.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧੮)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧੩ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ॥ ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ॥ ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ॥ ੧ 

ਮਃ ੩॥ ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ॥ ੨ 

ਪਉੜੀ॥ ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ॥ ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ॥ ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ॥ ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ॥ ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ॥ ੧੩ 

(ਪਉੜੀ ੧੩, ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਹਉਮੈ ਮਮਤਾ ਮੋਹਣੀ, ਮਨਮੁਖਾ ਨੋ ਗਈ ਖਾਇ॥ ਜੋ ਮੋਹਿ ਦੂਜੈ ਚਿਤੁ ਲਾਇਦੇ, ਤਿਨਾੑ ਵਿਆਪਿ ਰਹੀ ਲਪਟਾਇ॥ ਗੁਰ ਕੈ ਸਬਦਿ ਪਰਜਾਲੀਐ, ਤਾ ਏਹ ਵਿਚਹੁ ਜਾਇ॥ ਤਨੁ ਮਨੁ ਹੋਵੈ ਉਜਲਾ, ਨਾਮੁ ਵਸੈ ਮਨਿ ਆਇ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ, ਗੁਰਮੁਖਿ ਪਾਇਆ ਜਾਇ॥ ੧॥ {ਪੰ: ੫੧੩}

ਪਦ ਅਰਥ : —ਮਮਤਾ— ਅਪਣੱਤ, ਇਹ ਖ਼ਿਆਲ ਕਿ ਫਲਾਣੀ ਚੀਜ਼ ਮੇਰੀ ਬਣ ਜਾਏ ਜਾਂ ਮੇਰੀ ਹੈ (ਮਮ—ਮੇਰੀ)। ਮੋਹਣੀ—ਮੋਹ ਲੈਣ ਵਾਲੀ, ਠਗਣੀ, ਚੁੜੇਲ। ਗਈ ਖਾਇਹੜੱਪ ਕਰ ਲੈਂਦੀ ਹੈ। ਮਨਮੁਖਾ ਨੋ ਗਈ ਖਾਇ—ਮਨਮੁੱਖਾ ਦਾ ਜਨਮ ਬਿਰਥਾ ਕਰ ਦਿੰਦੀ ਹੈ, ਉਨ੍ਹਾਂ ਆਪਹੁਦਰਿਆਂ ਨੂੰ ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ `ਚ ਪਾ ਦਿੰਦੀ ਹੈ, ਉਨ੍ਹਾਂ ਦਾ ਮਨੁੱਖਾ ਜਨਮ ਸਫ਼ਲ਼ ਨਹੀਂ ਹੋਣ ਦਿੰਦੀ। ਤਿਨਾੑ—ਉਨ੍ਹਾਂ ਨੂੰ। ਵਿਆਪਿ ਰਹੀ—ਵੱਡੇ ਵੇਗ ਨਾਲ ਵੱਸ `ਚ ਕਰ ਲੈਂਦੀ ਹੈ। ਲਪਟਾਇ—ਲਿਪਟ ਜਾਂਦੀ ਹੈ, ਚੰਬੜ ਜਾਂਦੀ ਹੈ। ਪਰਜਾਲੀਐ—ਚੰਗੀ ਤਰ੍ਹਾਂ ਸਾੜੀਦੀ ਹੈ। ਮਾਰਣੁ—ਸੰਖੀਏ ਆਦਿ ਜ਼ਹਿਰ ਤੋਂ ਕੁਸ਼ਤਾ ਬਨਾਉਣ ਵਾਲੀ ਬੂਟੀ।

ਅਰਥ : — “ਹਉਮੈ ਮਮਤਾ ਮੋਹਣੀ, ਮਨਮੁਖਾ ਨੋ ਗਈ ਖਾਇ” -ਹਉਮੈ ਤੇ ਅਪਣੱਤ, ਬੰਦੇ ਨੂੰ ਮੋਹ ਲੈਣ ਵਾਲੀ ਉਹ ਚੁੜੇਲ ਹੈ ਜਿਹੜੀ ਮਨਮੁਖਾਂ (ਆਪੱਹੁਦਰਿਆਂ) ਨੂੰ ਹੜੱਪ ਕਰ ਜਾਂਦੀ ਹੈ। ਭਾਵ ਮਨੁੱਖ ਦੇ ਦੁਰਲਭ ਜਨਮ ਨੂੰ ਵੀ ਬਿਰਥਾ ਕਰ ਦਿੰਦੀ ਹੈ, ਉਸਨੂੰ ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ `ਚ ਪਾਉਣ ਦਾ ਕਾਰਣ ਬਣ ਜਾਂਦੀ ਹੈ। ਮਨੁੱਖਾ ਜਨਮ ਪਾ ਕੇ ਵੀ ਜੀਵ, ਪ੍ਰਭੂ `ਚ ਅਭੇਦ ਨਹੀਂ ਹੋ ਸਕਦਾ ਅਤੇ ਉਸ ਦਾ ਇਹ ਜਨਮ ਵੀ ਅਸਫ਼ਲ ਹੋ ਜਾਂਦਾ ਹੈ।

ਜੋ ਮੋਹਿ ਦੂਜੈ ਚਿਤੁ ਲਾਇਦੇ, ਤਿਨਾੑ ਵਿਆਪਿ ਰਹੀ ਲਪਟਾਇ” - ਇਸ ਤਰ੍ਹਾਂ ਜਿਹੜੇ, ਪ੍ਰਭੂ ਦਾ ਲੜ ਛੱਡ ਕੇ, ਕਿਸੇ ਹੋਰ ਦੇ ਮੋਹ `ਚ ਚਿੱਤ ਜੋੜਦੇ ਹਨ, ਉਨ੍ਹਾਂ ਨੂੰ ‘ਹਉਮੈ ਮਮਤਾ’ ਬੜੇ ਵੇਗ ਨਾਲ ਆ ਚਿੰਬੜਦੀ ਤੇ ਉਨ੍ਹਾਂ ਨੂੰ ਆਪਣੇ ਵੱਸ `ਚ ਕਰ ਲੈਂਦੀ ਹੈ।

ਗੁਰ ਕੈ ਸਬਦਿ ਪਰਜਾਲੀਐ, ਤਾ ਏਹ ਵਿਚਹੁ ਜਾਇ” -ਫ਼ਿਰ ਜੇ ਗੁਰੂ ਦੇ ਸ਼ਬਦ ਨਾਲ ਇਸ ‘ਹਉਮੈ ਮਮਤਾ’ ਨੂੰ ਸਾੜ ਦੇਵੀਏ ਤਾਂ ਹੀ ਇਹ ਮਨੁੱਖ ਦੇ ਅੰਦਰੋਂ ਨਿਕਲਦੀ ਹੈ ਉਂਝ ਨਹੀਂ। ਭਾਵ ਮਨਮੁਖ ਦੇ ਜੀਵਨ ਨੂੰ ਇਹ ਪੂਰੀ ਤਰ੍ਹਾਂ ਚਿੰਬੜੀ ਹੁੰਦੀ ਹੈ ਜਦਕਿ ਇਸ ਤੋਂ ਛੁਟਕਾਰੇ ਲਈ ਇਕੋ ਰਾਹ ਹੈ ਤੇ ਉਹ ਹੈ ਸ਼ਬਦ-ਗੁਰੂ ਦੀ ਕਮਾਈ ਨਾਲ ਜੀਵਨ ਅੰਦਰੋਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ।

ਤਨੁ ਮਨੁ ਹੋਵੈ ਉਜਲਾ, ਨਾਮੁ ਵਸੈ ਮਨਿ ਆਇ” - ਇਸਤਰ੍ਹਾਂ ਸ਼ਬਦ-ਗੁਰੂ ਦੀ ਕਮਾਈ ਸਦਕਾ ਜਦੋਂ ਮਨੁੱਖ ਦੇ ਜੀਵਨ ਅੰਦਰੋਂ ‘ਹਉਮੈ ਮਮਤਾ’ ਪੂਰੀ ਤਰ੍ਹਾਂ ਸੜ ਜਾਏ ਤਾਂ ਮਨੁੱਖ ਦਾ ਸਰੀਰ ਤੇ ਮਨ ਦੋਵੇਂ ਵਿਕਾਰਾਂ ਆਦਿ ਤੋਂ ਸੁਅੱਛ ਹੋ ਜਾਂਦੇ ਹਨ। ਉਪ੍ਰੰਤ ਅਜਿਹੇ ਸੁਅੰਛ ਮਨ ਅੰਦਰ ਉਸ ‘ਹਉਮੈ ਮਮਤਾ’ ਦੇ ਬਦਲੇ, ਪ੍ਰਭੂ ਦਾ ਨਾਮ ਭਾਵ ਪ੍ਰਭੂ ਦੀ ਸਿਫ਼ਤ-ਸਲਾਹ ਆਪਣੇ ਆਪ ਆ ਵੱਸਦੀ ਹੈ।

ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ, ਗੁਰਮੁਖਿ ਪਾਇਆ ਜਾਇ” -ਤੀਜੇ ਨਾਨਕ! ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ, ਜਿਵੇਂ ਸੰਖੀਏ ਦਾ ਕੁਸ਼ਤਾ ਕਰਣ ਲਈ ਬੂਟੀ ਹੁੰਦੀ ਹੈ, ਤਿਵੇਂ ਮਨੁੱਖਾ ਜੀਵਨ ਅੰਦਰੋਂ ਇਸ ਮਾਇਆ ਦੇ ਵਿਸ਼ ਨੂੰ ਵੀ ਕੇਵਲ ਪ੍ਰਭੂ ਦੀ ਸਿਫ਼ਤ ਸਲਾਹ ਤੇ ਨਾਮ ਸਿਮਰਨ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਜਦਕਿ ਮਨੁੱਖਾ ਜੀਵਨ ਅੰਦਰ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਇਹ ਗੁਣ, ਕੇਵਲ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹੀ ਪੈਦਾ ਹੁੰਦਾ ਹੈ ਭਾਵ ਉਸ ਤੋਂ ਬਿਨਾ ਅਜਿਹੀ ਪ੍ਰਾਪਤੀ ਹੀ ਸੰਭਵ ਨਹੀਂ। ੧।

ਗੁਰਮੱਤ ਵਿਚਾਰ ਦਰਸ਼ਨ- ਵਿਸ਼ੇ ਵੱਲ ਵਧਣ ਤੋਂ ਪਹਿਲਾਂ ਬੇਸ਼ੱਕ ਅਤੀ ਸੰਖੇਪ, ਤਾਂ ਵੀ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ ਮਾਇਆ ਹੈ ਕੀ ਤੇ ਗੁਰਬਾਣੀ `ਚ ਮਾਇਆ ਕਿਹਾ ਕਿਸ ਨੂੰ ਹੈ? ਦਰਅਸ਼ਲ ਗੁਰਬਾਣੀ ਅਨੁਸਾਰ ਅਕਾਲਪੁਰਖ ਤਾਂ ਹੈ ਹੀ ਰੂਪ, ਰੰਗ, ਰੇਖ ਤੋਂ ਨਿਆਰਾ ਭਾਵ ਪ੍ਰਭੂ ਮੂਲ ਰੂਪ `ਚ ਆਪਣੇ ‘ਨਿਰਗੁਣ’ ਸਰੂਪ `ਚ ਹੀ ਹੈ। “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਅਨੁਸਾਰ ਪ੍ਰਭੂ ਸਦਾ ਥਿਰ ਹੈ ਤੇ ਉਹ ਜਨਮ-ਮਰਨ `ਚ ਵੀ ਨਹੀਂ ਆਉਂਦਾ। ਬਲਕਿ “ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ” (ਪੰ: ੪੧) ਪ੍ਰਭੂ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ ਅਤੇ ਉਹ ਜਗਤ ਦਾ ਜੀਵਨ ਵੀ ਹੈ ਅਤੇ ਹੋਰ ਵੀ ਬਹੁਤ ਕੁਝ।

ਉਪ੍ਰੰਤ ਇਹ ਵੀ ਕਿ ਸਮੂਚੀ ਰਚਨਾ, ਜਿਸ ਨੂੰ ਅਸੀਂ ਦੇਖ ਜਾਂ ਛੂ ਸਕਦੇ ਹੈ ਉਸ ਪ੍ਰਭੂ ਦਾ ਹੀ ਪ੍ਰਗਟਾਵਾ ਤੇ ਪ੍ਰਭੂ ਦੇ ਸਰਗੁਣ ਸਰੂਪ ਦਾ ਹੀ ਵਿਸਤਾਰ ਹੈ। ਗੁਰਬਾਣੀ `ਚ ਪ੍ਰਭੂ ਦੇ ਇਸ ‘ਸਰਗੁਣ’ ਸਰੂਪ ਨੂੰ ‘ਪ੍ਰਭੂ ਦੀ ਮਾਇਆ’ ਜਾਂ ਨਿਰਾ ਪੁਰਾ ‘ਮਾਇਆ’ ਵੀ ਕਿਹਾ ਹੈ। ਫ਼ਿਰ ਗੁਰਬਾਣੀ `ਚ ਹੀ ਪ੍ਰਭੂ ਦੇ ਅਜਿਹੇ ਗੁਣਾਂ ਲਈ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ ਜਿਵੇਂ “ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ॥ ਹੈ ਭੀ, ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ” (ਬਾਣੀ ਜਪੁ)। ਸਪਸ਼ਟ ਹੈ ਇਸ ਫ਼ੁਰਮਾਨ `ਚ ਵੀ ਉਸ ਸਦਾ ਥਿਰ ਪ੍ਰਭੂ ਦੇ ਸਰਗੁਣ ਸਰੂਪ ਨੂੰ ਹੀ ਮਾਇਆ ਵੀ ਕਿਹਾ ਹੋਇਆ ਹੈ।

ਇਸਦੇ ਨਾਲ ਮਨੁੱਖ ਨੂੰ ਗਰਬਾਣੀ `ਚ ਬੇਅੰਤ ਵਾਰੀ ਅਜਿਹੀ ਚੇਤਾਵਣੀ ਵੀ ਦਿੱਤੀ ਹੈ ਜਿਵੇਂ “ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ” (ਪੰ: ੧੨) ਭਾਵ ਐ ਭਾਈ! ਤੂੰ ਆਪਣੇ ਲਈ ਸੰਸਾਰ ਸਾਗਰ ਤੋਂ ਤਰਣ ਦਾ ਆਹਰ (ਸਰੰਜਾਮਿ) ਕਰ; ਨਹੀਂ ਤਾਂ ਇਸਦੇ ਮਾਇਕ ਰਸਾਂ ਤੇ ਰੰਗ ਤਮਾਸ਼ਿਆਂ `ਚ ਹੀ ਉਲਝੇ ਰਹਿ ਕੇ, ਤੇਰਾ ਜਨਮ ਬਿਰਥਾ ਹੋ ਜਾਵੇਗਾ। ਉਪ੍ਰੰਤ ਮਨੁੱਖਾ ਜਨਮ ਦੇ ਬਿਰਥਾ ਹੋਣ ਦਾ ਅਰਥ ਵੀ ਇਕੋ ਹੈ ਕਿ ਨਹੀਂ ਤਾਂ ਤੂੰ ਮੁੜ ਉਸੇ ਜਨਮ-ਮਰਨ ਤੇ ਭਿੰਨ ਭਿੰਨ ਜੂਨਾਂ-ਗਰਭਾਂ ਵਾਲੇ ਗੇੜ `ਚ ਪੈ ਜਾਵੇਂਗਾ। ਦਰਅਸਲ ਸਲੋਕ ਵਿਚਲੀ ਸ਼ਬਦਾਵਲੀ ਮਨਮੁਖਾ ਨੋ ਗਈ ਖਾਇ” ਦੇ ਅਰਥ ਵੀ ਇਹੀ ਹਨ, ਕੁੱਝ ਹੋਰ ਨਹੀਂ ਹਨ।

ਉਂਝ ਗੁਰਦੇਵ ਨੇ ਹਉਮੈ ਮਮਤਾ ਮੋਹਣੀ, ਮਨਮੁਖਾ ਨੋ ਗਈ ਖਾਇ … “ਸਲੋਕ ਵਿਚਲੇ ਸਮੂਚੇ ਵਿਸ਼ੇ ਨੂੰ ਗੁਰਬਾਣੀ `ਚ ਹੋਰ ਵੀ ਬੇਅੰਤ ਵਾਰ ਅਤੇ ਬਹੁਤੇਰੇ ਢੰਗਾਂ ਨਾਲ ਸਪਸ਼ਟ ਕੀਤਾ ਹੋਇਆ ਹੈ ਮਿਸਾਲ ਵਜੋਂ “ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ…” (ਪੰ: ੬੪੪) ਇਤਨਾ ਹੀ ਨਹੀਂ ਗੁਰਬਾਣੀ `ਚ ਇਹ ਪੱਖ ਵੀ ਬੇਅੰਤ ਵਾਰ ਸਪਸ਼ਟ ਕੀਤਾ ਹੈ ਕਿ “ਮਾਇਆ ਮਮਤਾ ਮੋਹਣੀ” ਤਾਂ ਹੈ ਹੀ, ਫ਼ਿਰ ਵੀ ਮਨੁੱਖਾ ਜਨਮ ਸਮੇ ਇਹ ਚਿੰਬੜਦੀ ਕੇਵਲ ਮਨਮੁਖਾਂ ਨੂੰ ਹੈ ਗੁਰਮੁਖਾਂ ਨੂੰ ਨਹੀਂ। ਕਾਰਣ, ਮਨਮੁਖ ਦੇ ਜੀਵਨ `ਚ ਮੁੱਖ ਘਾਟ ਹੀ ਉਸ ਦਾ ਗੁਰੂ ਵਿਹੂਣਾ ਤੇ ਨਿਗੁਰਾ ਹੋਣਾ ਹੁੰਦਾ ਹੈ।

ਅਸਲ `ਚ ਗੁਰੂ ਵਿਹੂਣਾ ਹੋਣ ਕਾਰਣ, ਮਨਮੁਖ ਦੇ ਜੀਵਨ `ਚ ਅਚਣ ਚੇਤ ਤੇ ਸਹਿਜੇ ਹੀ “ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ” ਅਨੁਸਾਰ ‘ਹਉਮੈ’ ਦੀ ਪਕੜ ਸਹਿਜੇ ਹੀ ਬਣ ਚੁੱਕੀ ਹੁੰਦੀ ਹੈ, ਮਨਮੁਖ ਹੋਣ ਕਾਰਣ ਜਿਸਦੀ ਉਸਨੂੰ ਵੀ ਪਹਿਚਾਣ ਨਹੀਂ ਆਉਂਦੀ। ਬੱਸ ਇਹੀ ਰਸਤਾ ਹੁੰਦਾ ਹੈ ਜਿਥੋਂ “ਮਮਤਾ ਮੋਹਣੀ” ਨੂੰ ਵੀ ਸੌਖੇ ਮਨਮੁਖ ਨੂੰ ਚਿੰਬੜਣ ਲਈ ਮੌਕਾ ਮਿਲਦਾ ਹੈ। ਸ਼ਾਇਦ ਇਸੇ ਲਈ ਹੱਥਲੇ ਸਲੋਕ `ਚ ਵੀ “ਮਾਇਆ ਮਮਤਾ ਮੋਹਣੀ” ਦੇ ਬਦਲੇ ਗੁਰਦੇਵ ਨੇ ਸ਼ਬਦਾਵਲੀ ਹੀ ਹਉਮੈ ਮਮਤਾ ਮੋਹਣੀ” ਵਰਤੀ ਹੈ। ਗੁਰਬਾਣੀ ਦੀ ਗਹਿਰਈ `ਚ ਜਾਵੀਏ ਤਾਂ ਮੂਲ ਰੂਪ ਦੋਨਾਂ ਪ੍ਰਮਾਣਾਂ ਦੇ ਅਰਥਾਂ ਦਾ ਸਿਰਾ ਵੀ ਭਿੰਨ ਭਿੰਨ ਨਹੀਂ, ਇਕੋ ਹੀ ਹੈ ਤੇ ਉਹ ਹੈ ਮਨਮੁਖ ਦੇ ਜੀਵਨ ਵਿਚਲੀ ਹਉਮੈ। ਉਹ ਹਉਮੈ ਜਿਸਦੀ ਕਿ ਗੁਰੂ-ਸ਼ਬਦ ਦੀ ਕਮਈ ਭਾਵ ਗੁਰਮੁਖ ਜੀਵਨ ਪ੍ਰਾਪਤ ਕੀਤੇ ਬਿਨਾ, ਮਨਮੁਖ ਨੂੰ ਸਮਝ ਆਉਣੀ ਹੀ ਸੰਭਵ ਨਹੀਂ।

ਦੂਜਾ, ਉਪ੍ਰੋਕਤ ਵਰਤੇ ਜਾ ਚੁੱਕੇ ਗੁਰ-ਪ੍ਰਮਾਣ “ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ” (ਪੰ: ੧੨) ਤੋਂ ਵੀ ਆਪਣੇ ਆਪ ਸਪਸ਼ਟ ਹੈ ਕਿ ਪ੍ਰਭੂ ਦੇ ਸਰਗੁਣ ਸਰੂਪ, ਸਮੂਚੀ ਰਚਨਾ ਨੂੰ ਮਾਇਆ ਵੀ ਕਿਹਾ ਹੈ। ਤਾਂ ਹੀ ਚੇਤਾਇਆ ਹੈ ਕਿ “ਸਰੰਜਾਮਿ ਲਾਗੁ ਭਵਜਲ ਤਰਨ ਕੈ” ਅਨੁਸਾਰ ਮਨੁੱਖ ਨੇ ਪ੍ਰਭੂ ਦੀ ਇਸ ‘ਮਾਇਆ’ `ਚ ਵਿਚਰਦੇ ਹੋਏ “ਮਾਇਆ ਮਮਤਾ ਮੋਹਣੀ” ਦੀ ਜੜ੍ਹ ‘ਹਉਮੈ-ਵਿਕਾਰਾਂ` ਆਦਿ ਤੋਂ ਬਚਣ ਦਾ ਆਹਰ (ਸਰੰਜਾਮਿ) ਵੀ ਕਰਨਾ ਹੈ। ਜਦਕਿ ਇਸ ਆਹਰ ਦੇ ਕਰਣ ਲਈ ਢੰਗ ਵੀ ਦੱਸਿਆ ਹੋਇਆ ਹੈ ‘ਸ਼ਬਦ ਗੁਰੂ ਦੀ ਕਮਾਈ` ਅਥਵਾ ਗੁਰਮੁਖ ਜੀਵਨ। ਇਸ ਤਰ੍ਹ੍ਰਾਂ ਦੇਖਣਾ ਇਹ ਹੈ ਕਿ ਉਪਰ ਵਰਤੇ ਗੁਰਪ੍ਰਮਾਣ “ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ…” `ਚ ਵੀ ਵੇਰਵਾ ਇਸੇ ਪ੍ਰਕਰਣ ਦਾ ਹੈ।

ਜਦਕਿ ਸਲੋਕ ਵਿਚਲੀ ਸ਼ਬਦਾਵਲੀ ਮਨਮੁਖਾ ਨੋ ਗਈ ਖਾਇ” ਅਤੇ ਸੰਬੰਧਤ ਪ੍ਰਮਾਣਾਂ `ਚ ‘ਨਿਹਫਲੁ ਜਨਮੁ ਗਵਾਇਆ’, “ਜਨਮੁ ਬ੍ਰਿਥਾ ਜਾਤ” ਦੇ ਅਰਥ ‘ਬਿਰਥਾ ਜਨਮ ਗਵਾਇਆ’ ਹੀ ਹਨ ਤੇ ਮਨੁਖਾ ਜਨਮ ਦੇ ਬਿਰਥਾ ਜਾਣਾ ਕੀ ਹੈ? ਵੇਰਵਾ ਆ ਚੁੱਕਾ ਹੈ। ਇਸੇ ਲਈ ਸਲੋਕ ਦੀ ਅਗ਼ਲੀ ਪੰਕਤੀ `ਚ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੋ ਮੋਹਿ ਦੂਜੈ ਚਿਤੁ ਲਾਇਦੇ, ਤਿਨਾੑ ਵਿਆਪਿ ਰਹੀ ਲਪਟਾਇ”। ਉਪ੍ਰੰਤ ਇਸ ਦਾ ਹੱਲ ਦਿੱਤਾ ਹੋਇਆ ਹੈ ਗੁਰ ਕੈ ਸਬਦਿ ਪਰਜਾਲੀਐ, ਤਾ ਏਹ ਵਿਚਹੁ ਜਾਇ”। ਫ਼ਿਰ ਉਸੇ ਦਾ ਨਤੀਜਾ ਹੋਵੇਗਾ ਤਨੁ ਮਨੁ ਹੋਵੈ ਉਜਲਾ, ਨਾਮੁ ਵਸੈ ਮਨਿ ਆਇ”। ਤਾਂ ਤੇ ਜੀਵਨ ਦੀ ਇਹ ੳ+ੱਤਮ ਅਵਸਥਾ ਪ੍ਰਾਪਤਾ ਕਿਵੇਂ ਹੋਵੇ? ਉਸ ਦੇ ਲਈ ਗੁਰਦੇਵ ਦਾ ਨਿਰਣਾ ਹੈ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ, ਗੁਰਮੁਖਿ ਪਾਇਆ ਜਾਇ” ਭਾਵ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੈ। ਜਦਕਿ ਗੁਰਦੇਵ ਇਸ ਤੋਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਗੁਰ ਕੈ ਸਬਦਿ ਪਰਜਾਲੀਐ, ਤਾ ਏਹ ਵਿਚਹੁ ਜਾਇ” ਭਾਵ ਇਸ “ਮਾਇਆ ਮਮਤਾ ਮੋਹਣੀ” ਅਥਵਾ ਹਉਮੈ ਮਮਤਾ ਮੋਹਣੀ” ਤੋਂ ਛੁਟਕਾਰੇ ਦਾ ਕੇਵਲ ਇੱਕ ਹੀ ਰਾਹ ਹੈ ਅਤੇ ਉਹ ਰਾਹ ਹੈ ਸ਼ਬਦ-ਗੁਰੂ ਦੀ ਕਮਾਈ ਅਥਵਾ ਗੁਰਮੁਖ ਜੀਵਨ।

ਤਾਂ ਤੇ ਸਲੋਕ ਅਨੁਸਾਰ ਮਨਮੁਖ, ਹਉਮੈ ਦੇ ਵੱਸ ਹੋਣ ਕਰਕੇ ਮੋਹਣੀ ਮਾਇਆ ਦੀ ਪੱਕੜ `ਚ ਰਹਿਕੇ ਹੀ ਆਪਣੇ ਅਮੁੱਲੇ ਜਨਮ ਨੂੰ ਬਿਰਥਾ ਕਰ ਦਿੰਦੇ ਹਨ। ਜਦਕਿ ਗੁਰਮੁਖ, ਸ਼ਬਦ ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਅੰਦਰੋਂ ਮਾਇਆ ਵਾਲੀ ਮਮਤਾ ਵੀ ਸੜ ਜਾਂਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਇਹ ਪ੍ਰਾਪਤ ਜਨਮ ਸਫ਼ਲ ਹੋ ਜਾਂਦਾ ਹੈ।

ਮਃ ੩॥ ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ, ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ॥ ੨॥ {ਪੰ: ੫੧੩}

ਪਦ ਅਰਥ : —ਕੇਤੜਿਆ ਜੁਗ—ਕਈ ਜੁਗ, ਬਹੁਤ ਲੰਮੇ ਸਮੇਂ ਤਕ। ਥਿਰੁ ਰਹੈ ਨ—ਇਸ `ਚ ਟਿਕਾਅ ਨਾ ਆਇਆ, ਇੱਕ ਜਗ੍ਹਾ ਨਾ ਟਿਕਿਆ, ਇੱਕ ਤੋਂ ਬਾਅਦ ਦੂਜੀ ਜੂਨ `ਚ ਹੀ ਭਟਕਿਆ। ਹਰਿ ਭਾਣਾ—ਪ੍ਰਭੂ ਦੀ ਰਜ਼ਾ `ਚ। ਭਰਮਾਇਅਨੁ— ਪ੍ਰਭੂ ਨੇ ਉਸ ਨੂੰ ਭਰਮਾਇਆ, ਮਾਇਆ ਮੋਹਣੀ ਦੇ ਭਰਮ’ ਚ ਪਾਈ ਰਖਿਆ। ਆਵੈ ਜਾਇ—ਆਉਂਦਾ ਤੇ ਜਾਂਦਾ ਰਿਹਾ, ਜੰਮਦਾ ਤੇ ਮਰਦਾ ਰਿਹਾ, ਜਨਮ-ਮਰਨ ਦੇ ਗੇੜ `ਚ ਪਿਆ ਰਿਹਾ। ਪਰਪੰਚੁ—ਠੱਗਣ ਵਾਲਾ, ਦਿੱਸਦਾ ਜਗਤ ਜੋ ਕਈ ਰੰਗਾਂ ਵਾਲਾ ਹੈ ਅਤੇ ਮਨੁੱਖੀ ਮਨ ਨੂੰ ਭੁਲੇਖੇ `ਚ ਪਾਈ ਰਖਦਾ ਹੈ, ਮਨ ਨੂੰ ਭਰਮਾਉਂਦਾ ਹੈ। ਮਨ ਹੀ ਤੇ ਮਨੁ ਮਾਨਿਆ—ਜਦੋਂ ਇਹ ਮਨ ਆਪਣੇ ਅਸਲੇ ਪ੍ਰਭੂ `ਤੇ ਪਤੀਜ ਜਾਂਦਾ ਹੈ, ਜਦੋਂ ਮਨ ਆਪਣੇ ਅਸਲੇ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ। ਜਾਇ—ਜੰਮਦਾ ਹੈ। ਨਾ ਕਿਛੁ ਮਰੈ ਨ ਜਾਇ—ਤਾਂ ਇਸ ਮਨ ਦਾ ਬਾਰ ਬਾਰ ਦਾ ਜੰਮਨਾ ਤੇ ਮਰਨਾ ਮੁੱਕ ਜਾਂਦਾ ਹੈ, ਇਸ ਮਨ ਦਾ ਸੰਸਾਰ `ਚ ਆਉਣਾ ਤੇ ਜਾਣਾ ਖ਼ਤਮ ਹੋ ਜਾਂਦਾ ਹੈ, ਇਹ ਮਨ ਆਪਣੇ ਅਸਲੇ ਪ੍ਰਭੂ `ਚ ਹੀ ਟਿੱਕ ਜਾਂਦਾ ਹੈ।

ਅਰਥ : — “ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ” -ਮਨੁੱਖ ਦਾ ਇਹ ਮਨ ਕਈ ਜੁਗ ਭਾਵ ਲੰਮੇ ਸਮੇ ਤੱਕ ਭਟਕਦਾ ਰਹਿੰਦਾ ਹੈ। ਇਸ ਦਾ ਪ੍ਰਭੂ ਪ੍ਰਮਾਤਮਾ `ਚ ਟਿਕਾਅ ਨਹੀਂ ਬਣ ਆਉਂਦਾ, ਇਸੇ ਤੋਂ ਇਹ ਜੰਮਦਾ ਤੇ ਮਰਦਾ ਰਹਿੰਦਾ ਹੈ ਭਾਵ ਸੁਭਾਅ ਕਰਕੇ ਵੀ ਅਤੇ ਫ਼ਿਰ ਇੱਕ ਤੋਂ ਬਾਅਦ ਦੂਜੇ ਸਰੀਰ ਨੂੰ ਵੀ ਭੋਗਦਾ ਰਹਿੰਦਾ ਹੈ।

ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ” -ਪਰ ਇਹ ਗੱਲ ਵੀ ਪ੍ਰਭੂ ਨੂੰ ਇਸੇ ਤਰ੍ਹਾਂ ਹੀ ਭਾਉਂਦੀ ਹੈ, ਪ੍ਰਭੂ ਨੇ ਆਪ ਹੀ ਸੰਸਾਰ `ਚ ਇਹ ਠੱਗਣ ਵਾਲੀ ਅਜਿਹੀ ਖੇਡ ਬਣਾ ਰਖੀ ਹੈ ਕਿ ਜਿਸ ਦੇ ਮੋਹ `ਚ ਹਰੇਕ ਜੀਵ ਭਰਮਿਆ ਰਹਿੰਦਾ ਹੈ।

ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ” - ਫ਼ਿਰ ਜਦੋਂ ਪ੍ਰਭੂ ਆਪ ਮਿਹਰ ਕਰਦਾ ਹੈ ਤਾਂ ਜੀਵ ਦਾ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਤਾਂ ਜਾ ਕੇ ਇਸ ਦੇ ਇਸ ਮਨ ਦਾ ਪ੍ਰਭੂ `ਚ ਟਿਕਾਅ ਹੋ ਜਾਂਦਾ ਹੈ ਭਾਵ ਇਹ ਮਨ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ” -ਇਸ `ਤੇ ਤੀਜੇ ਨਾਨਕ, ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ, ਇਸ ਤਰ੍ਹਾਂ ਜਦੋਂ ਇਹ ਮਨ ਆਪਣੇ ਅਸਲੇ ਪ੍ਰਭੂ `ਤੇ ਪਤੀਜ ਜਾਂਦਾ ਹੈ, ਅਥਵਾ ਜਦੋਂ ਇਹ ਮਨ ਆਪਣੇ ਅਸਲੇ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ; ਤਾਂ ਇਸ ਦਾ ਬਾਰ ਬਾਰ ਦਾ ਜੰਮਨਾ ਤੇ ਮਰਨਾ ਵੀ ਮੁੱਕ ਜਾਂਦਾ ਹੈ; ਇਸ ਦਾ ਸੰਸਾਰ `ਚ ਆਉਣਾ ਤੇ ਜਾਣ ਵਾਲਾ ਸਿਲਸਲਾ ਖ਼ਤਮ ਹੋ ਜਾਂਦਾ ਹੈ; ਮਨ ਆਪਣੇ ਅਸਲੇ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ। ੨।

ਗੁਰਮੱਤ ਵਿਚਾਰ ਦਰਸ਼ਨ - ਜਦਕਿ ਮਨ ਕਰਕੇ ਇਥੇ ਵਿਸ਼ਾ ਮਨੁੱਖਾ ਸਰੀਰ ਨਾਲ ਹੀ ਸੰਬੰਧਤ ਹੈ। ਤਾਂ ਵੀ ਜੇ ਗਹੁ ਨਾਲ ਵਿਚਾਰਿਆ ਜਾਵੇ ਤਾਂ ਇਸ ਪੂਰੇ ਸਲੋਕ `ਚ ਮਨੁੱਖਾ ਸਰੀਰ ਦਾ ਸਿਧਾ ਜ਼ਿਕਰ ਕਿਧਰੇ ਨਹੀਂ। ਉਂਝ ਵੀ ਗੁਰਬਾਣੀ ਅਨੁਸਾਰ ਮਨ ਦਾ ਮੂਲ ਹੀ ਪ੍ਰਮਾਤਮਾ ਹੈ; ਇਸ ਲਈ ਸਲੋਕ `ਚ ਸੰਪੂਰਣ ਵਿਸ਼ਾ ਵੀ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ, ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ”. (ਪੰ: ੪੪੧) ਵਾਲਾ ਹੀ ਹੈ। ਇਥੇ ਵਿਸ਼ਾ ਹੀ ਮਨ ਤੇ ਆਤਮਾ ਦੇ ਆਪਸੀ ਮਿਲਾਪ ਦਾ ਹੈ। ਫ਼ਿਰ ਇਹ ਮਿਲਾਪ ਸਿਧੇ ਹੋਵੇ ਜਾਂ ਜੀਵ ਰਾਹੀਂ ਅਨੰਤ ਜੂਨਾਂ ਭੋਗਣ ਤੋਂ ਬਾਅਦ, ਪਰ ਅੰਤ ਇਸ ਨੇ ਸਮਾਉਣਾ ਆਪਣੇ ਅਸਲੇ ਪ੍ਰਭੂ `ਚ ਹੀ ਹੁੰਦਾ ਹੈ।

ਗੁਰਬਾਣੀ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਨਾਸ਼ਵਾਨ ਹੈ ਪਰ ਇਸ ਵਿਚਲਾ ਸਾਡਾ ਮਨ ਨਾਸ਼ਵਾਨ ਨਹੀਂ ਜਿਵੇਂ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ?” (ਪੰ: ੩੩੦) ਜਾਂ “ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ” (ਪੰ: ੬੮੬)। ਆਦਿ। ਬਲਕਿ ਇਸ ਮਨ ਲਈ ਅਜਿਹੇ ਗੁਰਬਾਣੀ ਫ਼ੁਰਮਾਨ ਵੀ ਬਹੁਤ ਹਨ ਜਿਵੇਂ “ਮਨ ਤੂੰ ਗਾਰਬਿ ਅਟਿਆ, ਗਾਰਬਿ ਲਦਿਆ ਜਾਹਿ॥ ਮਾਇਆ ਮੋਹਣੀ ਮੋਹਿਆ, ਫਿਰਿ ਫਿਰਿ ਜੂਨੀ ਭਵਾਹਿ” (ਪੰ: ੪੪੧)। ਕਿਉਂਕਿ ਜੀਵ ਲਈ ਭਿੰਨ ਭਿੰਨ ਜੂਨਾਂ ਦਾ ਕਾਰਣ ਵੀ ਇਹ ਮਨ ਹੀ ਹੁੰਦਾ ਹੈ। ਇਹ ਵੀ ਕਿ ਜੀਵ ਨੂੰ ਪ੍ਰਭੂ ਵੱਲੋਂ ਮਨ ਵਾਲੀ ਦਾਤ ਕੇਵਲ ਮਨੁੱਖਾ ਜਨਮ ਸਮੇਂ ਹੀ ਮਿਲਦੀ ਹੈ ਜਦਕਿ ਮਨ ਵਾਲੀ ਇਹ ਦਾਤ ਜੀਵ ਨੂੰ ਬਾਕੀ ਅਰਬਾਂ-ਖਰਬਾਂ ਜੂਨਾਂ `ਚੋਂ ਕਿਸੇ ਇੱਕ ਵੀ ਹੋਰ ਜੂਨ ਸਮੇਂ ਨਹੀਂ ਮਿਲਦੀ।

ਇਹ ਵੀ ਨਿਸ਼ਚਤ ਹੈ ਕਿ ਇਸ ਮਨ ਦਾ ਅੰਤ ਵੀ ਪ੍ਰਭੂ `ਚ ਅਭੇਦ ਹੋ ਕੇ ਹੀ ਹੁੰਦਾ ਹੈ ਉਸ ਤੋਂ ਪਹਿਲਾਂ ਨਹੀਂ ਜਿਵੇਂ “ਇਸੁ ਮਨ ਕਉ ਨਹੀ ਆਵਨ ਜਾਨਾ॥ ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ” (ਪੰ: ੩੩੦)। ਜਦਕਿ ਮਨ ਵਾਲੇ ਇਸ ਵਿਸ਼ੇ ਲਈ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ ਜਿਵੇਂ “ਫੁਰਮਾਨੀ ਹੈ ਕਾਰ ਖਸਮਿ ਪਠਾਇਆ॥ ਤਬਲਬਾਜ ਬੀਚਾਰ ਸਬਦਿ ਸੁਣਾਇਆ॥ ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ” (ਪੰ: ੧੪੨)। ਜਿਸਦਾ ਅਰਥ ਹੈ ਕਿ ਮਨ ਰੂਪ ਇਸ ਜੀਵ ਦਾ ਜਲਦੀ ਜਾਂ ਅੰਤ ਹੋਣਾ ਹੀ ਹੁੰਦਾ ਪਰ ਪ੍ਰਭੂ `ਚ ਅਭੇਦ ਹੋ ਕੇ ਹੀ। ਉਂਝ ਮਨੁੱਖਾ ਜਨਮ `ਚ ਮਨ ਦਾ ਪ੍ਰਭੂ ਤੋਂ ਵਿਛੋੜੇ ਦਾ ਮੂਲ ਕਾਰਣ ਹੀ ਇਸ ਦੀ ਆਪਣੀ ਹਉਮੈ ਹੁੰਦੀ ਹੈ। ਇਸ ਹਉਮੈ ਦਾ ਅਰਥ ਹੈ ਸਰੀਰ ਦੇ ਭਰਮ `ਚ ਮਨ ਆਪਣੇ ਆਪ ਨੂੰ ਪ੍ਰਭੂ ਤੋਂ ਅੱਡਰੀ ਹਸਤੀ ਤੇ ਵੱਖਰੇ ਵਜੂਦ ਵਾਲਾ ਮੰਨ ਲੈਂਦਾ ਹੈ। ਬੱਸ ਇਥੋਂ ਸੂਰੂ ਹੁੰਦਾ ਹੈ ਮਨ ਦ ਆਪਣੇ ਅਸਲੇ ਪ੍ਰਭੂ ਤੋਂ ਵਿਛੋੜਾ ਤੇ ਮਨੁੱਖ ਲਈ ਭਿੰਨ ਭਿੰਨ ਜੂਨਾਂ ਵਾਲਾ ਸਫ਼ਰ। ਫ਼ਿਰ ਇਹ ਮਨੁੱਖ ਜੀਂਦੇ ਜੀਅ ਵੀ ਭਟਕਣਾ `ਚ ਪਿਆ ਸੁਭਾਅ ਕਰਕੇ ਭਿੰਨ ਭਿੰਨ ਜੂਨਾਂ ਭੋਗਦਾ ਹੈ। ਉਪ੍ਰੰਤ ਜਨਮ ਦੌਰਾਨ ਕੀਤੇ ਕਰਮਾਂ ਮੁਤਾਬਕ, ਮੌਤ ਤੋਂ ਬਾਅਦ ਵੀ ਇਸ ਦੇ ਲਈ ਜੂਨਾਂ ਵਾਲਾ ਲੰਮਾਂ ਗੇੜ ਚਾਲੂ ਹੋ ਜਾਂਦਾਂ ਹੈ। ਇਸ ਤਰ੍ਹਾਂ ਇਸ ਦੀ ਇਹ ਹਉਮੈ ਹੀ ਇਸ ਲਈ ਬੇਅੰਤ ਜੂਨਾਂ ਤੇ ਜਨਮਾਂ ਦਾ ਕਾਰਣ ਬਣਦੀ ਹੈ।

ਇਹ ਵੱਖਰੀ ਗੱਲ ਹੈ ਕਿ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਜਿਵੇਂ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ” (ਪੰ: ੯੨੦) ਜਦੋਂ ਪ੍ਰਭੂ ਦੀ ਬਖ਼ਸ਼ਿਸ਼ ਹੋ ਜਾਵੇ ਤਾਂ ਇਸ ਮਨ ਰੂਪ ਕਰਮਾਂ ਦੇ ਸਮੂਹ ਜੀਵ ਦਾ ਮਿਲਾਪ ਸਤਿਗੁਰੂ (ਸ਼ਬਦ-ਗੁਰੂ) ਨਾਲ ਹੋ ਜਾਂਦਾ ਹੈ। ਤਾਂ ਜਾ ਕੇ ਇਸ ਦਾ ਚਲਦਾ ਆ ਰਿਹਾ ਜਨਮ-ਮਰਨ ਵਾਲਾ ਗੇੜ ਵੀ ਮੁੱਕ ਜਾਂਦਾ ਅਤੇ ਇਹ ਵਾਪਿਸ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ। ਦਰਅਸਲ ਮਨ ਦੀ ਇਸ ਸਫ਼ਲ ਅਵਸਥਾ ਲਈ ਹੀ ਹੱਥਲੇ ਸਲੋਕ `ਚ ਫ਼ੁਰਮਾਇਆ ਹੈ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ”। ਇਸ ਤਰ੍ਹਾਂ ਗੁਰਬਾਣੀ `ਚ ਅਸਲ ਵਿਸ਼ਾ ਹੀ ਮਨ ਰਸਤੇ ਪ੍ਰਭੂ ਨਾਲ ਆਤਮਕ ਮਿਲਾਪ ਦਾ ਹੈ, ਮਨੁੱਖਾ ਸਰੀਰ ਸਮੇਤ ਬਾਕੀ ਅਰਬਾਂ-ਖਰਬਾਂ ਜੂਨਾਂ ਸਮੇਂ ਸਮੂਹ ਸਰੀਰ ਸਮੇਂ ਬਧ ਤੇ ਬਿਨਸਨਹਾਰ ਹੁੰਦੇ ਹਨ ਤੇ ਉਨ੍ਹਾਂ ਦਾ ਨਹੀਂ।

ਫ਼ਿਰ ਕਬੀਰ ਸਾਹਿਬ ਨੇ ਤਾਂ ਮਨੁੱਖੀ ਮਨ ਨੂੰ ਆਪਣੇ ਇੱਕ ਸ਼ਬਦ `ਚ ਮਨੁੱਖਾ ਸਰੀਰ ਦਾ ਛੇਵਾਂ ਤੱਤ ਵੀ ਕਹਿ ਦਿੱਤਾ ਹੈ। ਉਹ ਮਨ ਜਿਹੜਾ ਇਸਨੂੰ ਜਨਮਾਂ-ਜੂਨਾਂ ਦੇ ਗੇੜ `ਚ ਪਾ ਦਿੰਦਾ ਹੈ। ਤਾਂ ਤੇ ਕਬੀਰ ਜੀ ਦੇ ਉਸ ਸ਼ਬਦ ਦੀ ਸੰਬੰਧਤ ਪੰਕਤੀ ਇਸ ਤਰ੍ਹਾਂ ਹੈ “ਖਟ ਨੇਮ ਕਰਿ ਕੋਠੜੀ ਬਾਂਧੀ, ਬਸਤੁ ਅਨੂਪੁ ਬੀਚ ਪਾਈ॥ ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ, ਕਰਤੇ ਬਾਰ ਨ ਲਾਈ” (ਪੰ: ੩੩੯)। ਜਦਕਿ ਗੁਰਮੱਤ ਆਧਾਰਿਤ ਮਨ ਦਾ ਵਿਸ਼ਾ ਵੀ ਭਿੰਨ ਤੇ ਕੇਵਲ ਗੁਰਬਾਣੀ ਆਧਾਰ `ਤੇ ਹੀ ਸਮਝ `ਚ ਆਵੇਗਾ, ਬਾਹਿਰੋਂ ਨਹੀਂ। ਦਰਅਸਲ ਹੱਥਲੇ ਸਲੋਕ “ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ” `ਚ ਵੀ ਵਿਸ਼ਾ ਕੇਵਲ ਮਨ ਅਤੇ ਇਸਦੇ ਅੰਤ ਭਾਵ ਇਸ ਰਾਹੀਂ ਪ੍ਰਭੂ `ਚ ਅਭੇਦ ਹੋਣ ਤੱਕ ਦਾ ਹੈ, ਨਾ ਕਿ ਮਨੁੱਖਾ ਸਰੀਰ ਦਾ। ਇਸ ਲਈ ਸਲੋਕ ਦੇ ਮੂਲ ਵਿਸ਼ੇ ਨੂੰ ਸਮਝੇ ਬਿਨਾ ਇਸਦੇ ਅਸਲ ਅਰਥ ਵੀ ਸਮਝ `ਚ ਨਹੀਂ ਆ ਸਕਦੇ। (ਇਸ ਪਉੜੀ ਦੀ ਬਾਕੀ ਵਿਚਾਰ ਕਿਸ਼ਤ ਨੰ: ੧੯ `ਚ ਅਵੇਗੀ ਜੀ) (ਚਲਦਾ) #Instt. 18 Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।




.