.

ਅੰਤਰ-ਰਾਸਟਰੀ ਬਹਾਦੁਰ ਜਰਨੈਲ, ਹਰੀ ਸਿੰਘ ਨਲੁਆ

ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.


ਆਓ ਦੇਖੀਏ ਕਿ ਅਫਗਾਨੀ ਸਾਮਰਾਜ ਪੰਜਾਬ ਦੀ ਧਰਤੀ, ਕਸੂਰ, ਮੁਲਤਾਨ, ਕਛਮੀਰ ਅਤੇ ਪਿਛਾਵਰ ਤੋਂ ਕਿਵੇਂ ਅਲੋਪ ਹੋਇਆ? ਇਹ ਵਿਸਾ ਸਿਰਦਾਰ ਹਰੀ ਸਿੰਘ ਨਲੂਏ ਦੀਆਂ ਮੁਹਿੰਮਾਂ ਨਾਲ ਸਬੰਧਿਤ ਹੈ ਜਿਹੜਾ ਖਾਲਸਾ ਫੌਜ ਦਾ ਮਾਰਛਲ ਅਤੇ ਅਫਗਾਨੀਆਂ ਵਾਸਤੇ ਹਊਆ ਸੀ। ਸਰ ਹੈਨਰੀ ਗਰਿਫਨ ਜਿਹੜੇ ਬਰਿਟਛ ਰਾਜ ਦੀ ਪ੍ਰਸਿਧ ਹਸਤੀ ਅਤੇ ਉਘੇ ਲੇਖਕ ਸਨ, ਨੇ ਆਪਣੇ ਸਿਖਾਂ ਉਤੇ ਲਿਖੇ ਲੇਖ ਵਿਚ ਉਸਦਾ ਨਾਮ ਉਨ੍ਹਾਂ ਦੇਸ-ਭਗਤਾਂ ਵਿਚ ਲਿਖਿਆ ਹੈ ਜਿਨ੍ਹਾਂ ਨੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਤਿੰਨ ਦਹਾਕੇ 1807 ਤੋਂ 1837 ਤਕ ਲੜੀਆਂ ਜਾਣ ਵਾਲੀਆਂ ਸਾਰੀਆਂ ਲੜਾਈਆਂ ਜੋਸ ਨਾਲ ਨਹੀਂ ਸਗੋਂ ਹੋਸ ਅਤੇ ਬਹਾਦਰੀ ਨਾਲ ਲੜਨ ਵਿਚ ਹਿਸਾ ਲਿਆ। ਸਿਰਦਾਰ ਦਾ ਅਰਥ ਹੈ ਸਿਰ ਦੇਣ ਵਾਲਾ, ਸਿਖ ਸਿਰ ਦੇ ਕੇ ਸਿਰਦਾਰ ਅਖਵਾਉਣ ਲਗੇ ਹਨ ਇਸ ਲਈ ਇਹ ‘ਸਿਰਦਾਰ’ ਹਨ ‘ਸਰਦਾਰ’ ਨਹੀਂ, ਸਰਦਾਰ ਇਕ ਖਿਤਾਬ ਹੈ ਜੋ ਅੰਗਰੇਜਾਂ ਨੇ ਸਭ ਤੋਂ ਪਹਿਲਾਂ ਗੁਜਰਾਤ ਵਿਚ ਪਟੇਲ ਘਰਾਣੇ ਨੂੰ ਦਿਤਾ ਸੀ। ਸਿਰਦਾਰ ਹਰੀ ਸਿੰਘ ਨਲੂਆ ਆਪਣੇ ਸਮੇਂ ਵਿਚ ਇਕ ਵਿਸੇਸ ਹਸਤੀ ਸੀ, ਦਾ ਜਨਮ 1791 ਵਿਚ ਪਛਮੀ ਪਾਕਿਸਤਾਨ ਦੇ ਸਹਿਰ ਗੁਜਰਾਂਵਾਲਾ ਵਿਚ ‘ਉਪਲ’ ਘਰਾਣੇ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਧਰਮ ਕੋਰ ਸੀ। ਹਰੀ ਸਿੰਘ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ। ਉਪਲ ਪ੍ਰੀਵਾਰ ਦਾ ਪਿਛੋਕੜ ਮਜੀਠਾ ਜਿਲਾ ਅਮ੍ਰਿਤਸਰ ਤੋਂ ਸੀ ਪ੍ਰੰਤੂ ਇਨ੍ਹਾਂ ਦੇ ਦਾਦਾ ਸਿਰਦਾਰ ਹਰਦਾਸ ਸਿੰਘ ਸੁਕਰਚਕੀਆ ਮਿਸਲ ਵਿਚ ਨੌਕਰੀ ਕਰਦੇ ਸਨ ਇਸ ਲਈ ਉਹ ਮਜੀਠਾ ਛਡ ਕੇ ਗੁਜਰਾਂਵਾਲੇ ਰਹਿਣ ਲਗ ਪਏ। ਬਾਦ ਵਿਚ ਇਨ੍ਹਾਂ ਨੂੰ ਮਹਾਂਰਾਜਾ ਰਣਜੀਤ ਸਿੰਘ ਵਲੋਂ ਜਗੀਰ ਵੀ ਦਿਤੀ ਗਈ। 1762 ਈਸਵੀ ਦੀ ਮੁਹਿੰਮ ਵਿਚ ਜਦੋਂ ਸਿਰਦਾਰ ਹਰਦਾਸ ਸਿੰਘ ਦੀ ਮੌਤ ਹੋ ਗਈ ਤਾਂ ਹਰੀ ਸਿੰਘ ਦੇ ਪਿਤਾ ਸਿਰਦਾਰ ਗੁਰਦਿਆਲ ਸਿੰਘ ਨੇ ਆਪਣੇ ਪਿਤਾ ਦਾ ਰੁਤਬਾ ਸੰਭਾਲਦਿਆਂ ਸੁਕਰਚਕੀਆ ਮਿਸਲ ਦੇ ਸਿਰਦਾਰ ਚੜਤ ਸਿੰਘ ਅਤੇ ਮਹਾਂ ਸਿੰਘ ਨਾਲ ਡੇਰਾ-ਬਰਦਾਰ ਦੀ ਹੈਸੀਅਤ ਵਿਚ ਵਖ ਵਖ ਮੁਹਿੰਮਾਂ ਵਿਚ ਭਾਗ ਲਿਆ।

1798 ਵਿਚ ਜਦੋਂ ਹਰੀ ਸਿੰਘ ਅਜੇ ਸਤ ਸਾਲ ਦਾ ਹੀ ਸੀ, ਉਸਦੇ ਪਿਤਾ ਦਾ ਦਿਹਾਂਤ ਹੋ ਗਿਆ। ਪਿਤਾ ਦੇ ਦਿਹਾਂਤ ਤੋਂ ਬਾਦ ਹਰੀ ਸਿੰਘ ਦਾ ਮਾਮਾ ਉਸਨੂੰ ਆਪਣੇ ਘਰ ਲੈ ਗਿਆ। ਉਨ੍ਹਾਂ ਦਿਨਾ ਵਿਚ ਯੁਧ ਕਲਾ ਦੇ ਕਾਰਨਾਮਿਆਂ ਦੀ ਸਿਖਲਾਈ ਜੀਵਨ ਦਾ ਜਰੂਰੀ ਭਾਗ ਸਮਝਿਆ ਜਾਂਦਾ ਸੀ ਅਤੇ ਜਿਸਮਾਨੀ ਸਿਖਿਆ ਵਲ ਬਹੁਤ ਧਿਆਨ ਦਿਤਾ ਜਾਂਦਾ ਸੀ। ਇਸ ਅਨੁਸਾਰ ਹਰੀ ਸਿੰਘ ਜਦੋਂ ਜਵਾਨ ਹੋਇਆ ਤਾਂ ਜਿਸਮਾਨੀ ਤੌਰ ਤੇ ਮੋਟਾ, ਠੁਲਾ, ਤਾਕਤਵਰ ਅਤੇ ਦੇਖਣ ਵਿਚ ਪ੍ਰਭਾਵਸਾਲੀ ਲਗਦਾ ਸੀ ਜਿਸ ਨੇ ਲੜਾਈ ਦੇ ਸਾਰੇ ਦਾਅ-ਪੇਚ ਚੰਗੀ ਤਰਾਂ ਸਿਖ ਲਏ ਸਨ। ਉਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਣਥਕ, ਬੇਹਦ ਜੋਸੀਲਾ ਅਤੇ ਬਹੁਤ ਲੰਮੀ ਪਾਰੀ ਦਾ ਘੋੜ-ਸਵਾਰ ਸੀ। ਹਰੀ ਸਿੰਘ ਨੇ ਮੁਢਲੀ ਵਿਦਿਆ ਪੰਜਾਬੀ, ਉਰਦੂ ਅਤੇ ਫਾਰਸੀ ਬੋਲੀਆਂ ਵਿਚ ਪ੍ਰਾਪਤ ਕੀਤੀ। ਬੈਰੌਨ ਚਾਰਲਿਸ ਹਿਊਗਲ ਲਿਖਦਾ ਹੈ ਕਿ ਹਰੀ ਸਿੰਘ ਯੂਰਪੀਅਨ ਦੇਸਾਂ ਦੇ ਇਤਿਹਾਸ ਜਾਨਣ ਦੇ ਨਾਲ ਨਾਲ ਫਾਰਸੀ ਦਾ ਵੀ ਆਲਮ-ਫਾਜਲ ਸੀ। ਉਹ ਸਮੁਚੇ ਤੌਰ ਤੇ ਆਪਣੀਆਂ ਪ੍ਰਾਪਤੀਆਂ ਕਾਰਨ ਬਹੁਤ ਪ੍ਰਭਾਵਸਾਲੀ ਸਖਸੀਅਤ ਦਾ ਮਾਲਕ ਬਣਿਆ। ਹਰੀ ਸਿੰਘ ਨੇ ਖੰਡੇ-ਬਾਟੇ ਦੀ ਪਹੁਲ ਛਕੀ ਅਤੇ ਆਪਣੇ ਪਿਤਾ ਦੀ ਜਗੀਰ ਦਾ ਪ੍ਰਬੰਧ ਸੰਭਾਲਿਆ।

ਮਹਾਂਰਾਜਾ ਰਣਜੀਤ ਸਿੰਘ ਸਾਲ ਵਿਚ ਇਕ ਹਫਤੇ ਵਾਸਤੇ ਖੁਲਾ ਦਰਬਾਰ ਲਗਾਇਆ ਕਰਦਾ ਸੀ। ਇਕ ਦਿਨ ਹਰੀ ਸਿੰਘ ਉਸ ਦਰਬਾਰ ਵਿਚ ਮਹਾਂਰਾਜੇ ਦੇ ਸਾਹਮਣੇ ਜਾ ਪੇਸ ਹੋਇਆ। ਮਹਾਂਰਾਜਾ ਰਣਜੀਤ ਸਿੰਘ ਉਸਦੀ ਸਖਸੀਅਤ ਅਤੇ ਕਾਰਨਾਮੇ ਦੇਖ, ਸੁਣ ਕੇ ਇਤਨਾ ਪ੍ਰਭਾਵਿਤ ਹੋਇਆ ਕਿ ਉਸਨੂੰ ਆਪਣੇ ਨਿਜੀ ਖਿਦਮਤਗਾਰ ਦੀ ਨੌਕਰੀ ਵਸਤੇ ਸਾਹੀ ਸੇਵਾ ਵਿਚ ਭਰਤੀ ਕਰ ਲਿਆ। 1804 ਈਸਵੀ ਵਿਚ ਹਰੀ ਸਿੰਘ ਅਜੇ 13 ਸਾਲ ਦਾ ਹੀ ਸੀ ਜਦੋਂ ਮਹਾਂਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ‘ਸਿਰਾਦਰ’ ਦਾ ਖਿਤਾਬ ਦੇ ਕੇ 700 ਪੈਦਲ ਅਤੇ ਘੋੜ-ਸਵਾਰ ਫੌਜ ਦਾ ਫੌਜਦਾਰ ਬਣਾ ਦਿਤਾ। ਏਥੇ ਇਕ ਹੋਰ ਗਲ ਪਾਠਕਾਂ ਦੀ ਜਾਣਕਾਰੀ ਵਾਸਤੇ ਦਸਣੀ ਜਰੂਰੀ ਹੈ ਕਿ ਹਰੀ ਸਿੰਘ ‘ਨਲੂਆ’ ਨਾਮ ਨਾਲ ਕਿਓਂ ਪ੍ਰਸਿਧ ਹੋਏ, ‘ਉਪਲ’ ਨਾਲ ਕਿਓਂ ਨਹੀਂ। ਇਹ ਇਸ ਤਰਾਂ ਹੋਇਆ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋਣ ਤੋਂ ਤੁਰੰਤ ਬਾਦ ਹਰੀ ਸਿੰਘ ਮਹਾਂਰਾਜਾ ਰਣਜੀਤ ਸਿੰਘ ਦੇ ਨਾਲ ਸਿਕਾਰ ਖੇਡਣ ਗਿਆ। ਸਿਕਾਰ ਖੇਡਦੇ ਸਮੇਂ ਇਕ ਅਜਿਹੀ ਘਟਨਾਂ ਵਾਪਰੀ ਕਿ ਬਾਗ (ਚੀਤੇ) ਨੇ ਹਰੀ ਸਿੰਘ ਤੇ ਅਜਿਹਾ ਫੁਰਤੀਲਾ ਹਮਲਾ ਕੀਤਾ ਕਿ ਉਸਨੂੰ ਤਲਵਾਰ ਕਢਣ ਦਾ ਸਮਾਂ ਵੀ ਨਾਂ ਮਿਲਿਆ ਅਤੇ ਖਾਲੀ ਹਥੀਂ ਉਸ ਨਾਲ ਹਥੋ-ਪਾਈ ਹੋਣਾ ਪਿਆ। ਉਸਦੀ ਬਹਾਦਰੀ, ਦਲੇਰੀ ਅਤੇ ਡੀਲ-ਡੌਲ ਬਾਰੇ ਅਸੀਂ ਪਹਿਲਾਂ ਹੀ ਜਿਕਰ ਕਰ ਚੁਕੇ ਹਾਂ ਸੋ ਹਥੋ-ਪਾਈ ਹੁੰਦਿਆਂ ਉਸਨੇ ਆਪਣੇ ਦੋਵੇਂ ਹਥ ਬਾਗ ਦੇ ਜਬਾੜੇ ਨੂੰ ਪਾ ਕੇ ਅਜਿਹੀ ਦਲੇਰੀ ਅਤੇ ਬਾਹੂ-ਬਲ ਨਾਲ ਇਤਨੀਂ ਦੂਰ ਸੁਟਿਆ ਕਿ ਉਸਦੇ ਉਠਣ ਤੋਂ ਪਹਿਲਾਂ ਫੁਰਤੀ ਨਾਲ ਤਲਵਾਰ ਦਾ ਵਾਰ ਕਰਕੇ ਉਸਨੂੰ ਧਰਤੀ ਤੇ ਸਦਾ ਲਈ ਲਿਟਾ ਦਿਤਾ। ਬੈਰੌਨ ਚਾਰਲਿਸ ਹਿਊਗਲ ਦੇ ਕਹਿਣ ਅਨੁਸਾਰ ਬਾਗ ਜੋ ਉਸਨੂੰ ਪਹਿਲਾਂ ਹੀ ਆਪਣਾ ਸਿਕਾਰ ਬਣਾ ਚੁਕਾ ਸੀ ਦਾ ਜਬਾੜਾ ਪਾੜਨ ਅਤੇ ਸਿਰ ਵਖ ਕਰਨ ਤੇ ਉਸਦਾ ਨਾਮ ਨਲੂਆ (ਨਲੁਵਾ) ਪੈ ਗਿਆ। ਪੰਜਾਬ ਵਿਚ ਸਿਖ-ਰਾਜ ਤਾਂ 1765 ਈਸਵੀ ਵਿਚ ਕਾਇਮ ਹੋ ਗਿਆ ਸੀ ਪ੍ਰੰਤੂ ਲੜਾਈ ਦੇ ਢੰਗ ਇਤਨੇ ਪੁਰਾਣੇ ਸਨ ਜੋ ਸਥਾਈ ਸੂਬੇ ਦੀਆਂ ਜਰੂਰਤਾਂ ਅਨੁਸਾਰ ਢੁਕਵੇਂ ਨਹੀਂ ਸਨ ਇਸ ਲਈ ਮਹਾਂਰਾਜਾ ਰਣਜੀਤ ਸਿੰਘ ਨੇ ਯੁਧ ਦੇ ਸਾਰੇ ਪੁਰਾਣੇ ਢੰਗ ਤਰੀਕਿਆਂ ਦਾ ਕੇਂਦਰੀ-ਕਰਣ ਕਰਕੇ ਅਤੇ ਅਸਰਦਾਰ ਢੰਗ ਨਾਲ ਕੰਟਰੋਲ ਕਰਕੇ ਫੌਜੀ ਸਿਸਟਮ ਵਿਚ ਵਿਦੇਸੀ ਚੰਗੇ ਤਤ ਮਿਲਾ ਕੇ ਇਸਨੂੰ ਦੇਸੀ ਲੜਾਈ ਦੇ ਢੰਗਾਂ ਵਿਚ ਤਬਦੀਲ ਕਰ ਦਿਤਾ।

ਹਰੀ ਸਿੰਘ ਨਲੂਏ ਦੀ ਮਹਤਵਪੂਰਣ ਫੌਜੀ ਮੁਹਿੰਮ ਕਸੂਰ ਫਤਿਹ ਕਰਨ ਦੀ ਸੀ ਜੋ ਲਹੌਰ ਰਾਜ ਦਾ ਅਖੌਤੀ ਵਿਰੋਧੀ ਰਾਜ ਸੀ। 1807 ਈਸਵੀ ਵਿਚ ਹਰੀ ਸਿੰਘ ਨਲੂਆ ਸਿਰਦਾਰ ਜੋਧ ਸਿੰਘ ਰਾਮਗੜੀਆ, ਸਿਰਦਾਰ ਨਿਹਾਲ ਸਿੰਘ ਆਟਾਰੀ, ਅਕਾਲੀ ਫੂਲਾ ਸਿੰਘ, ਫਤਿਹ ਸਿੰਘ ਆਹਲੂਵਾਲੀਆ, ਧੰਨਾਂ ਸਿੰਘ ਮਲਵਈ ਅਤੇ ਸਿਰਦਾਰ ਫਤਿਹ ਸਿੰਘ ਕਾਲਿਆਂਵਾਲਾ ਦੇ ਨਾਲ ਕਸੂਰ ਵਲ ਰਵਾਨਾਂ ਹੋਏ ਅਤੇ ਓਥੋਂ ਦੇ ਅਫਗਾਨ ਰਾਜੇ ਕੁਤਬ-ਉਦ-ਦੀਨ ਖਾਨ ਤੇ ਹਮਲਾ ਬੋਲ ਦਿਤਾ। ਸਿੱਖਾਂ ਨੇ ਤਿੰਨ ਮਹੀਨੇ ਕਿਲੇ ਨੂੰ ਘੇਰਾ ਪਾਈ ਰੱਖਿਆ ਅਤੇ ਅੰਤ ਰਾਜੇ ਕੁਤਬ-ਉਦ-ਦੀਨ ਖਾਨ ਨੇ ਆਤਮ-ਸਮਰਪਣ ਕਰ ਦਿਤਾ। ਉਸਦੇ ਆਤਮ-ਸਮਰਪਣ ਕਰਦਿਆਂ ਹੀ ਸਿਰਦਾਰ ਹਰੀ ਸਿੰਘ ਨਲੂਆ ਆਪਣੇ ਫੌਜੀ ਦਸਤੇ ਸਮੇਤ ਕਸੂਰ ਦੇ ਗੇਟ ਅੰਦਰ ਦਾਖਲ ਹੋਇਆ ਜਿਥੇ ਉਸਦੇ ਫੌਜੀ ਦਸਤੇ ਨੇ ਕੁਤਬ-ਉਦ-ਦੀਨ ਖਾਨ ਨੂੰ ਜੀਉਂਦਾ ਫੜ ਕੇ ਮਹਾਂਰਾਜਾ ਰਣਜੀਤ ਸਿੰਘ ਅਗੇ ਪੇਸ ਕੀਤਾ। ਮਹਾਂਰਾਜਾ ਰਣਜੀਤ ਸਿੰਘ ਨੇ ਕੁਤਬ-ਉਦ-ਦੀਨ ਖਾਨ ਨੂੰ ‘ਮਮਦੌਟ’ ਜਗੀਰ ਵਜੋਂ ਦਿੰਦਿਆਂ ਇਸ ਸਰਤ ਤੇ ਰਿਹਾ ਕੀਤਾ ਕਿ ਲੋੜ ਪੈਣ ਤੇ ਉਹ 100 ਘੋੜ-ਸਵਾਰ ਮਹਾਂਰਾਜਾ ਰਣਜੀਤ ਸਿੰਘ ਦੀ ਸਹਾਇਤਾ ਵਾਸਤੇ ਭੇਜਿਆ ਕਰੇਗਾ। ਸਿਰਦਾਰ ਹਰੀ ਸਿੰਘ ਨਲੂਏ ਦੀ ਅਗਲੀ ਮਹਤਵ ਪੂਰਣ ਜਿਤ ਸੀ ਸਿਆਲਕੋਟ ਦੇ ਹੁਕਮਰਾਨ ਸਿਰਦਾਰ ਜੀਵਨ ਸਿੰਘ ਦਾ ਰਾਜ ਖੋਹਣਾ। ਮਹਾਂਰਾਜਾ ਰਣਜੀਤ ਸਿੰਘ ਨੇ ਜਦੋਂ ਜੀਵਨ ਸਿੰਘ ਨੂੰ ਆਤਮ-ਸਮਰਪਣ ਕਰਨ ਵਾਸਤੇ ਕਿਹਾ ਤਾਂ ਉਸਨੇ ਦੋ ਦਿਨ ਜਮ ਕੇ ਲੜਾਈ ਲੜੀ ਪ੍ਰੰਤੂ ਦੋ ਦਿਨ ਬਾਦ ਸੁਲਾਹ ਲਈ ਹੱਥ ਖੜੇ ਕਰ ਗਿਆ। ਸਿਆਲਕੋਟ ਨੂੰ ਜਿੱਤਣ ਦੀ ਮਹੱਤਤਾ ਇਹ ਸੀ ਕਿ ਇਕ ਤਾਂ ਇਹ ਇਲਾਕਾ ਬਹੁਤ ਉਪਜਾਊ ਸੀ ਅਤੇ ਦੂਸਰਾ ਇਸ ਦੀ ਹੱਦ ਜੰਮੂ ਨਾਲ ਲਗਦੀ ਸੀ। ਇਸ ਤੋਂ ਬਾਦ ਹਰੀ ਸਿੰਘ ਨਲੂਏ ਦੀ ਮਹੱਤਤਵ ਪੂਰਣ ਜਿਤ ਸੀ ਮੁਲਤਾਨ ਫਤਿਹ ਕਰਨਾਂ। ਮੁਲਤਾਨ ਫਤਿਹ ਕਰਨ ਦੀ ਮਹੱਤਤਾ ਸੀ ਕਿ 1818 ਈਸਵੀ ਤੋਂ ਪਹਿਲਾਂ ਲਹੌਰ ਦਰਬਾਰ (ਮਹਾਂਰਾਜਾ ਰਣਜੀਤ ਸਿੰਘ) ਨੇ ਛੇ ਹਮਲੇ ਕੀਤੇ ਸਨ ਜਿਨ੍ਹਾਂ ਵਿੱਚ ਹਰੀ ਸਿੰਘ ਨਲੂਏ ਦਾ ਵੀ ਯੋਗਦਾਨ ਸੀ ਪ੍ਰੰਤੂ ਹਰ ਵਾਰ ਨਜਰਾਨਾਂ ਹੀ ਵਸੂਲ ਹੋਇਆ ਕਰਦਾ ਸੀ। ਅੰਤ ਹਰੀ ਸਿੰਘ ਨਲੂਏ ਨੇ ਹੀ ਮੁਲਤਾਨ ਜਿਤਿਆ। ਮੁਲਤਾਨ ਦੀ ਵਿਆਪਾਰਕ ਅਤੇ ਰਾਜਨੀਤਕ ਮਹੱਤਤਾ ਸੀ ਕਿ ਇਹ ਅਫਗਾਨਿਸਤਾਨ ਨੂੰ ਜਾਣ ਦਾ ਮੁੱਖ ਦਰਵਾਜਾ ਸੀ। ਇਸ ਤੋਂ ਬਾਦ ਹਰੀ ਸਿੰਘ ਨਲੂਏ ਨੇ ਮਿਠਾ ਟਿਵਾਨਾ, ਰਾਜੌਰੀ, ਨੌਛਹਿਰਾ ਆਦਿ ਇਲਾਕੇ ਜਿੱਤ ਕੇ ਲਹੌਰ ਦੇ ਰਾਜ ਨੂੰ ਮਿਲਣ ਵਾਲੇ ਨਜਰਾਨੇ ਵਿਚ ਹੋਰ ਵਾਧਾ ਕੀਤਾ। ਫਿਰ ਜਿਓਂ ਹੀ ਮਹਾਂਰਾਜਾ ਰਣਜੀਤ ਸਿੰਘ ਨੇ ਕਛਮੀਰ ਵਲ ਮੂੰਹ ਫੇਰਿਆ ਤਾਂ ਹਰੀ ਸਿੰਘ ਨਲੂਆ ਦੀ ਰਜਮੈਂਟ ਸਭ ਤੋਂ ਅੱਗੇ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਕਛਮੀਰ ਉਤੇ ਹਮਲੇ ਦਾ ਤਤਕਾਲਕ ਕਾਰਣ ਸੀ ਸਾਹ ਸੁਜਾੱਹ ਦਾ ਕਛਮੀਰ ਵਿੱਚ ਕੈਦ ਹੋਣਾ ਅਤੇ ਉਸਦੀ ਬੇਗਮ ਦਾ ਮਹਾਂਰਾਜਾ ਸਾਹਿਬ ਨੂੰ ਆਪਣੇ ਪਤੀ ਦੀ ਰਿਹਾਈ ਤੇ ਕੋਹ-ਏ-ਨੂਰ ਹੀਰਾ ਭੇਂਟ ਕਰਨ ਦਾ ਵਾਹਦਾ ਕਰਨਾਂ। 1814 ਈਸਵੀ ਵਿਚ ਹਰੀ ਸਿੰਘ ਨਲੂਆ ਦੀ ਫੌਜ ਨੇ ਕਸਮੀਰੀ ਫੌਜ ਨੂੰ ਕਰਾਰੀ ਹਾਰ ਦੇ ਕੇ ਸਾਹ ਸੁਜਾੱਹ ਨੂੰ ਆਜਾਦ ਕਰਵਾਇਆ ਜਿਸ ਨਾਲ ਮਹਾਂਰਾਜਾ ਰਣਜੀਤ ਸਿੰਘ ਨੂੰ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਤੋਹਫੇ ਵਜੋਂ ਮਿਲਿਆ। ਉਸ ਦਿਨ ਤੋਂ ਆਪਣੀ ਮੌਤ ਤਕ ਮਹਾਂਰਾਜਾ ਰਣਜੀਤ ਸਿੰਘ ਕੋਹ-ਏ-ਨੂਰ ਹੀਰੇ ਨੂੰ ਆਪਣੇ ਸਜੇ ਬਾਜੂ (ਡੌਲੇ) ਤੇ ਬੰਨ ਕੇ ਰੱਖਿਆ ਕਰਦਾ ਸੀ। ਇਸਦੇ ਬਦਲੇ ਵਿਚ ਮਹਾਂਰਾਜਾ ਰਣਜੀਤ ਸਿੰਘ ਨੇ ਸਿਰਦਾਰ ਹਰੀ ਸਿੰਘ ਨਲੂਆ ਨੂੰ ਕਛਮੀਰ ਦਾ ਗਵਰਨਰ ਥਾਪਿਆ। ਹਰੀ ਸਿੰਘ ਨਲੂਆ ਨੇ ਆਪਣੀ ਸਥਾਪਨਾਂ ਦੇ ਤੁਰੰਤ ਬਾਦ ਕਛਮੀਰ ਵਿਚੋਂ ਗਊ ਹਤਿੱਆ ਬੰਦ ਕਰਵਾਈ ਜੋ ਅੱਜ ਤੱਕ ਕਾਇਮ ਹੈ। ਇਸਦੇ ਨਾਲ ਹਿੰਦੂਆਂ ਅਤੇ ਸਿੱਖਾਂ ਤੇ ਲਗਾਇਆ ਜਾਂਦਾ ਜਯੀਆ ਵੀ ਬੰਦ ਕਰਵਾਇਆ। ਇਸ ਕਰਕੇ ਹੀ ਕਈ ਮੁਸਲਮਾਨ ਇਤਿਹਾਸਕਾਰ ਹਰੀ ਸਿੰਘ ਨਲੂਆ ਨੂੰ ਆਂਪਣੇ ਇਤਿਹਾਸ ਵਿੱਚ ਜਾਲਮ ਦੇ ਨਾਮ ਨਾਲ ਲਿੱਖਦੇ ਹਨ ਅਤੇ ਉਸਦੇ ਰਾਜ-ਕਾਲ ਦੇ ਸਮੇਂ ਨੂੰ ਸਿੱਖਾ-ਛਾਹੀ ਦਾ ਨਾਮ ਦਿੰਦੇ ਹਨ। ਮੁਸਲਮਾਨ ਇਤਿਹਾਸਕਾਰ ਉਸ ਬਾਰੇ ਜੋ ਵੀ ਚਾਹੁਣ ਲਿਖ ਦੇਣ ਪ੍ਰੰਤੂ ਇਹ ਵੀ ਇਕ ਸੱਚਾਈ ਹੈ ਕਿ ਹਰੀ ਸਿੰਘ ਨੇ ਨਾਂ ਹੀ ਕੋਈ ਮਸਯਦ ਢਾਈ ਅਤੇ ਨਾਂ ਹੀ ਮੁੱਗਲ ਅਤੇ ਪਠਾਣ ਰਾਜਿਆਂ ਵਾਂਗ ਕਿਸੇ ਅਬਲਾ ਇਸਤਰੀ ਤੇ ਕਹਿੱਰ ਢਾਇਆ ਜਾਂ ਚੁਕਵਾ ਕੇ ਆਪਣੇ ਹਰਮ ਵਿਚ ਰੱਖਿਆ।

ਪਿਛਾਵਰ ਦੇ ਆਸ-ਪਾਸ ਦੇ ਅਫਗਾਨੀ ਕਈ ਕਬੀਲਿਆਂ ਵਿਚ ਵੰਡੇ ਹੋਏ ਸਨ। ਉਸ ਸਮੇਂ ਅਫਗਾਨੀ ਕੌਮ ਅਸਭਯ ਅਤੇ ਜਾਹਲ ਕੌਮ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਤੇ ਉਹ ਕਿਸੇ ਵੀ ਹੁਕਮਰਾਨ ਦਾ ਹੁਕਮ ਨਹੀਂ ਸੀ ਮੰਨਿਆ ਕਰਦੇ। ਮਹਾਂਰਾਜਾ ਰਣਜੀਤ ਸਿੰਘ ਸਮੇਂ ਸਮੇਂ ਲਾਹੌਰ ਤੋਂ ਪੰਜਾਬੀ ਫੌਜ ਭੇਜ ਕੇ ਅਫਗਾਨੀਆਂ ਨੂੰ ਦਬਾ ਦਿਆ ਕਰਦਾ ਸੀ ਅਤੇ ਹਰ ਵਾਰ ਅਫਗਾਨੀਂ ਥੋੜਾ ਬਹੁਤ ਨਜਰਾਨਾਂ ਦੇ ਦਿਆ ਕਰਦੇ ਸਨ ਪ੍ਰੰਤੂ ਥੋੜੇ ਸਮੇਂ ਬਾਦ ਫਿਰ ਵਿਧਰੋਹ ਕਰਕੇ ਬਾਗੀ ਹੋ ਜਾਇਆ ਕਰਦੇ ਸਨ। ਅੰਤ ਵਿਚ ਮਹਾਂਰਾਜਾ ਰਣਜੀਤ ਸਿੰਘ ਨੇ ਅਫਗਾਨ ਜਾਤੀ ਨੂੰ ਆਪਣੇ ਕੱਬਜੇ ਵਿੱਚ ਕਰਨ ਵਾਸਤੇ ਅਫਗਾਨਿਸਤਾਨ ਦੀ ਕਮਾਂਡ ਹਰੀ ਸਿੰਘ ਨਲੂਆ ਨੂੰ ਸੰਭਾਲ ਦਿਤੀ। ਇਸਦੇ ਨਾਲ ਹੀ ਅਫਗਾਨੀਆਂ ਨੂੰ ਪੰਜਾਬ ਦੀ ਧਰਤੀ ਤੇ ਆਉਣ ਤੋਂ ਰੋਕਣ ਵਾਸਤੇ ਮਹਾਂਰਾਜਾ ਰਣਜੀਤ ਸਿੰਘ ਨੇ ਦਰਿਆ ਅਟੱਕ ਤੋਂ ਖਹਿੱਬਰ-ਪਾਸ ਤਕ ਛੋਟੇ ਛੋਟੇ ਕਿਲ੍ਹੇ ਉਸਾਰ ਕੇ ਹਰੀ ਸਿੰਘ ਨਲੂਏ ਨੂੰ ਉਨ੍ਹਾਂ ਦੀ ਵੀ ਨਿਗਰਾਨੀਂ ਸੌਂਪ ਦਿਤੀ ਤਾਂ ਕਿ ਅਫਗਾਨੀਆਂ ਤੇ ਕਰੜੀ ਨਜਰ ਰੱਖੀ ਜਾ ਸਕੇ। ਇਸ ਕਿਲਾ-ਬੰਧੀ ਦਾ ਮੁਖ ਕਾਰਣ ਇਹ ਵੀ ਸੀ ਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਹਮਲਾਆਵਰ ਭਾਰਤ ਤੇ ਹਮਲੇ ਕਰਨ ਸਮੇਂ ਦਰਾ ਖਹਿਬਰ ਦੇ ਪਛਮ ਦੇ ਰਸਤੇ ਵਲੋਂ ਹੀ ਦਾਖਲ ਹੋਇਆ ਕਰਦੇ ਸਨ। 500 ਬੀ.ਸੀ. ਵਿਚ ਯੂਨਾਨੀਂ ਵੀ ਇਸੇ ਰਸਤੇ ਹੀ ਆਏ ਸਨ । ਮਹਾਂਰਾਜਾ ਰਣਜੀਤ ਸਿੰਘ ਨੇ 2300 ਸਾਲ ਤੋਂ ਇਸ ਰਸਤੇ ਆਉਣ ਵਾਲੇ ਹਮਲਾਆਵਰ ਜੋ ਪੰਜਾਬੀਆਂ ਨੂੰ ਹੱਰਾ ਕੇ ਭਾਰਤ ਵਾਸੀਆਂ ਨੂੰ ਲੁੱਟ ਕੇ ਅਤੇ ਬਰਦੇ ਬਣਾ ਕੇ ਲੈ ਜਾਇਆ ਕਰਦੇ ਸਨ ਵਾਸਤੇ ਕਿਲਾ-ਬੰਦੀ ਕਰਕੇ ਪਕੇ ਤੌਰ ਤੇ ਰੋਕ ਲਾ ਦਿਤੀ। ਪਹਿਲਾਂ ਇਸ ਰਸਤੇ ਦੀ ਵਰਤੋਂ ਯੂਨਾਨੀ, ਤੁਰਕੀ, ਅਰਬੀ, ਮੁਗਲ, ਮੰਗੋਲ, ਤਾਤਰਾਸ (ਤੁਰਕੀ ਕਬੀਲਾ ਜੋ ਰੂਸ ਵਿਚ ਵਸ ਗਿਆ ਸੀ), ਅਫਗਾਨੀ ਅਤੇ ਹੋਰ ਹਮਲਾਆਵਰ ਕਰਿਆ ਕਰਦੇ ਸਨ। ਹਰੀ ਸਿੰਘ ਨਲੂਏ ਨੇ ਇਸ ਇਲਾਕੇ ਦੀ ਇਕ ਖਾਸ ਮੁਹਿੰਮ ਓਦੋਂ ਫਤਿਹ ਕੀਤੀ ਜਦੋਂ ਉਸਨੇ ਆਪੂੰ ਬਣੇ ਰਾਜਪੂਤ ਗੁਲ੍ਹਾਮ ਅਲੀ ਨੂੰ ਜੀਉਂਦਾ ਪਕੜ ਕੇ ਲਾਹੌਰ ਦਰਬਾਰ ਵਿਚ ਭੇਜਿਆ ਜਿਸ ਤੋਂ ਮਹਾਂਰਾਜਾ ਰਣਜੀਤ ਸਿੰਘ ਇਤਨਾਂ ਖੁਛ ਹੋਇਆ ਕਿ ਉਸਨੇ ਕਛਮੀਰ ਵਿਚ ਹਰੀ ਸਿੰਘ ਦੇ ਨਾਮ ਦਾ ਸਿਕਾ ਜਾਰੀ ਕਰ ਦਿਤਾ। ਇਸ ਤੋਂ ਬਾਦ ਹਰੀ ਸਿੰਘ ਨਲੂਏ ਨੇ ਆਪਣੀ ਸਮਝਦਾਰੀ ਅਤੇ ਤਿੱਖੀ ਨਜਰ ਕਾਰਣ ਪੱਖੀ ਅਤੇ ਧਮਪੁਰ ਇਲਾਕੇ ਵਿਚ ਲਾਹੌਰ ਆਦਾਲਤ ਦੇ ਖਿਲਾਫ ਹੋਣ ਵਾਲੇ ਵਿਧਰੋਹ ਨੂੰ ਬਿਨ੍ਹਾਂ ਹਮਲੇ ਦੇ, ਬਹਿਸਬਾਜੀ ਨਾਲ ਹੀ ਕਾਬੂ ਕਰ ਲਿਆ। ਇਸ ਨੂੰ ਪੰਜਾਬੀਆਂ ਦੀ ਖਿਲਾਫਤ ਕਰਨ ਵਾਲੇ ਸਈਯਦ ਮੁਹੰਮਦ ਲਾਤੀਫ ਨੇ ਵੀ ਕਬੂਲ ਕੀਤਾ।

ਅੰਗਰੇਜ ਇਤਿਹਾਸਕਾਰ ਹੈਨਰੀ ਲੇਪਲ ਗਰਿਫਨ ਨੇ ਵੀ ਹਰੀ ਸਿੰਘ ਨਲੂਏ ਦੀ ਪੱਖੀ ਰਿਆਸੱਤ ਨੂੰ ਦਬਾਉਣ ਦੀ ਨੀਤੀ ਬਾਰੇ ਲਿੱਖਿਆ ਹੈ ਕਿ ਮਾਨਕੇਰੀ ਅਤੇ ਪਾਕਲੀ ਦੇ ਰਸਤੇ ਬਾਰੇ 20,000 ਫੌਜ ਦੇ ਵਿਧਰੋਹ ਨੂੰ 7,000 ਫੌਜ ਦੇ ਡਰਾਵੇ ਨਾਲ ਦਬਾ ਦੇਣਾ ਸਿਰਦਾਰ ਹਰੀ ਸਿੰਘ ਨਲੂਏ ਦਾ ਹੀ ਕੰਮ ਸੀ। ਲੰਬੇ ਸਮੇਂ ਤੋਂ ਪਾਕਲੀ ਦੇ ਅਫਗਾਨੀ ਪਹਾੜੀਏ ਵਪਾਰੀਆਂ ਪਾਸੋਂ ਛੌਲ, ਲਕੜੀ ਅਤੇ ਹੋਰ ਵਪਾਰਕ ਵਸਤੂਆਂ ਲ਼ੈ ਜਾਣ ਤੇ, ਕਰ, ਲਿਆ ਕਰਦੇ ਸਨ। ਇਸ ਬਾਰੇ ਜਦੋਂ ਹਰੀ ਸਿੰਘ ਨੂੰ ਆਪਣੀਆਂ ਸਾਰੀਆਂ ਕੋਸਿਸਾਂ ਵਿਅਰਥ ਜਾਂਦੀਆਂ ਦਿਸੀਆਂ ਤਾਂ ਉਸਨੇ ਰੋਹ ਵਿਚ ਆ ਕੇ 7,000 ਫੌਜ ਨਾਲ 20,000 ਫੌਜ ਉਤੇ ਹਲਾ ਬੋਲ ਦਿਤਾ, ਉਨ੍ਹਾਂ ਦਾ ਰੋਕਿਆ ਰਸਤਾ ਖੁਲਵਾ ਲਿਆ, ਘਮਸਾਣ ਦੇ ਯੁਧ ਅਤੇ ਕਤਲੇ-ਆਮ ਦੇ ਨਾਲ ਉਨ੍ਹਾਂ ਨੂੰ ਕਰਾਰੀ ਹਾਰ ਦਿਤੀ। ਜਿਤ ਪ੍ਰਾਪਤ ਕਰਨ ਤੋਂ ਬਾਦ ਹਰੀ ਸਿੰਘ ਨਲੂਏ ਨੇ ਉਸ ਇਲਾਕੇ ਦੇ ਹਰ ਘਰ ਨੂੰ ਹਰਜਾਨੇ ਵਜੋਂ ੫ ਰੁਪੈ ਜਜੀਆ (ਚੁਲਾ ਟੈਕਸ) ਲਾ ਕੇ ਯੰਗ ਦਾ ਖਰਚਾ ਵਸੂਲ ਕੀਤਾ। ਹੁਣ ਮਹਾਂਰਾਜਾ ਰਣਜੀਤ ਸਿੰਘ ਨੇ ਇਹ ਗਲ ਜਾਣ ਲਈ ਸੀ ਕਿ ਪੰਜਾਬ ਵਿਚ ਅਮਨ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਾਬਲ ਅਤੇ ਪਿਛਾਵਰ ਦੇ ਬਾਰਡਰ ਪੂਰੀ ਤਰਾਂ ਸੀਲ (ਬੰਦ) ਕੀਤੇ ਜਾਣ ਕਿਉਂਕਿ ਇਹ ਹੀ ਪੰਜਾਬ ਨੂੰ ਆਉਣ ਦਾ ਰਸਤਾ ਖੋਲਦੇ ਸਨ। ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦੀ ਇਕ ਮਜਬੂਤ ਜਾਇਦਾਦ ਸੀ। ਕਾਬਲ ਅਤੇ ਪਿਛਾਵਰ ਦਾ ਇਹ ਭਾਗ ਮਹਾਂਰਾਜਾ ਅਤੇ ਅਫਗਾਨਾ ਵਿਚ ਝਗੜੇ ਦੀ ਜੜ੍ਹ ਸੀ ਜਿਸ ਨੂੰ ਰਣਜੀਤ ਸਿੰਘ ਇਕ ਪਾਸੇ ਲਾਉਣਾ ਚਾਹੁੰਦਾ ਸੀ। ਇਸ ਲਈ ਅਟਕ ਫਤਿਹ ਕਰਨ ਤੋਂ ਬਾਦ ਮਹਾਂਰਾਜੇ ਦਾ ਮੁਖ ਨਿਸਾਨਾਂ ਪਿਛਾਵਰ ਫਤਿਹ ਕਰਨ ਦਾ ਸੀ ਜੋ ਉਸ ਵੇਲੇ ਰਣਜੀਤ ਸਿੰਘ ਦੇ ਸਾਹਮਣੇ ਇਕ ਵੰਗਾਰ ਬਣਿਆ ਖੜਾ ਸੀ। 1818 ਈਸਵੀ ਵਿਚ ਕਾਬਲ ਦੇ ਵਜੀਰ ਫਤਿਹ ਖਾਨ ਦੇ ਕਤਲ ਤੋਂ ਬਾਦ ਮਹਾਂਰਾਜਾ ਦੀ ਪਿਛਾਵਰ ਜਿਤਣ ਦੀ ਖਾਹਿਸ ਹੋਰ ਵੀ ਵਧ ਗਈ ਕਿਉਂਕਿ ਫਤਿਹ ਖਾਨ ਦੀ ਮੌਤ ਤੋਂ ਬਾਦ ਅਫਗਾਨਾ ਦੇ ਦੋ ਮੁਖ ਕਬੀਲੇ, ਸਾਦਾਯੂਹੀ ਅਤੇ ਬਰਕਯੂਹੀ ਆਪਸ ਵਿਚ ਖੂਨ ਦੇ ਪਿਆਸੇ ਹੋਏ ਫਿਰਦੇ ਸਨ। ਮਹਾਂਰਾਜਾ ਰਣਜੀਤ ਸਿੰਘ ਨੇ ਇਸ ਅਵਸਰ ਦਾ ਲਾਭ ਉਠਾਉਂਦਿਆਂ ਮੀਆਂ ਗੌਸਾ ਅਤੇ ਮੁਹਕੰਮ ਚੰਦ ਦੀ ਫੌਜ ਨੂੰ ਹਰੀ ਸਿੰਘ ਨਲੂਆ ਦੀ ਅਗਵਾਹੀ ਹੇਠ ਹਮਲਾ ਕਰਨ ਦਾ ਹੁਕਮ ਦਿਤਾ। ਸੁਲਤਾਨ ਯਾਰ ਮੁਹੰਮਦ ਖਾਨ ਅਤੇ ਦੋਸਤ ਮੁਹੰਮਦ ਖਾਨ ਦੀ ਲਾਪ੍ਰਵਾਹੀ ਕਾਰਨ ਸਿਖ ਫੌਜ ਨੂੰ ਪਿਛਾਵਰ ਦੇ ਦਖਣ-ਪਛਮੀ ਅਤੇ ਪੂਰਬੀ ਭਾਗ ਤੇ ਕਬਜਾ ਕਰਨ ਵਿਚ ਕੋਈ ਮੁਸਕਲ ਨਾਂ ਆਈ। ਪਠਾਣ ਗਵਰਨਰ ਪਿਛਾਵਰ ਖਾਲੀ ਕਰ ਗਏ ਅਤੇ ਮਹਾਂਰਾਜਾ ਰਣਜੀਤ ਸਿੰਘ ਨੇ 1818 ਵਿਚ ਜਹਾੱਨ ਦਾਦ ਖਾਨ ਨੂੰ ਪਿਛਾਵਰ ਦਾ ਗਵਰਨਰ ਨਿਯੁਕਤ ਕਰ ਦਿਤਾ। 1822 ਈਸਵੀ ਵਿਚ ਜਦੋਂ ਦੋਸਤ ਮੁਹੰਮਦ ਖਾਨ ਅਤੇ ਯਾਰ ਮੁਹੰਮਦ ਖਾਨ ਨੇ ਜਹਾਨ ਦਾਦ ਖਾਨ ਪਾਸੋਂ ਪਿਛਾਵਰ ਖੋਹ ਲਿਆ ਤਾਂ ਸਿਰਦਾਰ ਹਰੀ ਸਿੰਘ ਨਲੁਆ ਘੋੜ-ਸਵਾਰ (ਰਸਲਾ) ਫੌਜ, ਧੰਨਾਂ ਸਿੰਘ ਮਲਵਈ ਅਤੇ ਜਗਤ ਸਿੰਘ ਅਟਾਰੀਵਾਲਾ ਪੈਦਲ ਫੌਜ ਅਤੇ ਮੀਆਂ ਗੌਸਾ ਨੇ ਤੋਪਖਾਨਾਂ ਲੈ ਕੇ ਪਿਛਾਵਰ ਤੇ ਹਮਲਾ ਕਰ ਦਿਤਾ। ਇਸ ਵਾਰ ਦੋਸਤ ਮੁਹੰਮਦ ਖਾਨ ਨੇ ਮਹਾਂਰਾਜਾ ਰਣਜੀਤ ਸਿੰਘ ਦੀ ਈਨ ਮੰਨ ਕੇ ਅਤੇ ਨਜਰਾਨਾਂ ਦੇ ਕੇ ਸੁਲਾਹ ਕਰ ਲਈ।

ਜਨਵਰੀ 1823 ਵਿਚ ਕਾਬਲ ਦੇ ਵਜੀਰ ਮੁਹੰਮਦ ਅਜੀਮ ਖਾਨ ਨੇ ਫਿਰ ਪਿਛਾਵਰ ਤੇ ਕਬਜਾ ਕਰ ਲਿਆ ਤਾਂ ਇਕ ਵਾਰੀ ਫਿਰ ਜਹਾਂਗੀਰਾ ਅਤੇ ਨੌਛਹਿਰਾ ਵਿਖੇ ਮਾਰਚ 1823 ਵਿੱਚ ਹਰੀ ਸਿੰਘ ਨਲੁਆ, ਅਕਾਲੀ ਫੂੱਲਾ ਸਿੰਘ, ਗੋਰਖਾ ਬਾਲ ਭਦਰ, ਮੀਂਆਂ ਗੌਸਾ, ਮਿਸਰ ਦੀਵਾਨ ਚੰਦ ਅਤੇ ਸਿਰਦਾਰ ਅਤਰ ਸਿੰਘ ਆਪਣੀਆਂ ਫੌਜਾਂ ਲੈ ਕੇ ਰਣਭੂਮੀ ਵਿਚ ਪਹੁੰਚ ਗਏ ਅਤੇ ਜਹਾਂਗੀਰਾ ਦੇ ਸਥਾਨ ਤੇ ਪਠਾਣਾ ਨੂੰ ਕਰਾਰੀ ਹਾਰ ਦਿਤੀ ਪ੍ਰੰਤੂ ਸਭ ਤੋਂ ਭਿਆਨਕ ਅਤੇ ਫੈਸਲਾ-ਕੁਨ ਯੰਗ ਨੌਛਹਿਰਾ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿਚ ਜਨਰਲ ਵੈਨਤੂਰਾ ਅਤੇ ਜਨਰਲ ਐਲਾਰਡ ਆਪਣਾ ਤੋਪਖਾਨਾਂ ਅਤੇ ਅਕਾਲੀ ਫੂੱਲਾ ਸਿੰਘ ਆਪਣੀ ਅਕਾਲੀ ਫੌਜ ਲੈ ਕੇ ਆਏ। ਅਕਾਲੀ ਫੌਜ ਬਿਨਾਂ ਤਨਖਾਹ ਤੋਂ ਹੀ ਲੜਿਆ ਕਰਦੀ ਸੀ। ਘਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਅਫਗਾਨੀ ਫੌਜ ਦਾ ਬਹੁਤ ਨੁਕਸਾਨ ਹੋਇਆ ਪ੍ਰੰਤੂ ਆਕਾਲੀ ਫੌਜ ਵੀ ਆਪਣੇ ਜਰਨੈਲ ਅਕਾਲੀ ਫੂੱਲਾ ਸਿੰਘ ਨੂੰ ਸਦਾ ਲਈ ਖੋਹ ਬੈਠੀ। ਹਰੀ ਸਿੰਘ ਨਲੁਆ ਨੇ ਇਸ ਲੜਾਈ ਵਿਚ ਬਹੁਤ ਹੀ ਮਹਤਵ ਪੂਰਣ ਭੂਮਿਕਾ ਨਿਭਾਈ, ਪਹਿਲਾਂ ਤਾਂ ਦੁਛਮਣ ਨੂੰ ਲਕ-ਤੋੜਵੀਂ ਹਾਰ ਦਿਤੀ ਅਤੇ ਦੂਸਰਾ ਉਨ੍ਹਾਂ ਦਾ ਕਾਬਲ ਤਕ ਪਿੱਛਾ ਕਰਕੇ ਉਨ੍ਹਾਂ ਨੂੰ ਅਹਿਸਾਸ ਕਰਵਾ ਦਿਤਾ ਕਿ ਉਹ ਖਾਲਸਾ ਫੌਜ ਤੋਂ ਹਾਰ ਚੁੱਕੇ ਹਨ। ਇਸ ਹਾਰ ਨੇ ਕਾਬਲ ਦੇ ਮੁਹੰਮਦ ਅਜੀਮ ਖਾਨ ਨੂੰ ਅਹਿਸਾਸ ਕਰਵਾ ਦਿਤਾ ਕਿ ਉਹ ਪਿਛਾਵਰ ਸਦਾ ਲਈ ਖੋਹ ਬੈਠਾ ਹੈ। 1827 ਈਸਵੀ ਵਿੱਚ ਫਿਰ ਜਦੋਂ ਸੱਯਦ ਅਹਿਮਦ ਬਰੇਲੀ ਨੇ ਯੂਸਫਜਈ ਅਤੇ ਬਰਕਾਜੀ ਕਬੀਲਿਆਂ ਨੂੰ ਯਹਾਦ ਦਾ ਵਾਸਤਾ ਦਿਤਾ ਤਾਂ ਉਨ੍ਹਾਂ ਫਿਰ ਪਿਛਾਵਰ ਤੇ ਹਮੱਲਾ ਕਰ ਦਿਤਾ ਤਾਂ ਹਰੀ ਸਿੰਘ ਨਲੁਆ ਨੇ 25,000 ਫੌਜ ਨਾਲ ਸਯਦ ਅਹਿਮਦ ਨੂੰ ਸਿੰਧ ਦਰਿਆ ਪਾਰ ਕਰਨ ਤੋਂ ਉਤਨੀਂ ਦੇਰ ਰੋਕ ਰੱਖਿਆ ਜਿਤਨੀਂ ਦੇਰ ਲਹੌਰ ਤੋਂ ਆਉਣ ਵਾਲੀ ਫੌਜ ਨੇ ਸਿੰਧ ਪਾਰ ਕਰਕੇ ਪਿਛਾਵਰ ਤੇ ਹੱਮਲਾ ਨਹੀਂ ਬੋਲ ਦਿਤਾ। ਇਸ ਹਮਲੇ ਵਿਚ ਹਰੀ ਸਿੰਘ ਨੇ ਸਯਦ ਅਹਿਮਦ ਅਤੇ ਉਸਦੇ ਸਾਥੀ ਕਤਲ ਕਰ ਦਿਤੇ, ਪਿਛਾਵਰ ਤੋਂ ਲਏ ਜਾਣ ਵਾਲੇ ਨਜਰਾਨੇ ਦੀ ਰਕਮ ਵਧਾ ਦਿਤੀ ਅਤੇ ਯਾਰ ਮੁਹੰਮਦ ਖਾਨ ਦੇ ਲੜਕੇ ਨੂੰ ਬੰਧੀ ਬਣਾ ਲਿਆ।

1830 ਈਸਵੀ ਨੂੰ ਫਿਰ ਸੇਰੇ-ਪੰਜਾਬ ਨੇ ਸਹਿਯਾਦਾ ਸੇਰ ਸਿੰਘ ਨੂੰ ਪਿਛਾਵਰ ਤੋਂ ਨਜਰਾਨਾਂ ਲੈਣ ਵਾਸਤੇ ਭੇਜਿਆ ਜੋ ਸਯਦ ਮੁਹੰਮਦ ਨੇ ਚੁਪ-ਚਾਪ ਦੇ ਦਿਤਾ। 1834 ਈਸਵੀ ਵਿਚ ਹਰੀ ਸ਼ਿੰਘ ਨੇ ਐਲਾਨ ਕਰਕੇ ਪਿਛਾਵਰ ਨੂੰ ਖਾਲਸਾ ਰਾਜ ਵਿਚ ਮਿਲਾ ਲਿਆ ਅਤੇ ਹਰੀ ਸਿੰਘ ਨਲੁਆ ਨੂੰ ਪਿਛਾਵਰ ਦਾ ਪਹਿਲਾ ਨਾਨ-ਮੁਸਲਿਮ ਗਵਰਨਰ ਥਾਪਿਆ ਗਿਆ। ਦੋਸਤ ਮੁਹੰਮਦ ਖਾਨ ਵੀ ਟਿਕ ਕੇ ਬਹਿਣ ਵਾਲਿਆਂ ਵਿੱਚੋਂ ਨਹੀਂ ਸੀ। ਬਾਰ ਬਾਰ ਹਾਰ ਖਾਣ ਦੇ ਬਾਵਯੂਦ 1837 ਈਸਵੀ ਵਿੱਚ ਫਿਰ ਆਪਣੇ ਸਾਰੇ ਵਸੀਲੇ ਇਕਠੇ ਕਰਕੇ ਪਿਛਾਵਰ ਵਾਪਸ ਲੈਣ ਵਾਸਤੇ ਜਹਾਦ ਦੀ ਯੰਗ ਛੇੜ ਦਿਤੀ। ਹਰੀ ਸਿੰਘ ਨੂੰ ਫਿਰ ਲਹੌਰ ਤੋਂ ਮੁਕਾਬਲੇ ਵਾਸਤੇ ਭੇਜਿਆ ਗਿਆ। ਪਿਛਾਵਰ ਪਹੁੰਚਦਿਆਂ ਹੀ ਹਰੀ ਸਿੰਘ ਤਾਪ ਦੀ ਮਾਰ ਹੇਠ ਆ ਗਿਆ ਇਸ ਲਈ ਕੁਝ ਦੇਰ ਆਰਾਮ ਕਰਨ ਵਾਸਤੇ ਪਿਛਾਵਰ ਰੁੱਕ ਗਿਆ। ਜਮਰੌਦ ਮਹਾਂ ਸਿੰਘ ਮੀਰਾਪੁਰੀ ਦੀ ਨਿਗਰਾਨੀ ਹੇਠ ਸੀ ਅਤੇ ਇਸ ਵਾਰ ਜਮਰੌਦ ਦਾ ਮੈਦਾਨ ਯੰਗੀ ਆਖਾੜਾ ਬਣਿਆ ਹੋਇਆ ਸੀ। ਹਰੀ ਸਿੰਘ ਨੂੰ ਯੰਗ ਦੀ ਖਬਰ ਬਰਾਬਰ ਪਹੁੰਚ ਰਹੀ ਸੀ। ਜਦੋਂ ਉਸਨੇ ਦੇਖਿਆ ਕਿ ਪਠਾਣ ਜਮਰੌਦ ਦੇ ਮੈਦਾਨ ਉਤੇ ਕਾਬਜ ਹੁੰਦੇ ਜਾ ਰਹੇ ਹਨ ਤਾਂ ਬੁਖਾਰ ਦੀ ਪਰਵਾਹ ਨਾਂ ਕਰਦਿਆਂ ਆਪਣੇ 500 ਚੋਣਵੇਂ ਜਵਾਨ ਲੈ ਕੇ ਕਿਲੇ ਅੰਦਰ ਦਾਖਲ ਹੋ ਗਿਆ ਅਤੇ ਪਿਛਾਵਰ ਅਤੇ ਲਹੌਰ ਨੂੰ ਤੁਰੰਤ ਸਹਾਇਤਾ ਵਾਸਤੇ ਸੁਨੇਹੇ ਭੇਜ ਦਿਤੇ। ਦੋਸਤ ਮੁਹੰਮਦ ਖਾਨ ਪਹਿਲਾਂ ਹੀ 7,000 ਘੋੜ-ਸਵਾਰ 2,000 ਰਹਿਕਲੇ ਅਤੇ 18 ਤੋਪਾਂ, ਉਸਦੇ ਤਿੰਨ ਪੁਤਰ ਅਪਣੀਆਂ ਫੌਜਾਂ ਅਤੇ 12,000 ਤੋਂ 15,000 ਖੈਹਬਰੀ ਫੌਜ ਲੈ ਕੇ ਜਮਰੌਦ ਦੇ ਕਿਲੇ ਉਤੇ ਗੋਲਾ-ਬਾਰੀ ਕਰ ਰਹੇ ਸਨ। ਅੰਗਰੇਜ ਇਤਿਹਾਸਕਾਰ ਗਰਿਫਨ ਲਿਖਦਾ ਹੈ ਕਿ ਇਕ ਦਿਨ ਹਰੀ ਸਿੰਘ ਪੰਜ ਜਵਾਨ ਆਪਣੇ ਨਾਲ ਲੈ ਕੇ ਪਠਾਣਾ ਦੁਆਰਾ ਕਿਲੇ ਦੀ ਕੰਧ ਵਿਚ ਪਾਇਆ ਜਾਣ ਵਾਲਾ ਪਾੜ ਵੇਖਣ ਬਾਹਰ ਚਲੇ ਗਏ। ਗੋਲਾ-ਬਾਰੀ ਲਗਾਤਾਰ ਜਾਰੀ ਸੀ ਜਿਸ ਦੇ ਫਲਸਰੂਪ ਦੋ ਗੋਲੇ ਸਿਰਦਾਰ ਦੇ ਆ ਵਜੇ, ਇਕ ਉਨ੍ਹਾਂ ਦੀ ਵਖੀ ਵਿਚ ਅਤੇ ਦੂਸਰਾ ਪੇਟ ਵਿਚ। ਹਰੀ ਸਿੰਘ ਜਾਣ ਗਿਆ ਸੀ ਕਿ ਪੇਟ ਵਿਚ ਲਗਿਆ ਗੋਲਾ ਘਾਤਕ ਹੈ ਫਿਰ ਵੀ ਉਹ ਇਕ ਦਮ ਘੋੜੇ ਤੇ ਸਵਾਰ ਹੋਇਆ ਅਤੇ ਅੰਦਰ ਆਪਣੀ ਫੌਜ ਪਾਸ ਜਾ ਪਹੁੰਚਾ ਜਿਥੇ ਪਹੁੰਚਦਿਆਂ ਹੀ ਉਹ ਜਮੀਨ ਉਤੇ ਜਾ ਡਿਗਾ। ਡਿਗਦਿਆਂ ਸਾਰ ਉਸ ਨੇ ਆਪਣੇ ਭਰੋਸੇ ਯੋਗ ਸਿਰਦਾਰਾਂ ਨੂੰ ਆਖਰੀ ਹੁਕਮ ਸੁਣਾਇਆ ਕਿ ਉਸਦਾ ਸਰੀਰ ਮੰਜੇ ਉਤੇ ਲਿਟਾ ਕੇ ਕੰਬਲ ਨਾਲ ਢਕ ਦਿਤਾ ਜਾਵੇ ਅਤੇ ਉਸਦੀ ਮੌਤ ਦਾ ਭੇਦ ਓਦੋਂ ਤਕ ਬਾਹਰ ਨਾਂ ਕਢਿਆ ਜਾਵੇ ਜਦੋਂ ਤਕ ਲਹੌਰ ਤੋਂ ਸਹਾਇਤਾ ਨਹੀਂ ਪਹੁੰਚ ਜਾਂਦੀ। ਇਸ ਤਰਾਂ ਪਠਾਣੀਆਂ ਦੇ ਬਚਿਆਂ ਵਾਸਤੇ ਹਊਆ ਅਤੇ ਸੇਰੇ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦਾ ਸੇਰ ਸਦਾ ਦੀ ਨੀਂਦ ਸੌਂ ਗਿਆ। ਅਜ ਦੇ ਇਤਿਹਾਸਕਾਰ ਬੇਛਕ ਨੈਪੋਲੀਅਨ, ਮਾਰਸਲ ਹੈਂਡਨਬਰਗ, ਲਾਰਡ ਕਿਚਨਰ, ਜਨਰਲ ਕਾਰੋਬਜੀ, ਡਿਊਕ ਆਫ ਵਾਲਿੰਗਟਨ, ਜਨਰਲ ਹਿਟਲਰ, ਹਲਾਕੂ ਖਾਨ, ਜੰਗੇਜ ਖਾਨ, ਚੰਗੇਜ ਖਾਨ, ਰਿਚਰਡ ਜਾਂ ਅਲਾਓਦੀਨ ਆਦਿ ਬਾਰੇ ਸੋਚਦੇ ਹੋਣ ਪ੍ਰੰਤੂ ਇਸ ਗਲ ਤੋਂ ਅਮਰੀਕਾ ਵਰਗੀ ਤਾਕਤ ਵੀ ਇਨਕਾਰ ਨਹੀਂ ਕਰ ਸਕਦੀ ਕਿ ਜਿਤਨੇ ਘਟ ਵਸੀਲਿਆਂ ਦੇ ਨਾਲ ਸਿਰਦਾਰ ਹਰੀ ਸਿੰਘ ਨੇ ਪਠਾਣਾ ਨੂੰ ਹਰਾਇਆ ਅਤੇ ਪਠਾਣੀਆਂ ਨੇ ਆਪਣੇ ਬਚਿਆਂ ਨੂੰ ‘ਹਰੀਆ ਰਾਗਲੇ’ (ਹਰੀਆ ਆ ਗਿਆ) ਕਹਿ ਕੇ ਡਰਾਇਆ, ਅਮਰੀਕਾ ਅਜ ਦੇ ਆਧੁਨਿਕ ਅਤੇ ਮਾਰੂ ਹਥਿਆਰ ਵਰਤ ਕੇ ਵੀ ਪਠਾਣਾ ਅਤੇ ਪਠਾਣੀਆਂ ਵਿਚ ਉਹ ਡਰ ਨਹੀਂ ਪਾ ਸਕਿਆ।




.