪ ਜੂਨ ੧੭੫੭, ਦਿਆਲ ਸਿੰਘ, ਲਹਿਣਾ ਸਿੰਘ। ਤੀਸਰਾ ਹਮਲਾ: ੮ ਜੂਨ ੧੭੬੨, (ਕਲੰਦਰ ਖਾਨ) ਹੱਤਿਆ: ੭ ਨਵੰਬਰ ੧੭੬੨, ਬਘੇਲ ਸਿੰਘ, ਪਹਾੜਾ ਸਿੰਘ। ਚੌਥਾ ਹਮਲਾ: ੧ ਜੂਨ ੧੯੮੪, (ਇੰਦਰਾ ਗਾਂਧੀ) ਹੱਤਿਆ: ੩੧ ਅਕਤੂਬਰ ੧੯੮੪, ਬੇਅੰਤ ਸਿੰਘ, ਸਤਵੰਤ ਸਿੰਘ।
ਸਿਖ ਨੂੰ ਤਾਂ ਗੁਰਦੁਆਰੇ ਦੇ ਮਾਮਲੇ ਵਿਚ ਹਰ ਤਰ੍ਹਾਂ ਦੀ ਧਕੇਸ਼ਾਹੀ, ਜੋਰ ਅਜਮਾਈ, ਚੌਧਰ, ਹੇਰਾ ਫੇਰੀ ਅਤੇ ਗੁੰਡਾਗਰਦੀ ਕਰਨ ਤੋਂ ਪਹਿਲਾਂ ਸਿਖ ਇਤਿਹਾਸ ਦੇ ਪਿਛੋਕੜ ਤੇ ਝਾਤ ਮਾਰ ਲੈਣੀ ਚਾਹੀਦੀ ਹੈ। ਜੇਕਰ ਗੁਰੂ ਆਪਣੇ ਘਰ ਦੀ ਮੁਗਲਾਂ, ਮੁਸਲਮਾਨਾਂ ਅਤੇ ਹਿੰਦੂਆਂ ਤੋ ਰੱਖਿਆ ਕਰਨ ਵਾਸਤੇ ਦੋ ਸਿੱਖਾਂ ਵਿਚ ਸ਼ਕਤੀ ਭਰ ਸਕਦਾ ਹੈ ਤਾਂ ਬੇਗੁਰਿਆਂ ਨੂੰ ਸਬਕ ਸਿਖਾਣਾ ਉਸ ਵਾਸਤੇ ਕਿੰਨਾ ਕੁ ਔਖਾ ਹੈ। ੧੯ ਅਗੱਸਤ ੨੦੧੦ ਨੂੰ ਇਕ ਰੇਡੀਓ ਇੰਟਰਵਿਊ ਵਿਚ ਦੱਸਿਆ ਗਿਆ ਸੀ ਕਿ ਅਮ੍ਰੀਕਾ ਵਿਚ, ਸ਼ਿਕਾਗੋ ਦੇ ਇਕ ਗੁਰਦਵਾਰੇ ਉਤੇ ਬਹੁਤ ਦੇਰ ਤੋਂ ਇਕ ਟੋਲੇ ਦਾ ਕਬਜਾ ਚਲਿਆ ਆਉਂਦਾ ਸੀ। ਟੋਲੇ ਦਾ ਮੁਖੀ ਜੋ ਕਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਗ੍ਰੰਥੀ ਵੀ ਰਹਿ ਚੁੱਕਿਆ ਸੀ ਪ੍ਰੰਤੂ ਕਹਿੰਦੇ ਹਨ ਕਿ ਦੁੱਧ ਅਤੇ ਬੁੱਧ ਫਿੱਟਦਿਆਂ ਦੇਰ ਨਹੀਂ ਲਗਦੀ। ਉਸ ਦੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਚੋਰੀ, ਯਾਰੀ ਅਤੇ ਚੌਧਰ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਅਤੇ ਅੰਤ ਵਿਚ ਇਹ ਵੀ ਦੱਸਿਆ ਕਿ ਜਦੋਂ ਸਿੱਖ ਸੰਗਤ ਨੇ ਗੁਰਦੁਆਰੇ ਤੇ ਕਬਜਾ ਕਰ ਲਿਆ ਅਤੇ ਅਮ੍ਰੀਕਾ ਦੀ ਆਦਾਲਤ ਨੇ ਵੀ ਇਸ ਨੂੰ ਸਹੀ ਮੰਨ ਲਿਆ ਤਾਂ ਭਾਰਤ ਤੋਂ ਇਕ ਤਖਤ ਦੇ ਜਥੇਦਾਰ ਦਾ ਫ਼ੋਨ ਸਿੱਖ ਸੰਗਤ ਨੂੰ ਆਇਆ ਕਿ ਗੁਰਦੁਆਰਾ ਉਸ ਟੋਲੇ ਦੇ ਹਵਾਲੇ ਕੀਤਾ ਜਾਵੇ। ਸਿੱਖ ਸੰਗਤ ਨੇ ਉਸ ਜਥੇਦਾਰ ਨੂੰ ਟੋਲੇ ਦੇ ਮੁਖੀ ਦੀਆਂ ਥੋਹੜੀਆਂ ਜਿਹੀਆਂ ਕਰਤੂਤਾਂ ਦੱਸ ਕੇ ਫ਼ੋਨ ਬੰਦ ਕਰ ਦਿਤਾ। ਸਾਰੀ ਇੰਟਰਵਿਊ ਸੁਣਨ ਤੋਂ ਬਾਅਦ ਆਪ ਮੁਹਾਰੇ ਹੀ ਅਮ੍ਰੀਕਾ ਵਿਚ ਵਸਦੀ ਹੋਈ ਸਿੱਖ ਸੰਗਤ ਦੀ ਪ੍ਰਸੰਸਾ ਜ਼ਬਾਨ ਉਤੇ ਆ ਗਈ।
੩੧ ਜੁਲਾਈ ੨੦੧੦ ਨੂੰ ਇਕ ਗੁਰਦੁਆਰੇ ਦੀ ਚੋਣ ਸਮੇ ਕੁਝ ਅਜਿਹੀਆਂ ਹਰਕਤਾਂ ਦੇਖਣ ਵਿਚ ਆਈਆਂ ਜੋ ਉਪ੍ਰੋਕਤ ਟੋਲੇ ਨਾਲ ਮੇਲ ਖਾਂਦੀਆਂ ਸਨ ਪ੍ਰੰਤੂ ਰਿਟਰਨਿੰਗ ਅਫ਼ਸਰ ਦੀ ਸਿਅਣਪ ਅਤੇ ਸਿੱਖੀ ਸੋਚ ਨੇ ਉਹਨਾਂ ਉਤੇ ਕਾਬੂ ਪਾਉਂਦਿਆਂ, ਇਕ ਦਮ ਲੋਕ ਰਾਜੀ ਢੰਗ ਨਾਲ ਚੋਣ ਕਰਨ ਦਾ ਐਲਾਨ ਕਰ ਦਿਤਾ। ਇਸ ਨਾਲ ਸਿੱਖਾਂ ਅਤੇ ਚੌਧਰੀਆਂ ਵਿਚ ਹੋਣ ਵਾਲੀਆਂ ਝੜਪਾਂ ਦਾ ਖ਼ਤਰਾ ਟਲ਼ ਗਿਆ ਪ੍ਰੰਤੂ ਘਰੋ ਘਰੀ ਜਾ ਕੇ ਮਿੰਨਤਾਂ ਤਰਲਿਆਂ ਦੀ ਮੁਹਿੰਮ ਆਰੰਭ ਹੋ ਗਈ। ਚੱਲੋ, ਸ਼ਾਇਦ ਇਕ ਦੋ ਸਾਲਾਂ ਵਿਚ ਇਸ ਬੁਰਾਈ ਤੇ ਵੀ ਸਿੱਖ ਕਾਬੂ ਪਾ ਲੈਣ ਅਤੇ ਕੋਈ ਅਜਿਹਾ ਅਸੂਲ ਬਣਾ ਲੈਣ ਕਿ ਜਿਸ ਮੁਲਕ ਵਿਚ ਅਸੀਂ ਰਹਿ ਰਹੇ ਹਾਂ, ਉਸ ਮੁਲਕ ਦੀ ਚੋਣ ਨੀਤੀ ਵਾਂਗ ਅਸੀਂ ਵੀ ਰੇਡੀਓ, ਟੀਵੀ ਅਤੇ ਅਖਬਾਰਾਂ ਵਿਚ ਹੀ ਆਪਣੀ ਆਪਣੀ ਸੇਵਾ ਦੇ ਮੈਨੀਫਿਸਟੋ ਦੇ ਦਿਆ ਕਰੀਏ ਅਤੇ ਆਪ ਸ਼ਾਂਤੀ ਦਾ ਪਾਠ ਪੜ੍ਹਨਾ ਆਰੰਭ ਕਰ ਦਈਏ। ੧੧ ਸਤੰਬਰ ੨੦੧੦ ਦਾ ਦਿਨ ਉਸ ਗੁਰਦੁਆਰੇ ਵਿਚ ਇਕ ਅਜਿਹਾ ਸੁਨਹਿਰੀ ਦਿਨ ਸੀ ਜਿਸ ਦਿਨ ਸਿਖ ਸੰਗਤ ਨੇ ਲੋਕਰਾਜੀ ਢੰਗ ਨਾਲ ਚੋਣ ਕਰਕੇ, ਆਪਣੇ ਭਰੋਸੇ ਦਾ ਭਾਰ ਨਵੀਂ ਕਮੇਟੀ ਦੇ ਮੋਢਿਆਂ ਉਤੇ ਪਾਇਆ।
.