.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-18)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-17 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਸਾਰਗ ਮਹਲਾ ੪ ਘਰ ੩ ਦੁਪਦਾ ੴ ਸਤਿਗੁਰ ਪ੍ਰਸਾਦਿ।। (੧੨੦੦)

ਕਾਹੇ ਪੂਤ ਝਗਰਤ ਹਉ ਸੰਗਿ ਬਾਪ।।

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।। ੧।। ਰਹਾਉ।।

ਜਿਸੁ ਧਨ ਕਾ ਤੁਮ ਗਰਬ ਕਰਤ ਹਉ ਸੋ ਧਨੁ ਕਿਸਹਿ ਨ ਆਪ।।

ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ।। ੧।।

ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ।।

ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ।। ੨।। ੧।। ੭।।

==========

ਵਿਸ਼ਾ ਅਧੀਨ ਪਾਵਨ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵਲੋਂ ਆਪਣੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਸੰਬੋਧਨ ਕਰਦੇ ਹੋਏ ਉਚਾਰਿਆ ਗਿਆ ਹੈ। ਇਸ ਸ਼ਬਦ ਅਧੀਨ ਆਈ ਵਿਚਾਰ/ਉਪਦੇਸ਼ ਨੂੰ ਜਾਨਣ ਲਈ ਸਾਨੂੰ ਇਸ ਦੇ ਇਤਿਹਾਸਕ ਪਿਛੋਕੜ ਨੂੰ ਮੱਦੇ-ਨਜ਼ਰ ਰੱਖਣਾ ਪਵੇਗਾ ਤਾਂ ਹੀ ਇਸ ਸ਼ਬਦ ਵਿਚਲੇ ਉਪਦੇਸ਼ ਦੀ ਸਾਰਥਿਕਤਾ ਸਮਝ ਵਿੱਚ ਆਵੇਗੀ।

ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਤਿੰਨ ਸਪੁੱਤਰ ਵੱਡੇ ਬਾਬਾ ਪ੍ਰਿਥੀ ਚੰਦ, ਵਿਚਲੇ ਬਾਬਾ ਮਹਾਂਦੇਵ ਅਤੇ ਛੋਟੇ (ਗੁਰੂ) ਅਰਜਨ ਦੇਵ ਜੀ ਸਨ। ਬਾਬਾ ਪ੍ਰਿਥੀ ਚੰਦ ਬਹੁਤ ਚਤੁਰ-ਚਲਾਕ ਅਤੇ ਗੁਰੂ ਘਰ ਦੇ ਪ੍ਰਬੰਧਕੀ ਕੰਮਾਂ ਵਿੱਚ ਪੂਰੀ ਤਰਾਂ ਮਾਹਰ ਸਨ। ਬਾਬਾ ਮਹਾਂਦੇਵ ਵਿਰਕਤ ਮਾਰਗ ਦੇ ਧਾਰਨੀ ਸਨ। (ਗੁਰੂ) ਅਰਜਨ ਦੇਵ ਜੀ ਇੱਕ ਪੂਰਨ ਸਿੱਖ ਵਾਲੇ ਗੁਣਾਂ ਨਾਲ ਸੰਪੂਰਨ ਸਖਸ਼ੀਅਤ ਸਨ।

ਬਾਬਾ ਪ੍ਰਿਥੀ ਚੰਦ ਦੀ ਯੋਗਤਾ ਨੂੰ ਵੇਖਦੇ ਹੋਏ ਗੁਰੂ ਰਾਮਦਾਸ ਜੀ ਨੇ ਗੁਰੂ ਘਰ ਦੇ ਪ੍ਰਬੰਧ ਨੂੰ ਚਲਾਉਣ ਅਤੇ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਆਦਿ ਕੰਮਾਂ ਦੀ ਜਿੰਮੇਵਾਰੀ ਉਸ ਨੂੰ ਦਿਤੀ ਹੋਈ ਸੀ। ਬਾਬਾ ਪ੍ਰਿਥੀ ਚੰਦ ਵਲੋਂ ਪਿਤਾ ਗੁਰੂ ਦੇ ਇਸ ਵਿਸ਼ਵਾਸ਼ ਨੂੰ ਪੂਰਨ ਰੂਪ ਵਿੱਚ ਨਿਭਾਇਆ ਵੀ ਜਾ ਰਿਹਾ ਸੀ। ਗੁਰੂ ਸਾਹਿਬ ਦੇ ਇਸ ਵਿਸ਼ਵਾਸ਼ ਦੀ ਇੱਕ ਹੋਰ ਇਤਿਹਾਸਕ ਮਿਸਾਲ ਵੀ ਸਾਡੇ ਸਾਹਮਣੇ ਆਉਂਦੀ ਹੈ ਕਿ ਜਦੋਂ ਸ਼ਰੀਕੇ ਵਿਚੋਂ ਵੱਡੇ ਭਰਾ ਲਗਦੇ ‘ਸਿਹਾਰੀ ਮੱਲ` ਵਲੋਂ ਆਪਣੇ ਪੁੱਤਰ ਦੇ ਵਿਆਹ ਉਪਰ ਲਾਹੌਰ ਆਉਣ ਲਈ ਸਤਿਗੁਰੂ ਜੀ ਨੂੰ ਸੱਦਾ ਦਿਤਾ ਗਿਆ ਤਾਂ ਸਾਹਿਬਾਂ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਮੁੱਖ ਰੱਖਦੇ ਹੋਏ ਆਪ ਨਿੱਜੀ ਤੌਰ ਤੇ ਜਾਣ ਦੀ ਥਾਂ ਆਪਣੀ ਜਗ੍ਹਾ ਸਭ ਤੋਂ ਪਹਿਲਾਂ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਹੀ ਕਿਹਾ ਸੀ। ਪ੍ਰਿਥੀ ਚੰਦ ਵਲੋਂ - ‘ਪਿਤਾ ਜੀ! ਜੇ ਮੈਂ ਲਾਹੌਰ ਚਲਾ ਗਿਆ ਤਾਂ ਮੇਰੇ ਪਿਛੋਂ ਤੁਹਾਡੇ ਕੋਲੋਂ ਗੁਰੂ ਦਰਬਾਰ ਦਾ ਪ੍ਰਬੰਧ ਸੰਭਾਲਿਆ ਨਹੀਂ ਜਾਣਾ` ਅਹੰਕਾਰ ਭਰਪੂਰ ਸ਼ਬਦਾਂ ਵਿੱਚ ਜਵਾਬ ਦੇਣ ਤੇ ਸਤਿਗੁਰੂ ਜੀ ਨੇ ਫਿਰ ਬਾਬਾ ਮਹਾਂਦੇਵ ਨੂੰ ਕਿਹਾ, ਉਸ ਵਲੋਂ ਵੀ ਇਨਕਾਰ ਕਰਨ ਤੇ (ਗੁਰੂ) ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਗਿਆ ਸੀ।

ਇਤਿਹਾਸਕ ਤੌਰ ਤੇ ਇਹ ਬਿਲਕੁਲ ਸੱਚ ਹੈ ਕਿ ਬਾਬਾ ਪ੍ਰਿਥੀ ਚੰਦ ਗੁਰੂ ਘਰ ਦੀ ਸੇਵਾ ਬਹੁਤ ਹੀ ਸੁਯੋਗ ਤਰੀਕੇ ਨਾਲ ਵਧੀਆ ਪ੍ਰਬੰਧਕ ਦੇ ਤੌਰ ਤੇ ਕਰਦੇ ਸਨ ਪਰ ਇਹ ਕੇਵਲ ਬਾਹਰੀ ਵਿਖਾਵਾ ਸੀ ਕਿਉਂ ਕਿ ਅੰਦਰ ਦੀ ਭਾਵਨਾ ਕੁੱਝ ਹੋਰ ਸੀ। ਜਿਵੇਂ ਗੁਰਬਾਣੀ ਫੁਰਮਾਣ ਹਨ-

-ਸੇਵਾ ਥੋਰੀ ਮਾਗਨੁ ਬਹੁਤਾ।।

ਮਹਲੁ ਨ ਪਾਵੈ ਕਹਤੋ ਪਹੁਤਾ।।

(ਸੂਹੀ ਮਹਲਾ ੫- ੭੩੮)

-ਸੇਵਾ ਕਰਤ ਹੋਇ ਨਿਹਕਾਮੀ।।

ਤਿਸ ਕਉ ਹੋਤ ਪਰਾਪਤ ਸੁਆਮੀ।।

(ਗਉੜੀ ਸੁਖਮਨੀ ਮਹਲਾ ੫-੨੮੬)

ਬਾਬਾ ਪ੍ਰਿਥੀ ਚੰਦ ਵਲੋਂ ਕੀਤੀ ਜਾ ਰਹੀ ਸੇਵਾ ਸੁਆਰਥ ਰਹਿਤ ਨਹੀਂ ਸੀ ਸਗੋਂ ਇਸ ਦੇ ਅੰਦਰ ਪਿਤਾ ਗੁਰੂ ਤੋਂ ਬਾਦ ਪੰਜਵੇਂ ਥਾਂ ਉਪਰ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਪ੍ਰਾਪਤ ਕਰਨ ਦੀ ਚਾਹਤ ਛੁਪੀ ਹੋਈ ਸੀ। ਉਸਦੇ ਅੰਦਰ ਦੀ ਇਹ ਭਾਵਨਾ ਸਤਿਗੁਰੂ ਤੋਂ ਗੁੱਝੀ ਕਿਵੇਂ ਰਹਿ ਸਕਦੀ ਸੀ। ਬਾਬਾ ਪ੍ਰਿਥੀ ਚੰਦ ਵੱਡਾ ਪੁੱਤਰ ਹੋਣ ਕਰਕੇ ਵੀ ਆਪਣੇ ਆਪ ਨੂੰ ਪੂਰੀ ਤਰਾਂ ਨਾਲ ਹੱਕਦਾਰ ਸਮਝਦਾ ਸੀ। ਉਸ ਨੇ ਗੁਪਤ ਤੌਰ ਤੇ ਚਾਲਾਂ ਚਲਦੇ ਹੋਏ ਗੁਰੂ ਘਰ ਆਉਣ ਵਾਲੀ ਮਾਇਆ ਅਤੇ ਮਾਇਆ ਲਿਆਉਣ ਵਾਲੇ ਮਸੰਦਾਂ ਉਪਰ ਵੀ ਪੂਰਾ ਅਧਿਕਾਰ ਜਮਾ ਲਿਆ। ਪਿਤਾ ਗੁਰੂ ਦੇ ਸਾਹਮਣੇ ਆਪਣੇ ਹੱਕਦਾਰ ਹੋਣ ਦੀ ਗੱਲ ਕਰਨੋਂ ਵੀ ਉਹ ਸੰਕੋਚ ਨਾਂ ਕਰਦਾ।

ਗੁਰਤਾ ਗੱਦੀ ਪਰਿਵਾਰਕ ਜਾਇਦਾਦ ਵਾਂਗ ਵਿਰਾਸਤ ਵਿੱਚ ਮਿਲਣ ਵਾਲੀ ਚੀਜ ਨਹੀਂ ਸੀ, ਸਗੋਂ ਇਹ ਤਾਂ ਉਸੇ ਦੇ ਹਿਸੇ ਆਉਣੀ ਸੀ, ਜੋ ਇਸਦੇ ਯੋਗ ਹੋਵੇ। ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਪੁੱਤਰਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਵਲੋਂ ਸੇਵਕ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਸਾਹਿਬ ਵਲੋਂ ਸਿੱਖ ਬਾਬਾ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਵਲੋਂ ਜਵਾਈ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਬਖ਼ਸ਼ਿਸ਼ ਕਰਨ ਦੀਆਂ ਉਦਾਹਰਣਾਂ ਪ੍ਰਤੱਖ ਰੂਪ ਵਿੱਚ ਮੌਜੂਦ ਸਨ।

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।।

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।।

(ਆਸਾ ਕੀ ਵਾਰ-ਸਲੋਕ ਮਹਲਾ ੧-੪੭੪)

ਗੁਰੂ ਨਾਨਕ ਪਾਤਸ਼ਾਹ ਦੇ ਪਾਏ ਪੂਰਨਿਆਂ ‘ਸਿਖਾਂ ਪੁਤ੍ਰਾਂ ਘੋਖਿ ਕੈ ਸਭਿ ਉਮਤਿ ਵੇਖਹਿ ਜਿ ਕਿਓਨ।। ਜਾਂ ਸੁਧੋਸੁ ਤਾਂ ਲਹਨਾ ਟਿਕਿਓਨੁ।। ` (੯੬੭) ਵਾਂਗ ਚੌਥੇ ਪਾਤਸ਼ਾਹ ਨੇ ਜਦੋਂ ਪਰਖ ਕੀਤੀ ਤਾਂ ਸਿੱਖਾਂ, ਸੇਵਕਾਂ, ਪੁੱਤਰਾਂ ਵਿਚੋਂ (ਗੁਰੂ) ਅਰਜਨ ਸਾਹਿਬ ਹੀ ਪੰਜਵੇਂ ਨਾਨਕ ਵਜੋਂ ਗੁਰਤਾ ਗੱਦੀ ਲਈ ਸਭ ਤੋਂ ਯੋਗ ਬਣ ਕੇ ਸਾਹਮਣੇ ਆਉਂਦੇ ਸਨ। ਪ੍ਰਵਾਨ ਹੋਣ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਉਹਨਾਂ ਦੇ ਹਿਸੇ ਵੱਧ ਆਉਣੀ ਸੁਭਾਵਿਕ ਹੀ ਸੀ।

ਇਸ ਸਭ ਕੁੱਝ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਪ੍ਰਤੱਖ ਰੂਪ ਵਿੱਚ ਵਰਤਦੇ ਹੋਏ ਵੇਖ ਕੇ, ਜਿਸ ਪ੍ਰਾਪਤੀ ਦੀ ਆਸ ਬਾਬਾ ਪ੍ਰਿਥੀ ਚੰਦ ਨੂੰ ਸੀ, ਨਿਖੁਟਦੀ ਹੋਈ ਪ੍ਰਤੀਤ ਹੋਣ ਲੱਗੀ। ਜਿਸ ਦੇ ਰਿਜ਼ਲਟ ਵਜੋਂ ਅੰਦਰਲੀ ਵਿਰੋਧਤਾ ਪਿਤਾ ਗੁਰੂ ਦੇ ਨਾਲ ਬੋਲ-ਕੁਬੋਲ, ਝਗੜੇ ਦੇ ਰੂਪ ਵਿੱਚ ਪ੍ਰਗਟ ਹੋਣੀ ਸ਼ੁਰੂ ਹੋ ਗਈ। ਸਤਿਗੁਰਾਂ ਨੇ ਬਾ-ਦਲੀਲ ਸਮਝਾਉਣ ਦੇ ਅਨੇਕਾਂ ਯਤਨ ਕੀਤੇ, ਪਰ ਅੰਦਰਲੀ ਈਰਖਾ ਸਮਝਣ ਕਿਥੇ ਦਿੰਦੀ ਸੀ। ਪਿਤਾ ਗੁਰੂ ਦੇ ਯਤਨ ਕਾਮਯਾਬ ਨਹੀਂ ਹੋ ਰਹੇ ਸਨ।

ਸਤਿਗੁਰੂ ਰਾਮਦਾਸ ਜੀ ਨੇ ‘ਰਾਗ ਸਾਰਗ` ਦੇ ਅੰਦਰ ਵਿਸ਼ਾ ਅਧੀਨ ਸ਼ਬਦ ਉਚਾਰਦੇ ਹੋਏ ਬਾਬਾ ਪ੍ਰਿਥੀ ਚੰਦ ਨੂੰ ਸਮਝਾਉਣ-ਬੁਝਾਉਣ ਦੇ ਯਤਨ ਵਜੋਂ ਗੁਰਬਾਣੀ ਦਾ ਹਿਸਾ ਬਣਾਇਆ। ਗੁਰੂ ਸਾਹਿਬ ਨੇ ਇਸ ਸ਼ਬਦ ਰਾਹੀਂ ਦਸਿਆ ਕਿ ਔਲਾਦ ਵਲੋਂ ਪੈਦਾ ਕਰਨ ਪਾਲਣ ਵਾਲੇ ਮਾਂ-ਬਾਪ ਦੇ ਨਾਲ ਝਗੜਾ ਕਰਨਾ ਮੂਰਖਤਾ ਭਰਪੂਰ ਪਾਪ ਕਰਮ ਹੈ। ਜਿਸ ਧਨ-ਦੌਲਤ, ਜਾਇਦਾਦ, ਪਦਵੀਆਂ ਆਦਿ ਦੀ ਲਾਲਸਾ ਪੂਰੀ ਕਰਨ ਲਈ ਇਹ ਸਭ ਕੁੱਝ ਕੀਤਾ ਜਾਂਦਾ ਹੈ, ਇਹ ਨਾ ਕੋਈ ਜਨਮ ਸਮੇਂ ਨਾਲ ਲੈ ਕੇ ਆਉਂਦਾ ਹੈ ਅਤੇ ਨਾ ਹੀ ਮਰਣ ਸਮੇਂ ਨਾਲ ਲੈ ਕੇ ਜਾਂਦਾ ਹੈ, ਫਿਰ ਇਹਨਾਂ ਪਿਛੇ ਮਾਂ -ਬਾਪ ਨਾਲ ਝਗੜਾ ਕਿਉਂ? ‘ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ` (੧੨੫੧) ਰਿਜ਼ਲਟ ਸਾਹਮਣੇ ਆਉਣ ਤੇ ਕੇਵਲ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਇਸ ਪਛਤਾਵੇ ਦੀ ਹਨੇਰ ਕੋਠੜੀ ਵਿਚੋਂ ਨਿਕਲਣ ਦਾ ਇਕੋ ਹੀ ਰਸਤਾ ਹੈ ਕਿ ਗੁਰੂ ਉਪਦੇਸ਼ ਅਨੁਸਾਰ ਜੀਵਨ ਜਾਚ ਬਣਾ ਲਈ ਜਾਵੇ ਤਾਂ ‘ਇਹ ਲੋਕ ਸੁਖੀਏ ਪਰਲੋਕ ਸੁਹੇਲੇ` (੨੯੫) ਵਾਲੀ ਅਵਸਥਾ ਪ੍ਰਾਪਤ ਹੋਣ ਦੀ ਆਸ ਕੀਤੀ ਜਾ ਸਕਦੀ ਹੈ।

ਅਸੀਂ ਸਿੱਖ ਹਾਂ, ਬਾਣੀ ਨੂੰ ਗੁਰੂ ਦਾ ਦਰਜਾ ਦਿੰਦੇ ਹਾਂ, ਚੰਗੀ ਗੱਲ ਹੈ। ਪਰ ਵਿਚਾਰਣ ਦਾ ਪੱਖ ਹੈ ਕਿ ਕੀ ਬਾਣੀ ਅੰਦਰ ਦਿਤੀ ਸਿਖਿਆ ਨੂੰ ਆਪਣੇ ਨਿੱਜੀ, ਪ੍ਰਵਾਰਿਕ, ਸਮਾਜਕ ਜਿੰਦਗੀ ਵਿੱਚ ਅਮਲ ਵੀ ਕਰਦੇ ਹਾਂ? ਜੇ ਕਰਦੇ ਹਾਂ ਤਾਂ ਅਸੀਂ ਗੁਰੂ ਅਰਜਨ ਸਾਹਿਬ ਦੇ ਵਾਰਸ ਅਖਵਾ ਸਕਦੇ ਹਾਂ, ਜੇ ਨਹੀਂ ਕਰਦੇ ਤਾਂ ਬਾਬਾ ਪ੍ਰਿਥੀ ਚੰਦ ਦੇ। ਫੈਸਲਾ ਅਸੀਂ ਕਰਨਾ ਹੈ।

ਇਸ ਵਿਸ਼ੇ ਉਪਰ ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਚੌਪਾ ਸਿੰਘ ਦੇ ਵਿਚਾਰ ਧਿਆਨ ਦੇਣ ਯੋਗ ਹਨ-

- ‘ਸੰਤਾਨ ਦਾ ਧਰਮ ਹੈ ਕਿ ਮਾਤਾ ਪਿਤਾ ਨੂੰ ਦੇਵਤਾ ਰੂਪ ਜਾਣ ਕੇ ਸੇਵਨ ਕਰੇ ਅਤੇ ਆਗਯਾ ਪਾਲਨ ਕਰ ਕੇ

ਆਤਮਾ ਪ੍ਰਸੰਨ ਕਰੇ ਅਰ ਸੁਯੋਗਯਤਾ ਦ੍ਵਾਰਾ ਉਤਮ ਆਚਾਰ ਦੇ ਪ੍ਰਭਾਵ ਨਾਲ ਕੁਲ ਭੂਸ਼ਣ ਹੋਵੇ। `

(ਗੁਰਮਤਿ ਮਾਰਤੰਡ-ਪੰਨਾ ੭੬੩)

- ‘ਜੋ ਮਾਤ ਪਿਤਾ ਦੀ ਆਗਯਾ ਨਾ ਮੰਨੇ ਸੋ ਤਨਖਾਹੀਆ। `

(ਰਹਿਤਨਾਮਾ-ਭਾਈ ਚੌਪਾ ਸਿੰਘ)

ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੈਦਾ ਕਰਨ ਵਾਲੇ, ਪਾਲ ਪੋਸ ਕੇ ਹਰ ਤਰਾਂ ਦੀ ਰਖਵਾਲੀ ਕਰਦੇ ਹੋਏ ਵੱਡਾ ਕਰਨ ਵਾਲੇ, ਮਾਂ-ਬਾਪ ਪ੍ਰਤੀ ਹਮੇਸ਼ਾ ਅਹਿਸਾਨਮੰਦ ਰਹੀਏ ਅਤੇ ਉਹਨਾਂ ਪ੍ਰਤੀ ਕੋਈ ਵੀ ਐਸਾ ਵਤੀਰਾ ਨਾ ਅਪਣਾਈਏ ਜਿਸ ਕਾਰਣ ਉਹਨਾਂ ਨੂੰ ਦੁਖੀ ਹੋਣਾ ਪਵੇ।

ਅਜ ਅਸੀਂ ਸੋਚਦੇ ਹਾਂ ਕਿ ਘਰ ਵਿੱਚ ਬਜੁਰਗਾਂ ਲਈ ਹਰ ਤਰਾਂ ਦੀਆਂ ਲੋੜੀਂਦੀਆਂ ਸੁੱਖ ਸਹੂਲਤਾਂ ਦੇ ਪ੍ਰਬੰਧ ਕਰ ਦੇਣ ਨਾਲ ਹੀ ਉਨ੍ਹਾਂ ਪ੍ਰਤੀ ਸਾਡੀ ਜਿੰਮੇਵਾਰੀ ਦੀ ਪੂਰਤੀ ਹੋ ਜਾਂਦੀ ਹੈ, ਪਰ ਉਹਨਾਂ ਬਜ਼ੁਰਗਾਂ ਦੀ ਕੋਈ ਵੀ ਗੱਲ ਸੁਨਣਾ-ਮੰਨਣਾ ਹੀ ਨਾ ਕੀਤਾ ਜਾਵੇ ਤਾਂ ਸੁੱਖ ਸਹੂਲਤਾਂ ਵਾਲਾ ਬਾਹਰੀ ਸਤਿਕਾਰ ਵੀ ਕਿਸ ਅਰਥ ਰਹਿ ਜਾਂਦਾ ਹੈ।

ਮਾਤਾ ਪਿਤਾ ਦੇ ਅਹਿਸਾਨਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਮਾਂ-ਬਾਪ ਬੱਚੇ ਪ੍ਰਤੀ ਕਿਸ-ਕਿਸ ਤਰਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਵਿਚਾਰ ਦਿਤੇ ਹਨ-

-ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ।।

ਵਡਾ ਹੋਇ ਧਨੁ ਖਾਟ ਦੇਇ ਕਰਿ ਭੋਗ ਬਿਲਾਸਾ।।

(ਗਉੜੀ ਬੈਰਾਗਣਿ ਮਹਲਾ ੪-੧੬੫)

-ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ।।

ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ।।

(ਗਉੜੀ ਬੈਰਾਗਣਿ ਮਹਲਾ ੪-੧੬੮)

ਪ੍ਰਮੇਸ਼ਰ ਦੇ ਬਣਾਏ ਨਿਯਮਾਂ ਅਨੁਸਾਰ ਮਾਤਾ-ਪਿਤਾ ਦੇ ਸੰਯੋਗ ਤੋਂ ਮਾਤਾ ਦੇ ਗਰਭ ਅੰਦਰ ਬੱਚੇ ਦਾ ਜੀਵਨ ਆਰੰਭ ਹੁੰਦਾ ਹੈ। ਗਰਭ ਦੌਰਾਨ ਮਾਂ ਕਿੰਨੇ-ਕਿੰਨੇ ਸੰਜਮ ਧਾਰ ਕੇ ਆਪ ਕਸ਼ਟ ਸਹਾਰਣ ਉਪਰੰਤ ਬੱਚੇ ਨੂੰ ਜਨਮ ਦਿੰਦੀ ਹੈ। ਮਾਤਾ-ਪਿਤਾ ਕਿੰਨੇ ਜਫ਼ਰ ਜਾਲ ਕੇ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ। ਪੈਰਾਂ ਤੇ ਖੜਾ ਹੋਣ ਯੋਗ ਬਣਾ ਕੇ ਜਵਾਨੀ ਦੀ ਦਹਿਲੀਜ਼ ਤਕ ਲੈ ਆਉਂਦੇ ਹਨ। ਬੜੇ ਚਾਵਾਂ- ਮਲਾਰਾਂ ਦੇ ਨਾਲ ਬੱਚੇ ਦਾ ਵਿਆਹ ਕਰਕੇ ਨੂੰਹ ਨੂੰ ਘਰ ਲਿਆਉਂਦੇ ਹਨ। ਪਰ ਕੁਚੱਜੀ ਪਤਨੀ ਦੇ ਪ੍ਰਭਾਵ ਅਧੀਨ ਕੁਪੁੱਤ੍ਰ ਹੀ ਮਾਪਿਆਂ ਦੇ ਸ਼ਰੀਕ ਬਣ ਕੇ ਸਾਹਮਣੇ ਆਉਂਦੇ ਹਨ। ਪੁੱਤਰ ਆਪਣੀ ਇਸਤਰੀ ਨੂੰ ਲੈ ਕੇ ਮਾਪਿਆਂ ਤੋਂ ਵੱਖ ਹੋ ਬੈਠਦਾ ਹੈ, ਉਹ ਪੁੱਤਰ ਕਦਾਚਿਤ ਆਪਣੇ ਧਰਮ ਦੀ ਪਾਲਨਾ ਨਹੀਂ ਕਰਦਾ। ਜਿਵੇਂ ਮਾਪਿਆਂ ਨੇ ਆਪਣਾ ਫਰਜ਼ ਪੂਰਾ ਕੀਤਾ ਸੀ, ਉਹ ਲੋਕਾਚਾਰੀ ਵੀ ਪੂਰਾ ਨਾ ਕਰ ਸਕਿਆ। ਇਸ ਸਬੰਧ ਵਿੱਚ ਭਾਈ ਗੁਰਦਾਸ ਜੀ ਰਚਿਤ ਵਾਰ ੩੭ ਦੀਆਂ ਪਉੜੀ ਨੰਬਰ ੧੦-੧੧-੧੨ ਵਾਚਨਯੋਗ ਹਨ-

- ਮਾਤ ਪਿਤਾ ਮਿਲਿ ਨਿੰਮਿਆ ਆਸਾਵੰਤੀ ਉਦਰੁ ਮਝਾਰੇ।

ਰਸ ਕਸ ਖਾਇ ਨਿਲਜ ਹੋਇ ਛੁਹ ਛੁਹ ਧਰਣਿ ਧਰੈ ਪਗ ਧਾਰੇ।

ਪੇਟ ਵਿੱਚ ਦਸ ਮਾਹ ਰਖਿ ਪੀੜਾ ਖਾਇ ਜਣੈ ਪੁਤੁ ਪਿਆਰੇ।

ਜਣ ਕੈ ਪਾਲੇ ਕਸਟ ਕਰਿ ਖਾਨ ਪਾਨ ਵਿਚਿ ਸੰਜਮ ਸਾਰੇ।

ਗੁੜ੍ਹਤੀ ਦੇਇ ਪਿਆਲਿ ਦੁਧੁ ਘੁਟੀ ਵਟੀ ਦੇਇ ਨਿਹਾਰੇ।

ਛਾਦਨੁ ਭੋਜਨੁ ਪੋਖਿਆ ਭਦਣਿ ਮੰਗਣਿ ਪੜ੍ਹਨਿ ਚਿਤਾਰੇ।

ਪਾਂਧੇ ਪਾਸਿ ਪੜ੍ਹਾਇਆ ਖਟਿ ਲੁਟਾਇ ਹੋਇ ਸਚਿਆਰੇ।

ਉਰਿਣਤ ਹੋਇ ਭਾਰੁ ਉਤਾਰੇ।। ੧੦।।

- ਮਾਤਾ ਪਿਤਾ ਅਨੰਦ ਵਿਚਿ ਪੁਤੈ ਦੀ ਕੁੜਮਾਈ ਹੋਈ।

ਰਹਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਹੋਈ।

ਵਿਗਸੀ ਪੁਤ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ।

ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ।

ਨੁਹੁ ਕਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਹ ਸਸੁ ਵਿਰੋਈ।

ਲਖ ਉਪਕਾਰ ਵਿਸਾਰਿ ਕੈ ਪੁਤ ਕੁਪੁਤਿ ਚਕੀ ਉਠਿ ਝੋਈ।

ਹੋਵੈ ਸਰਵਣ ਵਿਰਲਾ ਕੋਈ।। ੧੧।।

-ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ।

ਜੰਮੇ ਸਾਈਂ ਵਿਸਾਰਿਆ ਵੀਵਾਹਿਆ ਮਾਂ ਪਿਅ ਵਿਸਾਰੇ।

ਸੁਖਾਂ ਸੁਖਿ ਵਿਵਾਹਿਆ ਸਉਣੁ ਸੰਜੋਗੁ ਵਿਚਾਰਿ ਵਿਚਾਰੇ।

ਪੁਤ ਨੂਹੇਂ ਦਾ ਮੇਲੁ ਵੇਖਿ ਅੰਗ ਨ ਮਾਥਨਿ ਮਾਂ ਪਿਉ ਵਾਰੇ।

ਨੂੰਹ ਨਿਤ ਮੰਤ ਕੁਮੰਤ ਦੇਇ ਮਾਂ ਪਿਉ ਛਡਿ ਵਡੇ ਹਤਿਆਰੇ।

ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ।

ਲੋਕਾਚਾਰਿ ਹੋਇ ਵਡੇ ਕੁਚਾਰੇ।। ੧੨।।

(ਭਾਈ ਗੁਰਦਾਸ ਜੀ-ਵਾਰ ੩੭ ਪਉੜੀ ੧੦-੧੧-੧੨)

ਜਿਵੇਂ ਅਜ ਅਸੀਂ ਧਰਮੀ ਬਨਣ ਦੀ ਜਗ੍ਹਾ ਤੇ ਧਰਮੀ ਦਿਖਾਈ ਦੇਣਾ ਚਾਹੁੰਦੇ ਹਾਂ ਠੀਕ ਇਸੇ ਤਰਾਂ ਜਿਊਂਦੇ ਮਾਂ-ਬਾਪ ਦਾ ਸਤਿਕਾਰ ਕਰਨ ਦੀ ਥਾਂ ਤੇ ਮਰਣ ਉਪੰਰਤ ਉਹਨਾਂ ਦੇ ਭੋਗਾਂ, ਵਰੀਣਿਆਂ, ਸ਼ਰਾਧਾਂ ਆਦਿਕ ਦੇ ਨਾਮ ਉਪਰ ਲੰਗਰ ਲਾ ਕੇ, ਦਾਨ -ਪੁੰਨ ਦਾ ਵਿਖਾਲਾ ਕਰਨ ਤੋਂ ਰਤੀ ਭਰ ਵੀ ਗੁਰੇਜ਼ ਨਹੀਂ ਕਰਦੇ, ਜਦੋਂ ਕਿ ਗੁਰਬਾਣੀ ਤਾਂ ਸਾਨੂੰ ਸੇਧ ਦਿੰਦੀ ਹੈ-

-ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ।।

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।।

(ਗਉੜੀ ਕਬੀਰ ਜੀ-੩੩੨)

-ਆਇਆ ਗਇਆ ਮੁਇਆ ਨਾਉ।। ਪਿਛੈ ਪਤਲਿ ਸਦਿਹੁ ਕਾਵ।।

ਨਾਨਕ ਮਨਮੁਖਿ ਅੰਧੁ ਪਿਆਰੁ।। ਬਾਝੁ ਗੁਰੂ ਡੁਬਾ ਸੰਸਾਰੁ।।

(ਮਾਝ ਕੀ ਵਾਰ-ਮਹਲਾ ੧-੧੩੮)

ਸਾਨੂੰ ਆਪਣੇ ਮਾਂ-ਬਾਪ ਦੇ ਮਰਣ ਉਪੰਰਤ ਲੋਕ ਦਿਖਾਵੇ ਵਾਲਾ ਸਤਕਿਾਰ ਦੇਣ ਦੀ ਥਾਂ ਤੇ ਆਪਣਾ ਨਜ਼ਰੀਆ ਬਦਲਣ ਦੀ ਜਰੂਰਤ ਹੈ।

ਜਿਵੇਂ ਕਹਿੰਦੇ ਕਿ ਕਿਸੇ ਨੇ ਪ੍ਰਸ਼ਨ ਕੀਤਾ- “ਕੀ ਪਿਤਾ ਜੀ ਵੱਡੇ ਪੁਤਰ ਨਾਲ ਜਾਂ ਤੁਹਾਡੇ ਨਾਲ ਰਹਿੰਦੇ ਹਨ? “ ਉਤਰ ਮਿਲਿਆ- “ਨਹੀਂ ਪਿਤਾ ਜੀ ਮੇਰੇ ਨਾਲ ਨਹੀਂ ਸਗੋਂ ਮੈਂ ਪਿਤਾ ਜੀ ਦੇ ਨਾਲ ਉਹਨਾਂ ਦੇ ਘਰ ਵਿੱਚ ਰਹਿੰਦਾ ਹਾਂ। “

ਪਰ ਖ਼ਿਆਲ ਕਰਿਓ! ਕਿ ਸਾਡੇ ਆਪਣੇ ਘਰਾਂ ਵਿੱਚ ਆਪਣੇ ਬਜ਼ੁਰਗਾਂ ਪ੍ਰਤੀ ਫਰਜ਼ਾਂ ਰੂਪੀ ਮਮਤਾ ਕਿਥੇ ਚਲੀ ਜਾਂਦੀ ਹੈ। ਇਥੇ ਮੈਂ ਛੋਟੀ ਜਿਹੀ ਗਾਥਾ ਕਹਿਣੀ ਚਾਹੁੰਦਾ ਹਾਂ। ਇੱਕ ਘਰ ਦੇ ਅੰਦਰ ਮਾਂ ਬੁਢੀ ਹੋ ਗਈ। ਪੁੱਤਰ ਨੂੰ ਅਕਾਲ ਪੁਰਖ ਨੇ ਮਾਇਆ ਬਹੁਤ ਜਿਆਦਾ ਦੇ ਦਿਤੀ ਤੇ ਪੁੱਤਰ ਨੇ ਬਹੁਤ ਵਧੀਆ ਕੋਠੀ ਵੀ ਬਣਾ ਲਈ। ਹੁਣ ਪੁੱਤਰ ਨੂੰ ਲੱਗਦਾ ਹੈ ਕਿ ਮੇਰੀ ਇਸ ਕੋਠੀ ਦੇ ਅੰਦਰ, ਮੇਰੇ ਵਧੀਆ ਬਣਾਏ ਹੋਏ ਬੈਡਰੂਮਾਂ ਦੇ ਅੰਦਰ ਇਹ ਬੁੱਢੀ ਮਾਂ ਚੰਗੀ ਨਹੀਂ ਲਗਦੀ, ਹਰ ਵੇਲੇ ਖੰਘਦੀ ਰਹਿੰਦੀ ਹੈ, ਇਹ ਮੇਰੀ ਵਧੀਆ ਕੋਠੀ ਵਿੱਚ ਚੰਗੀ ਨਹੀ ਲਗਦੀ, ਮੇਰੀ ਸ਼ਾਨੋ ਸ਼ੌਕਤ ਵਿੱਚ ਫ਼ਰਕ ਪੈਂਦਾ ਹੈ। ਪੁੱਤਰ ਨੇ ਬਾਹਰ ਵਾਲੇ ਗੇਟ ਦੇ ਕੋਲ ਇੱਕ ਕਮਰਾ ਬਣਾ ਦਿਤਾ। ਮਾਤਾ ਦਾ ਮੰਜਾ-ਬਿਸਤਰਾ, ਖਾਣ-ਪੀਣ, ਰਹਿਣ-ਸਹਿਣ ਆਦਿ ਦਾ ਸਾਰਾ ਇੰਤਜਾਮ ਉਥੇ ਹੀ ਕਰ ਦਿਤਾ ਕਿਉਂਕਿ ਮਾਂ ਕੋਠੀ ਦੇ ਸ਼ਿੰਗਾਰ ਵਿੱਚ ਵਿਘਨ ਲਗਦੀ ਹੈ।

ਇੱਕ ਦਿਨ ਹੋਇਆ ਕਿ ਪੁੱਤਰ ਦਾ ਆਪਣਾ ਪਰਿਵਾਰ ਖਾਣਾ ਖਾਣ ਲਈ ਡਾਇਨਿੰਗ ਟੇਬਲ ਤੇ ਬੈਠਾ ਤੇ ਤਾਂ ਘਰ ਵਿਚੋਂ ਛੋਟੇ ਬੱਚੇ ਨੇ ਦਾਦੀ ਮਾਂ ਦਾ ਮਿੱਟੀ ਦਾ ਕਟੋਰਾ ਲਿਆ ਕੇ ਡਾਇਨਿੰਗ ਟੇਬਲ ਤੇ ਰੱਖ ਦਿਤਾ। ਜਦੋਂ ਪਿਤਾ ਨੇ ਇਹ ਦੇਖਿਆ ਤਾਂ ਬੱਚੇ ਨੂੰ ਕਹਿਣ ਲੱਗਾ “ਬੇਟਾ! ਇਹ ਕਟੋਰਾ ਦਾਦੀ ਮਾਂ ਦਾ ਹੈ ਉਸ ਨੂੰ ਵਾਪਸ ਕਰ ਕੇ ਆਉ। “ ਪਰ ਬੱਚੇ ਨੇ ਜਿੱਦ ਕੀਤੀ “ਪਾਪਾ! ਮੈਂ ਵਾਪਸ ਨਹੀ ਦੇਣਾ, ਮੈ ਇਹ ਇਥੇ ਹੀ ਰੱਖਣਾ ਹੈ। “ਘਰ ਦਾ ਮਾਲਕ ਪਿਤਾ ਸਮਝਾ ਰਿਹਾ ਹੈ “ਬੇਟਾ! ਇਸ ਨਾਲ ਡਾਇੰਨਿੰਗ ਟੇਬਲ ਦੀ ਸ਼ੋਭਾ ਨਹੀ ਬਣਦੀ, ਮੈਂ ਤੈਨੂੰ ਵਧੀਆ ਕਰਾਕਰੀ ਹੋਰ ਲਿਆ ਕੇ ਦਿਆਂਗਾ” ਪਰ ਬੱਚਾ ਮਿੱਟੀ ਦਾ ਕਟੋਰਾ ਛੱਡਣ ਲਈ ਤਿਆਰ ਨਹੀਂ ਤੇ ਬਾਪ ਖੋਹਣਾ ਚਾਹੁੰਦਾ ਹੈ। ਇਸੇ ਤਰਾਂ ਜਿੱਦ ਵਿੱਚ ਕਟੋਰਾ ਫਰਸ਼ ਤੇ ਡਿੱਗਾ ਅਤੇ ਟੁੱਟ ਗਿਆ। ਬੱਚਾ ਜ਼ਾਰ-ਜ਼ਾਰ ਰੋਣ ਲੱਗ ਪਿਆ। ਬਾਪ ਕਹਿੰਦਾ “ਪੁੱਤਰ! ਤੂੰ ਇਸ ਮਿੱਟੀ ਦੇ ਕਟੋਰੇ ਪਿੱਛੇ ਰੋ ਰਿਹਾ ਏਂ, ਮੈਂ ਤੈਨੂੰ ਚਾਂਦੀ ਦਾ, ਸੋਨੇ ਦਾ ਕਟੋਰਾ ਲਿਆ ਦਿਆਂਗਾ, ਤੂੰ ਰੋ ਨਾ, ਚੁੱਪ ਕਰ ਜਾ। ਤੂੰ ਇਸ 5-10 ਰੁਪਏ ਦੇ ਮਿੱਟੀ ਦੇ ਕਟੋਰੇ ਦਾ ਕੀ ਕਰਨਾ ਹੈ? “ ਬੱਚਾ ਜਵਾਬ ਦਿੰਦਾ ਹੈ “ਨਹੀ ਪਾਪਾ! ਮੈਂ ਇਹ ਕਟੋਰਾ ਤੁਹਾਡੇ ਲਈ ਸਾਂਭ ਕੇ ਰੱਖਣਾ ਸੀ, ਜਦੋਂ ਤੁਸੀਂ ਬੁੱਢੇ ਹੋ ਜਾਉਗੇ ਮੈਂ ਤੁਹਾਨੂੰ ਰੋਟੀ ਪਾਣੀ ਕਿਸ ਵਿੱਚ ਦੇਵਾਂਗਾ”।

ਇਸੇ ਵਿਸ਼ੇ ਉਪਰ ਸਾਡੇ ਬਚਪਨ ਅਤੇ ਜਵਾਨੀ ਵਿੱਚ (ਮੇਰੀ ਤੋਂ ਤੇਰੀ) ਬਦਲੇ ਰਵਈਏ ਪ੍ਰਤੀ ਇੱਕ ਵਿਦਵਾਨ ਕਵੀ ਦੇ ਬੋਲ ਧਿਆਨ ਦੇਣ ਯੋਗ ਹਨ-

-ਨਿਕੇ ਹੁੰਦੇ ਤਾਂ ਲੜਦੇ ਸੀ ਮਾਂ ਮੇਰੀ ਏ ਮਾਂ ਮੇਰੀ ਏ।

ਵੱਡੇ ਹੋ ਕੇ ਵੀ ਲੜਦੇ ਹਾਂ ਮਾਂ ਤੇਰੀ ਏ ਮਾਂ ਤੇਰੀ ਏ।

-ਇਕ ਮਾਂ ਉਦੋਂ ਰੋਂਦੀ ਸੀ ਜਦੋਂ ਉਸਦਾ ਪੁੱਤਰ ਰੋਟੀ ਨਹੀਂ ਸੀ ਖਾਂਦਾ।

ਤੇ ਇੱਕ ਮਾਂ ਅਜ ਰੋਂਦੀ ਏ ਜਦੋਂ ਉਸਦਾ ਪੁੱਤਰ ਉਸਨੂੰ ਰੋਟੀ ਨਹੀਂ ਦਿੰਦਾ।

ਇਸ ਸਬੰਧ ਵਿੱਚ ਕੁੱਝ ਵਿਦਵਾਨਾਂ ਦੇ ਮਾਂ ਪ੍ਰਤੀ ਕਹੇ ਅਤਿ ਸਤਿਕਾਰਤ ਅਤੇ ਭਾਵਪੂਰਤ ਸ਼ਬਦ ਵੀ ਵਾਚਣਯੋਗ ਹਨ-

- ‘ਅਸੀਂ ਰੱਬ ਤਾਂ ਵੇਖਿਆ ਨਹੀਂ ਪਰ ਅਸੀਂ ਸਾਰੇ ਭੈਣ ਭਰਾਵਾਂ ਨੇ ਮਾਂ ਜਰੂਰ ਵੇਖੀ ਹੈ। `

(ਰਾਬਿੰਦਰ ਨਾਥ ਟੈਗੋਰ)

- ‘ਰੱਬ ਹਰ ਜਗ੍ਹਾ ਨਹੀਂ ਜਾ ਸਕਦਾ, ਇਸ ਲਈ ਉਸਨੇ ਮਾਂ ਬਣਾ ਦਿਤੀ। `

(ਟਾਲਸਟਾਏ)

- ‘ਮੈਂ ਜੋ ਕੁੱਝ ਵੀ ਹਾਂ ਜਾਂ ਹੋਣ ਦੀ ਆਸ ਰਖਦਾ ਹਾਂ, ਇਸ ਦਾ ਸਿਹਰਾ ਮੇਰੀ ਫਰਿਸ਼ਤਿਆਂ

ਵਰਗੀ ਮਾਂ ਦੇ ਸਿਰ ਜਾਂਦਾ ਹੈ। `

(ਅਬਰਾਹੀਮ ਲਿੰਕਨ)

ਮਾਤਾ ਪਿਤਾ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆਪ ਔਖੇ ਰਹਿ ਕੇ ਵੀ ਕਦੀ ਨਹੀਂ ਚਾਹੁੰਦੇ ਕਿ ਸਾਡੇ ਜਿਊਂਦੇ ਜੀਅ ਸਾਡੀ ਔਲਾਦ ਯਤੀਮਖਾਨੇ ਚਲੀ ਜਾਵੇ, ਪਰ ਅੱਜ ਦੇ ਬੱਚੇ ਕਿਉਂ ਸੋਚਣ ਲੱਗ ਪਏ ਹਨ ਕਿ ਚੰਗਾ ਹੋਵੇ ਜੇ ਸਾਡੇ ਮਾਂ-ਬਾਪ ਬਿਰਧ ਆਸ਼ਰਮ ਚਲੇ ਜਾਣ। ਗੁਰੂਆਂ ਦੀ ਵਰੋਸਾਈ ਪੰਜਾਬ ਦੀ ਧਰਤੀ ਉਪਰ ਬਿਰਧ ਆਸ਼ਰਮ ਖੁੱਲ ਜਾਣੇ ਅਤੇ ਚੱਲ ਜਾਣੇ, ਅਤਿ ਚਿੰਤਾ ਦਾ ਵਿਸ਼ਾ ਹੈ।

ਜੇਕਰ ਅਸੀਂ ਆਪਣੇ ਘਰਾਂ ਵਿੱਚ ਬਜੁਰਗਾਂ ਦਾ ਮਾਣ ਸਤਿਕਾਰ ਨਹੀ ਕਰਦੇ ਤਾਂ ਇਹ ਸਭ ਸਾਡੇ ਬੱਚੇ ਵੇਖ ਰਹੇ ਨੇ, ਅਸੀਂ ਵੀ ਆਪਣੇ ਹਸ਼ਰ ਨੂੰ ਮਹਿਸੂਸ ਕਰ ਲਈਏ ਤਾਂ ਹੀ ਵਿਸ਼ਾ ਅਧੀਨ ਸ਼ਬਦ ਰਾਹੀਂ ਸਤਿਗੁਰੂ ਸਾਨੂੰ ਕਹਿ ਰਹੇ ਹਨ-

ਕਾਹੇ ਪੂਤ ਝਗਰਤ ਹਉ ਸੰਗਿ ਬਾਪ।।

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।।

(ਸਾਰਗ ਮਹਲਾ ੪-੧੨੦੦)

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਕੱਟੜਵਾਦੀ ਸਿੱਖ ਅਖਣਾਉਣ ਵਾਲੇ ਧਰਮ ਦੀ ਦੁਨੀਆਂ ਦੇ ਨਾਮ ਉਤੇ ਆਪਣੇ ਹੀ ਬਜ਼ੁਰਗਾਂ ਨਾਲ ਈਰਖਾ ਕਰੀ ਜਾਂਦੇ ਨੇ। ਮੈਂ ਬੇਨਤੀ ਕਰਾਂ ਗੁਰੂ ਬਾਅਦ ਵਿੱਚ ਹੈ ਪਹਿਲਾਂ ਮਾਂ-ਬਾਪ। ਜੇਕਰ ਭਾਈ ਗੁਰਦਾਸ ਜੀ ਨੂੰ ਪੁਛੀਏ ਤਾਂ ਉਹ ਕਹਿੰਦੇ ਹਨ ਕਿ ਕੋਈ ਮਨੁੱਖ ਜਿੰਨਾਂ ਮਰਜ਼ੀ ਧਰਮੀ ਹੋਣ ਦਾ ਦਾਅਵੇਦਾਰ ਬਣਦਾ ਫਿਰੇ, ਬਹੁਤ ਵੱਡਾ ਤੀਰਥ ਇਸ਼ਨਾਨੀ, ਬੜਾ ਵੱਡਾ ਦਾਨੀ ਬਣਦਾ ਫਿਰੇ ਆਪਣੇ ਆਪ ਵਿਚ। ਭਾਈ ਸਾਹਿਬ ਲਿਖਦੇ ਹਨ-

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਹਾਣੀ।

ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ।

ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਸਮਾਣੀ।

ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣ ਵਾਣੀ।

ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੁਲਾਣੀ।

ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।

ਗੁਰ ਪਰਮੇਸਰੁ ਸਾਰੁ ਨ ਜਾਣੀ।। ੧੩।।

(ਭਾਈ ਗੁਰਦਾਸ ਜੀ -ਵਾਰ ੩੭ ਪਉੜੀ ੧੩)

ਮੈਂ ਨਹੀਂ ਕਹਿ ਰਿਹਾ ਇਹ ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਜੋ ਮਾਂ-ਪਿਉ ਨੂੰ ਛੱਡ ਕੇ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਫਿਰੇ, ਉਹ ਸਭ ਤੋਂ ਵੱਡਾ ਬੇਈਮਾਨ ਮਨੁੱਖ ਹੈ, ਜੋ ਮਾਂ-ਬਾਪ ਪ੍ਰਤੀ ਆਪਣੇ ਫ਼ਰਜਾਂ ਨੂੰ ਭੁੱਲ ਕੇ ਹੋਰ ਫੋਕੇ ਕਰਮਕਾਂਡਾਂ ਦਾ ਦਿਖਾਵਾ ਕਰਦਾ ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰੀਏ। ਠੀਕ ਸਮਾਜ ਉਸਰਦਾ ਹੀ ਉਸ ਸਮੇਂ ਹੈ, ਜਦੋਂ ਸੁਚੱਜੇ ਸਮਾਜ ਦੀ ਉਸਾਰੀ ਆਪਣੇ ਆਪ ਤੋਂ ਆਰੰਭ ਕਰੀਏ। ਨਿੱਜੀ ਜੀਵਨ ਤੋਂ ਬਾਅਦ, ਪਰਿਵਾਰਕ ਜੀਵਨ, ਫਿਰ ਸਮੁੱਚਾ ਸਮਾਜ ਅਤੇ ਆਪਣੇ ਫ਼ਰਜਾਂ ਪ੍ਰਤੀ ਦ੍ਰਿੜਤਾ। ਕਿਧਰੇ ਆਪਾਂ ਵੀ ਸੁਚੱਜੇ ਸਮਾਜ ਦੀ ਉਸਾਰੀ ਕਰ ਸਕੀਏ। ਭਗਤ ਰਵਿਦਾਸ ਜੀ ਦਾ ਦਰਸਾਇਆ ਉਹ ਸਮਾਜ ਜੋ ਬਾਣੀ ਵਿੱਚ ਬਖ਼ਸ਼ਿਸ਼ ਕਰਦੇ ਹਨ-

ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹ ਠਾਉ।।

(ਗਉੜੀ ਰਵਿਦਾਸ ਜੀ-੩੪੫)

ਅਸੀਂ ਸਾਰੇ ਰਲ ਮਿਲ ਕੇ ਉਹ ਸਮਾਜ ਉਸਾਰੀਏ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲੋਂ ਚਾਹੁੰਦੀ ਹੈ। ਜਿਸ ਦੇ ਵਸਨੀਕਾਂ ਦੇ ਜੀਵਨ ਦੀ ਗੱਲ ਗੁਰੂ ਤੇਗ ਬਹਾਦਰ ਜੀ ਕਰਦੇ ਹਨ-

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ।।

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।।

(ਸੋਰਠਿ ਮਹਲਾ ੯-੬੩੩)

ਮੱਤ ਕਿਧਰੇ ਸੋਚਿਓ! ਕਿ ਕੋਈ ਬਾਹਰੋਂ ਆ ਕੇ ਸੁੱਚਜਾ ਸਮਾਜ ਉਸਾਰੇਗਾ, ਨਹੀ! ਇਹ ਅਸੀਂ ਉਸਾਰਨਾ ਹੈ, ਇਹ ਜਿੰਮੇਵਾਰੀ ਸਾਡੀ ਹੈ। ਸਤਿਗੁਰੂ ਜੀ ਨੇ ਇਹ ਜਿੰਮੇਵਾਰੀ ਸਾਡੀ ਲਾਈ ਹੈ, ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿੰਦੇ ਹਾਂ, ਜਿੰਨਾਂ ਨੂੰ ਅਸੀਂ ਗੁਰੂ ਸਾਹਿਬ ਆਖਦੇ ਹਾਂ, ਉਹ ਗੁਰੂ ਜੀ ਸਾਡੇ ਕੋਲੋਂ ਮੰਗ ਕਰਦੇ ਹਨ-ਸਿੱਖਾ! ਕੇਵਲ ਮੱਥੇ ਹੀ ਨਾ ਟੇਕੀ ਜਾ, ਗੁਰੂ ਦੀ ਮੱਤ ਵੀ ਲੈ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਡੇ ਜੀਵਨ ਦਾ ਕੋਈ ਹਿੱਸਾ ਨਹੀ ਛੱਡਿਆ, ਜਿਸ ਬਾਰੇ ਸਾਨੂੰ ਕੋਈ ਅਗਵਾਈ ਨਾ ਦਿਤੀ ਹੋਵੇ। ਇਹ ਵੱਖਰੀ ਗੱਲ ਹੈ ਕਿ ਸਾਨੂੰ ਅਗਵਾਈ ਲੈਣੀ ਨਹੀਂ ਆਉਂਦੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ-ਕਲਾ ਸਮਰੱਥ ਹੈ।

ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਣੀ ਅੰਦਰ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦੀ ਬਾਤ ਕੀਤੀ ਹੈ। ਪੁੱਤਰ ਗਲਤੀ ਕਰਦਾ ਹੈ ਤਾਂ ਬਾਪ ਆਪਣੇ ਬਾਪ ਹੋਣ ਦੇ ਹੱਕ ਦੀ ਵਰਤੋਂ ਕਰਦਿਆਂ ਹੋਇਆਂ ਆਪਣੇ ਪੁੱਤਰ ਨੂੰ ਝਿੜਕਦਾ ਵੀ ਹੈ ਤੇ ਮਾਰਦਾ ਵੀ ਹੈ, ਪਰ ਬਾਪ ਦੀ ਮਮਤਾ ਉਸ ਨੂੰ ਮਜ਼ਬੂਰ ਕਰ ਦਿੰਦੀ ਹੈ, ਝਿੜਕਾਂ ਮਾਰ ਕੇ ਵੀ ਕੁੱਝ ਸਮੇਂ ਬਾਅਦ ਬਾਪ ਆਪਣੇ ਬੱਚੇ ਨੂੰ ਆਪਣੀ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ।

ਸਤਿਗੁਰੂ ਅਰਜਨ ਦੇਵ ਜੀ ਨੇ ਬੜੇ ਸੁੰਦਰ ਬੋਲਾਂ ਵਿੱਚ ਸਾਨੂੰ ਅਗਵਾਈ ਦਿਤੀ ਹੈ-

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।

(ਸੋਰਠਿ ਮਹਲਾ ੫-੬੨੪)

ਜਦੋਂ ਬੱਚਾ ਗ਼ਲਤੀਆਂ ਕਰਦਾ ਹੈ, ਮਾਰ ਖਾਂਦਾ ਹੈ, ਝਿੜਕਾਂ ਖਾਂਦਾ ਹੈ, ਪਰ ਜਦੋਂ ਪਿਤਾ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ ਤਾਂ ਫਿਰ ਬੱਚੇ ਦਾ ਵੀ ਅੱਗੋਂ ਫ਼ਰਜ਼ ਬਣਦਾ ਹੈ ਕਿ ਆਪਣੀ ਗਲਤੀ ਮੰਨਦਾ ਹੋਇਆ ਬੇਨਤੀ ਕਰੇ-

ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ।।

(ਸੋਰਠਿ ਮਹਲਾ ੫- ੬੨੪)

ਹੇ ਮੇਰੇ ਗੁਰੂ ਪਿਤਾ ਜੀਓ! ਮੇਰੇ ਪਿਛਲੇ ਗੁਨਾਹਾਂ ਨੂੰ ਬਖ਼ਸ਼ ਦਿਉ ਤੇ ਅੱਗੇ ਤੋਂ ਮੇਰਾ ਮਾਰਗ ਦਰਸ਼ਨ ਕਰ ਦਿਉ। ਖ਼ਿਆਲ ਕਰਿਉ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਮਾਰਗ ਦਰਸ਼ਨ ਕਰਨ ਦੇ ਸਮਰੱਥ ਹਨ, ਪਰ ਅਸੀਂ ਗੁਰੂ ਸਾਹਿਬ ਕੋਲ ਆਪਣੇ ਗੁਨਾਹਾਂ ਨੂੰ ਮੰਨਣ ਲਈ ਤਿਆਰ ਨਹੀਂ ਹਾਂ। ਸੋਚੋ ਕਿ ਜਿਹੜਾ ਸਿੱਖ ਗੁਰੂ ਕੋਲ ਜਾ ਕੇ ਆਪਣੇ ਗੁਨਾਹਾਂ ਨੂੰ ਨਹੀ ਮੰਨਦਾ ਤਾਂ ਗੁਰੂ ਜੀ ਉਸ ਨੂੰ ਅਗਵਾਈ ਕਿਵੇਂ ਦੇਣਗੇ?

ਬਸ ਲੋੜ ਗੁਰਬਾਣੀ ਅੰਦਰ ਉਚਾਰਣ ਕੀਤੇ ਗਏ ਬਚਨਾਂ ਅਨੁਸਾਰ ਭਰੋਸਾ ਕਰਨ ਦੀ ਹੈ, ਜੇ ਅਸੀਂ ਗਲਤੀ ਕਰ ਵੀ ਬੈਠੇ ਹਾਂ ਤਾਂ ਵੀ ਪ੍ਰਮੇਸ਼ਰ ਦੇ ਬਖਸ਼ੰਦ ਸੁਭਾਉ ਨੂੰ ਮਨੋਂ ਨਾ ਵਿਸਾਰਦੇ ਹੋਏ ‘ਆਗੈ ਸਮਝ ਚਲਉ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ` ਵਾਲੇ ਮਾਰਗ ਦੇ ਪਾਂਧੀ ਬਣ ਜਾਈਏ।

-ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ।।

ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ।।

(ਸਿਰੀ ਰਾਗ ਮਹਲਾ ੫-੫੧)

-ਸੁਤੁ ਅਪਰਾਧ ਕਰਤ ਹੈ ਜੇਤੇ।।

ਜਨਨੀ ਚੀਤਿ ਨ ਰਾਖਸਿ ਤੇਤੇ।। ੧।।

ਰਾਮਈਆ ਹਉ ਬਾਰਿਕੁ ਤੇਰਾ।।

ਕਾਹੇ ਨ ਖੰਡਸਿ ਅਵਗਨੁ ਮੇਰਾ।। ੧।। ਰਹਾਉ।।

(ਆਸਾ ਕਬੀਰ ਜੀ-੪੭੮)

ਸਿਖਿਆ- ਸਾਨੂੰ ਆਪਣੇ ਘਰਾਂ ਅੰਦਰ ਆਪਣੇ ਬਜ਼ੁਰਗਾਂ ਦਾ ਹਰ ਹਾਲਤ ਵਿੱਚ ਮਾਣ ਸਤਿਕਾਰ ਕਾਇਮ ਰੱਖਣਾ ਸਾਡਾ ਪੂਰਨ ਫਰਜ਼ ਬਣਦਾ ਹੈ। ਮਰਣ ਉਪੰਰਤ ਬਜ਼ੁਰਗਾਂ ਨਮਿਤ ਕੀਤੇ ਗਏ ਦਿਖਾਵੇ ਵਾਲੇ ਆਡੰਬਰਾਂ ਦਾ ਗੁਰਮਤਿ ਵਿੱਚ ਕੋਈ ਨਾਂ ਸਥਾਨ ਹੈ ਅਤੇ ਨਾਂ ਹੀ ਕੋਈ ਲਾਭ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਅਸੀਂ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

==============

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.