.

ਧਰਮ ਪੰਥ

ਆਪਣੇ ਜੀਵਨ ਅੰਦਰ ਆਪਣੀ ਸਫਲਤਾ ਤੇ ਭਲਾਈ (ਜਾਂ ਸੁਰੱਖਿਆ) ਲਈ ਆਮ ਮਨੁੱਖ ਸਦਾ ਉਹੀ ਰਸਤਾ ਅਖਤਿਆਰ ਕਰਦਾ ਹੈ ਜਿਸ ਤੋਂ ਉਹ ਜਾਣੂ ਹੁੰਦਾ ਹੈ, ਨਵੇਂ ਤੇ ਅਨਜਾਣ ਰਸਤਿਆਂ ਦੇ ਖਤਰੇ ਲੈਣ ਤੋਂ ਸੰਕੋਚ ਕਰਦਾ ਹੈ, ਪਰ ਇਹੀ ਜਾਣੂ ਰਸਤਾ ਕਿਸੇ ਵੇਲੇ ਨਵਾਂ, ਅਨਜਾਣ ਤੇ ਖਤਰਨਾਕ ਰਸਤਾ ਸੀ, ਇਸ ਲਈ ਉੱਨਤੀ ਸਦਾ ਅਨਜਾਣ ਤੇ ਨਵੇਂ ਰਸਤਿਆਂ ਤੇ ਚੱਲ ਕੇ ਹੀ ਹੁੰਦੀ ਹੈ। ਇਹ ਵੀ ਇੱਕ ਸਚਾਈ ਹੈ ਕਿ ਜਿਵੇਂ ਪੁਰਾਣਾ ਪੰਥ (ਰਸਤਾ) ਨਵੀਆਂ ਬਣਦੀਆਂ ਪਗ-ਡੰਡੀਆਂ ਵਿੱਚ ਹੀ ਗਵਾਚ ਜਾਇਆ ਕਰਦਾ ਹੈ, ਉਸ ਦਾ ਕੋਈ ਪਤਾ ਹੀ ਨਹੀ ਲਗਦਾ ਤਿਵੇਂ ਅੱਜ ਅਸਲੀ ਧਰਮ ਪੰਥ ਵੀ ਅਨੇਕਾਂ ਪਗ-ਡੰਡੀਆਂ (ਸੰਪ੍ਰਦਾਵਾਂ) ਕਾਰਨ ਗਵਾਚ ਚੁੱਕਾ ਹੈ ਤੇ ਕੋਈ ਵਿਰਲਾ ਹੀ ਇਸ ਤੋਂ ਜਾਣੂ ਹੈ। ਉਹ ਮਨੁੱਖ ਵਿਰਲੇ ਤੇ ਅਨੋਖੇ ਹੀ ਹੁੰਦੇ ਹਨ ਜੋ ਅਨਜਾਣ, ਨਵੇਂ ਤੇ ਭਿਆਨਕ ਰਸਤਿਆਂ ਤੇ ਚੱਲ ਕੇ ਲੋਕ ਭਲਾਈ ਲਈ ਨਵੇਂ ਤੇ ਸੁਖਾਲੇ ਰਾਹ (ਤੇ ਸਹੂਲਤਾਂ) ਲੱਭ ਲੈਂਦੇ ਹਨ। ਜਿਨੀਆਂ ਵੀ ਸੁਖਦਾਇਕ ਸਹੂਲਤਾਂ ਅੱਜ ਮਨੁੱਖ ਨੂੰ ਉਪਲੱਬਧ ਹਨ ਇਹ ਨਵੇਂ ਤੇ ਅਨਜਾਣ ਰਸਤਿਆਂ ਤੇ ਚੱਲ ਕੇ ਹੀ ਪ੍ਰਾਪਤ ਹੋਈਆਂ ਹਨ। ਜਿਵੇਂ ਆਕਾਸ਼ ਵਿੱਚ ਉਡਦੇ ਪੰਛੀ ਤੇ ਸਮੁੰਦ੍ਰ ਵਿੱਚ ਤੈਰਦੀ ਮੱਛੀ ਨੂੰ ਆਪਣਾ ਰਾਹ ਆਪ ਹੀ ਬਨਾਉਣਾ ਪੈਂਦਾ ਹੈ, ਉਥੇ ਕੋਈ ਦ੍ਰਿਸ਼ਟਮਾਨ ਰਾਹ ਨਹੀ ਹੁੰਦਾ ਤੇ ਉਹ ਸਦਾ ਨਵੇਂ ਰਾਹਾਂ ਤੇ ਹੀ ਚਲਦੇ ਹਨ (ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥ ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥ 525) ਤਿਵੇਂ ਪਰਮਾਰਥ ਦੇ ਪਾਂਧੀ ਨੂੰ ਵੀ ਧਰਮ ਦੇ ਨਵੇਂ, ਅਣਜਾਣ, ਅਦ੍ਰਿਸ਼ਟ ਤੇ ਅੰਦਰੂਨੀ ਰਾਹ, ਜਿਸ ਦਾ ਕੋਈ ਨਿਸ਼ਾਨ ਹੀ ਨਹੀ ਦਿਸਦਾ, ਤੇ ਇਕੱਲਿਆਂ ਹੀ ਤੁਰਨਾ ਪੈਂਦਾ ਹੈ। ਮੌਜੂਦਾ ਪ੍ਰਚਲਤ ਧਰਮ ਦੇ ਦ੍ਰਿਸ਼ਟਮਾਨ ਰਾਹਾਂ (ਰੀਤਾਂ ਰਸਮਾਂ ਤੇ ਕਰਮ ਕਾਂਡਾਂ) ਤੇ ਤਾਂ ਬਹੁਤ ਭੀੜ ਭੜੱਕਾ ਹੁੰਦਾ ਹੈ ਪਰ ਗੁਰੂ ਦੇ ਦਰਸਾਏ ਇਸ ਸਦਨਵੇਂ, ਅਨੋਖੇ ਤੇ ਅੰਦਰੂਨੀ ਧਰਮ ਪੰਥ ਜਾਂ ਗੁਰਮਤ ਗਾਡੀ ਰਾਹ ਦਾ ਪਾਂਧੀ ਕੋਈ ਵਿਰਲਾ ਹੀ ਹੁੰਦਾ ਹੈ।

ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥ 1373

ਸੰਸਾਰੀ ਲੋਕ, ਆਪਣੇ ਹੀ ਬਣਾਏ ਧਰਮ (ਅਸਲ ਵਿੱਚ ਮਜ਼੍ਹਬ) ਦੇ ਰਾਹਾਂ ਤੇ ਧੜਿਆਂ, ਜਥੇਬੰਧੀਆਂ, ਸੰਪ੍ਰਦਾਵਾਂ ਤੇ ਟੋਲਿਆਂ ਨਾਲ ਵਹੀਰਾਂ ਘੱਤ ਕੇ (ਕਰਮ ਕਾਂਡਾਂ ਦੁਆਰਾ) ਤੁਰਨ ਦਾ ਨਿਸਫਲ ਯਤਨ ਕਰਦੇ ਹਨ ਪਰ ਕਬੀਰ ਇਕੱਲਾ ਹੀ ਇਸ ਅਨੋਖੇ, ਅੰਦਰੂਨੀ, ਅਦ੍ਰਿਸ਼ਟ, ਨਵੇਂ, ਅਣਜਾਣ ਤੇ ਬਿਖੜੇ ਪੈਂਡੇ ਦਾ ਰਾਹੀ ਹੈ ਤੇ ਇਸ ਧਰਮ ਪੰਥ ਦਾ ਅਨੁਭਵ ਵੀ ਉਸ ਦਾ ਆਪਣਾ ਨਿਜੀ ਅਨੁਭਵ ਹੈ। ਵਿਰਲੇ ਕਾਮਯਾਬ ਵਡਭਾਗੀਆਂ ਨੇ ਆਪਣੇ ਤਜਰਬਿਆਂ ਤੋਂ ਇਹਨਾਂ ਅਦ੍ਰਿਸ਼ਟ, ਅੰਦਰੂਨੀ ਤੇ ਬਿਖੜੇ ਪੈਂਡਿਆਂ ਦੀ ਨਿਜੀ ਜਾਣਕਾਰੀ ਦਿੱਤੀ ਹੈ:

1)  ਜਿਹ ਮਾਰਗਿ ਇਹੁ ਜਾਤ ਇਕੇਲਾ ॥ 264 ਮਨੁੱਖ ਨੂੰ ਸੂਚਤ ਕੀਤਾ ਹੈ ਕਿ ਇਸ ਅਦ੍ਰਿਸ਼ਟ ਰਾਹ ਤੇ ਤੈਨੂੰ ਇਕੱਲਿਆਂ ਹੀ ਚੱਲਣਾ ਪੈਣਾ ਹੈ ਕਿਉਂਕਿ ਇਹ ਰਾਹ ਕਿਤੇ ਬਾਹਰ ਨਹੀ ਤੇਰੇ ਅੰਦਰ ਹੈ। ਕੋਈ ਦੂਸਰਾ ਇਸ ਰਸਤੇ ਤੇ ਤੇਰੇ ਨਾਲ ਨਹੀ ਤੁਰ ਸਕਦਾ ਤੇ ਕਿਸੇ ਦੂਸਰੇ ਦਾ ਰਸਤਾ ਤੇ ਅਨੁਭਵ ਤੇਰਾ ਨਹੀ ਹੋ ਸਕਦਾ। ਮੱਛਲੀ ਵਾਂਙ ਆਪਣਾ ਨਿਜੀ ਰਾਹ ਆਪ ਹੀ ਬਨਾਉਣਾ ਪੈਂਦਾ ਹੈ।

2) ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ 264 ਇਸ ਰਸਤੇ ਤੇ ਤੇਰਾ ਕੋਈ ਜਾਣ ਪਛਾਣ ਵਾਲਾ ਵੀ ਨਹੀ ਹੋਵੇਗਾ। ਉਥੇ ਕੋਈ ਪੰਡਿਤ, ਮੁੱਲਾਂ, ਗਿਆਨੀ, ਸੰਤ, ਬਾਬੇ ਜਾਂ ਉਹਨਾਂ ਪਿੱਛੇ ਲੱਗੀ ਵਹੀਰ ਨਹੀ ਦਿਸਣੀ। ਕੋਈ ਸੰਗੀ, ਸਾਥੀ, ਮਿੱਤ੍ਰ ਜਾਂ ਰਿਸ਼ਤੇਦਾਰ ਵੀ ਨਜ਼ਰ ਨਹੀ ਆਉਣਾ। ਇਸ ਸੁੰਨਸਾਨ ਤੇ ਅੰਧੇਰੇ ਰਸਤੇ ਦਾ ਤੂੰ ਇਕੱਲਾ ਹੀ ਪਾਂਧੀ ਹੋਵੇਂਗਾ ਕਿਉਂਕਿ ਇਹ ਰਸਤਾ ਤੇਰੇ ਅੰਦਰ ਹੈ ਤੇ ਇਸ ਤੇ ਕਿਸੇ ਦੂਸਰੇ ਦਾ ਚੱਲਣਾ ਸੰਭਵ ਨਹੀ।

3) ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ 264 ਇਸ ਰਾਹ ਦਾ ਕੋਈ ਮਾਪਦੰਡ ਨਹੀ, ਕੋਈ ਗਿਣਤੀ ਮਿਣਤੀ ਜਾਂ ਮੀਲ ਪੱਥਰ ਨਹੀ ਹਨ। ਇਸ ਅੰਧੇਰੇ ਰਾਹ ਦਾ ਕੋਈ ਪਤਾ ਨਹੀ ਲਗਦਾ ਕਿ ਕਿੰਨਾ ਰਸਤਾ ਤਹਿ ਹੋ ਗਿਆ ਤੇ ਕਿੰਨਾ ਬਾਕੀ ਹੈ ਤੇ ਨਾ ਕੋਈ ਉਥੇ ਇਸ ਦੀ ਵਾਟ ਪੁੱਛਣ ਦੱਸਣ ਵਾਲਾ ਹੀ ਹੈ।

4) ਜਿਹ ਪੈਡੈ ਮਹਾ ਅੰਧ ਗੁਬਾਰਾ ॥ 264 ਇਸ ਰਾਹ ਵਿੱਚ (ਅਗਿਆਨਤਾ ਕਾਰਨ ਵਿਕਾਰਾਂ, ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਦਾ) ਘੁੱਪ ਹਨੇਰਾ ਹੈ। ਪੈਰ ਪੈਰ ਤੇ ਕੁਰਾਹੇ ਪੈਣ ਦੀ, (ਵਿਕਾਰਾਂ ਦੇ ਖੁਹ ਵਿੱਚ ਡਿਗਣ ਦੀ), ਪਗਡੰਡੀਆਂ (ਸੰਪ੍ਰਦਾਵਾਂ) ਵਿੱਚ ਗੁਆਚਣ ਦੀ ਸੰਭਾਵਨਾ ਬਣੀ ਰਹੇਗੀ। ਜਿਵੇਂ ਹਨੇਰੇ ਵਿੱਚ ਤੁਰਨ ਲਈ ਬੜੀ ਸਾਵਧਾਨੀ ਦੀ ਲੋੜ ਹੁੰਦੀ ਹੈ ਤਿਵੇਂ ਇਸ ਅੰਧ ਗੁਬਾਰ ਦੇ ਰਸਤੇ ਲਈ ਵੀ ਵਿਕਾਰਾਂ ਤੋਂ ਸਦਾ ਹੁਸ਼ਿਆਰ ਰਹਿਣਾ ਪਵੇਗਾ। ਜਿਵੇਂ ਬਾਹਰਲੇ ਅੰਧੇਰੇ ਵਿੱਚ ਮਨੁੱਖ ਦੇ ਪੈਰ ਡਾਵਾਂ ਡੋਲ ਹੋ ਜਾਂਦੇ ਹਨ ਤਿਵੇਂ ਮੋਹ ਮਾਇਆ ਦੇ ਅੰਧ ਗੁਭਾਰ ਪੈਂਡਿਆਂ ਵਿੱਚ ਮਨੁੱਖ ਦਾ ਮਨ ਸਦਾ ਡੋਲਦਾ ਹੀ ਰਹਿੰਦਾ ਹੈ। ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥ 1427

5) ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥  440 ਪ੍ਰੇਮਾ ਭਗਤੀ (ਧਰਮ) ਦਾ ਰਸਤਾ ਬੜਾ ਨਵੇਕਲਾ ਤੇ ਔਕੜਾਂ ਭਰਿਆ ਇਸ ਲਈ ਹੈ ਕਿਉਂਕਿ ਇਹ ਅਦ੍ਰਿਸ਼ਟ ਹੈ, ਅੰਦਰੂਨੀ ਹੈ ਤੇ ਪ੍ਰਚਲਤ ਬਾਹਰਲੇ ਦਿਸਦੇ ਕਰਮ ਕਾਂਡਾਂ ਦੇ ਰਾਹਾਂ ਤੋਂ ਉਲਟ ਹੈ। ਇਹ ਔਕੜਾਂ ਤੇ ਕਠਨਾਈਆਂ ਕੇਵਲ ਪੁਰਾਣੇ ਰਾਹਾਂ ਨੂੰ ਛੱਡਣ ਵਿੱਚ ਹੀ ਹਨ, ਨਵੇਂ ਰਾਹ ਨੂੰ ਅਪਨਾਉਣ ਵਿੑਚ ਨਹੀ। ਇਸ ਤੇ ਵਿਚਰਨ ਲਈ ਮੋਹ ਮਾਇਆ ਵਿੱਚ ਉਲਝੇ ਤੇ ਡੋਲਦੇ ਮਨ ਨੂੰ ਵਿਕਾਰਾਂ ਤੋਂ ਮੁਕਤ ਤੇ ਥਿਰ ਕਰਨਾ ਹੀ ਨਵੇਂ ਰਸਤੇ ਤੇ ਚੱਲਣਾ ਹੈ। ਇਸ ਲਈ ਵਡ੍ਹੀ ਔਖਿਆਈ ਕੇਵਲ ਪੁਰਾਣੇ ਨੂੰ ਛੱਡਣ ਵਿੱਚ ਹੀ ਹੈ ਕਿਉਂਕਿ ਪੁਰਾਣੇ ਨੂੰ ਛੱਡਣਾ ਹੀ ਨਵੇਂ ਤੇ ਚੱਲਣਾ ਹੈ ਜੋ ਗੁਰਮਤ ਦੁਆਰਾ ਹੀ ਸੰਭਵ ਹੈ।

6) ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥ 1028 ਬਹੁਤ ਹੀ ਭੀੜਾ ਜਾਂ ਤੰਗ (ਭਾਵ ਮੁਸ਼ਕਿਲ) ਰਸਤਾ ਹੈ, ਖੰਡੇ ਦੀ ਧਾਰ ਤੇ ਤੁਰਨ ਦੇ ਤੁਲ ਹੈ ਜਿਥੋਂ ਥਿੜਕਿਆਂ ਵਿਕਾਰਾਂ ਦੇ ਸਮੁੰਦ੍ਰ ਵਿੱਚ ਡਿਗ ਕੇ ਗਰਕ ਜਾਣ ਦਾ ਡਰ ਹੈ। … …. . ਇਤ ਆਦਿਕ …. .

ਇਸ ਧਰਮ ਦੇ ਰਾਹ ਨੂੰ ਗੁਰਬਾਣੀ ਨੇ ਬੜਾ ਕਠਨ ਦਰਸਾਇਆ ਹੈ ਕਿਉਂਕਿ ਅੰਦਰੂਨੀ ਤੇ ਅਦ੍ਰਿਸ਼ਟ ਹੋਣ ਕਰਕੇ ਇਸ ਮਾਰਗ ਦਾ ਕੋਈ ਭੇਤ ਜਾਂ ਥਹੁ ਪਤਾ ਹੀ ਨਹੀ ਤੇ ਜਿਸ ਰਾਹ ਦਾ ਕੋਈ ਭੇਤ ਹੀ ਨਹੀ ਉਸ ਤੇ ਚੱਲਣਾ ਬੜਾ ਕਠਨ ਹੈ। ਇਹੀ ਕਾਰਨ ਹੈ ਕਿ ਇਸ ਅਦ੍ਰਿਸ਼ਟ ਤੇ ਕਠਨ ਮਾਰਗ ਤੇ ਚੱਲਣ ਲਈ ਇਸ ਦਾ ਭੇਤ ਗੁਰੂ ਕੋਲੋਂ ਲੈਣਾ ਪੈਂਦਾ ਹੈ ਕਿਉਂਕਿ ਉਹ ਇਸ ਰਾਹ ਦਾ ਭੇਤੀ (ਜਾਣੂ) ਹੈ। ਗੁਰੂ ਬਿਨਾ ਇਸ ਰਾਹ ਦੀ ਸਹੀ ਤੇ ਸੌਖੀ ਸੂਝ ਕਿਤੇ ਹੋਰ ਨਹੀ ਮਿਲ ਸਕਦੀ, ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥ 229 ਗੁਰੂ ਦਾ ਦਿੱਤਾ ਗਿਆਨ ਹੀ ਇਸ ਰਾਹ ਦੀ ਰੌਸ਼ਨੀ ਹੈ ਜਿਸ ਨਾਲ ਇਸ ਬਿਖੜੇ ਮਾਰਗ ਦਾ ਭੇਤ ਖੁਲਦਾ ਜਾਂ ਦਿਸਦਾ ਹੈ। ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥  600

ਗੁਰੂ ਬਿਨਾ ਆਪੂ ਬਣੇ ਕਿਸੇ ਅਖੌਤੀ ਸਾਧ, ਸੰਤ ਜਾਂ ਬਾਬਿਆਂ ਕੋਲੋਂ ਧਰਮ ਪੰਥ ਜਾਨਣਾ ਤਾਂ ਗੁਲਾਮੀ ਜਾਂ ਬੰਧਨਾਂ ਦੇ ਜਾਲ ਵਿੱਚ ਫਸਣਾ ਹੈ। ਗੁਰੂ ਇਸ ਪੰਥ ਦਾ ਭੇਤ ਖੋਲਦਾ ਹੈ ਤੇ ਰਾਹ ਵਿੱਚ ਆੳਣ ਵਾਲੀਆਂ ਔਕੜਾਂ ਬਾਰੇ ਸੂਚਤ ਕਰਦਾ ਹੈ: ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 162

ਧਰਮ ਦੇ ਕਰਮ ਕਾਂਡਾਂ ਦੇ ਵਖਾਵੇ ਮਨੁੱਖ ਅੰਦਰ ਧਰਮੀ ਹੋਣ ਦਾ ਅਹੰਕਾਰ ਪੈਦਾ ਕਰ ਦਿੰਦੇ ਹਨ ਇਸ ਲਈ ਪੁਰਾਣੀਆਂ ਨਿਸਫਲ਼ ਤੇ ਥੋਥੀਆਂ ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਦੇ ਪਾਂਧੀਆਂ ਨੂੰ ਇਹ ਉਲਟਾ ਰਾਹ (ਪਗਡੰਡੀਆਂ) ਛੱਡ ਕੇ ਨਵਾ, ਅਨੋਖਾ ਤੇ ਅਦ੍ਰਿਸ਼ਟ ਗੁਰਮਤ ਗਾਢੀ ਰਾਹ ਆਪ ਬਨਾਉਣਾ ਪਵੇਗਾ। ਉਸ ਅਥਾਹ ਤੇ ਅਗਮ ਅਗੋਚਰ (ਮੰਜ਼ਿਲ) ਨੂੰ ਪਾਉਣ ਲਈ ਰਾਹ ਦੀਆਂ ਵਿਕਾਰੀ ਚਿਟਾਨਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਪਾਰ ਕਰਨਾ ਪਵੇਗਾ। ਉਲਟੇ (ਮੋਹ ਮਾਇਆ ਦੇ) ਰਸਤੇ ਨੂੰ ਛੱਡੇ ਬਿਨਾ, ਪਗਡੰਡੀਆਂ ਨੂੰ ਛੱਡੇ ਬਿਨਾ, ਗੁਰੂ ਦਾ ਦਰਸਾਇਆ ਸਹੀ ਰਸਤਾ ਨਹੀ ਅਪਨਾਇਆ ਜਾ ਸਕਦਾ। ਮਾਇਆ ਮੂਠਾ ਚੇਤੈ ਨਾਹੀ ॥ ਭਰਮੇ ਭੂਲਾ ਬਹੁਤੀ ਰਾਹੀ ॥ 372

ਇਹ ਅਟੱਲ ਸਚਾਈ ਹੈ ਕਿ ਹੰਕਾਰ (ਵਿਕਾਰ) ਛੱਡੇ ਬਿਨਾ ਨਿਰੰਕਾਰ ਨਹੀ ਪਾਇਆ ਜਾ ਸਕਦਾ। ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥ 534

ਮਾਨ ਮੋਹ ਤੇ ਮੇਰ ਤੇਰ (ਵਿਕਾਰਾਂ) ਨੂੰ ਛੱਡਣਾ ਹੀ ਖੰਡੇ ਦੀ ਧਾਰ ਤੇ ਚੱਲਣ ਤੁਲ ਹੈ, ਇਹੀ ਅਵਘਟ ਘਾਟੀ ਹੈ, ਇਹੀ ਬਿਖੜਾ ਪੈਂਡਾ ਹੈ, ਇਹੀ ਖੰਡੇਧਾਰ ਗਲੀ ਅਤਿ ਭੀੜੀ ਹੈ, ਇਹੀ ਰਾਹ ਅੰਧ ਕੂਪ ਮਹਾ ਭਇਆਨ ਹੈ।

ਇਸ ਅੰਧ ਕੂਪ, ਮਹਾ ਭਇਆਨ ਤੇ ਬਿਖਮ ਪੈਂਡਿਆਂ ਤੇ ਤੁਰਨ ਲਈ ਗੁਰਗਿਆਨ ਦੇ ਦੀਵੇ ਦੀ ਲੋੜ ਹੈ ਜੋ ਇਹ ਅਦ੍ਰਿਸ਼ਟ ਤੇ ਬਿਖਮ ਮਾਰਗ ਦਿਖਾ ਸਕਦਾ ਹੈ: ਸਤਿਗੁਰ ਕੈ ਹਉ ਸਦ ਬਲਿ ਜਾਇਆ ॥ ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥ 1142

ਰੌਸ਼ਨੀ ਕੀਤੇ ਬਿਨਾ ਅੰਧੇਰਾ ਨਹੀ ਜਾ ਸਕਦਾ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ 791 ਜਿਵੇਂ ਦੀਵਾ ਬਲਦੇ ਹੀ ਹਨੇਰਾ ਦੂਰ ਹੋ ਜਾਂਦਾ ਹੈ, ਦੀਵੇ ਦੀ ਰੌਸ਼ਨੀ ਅੰਧੇਰੇ ਨੂੰ ਖਾ ਜਾਂਦੀ ਹੈ, ਮਿਟਾ ਦਿੰਦੀ ਹੈ, ਤਿਵੇਂ ਗੁਰੂ ਦਾ ਗਿਆਨ (ਗੁਰਮਤ) ਅਗਿਆਨਤਾ ਦੇ ਹਨੇਰੇ (ਮਨਮਤ) ਨੂੰ ਖਾ ਜਾਂਦਾ ਹੈ, ਮਿਟਾ ਦਿੰਦਾ ਹੈ ਤੇ ਹੋਏ (ਗਿਆਨ ਦੇ) ਉਜਾਲੇ ਵਿੱਚ ਬਿਖੜੇ ਮਾਰਗ ਦੀਆਂ ਔਕੜਾਂ ਦਿਸਣ ਲਗ ਪੈਂਦੀਆਂ ਹਨ।

ਵੱਡ੍ਹੀ ਔਕੜ ਗੁਰੂ ਦਾ ਗਿਆਨ ਲੈਣ ਵੇਲੇ ਹੀ ਆਉਂਦੀ ਹੈ ਕਿਉਂਕਿ ਇਥੇ ਇਕੋ ਇੱਕ ਸ਼ਰਤ ਇਹ ਹੈ ਕਿ ਪਹਿਲਾਂ ਆਪਣੀ ਮਨਮੱਤ ਤਿਆਗੇ ਬਿਨਾ ਗੁਰਮਤ ਦੀ ਪ੍ਰਾਪਤੀ ਨਹੀ ਹੋ ਸਕਦੀ। ਇਹ ਇੱਕ ਸਾਧਾਰਨ ਮਤ ਹੈ ਕਿ ਖਾਲੀ ਭਾਂਡੇ ਵਿੱਚ ਹੀ ਕੋਈ ਵਸਤੂ ਪਾਈ ਜਾ ਸਕਦੀ ਹੈ, ਇਸ ਲਈ ਜਦੋਂ ਤੱਕ ਮਨ ਦੇ ਭਾਂਡੇ ਨੂੰ ਮਨਮਤ ਤੋਂ ਖਾਲੀ ਨਹੀ ਕੀਤਾ ਜਾਂਦਾ, ਪੁਰਾਣੇ ਵਹਿਮਾਂ, ਭਰਮਾਂ ਤੇ ਬੇਬੁਨਿਆਦ ਮਨੌਤਾਂ ਨੂੰ ਨਹੀ ਛਡਿਆ ਜਾਂਦਾ, ਉਦੋਂ ਤਕ ਗੁਰਮਤ ਦਾ (ਮਨ ਦੇ) ਭਾਂਡੇ ਵਿੱਚ ਪੈਣਾ ਸੰਭਵ ਨਹੀ। ਇਸ ਲਈ ਗੁਰੂ ਦੀ ਚਿਤਾਵਨੀ ਹੈ ਕਿ ਅਗਰ ਮੇਰੇ ਨਾਲ ਪਿਆਰ ਦੀ ਗੰਡ ਤੁਪ ਪਾਉਣੀ ਹੈ, ਗਿਆਨ ਦਾ ਚਰਾਗ ਬਾਲਣਾ ਹੈ, ਤਾਂ ਪਹਿਲਾਂ, ਬਿਨਾ ਕਿਸੇ ਝਿਜਕ ਦੇ, ਸੀਸ ਦੇਣਾ ਪਵੇਗਾ, ਮਨਮਤ ਨੂੰ ਤਿਆਗਣਾ ਪਵੇਗਾ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ 1412

ਧਰਮ ਪੰਥ ਤੇ ਚੱਲਣ ਲਈ ਸੀਸ ਦੀ ਮੰਗ ਦਾ ਭਾਵ ਮਨਮਤ ਨੂੰ ਤਿਆਗਣ ਤੋਂ ਹੀ ਹੈ ਜੋ ਸੱਭ ਤੋਂ ਵੱਡ੍ਹੀ ਔਕੜ ਹੈ ਤੇ ਜਿਸ ਦੇ ਕਾਰਨ ਇਹ ਰਾਹ ਭੀੜਾ, ਅੰਧ ਕੂਪ ਤੇ ਮਹਾ ਭਿਆਨਕ ਹੈ। ਬਾਹਰਲੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਮਨੁੱਖ ਦੀ ਧਰਮ ਪੰਥ ਤੋਂ ਖਿਸਕਣ ਦੀ ਚਲਾਕੀ ਜਾਂ ਆਪਣੇ ਆਪ ਨਾਲ ਧੋਖੇਬਾਜ਼ੀ ਹੈ ਕਿਉਂਕਿ ਇਹਨਾਂ ਕਰਮ ਕਾਂਡਾਂ ਨੂੰ ਅਪਨਾਉਣਾ ਕੋਈ ਔਖੀ ਗਲ ਨਹੀ, ਹਰ ਕੋਈ ਅਪਨਾ ਸਕਦਾ ਹੈ, ਤੇ ਅਪਨਾ ਵੀ ਰਿਹਾ ਹੈ, ਪਰ ਇਹ ਰਾਹ ਉਲਟਾ ਤੇ ਨਿਸਫਲ ਹੈ ਜੋ ਮੰਜ਼ਿਲ ਤੇ ਨਹੀ ਪਹੁੰਚਾ ਸਕਦਾ। ਗੁਰੂ ਦੀ ਮਤ ਅਨੁਸਾਰ, ਬਿਖੜੇ ਪੈਂਡਿਆਂ ਦਾ ਰਾਹੀ, ਧਰਮ ਪੰਥ ਦਾ ਪਾਂਧੀ, ਕੋਈ ਵਿਰਲਾ ਸੂਰਮਾ ਹੀ ਹੁੰਦਾ ਹੈ: ਗੁਰ ਕਾ ਸਬਦੁ ਮਨੇ ਸੋ ਸੂਰਾ ॥ ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥ 1023

ਇਹ ਰਾਹ ਉਹਨਾਂ ਡਰਪੋਕਲਾਂ ਲਈ ਨਹੀ ਜੋ ਮੰਜ਼ਿਲ ਦੀ ਕਲਪਣਾ ਵੀ ਕਰਦੇ ਹਨ ਪਰ ਉਲਟਾ ਰਾਹ ਵੀ ਛੱਡਣਾ ਨਹੀ ਚਹੁੰਦੇ, ਧਰਮੀ ਬਣਨਾ ਵੀ ਲੋਚਦੇ ਹਨ ਪਰ ਅਧਰਮ ਵੀ ਛੱਡਣਾ ਨਹੀ ਚਹੁੰਦੇ, ਗਿਆਨ ਦੀ ਰੌਸ਼ਨੀ ਦੀ ਵੀ ਚਾਹ ਹੈ ਪਰ ਅਗਿਆਨਤਾ ਦਾ ਹਨੇਰਾ ਵੀ ਛੱਡਣਾ ਨਹੀ ਚਹੁੰਦੇ, ਚੰਗਾ ਆਚਰਣ ਵੀ ਚਹੁੰਦੇ ਹਨ ਪਰ ਬਦਚਲਨੀ ਵੀ ਛੱਡਣੀ ਨਹੀ ਚਹੁੰਦੇ, ਗੁਰਮੁਖ ਬਣਨ ਦੀ ਵੀ ਤਾਂਘ ਹੈ ਪਰ ਮਨਮੁੱਖਤਾ ਦਾ ਪੱਲਾ ਵੀ ਛੱਡਣਾ ਨਹੀ ਚਹੁੰਦੇ, ਨਿਰੰਕਾਰ ਦਾ ਮਿਲਾਪ ਵੀ ਚਹੁੰਦੇ ਹਨ ਪਰ ਅਹੰਕਾਰ ਨੂੰ ਵੀ ਛੱਡਣਾ ਨਹੀ ਚਹੁੰਦੇ। ਵਾਹ, ਕੈਸੀ ਅਜੀਬ ਤੇ ਤਰਸਯੋਗ ਦਾਸਤਾਨ ਹੈ ਮਨੁੱਖ ਦੀ, ਪਿਉ ਦਾਦੇ ਦਾ ਦਿੱਤਾ ਗਿਆਨ ਖਜ਼ਾਨਾ ਕੋਲ ਹੈ ਪਰ ਵਰਤਣਾ ਹੀ ਨਹੀ ਆਉਂਦਾ, ਗੁਰਗਿਆਨ ਦਾ ਦੀਵਾ ਕੋਲ ਹੈ ਪਰ ਜਗਾਉਣਾ ਹੀ ਨਹੀ ਆਉਂਦਾ, ਧਰਮ ਪੰਥ ਦਾ ਰਾਹਜੰਤਰ (navigation system) ਤਾਂ ਕੋਲ ਹੈ ਪਰ ਵਰਤਣਾ ਹੀ ਨਹੀ ਆਉਂਦਾ ਤੇ ਇਹੀ ਕਾਰਨ ਹੈ ਕਿ ਹਰ ਕੋਈ ਇਸ ਭੁੱਲੜ ਤੇ ਭਟਕਦੇ ਰਾਹੀ ਦਾ ਨਾਜਾਇਜ਼ ਲਾਭ ਲੈਣ ਲਈ, ਮੱਛੀਆਂ ਨੂੰ ਜਾਲ ਵਿੱਚ ਫਸਾਉਣ ਲਈ, ਭੋਲੇ ਭਾਲੇ ਪੰਛੀਆਂ ਨੂੰ ਚੋਗਾ ਪਾ ਕੇ ਫੜਨ ਲਈ, ਹਜ਼ਾਰਾਂ ਅਖੌਤੀ ਸਾਧ, ਸੰਤ, ਬਾਬੇ, ਪੀਰ ਫਕੀਰ ਅਨੇਕਾਂ ਦਰਬਾਰ, ਡੇਰੇ, ਟਕਸਾਲ, ਤੇ ਠਾਠ ਥਾਂ ਥਾਂ ਖੋਲੀ ਬੈਠੇ ਹਨ ਜਿਨ੍ਹਾਂ ਵਿੱਚ ਉਲਝੇ ਮਨੁੱਖ ਦਾ ਨਿਕਲਨਾ ਜੇ ਅਸੰਭਵ ਨਹੀ ਤਾਂ ਅਤਿ ਕਠਨ ਜ਼ਰੂਰ ਹੈ। ਕਾਸ਼, ਜੇ ਪਿਉ ਦਾਦੇ (ਗੁਰੂ) ਨਾਲ ਸਾਂਝ ਪਾਈ ਹੁੰਦੀ ਤਾਂ ਇਹ ਦਰ ਦਰ ਦੀਆਂ ਠੋਕਰਾਂ, ਗੁਲਾਮੀ, ਧਰਮ ਕਰਮ ਦੇ ਬੰਧਨ ਤੇ ਕੁਰੱਸਤੇ ਦੀ ਭਟਕਣਾ ਨਾ ਝੱਲਣੀ ਪੈਂਦੀ।

ਮਨੁੱਖ ਦੀ ਮੌਜੂਦਾ ਹਾਲਤ ਵੇਖ ਕੇ ਇਉਂ ਲਗਦਾ ਹੈ ਜਿਵੇਂ ਇਹ ਆਪ ਹੀ ਪੁਰਾਣਾ ਰਾਹ ਛੱਡਣਾ ਨਹੀ ਚਹੁੰਦਾ ਕਿਉਂਕਿ ਜਿਵੇਂ ਚਿਰਾਂ ਤੋਂ ਪਿੰਜਰੇ ਦਾ ਪੰਛੀ ਪਿੰਜਰਾ ਨਹੀ ਚੱਡਣਾ ਚਹੁੰਦਾ, ਪਿੰਜਰਾ ਜੋ ਪਹਿਲਾਂ ਕੈਦ ਸੀ ਹੁਣ ਘਰ ਲਗਦਾ ਹੈ, ਜਿਵੇਂ ਚਿਰਾਂ ਦੇ ਕੈਦੀ ਲਈ ਕੈਦ ਹੀ ਘਰ ਬਣ ਜਾਂਦੀ ਹੈ, ਕੈਦ ਘਰ ਹੀ ਸੁਰੱਖਿਆ ਘਰ ਲਗਦਾ ਹੈ, ਤਿਵੇਂ ਅੱਜ ਅਧਰਮ ਦਾ ਰਾਹ ਵੀ ਧਰਮ ਪੰਥ ਹੀ ਭਾਸਣ ਲੱਗ ਪਿਆ ਹੈ ਜਿਸ ਨੂੰ ਇਹ ਛੱਡਣਾ ਹੀ ਨਹੀ ਚਹੁੰਦਾ। ਧਰਮ ਕਰਮ, ਭੇਖਾਂ ਤੇ ਚਿੰਨਾਂ ਦੇ ਬੰਧਨਾਂ ਨੂੰ ਇਹ ਸ਼ਿੰਗਾਰ ਸਮਝਣ ਲੱਗ ਪਿਆ ਹੈ, ਆਪਣੇ ਹੀ ਬਣਾਏ ਕਰਮ ਕਾਂਡਾਂ ਦੀ ਕੈਦ ਵਿੱਚ ਆਪ ਹੀ ਬੰਧੀ ਹੈ ਤੇ ਨਿਕਲਨਾ ਹੀ ਨਹੀ ਚਹੁੰਦਾ ਕਿਉਂਕਿ ਇਹਨਾਂ ਨੂੰ ਹੀ ਹੁਣ ਧਰਮ ਸਮਝ ਬੈਠਾ ਹੈ। ਆਪਣੇ ਹੀ ਬਣਾਏ ਧਰਮ ਆਗੂਆਂ ਦਾ ਆਪ ਹੀ ਗੁਲਾਮ ਹੈ। ਅਖੌਤੀ ਸਾਧਾਂ, ਸੰਤਾਂ, ਪੀਰਾਂ ਫਕੀਰਾਂ ਤੇ ਬਾਬਿਆਂ ਦੇ ਅਨੇਕਾਂ ਸ਼ਰਧਾਲੂ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ। ਅਕੱਟ ਦਲੀਲਾਂ ਦਾ ਵੀ ਉਹਨਾਂ ਤੇ ਕੋਈ ਅਸਰ ਨਹੀ ਹੁੰਦਾ ਕਿਉਂਕਿ ਸੋਚਣ ਦਾ ਜੰਤ੍ਰ ਉਹਨਾਂ ਕੋਲੋਂ ਖੋਹ ਕੇ ਅੰਨ੍ਹੀ ਸ਼ਰਧਾ ਦਾ ਜੰਤ੍ਰ ਜੜ ਦਿੱਤਾ ਗਿਆ ਹੈ। ਸ਼ਰਧਾਲੂ ਲਈ ਸੋਚਣਾ ਤੇ ਫਿਰ ਸਵਾਲ ਕਰਨਾ ਬਾਬਿਆਂ ਦੀ ਬੇਅਦਬੀ ਮੰਨੀ ਜਾਂਦੀ ਹੈ। ਉਥੇ ਤਾਂ ਕੇਵਲ “ਸਤਿ ਬਚਨ” ਦਾ ਮੰਤ੍ਰ ਹੀ ਪਰਵਾਨ ਹੈ। ਸਵਾਲ ਕਰਨ ਬਿਨਾ ਗਿਆਨ ਹਾਸਲ ਨਹੀ ਹੋ ਸਕਦਾ ਤੇ ਗਿਆਨ ਬਿਨਾ ਧਰਮ ਪੰਥ ਨਹੀ ਜਾਣਿਆ ਜਾ ਸਕਦਾ।

ਪਰ ਇਹ ਸਭ ਤਾਂ ਬੋਲ੍ਹੇ ਅਗੇ ਬੀਨ ਬਜਾਉਣ ਵਾਲੀ ਗਲ ਹੈ। ਜਿਹੜੇ ਮਨ ਬਾਬਿਆਂ ਦੇ ਹੁਕਮ ਨੇ ਕੀਲੇ ਹੋਏ ਹਨ, ਜਿਹੜੇ ਮਨਾਂ ਨੂੰ ਬਾਬਿਆਂ ਦੇ ਬਚਨ ਆਕਾਸ਼ ਬਾਣੀ ਦੀ ਤਰਾਂ ਲਗਦੇ ਹਨ, ਉਹਨਾਂ ਮਨਾਂ ਵਿੱਚ ਗੁਰੂ ਦੇ ਬਚਨਾਂ (ਗੁਰਮਤ) ਲਈ ਥਾਂ ਕਿਥੇ? ਇਹ ਸਭ ਲਿਖਣ ਤੋਂ ਭਾਵ ਮਨ ਨੂੰ ਜਗਾਉਣ ਤੋਂ ਹੀ ਹੈ ਕਿ ਜਿਨ੍ਹਾਂ ਧਰਮ ਦੇ ਕਰਮ ਕਾਂਡਾਂ ਨੂੰ ਮਨੁੱਖ ਨੇ ਧਰਮ ਪੰਥ ਬਣਾ ਲਿਆ ਹੈ ਉਹ ਕੇਵਲ ਪਗਡੰਡੀਆਂ ਹਨ ਜੋ ਭੁਲਾਵਾ ਪਾ ਕੇ ਮੰਜ਼ਿਲ ਤੋਂ ਉਲਟੇ ਰਾਹ ਲੈ ਜਾਂਦੀਆਂ ਹਨ। ਜਿਸ ਨੇ ਆਪ ਮੰਜ਼ਿਲ ਨਹੀ ਪਾਈ ਉਹ ਉਸ ਦਾ ਰਾਹ ਕਿਵੇਂ ਦੱਸ ਸਕਦਾ ਹੈ, ਤੇ ਗੁਰੂ ਬਿਨਾ ਇਸ ਰਾਹ ਦੀ ਜਾਣਕਾਰੀ ਕਿਸੇ ਹੋਰ ਕੋਲੋਂ ਲੈਣੀ ਆਪਣੇ ਆਪ ਨੂੰ ਬੰਧੀ ਜਾਂ ਗੁਲਾਮ ਬਨਾਉਣ ਤੁਲ ਹੈ। ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥ 140

ਧਰਮ ਪੰਥ ਕੋਈ ਸੰਪ੍ਰਦਾ ਜਾਂ ਸੰਸਥਾਗਤ ਨਹੀ ਜੋ ਕੇ ਆਮ ਸਮਝਿਆ ਜਾਂਦਾ ਹੈ, ਇਹ ਮੌਜੂਦਾ ਜੀਵਨ ਨੂੰ ਸ਼ਾਂਤ, ਸੁਖੀ ਤੇ ਅਨੰਦਿਤ ਬਨਾਉਣ ਦੀ ਕਲਾ ਜਾਂ ਰਾਹ ਹੈ, ਮਨ ਦੀ ਸਾਧਨਾ ਹੈ, ਪ੍ਰੀਤਮ ਦੇ ਦੇਸ਼ ਦਾ ਰਾਹ ਹੈ, ਮਨੁੱਖੀ ਏਕਤਾ ਦੀ ਵਿਧੀ ਹੈ, ਬਿਖੜੀ ਮਨੁਖਤਾ ਨੂੰ ਇਕੋ ਮਾਲਾ ਵਿੱਚ ਪਰੋਣ ਦੀ ਜੁਗਤ ਹੈ, ਤੇ ਇਸ ਪਲ ਤੋਂ ਥਿੜਕਿਆਂ ਜਨਮ ਨੂੰ ਜੂਏ ਵਿੱਚ ਹਾਰਨ ਦੇ ਤੁੱਲ ਹੀ ਹੈ। ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥ 1013 ਦੁਨਿਆਵੀ ਨਵੇਂ ਰਸਤਿਆਂ ਤੇ ਚਲਣ ਵੇਲੇ ਮਨੁੱਖ ਬੜੀ ਹੁਸ਼ਿਆਰੀ ਵਰਤਦਾ ਹੈ, ਰਾਹ ਦਾ ਨਕਸ਼ਾ ਵੇਖਦਾ ਹੈ, ਸੌ ਪੁੱਛ ਗਿੱਛ ਕਰਦਾ ਹੈ ਤਾਂ ਕੇ ਕਿਤੇ ਰਾਹ ਭੁੱਲ ਕੇ ਗੁਆਚ ਹੀ ਨਾ ਜਾਵੇ, ਪਰ ਧਰਮ ਦੇ ਰਾਹ ਮਨੁੱਖ ਬਿਨਾ ਘੋਖਿਆਂ, ਬਿਨਾ ਕਿਸੇ ਜਾਣ ਪੜਤਾਲ, ਬਿਨਾ ਸੋਚੇ ਸਮਝੇ, ਅੰਨ੍ਹੇਵਾਹ ਹੀ ਚੱਲ ਪੈਂਦਾ ਹੈ, ਅਕਲ ਹੀ ਗੁਆਚ ਜਾਂਦੀ ਹੈ ਜਿਵੇਂ ਕਿਸੇ ਨੇ ਸੰਮੋਹਨ (hypnotise) ਹੀ ਕਰ ਦਿੱਤਾ ਹੋਵੇ। ਬਾਬਾ ਫਰੀਦ ਹਲੂਣਾ ਦੇ ਕੇ ਇਸ ਗਫਲਤ ਦੀ ਨੀਂਦ (ਅਗਿਆਨਤਾ) ਤੋਂ ਜਗਾ ਰਹੇ ਹਨ: ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥ 794 ਰਸਤਾ ਬੜਾ ਕਠਨ ਤੇ ਦੁਖਦਾਈ ਹੈ ਜਿਸ ਨੂੰ ਦਿਨੇ ਦਿਨੇ ਹੀ ਤਹਿ ਕਰਨਾ ਹੈ ਤੇ ਜ਼ਿੰਦਗੀ ਦਾ ਮੌਜੂਦਾ ਸਮਾ ਹੀ ਦਿਨ ਦੀ ਸਵੇਰ ਹੈ, ਮੌਜੂਦਾ ਪਲ ਹੀ ਸਵੇਰ ਹੈ, ਤੇ ਅਗਰ ਗੁਰਗਿਆਨ ਦੇ ਦੀਵੇ ਨੂੰ ਦਿਨੇ ਦਿਨੇ ਨਾ ਜਗਾਇਆ ਤਾਂ ਰਾਤ ਪਈ ਤੋਂ (ਅੰਤ ਨੂੰ) ਹੱਥ ਪੱਲਾ ਮਾਰਿਆਂ ਕੁੱਝ ਵੀ ਨਹੀ ਲੱਭਣਾ। ਭਾਵ ਇਹੀ ਹੈ ਕਿ ਧਰਮ ਦੇ ਰਾਹ ਤੇ ਮੌਜੂਦਾ ਜੀਵਨ ਪਲ ਵਿੱਚ ਹੀ ਚਲਿਆ ਜਾ ਸਕਦਾ ਹੈ, ਪਿਛੋਂ (ਅੰਤ ਵੇਲੇ) ਤਾਂ ਕੇਵਲ ਪਛਤਾਵਾ ਹੀ ਹੱਥ ਰਹਿ ਜਾਣਾ ਹੈ (ਫਿਰ ਪਛਤਾਇਆਂ ਕੀ ਬਣੇ ਜਦ ਚਿੜੀਆਂ ਚੁਗ ਲਿਆ ਖੇਤ)। ਇਸ ਲਈ ਜੀਵਨ ਦੇ ਮੌਜੁਦਾ ਕੀਮਤੀ ਪਲ ਵਿੱਚ ਹੀ ਗੁਰੂ ਨਾਲ (ਬਿਨਾ ਵਿਚੋਲੇ) ਸਾਂਝ ਪਾ ਕੇ ਗੁਰਮਤ ਦੇ ਗਾਡੀ ਰਾਹ ਦੀ ਪਛਾਣ ਕਰਨੀ ਤੇ ਉਸ ਤੇ ਚੱਲਣਾ ਹੀ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਿਤ ਬਣਾ ਸਕਦਾ ਹੈ। ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥ ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥ 575

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.