.

ਅਕਾਲ ਪੁਰਖੁ ਦਾ ਕਦੋਂ ਨਾਮੁ ਜਪਣਾ ਚਾਹੀਦਾ ਹੈ ਜਾਂ ਕਿਸ ਵੇਲੇ ਉਸ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ (ਨਾਮੁ, ਭਾਗ ੪)

What is the appropriate time for Naam Japna or remembering the qualities of Akal Purkh (Naam, Part 4)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਨਾਮੁ ਸਬੰਧੀ ਪਹਿਲਾਂ ਸਾਂਝੇ ਕੀਤੇ ਗਏ ਲੇਖ (ਨਾਮੁ, ਭਾਗ ੧ ਤੋਂ ੩) ਸਾਨੂੰ ਵਾਰ ਵਾਰ ਇਹੀ ਸਮਝਾ ਰਹੇ ਹਨ ਕਿ ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ। ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਨਾਮੁ ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਥਾਂ ਤੇ ਵਰਤ ਰਿਹਾ ਹੈ, ਹਰ ਸਮੇਂ ਲਗਾਤਾਰ ਵਰਤ ਰਿਹਾ ਹੈ, ਹਰੇਕ ਜੀਵ ਨਾਮੁ ਦੇ ਆਸਰੇ ਤੇ ਨਾਮੁ ਅਨੁਸਾਰ ਚਲ ਰਿਹਾ ਹੈ, ਦੁਨੀਆਂ ਦੇ ਸਾਰੇ ਪਦਾਰਥ ਨਾਮੁ ਦੇ ਆਸਰੇ ਟਿਕੇ ਹੋਏ ਹਨ।

http://www.geocities.ws/sarbjitsingh/GurbaniIndexGurmukhi.htm (Naam, Part 1 to 3)

ਜੇਕਰ ਅਸੀਂ ਨਾਮੁ ਨੂੰ ਸਮਝਣਾ ਤੇ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ ਤੇ ਵੀਚਾਰ ਕੇ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਣਾ ਪਵੇਗਾ ਤੇ ਆਪਣੇ ਦੁਨਿਆਵੀ ਜੀਵਨ ਵਿੱਚ ਅਪਨਾਉਣਾ ਪਵੇਗਾ। ਗੁਰਬਾਣੀ ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ, ਕਿ ਜੇ ਕਰ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਾਨਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ, ਤਾਂ ਜੋ ਸਾਡੇ ਅੰਦਰ ਵੀ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਸਕਣ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਵਿੱਚ ਅਕਾਲ ਪੁਰਖੁ ਦੇ ਨਾਮੁ ਨੂੰ ਖਾਸ ਮਹੱਤਤਾ ਦਿਤੀ ਗਈ ਹੈ ਤੇ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੇ ਗੁਣ ਸਮਝਾਏ ਗਏ ਹਨ ਤਾਂ ਜੋ ਅਸੀਂ ਅਕਾਲ ਪੁਰਖੁ ਦੀ ਰਚੀ ਹੋਈ ਕੁਦਰਤ ਨੂੰ ਸਮਝ ਸਕੀਏ, ਉਸ ਅਨੁਸਾਰ ਚਲ ਕੇ ਆਪਣੀਆਂ ਮੁਸ਼ਕਲਾਂ ਤੇ ਰੁਕਾਵਟਾਂ ਨੂੰ ਦੂਰ ਕਰ ਸਕੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਸਕੀਏ।

ਅਕਸਰ ਵੇਖਣ ਵਿੱਚ ਆਂਉਂਦਾ ਹੈ ਕਿ ਹੋਰਨਾਂ ਧਰਮਾਂ ਅਨੁਸਾਰ ਨਾਮੁ ਜਪਣ ਦਾ ਭਾਵ ਹੈ ਕਿ ਕਿਸੇ ਮਿਥੇ ਗਏ ਇੱਕ ਸਬਦ ਦਾ ਰਟਨ ਕਰੀ ਜਾਣਾ ਹੈ। ਇਸੇ ਪ੍ਰਭਾਵ ਹੇਠ ਆ ਕੇ ਕਈ ਸਿੱਖ ਫਿਰਕਿਆਂ ਨੇ ਵਾਹਿਗੁਰੂ ਸਬਦ ਦਾ ਰਟਨ ਪ੍ਰਚਲਤ ਕਰ ਦਿਤਾ ਹੈ। ਗੁਰੂ ਸਾਹਿਬਾਂ ਨੇ ਅਕਾਲ ਪੁਰਖੁ ਦਾ ਕੋਈ ਵੀ ਇੱਕ ਅਖਰੀ ਨਾਂ ਨੀਯਤ ਨਹੀਂ ਕੀਤਾ ਹੈ ਤੇ ਨਾ ਹੀ ਗੁਰਬਾਣੀ ਵਿੱਚ ਏਕਾ ਸ਼ਬਦੀ (ਇਕ ਸਬਦ ਨੂੰ ਵਾਰ ਵਾਰ ਦੁਹਰਾਈ ਜਾਣਾ) ਵਾਲਿਆ ਨੂੰ ਪਰਵਾਨ ਕੀਤਾ ਗਿਆ ਹੈ।

ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥ ੨॥ (੬੫੪-੬੫੫)

ਗੁਰੂ ਗਰੰਥ ਸਾਹਿਬ ਵਿੱਚ ਨਾਮੁ/ਨਾਮ (Naam) ਦਾ ਲਫਜ਼ ੪੦੦੦ ਤੋਂ ਵੱਧ ਵਾਰੀ ਆਇਆ ਹੈ, ਪਰੰਤੂ ਇਹ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ ਨਾਮੁ ਦਾ ਅਰਥ “ਵਾਹਿਗੁਰੂ” ਲਫਜ਼ ਨੂੰ ਵਾਰ ਵਾਰ ਦੁਹਰਾਈ ਜਾਂਣਾ ਹੈ। ਇਹ ਸਾਡਾ ਆਪਣਾ ਬਣਾਇਆ ਹੋਇਆ ਨਿਯਮ ਹੈ। ਹੋਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਮਝ ਪੈਂਦੀ ਹੈ ਕਿ ਸਵਾਏ ਭੱਟਾਂ ਤੋਂ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਬਾਣੀ ਵਿੱਚ “ਵਾਹਿਗੁਰੂ” ਲਫਜ਼ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਹੈ। ਭੱਟਾਂ ਨੇ ਵੀ ਆਪਣੀ ਰਚਨਾ ਵਿੱਚ “ਵਾਹਿਗੁਰੂ” ਲਫਜ਼ ਦੀ ਵਰਤੋਂ ਚੌਥੀ ਜੋਤਿ ਦੀ ਉਸਤਤ ਲਈ ਕੀਤੀ ਹੈ ਤੇ ਭਾਈ ਗੁਰਦਾਸ ਜੀ ਨੇ “ਵਾਹਿਗੁਰੂ” ਲਫਜ਼ ਦੀ ਵਰਤੋਂ “ਸਬਦ” ਲਈ ਕੀਤੀ ਹੈ। ਕੀ ਅੱਜ ਦੇ ਆਪਣੇ ਆਪ ਨੂੰ ਕਹਿਲਾਣ ਵਾਲੇ ਸਿੱਖ, ਗੁਰੂ ਸਾਹਿਬਾਂ ਨਾਲੋਂ ਜਿਆਦਾ ਅਕਲਮੰਦ ਹੋ ਗਏ ਹਨ? ਜਿਨ੍ਹਾਂ ਨੇ ਆਪਣੀ ਨਾਮੁ ਦੀ ਨਵੀਂ ਪ੍ਰੀਭਾਸ਼ਾ ਦੇਣੀ ਸ਼ੁਰੂ ਕਰ ਦਿਤੀ ਹੈ। ਜੇਕਰ ਕਿਸੇ ਵੀ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਵਿੱਚ “ਵਾਹਿਗੁਰੂ” ਲਫਜ਼ ਦੀ ਵਰਤੋਂ ਨਾਮੁ ਲਈ ਨਹੀਂ ਕੀਤੀ ਹੈ, ਤਾਂ ਅਸੀਂ ਬਾਣੀ ਨੂੰ ਬਦਲਣ ਵਾਲੇ ਜਾਂ ਬਾਣੀ ਵਿੱਚ ਆਪਣੀ ਮੱਤ ਅਨੁਸਾਰ ਤਬਦੀਲੀ ਕਰਨ ਵਾਲੇ ਕੌਣ ਹੁੰਦੇ ਹਾਂ? ਜੇਕਰ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਬਾਣੀ ਵਿੱਚ ਇੱਕ ਤਬਦੀਲੀ ਕਰਨ ਕਰਕੇ ਬੇਦਖਲ ਕਰ ਦਿਤਾ ਸੀ, ਤਾਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਿੱਖ ਕਹਿਲਾ ਸਕਦੇ ਹਾਂ, ਤੇ ਜੇਕਰ ਲਗਾਤਾਰ ਅਜੇਹਾ ਕਰਦੇ ਰਹੇ ਤਾਂ ਭਵਿੱਖ ਵਿੱਚ ਸਾਡਾ ਕੀ ਹਾਲ ਹੋ ਸਕਦਾ ਹੈ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਅਨੁਸਾਰ ਤਾਂ ਦਿਨ ਰਾਤ, ਹਰ ਸਮੇਂ, ਹਰ ਪਲ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਦੀ ਸਿਖਿਆ ਦਿਤੀ ਗਈ ਹੈ। ਕੀ ਅਸੀਂ ਸੁੱਤੇ ਪਏ “ਵਾਹਿਗੁਰੂ ਵਾਹਿਗੁਰੂ” ਲਫਜ਼ ਦਾ ਰਟਨ ਕਰ ਸਕਦੇ ਹਾਂ? ਕੀ ਅਸੀਂ ਕਿਸੇ ਨਾਲ ਗਲ ਕਰਦੇ ਸਮੇਂ ਜਾਂ ਆਪਣਾ ਕੰਮ ਕਰਦੇ ਸਮੇਂ “ਵਾਹਿਗੁਰੂ ਵਾਹਿਗੁਰੂ” ਲਫਜ਼ ਦਾ ਰਟਨ ਕਰ ਸਕਦੇ ਹਾਂ? ਕੀ ਅਸੀਂ ਗੱਡੀ ਚਲਾਉਂਦੇ ਹੋਏ ਜਾਂ ਮਸ਼ੀਨ ਤੇ ਕੰਮ ਕਰਦੇ ਸਮੇਂ “ਵਾਹਿਗੁਰੂ ਵਾਹਿਗੁਰੂ” ਲਫਜ਼ ਦਾ ਰਟਨ ਕਰ ਸਕਦੇ ਹਾਂ? ਸਪੱਸ਼ਟ ਹੈ ਕਿ ਅਜੇਹੇ ਕੰਮ ਕਰਦੇ ਸਮੇਂ ਇੱਕ ਲਫਜ਼ ਦਾ ਰਟਨ ਕਰਨਾ ਸੰਭਵ ਨਹੀਂ ਹੈ, ਜੇਕਰ ਅਜੇਹਾ ਕਰਾਂਗੇ ਤਾਂ ਕਿਸੀ ਬੇਧਿਆਨੀ ਕਰਕੇ ਕੋਈ ਦੁਰਘਟਨਾ ਵੀ ਹੋ ਸਕਦੀ ਹੈ। ਪਰੰਤੂ ਗੁਰੂ ਸਾਹਿਬ ਨੇ ਤਾਂ ਗੁਰਬਾਣੀ ਵਿੱਚ ਕਿਸੇ ਤਰ੍ਹਾਂ ਦੀ ਅਜੇਹੀ ਕੋਈ ਵੀ ਰਵਾਇਤ ਜਾਂ ਛੋਟ ਨਹੀਂ ਦਿਤੀ ਹੈ, ਬਲਕਿ ਗੁਰਸਿਖ ਨੂੰ ਤਾਂ ਸਵਾਸ ਸਵਾਸ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਦੀ ਸਿਖਿਆ ਦਿਤੀ ਗਈ ਹੈ।

ਗੁਰਬਾਣੀ ਵਿੱਚ ਵਾਰ ਵਾਰ ਇਹੀ ਸਿਖਿਆ ਦਿਤੀ ਗਈ ਹੈ ਕਿ, ਗੁਰਸਿਖ ਲਈ ਅਕਾਲ ਪੁਰਖੁ ਹੀ ਸਭ ਕੁੱਝ ਹੈ, ਤੇ ਅਕਾਲ ਪੁਰਖੁ ਹੀ ਸਾਡੀ ਜਿੰਦ ਦਾ ਸਹਾਰਾ ਹੈ। ਅਕਾਲ ਪੁਰਖੁ ਜੋ ਕੁੱਝ ਵੀ ਕਰਦਾ ਹੈਂ, ਸਾਡੀ ਭਲਾਈ ਲਈ ਹੀ ਕਰਦਾ ਹੈ। ਇਸ ਲਈ ਅਕਾਲ ਪੁਰਖੁ ਅੱਗੇ ਨਮਸਕਾਰ ਕਰਨਾ ਹੈ, ਉਸ ਤੋਂ ਸਦਕੇ ਜਾਣਾ ਹੈ, ਤੇ ਉਸ ਦਾ ਹਮੇਸ਼ਾਂ ਧੰਨਵਾਦ ਕਰਦੇ ਰਹਿੰਣਾ ਹੈ। ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ ਹਰ ਵੇਲੇ ਆਪਣੇ ਮਨ ਵਿੱਚ ਅਕਾਲ ਪੁਰਖੁ ਨੂੰ ਯਾਦ ਕਰਦੇ ਰਹਿੰਣਾ ਹੈ। ਜੀਵਨ ਦੇ ਹਰੇਕ ਸੁਖ, ਦੁਖ ਤੇ ਪੀੜਾ ਸਮੇਂ ਵੀ ਅਕਾਲ ਪੁਰਖੁ ਅੱਗੇ ਹੀ ਬੇਨਤੀ ਕਰਦੇ ਰਹਿੰਣਾਂ ਹੈ।

ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ॥ ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ॥ ੧॥ (੮੨੦)

ਇਹ ਵੀ ਅਟੱਲ ਸਚਾਈ ਹੈ, ਕਿ ਗੁਰੂ ਸਾਹਿਬ ਕੋਈ ਗਲਤ ਜਾਂ ਅਣਹੋਣੀ ਸਿਖਿਆ ਨਹੀਂ ਦੇ ਰਹੇ ਹਨ। ਇਸ ਲਈ ਸਪੱਸ਼ਟ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਕੁੱਝ ਹੋਰ ਹੀ ਹੈ, ਜੋ ਕਿ ਕਿਸੇ ਤਰ੍ਹਾਂ ਦਾ ਦੁਨਿਆਵੀ ਰਟਨ ਨਹੀਂ ਹੋ ਸਕਦਾ। ਜੇਕਰ ਗੁਰਬਾਣੀ ਤੇ ਸਾਇੰਸ ਦੀ ਸਿਖਿਆਵਾਂ ਅਨੁਸਾਰ ਵੀਚਾਰੀਏ ਤਾਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ, ਕਿ ਕਿਸੇ ਵੀ ਤਰ੍ਹਾਂ ਦੇ ਕਾਰਜ ਕਰਦੇ ਸਮੇਂ ਕੋਈ ਰਟਨ ਨਹੀਂ ਕੀਤਾ ਜਾ ਸਕਦਾ, ਪਰੰਤੂ ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਬਾਰੇ ਸੋਚਿਆ, ਸਮਝਿਆ, ਵਿਚਾਰਿਆ ਤੇ ਉਸ ਦੇ ਹੁਕਮੁ ਅਨੁਸਾਰ ਚਲਿਆ ਜਰੂਰ ਜਾ ਸਕਦਾ ਹੈ। ਪੂਰੀ ਸ੍ਰਿਸ਼ਟੀ ਦਾ ਹਰੇਕ ਕਾਰਜ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ ਹੈ। ਇਸ ਲਈ ਹਰ ਤਰ੍ਹਾਂ ਦੇ ਕਾਰਜ ਕਰਦੇ ਸਮੇਂ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਿਆ, ਜਾਣਿਆ, ਵਿਚਾਰਿਆ ਤੇ ਅਪਨਾਇਆ ਜਾ ਸਕਦਾ ਹੈ। ਅਕਾਲ ਪੁਰਖੁ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਪਛਾਣਿਆ ਤੇ ਉਸ ਅਨੁਸਾਰ ਚਲਿਆ ਜਾ ਸਕਦਾ ਹੈ। ਪੂਰੀ ਸ੍ਰਿਸ਼ਟੀ ਅਤੇ ਹੋਰ ਸਾਰੇ ਜੀਵ ਜੰਤੂ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣ ਲਈ ਤਿਆਰ ਹਨ, ਪਰੰਤੂ ਇੱਕ ਮਨੁੱਖ ਹੀ ਹੈ, ਜਿਹੜਾ ਹੋਰਨਾਂ ਜੀਵ ਜੰਤੂਆਂ ਨਾਲੋਂ ਜਿਆਦਾ ਬੁਧੀ ਮਿਲਣ ਦੇ ਬਾਵਜੂਦ ਵੀ ਹੁਕਮੁ ਤੇ ਰਜਾ ਅਨੁਸਾਰ ਚਲਣ ਲਈ ਅਕਸਰ ਇਨਕਾਰੀ ਹੋ ਜਾਂਦਾ ਹੈ।

ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਵੀਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਪੜ੍ਹਨਾਂ, ਸੁਣਨਾ, ਸਮਝਣਾਂ, ਵਿਚਾਰਨਾਂ ਤੇ ਅਮਲੀ ਜੀਵਨ ਵਿੱਚ ਅਪਨਾਉਣਾ ਹੈ। ਗੁਰੂ ਦੇ ਸੇਵਕ ਨੇ ਭਾਵੇਂ ਉਹ ਸੁਤਾ ਹੋਵੇ ਜਾਂ ਜਾਗਦਾ, ਕੰਮ ਕਰਦਾ ਹੋਵੇ ਜਾਂ ਖਾਣਾ ਖਾਂਦਾ ਹੋਵੇ, ਗੱਡੀ ਚਲਾਉਂਦਾ ਹੋਵੇ ਜਾਂ ਮਸ਼ੀਨ ਤੇ ਕੰਮ ਕਰਦਾ ਹੋਵੇ, ਹਰ ਸਮੇਂ ਦਿਨ ਰਾਤ ਲਗਾਤਾਰ ਗੁਰਬਾਣੀ ਅਨੁਸਾਰ ਆਪਣੇ ਜੀਵਨ ਵਿੱਚ ਵਿਚਰਦੇ ਰਹਿੰਣਾਂ ਹੈ। ਜੇਕਰ ਅਸੀਂ ਆਪਣਾ ਮਨ ਬਣਾ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਏ ਤਾਂ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। ਇਸ ਲਈ ਭਾਵੇਂ ਅਸੀਂ ਸੁੱਤੇ ਹੋਈਏ ਜਾਂ ਜਾਗਦੇ ਹੋਈਏ ਹਰ ਸਮੇਂ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿੱਚ ਚਲ ਸਕਦੇ ਹਾਂ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਅਕਾਲ ਪੁਰਖੁ ਦੀ ਮਿਹਰ ਨਾਲ ਮੈਂ ਉਸ ਦਾ ਨਾਮੁ ਯਾਦ ਕਰਦਾ ਰਹਿੰਦਾ ਹਾਂ, ਅਕਾਲ ਪੁਰਖੁ ਦੀ ਕਿਰਪਾ ਨਾਲ ਹੀ ਮੈਂ ਉਸ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਂਦਾ ਹਾਂ। ਇਸ ਲਈ ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ ਉਮਰ, ਅਕਾਲ ਪੁਰਖੁ ਦਾ ਨਾਮੁ ਯਾਦ ਕਰਨਾ ਚਾਹੀਦਾ ਹੈ। ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹਾ ਦਾਰੂ ਹੈ, ਜਿਸ ਦੀ ਸਹਾਇਤਾ ਨਾਲ ਅਨੇਕਾਂ ਤਰ੍ਹਾਂ ਦੇ ਮਨ ਦੇ ਦੁਖ, ਰੋਗ ਤੇ ਕਲੇਸ਼ ਦੂਰ ਹੋ ਸਕਦੇ ਹਨ। ਗੁਰੂ ਦੀ ਕਿਰਪਾ ਨਾਲ ਨਾਮੁ ਰੂਪੀ ਦਾਰੂ ਮਿਲਣ ਸਦਕਾ ਮੇਰੇ ਸਾਰੇ ਪਾਪ ਕੱਟੇ ਗਏ ਤੇ ਮੇਰਾ ਹਿਰਦਾ ਪਵਿਤਰ ਹੋ ਗਿਆ। ਮੇਰੇ ਅੰਦਰੋਂ ਹਉਮੈ ਦੀ ਸਾਰੀ ਪੀੜਾ ਨਿਕਲ ਗਈ ਤੇ ਸਾਰੇ ਦੁਖ ਤੇ ਦਰਦ ਦੂਰ ਹੋ ਗਏ, ਅਤੇ ਮੇਰੇ ਅੰਦਰ ਆਤਮਕ ਸੁਖ ਪੈਦਾ ਹੋ ਗਿਆ। ਜਿਸ ਮਨੁੱਖ ਦਾ ਸਬਦ ਗੁਰੂ ਦੀ ਸਹਾਇਤਾ ਨਾਲ ਅਕਾਲ ਪੁਰਖੁ ਨਾਲ ਪਿਆਰ ਪੈ ਜਾਂਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ।

ਮਾਝ ਮਹਲਾ ੫॥ ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ॥ ਪ੍ਰਭੂ ਦਇਆ ਤੇ ਮੰਗਲੁ ਗਾਵਉ॥ ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ॥ ੧॥ (੧੦੧)

ਜਿਹੜਾ ਮਨੁੱਖ ਸਦਾ ਨਾਸ਼ਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹਿੰਦਾ ਹੈ, ਤੇ ਨਾਮੁ ਦੀ ਦਾਤ ਕਦੇ ਵੀ ਨਹੀਂ ਮੰਗਦਾ, ਉਸ ਨੂੰ ਆਤਮਕ ਮੌਤ ਸਹੇੜਦਿਆਂ ਦੇਰ ਨਹੀਂ ਲਗਦੀ। ਪਰੰਤੂ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਸਦਾ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਦਾ ਰਹਿੰਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਫਸਦਾ ਤੇ ਅਡੋਲ ਅਵਸਥਾ ਵਿੱਚ ਟਿਕਿਆ ਰਹਿ ਕੇ ਜੀਵਨ ਦਾ ਆਨੰਦ ਮਾਣਦਾ ਰਹਿੰਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਲਈ ਪਿਆਰ ਤੇ ਭਗਤੀ ਲਈ ਲਿਵ ਲੱਗ ਜਾਂਦੀ ਹੈ, ਉਹ ਹਰ ਰੋਜ਼ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਜਿਸ ਸਦਕਾ ਉਹ ਸਦਾ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ। ਅਕਾਲ ਪੁਰਖੁ ਅਜੇਹੇ ਸੇਵਕ ਦੀ ਬਾਂਹ ਫੜ ਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਪਰੰਤੂ ਇਹ ਦਾਤ ਉਸੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ। ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਦੀ ਬਖਸ਼ਸ਼ ਪੂਰਬਲੇ ਸਮੇਂ ਵਿੱਚ ਕੀਤੇ ਕਰਮਾਂ ਅਨੁਸਾਰ ਤੇ ਗੁਰੂ ਨੂੰ ਮਿਲ ਕੇ ਆਪਣੇ ਅੰਦਰ ਅਜੇਹੇ ਸੰਸਕਾਰ ਜਗਾਣ ਨਾਲ ਹੀ ਹੋ ਸਕਦੀ ਹੈ। ਅਕਾਲ ਪੁਰਖੁ ਦੀ ਭਗਤੀ ਕਰਨ ਵਾਲੇ ਗੁਰਮੁਖ ਜਾਣਦੇ ਹਨ, ਕਿ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ ਮਾਇਆ ਦੇ ਹੱਥੀਂ ਲੁੱਟੇ ਜਾਂਦੇ ਹਨ, ਇਸ ਲਈ ਅਕਾਲ ਪੁਰਖੁ ਦੇ ਭਗਤਾਂ ਦੇ ਮਨ ਵਿੱਚ ਅਕਾਲ ਪੁਰਖੁ ਦੇ ਸੋਹਣੇ ਚਰਨ ਸਦਾ ਵੱਸਦੇ ਰਹਿੰਦੇ ਹਨ। ਜੇਹੜੇ ਮਨੁੱਖ ਅਜੇਹੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਸਦਾ ਲੋਚਦੇ ਰਹਿੰਦੇ ਹਨ, ਉਨ੍ਹਾਂ ਨੂੰ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਮਿਲ ਜਾਂਦਾ ਹੈ, ਜੋ ਉਨ੍ਹਾਂ ਦਾ ਮਨੁੱਖਾ ਜੀਵਨ ਸੰਵਾਰ ਦਿੰਦਾ ਹੈ। ਇਸ ਲਈ ਉਠਦਿਆਂ ਬਹਿੰਦਿਆਂ ਹਰ ਵੇਲੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ, ਕਿਉਂਕਿ ਉਸ ਸਦਾ ਅਟੱਲ ਰਹਿਣ ਵਾਲੇ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਕਰਨ ਨਾਲ ਹੀ ਪਾਇਆ ਜਾ ਸਕਦਾ ਹੈ। ਜਿਸ ਮਨੁੱਖ ਉਤੇ ਅਕਾਲ ਪੁਰਖੁ ਦਇਆਵਾਨ ਹੋ ਜਾਂਦਾ ਹੈ, ਉਹ ਸਦਾ ਅਕਾਲ ਪੁਰਖੁ ਦਾ ਨਾਮੁ ਯਾਦ ਕਰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਕਰਨ ਨਾਲ ਮਨੁੱਖ ਨੂੰ ਅਕਾਲ ਪੁਰਖੁ ਦੀ ਰਜ਼ਾ ਪਿਆਰੀ ਲਗਦੀ ਰਹਿੰਦੀ ਹੈ।

ਗੁਣ ਗਾਵੈ ਅਨਦਿਨੁ ਨਿਤਿ ਜਾਗੀ॥ ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ॥ ੨॥ ਚਰਨ ਕਮਲ ਭਗਤਾਂ ਮਨਿ ਵੁਠੇ॥ ਵਿਣੁ ਪਰਮੇਸਰ ਸਗਲੇ ਮੁਠੇ॥ ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ॥ ੩॥ ਊਠਤ ਬੈਠਤ ਹਰਿ ਹਰਿ ਗਾਈਐ॥ ਜਿਸੁ ਸਿਮਰਤ ਵਰੁ ਨਿਹਚਲੁ ਪਾਈਐ॥ ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ॥ ੪॥ ੪੩॥ ੫੦॥ (੧੦੯)

ਬਲ੍ਯ੍ਯ ਕਵੀ ਜੀ ਆਖਦੇ ਹਨ ਕਿ ਜਿਸ ਗੁਰੂ ਨੂੰ ਯਾਦ ਕੀਤਿਆਂ, ਅੱਖਾਂ ਦਾ ਹਨੇਰਾ ਇੱਕ ਖਿਨ ਵਿੱਚ ਮਿਟ ਜਾਂਦਾ ਹੈ; ਜਿਸ ਗੁਰੂ ਨੂੰ ਯਾਦ ਕੀਤਿਆਂ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਦਿਨੋ ਦਿਨ ਵਧਦਾ ਜਾਂਦਾ ਹੈ; ਜਿਸ ਗੁਰੂ ਨੂੰ ਯਾਦ ਕਰਨ ਨਾਲ ਜੀਵ ਦੇ ਹਿਰਦੇ ਵਿਚੋਂ ਤਪਤ ਮਿਟ ਜਾਂਦੀ ਹੈ; ਜਿਸ ਗੁਰੂ ਨੂੰ ਯਾਦ ਕਰ ਕੇ ਜੀਵ ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪ੍ਰਾਪਤ ਕਰ ਲੈਂਦਾ ਹੈ; ਉਸ ਗੁਰੂ ਰਾਮਦਾਸ ਜੀ ਨੂੰ ਸੰਗਤਿ ਵਿੱਚ ਮਿਲ ਕੇ ਆਖੋ ਕਿ ‘ਤੂੰ ਧੰਨ ਹੈ’, ‘ਤੂੰ ਧੰਨ ਹੈ’! ਇਸ ਲਈ ਉਸ ਸਤਿਗੁਰੁ ਨੂੰ ਹਮੇਸ਼ਾਂ ਯਾਦ ਕਰਦੇ ਰਹਿੰਣਾਂ ਚਾਹੀਦਾ ਹੈ, ਜਿਸ ਗੁਰੂ ਦੀ ਚਰਨੀਂ ਲੱਗ ਕੇ ਅਸੀਂ ਅਕਾਲ ਪੁਰਖੁ ਨੂੰ ਮਿਲ ਸਦਕੇ ਹਾਂ।

ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ॥ ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ॥ ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ॥ ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ॥ ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥ ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥ ੫॥ ੫੪॥ (੧੪੦੫)

ਉਪਰ ਲਿਖਿਆ ਸਬਦ ਬਲ੍ਯ੍ਯ ਕਵੀ ਜੀ ਨੇ ਚੌਥੀ ਜੋਤਿ ਗੁਰੂ ਰਾਮਦਾਸ ਜੀ ਦੇ ਸਬੰਧ ਵਿੱਚ ਵਰਨਣ ਕੀਤਾ ਹੈ। ਹੁਣ ਉਹ ਜੋਤਿ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਹੈ। ਇਸ ਲਈ ਅਸੀਂ ਇਹ ਸਭ ਕੁੱਝ ਗੁਰੂ ਗਰੰਥ ਸਾਹਿਬ ਜੀ ਦੇ ਚਰਨੀ ਲੱਗ ਕੇ, ਭਾਵ ਗੁਰਬਾਣੀ ਨੂੰ ਆਪਣੇ ਜੀਵਨ ਦਾ ਮੰਤਵ ਬਣਾ ਕੇ ਪ੍ਰਾਪਤ ਕਰ ਸਕਦੇ ਹਾਂ।

ਗੁਰੂ ਸਾਹਿਬ ਗੁਰਬਾਣੀ ਦੁਆਰਾ ਮਨ ਨੂੰ ਸਵਾਲ ਵੀ ਕਰਦੇ ਹਨ ਤੇ ਸਮਝਾਂਉਂਦੇ ਵੀ ਹਨ, ਕਿ ਜਿਸ ਅਕਾਲ ਪੁਰਖੁ ਦੀ ਕਿਰਪਾ ਨਾਲ ਅਸੀਂ ਤਰ੍ਹਾਂ ਤਰ੍ਹਾਂ ਦੇ ਕਪੜੇ ਤੇ ਗਹਣੇ ਪਹਿਨਦੇ ਹਾਂ, ਉਸ ਨੂੰ ਯਾਦ ਕਰਨ ਲਈ ਤੇ ਉਸ ਦਾ ਧੰਨਵਾਦ ਕਰਨ ਲਈ ਅਸੀਂ ਕਿਉਂ ਆਲਸ ਕਰਦੇ ਰਹਿੰਦੇ ਹਾਂ? ਜਿਸ ਅਕਾਲ ਪੁਰਖੁ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਜਾਂ ਅੱਜਕਲ ਦੇ ਸਮੇਂ ਵਿੱਚ ਸਕੂਟਰਾਂ, ਕਾਰਾਂ ਤੇ ਗੱਡੀਆਂ ਦੀ ਸਵਾਰੀ ਕਰਦੇ ਹਾਂ, ਉਸ ਅਕਾਲ ਪੁਰਖੁ ਨੂੰ ਆਪਣੇ ਮਨ ਵਿਚੋਂ ਕਦੇ ਵੀ ਵਿਸਾਰਨਾਂ ਨਹੀਂ ਚਾਹੀਦਾ। ਜਿਸ ਅਕਾਲ ਪੁਰਖੁ ਦੀ ਦਇਆ ਨਾਲ ਘਰ ਬਾਹਰ, ਬਾਗ ਬਗੀਚੇ, ਜ਼ਮੀਨਾਂ ਤੇ ਧਨ ਦੌਲਤ ਨਸੀਬ ਹੁੰਦੇ ਹਨ, ਉਸ ਅਕਾਲ ਪੁਰਖੁ ਨੂੰ ਆਪਣੇ ਮਨ ਵਿੱਚ ਸਦਾ ਵਸਾ ਕੇ ਰੱਖਣਾਂ ਚਾਹੀਦਾ ਹੈ। ਜਿਸ ਅਕਾਲ ਪੁਰਖੁ ਨੇ ਸਾਡੇ ਮਨ ਤੇ ਸਰੀਰ ਨੂੰ ਸਾਜਿਆ ਹੈ, ਸਾਡੇ ਸਰੀਰ ਨੂੰ ਸਵਾਸਾਂ ਨਾਲ ਕਾਇਮ ਰੱਖਿਆ ਹੈ, ਉਸ ਅਕਾਲ ਪੁਰਖੁ ਨੂੰ ਉਠਦੇ ਬੈਠਦੇ ਭਾਵ, ਹਰ ਸਮੇਂ ਯਾਦ ਕਰਦੇ ਰਹਿਣਾਂ ਹੈ। ਗੁਰੂ ਸਾਹਿਬ ਸਾਡੇ ਮਨ ਨੂੰ ਸੁਚੇਤ ਕਰਕੇ ਸਮਝਾਂਉਂਦੇ ਹਨ, ਕਿ ਉਸ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਕਰਦੇ ਰਹਿਣਾਂ ਹੈ, ਜੋ ਇੱਕ ਹੈ, ਤੇ ਬੇਅੰਤ ਹੈ, ਕਿਉਂਕਿ ਉਹੀ ਅਕਾਲ ਪੁਰਖੁ ਸਾਡੀ ਲੋਕ ਤੇ ਪਰਲੋਕ ਵਿੱਚ ਲਾਜ ਰੱਖਣ ਵਾਲਾ ਹੈ।

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ॥ ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ॥ ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ॥ ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ॥ ਜਿਹ ਪ੍ਰਸਾਦਿ ਬਾਗ ਮਿਲਖ ਧਨਾ॥ ਰਾਖੁ ਪਰੋਇ ਪ੍ਰਭੁ ਅਪੁਨੇ ਮਨਾ॥ ਜਿਨਿ ਤੇਰੀ ਮਨ ਬਨਤ ਬਨਾਈ॥ ਊਠਤ ਬੈਠਤ ਸਦ ਤਿਸਹਿ ਧਿਆਈ॥ ਤਿਸਹਿ ਧਿਆਇ ਜੋ ਏਕ ਅਲਖੈ॥ ਈਹਾ ਊਹਾ ਨਾਨਕ ਤੇਰੀ ਰਖੈ॥ ੪॥ (੨੭੦)

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਵਾਰ ਵਾਰ ਅਕਾਲ ਪੁਰਖੁ ਨੂੰ ਯਾਦ ਕਰਦੇ ਰਹਿੰਣਾਂ ਚਾਹੀਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਪੀ ਕੇ ਆਪਣੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾਉਂਦੇ ਰਹਿੰਣਾਂ ਚਾਹੀਦਾ ਹੈ। ਜਿਸ ਗੁਰਮੁਖ ਨੇ ਨਾਮੁ ਰੂਪੀ ਰਤਨ ਲੱਭ ਲਿਆ ਹੈ, ਫਿਰ ਉਸ ਨੂੰ ਅਕਾਲ ਪੁਰਖੁ ਤੋਂ ਬਿਨਾ ਕੁੱਝ ਹੋਰ ਦਿੱਖਾਈ ਨਹੀਂ ਦਿੰਦਾ। ਉਸ ਗੁਰਮੁਖ ਲਈ ਅਕਾਲ ਪੁਰਖੁ ਦਾ ਨਾਮੁ ਹੀ ਧਨ ਹੈ, ਤੇ ਨਾਮੁ ਹੀ ਅਕਾਲ ਪੁਰਖੁ ਦਾ ਰੂਪ ਜਾਂ ਰੰਗ ਹੈ। ਉਹ ਸਦਾ ਅਕਾਲ ਪੁਰਖੁ ਦੇ ਨਾਮੁ ਦਾ ਹੀ ਸੰਗ ਕਰਦਾ ਹੈ, ਕਿਉਂਕਿ ਨਾਮੁ ਹੀ ਉਸ ਲਈ ਸੁਖਾਂ ਦਾ ਮੂਲ ਸਾਧਨ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਦੇ ਸੁਆਦ ਨਾਲ ਰੱਜ ਜਾਂਦਾ ਹੈ, ਫਿਰ ਉਸ ਦਾ ਮਨ ਤੇ ਤਨ ਕੇਵਲ ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਜੁੜਿਆ ਰਹਿੰਦਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਅਸਲੀ ਸੇਵਕ ਉਠਦਿਆਂ ਬੈਠਦਿਆਂ, ਸੁੱਤਿਆਂ ਹਰ ਵੇਲੇ ਅਕਾਲ ਪੁਰਖੁ ਦੇ ਨਾਮੁ ਨੂੰ ਹਿਰਦੇ ਵਿੱਚ ਵਸਾਣ ਦੇ ਆਹਰ ਵਿੱਚ ਰੁਝਾ ਰਹਿੰਦਾ ਹੈ।

ਬਾਰੰ ਬਾਰ ਬਾਰ ਪ੍ਰਭੁ ਜਪੀਐ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ॥ ਨਾਮ ਰਤਨੁ ਜਿਨਿ ਗੁਰਮੁਖਿ ਪਾਇਆ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ॥ ਨਾਮੁ ਧਨੁ ਨਾਮੋ ਰੂਪੁ ਰੰਗੁ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ॥ ਨਾਮ ਰਸਿ ਜੋ ਜਨ ਤ੍ਰਿਪਤਾਨੇ॥ ਮਨ ਤਨ ਨਾਮਹਿ ਨਾਮਿ ਸਮਾਨੇ॥ ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥ ੬॥ (੨੮੬)

ਜਦੋਂ ਪੂਰਾ ਗੁਰੂ ਮਿਹਰ ਕਰਦਾ ਹੈ, ਤਾਂ ਅਕਾਲ ਪੁਰਖੁ ਆਪਣੇ ਸੇਵਕ ਦੀਆਂ ਇਛਾਵਾਂ ਪੂਰੀਆਂ ਕਰ ਦਿੰਦਾ ਹੈ। ਅਕਾਲ ਪੁਰਖੁ ਦੇ ਨਾਮੁ ਸਦਕਾ ਸੇਵਕ ਆਪਣੇ ਅੰਤਰ ਆਤਮੇ ਟਿਕਿਆ ਰਹਿੰਦਾ ਹੈ ਤੇ ਉਹ ਆਤਮਕ ਆਨੰਦ, ਖ਼ੁਸ਼ੀਆਂ, ਤੇ ਸੁਖ ਮਾਣਦਾ ਰਹਿੰਦਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਅਸੀਂ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨ ਸਦਕਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ। ਇਸ ਲਈ ਉਠਦਿਆਂ ਬੈਠਦਿਆਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਚਾਹੀਦਾ ਹੈ, ਅਤੇ ਅਕਾਲ ਪੁਰਖੁ ਦੇ ਨਾਮੁ ਚੇਤੇ ਕਰਨ ਦੀ ਇਹ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ। ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਇਹੀ ਹੈ ਕਿ ਇਨਸਾਨ ਨੇ ਹਰੇਕ ਸਮੇਂ ਅਕਾਲ ਪੁਰਖੁ ਦਾ ਨਾਮੁ ਆਪਣੇ ਚਿਤ ਵਿੱਚ ਰੱਖਣਾ ਹੈ। ਅਕਾਲ ਪੁਰਖੁ ਦਾ ਨਾਮੁ ਹੀ ਧਰਮ ਦੀ ਅਜੇਹੀ ਪਉੜੀ ਹੈ, ਜਿਸ ਦੀ ਸਹਾਇਤਾ ਨਾਲ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿੱਚ ਪਹੁੰਚ ਸਕਦਾ ਹੈ, ਪਰੰਤੂ ਕੋਈ ਵਿਰਲਾ ਭਾਗਾਂ ਵਾਲਾ ਹੀ ਇਸ ਪਉੜੀ ਨੂੰ ਲੱਭ ਸਕਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਦੁਆਰਾ ਉਸ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜ ਲੈਂਦਾ ਹੈ, ਉਸ ਮਨੁੱਖ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ। ਇਸ ਲਈ ਹਮੇਸ਼ਾਂ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾਂ ਚਾਹੀਦਾ ਹੈ। ਜਿਹੜੇ ਪ੍ਰਾਣੀ ਸਤਿਗੁਰ ਦੀ ਸੱਚੀ ਸਿੱਖਿਆ ਨੂੰ ਗੁਰਬਾਣੀ ਦੁਆਰਾ ਗ੍ਰਹਿਣ ਕਰ ਲੈਂਦੇ ਹਨ, ਉਹ ਸੱਚੇ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਸਤਿਗੁਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਰੁਕਾਵਟਾਂ ਦੂਰ ਕਰਨ ਵਾਲਾ ਅਕਾਲ ਪੁਰਖੁ ਦਾ ਨਾਮੁ ਦ੍ਰਿੜ ਕਰਵਾ ਦਿੰਦਾ ਹੈ, ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਤੇ ਉਹ ਸਾਰੇ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ, ਅਤੇ ਉਹ ਸਦਾ ਆਤਮਕ ਆਨੰਦ ਦੀ ਅਵਸਥਾ ਵਿੱਚ ਟਿਕੇ ਰਹਿੰਦੇ ਹਨ।

ਸੰਤਹੁ ਰਾਮ ਨਾਮਿ ਨਿਸਤਰੀਐ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ॥ ੧॥ ਰਹਾਉ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ॥ ੨॥ (੬੨੧, ੬੨੨)

ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦਾ ਨਾਮੁ ਭੁਲਾ ਦਿੱਤਾ, ਉਹ ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿੱਚ ਸੜ ਕੇ ਸੁਆਹ ਹੁੰਦੇ ਵੇਖੇ ਗਏ ਹਨ। ਪੁੱਤਰ, ਮਿੱਤਰ, ਇਸਤ੍ਰੀ ਆਦਿਕ ਸਨਬੰਧੀ ਜਿਨ੍ਹਾਂ ਨਾਲ ਮਨੁੱਖ ਪ੍ਰੇਮ ਕਰਦਾ ਹੈ ਤੇ ਦੁਨੀਆਂ ਦੀਆਂ ਰੰਗ ਰਲੀਆਂ ਮਾਣਦਾ ਰਹਿੰਦਾ ਹੈ, ਉਹ ਸਾਰੇ ਪਿਆਰ ਆਖ਼ਿਰ ਇੱਕ ਦਿਨ ਟੁੱਟ ਜਾਂਦੇ ਹਨ। ਇਸੇ ਲਈ ਗੁਰੂ ਸਾਹਿਬ ਮਨ ਨੂੰ ਵਾਰ ਵਾਰ ਸਮਝਾਂਉਂਦੇ ਹਨ, ਕਿ ਸਦਾ ਹੀ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਯਾਦ ਕਰਦਾ ਰਹਿੰਦਾ ਹੈ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਤ੍ਰਿਸ਼ਨਾ ਦੀ ਅੱਗ ਨਾਲ ਸੜਦਾ ਨਹੀਂ ਰਹਿੰਦਾ ਹੈ, ਉਸ ਦੇ ਮਨ ਵਿਚ, ਤਨ ਵਿਚ, ਤੇ ਸਰੀਰ ਵਿੱਚ ਆਨੰਦ ਬਣਿਆ ਰਹਿੰਦਾ ਹੈ। ਜਿਵੇਂ ਰੁੱਖ ਦੀ ਛਾਂ ਬਦਲਦੀ ਰਹਿੰਦੀ ਹੈ ਤੇ ਖਤਮ ਹੁੰਦੀ ਜਾਂਦੀ ਹੈ, ਜਿਵੇਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ ਤੇ ਉਨ੍ਹਾਂ ਕਰਕੇ ਹੋਈ ਛਾਂ ਅਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਦੁਨੀਆਂ ਦੇ ਸਾਰੇ ਪਦਾਰਥ ਤੇ ਇਹ ਮਨੁੱਖਾ ਜੀਵਨ ਵੀ ਨਾਸ਼ਵੰਤ ਹਨ। ਇਸ ਲਈ ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿੱਚ ਅਕਾਲ ਪੁਰਖੁ ਦੀ ਭਗਤੀ ਦ੍ਰਿੜ ਕਰ, ਕਿਉਂਕਿ ਇਹੀ ਤੇਰੇ ਕੰਮ ਆਉਣ ਵਾਲੀ ਹੈ।

ਮਾਰੂ ਮਹਲਾ ੫॥ ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ॥ ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ॥ ੧॥ ਮੇਰੇ ਮਨ ਨਾਮੁ ਨਿਤ ਨਿਤ ਲੇਹ॥ ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ॥ ੧॥ ਰਹਾਉ॥ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ॥ ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ॥ ੨॥ ੨॥ ੨੫॥ (੧੦੦੬)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:

ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿੰਣਾਂ ਹੈ, ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਨਾਮੁ ਹੈ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ ਤੇ ਵੀਚਾਰ ਕੇ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਣਾ ਪਵੇਗਾ ਤੇ ਆਪਣੇ ਦੁਨਿਆਵੀ ਜੀਵਨ ਵਿੱਚ ਅਪਨਾਉਣਾ ਪਵੇਗਾ।

ਗੁਰੂ ਗਰੰਥ ਸਾਹਿਬ ਵਿੱਚ ਨਾਮੁ/ਨਾਮ (Naam) ਦਾ ਲਫਜ਼ ੪੦੦੦ ਤੋਂ ਵੱਧ ਵਾਰੀ ਆਇਆ ਹੈ, ਪਰੰਤੂ ਇਹ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ ਨਾਮੁ ਦਾ ਅਰਥ “ਵਾਹਿਗੁਰੂ” ਲਫਜ਼ ਨੂੰ ਵਾਰ ਵਾਰ ਦੁਹਰਾਈ ਜਾਂਣਾ ਹੈ।

ਜੇਕਰ ਕਿਸੇ ਵੀ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਵਿੱਚ “ਵਾਹਿਗੁਰੂ” ਲਫਜ਼ ਦੀ ਵਰਤੋਂ ਨਾਮੁ ਲਈ ਨਹੀਂ ਕੀਤੀ ਹੈ, ਤਾਂ ਅਸੀਂ ਬਾਣੀ ਨੂੰ ਬਦਲਣ ਵਾਲੇ ਜਾਂ ਬਾਣੀ ਵਿੱਚ ਆਪਣੀ ਮੱਤ ਅਨੁਸਾਰ ਤਬਦੀਲੀ ਕਰਨ ਵਾਲੇ ਕੌਣ ਹੁੰਦੇ ਹਾਂ?

ਗੁਰੂ ਸਾਹਿਬ ਨੇ ਤਾਂ ਗੁਰਬਾਣੀ ਵਿੱਚ ਗੁਰਸਿਖ ਨੂੰ ਤਾਂ ਸਵਾਸ ਸਵਾਸ ਭਾਵ, ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ ਹਰ ਵੇਲੇ ਆਪਣੇ ਮਨ ਵਿੱਚ ਅਕਾਲ ਪੁਰਖੁ ਨੂੰ ਯਾਦ ਕਰਨ ਕਈ ਸਿਖਿਆ ਦਿਤੀ ਹੈ।

ਜੇਕਰ ਗੁਰਬਾਣੀ ਤੇ ਸਾਇੰਸ ਦੀ ਸਿਖਿਆਵਾਂ ਅਨੁਸਾਰ ਵੀਚਾਰੀਏ ਤਾਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ, ਕਿ ਕਿਸੇ ਵੀ ਤਰ੍ਹਾਂ ਦੇ ਕਾਰਜ ਕਰਦੇ ਸਮੇਂ ਕੋਈ ਰਟਨ ਤਾਂ ਨਹੀਂ ਕੀਤਾ ਜਾ ਸਕਦਾ, ਪਰੰਤੂ ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਬਾਰੇ ਸੋਚਿਆ, ਸਮਝਿਆ, ਵਿਚਾਰਿਆ ਤੇ ਉਸ ਦੇ ਹੁਕਮੁ ਅਨੁਸਾਰ ਚਲਿਆ ਜਰੂਰ ਜਾ ਸਕਦਾ ਹੈ।

ਜਿਸ ਮਨੁੱਖ ਦਾ ਸਬਦ ਗੁਰੂ ਦੀ ਸਹਾਇਤਾ ਨਾਲ ਅਕਾਲ ਪੁਰਖੁ ਨਾਲ ਪਿਆਰ ਪੈ ਜਾਂਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ।

ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਦੀ ਬਖਸ਼ਸ਼ ਪੂਰਬਲੇ ਸਮੇਂ ਵਿੱਚ ਕੀਤੇ ਕਰਮਾਂ ਅਨੁਸਾਰ ਤੇ ਗੁਰੂ ਨੂੰ ਮਿਲ ਕੇ ਆਪਣੇ ਅੰਦਰ ਅਜੇਹੇ ਸੰਸਕਾਰ ਜਗਾਣ ਨਾਲ ਹੀ ਹੋ ਸਕਦੀ ਹੈ।

ਜਿਸ ਮਨੁੱਖ ਉਤੇ ਅਕਾਲ ਪੁਰਖੁ ਦਇਆਵਾਨ ਹੋ ਜਾਂਦਾ ਹੈ, ਉਹ ਸਦਾ ਅਕਾਲ ਪੁਰਖੁ ਦਾ ਨਾਮੁ ਯਾਦ ਕਰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਕਰਨ ਨਾਲ ਮਨੁੱਖ ਨੂੰ ਅਕਾਲ ਪੁਰਖੁ ਦੀ ਰਜ਼ਾ ਪਿਆਰੀ ਲਗਦੀ ਰਹਿੰਦੀ ਹੈ।

ਜਿਸ ਅਕਾਲ ਪੁਰਖੁ ਦੀ ਮੇਹਰ ਨਾਲ ਇਹ ਮਨੁੱਖਾ ਜਨਮ ਮਿਲਿਆ ਹੈ, ਅਨੇਕਾਂ ਪਦਾਰਥ ਭੋਗਣ ਲਈ ਮਿਲੇ ਹਨ, ਉਸ ਅਕਾਲ ਪੁਰਖੁ ਨੂੰ ਉਠਦੇ ਬੈਠਦੇ ਭਾਵ, ਹਰ ਸਮੇਂ ਯਾਦ ਕਰਦੇ ਰਹਿਣਾਂ ਚਾਹੀਦਾ ਹੈ, ਜੋ ਇੱਕ ਹੈ, ਤੇ ਬੇਅੰਤ ਹੈ, ਕਿਉਂਕਿ ਉਹੀ ਅਕਾਲ ਪੁਰਖੁ ਸਾਡੀ ਲੋਕ ਤੇ ਪਰਲੋਕ ਵਿੱਚ ਲਾਜ ਰੱਖਣ ਵਾਲਾ ਹੈ।

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਅਸਲੀ ਸੇਵਕ ਉਠਦਿਆਂ ਬੈਠਦਿਆਂ, ਸੁੱਤਿਆਂ ਹਰ ਵੇਲੇ ਅਕਾਲ ਪੁਰਖੁ ਦੇ ਨਾਮੁ ਨੂੰ ਹਿਰਦੇ ਵਿੱਚ ਵਸਾਣ ਦੇ ਆਹਰ ਵਿੱਚ ਰੁਝਾਂ ਰਹਿੰਦਾ ਹੈ।

ਅਕਾਲ ਪੁਰਖੁ ਦਾ ਨਾਮੁ ਹੀ ਧਰਮ ਦੀ ਅਜੇਹੀ ਪਉੜੀ ਹੈ, ਜਿਸ ਦੀ ਸਹਾਇਤਾ ਨਾਲ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿੱਚ ਪਹੁੰਚ ਸਕਦਾ ਹੈ, ਪਰੰਤੂ ਕੋਈ ਵਿਰਲਾ ਭਾਗਾਂ ਵਾਲਾ ਹੀ ਇਸ ਪਉੜੀ ਨੂੰ ਲੱਭ ਸਕਦਾ ਹੈ।

ਜਿਹੜੇ ਪ੍ਰਾਣੀ ਸਤਿਗੁਰ ਦੀ ਸੱਚੀ ਸਿੱਖਿਆ ਨੂੰ ਗੁਰਬਾਣੀ ਦੁਆਰਾ ਗ੍ਰਹਿਣ ਕਰ ਲੈਂਦੇ ਹਨ, ਉਹ ਸੱਚੇ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਦੁਨੀਆਂ ਦੇ ਸਾਰੇ ਪਦਾਰਥ ਤੇ ਇਹ ਮਨੁੱਖਾ ਜੀਵਨ ਵੀ ਨਾਸ਼ਵੰਤ ਹਨ, ਇਸ ਲਈ ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿੱਚ ਅਕਾਲ ਪੁਰਖੁ ਦੀ ਭਗਤੀ ਦ੍ਰਿੜ ਕਰ, ਕਿਉਂਕਿ ਇਹੀ ਤੇਰੇ ਕੰਮ ਆਉਣ ਵਾਲੀ ਹੈ।

ਗੁਰੂ ਸਾਹਿਬ ਨੇ ਤਾਂ ਗੁਰਬਾਣੀ ਵਿੱਚ ਗੁਰਸਿਖ ਨੂੰ ਸਵਾਸ ਸਵਾਸ ਭਾਵ, ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ ਹਰ ਵੇਲੇ ਆਪਣੇ ਮਨ ਵਿੱਚ ਅਕਾਲ ਪੁਰਖੁ ਨੂੰ ਯਾਦ ਕਰਨ ਕਈ ਸਿਖਿਆ ਦਿਤੀ ਹੈ। ਇਸ ਲਈ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ ਤੇ ਵੀਚਾਰ ਕੇ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਣਾ ਪਵੇਗਾ ਤੇ ਆਪਣੇ ਦੁਨਿਆਵੀ ਜੀਵਨ ਵਿੱਚ ਅਪਨਾਉਣਾ ਪਵੇਗਾ। ਜਿਹੜੇ ਪ੍ਰਾਣੀ ਸਤਿਗੁਰ ਦੀ ਸੱਚੀ ਸਿੱਖਿਆ ਨੂੰ ਗੁਰਬਾਣੀ ਦੁਆਰਾ ਗ੍ਰਹਿਣ ਕਰ ਲੈਂਦੇ ਹਨ, ਉਹ ਸੱਚੇ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.