.

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ

ਮਹਲਾ 4॥

ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ---305

ਰਾਮ ਹਰਿ ਅੰਮ੍ਰਿਤਸਰਿ ਨਾਵਾਰੇ---981

ਗੁਰਿ ਅੰਮ੍ਰਿਤਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ---732

ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿਸਰਿ ਨਾਤਾ---984

ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ---493

ਸਤਿਗੁਰੁ ਪੁਰਖੁ ਅੰਮ੍ਰਿਤਸਰੁ ਵਡਭਾਗੀ ਨਾਵਹਿ ਆਇ ॥

ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ---40

ਮਹਲਾ 3

ਅੰਤਰੁ ਨਿਰਮਲੁ ਅੰਮ੍ਰਿਤਸਰਿ ਨਾਏ --- 363

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤਸਰਿ ਨਾਤਾ---510

ਕਾਇਆ ਅੰਦਰਿ ਅੰਮ੍ਰਿਤਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ---1046

ਸਤਿਗੁਰੁ ਹੈ ਅੰਮ੍ਰਿਤਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ---113

ਸਿਰਲੇਖ ਵਾਲਾ ਗੁਰਵਾਕ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਤੇ ਸੋਰਠਿ ਮਹਲਾ 5 ਘਰੁ 3 ਚਉਪਦੇ 10 ਦੀ ਦੂਸਰੀ ਪੰਗਤੀ ਹੈ। ਆਮ ਸਿੱਖ ਇਹ ਗੁਰਵਾਕ ਤੇ ਉਪਰ ਲਿਖੇ ਸ਼ਬਦ ਸੁਣ ਕੇ ਇਹ ਸਮਝਦੇ ਹਨ ਕਿ ਗੁਰੂ ਜੀ ਸਾਨੂੰ ਅੰਮ੍ਰਿਤਸਰ ਜਾ ਕੇ ਚਉਥੀ ਪਾਤਸ਼ਾਹੀ ਸਿਰੀ ਗੁਰੂ ਰਾਮ ਦਾਸ ਜੀ ਦੇ ਬਣਾਏ ਹੋਏ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਕਰਦੇ ਹਨ ਅਤੇ ਉਹਨਾਂ ਸਿੱਖਾਂ ਦੇ ਕੀਤੇ ਹੋਏ ਪਾਪ ਮੁਆਫ ਹੋ ਜਾਣ ਦੀ ਗਰੰਟੀ ਦਿੰਦੇ ਹਨ। ਸਿੱਖੀ ਦੇ ਬਹੁਤੇ ਪਰਚਾਰਕ, ਰਾਗੀ-ਢਾਡੀ, ਗੁਰਦੁਆਰਿਆਂ ਦੇ ਪਰਬੰਧਕ ਅਤੇ ਡੇਰੇਦਾਰ ਅਗਿਆਨੀ ਸਿੱਖਾਂ ਤੋਂ ਮਾਇਆ ਬਿਟੋਰਨ ਲਈ ਇਹੀ ਪਰਚਾਰ ਕਰਦੇ ਹਨ, ਗੁਰਦਵਾਰਿਆਂ ਨਾਲ ਸਰੋਵਰ ਬਣਾਉਂਦੇ ਹਨ ਅਤੇ ਕੰਧਾਂ ਉਪਰ ਇਹ ਗੁਰਵਾਕ ਛਾਪਦੇ ਹਨ। ਗੁਰਮਤਿ ਤੋਂ ਅਨਜਾਣ ਸਿੱਖ ਮੱਸਿਆ, ਪੁੰਨਿਆ ਤੇ ਸੰਗਰਾਂਦ ਵਾਲੇ ਦਿਨ ਪੂਰੀ ਸ਼ਰਧਾ ਨਾਲ ਇਸ਼ਨਾਨ ਕਰਕੇ ਆਪਣਾ ਕੀਮਤੀ ਸਮਾ ਤੇ ਮਾਇਆ ਬਰਬਾਦ ਕਰਦੇ ਹਨ। ਸਿੱਖੀ ਦੇ ਸੱਭ ਤੋਂ ਵੱਡੇ ਦੁਸ਼ਮਣ ਗੁਰਦਵਾਰਾ ਪਰਬੰਧਕ, ਡੇਰੇਦਾਰ, ਪਾਠੀ-ਪਰਚਾਰਕ ਤੇ ਰਾਗੀ-ਢਾਡੀ ਹਨ।

ਮਹਲਾ 1

ਗੁਰੁ ਸਾਗਰੁ ਅੰਮ੍ਰਿਤਸਰੁ ਜੋ ਇਛੇ ਸੋ ਫਲੁ ਪਾਏ---1011

ਬਿਖਿਆ ਮਲੁ ਜਾਇ ਅੰਮ੍ਰਿਤਸਰਿ ਨਾਵਹੁ ---1043

ਇਨ੍ਹਾਂ ਗੁਰਵਾਕਾਂ ਰਾਹੀਂ ਗੁਰੂ ਨਾਨਕ ਜੀ ਸਮਝਾਉਂਦੇ ਹਨ ਕਿ ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ ਤੇ ਇਸ ਅੰਮ੍ਰਿਤ ਵਿੱਚ ਨਹਾਉਣ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ। ਗੁਰੂ ਜੀ ਇਥੇ ਜਿਸ ਅੰਮ੍ਰਿਤਸਰ ਦਾ ਸੰਕੇਤ ਦਿੰਦੇ ਹਨ ਉਹ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਉਪਦੇਸ, ਸਿਖਿਆ, ਹੁਕਮ, ਗੁਰਮਤਿ ਗਿਆਨ ਆਦਿ ਬਾਰੇ ਹੈ। ਇਸੇ ਤਰਾਂ ਗੁਰੂ ਅਮਰ ਦਾਸ ਜੀ ਵੀ ਅਜਿਹੇ ਹੀ ਸੰਕੇਤ ਦਿੰਦੇ ਹਨ ਨਾਂ ਕਿ ਹੁਣ ਵਾਲੇ ਅੰਮ੍ਰਿਤਸਰ ਸ਼ਹਿਰ ਬਾਰੇ ਜੋ ਕਿ ਉਦੋਂ ਬਣਿਆ ਹੀ ਨਹੀਂ ਸੀ।

ਪ੍ਰਭਾਤੀ ਮਹਲਾ 5

ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥

ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ---1348

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ --- 484

ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥

ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ---39

ਹਉਮੈ ਮੈਲਾ ਇਹੁ ਸੰਸਾਰਾ ॥ ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ---230

ਗੁਰੂ ਅਰਜਨ ਦੇਵ ਜੀ ਦੀ ਬਾਣੀ ਬਿਭਾਸ ਪ੍ਰਭਾਤੀ ਮਹਲਾ 5 ਅਸਟਪਦੀ 2 ਦਾ ਦੂਸਰਾ ਬੰਦ ਪੜ੍ਹਕੇ ਤਾਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਤੀਰਥ ਤੇ ਇਸ਼ਨਾਨ ਕਰਨ ਨਾਲ ਪਾਪ ਨਹੀ ਉਤਰਦੇ। ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਲੋਕ ਕਾਮੁ, ਕ੍ਰੋਧੁ, ਲਭੁ, ਮੋਹੁ, ਅਹੰਕਾਰੁ ਆਦਿ ਪੰਚਾਂ ਦੇ ਵੱਸ ਵਿੱਚ ਪਾਪ ਕਰਦੇ ਹਨ ਫਿਰ ਕਿਸੇ ਤੀਰਥ ਤੇ ਇਸ਼ਨਾਨ ਕਰ ਕੇ ਸਮਝਦੇ ਹਨ ਕਿ ਸਾਰੇ ਪਾਪ ਉਤਰ ਗਏ ਹਨ ਤੇ ਬੇਫਿਕਰ ਹੋ ਕੇ ਮੁੜ ਮੁੜ ਉਹੀ ਪਾਪ ਕਰੀ ਜਾਂਦੇ ਹਨ। ਪਾਪ ਕਰਨ ਵਾਲੇ ਲੋਕ ਕਾਲੰਕੀ ਹੀ ਰਹਿੰਦੇ ਹਨ। ਇਹ ਨੂੜ੍ਹਕੇ ਤੇ ਬੰਨ੍ਹ ਕੇ ਜਮਰਾਜ ਦੇ ਦੇਸ ਅਪੜਾਏ ਜਾਂਦੇ ਹਨ। ਕਬੀਰ ਜੀ ਤੀਰਥ-ਇਸ਼ਨਾਨੀਆਂ ਦੀ ਤੁਲਨਾ ਪਾਣੀ ਵਿਚਲੇ ਡੱਡੂਆਂ ਬਰਾਬਰ ਕਰਦੇ ਹਨ।

ਝਗਰਾ ਏਕੁ ਨਿਬੇਰਹੁ ਰਾਮ ॥

ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥

ਰਾਮੁ ਬਡਾ ਕੈ ਰਾਮਹਿ ਜਾਨਿਆ ॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥

ਬੇਦੁ ਬਡਾ ਕਿ ਜਹਾਂ ਤੇ ਆਇਆ ॥ ਕਹਿ ਕਬੀਰ ਹਉ ਭਇਆ ਉਦਾਸੁ ॥

ਤੀਰਥੁ ਬਡਾ ਕਿ ਹਰਿ ਕਾ ਦਾਸੁ---331

ਹੇ ਰਾਮ (ਪ੍ਰਭੂ) ਮੇਰੇ ਇੱਕ ਝਗੜੇ ਦਾ ਨਿਬੇੜਾ ਕਰ ਦੇਹ ਕਿ ਕੀ ਮਨ ਬਢਾ ਹੈ ਜਾਂ ਜਿਸ ਦੇ ਪਿਛੇ ਮਨ ਲਗ ਜਾਂਦਾ ਹੈ? ਕੀ ਰਾਮ (ਪ੍ਰਮਾਤਮਾ) ਬਢਾ ਹੈ ਕਿ ਜਿਸ (ਮਹਾਪੁਰਖ) ਨੇ ਰਾਮ ਨੂੰ ਜਾਨਿਆ ਹੈ? ਕੀ ਬ੍ਰਹਮਾ ਬਢਾ ਹੈ ਜਾਂ ਜਿਸ ਨੇ ਬ੍ਰਹਮਾ ਉਪਾਇਆ ਹੈ? ਕੀ ਬੇਦੁ ਬਢਾ ਹੈ ਜਾਂ ਉਹ (ਮਹਾਂਪੁਰਖ) ਜਿਸ ਨੇ ਬੇਦੁ ਬਣਾਇਆ? ਕਬੀਰ ਜੀ ਆਖਦੇ ਹਨ, ਮੇਰੇ ਮਨ ਵਿੱਚ ਇੱਕ ਸ਼ੱਕ ਉਠ ਰਿਹਾ ਹੈ ਕਿ ਤੀਰਥ (ਧਰਮ ਅਸਥਾਨ) ਪੂਜਣ-ਜੋਗ ਹੈ ਜਾਂ ਉਹ ਭਗਤ ਵਧੀਕ ਪੂਜਣ-ਜੋਗ ਹੈ ਜਿਸਦਾ ਸਦਕਾ ਤੀਰਥ ਬਣਿਆ? ਭਗਤ ਜੀ ਸਪਸ਼ਟ ਕਰਦੇ ਹਨ ਕਿ ਸਤਿਗੁਰਾਂ ਦੀ ਸੇਵਾ ਹੀ ਸੱਭ ਤੋਂ ਵੱਡਾ ਤੀਰਥ-ਇਸ਼ਨਾਨ ਹੈ। ਹਉਮੈ ਦੀ ਮੈਲ ਮਨ ਭਾਉਂਦੇ ਤੀਰਥ ਤੇ ਰਹਿਣ ਨਾਲ ਤੇ ਉਥੇ ਆਰੇ ਨਾਲ ਸਰੀਰ ਚਰਵਾਉਣ ਨਾਲ ਨਹੀਂ ਉਤਰਦੀ। ਇਹ ਤਾਂ ਸਤਿਗੁਰਾਂ ਦੀ ਸੇਵਾ ਨਾਲ ਹੀ ਲਹਿੰਦੀ ਹੈ।

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ

ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥3॥ ਸਤਿਗੁਰੁ ਸੇਵੇ ਤਾ ਮਲੁ ਜਾਏ---116

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥

ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ---641

ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥

ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ---265

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥

ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ---216

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥

ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ --- 484

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥

ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ --- 558

ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥

ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ---265

ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥

ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ --- 637

ਗੁਰੂ ਨਾਨਕ ਜੀ ਲਿਖਦੇ ਹਨ ਤੀਰਥ ਇਸ਼ਨਾਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਇਸ ਦਾ ਜੇ ਕਿਸੇ ਨੂੰ ਕੋਈ ਫਲ ਮਿਲ ਭੀ ਜਾਏ ਤਾਂ ਉਹ ਤਿਲ ਜਿੱਨਾ ਹੀ ਹੋਵੇਗਾ। ਪਾਣੀ ਨਾਲ ਸਰੀਰ ਦੀ ਮਲੈ ਉਤਰਦੀ ਹੈ ਤੇ ਸਾਬਣ ਨਾਲ ਕਪੜੇ ਸਾਫ ਹੁੰਦੇ ਹਨ। ਪਾਣੀ ਤੇ ਸਾਬਣ ਨਾਲ ਮਨ ਦੀ ਮੈਲ ਨਹੀਂ ਲਹਿੰਦੀ। ਮਨੁੱਖ ਦੀ ਪਾਪਾਂ ਨਾਲ ਮਲੀਨ ਹੋਈ ਮਤਿ ਤਾਂ ਨਾਮ ਧਿਆਉਣ ਨਾਲ ਹੀ ਧੋਈ ਜਾ ਸਕਦੀ ਹੈ। ਜਿਨ੍ਹਾਂ ਨੇ ਨਾਮ ਧਿਆਇਆ ਹੈ ਉਹ ਘਾਲਣਾ-ਘਾਲ ਗਏ ਹਨ।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ---2

ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥

ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ---4

ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥

ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥

ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ --- 4

ਜੁਗਰਾਜ ਸਿੰਘ ਧਾਲੀਵਾਲ
.