.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-17)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-16 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

===========

ਸਲੋਕ ਮਹਲਾ ੪ (੩੦੬)

ਮਲੁ ਜੂਈਂ ਭਰਿਆ ਨੀਲਾ ਕਾਲਾ ਖਿਧੋਲੜਾ

ਤਿਨਿ ਵੇਮੁਖਿ ਵੇਮੁਖੈ ਨੋ ਪਾਇਆ।।

ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ

ਸਗਵੀ ਮਲੁ ਲਾਇ ਮਨਮੁਖ ਆਇਆ।।

ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿਕੈ ਭੇਜਿਆ

ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ।।

ਤੜ ਸੁਣਿਆ ਸਭਤੁ ਜਗਤ ਵਿਚਿ ਭਾਈ

ਵੇਮੁਖੁ ਸਣੈ ਨਫਰੈ ਪਉਲੀ ਪਉਦੀ

ਫਾਵਾ ਹੋਇਕੈ ਉਠਿ ਘਰਿ ਆਇਆ।।

ਅਗੈ ਸੰਗਤੀ ਕੂੜਮੀ ਵੇਮੁਖੁ ਰਲਣਾ ਨ ਮਿਲੈ

ਤਾਂ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ।।

ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ।।

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ

ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ।।

ਜੋ ਨਿੰਦਾ ਕਰੇ ਸਤਿਗੁਰੁ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ।।

ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ।।

(ਗਉੜੀ ਕੀ ਵਾਰ ਮਹਲਾ ੪ -ਪਉੜੀ ੧੨ ਸਲੋਕ ੧)

ਜਿਵੇਂ ਪਹਿਲੇ ਭਾਗ-16 ਵਿੱਚ ਵੀ ਦਸਿਆ ਜਾ ਚੁਕਾ ਹੈ ਕਿ ਗੋਇੰਦੇ ਮਰਵਾਹੇ ਵਲੋਂ ਸ਼ਰੀਕੇ ਭਾਈਚਾਰੇ ਦੀ ਵਿਰੋਧਤਾ ਕਾਰਨ ਨਗਰ ਵਸਾਉਣ ਵਿੱਚ ਅਸਫਲ ਰਹਿਣ ਕਾਰਣ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਣ ਤੇ ਸਤਿਗੁਰੂ ਜੀ ਨੇ ਬਾਬਾ ਅਮਰਦਾਸ ਨੂੰ ਗੋਇੰਦੇ ਦੀ ਬੇਨਤੀ ਉਪਰ ਗੋਇੰਦਵਾਲ ਨਗਰ ਵਸਾਉਣ ਦਾ ਹੁਕਮ ਕੀਤਾ ਸੀ। ਬਾਬਾ ਅਮਰਦਾਸ ਜੀ ਨੇ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਨਾਲ ਕੇਵਲ ਇਹ ਨਗਰ ਵਸਾਇਆ ਹੀ ਨਹੀ ਸਗੋਂ ਸਮੇਂ ਦੀ ਹਰ ਲੋੜ ਅਨੁਸਾਰ ਨਗਰ ਨੂੰ ਹਰ ਪੱਖੋਂ ਵਿਕਸਿਤ ਵੀ ਕੀਤਾ। ਜਿਸ ਤੋਂ ਪ੍ਰਭਾਵਤ ਹੋ ਕੇ ਗੋਇੰਦਾ ਗੁਰੂ ਘਰ ਦਾ ਅਨਿੰਨ-ਸ਼ਰਧਾਲੂ ਸੇਵਕ ਬਣ ਚੁੱਕਾ ਸੀ।

ਗੋਇੰਦੇ ਦੇ ਜੀਊਂਦੇ ਜੀਅ ਤਾਂ ਸ਼ਰੀਕੇ, ਭਾਈਚਾਰੇ, ਵਿਰੋਧੀਆਂ ਦੀ ਪੇਸ਼ ਨਾ ਜਾ ਸਕੀ। ਪਰ ਗੋਇੰਦੇ ਦੇ ਅਕਾਲ ਚਲਾਣਾ ਕਰ ਜਾਣ ਉਪੰਰਤ ਉਸਦੀ ਔਲਾਦ ਆਪਣੇ ਬਾਪ ਦੇ ਨਕਸ਼ੇ ਕਦਮਾਂ ਤੇ ਚਲਣ ਦੀ ਬਜਾਏ ਵਿਰੋਧੀਆਂ ਦੀ ਚੁੱਕਣਾ ਵਿੱਚ ਆ ਗਈ। ਉਹ ਗੁਰੂ ਅਮਰਦਾਸ ਜੀ ਦੀ ਅਕਾਰਣ ਵਿਰੋਧਤਾ ਕਰਨ ਲਗ ਪਏ। ਜਾਤ-ਪਾਤ, ਵਰਣ-ਵੰਡ ਦੇ ਹਮਾਇਤੀ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਨੂੰ ਅੱਗੇ ਲਾ ਕੇ ਆਪਣਾ ਉੱਲੂ ਸਿਧਾ ਕਰਨਾ ਚਾਹੁੰਦੇ ਸਨ। ਗੁਰੂ ਅਮਰਦਾਸ ਜੀ ਦੇ ਅਹਿਸਾਨਾਂ ਪ੍ਰਤੀ ਅਹਿਸਾਨ-ਮੰਦ ਹੋਣ ਦੀ ਥਾਂ ਤੇ ਗੋਇੰਦੇ ਦੇ ਦੋਵੇਂ ਲੜਕੇ ਈਰਖਾ ਦੀ ਅੱਗ ਵਿੱਚ ਸੜਣ ਲੱਗੇ। ਗੋਇੰਦੇ ਦੇ ਇੱਕ ਲੜਕੇ ਨੂੰ ਤਾਂ ਆਪਣੀ ਕੀਤੀ ਦਾ ਫਲ ਸਰਕਾਰੀ ਖਜ਼ਾਨਾ ਲੁਟਣ ਦੇ ਦੋਸ਼ ਵਿੱਚ ਸ਼ਾਹੀ ਫੌਜ ਵਲੋਂ ਕੁਟ-ਕੁਟ ਕੇ ਖਤਮ ਕਰਕੇ ਦੇ ਦਿਤਾ ਸੀ। ਦੂਜੇ ਨੂੰ ਗੁਰੂ ਸਾਹਿਬ ਨੇ ਫੌਜ ਕੋਲੋਂ ਬਚਾ ਲਿਆ।

ਗੋਇੰਦੇ ਦਾ ਦੂਜਾ ਮੁੰਡਾ ਜੋ ਬਾਪ ਅਤੇ ਭਰਾ ਦੀ ਮੌਤ ਉਪਰੰਤ ਨਗਰ ਦਾ ਚੌਧਰੀ ਬਣਿਆ। ਪ੍ਰੰਤੂ ਉਹ ਗੁਰੂ-ਘਰ ਪ੍ਰਤੀ ਅਕ੍ਰਿਤਘਣ ਨਿਕਲਿਆ। ਉਸ ਨੇ ਸਤਿਗੁਰੂ ਜੀ ਦੇ ਖਿਲਾਫ ਲਾਹੌਰ ਦਰਬਾਰ ਵਿੱਚ ਸ਼ਿਕਾਇਤ ਦਰਜ ਕਰਵਾ ਦਿਤੀ। ਉਸ ਵਲੋਂ ਗੁਰੂ ਘਰ ਦੇ ਵਿਰੁਧ ਕੀਤੀ ਗਈ ਝੂਠੀ ਸ਼ਿਕਾਇਤ ਦੀ ਪੜਤਾਲ ਲਾਹੌਰ ਦੇ ਗਵਰਨਰ ਖਿਜ਼ਰ ਖਵਾਜ਼ਾ ਖ਼ਾਨ ਵਲੋਂ ਕਰਾਉਣ ਤੇ ਨਾ ਕੇਵਲ ਮੁੱਕਦਮਾ ਹੀ ਖਾਰਜ ਕਰ ਦਿਤਾ ਗਿਆ, ਸਗੋਂ ਉਹ ਗੁਰੂ ਸਾਹਿਬ ਦੀ ਸਖਸ਼ੀਅਤ, ਸਿਖੀ ਗੁਣਾਂ ਤੋਂ ਪ੍ਰਭਾਵਤ ਹੋ ਕੇ ਸਿਖੀ ਧਰਮ ਵਿੱਚ ਆ ਗਿਆ।

ਲਾਹੌਰ ਦਰਬਾਰ ਵਲੋਂ ਨਿਰਾਸ਼ ਹੋਣ ਤੇ ਮਰਵਾਹਾ ਚੌਧਰੀ ਦਿਲੀ ਦਰਬਾਰ ਬਾਦਸ਼ਾਹ ਅਕਬਰ ਦੇ ਹਜ਼ੂਰ ਸ਼ਿਕਾਇਤ ਲੈ ਕੇ ਹਾਜ਼ਰ ਹੋ ਗਿਆ। ਸਮੇਂ ਦੇ ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਨਿਮਾਣੇ ਤੋਂ ਨਿਮਾਣੇ ਸਾਬਤ ਕਰਨ ਲਈ ਆਪਣੇ ਚਤੁਰ ਮੁਲਾਜ਼ਮ ਨੂੰ ਨਾਲ ਲੈ ਕੇ ਵਿਧੀ-ਵਤ ਤਰੀਕੇ ਨਾਲ ਨੀਲਾ, ਕਾਲਾ, ਮੈਲਾ, ਗੰਦਗੀ ਭਰਪੂਰ, ਲੀਰੋ ਲੀਰ ਗੋਦੜਾ ਪੁਆ ਕੇ ਆਪਣੇ ਨਾਲ ਤੋਰ ਲਿਆ। ਚਲਾਕ ਮੁਲਾਜ਼ਮ ਰਸਤੇ ਵਿੱਚ ਵੀ ਗੁਰੂ ਪਾਤਸ਼ਾਹ ਦੇ ਖਿਲਾਫ ਮਨਘੜਤ ਬਕਵਾਸ ਕਰਦਾ ਗਿਆ। ਇਸ ਤਰਾਂ ਦੋਵੇਂ ਚਲਦੇ-ਚਲਦੇ ਅਕਬਰ ਦੇ ਦਰਬਾਰ ਪਹੁੰਚ ਗਏ। ਆਪਣੀ ਸਮਝ ਮੁਤਾਬਕ ਚਤੁਰ ਮੁਲਾਜ਼ਮ ਨੇ ਰੋ-ਰੋ ਕੇ ਮਰਵਾਹੇ ਚੌਧਰੀ ਦਾ ਕੇਸ ਪੇਸ਼ ਕੀਤਾ।

ਬਾਦਸ਼ਾਹ ਅਕਬਰ ਨੇ ਸਾਰੇ ਕੇਸ ਨੂੰ ਘੋਖਿਆ, ਲਾਹੌਰ ਦੇ ਗਵਰਨਰ ਵਲੋਂ ਪਹਿਲਾਂ ਕੀਤੀ ਪੜਤਾਲ ਦੀ ਰਿਪੋਰਟ ਨੂੰ ਵਾਚਿਆ ਅਤੇ ਆਪਣੇ ਖੁਫੀਆ ਮਹਿਕਮੇ ਰਾਹੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਗੁਰੂ ਅਮਰਦਾਸ ਜੀ ਪ੍ਰਤੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ। ਸਭ ਪਾਸਿਓਂ ਤਸੱਲੀ ਹੋਣ ਤੇ ਅਕਬਰ ਨੇ ਮਰਵਾਹੇ ਚੌਧਰੀ ਅਤੇ ਉਸਦੇ ਨਾਲ ਆਏ ਸੇਵਕ ਨੂੰ ਝੂਠਾ ਐਲਾਨ ਕਰ ਦਿਤਾ। ਅਕਬਰ ਨੇ ਦੋਹਾਂ ਨੂੰ ਝੂਠੀ ਸ਼ਿਕਾਇਤ ਕਰਨ ਕਾਰਣ ਬੁਰੀ ਤਰਾਂ ਬੇਇਜ਼ਤ, ਮੂੰਹ ਕਾਲਾ ਕਰਕੇ ਦਰਬਾਰ ਵਿਚੋਂ ਬਾਹਰ ਕਢ ਦਿਤਾ। ਗੋਇੰਦਵਾਲ ਵਾਪਸ ਆਉਣ ਤੇ ਕੋਈ ਵੀ ਉਹਨਾਂ ਨੂੰ ਮੂੰਹ ਲਾਉਣ ਲਈ ਵੀ ਤਿਆਰ ਨਹੀਂ ਸੀ। ਨਿਰਵੈਰ ਸਤਿਗੁਰੂ ਨਾਲ ਈਰਖਾ ਕਰਨ ਦਾ ਫਲ ਮਰਵਾਹੇ ਚੌਧਰੀ ਅਤੇ ਉਸਦੇ ਨੌਕਰ ਨੂੰ ਭੁਗਤਣਾ ਪੈ ਗਿਆ।

ਭਾਈ ਕਾਨ੍ਹ ਸਿੰਘ ਨਾਭਾ` ਈਰਖਾ ਦੇ ਵਿਸ਼ੇ ਉਪਰ ਗੁਰਮਿਤ ਸਿਧਾਂਤ ਹੇਠ ਲਿਖੇ ਅਨੁਸਾਰ ਸਪਸ਼ਟ ਕਰਦੇ ਹਨ-

‘ਦੂਸਰੇ ਦੀ ਵਡਿਆਈ ਅਤੇ ਸ਼ੋਭਾ ਨਾ ਸਹਾਰਨੀ ਇਸ ਦਾ ਨਾਉਂ ਈਰਖਾ ਹੈ, ਜਿਸ ਦਾ ਉਤਮ

ਪੁਰਸ਼ਾਂ ਨੇ ਤਿਆਗ ਕੀਤਾ ਹੈ। `

(ਗੁਰਮਤਿ ਮਾਰਤੰਡ-ਪੰਨਾ ੧੦੫)

ਈਰਖਾਲੂ ਮਨੁੱਖ ਜੋ ਆਪ ਇਸ ਬੁਰਾਈ ਦਾ ਸ਼ਿਕਾਰ ਹੁੰਦੇ ਹਨ, ਉਹ ਬਿਨਾ ਸੋਚੇ ਸਮਝੇ ਨਿਰਵੈਰ ਸਤਿਗੁਰੂ ਨਾਲ ਵੈਰ ਕਮਾਉਣ ਤੋਂ ਵੀ ਸੰਕੋਚ ਨਹੀਂ ਕਰਦੇ। ਜੋ ਕੋਈ ਐਸਾ ਕੁਕਰਮ ਕਰੇਗਾ ਉਸ ਦਾ ਹਸ਼ਰ ਬੁਰਾ ਹੋਣਾ ਸੁਭਾਵਿਕ ਹੈ। ਬਹੁਤ ਸਾਰੇ ਗੁਰਬਾਣੀ ਫੁਰਮਾਣ ਇਸ ਪ੍ਰਥਾਏ ਸਾਡਾ ਮਾਰਗ ਦਰਸ਼ਨ ਕਰਦੇ ਹਨ-

-ਸਤਿਗੁਰੁ ਦਾਤਾ ਦਇਆਲੁ ਹੈ ਜਿਸਨੋ ਦਇਆ ਸਦਾ ਹੋਇ।।

ਸਤਿਗੁਰੁ ਅੰਦਰਹੁ ਨਿਰਵੈਰ ਹੈ ਸਭੁ ਦੇਖੈ ਬ੍ਰਹਮ ਇਕੁ ਸੋਇ।।

ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ।।

ਸਤਿਗੁਰੁ ਸਭਨਾ ਕਾ ਭਲਾ ਮਨਾਇਦਾ ਤਿਸਦਾ ਬੁਰਾ ਕਿਉ ਹੋਇ।।

ਸਤਿਗੁਰੁ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ।।

(ਗਉੜੀ ਕੀ ਵਾਰ ਮਹਲਾ ੪-੩੦੨)

- ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ।।

(ਗਉੜੀ ਕੀ ਵਾਰ ਮਹਲਾ ੪-੩੦੭)

-ਗੂਰੁ ਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖ ਤਾਰੇ।।

(ਭਾਈ ਗੁਰਦਾਸ ਜੀ- ਵਾਰ ੨੬ ਪਉੜੀ ੧੯)

ਜਿਹੜਾ ਮਨੁੱਖ ਈਰਖਾ ਵਸ ਦੂਸਰਿਆਂ ਦਾ ਬੁਰਾ ਮੰਗਦਾ ਹੈ, ਉਸ ਦਾ ਆਪਣਾ ਭਲਾ ਕਿਵੇਂ ਹੋ ਸਕਦਾ ਹੈ? ਉਸ ਵਲੋਂ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ` ਦੀ ਕੀਤੀ ਹੋਈ ਅਰਦਾਸ ਕਿਵੇਂ ਪੂਰੀ ਹੋਣ ਦੀ ਆਸ ਕੀਤੀ ਜਾ ਸਕਦੀ ਹੈ? ਐਸਾ ਮਨੁੱਖ ਹੌਲੀ-ਹੌਲੀ ਇੱਕ ਦਿਨ ਸਾਰਿਆਂ ਦੀ ਨਜ਼ਰ ਵਿਚੋਂ ਗਿਰ ਜਾਂਦਾ ਹੈ ਅਤੇ ਕੋਈ ਉਸਦੇ ਮੂੰਹ ਲੱਗਣ ਨੂੰ ਵੀ ਤਿਆਰ ਨਹੀਂ ਹੁੰਦਾ।

-ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸੁ ਦਾ ਕਦੇ ਨ ਹੋਵੀ ਭਲਾ।।

ਓਸ ਦੈ ਆਖਿਐ ਕੋਈ ਨਾ ਲਗੈ ਨਿਤ ਓਜਾੜੀ ਪੂਕਾਰੈ ਖਲਾ।।

(ਗਉੜੀ ਕੀ ਵਾਰ ਮਹਲਾ ੪-੩੦੮)

- ਸੁਆਦ ਬਾਦ ਈਰਖ ਮਦ ਮਾਇਆ।।

ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ।।

(ਸੂਹੀ ਮਹਲਾ ੫-੭੪੧)

ਈਰਖਾਲੂ ਸੁਭਾਉ ਵਾਲੇ ਮਨੁੱਖ ਦੀ ਮੰਦ-ਬੁਧੀ ਵਾਲੀ ਹਾਲਤ ਨੂੰ ਸਮਝਣ ਲਈ ਇਸ ਗਾਥਾ ਨੂੰ ਵਾਚਣਾ ਲਾਹੇਵੰਦ ਰਹੇਗਾ। ਇਹ ਗਾਥਾ ਭਾਵੇਂ ਕਲਪਨਾਵਾਦੀ ਹੈ ਪਰ ਇਸ ਵਿਚੋਂ ਮਿਲਣ ਵਾਲਾ ਸੰਦੇਸ਼ ਯਥਾਰਥਵਾਦੀ ਹੈ।

ਕਹਿੰਦੇ ਹਨ ਕਿ ਕਿਸੇ ਸ਼ਰਧਾਲੂ ਦੀ ਭਗਤੀ ਭਾਵਨਾ ਉਪਰ ਪ੍ਰਸੰਨ ਹੋ ਕੇ ਦੇਵਤਾ ਸਾਹਮਣੇ ਪ੍ਰਗਟ ਹੋ ਗਿਆ। ਦੇਵਤੇ ਨੇ ਉਸ ਨੂੰ ਕੁੱਝ ਵੀ ਮੰਗਣ ਲਈ ਵਰਦਾਨ ਦਿਤਾ, ਪਰ ਨਾਲ ਹੀ ਉਸਦੇ ਮਨ ਵਿਚਲੇ ਈਰਖਾਲੂ ਸੁਭਾਅ ਨੂੰ ਪ੍ਰਗਟ ਕਰਨ ਲਈ ਇੱਕ ਸ਼ਰਤ ਰੱਖ ਦਿਤੀ। ਸ਼ਰਤ ਸੀ ਕਿ ਜੋ ਵੀ ਤੂੰ ਮੰਗੇਗਾ, ਉਹ ਤੈਨੂੰ ਜਰੂਰ ਮਿਲੇਗਾ, ਪ੍ਰੰਤੂ ਜਿੰਨਾ ਤੈਨੂੰ ਮਿਲੇਗਾ ਉਸ ਤੋਂ ਦੁਗਣਾ ਤੇਰੇ ਉਸ ਗਵਾਂਢੀ ਨੂੰ, ਜਿਸ ਨਾਲ ਤੂੰ ਈਰਖਾ ਕਰਦਾ ਹੈ, ਆਪਣੇ ਆਪ ਹੀ ਮਿਲ ਜਾਵੇਗਾ। ਮੰਗਣ ਤੋਂ ਪਹਿਲਾਂ ਸੋਚਣ ਲਗਾ ਕਿ ਮੈਂ ਇੰਨੀ ਆਰਾਧਨਾ ਕੀਤੀ, ਫਲ ਤਾਂ ਕੇਵਲ ਮੈਨੂੰ ਹੀ ਮਿਲਣਾ ਚਾਹੀਦਾ ਸੀ, ਗਵਾਂਢੀ ਨੂੰ ਕਿਉਂ?

ਇਸ ਸ਼ਰਤ ਤੋਂ ਪ੍ਰੇਸ਼ਾਨ ਹੋ ਕੇ ਗਹਿਰ ਗੰਭੀਰ ਸੋਚ ਮੁਦਰਾ ਵਿਚੋਂ ਗੁਜ਼ਰਨ ਉਪੰਰਤ ਮੰਗਦਾ ਹੈ ਕਿ ਹੇ ਦੇਵਤਾ ਜੀਉ! ਮੇਰੀ ਇੱਕ ਅੱਖ ਕੱਢ ਦਿਉ, ਮੈਂ ਤਾਂ ਕਿਸੇ ਨਾਂ ਕਿਸੇ ਤਰਾਂ ਇੱਕ ਅੱਖ ਨਾਲ ਕੰਮ ਚਲਾ ਲਵਾਂਗਾ, ਮੇਰੇ ਗਵਾਂਢੀ ਦੀਆਂ ਤਾਂ ਦੋਵੇਂ ਅੱਖਾਂ ਹੀ ਜਾਣਗੀਆਂ।

ਇਸ ਗਾਥਾ ਵਿਚੋਂ ਮਿਲਣ ਵਾਲੀ ਸਿਖਿਆ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਆਪਾ ਪੜਚੋਲ ਕੇ ਵੇਖਣ ਦੀ ਲੋੜ ਹੈ ਕਿ ਅਸੀਂ ਕਿਥੇ ਕੁ ਖੜੇ ਹਾਂ? ਈਰਖਾ ਵਸ ਦੂਜਿਆਂ ਦਾ ਬੁਰਾ ਮੰਗਣ ਵਾਲੇ ਦਾ ਆਪਣਾ ਭਲਾ ਕਿਵੇਂ ਹੋ ਸਕਦਾ ਹੈ?

ਇਸ ਬੁਰਾਈ ਦਾ ਸ਼ਿਕਾਰ ਮਨੁੱਖ ਦੂਸਰਿਆਂ ਨੂੰ ਪ੍ਰਾਪਤ ਸੁਖ ਸਹੂਲਤਾਂ ਦੀ ਤੁਲਨਾ ਆਪਣੇ ਨਾਲ ਕਰਦਾ ਹੋਇਆ ਪ੍ਰਮੇਸ਼ਰ ਨੂੰ ਉਲਾਹਮੇ ਦੇਣ ਲੱਗ ਪੈਂਦਾ ਹੈ, ਚਾਹੀਦਾ ਤਾਂ ਇਹ ਸੀ ਕਿ ਪ੍ਰਮੇਸ਼ਰ ਪ੍ਰਤੀ ਮਨ ਵਿਚੋਂ ਇਹ ਅਰਦਾਸ ਨਿਕਲਦੀ ਕਿ ਹੇ ਮਾਲਕ! ਕ੍ਰਿਪਾ ਕਰਕੇ ਇੰਨਾ ਹੋਰਾਂ ਨੂੰ ਦਿਤਾ ਈ ਤਾਂ ਮੈਨੂੰ ਵੀ ਬਖ਼ਸ਼ਿਸ਼ ਕਰ। ਗੁਰਬਾਣੀ ਵਿੱਚ ਆਸਾ ਰਾਗ ਰਾਹੀਂ ਕਬੀਰ ਜੀ ਸਾਨੂੰ ਗਿਆਨ ਦਿਦੇ ਹਨ ਕਿ ਅਸੀਂ ਈਰਖਾ ਛੱਡ ਕੇ ਸੁਕ੍ਰਿਤ (ਸ਼ੁਭ ਕਰਮ) ਕਰਨਾ ਆਰੰਭ ਕਰੀਏ, ਸਾਨੂੰ ਵੀ ਸਭ ਕੁੱਝ ਪ੍ਰਾਪਤ ਹੋ ਸਕਦਾ ਹੈ-

ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ।।

ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ।।

ਅਹਿਰਖ ਵਾਦੁ ਨ ਕੀਜੈ ਰੇ ਮਨ।।

ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ।।

(ਆਸਾ ਕਬੀਰ ਜੀ- ੪੭੯)

ਜੀਵਨ ਨੂੰ ਖਰਾਬ ਕਰਨ ਵਾਲੇ ਇਸ ਈਰਖਾ ਰੂਪੀ ਅਉਗਣ ਤੋਂ ਛੁਟਕਾਰਾ ਪ੍ਰਾਪਤ ਕਿਵੇਂ ਕੀਤਾ ਜਾਵੇ? ਇਸ ਸਵਾਲ ਦਾ ਜਵਾਬ ਵੀ ਗੁਰਬਾਣੀ ਅੰਦਰ ਸਪਸ਼ਟ ਰੂਪ ਵਿੱਚ ਮੌਜੂਦ ਹੈ, ਬਸ ਲੋੜ ਖੋਜਣ ਵਾਲੀ ਬਿਰਤੀ ਦੀ ਹੈ। ਗੁਰਬਾਣੀ ਦਸਦੀ ਹੈ ਕਿ ਇਹ ਸਭ ਕੁੱਝ ਗੁਰੂ ਦੀ ਮੱਤ ਨੂੰ ਧਾਰਨ ਕਰਨ ਨਾਲ ਹੀ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਯਤਨ ਸਾਰਥਕ ਨਹੀਂ ਹੋ ਸਕਦੇ। ਪੂਰੇ ਗੁਰੂ ਦੀ ਰਾਹੀਂ ਪੂਰੇ ਪ੍ਰਮੇਸ਼ਰ ਨਾਲ ਜੁੜਣ ਵਾਲਿਆਂ ਦੇ ਮਨ ਵਿੱਚ ਇਹ ਵਿਸ਼ਵਾਸ਼ ਪ੍ਰਪੱਕ ਹੋ ਜਾਂਦਾ ਹੈ ਕਿ ਅਸੀਂ ਸਾਰੇ ਇੱਕ ਅਕਾਲਪੁਰਖ ਦੀ ਸੰਤਾਨ ਹੋਣ ਕਰਕੇ ਆਪਸ ਵਿੱਚ ਭਾਈ-ਭਾਈ ਹਾਂ, ਫਿਰ ਆਪਣੇ ਬਿਗਾਨੇ ਦਾ ਪ੍ਰਸ਼ਨ ਹੀ ਖਤਮ ਹੋ ਜਾਂਦਾ ਹੈ। ਹੁਣ ਈਰਖਾ ਕਿਵੇਂ ਕਰਾਂਗੇ?

- ਏਕਸੁ ਸਿਉ ਜਾ ਕਾ ਮਨੁ ਰਾਤਾ।।

ਵਿਸਰੀ ਤਿਸੈ ਪਰਾਈ ਤਾਤਾ।।

(ਗਉੜੀ ਮਹਲਾ ੫-੧੮੯)

- ਅਚਰਜੁ ਏਕੁ ਸੁਨਹੁ ਰੇ ਭਾਈ।। ਗੁਰਿ ਐਸੀ ਬੂਝ ਬੁਝਾਈ।।

ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ।।

(ਗਉੜੀ ਮਹਲਾ ੫-੨੧੫)

- ਬਿਸਰਿ ਗਈ ਸਭ ਤਾਤ ਪਰਾਈ।। ਜਬ ਤੇ ਸਾਧ ਸੰਗਤਿ ਮੋਹਿ ਪਾਈ।।

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।

(ਕਾਨੜਾ ਮਹਲਾ ੫-੧੨੯੯)

ਪੂਰੇ ਸਤਿਗੁਰੂ ਅਮਰਦਾਸ ਜੀ ਨਾਲ ਅਕਾਰਣ ਈਰਖਾ ਕਰਨ ਦੇ ਫਲ ਵਜੋਂ ਮਰਵਾਹੇ ਚੌਧਰੀ ਅਤੇ ਉਸਦੇ ਨੌਕਰ ਦੀ ਹੋਈ ਇਸ ਦੁਰਦਸ਼ਾ ਨੂੰ ਭਾਈ ਜੇਠਾ ਜੀ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਮਨੁੱਖਤਾ ਦੇ ਮਾਰਗ ਦਰਸ਼ਨ ਲਈ ਇਸ ਸਾਰੀ ਇਤਿਹਾਸਕ ਘਟਨਾ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਉਪਰੰਤ ਗੁਰੂ ਰਾਮਦਾਸ ਜੀ ਨੇ ਗੁਰਬਾਣੀ ਦਾ ਹਿਸਾ ਬਣਾ ਦਿਤਾ ਤਾਂ ਜੋ ਲੋਕਾਈ ਨੂੰ ਹਮੇਸ਼ਾਂ ਸਿਖਿਆ ਮਿਲਦੀ ਰਹੇ।

ਸਿਖਿਆ:- ਸਾਨੂੰ ਆਪਣੇ ਜੀਵਨ ਵਿਚੋਂ ਈਰਖਾ ਰੂਪੀ ਅਉਗਣ ਦਾ ਤਿਆਗ ਕਰਕੇ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਚਲਦਿਆਂ ਸਹੀ ਅਰਥਾਂ ਵਿੱਚ ਸਭ ਦੇ ਭਲੇ ਲਈ ਹਮੇਸ਼ਾਂ ਯਤਨਸ਼ੀਲ ਹੋਣਾ ਚਾਹੀਦਾ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਅਸੀਂ ਇਸ ਸ਼ਬਦ-ਸਾਖੀ ਨੂੰ ਕੇਵਲ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

==========

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.