.

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ

ਸਿਰਲੇਖ ਵਾਲਾ ਵਾਕ ਗੁਰੂ ਨਾਨਕ ਜੀ ਦੇ ਬਚਨ ਹਨ ਅਤੇ ਸਿਰੀ ਗੁਰੂ ਗਰੰਥ ਸਾਹਿਬ ਵਿੱਚ ਪੰਨਾ ਨੰਬਰ 417 ਤੇ ਦਰਜ ਹੈ। ਇਸ ਸ਼ਬਦ ਰਾਹੀ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਕਰਾਮਾਤੀ ਹੋਣ ਦਾ ਦਿਖਾਵਾ ਕਰਨ ਵਾਲੇ ਸਾਰੇ ਦੇ ਸਾਰੇ ਝੂਠੇ ਹਨ। ਇਹ ਧਰਮੀ ਹੋਣ ਦਾ ਪਾਖੰਡ ਕਰਦੇ ਹਨ ਅਤੇ ਧਰਮ ਦੀ ਦੁਰਵਰਤੋਂ ਕਰਕੇ ਲੋਕਾਂ ਨਾਲ ਠੱਗੀ ਮਾਰਦੇ ਹਨ।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥

ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ --- 417

ਇਸ ਸ਼ਬਦ ਵਿੱਚ ਗੁਰੂ ਜੀ ਮੁਗਲਾਂ ਦੇ ਹਿੰਦੋਸਤਾਨ ਤੇ ਹਮਲੇ ਦਾ ਜ਼ਿਕਰ ਕਰਦੇ ਹਨ ਅਤੇ ਦਸਦੇ ਹਨ ਕਿ ਜਦੋਂ ਪਠਾਣ ਹਾਕਮਾਂ ਨੇ ਇਹ ਸੁਣਿਆ ਕਿ ਕਾਬਲ ਤੋਂ ਮੀਰ (ਬਾਬਰ) ਉਨ੍ਹਾਂ ਤੋਂ ਰਾਜ ਖੋਹਣ ਵਾਸਤੇ ਫੌਜ ਨਾਲ ਚੜ੍ਹਾਈ ਕਰਕੇ ਆ ਰਿਹਾ ਹੈ ਉਸ ਵੇਲੇ ਪਠਾਣ ਹਾਕਮਾਂ ਨੇ ਕੋਟੀ (ਕ੍ਰੋੜਾਂ ਹੀ, ਅਨੇਕਾਂ) ਕਰਾਮਾਤੀ ਸਮਝੇ ਜਾਂਦੇ ਸਾਧੂ-ਸੰਤ ਅਤੇ ਜਾਦੂ-ਟੂਣਾ ਕਰਨ ਵਾਲੇ ਪੀਰ ਇਕੱਠੇ ਕੀਤੇ। ਪਰ ਪੀਰਾਂ ਦੀਆਂ ਅਰਦਾਸਾਂ ਨਾਲ ਇੱਕ ਵੀ ਮੁਗਲ ਅੰਨ੍ਹਾ ਨਾ ਹੋਇਆ। ਪੀਰਾਂ ਦੀਆਂ ਤਸਬੀਆਂ (ਮਾਲਾ) ਫਿਰਨ ਤੇ ਭੀ ਪੱਕੇ ਥਾਂ-ਮਕਾਮ, ਪਠਾਣਾਂ ਦੇ ਪੱਕੇ ਮਹਲ ਮੁਗਲਾਂ ਦੀ ਲਾਈ ਅੱਗ ਨਾਲ ਸੜ ਕੇ ਸੁਆਹ ਹੋ ਗਏ। ਕਿਸੇ ਭੀ ਪੀਰ ਨੇ ਕੋਈ ਕਰਾਮਾਤ ਨਾ ਕਰ ਦਿਖਾਈ। ਸਾਰੇ ਦੇ ਸਾਰੇ ਪੀਰ ਝੂਠੇ ਨਿਕਲੇ। ਪਠਾਣ ਹਾਰ ਗਏ ਅਤੇ ਮੁਗਲਾਂ ਨੇ ਕਈ ਸਦੀਆਂ ਰਾਜ ਕੀਤਾ।

ਕਲ ਮਹਿ ਰਾਮ ਨਾਮੁ ਸਾਰੁ ॥

ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥

ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥

ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ --- 662

ਇਹ ਸ਼ਬਦ ਵੀ ਗੁਰੂ ਨਾਨਕ ਜੀ ਦਾ ਹੈ। ਇਸ ਸ਼ਬਦ ਦੁਆਰਾ ਉਹ ਸਿਰਲੇਖ ਵਾਲੀ ਪੰਗਤੀ ਨੂੰ ਹੋਰ ਸਪਸ਼ਟ ਕਰਦੇ ਹਨ। ਦੁਨੀਆ ਵਿੱਚ ਹੱਕ ਸੱਚ ਦੀ ਕਿਰਤ ਕਮਾਈ ਨਾਲ ਮਾਇਆ ਕਮਾ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਾਰੇ ਕੰਮਾਂ ਨਾਲੋਂ ਵਧੀਆ ਕੰਮ ਹੈ। ਜਿਹੜੇ ਲੋਕ ਅਖਾਂ ਮੀਟਦੇ ਹਨ ਨੱਕ ਫੜਦੇ ਹਨ ਇਹ ਜਗਤ ਨੂੰ ਠੱਗਣ ਵਾਸਤੇ ਪਾਖੰਡ ਕਰਦੇ ਹਨ। ਇਹ ਨਿਕੰਮੇ ਲੋਕ ਹਨ ਕਿਉਂਕਿ ਇਹ ਆਮ ਲੋਕਾਂ ਦੀ ਤਰਾਂ ਮਾਇਆ ਕਮਾਉਣ ਦੀ ਹਿੰਮਤ ਨਹੀਂ ਰੱਖਦੇ।

ਇਹ ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਆਪਣਾ ਨੱਕ ਫੜਦੇ ਹਨ। ਸਮਾਧੀ ਦਾ ਪਾਖੰਡ ਰਚਕੇ ਪਰਚਾਰਦੇ ਹਨ ਕਿ ਇਨ੍ਹਾਂ ਨੂੰ ਤਿੰਨੇ ਹੀ ਲੋਕ ਦਿਸ ਰਹੇ ਹਨ। ਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਸਲੀਅਤ ਇਹ ਹੈ ਇਨ੍ਹਾਂ ਨੂੰ ਆਪਣੀ ਹੀ ਪਿਠ ਪਿਛੇ ਪਈ ਕੋਈ ਚੀਜ਼ ਨਹੀਂ ਦਿਸਦੀ।

ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਕੇ ਇਹ ਸਾਫ ਪਤਾ ਲਗਦਾ ਹੈ ਕਿ ਧਰਮਾਂ ਦੀ ਦੁਨੀਆ ਵਿੱਚ ਪਾਖੰਡ ਦਾ ਬੋਲ ਬਾਲਾ ਹੈ। ਮਕਾਰ ਲੋਕ ਧਰਮੀ ਹੋਣ ਦਾ ਨਾਟਕ ਰਚਕੇ ਸਧਾਰਨ ਲੋਕਾਂ ਨੂੰ ਫੋਕਟ ਕਰਮ-ਕਾਂਡਾਂ ਵਿੱਚ ਲਾਕੇ ਉਨ੍ਹਾਂ ਨੂੰ ਲੁੱਟ ਰਹੇ ਹਨ। ਗੁਰਬਾਣੀ ਅਨੁਸਾਰ ਧਾਰਮਕ ਰਸਮਾਂ, ਪੂਜਾ-ਪਾਠ, ਜਪ-ਤਪ, ਤੀਰਥ ਯਾਤਰਾ ਤੇ ਇਸ਼ਨਾਨ, ਨਗਰ ਕੀਰਤਨ, ਧਾਰਮਕ ਪਹਿਰਾਵਾ, ਧਾਰਮਕ ਚਿੰਨ੍ਹ, ਧਰਮ ਅਸਥਾਨ, ਮਸਿਆ-ਪੁੰਨਿਆ-ਸੰਗਰਾਂਦ ਦੇ ਪਵਿਤਰ ਦਿਨ-ਦਿਹਾੜੇ ਆਦਿ ਸਿਰਫ ਸਧਾਰਨ ਲੋਕਾਂ ਤੋਂ ਰੱਬ ਦੇ ਨਾਂ ਤੇ ਮਾਇਆ ਅਤੇ ਖਾਣ-ਪਹਿਨਣ ਦੀਆਂ ਚੀਜ਼ਾਂ ਲੈਣ ਲਈ ਪਾਖੰਡੀ ਧਰਮੀਆਂ ਤੇ ਠੱਗਾਂ ਦੇ ਸ਼ੈਤਾਨ ਮਨ ਦੀ ਕਿਰਤ ਹਨ।

ਤੇਰੋ ਕੀਆ ਤੁਝਹਿ ਕਿਆ ਅਰਪਉ---694

ਇਸ ਦੁਨੀਆ ਵਿੱਚ ਜੋ ਕੁੱਝ ਸਾਡੇ ਕੋਲ ਹੈ ਉਹ ਅਕਾਲਪੁਰਖ ਦੀ ਦਾਤ ਹੈ। ਉਸ ਨੁੰ ਮਾਇਆ ਜਾਂ ਦੁਨਿਆਵੀ ਵਸਤੂਆਂ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਜਿਸ ਪਰਮਾਤਮਾ ਨੇ ਸੱਭ ਕੁੱਝ ਬਣਾਇਆ ਹੈ ਉਸ ਦੀ ਪੈਦਾ ਕੀਤੀ ਹੋਈ ਵਿਚੋਂ ਥੋੜਾ ਜਿਹਾ ਹਿੱਸਾ ਉਸ ਨੂੰ ਅਰਪਨ ਕਰਨਾ ਠੀਕ ਵੀ ਨਹੀਂ ਲਗਦਾ। ਅਸਲ ਵਿੱਚ ਚੜ੍ਹਤ-ਚੜ੍ਹਾਵਾ ਮੰਦਰਾਂ ਦੇ ਪੁਜਾਰੀ, ਡੇਰਿਆਂ ਦੇ ਮਾਲਕ ਅਤੇ ਗੁਰਦਵਾਰਿਆਂ ਦੇ ਪ੍ਰਬੰਧਕ ਹੀ ਵਰਤਦੇ ਹਨ। ਚੜ੍ਹਤ-ਚੜ੍ਹਾਵੇ ਵਿੱਚ ਵਾਧਾ ਕਰਨਾ ਇਨ੍ਹਾਂ ਲਈ ਲਾਹੇਬੰਦ ਹੈ। ਇਸ ਕਰਕੇ ਦੁਨੀਆ ਦੇ ਸੱਭ ਧਾਰਮਕ ਅਦਾਰੇ ਬੇਤੁਕੀਆਂ ਇਤਹਾਸਕ ਕਥਾ-ਕਹਾਣੀਆਂ ਰਾਹੀਂ ਕਰਾਮਾਤਾਂ ਦਾ ਪਰਚਾਰ ਕਰਦੇ ਹਨ।

ਮਾਨੁੱਖ ਨੂੰ ਜੀਵਨ ਨਿਰਭਾਹ ਕਰਨ ਲਈ ਤਿੰਨ ਚੀਜ਼ਾਂ ਦੀ ਮੁੱਖ ਲੋੜ ਹੈ। ਉਹ ਹਨ; ਰੋਟੀ, ਕਪੜਾ ਤੇ ਮਕਾਨ। ਇਹ ਤਿੰਨੇ ਚੀਜ਼ਾਂ ਪੈਦਾ ਕਰਨ ਤੇ ਬਨਾਉਣ ਲਈ ਉਸ ਨੂੰ ਹਥਾਂ-ਪੈਰਾਂ ਨਾਲ ਬਹੁਤ ਔਖੀ ਤੇ ਸਖਤ ਮਿਹਨਤ ਕਰਨੀ ਪੈਂਦੀ ਹੈ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਕੋਈ ਵੀ ਇਕੱਲਾ ਇਨਸਾਨ ਇਹਨਾਂ ਲੋੜਾਂ ਦੀ ਪੂਰਤੀ ਕਰਨ ਦੇ ਸਮਰੱਥ ਵੀ ਨਹੀਂ ਹੈ। ਉਸ ਨੂੰ ਦੂਸਰੇ ਆਦਮੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ ਜਿਵੇਂ ਕਿ 1947 ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਜੱਟ, ਝਿਉਰ, ਕੁਮ੍ਹਾਰ, ਤੇਲੀ; ਜੁਲਾਹੇ, ਦਰਜੀ, ਮੋਚੀ; ਮਿਸਤਰੀ, ਲੁਹਾਰ ਅਤੇ ਦਿਹਾੜੀਦਾਰ ਆਦਿ ਇੱਕ ਦੂਸਰੇ ਦੀ ਸਹਾਇਤਾ ਨਾਲ ਜੀਵਨ ਨਿਰਭਾਹ ਕਰਦੇ ਸਨ।

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ --- 1127

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ --- 1349 ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ---1245

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ --- 161

ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ --- 461

ਗੁਰੂ ਗਰੰਥ ਸਾਹਿਬ ਵਿੱਚ ਧਰਮ ਨਾਲ ਸੰਬੰਧਤ ਹਰ ਇੱਕ ਗੱਲ ਦਾ ਵੇਰਵਾ ਹੈ। ਇਸ ਵਿੱਚ ‘ਪਾਠ` ਸ਼ਬਦ ਵਾਲੇ 23 ਗੁਰਿਵਾਕ ਹਨ। ਇਨ੍ਹਾਂ ਵਿੱਚ ਪਾਠੀਆਂ ਤੋਂ ਪਾਠ ਪੜਾਉਣ ਵਾਲੇ ਸ਼ਰਧਾਲੂਆਂ ਨੂੰ ਮਿਲਦੇ ਕਿਸੇ ਫਲ ਦਾ ਜਾਂ ਕਿਸੇ ਪੂਰੀ ਹੁੰਦੀ ਸੁੱਖਨਾ ਦਾ ਕੋਈ ਜ਼ਿਕਰ ਨਹੀਂ ਪਰ ਪਾਠੀਆਂ ਨੂੰ ਮੰਗ-ਖਾਣੇ, ਮਾਇਆ ਦੇ ਵਾਪਾਰੀ, ਮੂਰਖ, ਅੰਧੇ. ਗਾਵਾਰੀ ਅਤੇ ਕਪਟੀ ( “ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ---ਮਾਇਆਧਾਰੀ---ਭੇਖ ਭੇਖਾਰੀ--- ਮਾਇਆ ਕਾ ਮਗੁ ਜੋਹੈ---ਘਰਿ ਘਰਿ ਮਾਗੈ---ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ “) ਕਹਿਆ ਹੋਇਆ ਹੈ।

ਇੰਨ੍ਹਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਪਾਠ ਨਾਲ ਪ੍ਰਮਾਤਮਾ ਨਹੀਂ ਮਿਲਦਾ, ( “ਬੁਧਿ ਪਾਠਿ ਨ ਪਾਈਐ---ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ---ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ “) ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਛੁਟਕਾਰਾ ਨਹੀਂ ਹੁੰਦਾ ਪਰ ਹਉਮੈ ਹੋਰ ਵਧ ਜਾਂਦੀ ਹੈ। ਧਨ, ਸੋਨਾ, ਚਾਂਦੀ, ਹਾਥੀ, ਘੋੜੇ, ਅੰਨ, ਬਸਤ੍ਰ, ਭੁਮਿ ( “ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ “) ਦਾਨ ਦੇਣ ਨਾਲ ਵੀ ਨਾਮ ਦੀ ਪਰਾਪਤੀ ਨਹੀਂ ਹੁੰਦੀ।

ਨਾਮ ਦੀ ਪਰਾਪਤੀ, ਭਾੜੇ ਦੇ ਪਾਠੀਆਂ ਤੋਂ ਪਾਠ ਪੜਾਉਣ ਨਾਲ ਨਹੀਂ, ( “ਨਾ ਤੂ ਆਵਹਿ ਵਸਿ ਬੇਦ ਪੜਾਵਣੇ---ਗੁਰਮਤਿ ਨਾਮੁ ਪਰਾਪਤਿ ਹੋਇ---ਪੋਥੀ ਪੁਰਾਣ ਕਮਾਈਐ “) ਧਰਮ ਗ੍ਰੰਥਾਂ ਦੇ ਉਪਦੇਸਾਂ ਨੂੰ ਸਮਝਕੇ ਉਨ੍ਹਾਂ ਦੀ ਕਮਾਈ ਨਾਲ ਹੁੰਦੀ ਹੈ।

ਪਾਠ ਦੀ ਰਸਮ ਨਾਲ ਪਾਠੀਆਂ ਤੇ ਪ੍ਰਬੰਧਕਾਂ ਨੂੰ ਤਾਂ ਮਾਇਆ ਮਿਲ ਜਾਂਦੀ ਹੈ ਪਰ ਮਾਇਆ ਦੇਣ ਵਾਲੇ ਸ਼ਰਧਾਲੂਆਂ ਨੂੰ ਇਸ ਤੋਂ ਕੁੱਝ ਵੀ ਨਹੀਂ ਮਿਲਦਾ ਹੈ। ਗੁਰਦਵਾਰਿਆਂ ਵਿੱਚ ਗੁਰਬਾਣੀ ਸਮਝਾਈ ਹੀ ਨਹੀਂ ਜਾਂਦੀ। ਇਸ ਕਰਕੇ ਇਹ ਗੁਰਮਤਿ ਦੇ ਨਹੀਂ, ਬ੍ਰਾਹਮਨਵਾਦ ਤੇ ਮਾਇਆ ਦੇ ਵਾਪਾਰ ਦੇ ਹੀ ਕੇਂਦਰ ਹਨ।

ਜੁਗਰਾਜ ਸਿੰਘ ਧਾਲੀਵਾਲ।
.