.

॥ਅੰਤਕ ‘ਹ’ ਮੁਕਤੇ ਦਾ ਉਚਾਰਣ ਭਾਗ ੨॥

ਪਹਿਲੇ ਭਾਗ ਅੰਦਰ ਅਸਾਂ ਵਿਚਕਾਰਲੇ ‘ਹ’ ਮੁਕਤੇ ਦੇ ਉਚਾਰਣ ਸੰਬੰਧੀ ਸਮਝਣ ਦਾ ਯਤਨ ਕੀਤਾ ਸੀ। ਅੱਜ ਕਿਸੇ ਭੀ ਸ਼ਬਦ ਦੇ ਅੰਤ ਆਏ ‘ਹ’ ਮੁਕਤੇ ਦਾ ਉਚਾਰਣ ਸਮਝਣ ਦਾ ਯਤਨ ਕਰਾਂਗੇ।

ਗੁਰਬਾਣੀ ਅੰਦਰ ਅੰਤ ਮੁਕਤੇ ਅੱਖਰ ‘ਨਾਂਵ’ ਅਤੇ ‘ਕਿਰਿਆ-ਵਾਚੀ’ ਮਿਲਦੇ ਹਨ, ਇਹਨਾਂ ਸ਼ਬਦਾਂ ਦਾ ਉਚਾਰਣ ਆਉ ਕ੍ਰਮ-ਵਾਰ ਸਮਝੀਏ -:

੧. ਜਿਸ ਸ਼ਬਦ ਵਿਚ ਵਰਤਮਾਨ ਕਾਲ ਕਿਰਿਆ ਜਦੋਂ ਉਤਮ ਪੁਰਖ ਵਿਚ ਹੋਵੇ ਤਾਂ ਉਸ ਸ਼ਬਦ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ, ਜਿਵੇਂ -:

“ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ ( ਪੰਨਾ ੧੩੧੫)

“ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥ ( ਪੰਨਾ ੯੭੭)

“ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥ ( ਪੰਨਾ ੯੧੯)

“ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥੧॥ ( ਪੰਨਾ ੬੭੫)

“ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥ ( ਪੰਨਾ ੧੩੧੨)

“ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ ( ਪੰਨਾ ੬੫੦)

ਗਾਵਹ -{ਕਿਰਿਆ,ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ} ਅਸੀਂ ਗਾਉਂਦੇ ਹਾਂ।

ਕਰਹ -{ ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ} ਅਸੀਂ ਕਰਦੇ ਹਾਂ।

ਚਲਹ -{ ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ} ਅਸੀਂ ਚਲਦੇ ਹਾਂ, ਅਸੀਂ ਚਲੀਏ।

ਆਵਹ -{ਕਿਰਿਆ, ਵਰਤਮਾਨ ਕਾਲ , ਉਤਮ ਪੁਰਖ, ਬਹੁਵਚਨ} ਅਸੀਂ ਆਉਂਦੇ ਹਾਂ।

ਜੀਵਹ, ਪੀਵਹ -{ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ} ਅਸੀਂ ਜੀਂਵਦੇ ਹਾਂ, ਅਸੀਂ ਪੀਂਦੇ ਹਾਂ।

ਸੁਣਹ -{ਕਿਰਿਆ,ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ} ਅਸੀਂ ਸੁਣਦੇ ਹਾਂ।

ਉਪਰੋਕਤ ਸਮੂਹ ਸ਼ਬਦਾਂ ਦਾ ਉਚਾਰਣ ਦੁਲਾਵਾਂ ਵੱਲ ਉਲ੍ਹਾਰ ਹੋ ਕੇ ਅਤੇ ਅੰਤ ਬਿੰਦੀ ਸਹਿਤ “ਗਾਵ੍ਹੈਂ, ਕਰ੍ਹੈਂ, ਚਲ੍ਹੈਂ, ਆਵ੍ਹੈਂ, ਜੀਵ੍ਹੈਂ, ਪੀਵ੍ਹੈਂ, ਸੁਣ੍ਹੈਂ” ਵਾਂਗ ਕਰਨਾ ਹੈ।

ਉਚਾਰਣ ਕਰਦੇ ਸਮੇਂ ‘ਹ’ ਦੀ ਪ੍ਰਾਣਤਾ ਜ਼ਰੂਰੀ ਰੱਖਣੀ ਹੈ, ਸੰਕੋਚ ਨਹੀਂ ਕਰਨਾ। ਅਜੋਕਾ ਉਚਾਰਣ ‘ਗਾਵੈਂ’ ‘ਹ’ ਤੋਂ ਬਿਨਾ ਦਰੁਸਤ ਨਹੀਂ ਹੈ।

ਨੋਟ : ਜਦੋਂ ਉਕਤ ਸ਼ਬਦਾਂ ਦੇ ਅੰਤ ਸਿਹਾਰੀ ਆਵੇ ਤਾਂ ਅਰਥਾਂ ਵਿਚ ਤਬਦੀਲੀ ਆ ਜਾਂਦੀ ਹੈ, ਉਤਮ ਪੁਰਖ ਦੀ ਥਾਵੇਂ ਅਰਥ ‘ਅਨ ਪੁਰਖ’ ਵਿਚ ਕੀਤੇ ਜਾਂਦੇ ਹਨ।

੨. ਨਾਂਵ ਬਹੁਵਚਨੀ ਸ਼ਬਦਾਂ ਦਾ ਅੰਤਲਾ ਅੱਖਰ ਭੀ ਮੁਕਤਾ ਹੁੰਦਾ ਹੈ, ਐਸੇ ਸ਼ਬਦਾਂ ਦਾ ਉਚਾਰਣ ਖੜੀ-ਤੜੀ ਧੁਨੀ ਵਿਚ ਕਰਨਾ ਚਾਹੀਦਾ ਹੈ -:

“ਸੁਖੁ ਪਾਇਆ ਲਗਿ ਦਾਸਹ ਪਾਇ ॥ { ਪੰਨਾ ੨੦੨}

“ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥ { ਪੰਨਾ ੨੫੭}

“ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥ { ਪੰਨਾ ੨੪੦}

“ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ {ਪੰਨਾ ੮੦}

“ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ { ਪੰਨਾ ੯੧੮}

“ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥ { ਪੰਨਾ ੪੫੬}

“ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥ { ਪੰਨਾ ੨੨੪}

“ਆਦਿ ਗੁਰਏ ਨਮਹ ॥ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥ ( ਪੰਨਾ ੨੬੨)

ਉਪਰੋਕਤ ਪੰਗਤੀਆਂ ਵਿਚ ਆਏ ਸ਼ਬਦਾਂ ਦਾ ਉਚਾਰਣ -:

ਦਾਸਹ -{ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਦਾਸਾਂ ਦੀ। ਉਚਾਰਣ-‘ਦਾਸ੍ਹਾਂ’ ਵਾਂਗ। ਨੋਟ: ‘ਹ’ ਦੀ ਪ੍ਰਾਣਤਾ ਸਾਰੇ ਸ਼ਬਦਾਂ ਵਿਚ ਜ਼ਰੂਰ ਰੱਖਣੀ ਹੈ।

ਸੰਤਹ ਕੀ -{ ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਸੰਤਾਂ ਦੀ।ਉਚਾਰਣ -‘ਸੰਤ੍ਹਾਂ’ ਵਾਂਗ।

ਸੰਤਾਹ - { ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਸੰਤਾਂ ਦੀ। ਉਚਾਰਣ -‘ਸੰਤ੍ਹਾਂ’ ਵਾਂਗ।

ਭਗਤਹ -{ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਭਗਤਾਂ ਦੇ। ਉਚਾਰਣ - ਭਗਤ੍ਹਾਂ ਵਾਂਗ।

ਭਗਤਾਹ - { ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਭਗਤਾਂ ਦੀ। ਉਚਾਰਣ -ਭਗਤ੍ਹਾਂ ਵਾਂਗ।

ਸਾਧਹ - { ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਸਾਧਾਂ ਦੀ, ਗੁਰਸਿੱਖਾਂ ਦੀ। ਉਚਾਰਣ - ਸਾਧ੍ਹਾਂ ਵਾਂਗ।

ਚਰਨਹ - { ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ} ਚਰਨਾਂ ਦੀ। ਉਚਾਰਣ - ਚਰਨ੍ਹਾਂ ਵਾਂਗ।

ਨਮਹ - {ਨਾਂਵ} ਨਮਸ਼ਕਾਰ। ਉਚਾਰਣ - ਨਮ੍ਹਾ ਵਾਂਗ।

ਸੰਬੰਧਿਤ ਸਾਰੇ ਸ਼ਬਦ ਸੰਬੰਧ ਕਾਰਕ ਵਿਚ ਹੋਣ ਕਾਰਣ ਹੀ ਅੰਤ ਮੁਕਤਾ ਹੋਏ ਹਨ। ਨਾਲ-ਨਾਲ ਜਿਵੇਂ ਉਚਾਰਣ ਸੇਧ ਦਿੱਤੀ ਹੈ, ਉਸ ਤਰ੍ਹਾਂ ਹੀ ਖੜੀ-ਤੜੀ ਧੁਨੀ ਵਿਚ ਉਚਾਰਣ ਕਰਨਾ ਚਾਹੀਦਾ ਹੈ। ਇਹਨਾ ਸ਼ਬਦਾਂ ਦਾ ਉਚਾਰਣ ਦੁਲਾਵਾਂ ਵੱਲ ਉਲ੍ਹਾਰ ਹੋ ਕੇ ਕਰਨਾ ਦਰੁਸਤ ਨਹੀਂ।

ਵੈਸੇ ਭਾਸ਼ਾਈ ਤੌਰ ‘ਤੇ ‘ਹ’ ਮੁਕਤੇ ਅੱਖਰ ਉਪਰ ਬਿੰਦੀ ਨਹੀਂ ਟਿਕਦੀ, ਪਰ ਸੰਬੰਧੀ ਨਾਂਵ ਵਿਚੋਂ ਸੰਬੰਧਕ ਨਿਕਲਦਾ ਹੋਵੇ ਫਿਰ ਬਿੰਦੀ ਦਾ ਪ੍ਰਯੋਗ ਕਰ ਲੈਣਾ ਚਾਹੀਦਾ ਹੈ।

੩. ‘ਵਾਰ ਜੈਤਸਰੀ ਕੀ’(੭੦੫) ਬਾਣੀ ‘ਸਹਸਕ੍ਰਿਤੀ’(੧੩੫੩) ਅਤੇ ‘ਗਾਥਾ’(੧੩੬੦)ਵਿਚ ਵਰਤੇ ਨਾਂਵ-ਵਾਚੀ ਸ਼ਬਦ ਅੰਤ ‘ਹ’ ਮੁਕਤਾ ਦਾ ਉਚਾਰਣ ਖੜਵਾਂ, ਭਾਵ ਖੜੀ-ਤੜੀ ਧੁਨੀ ਵਿਚ ਕਰਨਾ ਹੈ, ਜਿਵੇਂ :

“ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ( ਪੰਨਾ ੭੦੫)

ਪਰਮੇਸੁਰਹ -{ਨਾਂਵ} ਪਰਮੇਸ਼ਰ।ਉਚਾਰਣ -ਪਰਮੇਸ਼ੁਰ੍ਹਾ ਵਾਂਗ।

ਨੋਟ : ਇਹ ਇਕ ਲਿਖਣ ਦਾ ਢੰਗ ਹੈ ਕਿ ਅੰਤਲੇ ਅੱਖਰ ਤੋਂ ਆਏ ਪਹਿਲੇ ਅੱਖਰ ਨੂੰ ‘ਕੰਨਾ’ ਲਾ ਕੇ ਦਰਸਾਇਆ ਗਿਆ ਹੈ,ਪਰ ਉਚਾਰਣ ਸਮੇਂ ਅੰਤਲੇ ਮੁਕਤੇ ਅੱਖਰ ਦੀ ਧੁਨੀ ਨੂੰ ਮੁਕਤੀ ਧੁਨੀ ਹੀ ਰੱਖਣਾ ਹੈ, ਕੰਨਾ ਨਹੀਂ ਬਨਾਉਣਾ ਚਾਹੀਦਾ। ਹਾਂ ਜੇਕਰ ‘ਕੰਨੇ’ ਦੀ ਧੁਨੀ ਨੂੰ ਅਰਧ ਕਰੀਏ ਪਿੱਛੇ ਮੁਕਤੇ ਦੀ ਧੁਨੀ ਰਹਿ ਜਾਂਦੀ ਹੈ।

“ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥ ( ਪੰਨਾ ੧੩੫੩)

ਸੁਤਹ -{ਨਾਂਵ} ਪੁੱਤਰ। ਉਚਾਰਣ -ਸੁਤ੍ਹਾ ਵਾਂਗ।

“ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ ( ਪੰਨਾ ੧੩੫੪)

ਬਾਂਧਵਹ -{ਨਾਂਵ} ਸਨਬੰਧੀ, ਰਿਸ਼ਤੇਦਾਰ। ਉਚਾਰਣ -ਬਾਂਧਵ੍ਹਾ।

“ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ´ ਨਾਮ ਕੀਰਤਨਹ ॥ ( ਪੰਨਾ ੧੩੫੬)

ਕੀਰਤਨਹ -{ਨਾਂਵ} ਕੀਰਤਨ। ਉਚਾਰਣ -ਕੀਰਤਨ੍ਹਾ।

“ਮੁਕਤੇ ਰਮਣ ਗੋਬਿੰਦਹ ਨਾਨਕ ਲਬਧੰ ਬਡ ਭਾਗਣਹ ॥੧੨॥ (ਪੰਨਾ ੧੩੬੦)

ਭਾਗਣਹ -{ਨਾਂਵ} ਭਾਗ। ਉਚਾਰਣ -ਭਾਗਣ੍ਹਾ

ਸਾਰੀ ਵੀਚਾਰ ਦਾ ਭਾਵ ਹੈ ਕਿ ਜਦੋਂ ਕੋਈ ਭੀ ਸ਼ਬਦ ਜਿਸ ਦਾ ਅੰਤਲਾ ਅੱਖਰ ਮੁਕਤਾ ਹੋਵੇ, ਜੇਕਰ ਉਹ ਸ਼ਬਦ ਕਿਰਿਆਵੀ ਹੈ ਤਾਂ ਅੰਤਲੇ ‘ਹ’ ਮੁਕਤੇ ਦਾ ਉਚਾਰਣ ‘ਦੁਲਾਵਾਂ’ ਵੱਲ ਉਲ੍ਹਾਰ ਹੋ ਕੇ ਕਰਨਾ ਹੈ ।

ਜੇਕਰ ਅੰਤਕ ‘ਹ’ ਮੁਕਤੇ ਵਾਲੇ ਸ਼ਬਦ ‘ਨਾਂਵ’ ਵਾਚੀ ਹੈ, ਤਾਂ ਉਚਾਰਣ ਖੜੀ-ਤੜੀ ਧੁਨੀ ਵਿਚ ਕਰਨਾ ਹੈ।

ਉਪਰੋਕਤ ਨਿਯਮ ਅਨੁਸਾਰ ਹੀ ਦੋਵਾਂ ਬਾਣੀਆਂ ਵਿਚ ਆਏ ਸਮੂਹ ਸ਼ਬਦਾਂ ਦਾ ਉਚਾਰਣ ਕਰਨਾ ਹੈ, ਦੁਲਾਵਾਂ ਵੱਲ ਉਲ੍ਹਾਰ ਹੋ ਕੇ ਨਹੀਂ ਕਰਨਾ।

ਖੜੀ-ਤੜੀ ਧੁਨੀ ਨੂੰ ਸਰਲ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ, ਪਰ ਖੜੀ-ਤੜੀ ਧੁਨੀ ‘ਕੰਨੇ’ ‘ਤੇ ਅਧਾਰਿਤ ਨਹੀਂ, ‘ਕੰਨੇ’ ਦੀ ਧੁਨੀ ਨਾਲ ਮੇਲ ਖਾਂਦੀ ਹੈ। ਇਸ ਤੋਂ ਜ਼ਿਆਦਾ ਹੋਰ ਸਰਲ ਕਰਕੇ ਲ਼ਿਖਤ ਵਿਚ ਉਚਾਰਣ ਸੇਧ ਸਾਂਝੀ ਕਰਨੀ ਸੰਭਵ ਨਹੀ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com

mob: 7597643748




.