.

ਭੱਟ ਬਾਣੀ-51

ਬਲਦੇਵ ਸਿੰਘ ਟੋਰਾਂਟੋ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ

ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ।।

ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ

ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ।।

ਕਾਲ ਕਲਮ ਹੁਕਮੁ ਹਾਥਿ ਕਹਹੁ

ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ।।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। ੧।। ੬।।

(ਪੰਨਾ ੧੪੦੨)

ਪਦ ਅਰਥ:- ਵਾਹਿਗੁਰੂ – ਅਸਚਰਜ, ਉਹ ਅਸਚਰਜਤਾ ਜਿਹੜੀ ਕਦੀ ਜਾਣੀ ਨਾ ਹੋਵੇ ਪਰ ਜਦੋਂ ਕੋਈ ਜਾਣ ਲਵੇ ਤਾਂ ਫਿਰ ਉਸ ਜਾਨਣ ਵਾਲੇ ਦੇ ਮੂੰਹੋਂ ਨਿਕਲਿਆ ਸ਼ਬਦ। ਤਿੰਨ ਵਾਰ ਇਹ ਸ਼ਬਦ ਦੁਹਰਾਉਣ ਤੋਂ ਭਾਵ ਦ੍ਰਿੜ੍ਹਤਾ ਲਈ ਹੈ। ਕਿਸੇ ਸੱਚ ਨਾਲ ਤਕੜਾ (strongly) ਸਹਿਮਤ ਹੋਣਾ ਹੈ। ਇਥੇ ਉੱਪਰਲੇ ਸਵਈਏ ਅੰਦਰ ਸ੍ਰੀ ਰਾਮਦਾਸ ਜੀ ਵੱਲੋਂ ਦਰਸਾਏ ਜਿਸ ਗਿਆਨ ਨਾਲ ਅਗਿਆਨਤਾ ਦੇ ਭਰਮ ਦੀ ਗੰਢ ਖੁੱਲੀ ਉਸ ਅਸਚਰਜਤਾ ਭਰੇ ਗਿਆਨ ਨੂੰ ਦ੍ਰਿੜ੍ਹਤਾ ਨਾਲ ਅਪਣਾ ਕੇ ਜਾਨਣ ਲਈ ਪ੍ਰੇਰਨਾ ਹੈ। ਅੱਗੇ ਜਿਹੜੇ ਭਰਮ ਦੀ ਗੰਢ ਖੁੱਲੀ, ਉਸ ਅਗਿਆਨਤਾ ਦਾ ਦਲੀਲ ਭਰਪੂਰ ਖੰਡਨ ਹੈ।

ਕਵਲ ਨੈਣ – ਕਮਲ ਵਰਗੇ ਨੈਣ। ਮਧੁਰ ਬੈਨ – ਮਿੱਠੇ ਬੋਲ। ਕੋਟਿ – ਕਰੋੜਾਂ। ਸੈਨ – ਅੱਗੇ ਝੁਕਣ ਵਾਲੇ। ਸੰਗ ਸੋਭ – ਅਤੇ ਉਨ੍ਹਾਂ ਦੇ ਸੰਗ ਸੋਭਦਾ ਸੀ। ਕਹਤ ਮਾਂ ਜਸੋਦ – ਜਿਸ ਨੂੰ ਜਸੋਦਾਂ ਮਾਂ ਇਹ ਸਾਰਾ ਕੁੱਝ ਕਹਿੰਦੀ ਸੀ। ਦਹੀ ਭਾਤੁ ਖਾਹਿ ਜੀਉ – ਕਿ ਮੈਂ ਆਪਣੇ ਪੁੱਤ ਨੂੰ ਦਹੀਂ ਅਤੇ ਮੱਖਣ ਖਵਾ ਕੇ ਪਾਲਿਆ ਹੈ। ਦੇਖਿ ਰੂਪੁ - ਉਸ ਦਾ ਰੂਪ ਦੇਖ ਕੇ। ਅਤਿ ਅਨੂਪੁ – ਅਤਿ ਸੋਹਣਾ। ਮੋਹ ਮਹਾ ਮਗ ਭਈ – ਮੋਹ ਵਿੱਚ ਬਹੁਤ ਮਗਨ ਹੋ ਗਈ। ਝਨਤਕਾਰ – ਛਣਕਾਹਟ। ਕਿੰਕਨੀ – ਤੜਾਗੀ। ਤੜਾਗੀ, ਇੱਕ ਕਾਲੇ ਰੰਗ ਦੀ ਡੋਰੀ ਜਿਸ ਵਿੱਚ ਛੋਟੇ-ਛੋਟੇ ਘੁੰਗਰੂ ਪਾ ਕੇ ਬੱਚੇ ਦੇ ਸਰੀਰ ਨਾਲ ਬੰਨ੍ਹੀ ਜਾਂਦੀ ਹੈ, ਜਦੋਂ ਬੱਚਾ ਭੁੜਕਦਾ ਹੈ ਤਾਂ ਛਣ-ਛਣ ਦੀ ਆਵਾਜ਼ ਆਉਂਦੀ ਹੈ। ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ – ਜਦੋਂ ਤੜਾਗੀ ਬੰਨ੍ਹ ਕੇ ਖੇਡਦਾ ਸੀ ਤਾਂ ਤੜਾਗੀ ਦੀ ਛਣਕਾਹਟ ਪੈਂਦੀ ਸੀ। ਕਾਲ ਕਲਮ – ਮੌਤ ਦੀ ਕਲਮ। ਹੁਕਮੁ ਹਾਥਿ – ਕੀ ਮੌਤ ਦੀ ਕਲਮ ਉਸ ਦੇ ਹੱਥ ਵਿੱਚ ਸੀ? ਕਹਹੁ – ਕਹਿਣਾ। ਕਹਹੁ ਕਉਨੁ – ਕੌਣ ਕਹਿ ਸਕਦਾ ਹੈ? ਮੇਟਿ ਸਕੈ – ਮੇਟ ਸਕਿਆ, ਨਾਂਹ ਵਾਚਕ, ਨਹੀਂ ਮੇਟ ਸਕਿਆ। ਈਸੁ – ਈਸਵਰ। ਬੰਮ੍ਯ੍ਯੁ – ਬ੍ਰਹਮ। ਗ੍ਯ੍ਯਾਨੁ – ਗਿਆਨ ਨਾਲ। ਧ੍ਯ੍ਯਾਨੁ ਧਰਤ – ਧਿਆਨ ਧਰਨਾ। ਹੀਐ ਚਾਹਿ ਜੀਉ – ਹਿਰਦੇ ਅੰਦਰ ਧਰਨਾ ਚਾਹੀਦਾ ਹੈ। ਸਤਿ ਸਾਚੁ – ਉਸ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਸੱਚਾ ਆਖਣਾ ਚਾਹੀਦਾ ਹੈ। ਸ੍ਰੀ ਨਿਵਾਸੁ – ਜਿਸ ਦਾ ਸ੍ਰਿਸ਼ਟੀ ਦੇ ਵਿੱਚ ਹੀ ਨਿਵਾਸ ਹੈ। ਆਦਿ ਪੁਰਖੁ ਸਦਾ ਤੁਹੀ – ਉਹੀ ਸਦੀਵੀ ਰਹਿਣ ਵਾਲਾ ਪੁਰਖ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। ੧।। ੬।।

ਅਰਥ:- ਹੇ ਭਾਈ! ਉਸ ਅਸਚਰਜ ਦੇ ਅਸਚਰਜ ਗਿਆਨ ਨੂੰ ਹੀ ਦ੍ਰਿੜ੍ਹਤਾ ਨਾਲ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਉਸ ਸਦੀਵੀ ਸਥਿਰ ਰਹਿਣ ਵਾਲੇ ਅਸਚਰਜ ਨੂੰ ਹੀ ਵਡਿਆਉਣਾ ਚਾਹੀਦਾ ਹੈ।

ਜਿਹੜਾ ਜਸੋਦਾ ਦਾ ਪੁੱਤਰ ਆਪਣੇ ਰੱਬ ਹੋਣ ਦਾ ਦਾਅਵਾ ਕਰਦਾ ਸੀ ਅਤੇ ਉਸ ਦੀ ਮਾਂ ਜਸੋਦਾ ਪੁੱਤਰ ਦੇ ਮੋਹ ਵਿੱਚ ਮਗਨ ਹੋਈ ਉਸ ਨੂੰ ਦੇਖ ਕੇ ਜਦੋਂ ਇਹ ਕਹਿੰਦੀ ਕਿ ਮੇਰੇ ਪੁੱਤਰ ਦਾ ਬੇਮਿਸਾਲ ਅਤਿ ਸੋਹਣਾ ਰੂਪ ਹੈ ਤਾਂ ਉਹ ਖ਼ੁਸ਼ ਹੋ ਕੇ ਲੁੱਡੀ ਪਾਉਂਦਾ ਅਤੇ ਤੜਾਗੀ ਦੇ ਘੁੰਗਰੂਆਂ ਦੀ ਛਣਕਾਹਟ ਦੀ ਆਵਾਜ਼ ਸੁਣ ਕੇ ਖ਼ੁਸ਼ ਹੁੰਦੀ ਅਤੇ ਜਸੋਦਾ ਇਹ ਵੀ ਕਹਿੰਦੀ ਸੀ ਕਿ ਮੇਰੇ ਪੁੱਤ ਦੇ ਕਮਲਾਂ ਵਰਗੇ ਨੈਣ ਮਧੁਰ ਬੈਨ ਅਤੇ ਕਰੋੜਾਂ ਇਸ ਦੇ ਅੱਗੇ ਝੁਕਦੇ ਹਨ। ਇਨ੍ਹਾਂ ਗੱਲਾਂ ਨਾਲ ਇਸ ਕਰਕੇ ਇਹ ਸ਼ੋਭਦਾ ਹੈ ਕਿਉਂਕਿ ਮੈਂ ਇਸ ਨੂੰ ਦਹੀਂ ਮੱਖਣ ਨਾਲ ਪਾਲਿਆ ਹੋਇਆ ਹੈ (ਭਾਵ ਜਸੋਦਾ ਇਹ ਦਾਅਵਾ ਕਰਦੀ ਸੀ ਕਿ ਮੇਰੇ ਪੁੱਤਰ ਦੀ ਹੋਂਦ ਮੇਰੇ ਕਰਕੇ ਹੈ)। ਪਰ ਉਹ ਆਪਣੇ ਆਪ ਨੂੰ ਰੱਬ ਹੋਣ ਦਾ ਦਾਅਵਾ ਕਰਦਾ ਸੀ ਕਿ ਕਾਲ-ਮੌਤ ਦੇ ਹੁਕਮ ਦੀ ਕਲਮ ਵੀ ਮੇਰੇ ਹੱਥ ਵਿੱਚ ਹੈ। ਤਾਂ ਭੱਟ ਸਾਹਿਬਾਨ ਹਿੱਕ ਥਾਪੜ ਕੇ ਦਲੀਲ ਭਰਪੂਰ ਗੱਲ ਦਾ ਜਵਾਬ ਮੰਗਦੇ ਕਿ ਉਸ ਨੂੰ ਰੱਬ ਮੰਨਣ ਵਾਲਿਓ! ਕੋਈ ਜਣਾ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹੈ ਕਿ ਜੇਕਰ ਉਹ ਰੱਬ ਸੀ ਤਾਂ ਆਪਣੇ ਤੋਂ ਕਾਲ ਦੀ ਕਲਮ, ਆਪਣੇ ਖ਼ੁਦ ਤੋਂ ਕਿਉਂ ਨਹੀਂ ਮੇਟ ਸਕਿਆ, ਨਹੀਂ ਨਾ ਮੇਟ ਸਕਿਆ, ਚਲਾ ਗਿਆ ਸੰਸਾਰ ਤੋਂ? । ਇਸ ਕਰਕੇ, ਈਸ਼ਵਰ, ਬ੍ਰਹਮ ਦਾ ਧਿਆਨ ਗਿਆਨ ਨਾਲ ਹਿਰਦੇ ਅੰਦਰ ਧਰਨਾ ਚਾਹੀਦਾ ਹੈ ਜਿਹੜਾ ਜੰਮਦਾ ਨਹੀਂ ਅਤੇ ਮਰਦਾ ਨਹੀਂ। ਜੋ ਜੰਮਦਾ ਅਤੇ ਮਰਦਾ ਨਹੀਂ, ਉਹ ਹੀ ਸਦੀਵੀ ਸੱਚਾ ਅਤੇ ਸ੍ਰੇਸ਼ਟ ਹੈ। ਉਹ ਆਦਿ ਤੋਂ ਲੈ ਕੇ ਸੱਚਾ ਸਦੀਵੀ ਸਥਿਰ ਰਹਿਣ ਵਾਲਾ ਇਕੁ ਹੀ ਪੁਰਖ-ਸੰਪੂਰਣ ਹੈ (ਜੋ ਜਨਮ ਮਰਣ ਤੋਂ ਰਹਿਤ ਹੈ) ਜਿਸ ਦਾ ਨਿਵਾਸ ਉਸ ਦੀ ਆਪਣੀ ਹੀ ਰਚੀ ਸ੍ਰਿਸ਼ਟੀ ਵਿੱਚ ਹੈ। ਇਸ ਕਰਕੇ ਹੇ ਭਾਈ! ਉਸ ਸਦੀਵੀ ਸਥਿਰ ਰਹਿਣ ਵਾਲੇ, ਅਸਚਰਜ ਦੇ, ਅਸਚਰਜ ਗਿਆਨ ਨੂੰ ਹੀ ਦ੍ਰਿੜ੍ਹਤਾ ਨਾਲ ਅਪਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਹੀ ਵਡਿਆਉਣਾ ਚਾਹੀਦਾ ਹੈ (ਕਿਸੇ ਜੰਮ ਕੇ ਮਰ ਜਾਣ ਵਾਲੇ ਨੂੰ ਨਹੀਂ)।

ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ

ਬੇਸੁਮਾਰ ਸਰਬਰ ਕਉ ਕਾਹਿ ਜੀਉ।।

ਸੁਥਰ ਚਿਤ ਭਗਤ ਹਿਤ ਭੇਖੁ ਧਰਿਓ

ਹਰਨਾਖਸੁ ਹਰਿਓ ਨਖ ਬਿਦਾਰਿ ਜੀਉ।।

ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ

ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ।।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। ੨।। ੭।।

(ਪੰਨਾ ੧੪੦੨)

ਪਦ ਅਰਥ:- ਰਾਮ – ਰੰਮਿਆ ਹੋਇਆ। ਨਾਮ – ਸੱਚ, ਸੱਚਾ। ਪਰਮ ਧਾਮ – ਸਰਬੋਤਮ ਅਸਥਾਨ। ਸੁਧ ਬੁਧ – ਸਹੀ ਸੂਝ। ਨਿਰੀਕਾਰ – ਨਿਕਲ ਗਿਆ ਹੈ, ਈਕਾਰ (ਮਾਇਆ ਜਾਲ) ਵਿੱਚੋਂ (ਮ: ਕੋਸ਼)। ਬੇਸੁਮਾਰ – ਜਿਸ ਦੀ ਕਿਸੇ ਨਾਲ ਤੁਲਨਾ ਨਾ ਹੋ ਸਕੇ। ਸਰਬਰ – ਬਰਾਬਰੀ। ਕਉ ਕਾਹਿ – ਕਿਉਂਕਿ। ਜੀਉ – ਸਨਮਾਨ ਬੋਧਕ ਸ਼ਬਦ ਹੈ। ਸੁਥਰ ਚਿਤ – ਨਿਰਮਲ ਹਿਰਦੇ। ਭਗਤ – ਇਨਕਲਾਬੀ ਪੁਰਸ਼। ਹਿਤ – ਭਲਾ ਚਾਹੁਣ ਵਾਲੇ (ਮ: ਕੋਸ਼)। ਭਗਤ ਹਿਤ – ਲੋਕਾਈ ਦਾ ਭਲਾ ਚਾਹੁਣ ਵਾਲੇ ਇਨਕਲਾਬੀ ਪੁਰਸ਼। ਹਰਨਾਖਸੁ – ਅਗਿਆਨਤਾ। ਹਰਿਓ – ਚੁਰਾਇਆ ਹੋਇਆ ਹੈ। ਨਖ – ਅਖੌਤੀ ਉੱਚੇ ਹੋਣ ਦਾ ਭਰਮ। ਨਖ ਬਿਦਾਰਿ - ਖ਼ਤਮ ਕਰ ਦਿੱਤਾ ਹੈ। ਸੰਖ, ਚਕ੍ਰ, ਗਦਾ, ਪਦਮ – ਕਰਮ-ਕਾਂਡੀਆਂ ਦੇ ਵੱਲੋਂ ਜੋ ਚਿੰਨ੍ਹ ਧਾਰਨ ਕੀਤੇ ਜਾਂਦੇ ਹਨ। ਆਪਿ – ਆਪਣੇ। ਆਪੁ – ਆਪ ਨਾਲ ਹੀ। ਕੀਉੇ – ਕੀਤਾ, ਕਰਨਾ। ਛਦਮ – ਛਲ। ਅਪਰੰਪਰ ਪਾਰਬ੍ਰਹਮ – ਜਿਸ ਦੀ ਬੇਅੰਤਤਾ ਜਾਣੀ ਨਹੀਂ ਜਾ ਸਕਦੀ। ਲਖੈ – ਜਾਣਦੇ ਹਨ, ਸਮਝਦੇ ਹਨ। ਕਉਨੁ – ਜਿਹੜੇ। ਤਾਹਿ - ਕਰ ਹੀ ਰਹੇ ਹਨ। ਸਤਿ ਸਾਚੁ – ਸਦੀਵੀ ਸਥਿਰ ਰਹਿਣ ਵਾਲਾ ਸੱਚਾ। ਸ੍ਰੀ ਨਿਵਾਸ – ਜਿਸ ਦਾ ਆਪਣੀ ਰਚਨਾ ਸ੍ਰਿਸ਼ਟੀ ਦੇ ਵਿੱਚ ਹੀ ਨਿਵਾਸ ਹੈ। ਆਦਿ ਪੁਰਖੁ – ਆਦਿ ਤੋਂ ਜੋ ਕਰਤਾ ਪੁਰਖ ਹੈ। ਸਦਾ – ਸਦੀਵੀ ਹੈ। ਤੁਹੀ – ਉਸ ਨੂੰ ਹੀ। ਵਾਹਿਗੁਰੂ - ਅਸਚਰਜ। ਵਾਹਿ ਜੀਉ – ਵਡਿਆਉਣਾ ਚਹੀਦਾ ਹੈ।

ਅਰਥ:- ਜਿਹੜਾ ਵੀ ਕੋਈ ਮਾਇਆ-ਅਗਿਆਨਤਾ (ਅਵਤਾਰਵਾਦ) ਦੇ ਜਾਲ ਤੋਂ ਨਿਕਲ ਗਿਆ ਭਾਵ ਉੱਪਰ ਉੱਠ ਗਿਆ, ਉਹ ਬੇਸ਼ੁਮਾਰ-ਬੇਅੰਤ ਸਾਹਿਬ ਦੀ ਤੁਲਨਾ ਕਦੀ ਕਿਸੇ (ਅਵਤਾਰਵਾਦੀ) ਨਾਲ ਨਹੀਂ ਕਰਦਾ ਕਿਉਂਕਿ ਉਨ੍ਹਾਂ ਦੇ ਲਈ ਉਸ ਸੱਚੇ ਰੰਮੇ ਹੋਏ ਦਾ ਅਸਥਾਨ ਹੀ ਪਵਿੱਤਰ-ਉੱਚਾ ਹੈ। ਜਿਨ੍ਹਾਂ ਨੇ ਅਗਿਆਨਤਾ ਦੇ (ਹਰਣਾਖਸੀ-ਅਖੌਤੀ ਉੱਚੀ ਕੁਲ ਦੇ ਹੋਣ ਦੇ) ਭੇਖ ਵਿੱਚ ਲੋਕਾਂ ਦਾ ਚੈਨ ਚੁਰਾਇਆ ਹੋਇਆ ਸੀ, ਉਨ੍ਹਾਂ ਦੇ ਅਖੌਤੀ ਉੱਚੇ ਹੋਣ ਦਾ ਭਰਮ, ਨਿਰਮਲ ਹਿਰਦਿਆਂ ਵਾਲੇ ਦੁਨੀਆਂ ਦਾ ਭਲਾ ਚਾਹੁਣ ਵਾਲੇ ਇਨਕਲਾਬੀ ਪੁਰਸ਼ਾਂ ਨੇ ਖ਼ਤਮ ਕਰ ਦਿੱਤਾ ਹੈ। ਉਹ ਆਦਿ ਤੋਂ ਲੈ ਕੇ ਸੱਚਾ ਸਦੀਵੀ ਸਥਿਰ ਰਹਿਣ ਵਾਲਾ ਇਕੁ ਹੀ ਪੁਰਖ-ਪੂਰਣ ਤੌਰ `ਤੇ (ਜੋ ਜਨਮ ਮਰਨ ਤੋਂ ਰਹਿਤ) ਹੈ, ਜਿਸ ਦਾ ਨਿਵਾਸ ਉਸ ਦੀ ਆਪਣੀ ਹੀ ਰਚੀ ਸ੍ਰਿਸ਼ਟੀ ਵਿੱਚ ਹੈ। ਇਸ ਕਰਕੇ ਹੇ ਭਾਈ! ਉਸ ਸੱਚੇ ਸਦੀਵੀ ਸਥਿਰ ਰਹਿਣ ਵਾਲੇ ਅਸਚਰਜ ਦੇ, ਅਸਚਰਜ ਗਿਆਨ ਨੂੰ ਹੀ ਦ੍ਰਿੜ੍ਹਤਾ ਨਾਲ ਅਪਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਹੀ ਵਾਹਿ-ਵਡਿਆਉਣਾ ਚਾਹੀਦਾ ਹੈ। ਜਿਹੜੇ ਸੰਖ, ਚਕ੍ਰ, ਗਦਾ, ਪਦਮ ਆਦਿ ਚਿੰਨ੍ਹ ਧਾਰ ਕੇ ਆਪਣੇ ਆਪ ਨੂੰ ਪਾਰਬ੍ਰਹਮ ਅਪਰੰਪਰ ਜਾਣਦੇ ਹਨ, ਇਹ ਲੋਕਾਂ ਨਾਲ ਤਾਂ ਛਲ ਕਰ ਹੀ ਰਹੇ ਹਨ, ਸਮਝੋ ਉਹ ਆਪਣੇ ਆਪ ਨਾਲ ਵੀ ਛਲ ਕਰ ਰਹੇ ਹਨ ਅਤੇ ਕਰ ਰਹੇ ਸਨ।




.