.

ਕਰਮ ਹੂਆ ਤਹ ਗਿਆਨੈ ਨਾਸ

ਹਾਕਮ ਸਿੰਘ


ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਥਨ ਹੈ: "ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥" (ਪੰ: ੧੧੬੭) ਪਰ ਸੰਸਥਾਗਤ ਧਰਮ ਦਾ ਉਦੇਸ਼ ਇਸ ਉਪਦੇਸ਼ ਤੋਂ ਬਿਲਕੁਲ ਉਲਟ ਹੈ। ਸੰਸਥਾਗਤ ਧਰਮ ਦਾ ਵਿਸ਼ਵਾਸ ਹੈ: ਕਰਮੈ ਕਾਰਨ ਗਿਆਨ ਅਭਿਆਸ, ਕਰਮ ਹੂਆ ਤਹ ਗਿਆਨੈ ਨਾਸ, ਜਾਂ ਇਉਂ ਕਹੋ ਕਿ ਗਿਆਨ ਨੂੰ ਆਪਣੇ ਸੰਸਾਰਕ ਅਤੇ ਰਾਜਸੀ ਮਨੋਰਥਾਂ ਲਈ ਵਰਤ ਕੇ ਪਾਸੇ ਰੱਖ ਕੇ ਭੁਲਾ ਦਿਓ।
ਸਿੱਖ ਧਰਮ ਵੀ ਇਕ ਸੰਸਥਾਗਤ ਜਾਂ ਜਥੇਬੰਦਕ ਧਰਮ
(Instituionlized Religion) ਹੈ। ਇਹ ਇਕ ਸਮਾਜਕ ਇਕਾਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਮ ਨੂੰ ਸਮਾਜਕ ਇਕਾਈ ਨਹੀਂ ਮੰਨਦੀ ਕਿਉਂਕਿ ਸਮਾਜ ਵਿਚ ਮਾਇਆ ਦਾ ਪਰਭਾਵ ਹੁੰਦਾ ਹੈ ਅਤੇ ਸਮਾਜ ਅਖੌਤੀ ਧਾਰਮਕ ਵਿਹਾਰ ਨੂੰ ਸੰਸਾਰਕ ਪ੍ਰਾਪਤੀਆਂ ਦੇ ਸਾਧਨ ਵਜੋਂ ਵਰਤਦਾ ਹੈ। ਗੁਰਬਾਣੀ ਧਰਮ ਨੂੰ ਦਇਆ ਦਾ ਪੁੱਤਰ ਅਤੇ ਸੰਤੋਖ ਦਾ ਜਨਮ ਦਾਤਾ ਦੱਸਦੀ ਹੈ ਅਤੇ ਅਧਿਆਤਮਿਕ ਮਾਰਗ ਵਿਚ ਇਕ ਖੰਡ ਜਾਂ ਪੜਾ ਮੰਨਦੀ ਹੈ। ਗੁਰਬਾਣੀ ਅਨੁਸਾਰ ਧਰਮ ਕੋਈ ਸਮਾਜਕ ਸੰਗਠਨ ਜਾਂ ਸੰਸਥਾ ਨਹੀਂ ਹੁੰਦਾ ਪਰ ਸਿੱਖ ਧਰਮ ਦੇ ਬਹੁਤੇ ਉਪਾਸ਼ਕ ਸਿੱਖ ਧਰਮ ਨੂੰ ਗੁਰਬਾਣੀ ਦੀ ਵਿਚਾਰਧਾਰਾ ਤੇ ਆਧਾਰਤ ਹੋਣ ਦਾ ਦਾਅਵਾ ਕਰਦੇ ਹਨ। ਸ਼ਾਇਦ ਉਨ੍ਹਾਂ ਨੂੰ ਗੁਰਬਾਣੀ ਦੇ ਮੂਲ਼ ਉਪਦੇਸ਼ ਅਤੇ ਸਿੱਖ ਧਰਮ ਦੇ ਸੰਸਥਾਗਤ ਰੂਪ ਧਾਰਨ ਕਰਨ ਦੇ ਪਿਛੋਕੜ ਦੀ ਜਾਣਕਾਰੀ ਨਹੀ ਹੈ। ਗੁਰੂ ਸਾਹਿਬਾਨ ਨੇ ਕੋਈ ਸੰਸਥਾਗਤ ਸਿੱਖ ਧਰਮ ਸਥਾਪਤ ਨਹੀਂ ਕੀਤਾ ਸੀ। ਗੁਰਬਾਣੀ ਵਿਚ ਅਧਿਆਤਮਿਕ ਮਾਰਗ ਦੇ ਪਾਂਧੀਆਂ ਲਈ ਸੰਗਤ ਦੇ ਮਹਾਤਮ ਦਾ ਵਰਨਣ ਹੈ ਅਤੇ ਗੁਰੂ ਸਾਹਿਬਾਨ ਨੇ ਸ਼ਰਧਾਲੂਆਂ ਦੀ ਸੁਵਿਧਾ ਅਤੇ ਸਹਾਇਤਾ ਲਈ ਸੰਗਤ ਦੀ ਪਰੱਥਾ ਕਾਇਮ ਕੀਤੀ ਸੀ, ਕੋਈ ਵਖਰਾ ਸੰਸਥਾਗਤ ਧਰਮ ਨਹੀਂ ਚਲਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸੇ ਦੀ ਸਿਰਜਨਾ ਕਰਕੇ ਕੋਈ ਵਖਰੇ ਸੰਸਥਾਗਤ ਧਰਮ ਦੀ ਨੀਂਹ ਨਹੀਂ ਰੱਖੀ ਸੀ। ਸੰਸਥਾਗਤ ਸਿੱਖ ਧਰਮ ਤੇ ਗੁਰਬਾਣੀ ਦੇ ਅਧਿਆਤਮਿਕ ਗਿਆਨ ਨੂੰ ਸਨਾਤਨੀ ਵਿਚਾਰਧਾਰਾ ਵਿਚ ਰਲਗੱਡ ਕਰਨ ਮਗਰੋਂ ਪੱਛਮੀ ਸਭਿਆਚਾਰ ਦੇ ਪਰਭਾਵ ਅਧੀਨ ਹੋਂਦ ਵਿਚ ਆਇਆ ਹੈ। ਗੁਰਬਾਣੀ ਉਪਦੇਸ਼ ਨੂੰ ਸੰਸਥਾਗਤ ਧਰਮ ਦਾ ਰੂਪ ਧਾਰਨ ਕਰਨ ਲਈ ਦੋ ਪੜਾਵਾਂ ਵਿਚੋਂ ਗੁਜ਼ਰਨਾ ਪਿਆ ਸੀ। ਪਹਿਲੇ ਪੜਾ ਵਿਚ ਉਦਾਸੀ, ਨਿਰਮਲੇ ਅਤੇ ਗੁਰ ਪਰਵਾਰਾਂ ਦੇ ਗੁਰੂ ਸਾਹਿਬਾਨ ਵਿਰੋਧੀ ਵਿਅਕਤੀਆਂ ਦੀਆਂ ਸੰਤਾਨਾਂ ਨੇ ਗੁਰਬਾਣੀ ਦੇ ਅਧਿਆਤਮਿਕ ਗਿਆਨ ਦੇ ਤੱਤ ਨੂੰ ਵੇਦਾਂਤਿਕ ਮੁਹਾਵਰੇ ਵਿਚ ਬਦਲਿਆ ਅਤੇ ਸਿੱਖ ਸ਼ਰਧਾਲੂਆਂ ਦੀ ਰਹਿਤ ਦਾ ਆਧਾਰ ਸਨਾਤਨੀ ਪਰੰਪਰਾ ਨਾਲ ਮੇਲ ਖਾਂਦੇ ਕਰਮ ਕਾਡਾਂ ਅਤੇ ਜਾਤ ਪਾਤ ਪਰਣਾਲੀ ਨੂੰ ਬਣਾਇਆ। ਦੂਜੇ ਪੜਾ ਵਿਚ ਸਿੰਘ ਸਭਾਵਾਂ ਅਤੇ ਚੀਫ ਖਾਲਸਾ ਦੀਵਾਨ ਨੇ ਪੱਛਮੀ ਸਿੱਖਿਆ ਅਤੇ ਸਭਿਆਚਾਰ ਦੇ ਪਰਭਾਵ ਅਧੀਨ ਈਸਾਈ ਧਰਮ ਦੀ ਤਰਜ਼ ਤੇ ਸੰਸਥਾਗਤ ਸਿੱਖ ਧਰਮ ਦਾ ਪੰਥ ਕਾਇਮ ਕੀਤਾ। ਅਸਲ ਵਿਚ ਅੰਗ੍ਰੇਜ਼ੀ ਰਾਜ ਨੇ ਪੰਜਾਬ ਦੇ ਆਰਥਕ ਅਤੇ ਸਮਾਜਕ ਢਾਂਚੇ ਨੂੰ ਏਨਾ ਉਥਲ-ਪੁਥਲ ਕਰ ਦਿੱਤਾ ਸੀ ਕਿ ਰਿਸ਼ਤਿਆਂ, ਭਾਵਨਾਵਾਂ ਅਤੇ ਸ਼ਬਦਾਂ ਦੇ ਅਰਥ ਬਦਲ ਗਏ ਸਨ ਜਿਸ ਨੇ ਲੋਕਾਂ ਦੀ ਸੋਚ ਨੂੰ ਬਹੁਤ ਪ੍ਰਭਾਵਤ ਕਰ ਦਿੱਤਾ ਸੀ। ਲੋਕਾਂ ਦੀ ਸੋਚ ਬਦਲਣ ਨਾਲ ਉਨ੍ਹਾਂ ਲਈ ਗੁਰਬਾਣੀ ਦੀ ਮੂਲ ਅਧਿਆਤਮਿਕ ਵਿਚਾਰਧਾਰਾ ਅਬੋਧ ਜਾਂ ਸਮਝ ਤੋਂ ਪਰੇ ਹੋ ਗਈ ਸੀ। ਇਸ ਦੇ ਉਲਟ ਉਨ੍ਹਾਂ ਨੂੰ ਪੁਜਾਰੀਆਂ ਦਾ ਪਰਚਾਰ ਮਨ ਲੁਭਾਊ ਲਗਣ ਲੱਗ ਪਿਆ ਸੀ। ਅੰਗਰੇਜ਼ਾਂ ਦੇ ਦੋ ਕਨੂੰਨਾਂ ਨੇ ਸਮਾਜਕ ਪਰਿਵਰਤਨ ਵਿਚ ਭਾਰੀ ਯੋਗਦਾਨ ਪਾਇਆ ਸੀ। ਉਨ੍ਹਾਂ ਕਨੂੰਨਾਂ ਦਾ ਸਬੰਧ (੧) ਸੰਪਤੀ ਦੀ ਮਲਕੀਅਤ, ਅਤੇ (੨) ਨਿਜੀ ਅਧਿਕਾਰਾਂ ਨਾਲ ਸੀ।
ਅੰਗਰੇਜ਼ਾਂ ਦੇ ਰਾਜ ਸਮੇਂ ਪੰਜਾਬ ਬਹੁਤ ਹੱਦ ਤਕ ਖ਼ੁਦ ਮੁਖਤਿਆਰ ਪਿੰਡਾਂ ਦਾ ਦੇਸ਼ ਸੀ, ਅਤੇ ਹਰ ਪਿੰਡ ਆਰਥਕ ਅਤੇ ਸਮਾਜਕ ਪੱਖੋਂ ਆਤਮ ਨਿਰਭਰ ਹੁੰਦਾ ਸੀ। ਪਿੰਡ ਦੇ ਵਸਨੀਕਾਂ ਦੀਆਂ ਤਕਰੀਬਨ ਸਾਰੀਆਂ ਲੋੜਾਂ ਪਿੰਡ ਵਿਚੋਂ ਹੀ ਪੂਰੀਆਂ ਹੋ ਜਾਂਦੀਆਂ ਸਨ। ਪਿੰਡ ਨੇ ਆਪਣੇ ਆਪ ਵਿਚ ਪੂਰੀ ਦੁਨੀਆ ਸਮੋਈ ਹੋਈ ਸੀ। ਉਸ ਸਮੇਂ ਹਰ ਵਿਅਕਤੀ ਦਾ ਕਿੱਤਾ ਅਤੇ ਇਵਜ਼ਾਨਾ ਨਿਰਧਾਰਤ ਹੁੰਦਾ ਸੀ ਅਤੇ ਜ਼ਿਆਦਾ ਤਰ ਪਿੰਡ ਨੂੰ ਹੀ ਸੰਪਤੀ ਦਾ ਮਾਲਕ ਸਮਝਿਆ ਜਾਂਦਾ ਸੀ। ਸੰਪਤੀ ਦਾ ਸੰਕਲਪ ਪੱਛਮੀ ਸਭਿਅਤਾ ਦੀ ਦੇਣ ਸੀ। ਸੰਪਤੀ ਦੀ ਮਾਲਕੀ ਦੀ ਇੱਛਾ ਉਤੇਜਿਤ ਹੋਣ ਨਾਲ ਮੇਰ, ਤੇਰ ਅਤੇ ਝਗੜੇ ਹੋਣੇ ਸ਼ੁਰੂ ਹੋ ਗਏ ਅਤੇ ਸਬਰ ਸੰਤੋਖ ਦੀ ਭਾਵਨਾ ਘਟ ਗਈ। ਸੰਪਤੀ ਦੀ ਮਲਕੀਅਤ ਦੀ ਭਾਵਨਾ ਦੀ ਅਣਹੋਂਦ ਕਾਰਨ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਦੇ ਇੱਛਾਵਾਂ ਨੂੰ ਤਿਆਗਣ ਦੇ ਮੂਲ ਉਪਦੇਸ਼ ਨੂੰ ਸਮਝਣ ਅਤੇ ਅਨੁਭਵ ਕਰਨ ਵਿਚ ਬਹੁਤੀ ਮੁਸ਼ਕਿਲ ਨਹੀਂ ਸੀ ਹੁੰਦੀ। ਪਰ ਅਜੋਕੇ ਪਦਾਰਥਵਾਦੀ ਯੁਗ ਵਿਚ ਅਸੀਮ ਸੰਪਤੀ ਦੀ ਨਿਜੀ ਮਲਕੀਅਤ ਜੀਵਨ ਦਾ ਮਨੋਰਥ ਬਨਣ ਨਾਲ ਸੰਸਾਰਕ ਇੱਛਾਵਾਂ ਦੇ ਤਿਆਗ ਦੀ ਕਲਪਨਾ ਕਰਨੀ ਸੰਭਵ ਨਹੀਂ ਰਹੀ ਹੈ।
ਪੰਜਾਬੀ ਸਮਾਜ ਸਾਂਝੇ ਪਰਵਾਰਾਂ ਦਾ ਸਮੂਹ ਹੁੰਦਾ ਸੀ ਅਤੇ ਹਰ ਪਰਵਾਰ ਦੇ ਮੁੱਖੀ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਆਪਣੇ ਪਰਵਾਰ ਦੇ ਸਦੱਸਾਂ ਨੂੰ ਨਿਯੰਤਰਣ ਵਿਚ ਰਖੇ। ਨਿਜੀ ਅਧਿਕਾਰਾਂ ਅਤੇ ਸੁਤੰਤਰਤਾ ਦੇ ਕਨੂੰਨ ਨੇ ਸਾਂਝੇ ਪਰਵਾਰਾਂ ਦੀ ਪਰੰਪਰਾ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ। ਅਜੋਕੇ ਪਰਵਾਰ ਦਾ ਮੂੰਹ ਮੁਹਾਂਦਰਾ ਬਿਲਕੁਲ ਹੀ ਬਦਲ ਚੁੱਕਾ ਹੈ। ਇਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਗੁਰਬਾਣੀ ਨਿਜੀ ਸੁਤੰਤਰਤਾ ਦੀ ਹਾਮੀ ਹੈ। ਗੁਰਬਾਣੀ ਉਪਦੇਸ਼ ਅਨੁਸਾਰ ਹਰ ਵਿਅਕਤੀ ਵਿਚ ਪਰਭੂ ਦੀ ਜੋਤ ਸੁਭਾਇਮਾਨ ਹੈ ਅਤੇ ਹਰ ਇਕ ਦਾ ਆਦਰ ਕਰਨਾ ਮਨੁੱਖ ਦਾ ਕਰਤਵ ਹੈ।
ਗੁਰਬਾਣੀ ਦੀ ਮੂਲ ਵਿਚਾਰਧਾਰਾ ਦੀ ਸੰਸਥਾਗਤ ਜਾਂ ਜਥੇਬੰਦਕ ਸਿੱਖ ਧਰਮ ਨਾਲ ਕੋਈ ਸਾਂਝ ਨਹੀਂ ਰਹਿ ਗਈ ਹੈ, ਅਤੇ ਜਾਤ ਪਾਤ ਦੇ ਅਭਿਮਾਨ ਵਿਚ ਗ੍ਰਸੇ ਅਜੋਕੇ ਸਿੱਖ ਸਮਾਜ ਦਾ ਗੁਰੂ ਸਾਹਿਬਾਨ ਵੱਲੋਂ ਸਿਰਜੀ ਜਾਤ ਪਾਤ ਰਹਿਤ ਮਨੁੱਖੀ ਬਰਾਬਰਤਾ ਵਾਲੀ ਸਿੱਖ ਸੰਗਤ ਨਾਲ ਕੋਈ ਮੇਲ ਨਹੀਂ ਹੈ। ਸਿੱਖ ਉਪਾਸ਼ਕਾਂ ਵਿਚ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਹੈ ਪਰ ਉਨ੍ਹਾਂ ਵਿਚ ਗੁਰਬਾਣੀ ਦੇ ਮੂਲ ਸਿਧਾਂਤ ਬਾਰੇ ਵਿਆਪਕ ਅਗਿਆਨਤਾ ਵੀ ਹੈ। ਅਸਲ ਵਿਚ ਸੰਸਥਾਗਤ ਸਿੱਖ ਧਰਮ ਪੁਜਾਰੀਆਂ ਵੱਲੋਂ ਸਿਰਜਿਆ ਅਤੇ ਪਰਚਲਤ ਕੀਤਾ ਇਕ ਸਮਾਜਕ ਸੰਗਠਨ ਹੈ ਜਿਸ ਦਾ ਮਨੋਰਥ ਗੁਰਬਾਣੀ ਦੇ ਅਧਿਆਤਮਿਕ ਗਿਆਨ ਨੂੰ ਸੰਸਾਰਕ ਇੱਛਾਵਾਂ ਦੀ ਤ੍ਰਿਪਤੀ ਦੇ ਫ਼ਰਮਾਨਾਂ ਵਿਚ ਬਦਲ ਕੇ ਅਤੇ ਸਿੱਖ ਸ਼ਰਧਾਲੂਆਂ ਨੂੰ ਕਰਮ ਕਾਡਾਂ, ਜਾਤ ਪਾਤਾਂ, ਵਹਿਮਾਂ ਅਤੇ ਭਰਮਾਂ ਦੇ ਜਾਲ ਵਿਚ ਉਲਝਾ ਕੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਉਤੇਜਿਤ ਅਤੇ ਸੰਤੁਸ਼ਟ ਕਰਨ ਦਾ ਪਖੰਡ ਕਰਨਾ ਹੈ। ਪੁਜਾਰੀਆਂ ਵੱਲੋਂ ਘੜੇ ਸਿੱਖ ਧਰਮ ਦੇ ਕਰਮ ਕਾਂਡ ਉਨ੍ਹਾਂ ਦੀ ਆਮਦਨੀ, ਸਤਕਾਰ ਅਤੇ ਰਾਜਸੀ ਪਰਭਾਵ ਦੇ ਸਾਰਥਕ ਸਰੋਤ ਹਨ। ਸੰਸਥਾਗਤ ਸਿੱਖ ਧਰਮ ਪੁਜਾਰੀਆਂ ਵੱਲੋਂ ਸਿਰਜਿਆ ਸਾਧਾਰਣ ਲੋਕਾਂ ਨੂੰ ਗੁਮਰਾਹ ਕਰਨ ਦਾ ਧੰਦਾ ਬਣ ਚੁੱਕਾ ਹੈ ਜਿਸ ਤੋਂ ਹੁਣ ਦੋ ਪਰਕਾਰ ਦੇ ਪੁਜਾਰੀ ਲਾਭ ਉਠਾ ਰਹੇ ਹਨ। (੧) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗ੍ਰੰਥੀ ਅਤੇ ਪਾਠੀ, (੨) ਡੇਰਿਆਂ ਅਤੇ ਸੰਪਰਦਾਵਾਂ ਦੇ ਸੰਤ, ਬਾਬੇ ਅਤੇ ਉਨ੍ਹਾਂ ਦੇ ਚੇਲੇ। ਇਨ੍ਹਾਂ ਸੰਸਥਾਵਾਂ ਨਾਲ ਜੁੜੇ ਬਹੁਤੇ ਪੁਜਾਰੀਆਂ ਦਾ ਕਰਤਵ ਗੁਰਬਾਣੀ ਉਪਦੇਸ਼ ਦਾ ਸੰਚਾਰ ਕਰਨ ਦੀ ਥਾਂ ਪਾਖੰਡ ਰਚ ਕੇ ਅਗਿਆਨੀ ਸ਼ਰਧਾਲੂਆਂ ਨੂੰ ਗੁਮਰਾਹ ਕਰਨਾ, ਉਨ੍ਹਾਂ ਦਾ ਸ਼ੋਸ਼ਣ ਕਰਨਾ, ਲੁੱਟਣਾ, ਖ਼ਰਾਬ ਕਰਨਾ ਅਤੇ ਉਨ੍ਹਾਂ ਨੂੰ ਗਿਆਨਹੀਣ ਅਤੇ ਗ਼ੁਲਾਮ ਬਣਾਉਣਾ ਹੈ। ਸਿੱਖ ਜਗਤ ਪੁਜਾਰੀਆਂ ਦੇ ਕਾਬੂ ਵਿਚ ਹੈ ਅਤੇ ਜੇਕਰ ਕੋਈ ਜਾਗਰੂਕ ਵਿਦਵਾਨ ਜਾਂ ਸੁਤੰਤਰ ਸੋਚ ਵਾਲਾ ਵਿਅਕਤੀ ਗੁਰਬਾਣੀ ਉਪਦੇਸ਼ ਦੀ ਸਚਾਈ ਨੂੰ ਪਰਗਟ ਕਰਨ ਦਾ ਜਤਨ ਕਰਦਾ ਹੈ ਤਾਂ ਪੁਜਾਰੀ ਮੰਡਲੀ ਉਸ ਨੂੰ ਡਰਾਉਂਦੀ ਧਮਕਾਉਂਦੀ ਹੈ ਅਤੇ ਪੰਥ ਵਿਚੋਂ ਛੇਕਣ ਦਾ ਡਰਾਵਾ ਦਿੰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਅਤੇ ਗੁਰਦੁਆਰਾ ਡੇਰਿਆਂ ਅਤੇ ਸੰਪਰਦਾਵਾਂ ਦੇ ਸੰਤ ਬਾਬਿਆਂ ਦੀ ਸੋਚ ਅਤੇ ਵਿਹਾਰ ਵਿਚ ਹੁਣ ਬਹੁਤਾ ਅੰਤਰ ਨਹੀਂ ਰਹਿ ਗਿਆ ਹੈ। ਇਹ ਸਭ ਇਕ ਦੂਜੇ ਨਾਲ ਘਿਓ ਖਿਚੜੀ ਹਨ। ਅਜੋਕੇ ਯੁਗ ਵਿਚ ਇਨ੍ਹਾਂ ਦੀ ਘਬਰਾਹਟ ਵੱਧ ਗਈ ਹੈ ਕਿਉਂਕਿ ਲੋਕਾਂ ਨੂੰ ਇਨ੍ਹਾਂ ਦੀ ਅਸਲੀਅਤ ਦਾ ਗਿਆਨ ਹੋਣ ਲੱਗ ਪਿਆ ਹੈ। ਲੋਕ ਸਮਝਣ ਲੱਗ ਪਏ ਹਨ ਕਿ ਪ੍ਰਬੰਧਕ ਗੁਰਮਤਿ ਦੇ ਵਿਦਵਾਨ ਜਾਂ ਸੰਤ ਨਹੀਂ ਹੁੰਦੇ ਕਿਉਂਕਿ ਪ੍ਰਬੰਧ ਗੁਰਮਤਿ ਨਹੀਂ ਹੁੰਦਾ। ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਗੁਰਦੁਆਰਾ ਪ੍ਰਬੰਧਕ ਹੁਣ ਭਵਨ ਜਾਂ ਇਮਾਰਤ ਨੂੰ ਗੁਰਮਤਿ ਦੀ ਨਿਸ਼ਾਨੀ ਬਣਾ ਕੇ ਉਸ ਦੀ ਆੜ ਵਿਚ ਆਪਣੀ ਨਾਜਾਇਜ਼ ਸ਼ਕਤੀ ਦਾ ਪਰਦਰਸ਼ਨ ਕਰਨ ਲੱਗ ਪਏ ਹਨ। ਇਨ੍ਹਾਂ ਦੀਆਂ ਗਤੀਵਿਧੀਆਂ ਗੁਰਬਾਣੀ ਗਿਆਨ ਵਿਰੋਧੀ ਤੇ ਹਨ ਹੀ ਪਰ ਉਸ ਤੋਂ ਵੀ ਵੱਧ ਹੁਣ ਉਹ ਸਿੱਖ ਸਮਾਜ ਲਈ ਹਾਨੀਕਾਰਕ ਵੀ ਬਣਦੀਆਂ ਜਾ ਰਹਿਈਆਂ ਹਨ। ਇਨ੍ਹਾਂ ਦੀਆਂ ਸਮਾਜ ਅਤੇ ਮਾਨਵਤਾ ਵਿਰੋਧੀ ਗਤੀਵਿਧੀਆਂ ਬਹੁਤ ਚਿੰਤਾਜਨਕ ਬਣ ਚੁੱਕੀਆਂ ਹਨ।
ਡੇਰਿਆਂ ਵਿਚ ਕਈ ਭਲੇ ਪੁਰਸ਼ ਵੀ ਹੁੰਦੇ ਹੋਣਗੇ ਪਰ ਓਥੇ ਅਕਸਰ ਸਮਾਜ ਵਿਰੋਧੀ ਤੱਤਾਂ ਦਾ ਪਰਭਾਵ ਵਧੇਰੇ ਹੁੰਦਾ ਹੈ ਅਤੇ ਅਜਿਹੇ ਲੋਕ ਸ਼ਰਧਾਲੂਆਂ ਵਿਚ ਕਈ ਕੁਰੀਤੀਆਂ ਫੈਲਾਉਂਦੇ ਰਹਿੰਦੇ ਹਨ। ਉਹਨਾਂ ਵਿਚੋਂ ਇਹ ਚਾਰ ਕੁਰੀਤੀਆਂ ਪਰਮੁੱਖ ਹਨ: (੧) ਸ਼ਰਧਾਲੂਆਂ ਦੀ ਸੋਚ ਤੇ ਕੰਟ੍ਰੋਲ, (੨) ਇਸਤਰੀਆਂ ਦਾ ਸ਼ੋਸ਼ਣ (੩) ਲੋਕ ਤੰਤਰ ਪਰਣਾਲੀ ਦੀ ਭਰਿਸ਼ਟਤਾ, ਅਤੇ (੪) ਨਸ਼ਿਆਂ ਨੂੰ ਬੜ੍ਹਾਵਾ।
ਡੇਰਿਆਂ ਵਿਚ ਸ਼ਰਧਾਲੂਆਂ ਦੀ ਸੋਚ ਨੂੰ ਕੰਟ੍ਰੋਲ ਕਰਨ ਦਾ ਹਰ ਸੰਭਵ ਜਤਨ ਕੀਤਾ ਜਾਂਦਾ ਹੈ। ਸਿੱਖ ਧਰਮ ਨੂੰ ਡੇਰਾ ਸਭਿਆਚਾਰ ਦਾ ਅੰਗ ਬਣਾ ਕੇ ਗੁਰਬਾਣੀ ਉਪਦੇਸ਼ ਦੀ ਆੜ ਵਿਚ ਸ਼ਰਧਾਲੂਆਂ ਦੇ ਬਹੁਤ ਸਾਰੇ ਨਿਜੀ. ਪਰਵਾਰਿਕ ਅਤੇ ਸਮਾਜਕ ਮਸਲਿਆਂ, ਜਿਵੇਂ ਬੀਮਾਰੀ, ਪੜ੍ਹਾਈ, ਨੌਕਰੀ, ਵਿਆਹ ਸ਼ਾਦੀ, ਸੰਤਾਨ, ਆਦਿ, ਦੇ ਨਿਰਨੇ ਡੇਰਾ ਮੁੱਖੀ ਕਰਦਾ ਹੈ। ਡੇਰਾ ਮੁੱਖੀ ਦੇ ਰੂੜ੍ਹਵਾਦੀ ਵਿਚਾਰ ਸ਼ਰਧਾਲੂਆਂ ਦੀ ਸੋਚ ਨਿਰਧਾਰਤ ਕਰਦੇ ਹਨ। ਪੁਜਾਰੀ ਵਰਗ ਅਤੇ ਸਾਰੇ ਡੇਰਿਆਂ ਦੀ ਸੋਚ ਮੱਧ ਕਾਲੀਨੀ ਪੱਧਰ ਦੇ ਅਵਿਗਿਆਨਕ ਭਰਮ ਭੁਲੇਖਿਆਂ ਦੀ ਉਪਜ ਹੁੰਦੀ ਹੈ। ਪੁਜਾਰੀ ਵਿਗਿਆਨਕ ਵਿਚਾਰਾਂ, ਤਰਕ ਅਤੇ ਅੰਕੜਾ ਵਿਗਿਆਨ ਅਨੁਸਾਰੀ ਸੋਚ ਨੂੰ ਭੰਡਦੇ ਹਨ ਅਤੇ ਉਨ੍ਹਾਂ ਨੇ ਆਪਣੇ ਡੇਰਿਆਂ ਨੂੰ ਸਿੱਖ ਜਗਤ ਵਿਚ ਜਹਾਲਤ ਫੈਲਾਉਣ ਦੇ ਅੱਡੇ ਬਣਾ ਰੱਖਿਆ ਹੈ। ਪੁਜਾਰੀ ਸ਼ਰਧਾਲੂਆਂ ਨੂੰ ਪਾਠਾਂ, ਚੜ੍ਹਾਵੇ, ਦਾਨ ਪੁੰਨ, ਇਸ਼ਨਾਨ, ਚਲੀਹੇ, ਭੋਜਨ ਛਕਾਉਣ ਅਤੇ ਹੋਰ ਕਈ ਪਰਕਾਰ ਦੇ ਕਰਮ ਕਾਡਾਂ ਰਾਹੀਂ ਭਰਮਾਉਂਦੇ ਰਹਿੰਦੇ ਹਨ। ਇਹ ਸਭ ਕੁੱਝ ਗੁਰਬਾਣੀ ਦੀ ਆੜ ਵਿਚ ਸ਼ਰਧਾਲੂਆਂ ਨੂੰ ਮਾਨਸਿਕ ਗ਼ੁਲਾਮ ਬਨਾਉਣ ਲਈ ਕੀਤਾ ਜਾਂਦਾ ਹੈ। ਮਨੁੱਖਤਾ ਸਦੀਆਂ ਤੋਂ ਸੋਚ ਅਤੇ ਕਥਨ ਦੀ ਸੁਤੰਤਰਤਾ ਲਈ ਸੰਘਰਸ਼ ਕਰਦੀ ਆ ਰਹੀ ਹੈ ਪਰ ਡੇਰਾ ਸਭਿਆਚਾਰ ਸਿੱਖ ਜਗਤ ਵਿਚ ਸੁਤੰਤਰ ਸੋਚ ਅਤੇ ਕਥਨ ਨੂੰ ਦਬਾ ਕੇ ਅੰਧਕਾਰ ਫੈਲਾਉਣ ਲੱਗਾ ਹੋਇਆ ਹੈ। ਇਹ ਸਭਿਆਚਾਰ ਅਨਪੜ੍ਹਤਾ ਅਤੇ ਅਵਿਗਿਆਨਕ ਸੋਚ ਨੂੰ ਉਤੇਜਿਤ ਕਰਕੇ ਅੰਧ ਵਿਸ਼ਵਾਸ ਪੈਦਾ ਕਰ ਰਿਹਾ ਹੈ।
ਡੇਰਾ ਸਭਿਆਚਾਰ ਮਾਈਆਂ ਨੂੰ ਬਹੁਤ ਅਪੀਲ ਕਰਦਾ ਹੈ ਅਤੇ ਮਾਈਆਂ ਅਕਸਰ ਆਪਣੇ ਸਾਰੇ ਪਰਵਾਰ ਨੂੰ ਡੇਰੇ ਦੇ ਉਪਾਸ਼ਕ ਬਣਾ ਦਿੰਦੀਆਂ ਹਨ। ਡੇਰਿਆਂ ਦੇ ਵਾਤਾਵਰਣ ਵਿਚ ਘਰ ਵਾਲੀਆਂ ਬੰਦਸ਼ਾਂ ਦੀ ਘਾਟ ਹੋਣ ਕਾਰਨ ਛੋਟੀ ਉਮਰ ਦੇ ਬਚਿਆਂ ਲਈ ਕਈ ਅਣਸੁਖਾਵੀਂਆਂ ਵਾਰਦਾਤਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਅਜੋਕੇ ਡੇਰੇ ਵੋਟ ਬੈਂਕ ਬਣੇ ਹੋਏ ਹਨ। ਡੇਰਿਆਂ ਦੇ ਮੁੱਖੀ ਚੋਣਾਂ ਵਿਚ ਸ਼ਰਧਾਲੂਆਂ ਦੀਆਂ ਵੋਟਾਂ ਨੂੰ ਲੈ ਕੇ ਰਾਜਸੀ ਆਗੂਆਂ ਨਾਲ ਸੌਦੇਬਾਜ਼ੀ ਕਰਦੇ ਹਨ ਅਤੇ ਸਰਕਾਰ ਵਿਚ ਆਪਣਾ ਅਸਰ ਰਸੂਖ਼ ਵਧਾਉਣ ਲਈ ਲੋਕਾਂ ਨੂੰ ਰਾਜਸੀ ਹੱਕਾਂ ਤੋਂ ਵਾਂਝੇ ਕਰ ਦਿੰਦੇ ਹਨ। ਲੋਕ ਤੰਤਰ ਦੀ ਚੋਣ ਪਰਣਾਲੀ ਲੋਕਾਂ ਦੀਆਂ ਲੋੜਾਂ ਦੀ ਥਾਂ ਡੇਰਾ ਮੁੱਖੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਪਰਕਿਰਿਆ ਬਣ ਗਈ ਹੈ। ਡੇਰਿਆਂ ਨੇ ਲੋਕ ਤੰਤਰ ਦੀ ਚੋਣ ਪਰਣਾਲੀ ਨੂੰ ਕਾਫੀ ਭਰਿਸ਼ਟ ਕਰ ਦਿੱਤਾ ਹੈ।
ਡੇਰਾਵਾਦ ਨਸ਼ਿਆਂ ਨੂੰ ਪਰਫੁੱਲਤ ਕਰਦਾ ਹੈ। ਧਰਮ ਅਤੇ ਨਸ਼ੇ ਦਾ ਪੁਰਾਣਾ ਅਤੇ ਡੂੰਘਾ ਸਬੰਧ ਹੈ। ਕਈ ਧਾਰਮਕ ਸੰਸਥਾਵਾਂ ਸ਼ਰਧਾਲੂਆਂ ਨੂੰ ਨਸ਼ਿਆਂ ਦੇ ਸੇਵਨ ਰਾਹੀਂ ਸ਼ਰਧਾਲੂ ਬਣਾਉਂਦੀਆਂ ਹਨ ਅਤੇ ਕਈ ਨਸ਼ਿਆਂ ਰਾਹੀਂ ਸੰਸਾਰਕ ਬੰਧਨਾਂ ਤੋਂ ਮੁਕਤ ਹੋਣ ਦਾ ਝਾਂਸਾ ਦਿੰਦੀਆਂ ਹਨ। ਕਈ ਡੇਰਿਆਂ ਦੀ ਪਰਸਿੱਧੀ ਹੀ ਨਸ਼ੇ ਫੈਲਾਉਣ ਤੇ ਨਿਰਭਰ ਕਰਦੀ ਹੈ। ਸਾਰੇ ਡੇਰੇ ਨਸ਼ਿਆਂ ਦੀ ਉਪਯੋਗਤਾ ਨੂੰ ਸਮਝਦੇ ਹਨ। ਉਹ ਜਾਣਦੇ ਹਨ ਕਿ ਨਸ਼ਾ ਹੀ ਮਨੁੱਖੀ ਸੋਚ ਨੂੰ ਕਾਬੂ ਕਰਨ ਦਾ ਸੌਖਾ ਢੰਗ ਹੈ। ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਵੱਧ ਰਹੀ ਵਰਤੋਂ ਰਾਜਸੀ ਆਗੂਆਂ, ਡੇਰਾ ਕਰਮਚਾਰੀਆਂ ਅਤੇ ਸਮਗਲਰਾਂ ਦੀ ਮਿਲੀ ਭੁਗਤ ਦਾ ਹੀ ਪਰਿਣਾਮ ਹੈ।

ਸੰਸਥਾਗਤ ਧਰਮ ਦੀ ਰਾਜਸੀ ਗਤੀਵਿਧੀਆਂ ਵਿਚ ਦਿਲਚਸਪੀ ਹੋ ਜਾਣੀ ਵੀ ਸੁਭਾਵਕ ਹੈ। ਅੰਗ੍ਰੇਜ਼ ਸਰਕਾਰ ਨੇ ੧੯੦੯ ਦੇ ਮੋਰਲੇ-ਮਿੰਟੋ ਰਿਫਾਰਮ ਵਿਚ ਹਰ ਧਰਮ ਲਈ ਵਖਰੀਆਂ ਵੋਟਾਂ ਰਾਹੀਂ ਆਪਣੇ ਪ੍ਰਤੀਨਿਧੀ ਚੁਣਨ ਦੀ ਵਿਵਸਥਾ ਕਰ ਦਿੱਤੀ ਸੀ। ਭਾਰਤ ਦੀ ਅਜ਼ਾਦੀ ਸਮੇਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਆਪਣਾ ਵਖਰਾ ਰਾਜ ਸਥਾਪਤ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਸਿੱਖ ਆਗੂ ਅੰਗਰੇਜ਼ਾਂ ਨੂੰ ਕੋਈ ਮੰਨਣਯੋਗ ਪ੍ਰਸਤਾਵ ਪੇਸ਼ ਨਾ ਕਰ ਸਕੇ, ਅਤੇ ਭਾਰਤ ਦਾ ਭਾਗ ਬਨਣ ਲਈ ਰਾਜ਼ੀ ਹੋ ਗਏ। ਉਹ ਭਾਰਤ ਦਾ ਭਾਗ ਬਣ ਕੇ ਸੰਤੁਸ਼ਟ ਨਾ ਹੋਏ, ਪਰ ਉਨ੍ਹਾਂ ਦੀ ਅਸੰਤੁਸ਼ਟਤਾ ਨੇ ਉਨ੍ਹਾਂ ਨੂੰ ਰਾਜਸੀ ਪਰਭੁਤਾ ਦੇ ਸ਼ਕਤੀ ਅਭਿਮਾਨ ਦੀ ਵਹਿਸ਼ਤ ਦਾ ਸ਼ਿਕਾਰ ਬਣਾ ਦਿੱਤਾ। ਉਹ ਸਮਝਦੇ ਰਹੇ ਕਿ ਭਾਰਤ ਦਾ ਭਾਗ ਬਨਣ ਦਾ ਨਿਰਣਾ ਲੈ ਕੇ ਉਨ੍ਹਾਂ ਭਾਰਤ ਦੀ ਜਨਤਾ ਤੇ ਐਹਸਾਨ ਕੀਤਾ ਹੈ ਪਰ ਭਾਰਤ ਦੀ ਸਰਕਾਰ ਲਈ ਉਨ੍ਹਾਂ ਦੀ ਇਹ ਸੋਚ ਰਾਜਸੀ ਪਰਭੁਤਾ ਨੂੰ ਚਨੌਤੀ ਸੀ। ਕਈ ਸਿੱਖ ਜਥੇਬੰਦੀਆਂ ਨੇ ਸੁਤੰਤਰ ਖਾਲ਼ਿਸਤਾਨ ਦੀ ਮੰਗ ਲਈ ਸੰਘਰਸ਼ ਕਰਕੇ ਸਿੱਖ ਨੌਜਵਾਨਾਂ ਦੀ ਬਹੁਗਿਣਤੀ ਮਰਵਾ ਲਈ। ਭਾਰਤ ਸਰਕਾਰ ਨੇ ਸਿੱਖ ਜਥੇਬੰਦੀਆਂ ਦੀ ਸੋਚ ਨੂੰ ਵਿਦਰੋਹ ਮੰਨ ਕੇ ਪੰਜਾਬ ਦੀ ਜੁਆਨੀ ਅਤੇ ਗੁਰਬਾਣੀ ਦੇ ਅਧਿਆਤਮਿਕ ਗਿਆਨ ਵਿਰੁਧ ਸੰਗਰਾਮ ਵਿੱਢ ਲਿਆ ਹੈ। ਪਰ ਸਰਕਾਰਾਂ ਸ਼ਾਇਦ ਇਹ ਨਹੀਂ ਜਾਣਦੀਆਂ ਕਿ ਅਧਿਆਤਮਿਕ ਗਿਆਨ ਸਰੀਰ ਨੂੰ ਕਸ਼ਟ ਦੇਣ ਨਾਲ ਮਿਟਾਇਆ ਨਹੀਂ ਜਾ ਸਕਦਾ ਕਿਉਂਕਿ ਅਧਿਆਤਮਿਕ ਗਿਆਨ ਸਰੀਰ ਦੀ ਨਹੀਂ ਮਨ ਦੀ ਕਿਰਿਆ ਹੁੰਦੀ ਹੈ, ਅਤੇ ਲੋਕਾਂ ਦੇ ਮਨਾਂ ਨੂੰ ਕਾਬੂ ਕਰਨਾ ਸਰਕਾਰਾਂ ਦੇ ਵਸ ਦਾ ਰੋਗ ਨਹੀਂ ਹੁੰਦਾ। ਸ਼ਕਤੀ ਨਾਲ ਪਰਭੂ ਦੇ ਗਿਆਨ ਨੂੰ ਮਿਟਾਉਣ ਦੀ ਪਰਕਿਰਿਆ ਦੇ ਅਕਸਰ ਹੀ ਗੰਭੀਰ ਸਿੱਟੇ ਨਿਕਲਦੇ ਹਨ।

ਗੁਰਬਾਣੀ ਦਾ ਉਪਦੇਸ਼ ਕੁੱਝ ਵਿਸ਼ੇਸ਼ ਲੋਕਾਂ, ਸੰਗਠਨਾਂ ਜਾਂ ਸੰਸਥਾਵਾਂ ਲਈ ਨਹੀਂ ਹੈ। ਇਸ ਉਪਦੇਸ਼ ਤੇ ਕਿਸੇ ਦਾ ਵਿਸ਼ੇਸ਼ ਅਧਿਕਾਰ ਵੀ ਨਹੀਂ ਹੈ ਅਤੇ ਨਾ ਹੀ ਇਹ ਉਪਦੇਸ਼ ਕਿਸੇ ਧੜੇ ਦੀ ਮਲਕੀਅਤ ਹੈ। ਇਹ ਤੇ ਮਾਨਵਤਾ ਦੀ ਅਗਵਾਈ ਅਤੇ ਕਲਯਾਨ ਲਈ ਸਭ ਨੂੰ ਇਕੋ ਅਤੇ ਬਰਾਬਰ ਦਾ ਉਪਦੇਸ਼ ਹੈ। ਜੋ ਵਿਅਕਤੀ ਇਸ ਉਪਦੇਸ਼ ਨੂੰ ਸਮਝ ਕੇ ਇਸ ਅਨੁਸਾਰੀ ਆਪਣਾ ਜੀਵਨ ਢਾਲਦਾ ਹੈ, ਉਹੋ ਸਿੱਖ ਹੈ।
.