.

ਨਾਸਕੀ-ਚਿੰਨ੍ਹ,’ਟਿੱਪੀ’

‘ਟਿੱਪੀ’ ਨਾਸਕੀ ਧੁਨੀ ਦੀ ਪ੍ਰਤੀਕ-ਚਿਨ੍ਹ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਉਪਰ ਹੁੰਦੀ ਹੈ। ਗੁਰਬਾਣੀ ਵਿਚ ‘ਟਿੱਪੀ’ ਵਤ ਸ਼ਬਦ ਪੁਲਿੰਗ ਨਾਂਵ ਅਤੇ ਇਸਤਰੀ-ਲਿੰਗ ਨਾਂਵ ਅਪਨੇ ਮੂਲ-ਸਰੂਪ ਅਨੁਸਾਰ ਮਿਲਦੇ ਹਨ ਜਿਵੇਂ -:

“ਗੋਬਿੰਦ, ਸੰਦੇਸਾ, ਅੰਧਾ, ਡੰਡਾ, ਖੰਡਾ, ਖੰਡ, ਧੰਧਾ” ਆਦਿ ਲਫਜ਼ ਪੁਲਿੰਗ ਨਾਂਵ ਹਨ।“ਕੂੰਜ, ਧੁੰਧ, ਬੂੰਦ, ਗੂੰਜ, ਚਿੰਜ” ਆਦਿ ਲਫਜ਼ ਇਸਤਰੀ-ਲਿੰਗ ਨਾਂਵ ਹਨ।੧. ਗੁਰਬਾਣੀ ਵਿਚ ਟਿੱਪੀ ਦੀ ਵਰਤੋਂ ਬਿੰਦੀ ਦੀ ਬਦਲ ਵਿਚ ਭੀ ਕੀਤੀ ਗਈ ਹੈ :

“ਦਾਸੀੰ ਹਰਿ ਕਾ ਨਾਮੁ ਧਿਆਇਆ ॥੧॥ ( ਪੰਨਾ ੬੮੪)

ਦਾਸੀੰ-ਦਾਸੀਂ-{ਕਰਤਾ ਕਾਰਕ ਨਾਂਵ, ਸੰਬੰਧਕੀ ਰੂਪ}ਦਾਸਾਂ ਨੇ।

“ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥ ( ਪੰਨਾ ੩੪੨)

ਲਿੰਉ-ਲਿਂਉ,{ਕਿਰਿਆ}ਮੈਂ ਹਾਸਲ ਕਰ ਲਵਾਂ।

“ਪੰਦ੍ਰਹ ਥਿਤੰੀ ਸਾਤ ਵਾਰ ॥ ( ਪੰਨਾ ੩੪੩)

ਥਿਤੰੀ-ਥਿਤਂੀ-{ਬਹੁਵਚਨ-ਨਾਂਵ}ਥਿਤਾਂ।

“ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ( ਪੰਨਾ ੬੬੦)

ਜਾਚੰਉ-ਜਾਚਂਉ-{ਕਿਰਿਆ ਵਰਤਮਤਨ ਕਾਲ ਉਤਮ ਪੁਰਖ ਇਕਵਚਨ} ਮੰਗਦਾ ਹਾਂ।

੨. ਅਨੁਨਾਸਕ- ਅੱਖਰ{ਙ, ਞ, ਣ, ਨ, ਮ}ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ‘ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ -:

“ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗਾਨੀਅਹੁ ॥ ( ਪੰਨਾ ੧੪੦੦)

ਅੰਨ- ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ।ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ।

“ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ( ਪੰਨਾ ੫੬) ਪੁੰਨ-{ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ} “ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ( ਪੰਨਾ ੨੩)

‘ਸੰਨਿ’

“ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ ( ਪੰਨਾ ੧੯)

‘ਜੰਮੈ’

“ਝਰਹਿ ਕਸੰਮਲ ਪਾਪ ਤੇਰੇ ਮਨੂਆ ॥ ( ਪੰਨਾ ੨੫੫)

‘ਕਸੰਮਲ’

੩. ਗੁਰਬਾਣੀ ਕਾਵਿ-ਰੂਪ ਵਿਚ ਹੈ ਇਸ ਕਰਕੇ ਕਾਵਿਕ-ਨਿਯਮ ਲਾਗੂ ਹੁੰਦੇ ਹਨ।ਪਿੰਗਲ ਅਨੁਸਾਰ ‘ਟਿੱਪੀ’ਦੀ ਇਕ ਮਾਤ੍ਰਾ ਗਿਣੀ ਜਾਂਦੀ ਹੈ,ਮਾਤ੍ਰਾ ਨੂੰ ਵਧਾਉਣ ਹਿਤ ‘ਟਿੱਪੀ’ ਦਾ ਪ੍ਰਯੋਗ ਹੁੰਦਾ ਹੈ -:

“ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥ ( ਪੰਨਾ ੩੨੩)

ਇਸ ਪੰਗਤੀ ਵਿਚ ਲਫਜ਼ ‘ਤਨ’ ਦੋ ਮਾਤ੍ਰੀਆ ਲਫਜ਼ ਸੀ,ਤਿੰਨ ਮਾਤ੍ਰੀਆ ਬਨਾਉਣ ਲਈ ਉਕਤ ਲਫਜ਼ ਉਪਰ ਟਿੱਪੀ ਵਰਤੀ ਗਈ ਹੈ।

“ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ ( ਪੰਨਾ ੧੩੮੧)

ਰਤੰਨ- {ਤਿੰਨ ਮਾਤ੍ਰੀਆ ਤੋਂ ਚਾਰ ਮਾਤ੍ਰੀਆ ਬਨਾਇਆ ਹੈ।}

ਮਾਤ੍ਰਿਕ ਛੰਦ ਅਨੁਸਾਰ ਜਿਥੇ ‘ਟਿੱਪੀ’ਦਾ ਪ੍ਰਯੋਗ ਕਰਨ ਨਾਲ ਮਾਤ੍ਰਾ ਵਿਚ ਨਾ ਵਾਧਾ ਹੁੰਦਾ ਹੋਵੇ,ਉਥੇ ‘ਟਿੱਪੀ’ ਦਾ ਪ੍ਰਯੋਗ ਕਰਨ ਵਿਚ ਕੋਈ ਹਰਜ ਨਹੀਂ।ਪਰ ਜਿਥੇ ਮਾਤ੍ਰਾ ਦੀ ਗਿਣਤੀ ਵਧ ਜਾਏ ਉਥੇ ‘ਟਿੱਪੀ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ,ਜਿਵੇਂ :

“ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ ( ਪੰਨਾ ੧੦)

ਉਪਰੋਕਤ ਪੰਗਤੀ ਵਿਚ ਲਫਜ਼ ‘ਅਗਮਾ, ਅਗਮ’ ਉਪਰ ਟਿੱਪੀ ਦਾ ਪ੍ਰਯੋਗ ਨਹੀਂ ਹੋ ਸਕਦਾ; ਕਿਉਂਕਿ ਮਾਤ੍ਰਾ ਵਧ ਰਹੀ ਹੈ ਇਸ ਕਰਕੇ ਉਕਤ ਲਫਜ਼ਾਂ ਨੂੰ ਕੇਵਲ ‘ਅ’ਅਗੇਤਰ ਕਰਕੇ ‘ਅ-ਗਮਾ’ ਅਤੇ ‘ਅ-ਗਮ’ਉਚਾਰਨ ਕਰਨਾ ਹੈ।ਜੋ ਸੱਜਨ ਇਥੇ ‘ਟਿਪੀ’ ਪ੍ਰਯੋਗ ਕਰਦੇ ਹਨ, ਉਹਨਾ ਨੂੰ ਕਾਵਿਕ ਨਿਯਮਾਂ ਦਾ ਬੋਧ ਨਹੀਂ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’

[email protected]




.