.

ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ

ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥
ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ---1096
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ---600
ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮ ਰੋਗਿ ਮੈਗਲੁ ਬਸਿ ਲੀਨਾ ॥
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ ਨਾਦ ਰੋਗਿ ਖਪਿ ਗਏ ਕੁਰੰਗਾ ॥
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ ਬਾਸਨ ਰੋਗਿ ਭਵਰੁ ਬਿਨਸਾਨੋ ॥
ਹੇਤ ਰੋਗ ਕਾ ਸਗਲ ਸੰਸਾਰਾ ॥ ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ---1141
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥
ਰਸਨਾ ਸੋਈ ਲੋਭਿ ਮੀਠੈ ਸਾਦਿ॥ ਮਨੁ ਸੋਇਆ ਮਾਇਆ ਬਿਸਮਾਦਿ॥
ਮੁਸਨਹਾਰ ਪੰਚ ਬਟਵਾਰੇ ॥ ਸੂਨੇ ਨਗਰਿ ਪਰੇ ਠਗਹਾਰੇ ॥2॥
ਉਨ ਤੇ ਰਾਖੈ ਬਾਪੁ ਨ ਮਾਈ ॥ ਉਨ ਤੇ ਰਾਖੈ ਮੀਤੁ ਨ ਭਾਈ---182
ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇੱਕ ਇੰਦ੍ਰੀ ਪਕਰਿ ਸਘਾਰੇ ॥
ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ---983
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ---486
ਸੁਆਦ ਬਾਦ ਈਰਖ ਮਦ ਮਾਇਆ ॥
ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ---741
ਇਹ ਸੰਸਾਰ ਪਰਮਾਤਮਾ ਦਾ ਰਚਾਇਆ ਇੱਕ ਖੇਲ ਹੈ ਜਿਸ ਵਿੱਚ ਮਨੁੱਖ ਨੂੰ ਹਉਮੈ ਦਾ ਰੋਗ ਦੇ ਰਖਿਆ ਹੈ, ਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਕੀਤਾ ਹੋਇਆ ਹੈ, ਦੀਵੇ ਦੀ ਲਾਟ ਨੂੰ ਵੇਖਣ ਦੇ ਰੋਗ ਦੇ ਕਾਰਨ ਪਤੰਗੇ ਸੜ ਮਰਦੇ ਹਨ, ਨਾਦ ਨੂੰ ਸੁਣਨ ਦੇ ਰੋਗ ਦੇ ਕਾਰਨ ਹਿਰਨ ਖੁਆਰ ਹੁੰਦੇ ਹਨ, ਜੀਭ ਦੇ ਸੁਆਦ ਦੇ ਰੋਗ ਕਾਰਨ ਮੱਛੀ ਫੜੀ ਜਾਂਦੀ ਹੈ, ਫੁੱਲ ਦੀ ਸੁਗੰਧੀ ਲੈਣ ਦੇ ਰਸ ਕਾਰਨ ਭੌਰਾ ਫੁਲ ਵਿੱਚ ਮੀਟਿਆ ਜਾ ਕੇ ਨਾਸ ਹੋ ਜਾਂਦਾ ਹੈ। ਮਾਨੁੱਖਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ, ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿੱਚ ਬੱਝੇ ਹੋਏ ਲੋਕ ਅਨੇਕਾਂ ਬੁਰੇ ਕੰਮ ਕਰਦੇ ਹਨ। ਮਨੁੱਖ ਦੀਆਂ ਅੱਖਾਂ ਪਰਾਇਆ ਰੂਪ ਦੇਖਣ ਵਿੱਚ ਲਗੀਆਂ ਰਹਿੰਦੀਆਂ ਹਨ, ਕੰਨ ਨਿੰਦਿਆ ਸੁਣਨ ਤੇ ਜੀਭ ਸੁਆਦਾਂ ਵਿੱਚ ਮਸਤ ਰਹਿੰਦੀ ਹੈ, ਮਨ ਮਾਇਆ ਦੇ ਅਸਚਰਜ ਤਮਾਸ਼ਿਆਂ ਵਿੱਚ ਰੁਝਿਆ ਰਹਿੰਦਾ ਹੈ। ਹਿਰਨ, ਮੱਛੀ, ਭੌਰਾ, ਪਤੰਗ ਤੇ ਹਾਥੀ ਇੱਕ ਇੱਕ ਵਿਕਾਰ–ਵਾਸ਼ਨਾ ਦੇ ਚਸਕੇ ਕਾਰਨ ਤਬਾਹ ਹੋ ਜਾਂਦੇ ਹਨ। ਮਾਨੁੱਖ ਨੂੰ ਤਾਂ ਕਾਮੁ, ਕ੍ਰੋਧੁ, ਲਭੁ, ਮੋਹੁ, ਅਹੰਕਾਰੁ ਦੇ ਪੰਜੇ ਚਸਕੇ ਹੀ ਲਗੇ ਹੋਏ ਹਨ। ਇਹ ਪੰਜੇ ਚਸਕੇ ਹੀ ਇਨਸਾਨ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਹਨ।
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ---155
ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥
ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ---206
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥
ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥1॥
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ---404
ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥ ਫਉਜ ਸਤਾਣੀ ਹਾਠ ਪੰਚਾ ਜੋੜੀਐ ॥
ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥
ਜਿਣਿ ਜਿਣਿ ਲੈਨਿ ਰਲਾਇ ਏਹੋ ਏਨਾ ਲੋੜੀਐ ॥
ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ---522
ਦੇਵ ਸੰਸੈ ਗਾਂਠਿ ਨ ਛੂਟੈ ॥
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ---974
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ --- 366
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ---641
ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥
ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥2॥
ਦੇਸੁ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ---1348
ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥
ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ---482
ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ---268

ਕਾਮੁ, ਕ੍ਰੋਧੁ, ਲਭੁ, ਮੋਹੁ, ਅਹੰਕਾਰੁ ਸਾਰੀ ਸ੍ਰਿਸ਼ਟੀ ਦੇ ਲੋਕਾਂ ਤੇ ਹਾਵੀ ਹਨ। ਇਹਨਾਂ ਨੇ ਸੱਭ ਨੂੰ ਘੁਮਣ-ਘੇਰੀਆਂ ਵਿੱਚ ਪਾਇਆ ਹੋਇਆ ਹੈ। ਦੁਖ, ਤਕਲੀਫਾਂ, ਚਿੰਤਾ, ਫਿਕਰ ਅਤੇ ਹੋਰ ਸਾਰੀਆਂ ਸਮੱਸਿਆਵਾਂ ਦਾ ਇਹ ਮੂਲ ਹਨ। ਇਹਨਾਂ ਦੇ ਪ੍ਰਭਾਵ ਹੇਠ ਦੁਨੀਆ ਧੜਿਆਂ, ਫਿਰਕਿਆਂ, ਜਾਤਾਂ, ਮਜ਼ਹਬਾਂ ਅਤੇ ਮੁਲਕਾਂ ਵਿੱਚ ਵੰਡੀ ਹੋਈ ਹੈ। ਸੰਸਾਰ ਵਿੱਚ ਸਾਰੇ ਝਗੜਿਆਂ ਦਾ ਕਾਰਨ ਵੀ ਇਹ ਹੀ ਹਨ। ਇਹਨਾਂ ਦੇ ਵਸਿ ਵਿੱਚ ਹੋਣ ਕਰਕੇ ਲੋਕ ਬੁਰਿਆਈਆਂ ਤੇ ਪਾਪ ਕਰਦੇ ਹਨ। ਇਹ ਪੰਜ ਇਨਸਾਨ ਦੇ ਸੱਭ ਤੋਂ ਵੱਡੇ ਵੈਰੀ ਹਨ। ਗੁਰ-ਸਿਖਿਆ ਤੇ ਚਲੇ ਬਿਨਾਂ ਪਾਠ ਕਰਨ-ਕਰਾਉਣ, ਤੀਰਥ ਯਾਤਰਾ ਤੇ ਇਸ਼ਨਾਨ, ਵਰਤ, ਨੇਮ, ਸੁਚ-ਸੰਜਮ ਜਾਂ ਮਥਾ ਟੇਕਣ ਨਾਲ ਇਹਨਾਂ ਤੋਂ ਛੁਟਕਾਰਾ ਨਹੀਂ ਹੁੰਦਾ, ਇਸ ਦੇ ਉਲਟ ਅਜਿਹੇ ਕਰਮਕਾਡਾਂ ਨਾਲ ਹਉਮੈ ਹੋਰ ਵਧ ਜਾਂਦੀ ਹੈ।
ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ---1363
ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥ ਰਾਮ ਭਗਤ ਕੇ ਪਾਨੀਹਾਰ---865
ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥
ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ---1178
ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ॥
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥
ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ---833
ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ---206
ਪੰਚ ਦੂਤ ਚਿਤਵਹਿ ਵਿਕਾਰਾ ॥ ਮਾਇਆ ਮੋਹ ਕਾ ਏਹੁ ਪਸਾਰਾ ॥
ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ---1068
ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ---1246
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ---753
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭਮਨੇ---314
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ
ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ---1403
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ---982
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ---1245

ਗੁਰਬਾਣੀ, ਗੁਰ-ਸ਼ਬਦ, ਗੁਰ-ਬਚਨ, ਗੁਰ-ਬੀਚਾਰੁ, ਗੁਰਮਤਿ, ਗੁਰ-ਉਪਦੇਸਿ ਅਨੁਸਾਰ ਦਸੀ ਹੋਈ ਸਤਿਗੁਰਾਂ ਦੀ ਸੇਵਾ ਕਰਨ ਨਾਲ ਪੰਜ ਦੂਤ ਵਸਿ ਹੋ ਜਾਂਦੇ ਹਨ। ਸਤਿਗੁਰਾਂ ਦਾ ਭਾਣਾ ਭਾਵ ਮਰਜ਼ੀ ਮੰਨਣੀ, ਕਹੇ ਲਗਣਾ ਤੇ ਦਸੀ ਹੋਈ ਕਾਰ ਕਰਨੀ ਉਹਨਾਂ ਦੀ ਸੇਵਾ ਚਾਕਰੀ ਹੈ। ਸਤਿਗੁਰਾਂ ਦਾ ਹੁਕਮ ਹੈ ਕਿ ਆਪ ਗੁਰਬਾਣੀ ਸਮਝੋ, ਕਮਾਓ ਅਤੇ ਹੋਰਨਾਂ ਨੂੰ ਸਮਝਾਓ ਕਿਉਂਕਿ ਉਨ੍ਹਾਂ ਨੇ ਗੁਰਬਾਣੀ ਸਿੱਧੇ-ਸਾਧੇ ਲੋਕਾਂ ਨੂੰ, ਪੰਡਤਾਂ-ਬ੍ਰਾਹਮਣਾਂ, ਕਾਜ਼ੀਆਂ-ਮੁਲਾਂ, ਜੋਗੀਆਂ ਤੇ ਭੇਖੀ ਸਾਧਾਂ-ਸੰਤਾਂ ਵਲੌਂ ਧਰਮ ਦੇ ਨਾਂ ਤੇ ਵਹਿਮਾਂ-ਭਰਮਾਂ ਵਿੱਚ ਉਲਝਾਕੇ ਕਰਮਕਾਡਾਂ ਰਾਹੀਂ ਕੀਤੀ ਜਾਂਦੀ ਮਾਇਆ ਦੀ ਲੁਟ ਬਾਰੇ, ਸੋਝੀ ਦੇਣ ਲਈ ਹੀ ਲਿਖੀ ਹੈ।
ਜੁਗਰਾਜ ਸਿੰਘ ਧਾਲੀਵਾਲ
.