.

ਸਿੱਖੀ ਦੀ ਹੋਂਦ ਨੂੰ ਚਨੌਤੀਆਂ, ਕਿਵੇਂ ਕਿਵੇਂ ਤੇ ਕਿੱਸ ਕਿੱਸ ਹੱਦ ਤੱਕ

ਰਾਮ ਸਿੰਘ, ਗ੍ਰੇਵਜ਼ੈਂਡ

ਸੰਸਾਰ ਦੇ ਅਰੰਭ ਤੋਂ ਹੀ ਨੇਕੀ ਤੇ ਬਦੀ ਦੀ ਹੋਂਦ ਤੇ ਇਨ੍ਹਾਂ ਦੀ ਸ਼ਕਤੀ ਦੇ ਆਪਸੀ ਟਕਰਾਉ ਦੀਆਂ ਵਾਰਦਾਤਾਂ ਦਾ ਜ਼ਿਕਰ ਕਈ ਰੂਪਾਂ ਵਿੱਚ ਕੀਤਾ ਦਿਖਾਇਆ ਗਿਆ ਹੈ। ਪੁਰਾਤਨ ਪੂਰਬੀ ਤੇ ਪੱਛਮੀ ਧਰਮਾਂ ਵਿੱਚ ਨੇਕੀ ਤੇ ਬਦੀ ਨੂੰ ਸਾਕਾਰ ਰੂਪ ਵਿੱਚ ਦੇਵਤਾ ਤੇ ਦੈਂਤ ਜਾ ਰਾਕਸ਼ ਅਤੇ ਫਰਿਸ਼ਤਾ ਤੇ ਸ਼ੈਤਾਨ ਵਜੋਂ ਪੇਸ਼ ਕੀਤਾ ਗਿਆ ਹੈ। ਸਾਕਾਰ ਰੂਪ ਭਾਵੇਂ ਦਿੱਤਾ ਪਰ ਸਾਕਾਰ ਰੂਪ ਅਮਲੀ ਤੌਰ ਤੇ ਪੇਸ਼ ਨਹੀਂ ਕਰ ਸਕੇ। ਪਰ ਸੱਭ ਤੋਂ ਨਵੇਂ ਧਰਮ ਵਿੱਚ ਗੁਰੂ ਸਾਹਿਬਾਨ ਖਾਸ ਕਰਕੇ ਗਰੂ ਨਾਨਕ ਦੇਵ ਜੀ ਨੇ “ਸੰਸਾਰ ਬਿਰਖ ਨੂੰ ਦੋ ਫਲ” ਭਾਵ “ਅੰਮ੍ਰਿਤ ਅਤੇ ਬਿਖ” ਵਜੋਂ ਪੇਸ਼ ਕੀਤਾ ਹੈ। ਭਾਵ ਸੰਸਾਰੀ ਜੀਵਾਂ ਨੂੰ ਪ੍ਰਮਾਤਮਾਂ ਨੇ ਇਹ ਦੋਨੋਂ “ਅੰਮ੍ਰਿਤ ਤੇ ਬਿਖ” ਜਾਂ ਨੇਕੀ ਤੇ ਬਦੀ ਦੀਆਂ ਵਿਰਤੀਆਂ ਸੰਸਾਰੀ ਕਾਰ ਵਿਹਾਰ ਵਿੱਚ ਵਰਤਣ ਲਈ ਨਾਲੋ ਨਾਲ ਦਿੱਤੀਆਂ ਹਨ। ਗੁਰੂ ਨਾਨਕ ਸਾਹਿਬ ਅਨੁਸਾਰ ਦਇਆ, ਧਰਮ, ਸਤ, ਸੰਤੋਖ ਆਦਿ ਵਿਰਤੀਆਂ ਦੀ ਵਰਤੋਂ ਬੰਦੇ ਨੂੰ ਦੇਵਤਾ ਜਾ ਫਰਿਸ਼ਤਾ ਬਣਾ ਦਿੰਦੀਆਂ ਹਨ ਅਤੇ “ਜ਼ਬਰ, ਜ਼ੁਲਮ, ਹੇਰਾ ਫੇਰੀ, ਲੁੱਟ ਖਸੁੱਟ” ਆਦਿ ਵਿਰਤੀਆਂ ਬੰਦੇ ਨੂੰ ਦੈਂਤ, ਰਾਕਸ਼, ਜਾ ਸ਼ੈਤਾਨ ਬਣਾ ਦਿੰਦੀਆਂ ਹਨ, ਜੋ ਅਮਲੀ ਤੌਰ ਤੇ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਵਿਰਤੀਆਂ ਦੀ ਵਰਤੋਂ ਨੂੰ ਹੀ ਲੈ ਕੇ ਸਿੱਖੀ ਸੰਬੰਧੀ ਇਸ ਲੇਖ ਵਿੱਚ ਅਰੰਭ ਤੋਂ ਲੈ ਕੇ ਅੰਤ ਤੱਕ ਘੋਖਣ ਦਾ ਉਪਰਾਲਾ ਕੀਤਾ ਜਾਇਗਾ।
ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਵਲੋਂ ਸੌਂਪੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਸੰਸਾਰ ਵਿੱਚ ਵਿਚਰਨ ਲੱਗਿਆਂ ਜੋ ਦੇਖਿਆ ਉਹ ਸਾਖੀਕਾਰਾਂ ਵਲੋਂ ਪੁਰਾਤਨ ਸਰੋਤਾਂ ਦੀ ਆੜ ਲੈ ਕੇ ਜੋ “ਕਲਯੁਗ” ਭਾਵ ਦੈਂਤ ਜਾ ਰਾਕਸ਼ ਜਾ ਸ਼ੈਤਾਨ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਨਹੀਂ। ਗੁਰੂ ਜੀ ਨੇ ਸਗੋਂ ਇਸ ਦਸ਼ਾ ਨੂੰ “ਜਲਤੀ ਪ੍ਰਿਥਮੀ” ਦੇ ਰੂਪ ਵਿੱਚ ਪੇਸ਼ ਕੀਤਾ ਜੋ ਇਤਿਹਾਸਿਕ ਸੱਚ ਵਜੋਂ ਸੱਭ ਦੇਖ ਸਕਦੇ ਸਨ। ਭਾਵ ‘ਕਲਯੁਗ’ ਕੋਈ ਭਿਆਨਕ ਰੂਪ ਦਾ ਕਿਸੇ ਸ਼ਕਲ ਵਿੱਚ ਗੁਰੂ ਸਾਹਿਬ ਅੱਗੇ ਨਹੀਂ ਆਇਆ। ਗੁਰੂ ਸਾਹਿਬ ਨੇ ਦੁਨੀਆਂ ਵਿੱਚ ਹਰ ਪਾਸੇ ਜ਼ਬਰ, ਜ਼ੁਲਮ, ਹੇਰਾ ਫੇਰੀ, ਲੁੱਟ ਖਸੁੱਟ ਆਦਿ ਦਾ ਬੋਲ ਬਾਲਾ ਦੇਖਿਆ ਅਤੇ ਭਾਈ ਗੁਰਦਾਸ ਜੀ ਅਨੁਸਾਰ, ਐਸੀ ਦਸ਼ਾ, ਭਾਵ ‘ਜਲਤੀ ਪ੍ਰਿਥਮੀ’ ਨੂੰ ਸੋਧਣ ਚੱਲ ਪਏ। ਜਿੱਥੇ ਜਿਥੇ ਗਏ ਉਥੇ ਜੋ ਕੁੱਛ ਕੀਤਾ, ਸੰਬੰਧੀ ਬਹੁਤ ਕੁੱਛ ਲਿਖਿਆ ਮਿਲਦਾ ਹੈ। ਜਿੱਥੇ ਸੰਸਾਰ ਦਾ ਸੁਧਰਿਆ ਰੂਪ ਹੀ ਉਹ ਦੇਖਣਾ ਚਾਹੁੰਦੇ ਸਨ। ਉਥੇ ਉਹ ‘ਸਚਿਆਰ ਰੂਪ ਵਿੱਚ ਨੇਕੀ ਦੀਆਂ ਵਿਰਤੀਆਂ ਨਾਲ ਸ਼ੰਗਾਰਿਆ ਪੰਥ ਸੰਸਾਰ ਵਿੱਚ ਪੇਸ਼ ਕਰਨਾ ਚਾਹੁੰਦੇ ਸਨ ਜੋ ਦੁਨੀਆਂ ਲਈ ਇੱਕ ਪ੍ਰੇਰਨਾ ਸ੍ਰੋਤ ਆਦਰਸ਼ ਵਜੋਂ ਜਾਣਿਆ ਜਾਵੇ। ਇਹ ਕਾਰਜ ਉਨ੍ਹਾਂ ਨੇ ਸੰਸਾਰ ਦਾ ਰਟਣ ਕਰਨ ਤੋਂ ਬਾਅਦ ਅਮਲੀ ਰੂਪ ਵਿੱਚ, ਸਮਾਜਿਕ (ਜਾਤ, ਲਿੰਗ ਆਦਿ) ਬਰਾਬਰਤਾ, ਧਾਰਮਿਕ ਕੱਟੜਤਾ ਤੋਂ ਰਹਿਤ ਤੇ ਸੱਭ ਲਈ ਸ੍ਰਕਾਰੀ ਇਨਸਾਫ ਲਈ, ‘ਸਿੱਖੀ ਦੇ ਥੰਮ’ ‘ਧਰਮ ਦੀ ਕਿਰਤ, ਵੰਡ ਛਕਣਾ ਤੇ ਨਾਮ ਜਪਣਾ’ ਨੂੰ ਮੁਖ ਰੱਖ ਕੇ ਅਰੰਭ ਕੀਤਾ। ਕਿਉਂਕਿ ਇਹ ਕਾਰਜ ਦਿਨਾਂ ਜਾ ਮਹੀਨਿਆਂ ਆਦਿ ਵਿੱਚ ਨਹੀਂ ਹੋਣ ਵਾਲਾ ਸੀ, ਇਹ ਕਾਰਜ ਨੇਪਰੇ ਚੜ੍ਹਾਉਨ ਲਈ ਯੋਗ ਬੰਦੇ ਨੂੰ ਜ਼ੁਮੇਵਾਰੀ ਸੌਂਪ ਸੌਂਪ ਕੇ ਸੈਂਕੜੇ ਸਾਲਾਂ ਵਿੱਚ ਕੀਤਾ ਲੋੜੀਂਦਾ ਸੀ। ਯੋਗ ਬੰਦੇ ਦੀ ਚੋਣ ‘ਹੁਕਮ ਰਜ਼ਾਈ’ ਚੱਲਣ ਤੇ ਸੇਵਾ ਦੀ ਕਸਵੱਟੀ ਨੂੰ ਮੁੱਖ ਰੱਖ ਕੇ ਅਰੰਭ ਕੀਤਾ। ਗੁਰੂ ਜੀ ਨੇ ਚੋਣ ਕਰਨ ਲੱਗਿਆਂ ਪੁੱਤਰਾਂ ਤੋਂ ਲੈ ਕੇ ਨਾਲ ਦੇ ਸਾਥੀਆਂ ਤੱਕ ਨੂੰ ਇਹ ਜ਼ੁੱਮੇਵਾਰੀ ਸਾਂਭਣ ਦਾ ਮੌਕਾ ਦਿੱਤਾ। ਪਰ ਇਸ ਵਾਸਤੇ ਸਾਥੀਆਂ ਵਿੱਚੋਂ ਹੀ ਇਸ ਪਰਖ ਵਿੱਚ ਇੱਕ ਮਹਾਨ ਪੁਰਖ ਹੀ ਸਫਲ ਹੋਇਆ।
ਗੁਰੂ ਸਾਹਿਬ ਦੀ ਇਸ ਸੋਚ ਨੂੰ ਸਿਰਫ ਬੇਬੇ ਨਾਨਕੀ ਤੇ ਕੁੱਛ ਬੰਦਿਆਂ ਨੇ ਹੀ ਸਮਝਿਆ ਸੀ, ਸਮਝੇ ਬਿਨਾਂ ਜੋਤ ਦੀ ਥਾਂ ਇੱਕ ਵਿਅਕਤੀ ਸਮਝ ਕੇ ਬਾਹਰੋਂ ਯੋਗ ਚੁਣੇ ਮਹਾਨ ਪੁਰਖ ਲਈ ਘਰ ਵਾਲਿਆਂ ਵਲੋਂ ਰੋਸ ਕੀਤਾ ਗਿਆ ਜੋ ਵਿਧਰੋਹ ਦੇ ਰੂਪ ਵਿੱਚ ਨਹੀਂ ਸੀ। ਪਰ ਇਸ ਨੇ ਸੰਕੇਤ ਦੇ ਦਿੱਤਾ ਕਿ ਅਗਾਂਹ ਐਸਾ ਕਰਨ ਸਮੇਂ ਰੋਸ ਕੀਤਾ ਜਾ ਸਕਦਾ ਹੈ, ਸਾਧਾਰਨ ਰੋਸ ਦੀ ਥਾਂ ਸਖਤ ਰੂਪ ਅਖਤਿਆਰ ਕਰ ਸਕਦਾ ਹੈ। ਜੋ ਅੱਗੇ ਕੀਤਾ ਗਿਆ ਅਤੇ ਯੋਗ ਚੁਣੇ ਮਹਾਂ ਪੁਰਖ ਦੇ ਲੱਤ ਤੱਕ ਮਾਰ ਕੇ ਪ੍ਰਗਟ ਕੀਤਾ ਗਿਆ। ਇਸ ਤੋਂ ਅੱਗੇ ਰੋਸ ਚੁੱਪ ਦੀ ਸ਼ਕਲ ਤੱਕ ਹੀ ਸੀਮਤ ਰਿਹਾ। ਪਰ ਇਸ ਤੋਂ ਅਗਾਂਹ ਭਾਵੇਂ ਬਾਹਰੋਂ ਕਿਸੇ ਮਹਾਂ ਪੁਰਖ ਦੀ ਚੋਣ ਦੀ ਥਾਂ ਘਰ ਵਿੱਚ ਹੀ ਰਹਿਣੀ ਸੀ ਅਤੇ ਜਿੱਸ ਯੋਗ ਚੋਣ ਨੇ ਬਹੁਤ ਬਿਖੜੇ ਪੈਂਡੇ ਤੈ ਕਰਨੇ ਸਨ, ਉਸ ਨੂੰ ਸਮਝੇ ਬਿਨਾਂ, ਵਿਧਰੋਹ ਮਾਰੂ ਰੂਪ ਧਾਰ ਕਰ ਗਿਆ। ਯੋਗ ਚੁਣੀ ਇਸ ਰੱਬੀ ਜੋਤ ਨੂੰ ਇੱਕ ਆਮ ਵਿਅਕਤੀ ਤੇ ਦੁਨਿਆਵੀ ਰੂਪ ਵਿੱਚ ਛੋਟੇ ਭਰਾ ਵਜੋਂ ਲੈ ਕੇ ਜੋਤ ਵਿਰੁੱਧ ਜਿੱਥੇ ਸ਼ਾਹੀ ਰਸੂਖ ਵਰਤਣਾ ਅਰੰਭਿਆ, (ਉਥੇ ਬਾਹਰੀ ਤਾਕਤਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਹੱਲਾ-ਸ਼ੇਰੀ ਮਿਲ ਗਈ) ਪਰ ਸਰੀਰਕ ਹੋਂਦ ਨੂੰ ਖਤਮ ਕਰਕੇ ਵੀ ਰੱਬੀ ਜੋਤ ਦਾ ਕੁੱਛ ਨਾ ਵਿਗਾੜ ਸਕੇ। ਸੋ ਘਰ ਵਿੱਚ ਹੀ ਅਗਲੇ ਨਵ-ਜਨਮੇਂ ਯੋਗ ਵਾਰਸ ਨੂੰ ਖਤਮ ਕਰਨ ਦੇ ਕਈ ਢੰਗ ਵਰਤੇ ਗਏ। ਸਗੋਂ ਇਸ ਜੋਤ ਜਿੱਸ ਨੇ ਸੰਸਾਰ ਨੂੰ ਬਹੁਤ ਬੜੀ ਸੌਗਾਤ (ਖਾਲਸਾ ਪੰਥ) ਭੇਂਟ ਕਰਨਾ ਸੀ, ਹਰ ਪੱਖੋਂ ਨਿਪੁੰਨ ਹੋਣ ਦਾ ਰੂਪ ਧਾਰ ਲਿਆ ਤੇ ਸਫਲਤਾ ਨਾਲ ਅੱਗੇ ਵਧਣਾ ਜਾਰੀ ਰੱਖਿਆ।
ਇਸ ਜੋਤ ਨੂੰ ਭਾਵੇਂ ਕਿਲੇ ਅੰਦਰ ਕੈਦੀ ਵਜੋਂ ਰੱਖਿਆ, ਪਰ ਜੋ ਕਾਰਨਾਮਾ ਇਸ ਜੋਤ ਨੇ ਉੱਥੇ ਕੀਤਾ ਉੱਥੇ ਹੋਰਨਾਂ ਦੇ ਆਜ਼ਾਦੀ ਤੇ ਇਨਸਾਫ ਦੇ ਹੱਕਾਂ ਲਈ ਨਿਧੜਕ ਹੋ ਕੇ ਜੂਝਣ ਲਈ ਅੱਜ ਕੱਲ ਦੀ ਦੁਨੀਆਂ ਲਈ ਇੱਕ ਨਮੂਨਾ ਪੇਸ਼ ਕਰ ਦਿੱਤਾ, ਜਦ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਜ਼ਬਰੀ ਬੰਦ ਕੀਤੇ ਕਿਲੇ ਵਿੱਚ ਮੌਤ ਦੀ ਉਡੀਕ ਕਰ ਰਹੇ, ਇੱਕ ਦੋ ਨਹੀਂ, ਬਵੰਜਾ ਹਿੰਦੂ ਰਾਜਪੂਤ ਰਾਜਿਆਂ ਨੂੰ ਰਿਹਾ ਕਰਵਾ ਕੇ ਜੀਉਂਦੇ ਜੀ ਘਰੋ ਘਰੀਂ ਭੇਜਿਆ ਅਤੇ ਬੰਦੀ ਛੋੜ ਵਜੋਂ ਜਾਣੇ ਗਏ। ਇਸ ਤੋਂ ਬਾਅਦ ਚੋਣ ਸ਼ਾਂਤੀ ਦੇ ਮਾਹੌਲ ਵਿੱਚ ਹੋਈ। ਪਰ ਅੱਗੇ ਜੋਤ ਸੰਬੰਧੀ ਜਾਣਦੇ ਹੋਏ ਭੀ ਗੁਰੂ ਹਰਿ ਰਾਏ ਸਾਹਿਬ ਦੇ ਬੜੇ ਲੜਕੇ ਬਾਬਾ ਰਾਮ ਰਾਏ ਨੇ ਜੋਤ ਦਾ ਵਾਰਸ ਦਰਸਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਉਹ ਜੋਤ ਦੇ ਕਾਰਜ ਨੂੰ ਅੱਗੇ ਤੋਰਨ ਦੀ ਯੋਗਤਾ ਦੇ ਇਮਤਿਹਾਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਗਏ। ਉਨ੍ਹਾਂ ਨੂੰ ਗੁਰੂ ਘਰ ਵਿਰੁੱਧ ਕੀਤੀ ਮਹਾਨ ਗਲਤੀ ਕਾਰਨ ਗੁਰੂ ਦਰ ਤੋਂ ਛੇਕ ਦਿੱਤਾ ਗਿਆ। ਇਸ ਪਰ ਉਸ ਨੇ ਛੋਟੇ ਭਰਾ ਗੁਰੂ ਹਰਿ ਕ੍ਰਿਸ਼ਨ ਜੀ ਦੀ ਚੋਣ ਨੂੰ ਸ੍ਰਕਾਰੀ ਦਰਬਾਰ ਵਿੱਚ ਵੰਗਾਰ ਪਾਈ, ਜਿਸ ਵਿੱਚ ਸੰਗਤਾਂ ਵਲੋਂ ਉਸ ਨੂੰ ਕੋਈ ਸਤਿਕਾਰ ਨਾ ਮਿਲਣ ਕਰਕੇ ਮੂੰਹ ਦੀ ਖਾਣੀ ਪਈ। ਸ੍ਰਕਾਰ ਨੂੰ ਗੁਰੂ ਘਰ ਵਿਰੁੱਧ ਵਰਤਣ ਲਈ ਇੱਕ ਖਾਸ ਬੰਦਾ ਅਤੇ ਢੰਗ ਮਿਲ ਗਿਆ। ਇਸ ਲਈ ਸ੍ਰਕਾਰ ਵਲੋਂ ਉਸਨੂੰ ਦੇਹਰਾਦੂਨ ਵਿਖੇ ਕੁੱਛ ਜਾਇਦਾਦ ਦੇ ਕੇ ਗੁਰੂ ਥਾਪ ਦਿੱਤਾ ਗਿਆ। ਸਿੱਖ ਧਰਮ ਲਈ ਇੱਕ ਬੜੀ ਬਲਾ ਵਜੋਂ ਡੇਰਾਵਾਦ ਦਾ ਬੀਜ ਬੀਜ ਦਿੱਤਾ ਗਿਆ। ਇਸ ਦਾ ਰੰਗ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਵਲੋਂ ਅਗਲੀ ਜੋਤ ਦੇ ਪ੍ਰਗਟ ਕਰਨ ਲਈ ‘ਬਾਬਾ ਬਕਾਲਾ’ ਦਾ ਇਸ਼ਾਰਾ ਹੋਣ ਸਮੇਂ ਜੋਤ ਦੇ ਇੱਕ ਦੋ ਨਹੀਂ ਬਾਈ ਦਾਵੇਦਾਰਾਂ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ। ਪਰ ਇੱਥੇ ਵੀ ਸਿੱਖੀ ਤੇ ਪਹਿਰਾ ਦੇਣ ਵਾਲੇ ਵਲੋਂ ਅਸਲੀ ਜੋਤ ਦੇ ਪ੍ਰਗਟ ਕਰਨ ਪਰ ਸੱਭ ਮੈਦਾਨ ਤੋਂ ਤਿੱਤਰ ਬਿੱਤਰ ਹੋ ਗਏ।
ਇਸ ਘਰ ਵਿੱਚ ਵਧ ਰਹੇ ਡੇਰਾਵਾਦ ਨੇ ਜਿੱਥੇ ਬਾਹਰਲੀਆਂ ਸ਼ਕਤੀਆਂ ਨੂੰ ‘ਸੱਚ ਤੇ ਆਧਰਤ’ ਸਿੱਖੀ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਸ਼ਹਿ ਦੇਣੀ ਸ਼ੁਰੂ ਕੀਤੀ, ਉੱਥੇ ਘਰ ਵਿੱਚ ਜੋਤ ਨੂੰ ਗੋਲੀ ਦਾ ਸ਼ਿਕਾਰ ਕਰਨ ਦੀ ਦਲੇਰੀ ਤੱਕ ਕੀਤੀ। ਪਰ ਕਿਉਂਕਿ ਇਸ ਜੋਤ ਨੇ ਇਸ ਜਾਮੇਂ ਵਿੱਚ ਸਰਬ ਸੰਸਾਰ ਲਈ ਆਜ਼ਾਦੀ ਨਾਲ ਆਪਣਾ ਆਪਣਾ ਧਰਮ ਨਿਭਾਉਣ ਲਈ ਮਹਾਨ ਕੁਰਬਾਨੀ ਦੇਣੀ ਸੀ, ਉਸ ਜੋਤ ਦਾ ਕੀੜੇ ਮਕੌੜੇ ਕੀ ਵਿਗਾੜ ਸਕਦੇ ਸਨ। ਹਾਂ ਪਰ ਸਿੱਖੀ ਦੇ ਵੈਰੀ ਹੁਣ ਧਾਰਮਿਕ ਤੇ ਹਾਕਮ ਸ਼੍ਰੇਣੀ ਦੀ ਸ਼ਕਲ ਵਿੱਚ ਅਗਲੀ ਕਤਾਰ ਵਿੱਚ ਆ ਖੜੇ ਹੋਏ। ਇਹ ਮਹਾਨ ਸ਼ਹੀਦੀ ਹੋਈ ਅਤੇ ਜਾਗਰੂਪ ਸਿੱਖਾਂ ਨੇ ਜੋਤ ਦੇ ਸਰੀਰ ਦੀ ਨਿਰਾਦਰੀ, ਜੋ ਕਿ ਸ੍ਰਕਾਰ ਨੇ ਕਰਨੀ ਠਾਣੀ ਹੋਈ ਸੀ, ਨਾ ਹੋਣ ਦਿੱਤੀ ਅਤੇ ਆਪਣੇ ਤਨ ਮਨ ਧਨ, ਭਾਵ ਸੱਭ ਕੁੱਛ ਕੁਰਬਾਨ ਕਰਕੇ ਸਤਿਕਾਰ ਸਹਿਤ ਸਸਕਾਰ ਕੀਤਾ। ਇਸ ਕੁਰਬਾਨੀ ਨੇ ਜਿੱਥੇ ਹਰ ਪਾਸਿਉਂ ਦੇਵੀ ਦੇਵਤਿਆਂ ਵਲੋਂ ਕਿਸੇ ਤਰ੍ਹਾਂ ਦੀ ਸਹਾਇਤਾ ਨਾ ਮਿਲਣ ਤੇ ਹਿੰਦੂ ਵਿਚਾਰਵਾਨਾਂ (ਬਿੱਪਰ ਨੂੰ ਨਹੀਂ) ਨੂੰ ਹੌਸਲਾ ਦਿੱਤਾ, ਉੱਥੇ ਅਗਲੀ ਜੋਤ ਨੂੰ ਖਾਸ ਕਰਾਮਾਤੀ ਕਾਰਨਾਮੇ ਕਰਨ ਲਈ ਖਾਸ ਪ੍ਰੇਰਨਾ ਦਿੱਤੀ।
ਇਸ ਮਹਾਨ ਜੋਤ ਦੀ ਯੋਗਤਾ ਨੁੰ ਨਾ ਸਮਝਦੇ ਹੋਏ, ਜਿਸ ਨੇ ਛੋਟੀ ਉਮਰ ਵਿੱਚ ਹੀ ਬੜੀ ਦੂਰ-ਅੰਦੇਸ਼ੀ ਨਾਲ ਗੁਰੂ ਪਿਤਾ ਨੂੰ ਕੁਰਬਾਨੀ ਕਰਨ ਲਈ ਤੋਰਿਆ ਹੋਵੇ ਉਸ ਨੂੰ ਬਾਲ ਵਜੋਂ ਲੈਂਦੇ ਹੋਏ ਉਸ ਦੀ ਵਧ ਚੜ੍ਹ ਕੇ ਵਿਰੋਧਤਾ ਇਸ ਹੱਦ ਤੱਕ ਕਰਨੀ ਸ਼ੁਰੂ ਕਰ ਦਿੱਤੀ ਕਿ ਜੋਤ ਤਾਂ ਕੀ ਜੋਤ ਵਲੋਂ ਹੁਣ ਤੱਕ ਉਸਾਰੇ ਗਏ ਸਿੱਖੀ ਮਹੱਲ ਨੂੰ ਹੀ ਢਹਿ ਢੇਰੀ ਕਰ ਦਿੱਤਾ ਜਾਏ। ਹੈਰਾਨੀ ਦੀ ਗੱਲ ਕਿ ਜਿਸ ਜੋਤ ਨੇ ਪਿੱਛੇ ਦਾਦਾ ਰੂਪ ਵਿੱਚ ਵਿਚਰਦਿਆਂ ਹਿੰਦੂ ਰਾਜਪੂਤ ਰਾਜਿਆਂ ਦੇ ਸਾਰੀ ਉਮਰ ਲਈ ਕੈਦ ਕੀਤੇ ਬਜ਼ੁਰਗ ਰਾਜਿਆਂ ਨੂੰ ਕੈਦ ਵਿੱਚੋਂ ਆਜ਼ਾਦ ਕਰਵਾਇਆ ਹੋਵੇ ਉਹ ਸਿੱਖੀ ਦੇ ਇਸ ਮਹਾਨ ਮਹੱਲ ਦੇ ਧੰਨਵਾਦੀ ਹੋਣ ਦੀ ਥਾਂ ਜੜ੍ਹੋਂ ਪੁੱਟਣ ਲਈ ਸੱਭ ਤੋਂ ਅੱਗੇ ਹੋ ਕੇ ਕੇਂਦਰੀ ਮੁਗਲ ਸ੍ਰਕਾਰ ਨੂੰ ਸੱਦਾ ਦਿੰਦੇ ਹਨ। ਕਈ ਵਾਰ ਹਾਰ ਦਾ ਸਾਮ੍ਹਣਾ ਕਰਨ ਤੋਂ ਬਾਅਦ ਵੀ ਆਖਰ ਬੜੀ ਬੁਜ਼ਦਿਲੀ, ਭਾਵ ਗੀਤਾ ਜੀ ਰਾਹੀਂ ਖਾਧੀਆਂ ਕਸਮਾਂ ਨੂੰ ਤੋੜ ਕੇ ਗੁਰੂ ਜੀ ਦੇ ਆਨੰਦ ਪੁਰ ਸਾਹਿਬ ਛੱਡਣ ਤੇ ਹਮਲਾ ਕਰਕੇ ਉਨ੍ਹਾਂ ਨੂੰ ਖਤਮ ਕਰਨ ਦਾ ਕਰਦੇ ਹਨ। ਉਸ ਕਮੀਨੀ ਹਰਕਤ ਰਾਹੀਂ ਗੁਰੂ ਸਾਹਿਬ ਦੀ ਫੌਜ ਦਾ ਕੁੱਛ ਨੁਕਸਾਨ ਕਰਨ ਤੋਂ ਬਿਨਾਂ ਗੁਰੂ ਸਾਹਿਬ ਦਾ ਵਾਲ ਤੱਕ ਵਿੰਗਾ ਨਾ ਕਰ ਸਕੇ। ਇਸ ਸਾਰੇ ਵਰਤਾਰੇ ਨੇ ਸਗੋਂ ਗੁਰੂ ਸਾਹਿਬ, ਉਨ੍ਹਾਂ ਦੇ ਜਰਨੈਲਾਂ ਤੇ ਦੋ ਸਪੁੱਤਰਾਂ ਨੇ ਦੁਨੀਆਂ ਵਿੱਚ ਕਰਾਮਾਤੀ ਕਾਰਨਾਮਾ ਸਿਰਫ ਇੱਕ ਕੱਚੀ ਗੜ੍ਹੀ ਦਾ ਸਹਾਰਾ ਲੈ ਕੇ ਕਰ ਵਿਖਾਇਆ। ਉਸ ਦੁਨੀਆਂ ਦੀ ਅਦੁੱਤੀ ਲੜਾਈ ਨੇ ‘ਸਵਾ ਲਾਖ ਸੇ ਏਕ ਲੜਾਊਂ’ ਦੇ ਬੋਲ ਚਾਲੀ ਸਿੰਘਾਂ ਨੇ ਦਸ ਲੱਖ ਦੀ ਫੌਜ ਨਾਲ ਕਰਕੇ ਪੂਰੇ ਕਰ ਦਿੱਤੇ। ਉਨ੍ਹਾਂ ਵਿੱਚੋਂ ਵੀ ਗੁਰੂ ਸਾਹਿਬ ਤੇ ਤਿੰਨ ਸਿੰਘ ਉੱਥੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਹੋ ਗਏ। ਇਹ ਸੀ ਅਸਲੀ ਜਜ਼ਬਾ (ਨਾ ਹਾਰ ਮੰਨਣ ਵਾਲੀ ਜ਼ਮੀਰ) ਜਿੱਸ ਨੂੰ ਸਾਰੇ ਖਤਮ ਕਰਨਾ ਚਾਹੁੰਦੇ ਸਨ ਤੇ ਹਨ। ਪਰ ਗੁਰੂ ਸਾਹਿਬ ਨੇ ਗੁੜ੍ਹਤੀ ਵਿੱਚ ਜੋ ਬਖਸ਼ਿਸ਼ ਕੀਤਾ ਹੋਇਆ ਹੈ, ਤੇ ਸਿੱਖੀ ਨੂੰ ਸਮਝਣ ਤੇ ਨਿਧੜਕ ਹੋ ਕੇ ਉਸ ਤੇ ਪਹਿਰਾ ਦੇਣ ਵਾਲਿਆਂ ਨੇ ਸਦਾ ਕਾਇਮ ਰੱਖਿਆ ਤੇ ਇਹ ਜਜ਼ਬਾ ਹੀ ਸਿੱਖੀ ਦੀ ਜਾਇਦਾਦ ਹੈ ਤੇ ਸਦਾ ਕਾਇਮ ਰਹਿਣ ਵਾਲੀ ਹੈ। ਇਸ ਨੂੰ ਖਤਮ ਕਰਨ ਵਾਲੇ ਆਪ ਖਤਮ ਹੁੰਦੇ ਰਹੇ ਹਨ ਤੇ ਰਹਿਣਗੇ। ਇਸ ਲਈ ਇਸ ਸਰਬੱਤ ਦਾ ਭਲਾ ਲੋੜਨ ਤੇ ਅਧਾਰਤ ਜਜ਼ਬੇ ਨੂੰ ਖਤਮ ਕਰਨ ਲਈ ਵਿਅਰਥ ਸ਼ਕਤੀ ਜ਼ਾਇਆ ਕਰਨ ਦੀ ਥਾਂ ਇਸ ਦਾ ਵੱਧ ਤੋਂ ਵੱਧ ਲਾਭ ਕਿਉਂ ਨਾ ਲਿਆ ਜਾਵੇ।
ਇੱਥੋਂ ਅੱਗੇ ਖਿਦਰਾਣੇ ਦੀ ਢਾਵ ਤੇ ਚਾਲੀ ਸਿੰਘਾਂ (ਮੁਕਤਿਆਂ) ਰਾਹੀਂ ਫੌਜ ਨੂੰ ਭਾਂਜ ਦੇਣ ਤੋਂ ਬਾਅਦ ਜੋਤ ਨੇ ਆਪਣਾ ਸੱਭ ਕੁੱਛ ਕੁਰਬਾਨ ਕਰਕੇ ਵਾਹਿਗੁਰੂ ਜੀ ਵਲੋਂ ਬਖਸ਼ੀ ਸਦਾ ਰਹਿਣ ਵਾਲੀ ਫਤਹਿ ਦਾ ਖਤ ਔਰੰਗਜ਼ੇਬ, ਜੋ ਸਿੱਖੀ ਦਾ ਬੀਜ ਨਾਸ ਕਰਨਾ ਚਾਹੁੰਦਾ ਸੀ, ਨੂੰ ਆਪਣੀ ਹੋਈ ਦੁਨਿਆਵੀ ਤੇ ਧਾਰਮਿਕ (ਪ੍ਰਮਾਰਥਕ) ਹਾਰ ਦਾ ਐਸਾ ਅਹਿਸਾਸ ਕਰਵਾਇਆ ਕਿ ਇਨ੍ਹਾਂ ਸੋਚਾਂ ਵਿੱਚ ਹੀ ਗਲਤਾਨ ਹੋ ਕੇ ਦੁਨੀਆਂ ਤੋਂ ਚਲਦਾ ਬਣਿਆ। ਦੂਸਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ਦੁਬਾਰਾ ਸੰਪਾਦਨਾ ਕਰਕੇ ਆਖਰ ਨੰਦੇੜ ਸਾਹਿਬ ਵਿਖੇ ਜੁਗੋ ਜੁਗ ਅਟੱਲ ਗੁਰੂ ਥਾਪ ਦਿੱਤਾ। ਤੀਸਰੇ ਮੁਗਲ ਹਕੂਮਤ, ਜੋ ਸਿੱਖੀ ਨੂੰ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਸੀ, ਦੀਆਂ ਜੜ੍ਹਾਂ ਖੋਖਲੀਆਂ ਕਰਨ, ਖਾਲਸਾ ਰਾਜ ਦੀ ਸਥਾਪਤੀ ਅਤੇ ਆਮ ਤੇ ਖਾਸ ਸਿੱਖਾਂ ਵਿੱਚ ਸਿੱਖੀ ਦੇ ਅਸਲੀ ਜਜ਼ਬੇ ਦੀ ਅਦੁੱਤੀ ਮਿਸਾਲ ਪੇਸ਼ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਦੀ ਪਾਹੁਲ ਛਕਾ ਕੇ ਸਿੱਖ ਜਰਨੈਲ ਰੂਪ ਦੀ ਸ਼ਕਲ ਵਿੱਚ ਪੰਜਾਬ ਭੇਜਿਆ।
ਬਾਬਾ ਬੰਦਾ ਸਿੰਘ ਬਹਾਦਰ ਵਲੋਂ ਭਾਵੇਂ ਥੋੜ ਚਿਰਾ ਰਾਜ ਸੀ ਪਰ ਉਹ ਮ. ਰਣਜੀਤ ਸਿੰਘ ਦੇ ਰਾਜ ਨਾਲੋਂ ਹਜ਼ਾਰ ਗੁਣਾਂ ਉੱਤਮ ਸੀ। ਜਿੱਥੇ ਬਾਬਾ ਜੀ ਵਲੋਂ ਸੱਭ ਲਈ ਸਰਬੱਤ ਦੇ ਭਲੇ (ਬਰਾਬਰ ਦੇ ਇਨਸਾਫ ਆਦਿ) ਵਾਲਾ ਰਾਜ ਸੀ, ਉੱਥੇ ਸਿੱਖੀ ਸਿਧਾਂਤ ਨੂੰ ਕਿਸੇ ਤਰ੍ਹਾਂ ਦੀ ਆਂਚ ਨਾ ਆਵੇ, ਦਾ ਖਾਸ ਖਿਆਲ ਰੱਖਿਆ ਗਿਆ, ਜਿਸ ਕਾਰਨ ‘ਮਨੂੰ ਦੇ ਸੋਏ’ ਪੈਦਾ ਹੋਣੇ ਸ਼ੁਰੂ ਹੋ ਗਏ। ਜਦ ਕਿ ਮ. ਰਣਜੀਤ ਸਿੰਘ ਦਾ ਰਾਜ ਸਰਬੱਤ ਦੇ ਭਲੇ ਨਾਲ ਸਿੱਖੀ ਸਿਧਾਂਤ ਦੀ ਨਾ ਮਾਹਾਰਾਜੇ ਵਲੋਂ ਆਪ ਅਤੇ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਲਈ ਕੋਈ ਖਾਸ ਪ੍ਰਬੰਧ ਕਰਨ ਦਾ ਫਿਕਰ ਤੱਕ ਸੀ, ਜਿੱਸ ਦਾ ਵਰਨਣ ਬਾਅਦ ਵਿੱਚ ਕੀਤਾ ਜਾਇਗਾ। ਇਥੇ ਬਾਬਾ ਬੰਦਾ ਸਿੰਘ ਬਹਾਦਰ, ਸਾਥੀਆਂ ਅਤੇ ਪਿੰਡਾਂ ਵਿੱਚੋਂ ਪਕੜੇ ਆਮ ਸਿੱਖਾਂ ਵਿੱਚ ਸਿੱਖੀ ਦੇ ਜਜ਼ਬੇ ਦੀ ਮਿਸਾਲ ਜੋ ਇੱਕ ਅਦੁੱਤੀ ਕੁਰਬਾਨੀ ਦੀ ਮਿਸਾਲ ਪੇਸ਼ ਕਰਦੀ ਹੈ (ਜਿੱਸ ਬਾਰੇ ਬਹੁਤ ਕੁੱਛ ਲਿਖਿਆ ਮਿਲਦਾ ਹੈ) ਉਹ ਬਾਬਾ ਜੀ ਦੀ ਲੀਡਰਸ਼ਿੱਪ ਦੀ ਪ੍ਰੇਰਨਾ ਕਾਰਨ ਸੀ। ਇਹ ਜਜ਼ਬਾ ਹੈ ਕਿ ਕੌਮ ਦੇ ਲੀਡਰ ਨੂੰ ਖਾਸ ਕਰਕੇ ਜਾ ਵੈਸੇ ਆਪ ਨਿਭਾਉਣ ਤੇ ਹੋਰਨਾਂ ਨੂੰ ਇਸ ਸੰਬੰਧੀ ਪ੍ਰੇਰਤ ਕਰਨਾ ਹੁੰਦਾ ਹੈ। ਇੱਥੇ ਬਾਬਾ ਜੀ ਅਤੇ ਉਸ ਦੇ ਸਾਥੀਆਂ ਨੂੰ ਸਦ ਸਦ ਪ੍ਰਨਾਮ।
ਇਸ ਤੋਂ ਅੱਗੇ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਪ੍ਰੇਰਨਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਵਲੋਂ ਪਾਏ ਪੂਰਨਿਆਂ ਨੂੰ ਮੁੱਖ ਰੱਖ ਕੇ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਲੱਗ ਭੱਗ ਪੰਜਾਹ ਸਾਲ ਦੇ ਕਾਲੇ ਦੌਰ ਅੰਦਰ ਸਿੱਖਾਂ ਦਾ ਇੱਕ ਤਰ੍ਹਾਂ ਦਾ ਸ਼ਿਕਾਰ ਹੀ ਖੇਲਿਆ ਗਿਆ। ਪਰ ਸਿੱਖੀ ਤੋਂ ਕਿਸੇ ਨੇ ਮੂੰਹ ਨਹੀਂ ਮੋੜਿਆ। ਛੋਟਾ ਤੇ ਵੱਡਾ ਘੱਲੂਘਾਰੇ ਭੀ ਵਰਤੇ, ਪਰ ਸਿੱਖੀ ਜਜ਼ਬਾ ਸਦਾ ਚੜ੍ਹਦੀ ਕਲਾ ਵਿੱਚ ਹੀ ਰਿਹਾ ਅਤੇ ਥੋੜੀ ਗਿਣਤੀ ਵਿੱਚ ਹੁੰਦਿਆਂ ਨੇ ਵੀ ਬਾਹਰਲੇ ਧਾੜਵੀਆਂ ਨਾਦਰ ਸ਼ਾਹ ਦੁਰਾਨੀ ਅਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਲੋਹੇ ਦੇ ਚਨੇ ਚਬਾਏ, ਤੇ ਲੁੱਟੀ ਜਾਂਦੀ ਭਾਰਤੀ ਇੱਜ਼ਤ (ਨੌਜਵਾਨ ਬਹੂ ਬੇਟੀਆਂ ਤੇ ਨੌਜਵਾਨ ਲੜਕੇ) ਲੁਟੇਰਿਆਂ ਤੋਂ ਛੁਡਾ ਕੇ ਘਰੋ ਘਰੀ ਪੁਜਾਏ। ਆਖਰ ਗੁਰੂ ਵਲੋਂ ਬਖਸ਼ੀ ਬਾਦਸ਼ਾਹੀ ਭੀ ਪ੍ਰਾਪਤ ਕਰ ਲਈ।
ਹੁਣ ਗੁਰੂ ਵਲੋਂ ਬਖਸ਼ੀ ਬਾਦਸ਼ਾਹੀ ਨੂੰ ਗੁਰੂ ਸਿਧਾਂਤ ਅਨੁਸਾਰ ਚਲਾਉਣ ਅਤੇ ਗੁਰੂ ਸਿਧਾਂਤ ਨੂੰ ਬਰਕਰਾਰ ਰੱਖਣ ਦੀ ਸ਼ਰਤ ਨੂੰ ਮੁੱਖ ਰੱਖਕੇ ਇਸ ਤੇ ਪਹਿਰਾ ਦੇਣ ਦਾ ਸਮਾਂ ਸੀ ਤਾਕਿ ਗੁਰੂ ਵਲੋਂ ਬਖਸ਼ੀ ਬਾਦਸ਼ਾਹੀ ਸਦਾ ਚਲਦੀ ਰਹੇ। ਕਿਉਂਕਿ ਉਸਨੇ ਚੱਲਣਾ ਉਦ ਤੱਕ ਹੀ ਸੀ ਜਦ ਤੱਕ ‘ਜਬਲਗ ਖਾਲਸਾ ਰਹੇ ਨਿਆਰਾ। ਤਬਲਗ ਤੇਜ ਦੀਉ ਮੈਂ ਸਾਰਾ। ਜਬ ਇਹ ਗਹੇ ਬਿਪਰਨ ਕੀ ਰੀਤ। ਤਬ ਮੈਂ ਨਾ ਕਰੋਂ ਇਨ ਕੀ ਪ੍ਰਤੀਤ’ ਤੇ ਪੂਰੇ ਉਤਰਦੇ ਰਹਿਣਾ ਸੀ। ਹੁਣ ਰਾਜ ਮਿਲ ਗਿਆ ਸੀ ਤੇ ਸ਼ਰਤ ਤੇ ਪੂਰੇ ਉਤਰਨ ਦਾ ਅਸਲੀ ਸਮਾਂ ਅਰੰਭ ਹੋਇਆ। ਗੁਰੂ ਸਾਹਿਬ ਵਲੋਂ ਬਖਸ਼ਿਆ ਸਿਧਾਂਤ ਸੌਖੇ ਸਮੇਂ ਦਲਿੱਦਰੀ ਬਣ ਜਾਣ ਦਾ ਨਹੀਂ, ਹਰ ਸਮੇਂ ਬੰਧੇਜ ਤੇ ਜ਼ਬਤ ਵਿੱਚ ਰਹਿ ਕੇ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਰ ਖੇਤਰ ਵਿੱਚ ਵਿਚਰਨਾ ਹੁੰਦਾ ਹੈ, ਨਾਕਿ ਹੋਰਨਾਂ ਵਾਂਗ ਐਸ਼ ਪ੍ਰਸਤੀ ਵਿੱਚ ਆਪ ਫਸਣਾ ਅਤੇ ਹੋਰਨਾਂ ਨੂੰ ਹੱਲਾ ਸ਼ੇਰੀ ਦੇਣੀ। ਪਰ ਇੱਥੇ ਹਰ ਕੰਮ ਗੁਰੂ ਜੀ ਦੇ ਹੁਕਮਾਂ ਦੇ ਦੱਸੇ ਬੰਧੇਜ ਤੇ ਜ਼ਬਤ ਦੀ ਬਿਲਕੁਲ ਹੀ ਪ੍ਰਵਾਹ ਨਾ ਕਰਨ ਨਾਲ ਸ਼ੁਰੂ ਹੋਇਆ। ਮਹਾਰਾਜਾ ਗੁਰੂ ਨੂੰ ਮੰਨਣ ਦੀ ਗੱਲ ਤਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਰਦਾ ਦਿਖਾਉਣ ਲੱਗਾ। ਰੋਜ਼ ਹੁਕਮਨਾਮਾ ਸੁਣਨਾ, ਹਰਿ ਮੰਦਰ ਸਾਹਿਬ ਵਧੀਆ ਤੋਂ ਵਧੀਆ ਵਸਤੂਆਂ ਦੀ ਭੇਂਟ, ਗੁਰਦੁਆਰਿਆ ਦੇ ਨਾਂ ਜਾਇਦਾਦ ਆਦਿ ਬੜਾ ਕੁੱਛ ਕਰਨਾ ਸ਼ੁਰੂ ਕਰ ਦਿੱਤਾ। ਪਰ ਗੁਰੂ ਸਾਹਿਬ ਨੂੰ ਮਨੋਂ ਤੇ ਦਿਲੋਂ ਕਹਿ ਦਿੱਤਾ ਕਿ “ਗੁਰੂ ਜੀ ਤੇਰੀ ਮੰਨਣੀ ਕੋਈ ਨਹੀਂ”।
ਸੱਭ ਤੋਂ ਪਹਿਲਾਂ ‘ਗੁਰਮਤੇ’ ਦੀ ਮੁੱਖ ਰੀਤ ਬੰਦ ਕੀਤੀ ਤੇ ਪੰਜਾਂ ਦੀ ਪ੍ਰਧਾਨਗੀ ਨੂੰ ਅਲਵਿਦਾ ਕਹਿ ਦਿੱਤੀ। ਦੂਸਰੇ ਆਪਣੇ ਸਲਾਹਕਾਰਾਂ, ਗੁਰੂ ਹੁਕਮਾਂ ਤੋਂ ਉਲਟ, ਬਣਾਉਟੀ ਬਣੇ ਸਿੱਖ ਡੋਗਰੇ, ਮਿਸਰਾਂ ਆਦਿ, ਨਾਲ ਆਪਣਾ ਆਲਾ ਦੁਆਲਾ ਭਰ ਲਿਆ ਜੋ ਸਿੱਖੀ ਨੂੰ ਜੜ੍ਹੋਂ ਪੁੱਟ ਦੇਣ ਦੀ ਸੋਚ ਦੇ ਧਾਰਨੀ ਆ ਰਹੇ ਸਨ। ਅਸਲੀ ਸਿੱਖੀ ਤੇ ਪਹਿਰਾ ਦੇਣ ਵਾਲੇ ਸਰਦਾਰ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਆਦਿ ਨੂੰ ਸਦਾ ਦਰਬਾਰ ਤੋਂ ਪਰੇ ਰੱਖਿਆ। ਤੀਸਰੇ ਰਾਜ ਨੂੰ ਖਾਨਦਾਨੀ ਰਾਜ ਦੇ ਰੂਪ ਵਿੱਚ ਚੱਲਣ ਦੀ ਸ਼ਕਲ ਦੇ ਦਿੱਤੀ। ਚੌਥੇ ਆਪ ਸਿੱਖ ਸਿਧਾਂਤ ਤੋਂ ਉਲਟ ਨਸ਼ੇ ਆਦਿ ਦੀ ਵਰਤੋਂ ਆਪ ਐਸੀ ਅਰੰਭ ਕੀਤੀ ਕਿ ਦੇਖਾ ਦੇਖੀ ਹੋਰ ਕਈ ਸਰਦਾਰ ਇਸ ਦਾ ਅਸਰ ਕਬੂਲਣ ਲੱਗੇ। ਆਪ ਇੱਕ ਵਿਆਹ ਦੀ ਥਾਂ ਕਈ ਵਿਆਹ, ਜਿਨ੍ਹਾਂ ਵਿੱਚ ਕਈ ਹਿੰਦੂ ਵੇਦੀ ਰੀਤ ਰਾਹੀਂ ਕੀਤੇ ਗਏ। ਸਿੱਟੇ ਵਜੋਂ ਉਹ ਇੱਕ ਦਿਖਾਵੇ ਦਾ ਹੀ ਸਿੱਖ ਸੀ, ਰਾਜ ਭਾਵੇਂ ਸਰਬੱਤ ਦੇ ਭਲੇ ਦਾ ਬਹੁਤ ਵਧੀਆ ਸੀ, ਜੋ ਹੋਣਾ ਭੀ ਚਾਹੀਦਾ ਸੀ। ਪਰ ਜੇ ਸਿੱਖੀ ਸਿਧਾਂਤ ਅਨੁਸਾਰ, ਜਿਵੇਂ ਮਹਾਰਾਜੇ ਨੂੰ ਮਹਾਨ ਜਰਨੈਲ ਹਰੀ ਸਿੰਘ ਨਲੂਏ ਨੇ ਕਿਹਾ ਸੀ ਕਿ “ਇਹ ਰਾਜ ਬੜੀਆਂ ਕੁਰਬਾਨੀਆਂ ਨਾਲ ਖਾਲਸੇ ਨੇ ਕਾਇਮ ਕੀਤਾ ਹੈ, ਇਸ ਨੂੰ ਖਾਨਦਾਨੀ ਨਾ ਬਣਾਉ, ਯੋਗ ਵਿਅਕਤੀ, ਪੰਜਾਂ ਦੀ ਚੋਣ ਅਨੁਸਾਰ ਅੱਗੇ ਆਉਣਾ ਚਾਹੀਦਾ ਹੈ” ਇਹ ਰਾਜ ਇਤਨੀ ਜਲਦੀ ਖਤਮ ਨਾ ਹੁੰਦਾ, ਕਿਉਂਕਿ ਉਸ ਵੇਲੇ ਦੀ ਸਿੱਖ ਸ਼ਕਤੀ (ਫੌਜ) ਤਕੜੀ ਸੀ, ਸਿੱਖ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਸਦਾ ਕਾਇਮ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਹੀ ਸੁੱਖ ਦਾ ਸਾਹ ਦੇਣ ਵਾਲਾ ਨਹੀਂ, ਸਗੋਂ ਦੁਨੀਆਂ ਦੇ ਹੋਰ ਦੇਸਾਂ ਲਈ ਇੱਕ ਖਾਸ ਮਿਸਾਲ ਵਜੋਂ, ਇਸ ਦੀ ਨਕਲ ਕਰਨ ਵਾਲਾ ਹੁੰਦਾ। ਪਰ ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਮਨ ਮਰਜ਼ੀ ਕਰਕੇ ਜੋ ਰਾਜ ਦਾ ਹਾਲ ਹੋਇਆ, ਉਹ ਗਿ. ਸੀਤਲ ਸਿੰਘ ਲਿਖਤ, ‘ਸਿੱਖ ਰਾਜ ਕਿਵੇਂ ਗਿਆ’ ਪੜ੍ਹ ਕੇ ਪਤਾ ਲੱਗ ਸਕਦਾ ਹੈ। ਸਿੱਖੀ ਦਾ ਜੋ ਨੁਕਸਾਨ ਮ. ਰਣਜੀਤ ਸਿੰਘ ਦੇ ਰਾਜ ਤੇ ਬਹਿਣ ਸਮੇਂ ਤੋਂ ਲੈ ਕੇ ਅੰਗ੍ਰੇਜ਼ਾਂ ਦਾ ਰਾਜ ਤੇ ਕਬਜ਼ਾ ਅਤੇ ਉਸ ਤੋਂ ਬਾਅਦ ਹੋਇਆ, ਉਸ ਲਈ ਮਹਾਰਾਜਾ ਬਹੁਤ ਵੱਡਾ ਜ਼ਿੰਮੇਵਾਰ ਹੈ, ਜੋ ਉਸ ਦੀ ਨਾ-ਕਾਬਲੇ-ਮੁਆਫ ਗਲਤੀ ਹੈ।
ਅੰਗ੍ਰੇਜ਼ਾਂ ਨੇ ਲੜਾਈ ਵਿੱਚ ਸਿੱਖਾਂ ਦੀ ਸ਼ਕਤੀ ਨੂੰ, ਜਿੱਸ ਨੂੰ ਉਨ੍ਹਾਂ ਨੇ ਡੋਗਰਿਆਂ, ਮਿਸਰਾਂ ਆਦਿ ਦੀ ਗੱਦਾਰੀ ਨਾਲ ਕਾਬੂ ਕੀਤਾ ਸੀ, ਦੇਖ ਲਿਆ ਸੀ ਕਿ ਇਨ੍ਹਾਂ ਨੂੰ ਜਿਨ੍ਹਾਂ ਵੀ ਤਰੀਕਿਆਂ ਨਾਲ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ, ਉਹ ਦਾਅ ਪੇਚ ਵਰਤਣੇ ਚਾਹੀਦੇ ਹਨ। ਉਨ੍ਹਾਂ ਨੇ ਸਿੱਖ ਸਰਦਾਰਾਂ ਨੂੰ ਰਿਆਸਤਾਂ ਤੇ ਹੋਰ ਕਈ ਪਦਵੀਆਂ ਦੇ ਕੇ ਨਾਲ ਰਲਾ ਲਿਆ। ਆਮ ਜੰਤਾ ਵਿੱਚ ਈਸਾਈ ਮਿਸ਼ਨਰੀਆਂ ਨੂੰ ਈਸਾਈਅਤ ਦੇ ਪ੍ਰਚਾਰ ਦੀ ਖੁੱਲ ਦੇ ਦਿੱਤੀ, ਜਿੱਸ ਨਾਲ ਸਹੂਲਤਾਂ ਪ੍ਰਾਪਤ ਕਰਨ ਲਈ ਬਹੁਤ ਸਾਰੇ ਬਾਲਮੀਕ ਤੇ ਦਲਿਤ ਈਸਾਈ ਬਨਣੇ ਸ਼ੁਰੂ ਹੋ ਗਏ, ਜੋ ਕਿਸੇ ਵੇਲੇ ਸਿੱਖੀ ਦੇ ਬਹੁਤ ਨੇੜੇ ਸਨ। ਉੱਧਰ ਤਾਕ ਤੇ ਬੈਠੇ ਬਿੱਪਰ ਨੇ ਸ਼ੁੱਧੀ ਲਹਿਰ ਸ਼ੁਰੂ ਕਰਕੇ ਦਲਿਤ ਜਾਤ ਦੇ ਬੰਦਿਆਂ ਨੂੰ ਹਿੰਦੂ ਬਣਨ ਤੇ ਕਹਿਣ ਵਲ ਕਈ ਤਰੀਕਿਆਂ ਨਾਲ ਪ੍ਰੇਰਿਆ। ਰਾਜ ਸਮੇਂ ਨਿਰੰਕਾਰੀ ਲਹਿਰ ਨੇ ਸਿੱਖੀ ਪ੍ਰਚਾਰ ਦੇ ਕੁੱਛ ਉਪਰਾਲੇ ਜ਼ਰੂਰ ਕੀਤੇ। ਬਾਬਾ ਰਾਮ ਸਿੰਘ ਨੇ ਨਾ-ਮਿਲਵਰਤਨ ਲਹਿਰ ਸ਼ੁਰੂ ਕਰਕੇ ਕਾਫੀ ਸਿੱਖੀ ਪ੍ਰਚਾਰ ਕੀਤਾ। ਪਰ ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਰੰਗੂਨ ਵਿਖੇ ਕੈਦ ਕਰ ਦਿੱਤਾ। ਉਨ੍ਹਾਂ ਨੂੰ ਬਾਅਦ ਵਿੱਚ, ਜੋ ਰੰਗੂਨ ਤੋਂ ਭੇਜੀਆਂ ਚਿੱਠੀਆਂ ਵਿੱਚ ਆਪਣੇ ਆਪ ਨੂੰ ਗੁਰੂ ਜੀ ਦਾ ਰਪਟੀਆ, ਚੌਕੀਦਾਰ ਆਦਿ ਕਹਿ ਕੇ ਦਰਸਾਉਂਦੇ ਰਹੇ, ਉਨ੍ਹਾਂ ਦੇ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਗੁਰੂ ਵਜੋਂ ਥਾਪ ਕੇ ਸਿੱਖੀ ਦੇ ਵਿਰੁੱਧ ‘ਨਾਮਧਾਰੀ ਸੰਪਰਦਾ’ ਵਜੋਂ ਨਵਾਂ ਡੇਰਾ ਅਰੰਭ ਕਰ ਦਿੱਤਾ, ਜੋ ਸਿੱਖੀ ਸਿਧਾਂਤ ਦਾ ਕਾਫੀ ਨੁਕਸਾਨ ਕਰਦਾ ਆ ਰਿਹਾ ਹੈ। ਇਸ ਤਰ੍ਹਾਂ ਹੀ ਕੁੱਛ ਦੇਰ ਬਾਅਦ ਨਿਰੰਕਾਰੀ ਸੰਪਰਦਾ ਨੇ ਸਿੱਖੀ ਸਿਧਾਂਤ ਤੋਂ ਬਿਲਕੁਲ ਉਲਟ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਿਨਾਂ ਵਿੱਚ ਹੀ ਰਾਧਾ ਸੁਆਮੀ ਡੇਰਾ ਪਹਿਲਾਂ ਆਗਰੇ ਵਿੱਚ ਕਾਇਮ ਹੋ ਕੇ ਪੰਜਾਬ ਵਿੱਚ ਬਿਆਸ ਨੇੜੇ, ਨਿਰੰਕਾਰੀ ਤੇ ਨਾਮਧਾਰੀ ਡੇਰਿਆਂ ਨਾਲੋਂ ਵੀ ਖਤਰਨਾਕ ਢੰਗ ਨਾਲ ਸ਼ੁਰੂ ਹੋਇਆ, ਜਿੱਸ ਵਿੱਚ ਇਸ ਡੇਰੇ ਦੇ ਚੇਲੇ, ਸਿੱਖੀ ਤੋਂ ਵਿਰੁੱਧ ਕੇਸ ਰੱਖਣ ਜਾ ਨਾ ਰੱਖਣ, ਸਿਗਰਟ ਪੀਣ ਜਾ ਨਾ ਪੀਣ, ਸਿਰਫ ਮਾਸ ਦੀ ਵਰਤੋਂ ਨਾ ਕਰਨ ਆਦਿ, ਇਹ ਹਾਸੋ ਹੀਣੀ ਗੱਲਾਂ ਰੱਖੀਆਂ ਗਈਆਂ ਹਨ। ਇਹ ਸਾਰੇ ਡੇਰੇਦਾਰ ਵਰਤੋਂ ਗੁਰਬਾਣੀ ਦੀ ਹੀ ਕਰਦੇ ਹਨ, ਜੋ ਇੱਕ ਬਹੁਤ ਬੜੀ ਚੋਰੀ ਹੈ, ਕਿਉਂਕਿ ਇਨ੍ਹਾਂ ਕੋਲ ਆਪਣਾ ਕੋਈ ਸਿਧਾਂਤ ਹੀ ਨਹੀਂ ਹੈ। ਗੁਰਬਾਣੀ ਨੂੰ ਤ੍ਰੋੜ ਮ੍ਰੋੜ ਕੇ ਆਪਣਾ ਗੁਰੂਡੱਮ ਚਲਾਉਣ ਲਈ ਸੱਭ ਕੁੱਛ ਕੀਤਾ ਜਾਂਦਾ ਹੈ। ਜੋ ਅੰਗ੍ਰੇਜ਼ ਹੀ ਨਹੀਂ, ਅੱਜ ਦੀ ਸਰਕਾਰ, ਜੋ ਪੱਕੀ ਕੱਟੜਵਾਦੀ ਤੇ ਬਿੱਪਰਵਾਦੀ ਸੋਚ ਦੀ ਹੈ, ਖੁਸ਼ੀ ਵਿੱਚ ਫੁੱਲੀ ਨਹੀਂ ਸਮਾਉਂਦੀ, ਸਗੋਂ ਇਨ੍ਹਾਂ ਦੇ ਡੇਰਿਆਂ ਤੇ ਜਾ ਕੇ ਇਨ੍ਹਾਂ ਨੂੰ ਹੋਰ ਵੀ ਹੱਲਾ ਸ਼ੇਰੀ ਦਿੰਦੀ ਹੈ, ਜੋ ਲੋਕ ਰਾਜ ਲਈ ਬੜੀ ਸ਼ਰਮਨਾਕ ਸ਼ਰਾਰਤ ਹੈ।
ਭਾਬਾ ਰਾਮ ਸਿੰਘ ਤੋਂ ਬਾਅਦ ਸਿੰਘ ਸਭਾ ਲਹਿਰ ਨੇ ਬਹੁ-ਰੂਪੀਏ ਸਿੱਖ ਖੇਮ ਸਿੰਘ ਬੇਦੀ ਦੀ ਵਿਰੋਧਤਾ ਹੁੰਦਿਆਂ ਵੀ ਬੜੀਆਂ ਪ੍ਰਾਪਤੀਆਂ ਕੀਤੀਆਂ। ਗਿ. ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ, ਦੋਵੇਂ ਭਾਵੇਂ ਨੀਵੀਂ ਜਾਤ ਦੇ ਦੁਰਕਾਰੇ ਜਾਂਦੇ ਸਨ, ਨੇ ਉਹ ਕੁੱਛ ਕਰ ਵਿਖਾਇਆ ਜੋ ਅੱਜ ਤੱਕ ਬੜੀਆਂ ਬੜੀਆਂ ਹੋਰ ਸੰਸਥਾਵਾਂ ਨਹੀਂ ਕਰ ਸਕੀਆਂ। ਸਿੱਖਾਂ ਵਿੱਚ ਜਾਗ੍ਰਤਾ ਪੈਦਾ ਕਰ ਦਿੱਤੀ। ਉਧਰ ਭਾਈ ਵੀਰ ਸਿੰਘ ਨੇ ਇਤਿਹਾਸਿਕ ਨਾਵਲ ਤੇ ਹੋਰ ਸਿੱਖੀ ਸੰਬੰਧੀ ਲਿਖਤਾਂ ਰਾਹੀਂ ਸਿੱਖੀ ਦੀ ਬੜੀ ਸੇਵਾ ਕੀਤੀ। ਉਨ੍ਹਾਂ ਹੀ ਦਿਨਾਂ ਵਿੱਚ ਭਾਈ ਕਾਹਨ ਸਿੰਘ ਨਾਭਾ ਵਲੋਂ ਜੋ ਸਿੱਖੀ ਲਈ ਵੱਡਮੁੱਲੀ ਦੇਣ ਦਿੱਤੀ ਗਈ ਉਹ ਸਦਾ ਲਈ ਸੂਰਜ ਵਾਂਗ ਚਮਕਦੀ ਰਹੇਗੀ। ਇਨ੍ਹਾਂ ਸਾਰਿਆਂ ਦੀਆਂ ਅਣਥੱਕ ਸੇਵਾਵਾਂ ਕਾਰਨ ਸਿੱਖੀ ਦਾ ਡੁੱਬਦਾ ਸੂਰਜ ਮੁੜ ਚਮਕਾਂ ਮਾਰਨ ਲੱਗਾ। ਆਖਰ ਇਨ੍ਹਾਂ ਵਰਗੇ ਸਿੱਖੀ ਲਈ ਆਪਣਾ ਤਨ, ਮਨ, ਧਨ ਵਾਰਨ ਵਾਲੇ ਦੂਲਿਆਂ ਰਾਹੀਂ ਸ਼੍ਰੋ. ਗੁ. ਪ੍ਰ. ਕਮੇਟੀ ਹੋਂਦ ਵਿੱਚ ਆਈ।
ਸਿੱਖੀ ਨੂੰ ਅਸਲੀ ਲੀਹਾਂ ਤੋਂ ਲਾਹੁਣ ਲਈ ਪਹਿਲਾਂ ਹੀ ਰਾਮ ਰਾਈਏ, ਧੀਰਮਲੀਏ ਆਦਿ ਡੇਰੇ ਹੋਂਦ ਵਿੱਚ ਆ ਚੁੱਕੇ ਸਨ। ਉੱਪਰ ਦੱਸੇ ਰਾਧਾਸੁਆਮੀ ਆਦਿ ਇਸ ਕਾਰਜ ਵਿੱਚ ਆ ਜੁੜੇ। ਇਹ ਹੀ ਨਹੀਂ, ਗੁਰਦੁਆਰਿਆ ਦੇ ਨਾਮ ਤੇ ਚੋਖੀ ਜਾਇਦਾਦ ਹੋਣ ਕਰਕੇ, ਸ੍ਰਕਾਰੀ ਸ਼ਹਿ ਤੇ ਪੁਜਾਰੀ ਐਸ਼ ਵਿੱਚ ਗਲਤਾਨ ਬੀਬੀਆਂ ਦੀ ਇੱਜ਼ਤ ਤੱਕ ਲੁੱਟਣ ਤੇ ਗੁੰਡਿਆਂ ਰਾਹੀਂ ਸਿੱਖਾਂ ਨੂੰ ਕਤਲ ਤੱਕ ਕਰਨ ਦੀ ਹਿੰਮਤ ਕਰਨ ਲੱਗ ਪਏ। ਜਿਨ੍ਹਾਂ ਤੋਂ ਵੱਡੀਆਂ ਕੁਰਬਾਨੀਆਂ ਕਰਕੇ ਗੁਰਦੁਆਰੇ ਆਜ਼ਾਦ ਕਰਵਾਏ ਤੇ ਸ਼੍ਰੋ. ਗੁ. ਪ੍ਰ. ਕਮੇਟੀ ਹੋਂਦ ਵਿੱਚ ਆਈ। ਸ਼੍ਰੋ. ਕਮੇਟੀ ਦੀ ਹੋਂਦ ਸਮੇਂ ਕੁੱਝ ਸੁਖ-ਰਹਿਣੇ ਤੇ ਭੁੱਲੜ ਸਿੱਖ ਜਾਗਰੂਪ ਸਿੱਖਾਂ ਦੇ ਕਹਿਣ ਦੇ ਬਾਵਜੂਦ ਸ੍ਰਕਾਰ ਵਲੋਂ ਕੀਤੀ ਚਲਾਕੀ ਦੇ ਸ਼ਿਕਾਰ ਹੋ ਗਏ। ਉਹ ਇਹ ਕਿ ਸ੍ਰਕਾਰ ਪਸੰਦ ਦੀ ਚੋਣ
(Selection) ਦੀ ਥਾਂ ਆਮ ਚੋਣ (Election) ਕਰਵਾਉਣਾ ਚਾਹੁੰਦੀ ਸੀ ਤਾਕਿ ਇਸ ਰਾਹੀਂ ਸਿੱਖਾਂ ਵਿੱਚ ਆਪਸੀ ਖਹਿਬਾਜ਼ੀ ਸ਼ੁਰੂ ਹੋ ਜਾਏ ਅਤੇ ਏਕਾ ਨਾ ਰਹੇ। ਪਰ ਜਾਗਰੂਪ ਸਿੱਖ ਪਸੰਦ ਦੀ ਚੋਣ ਤੇ ਅੜੇ ਰਹੇ ਤੇ ਕੈਦ ਵਿੱਚ ਬੰਦ ਰਹੇ, ਜਦ ਕਿ ਦੂਸਰੇ ਬਾਹਰ ਆ ਗਏ। ਬਾਹਰ ਆਕੇ ਉਨ੍ਹਾਂ ਨੇ ਚਲਾਕੀ ਵਰਤ ਕੇ ਆਮ ਚੋਣ ਦਾ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਕਰਵਾ ਦਿੱਤਾ। ਸ੍ਰੀ ਅਕਾਲ ਤਖਤ ਤੋਂ ਮਨਜ਼ੂਰ ਹੋਏ ਨੂੰ ਕੈਦ ਵਿੱਚ ਸਿੱਖਾਂ ਨੂੰ ਮਨਜ਼ੂਰ ਕਰਕੇ ਬਾਹਰ ਆਉਣਾ ਪਿਆ। ਅੱਜ ਸ੍ਰਕਾਰ ਦੀ ਚੋਣ ਨੀਤੀ ਸਾਰਿਆਂ ਦੇ ਸਾਮ੍ਹਣੇ ਹੈ, ਜਿੱਸ ਨੇ ਸਿੱਖਾਂ ਨੂੰ ਦੋ-ਫਾੜ ਨਹੀਂ, ਕਈ-ਫਾੜ ਕਰਕੇ ਰੱਖ ਦਿੱਤਾ ਹੈ, ਜੋ ਹਰ ਸ੍ਰਕਾਰ ਚਾਹੁੰਦੀ ਹੈ, ਉਹ ਅਸੀਂ ਆਪਣੇ ਹੱਥੀਂ ਆਪ ਪੈਰ ਕੁਹਾੜਾ ਮਾਰ ਲਿਆ ਹੈ।
ਸ਼੍ਰੋ. ਕਮੇਟੀ ਵਿੱਚ ਬਹੁ-ਗਿਣਤੀ ਉਨ੍ਹਾਂ ਦੀ ਹੋਣ ਲੱਗੀ ਜੋ ਸਿੱਖੀ ਤੋਂ ਕੋਰੇ ਹੀ ਨਹੀਂ, ਸਿੱਖੀ ਦੀਆਂ ਜੜ੍ਹਾਂ ਤੱਕ ਪੁੱਟ ਦੇਣਾ ਚਾਹੁੰਦੇ ਹਨ। ਇਹ ਹੀ ਕਾਰਨ ਹੈ ਕਿ ਜਦ ਦੀ ਸ਼੍ਰੋ. ਕਮੇਟੀ ਬਣੀ ਹੈ, ਇਸ ਨੇ ਕਿਸੇ ਖਾਸ ਢੰਗਾਂ ਨਾਲ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ, ਕਿਉਂਕਿ ਸਿੱਖੀ ਤਾਂ ਪਿੰਡਾਂ ਵਿੱਚ ਵਸਦੀ ਹੈ। ਬਾਣੀ ਨਾਲ ਪਿਆਰ ਕਰਨ ਵਾਲੇ ਕੁੱਛ ਸਿੱਖ ਘਰਾਣਿਆਂ ਨੇ ਅਤੇ ਸਿੱਖੀ ਨਾਲ ਪਿਆਰ ਕਰਨ ਵਾਲੀਆਂ ਕੁੱਛ ਸੰਸਥਾਵਾਂ ਨੇ ਪ੍ਰਚਾਰ ਦੇ ਜ਼ਰੂਰ ਕੁੱਛ ਉਪਰਾਲੇ ਕੀਤੇ, ਤਾਕਿ ਉਹ ਸਿੱਖੀ ਦੀ ਉਸ ਸ਼ਾਨ ਨੂੰ ਬਰਕਰਾਰ ਰੱਖ ਸਕਣ ਜਿੱਸ ਨੇ ਉਸ ਮੁਗਲ ਹਕੂਮਤ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿੱਤੀਆਂ, ਜਿੱਸ ਹਕੂਮਤ ਨੂੰ ਕਾਇਮ ਰੱਖਣ ਲਈ ਬਹਾਦਰ ਰਾਜਪੂਤ ਆਪਣੀਆਂ ਧੀਆਂ ਦੇ ਡੋਲੇ ਤੱਕ ਦੇ ਰਹੇ ਸਨ। ਇਹ ਹੀ ਨਹੀਂ ਜਿੱਸ ਸਿੱਖੀ ਨੇ ਪੰਜਾਬ ਵਿੱਚ ਆਪਣਾ ਰਾਜ ਤੱਕ ਕਾਇਮ ਕਰ ਲਿਆ, ਤੇ ਵਿਸਾਹ ਘਾਤ ਰਾਹੀਂ ਰਾਜ ਦੇ ਚਲੇ ਜਾਣ ਤੋਂ ਬਾਅਦ ਵੀ ਦੇਸ਼ ਭਗਤੀ ਦੇ ਗੁੜਤੀ ਵਿੱਚ ਮਿਲੇ ਜਜ਼ਬੇ ਨੇ ਅੰਗ੍ਰੇਜ਼ੀ ਰਾਜ ਤੋਂ ਛੁਟਕਾਰਾ ਪਾਉਣ ਲਈ ਦੇਸ਼ ਦੀ ਦੋ ਫੀ ਸਦੀ ਆਬਾਦੀ ਦੇ ਹੁੰਦਿਆਂ ਭੀ 90% (ਨੱਵੇ ਫੀ ਸਦੀ) ਕੁਰਬਾਨੀਆਂ ਦੇ ਕੇ ਆਜ਼ਾਦੀ ਦਾ ਸਿਹਰਾ ਅਤੇ ਆਜ਼ਾਦੀ ਨੂੰ ਮਾਨਣ ਦਾ ਤੁਹਫਾ ਬਹੁਗਿਣਤੀ ਦੇ ਹੱਥ ਫੜਾ ਕੇ ਆਪ ਉਨ੍ਹਾਂ ਦੀ ਸਾਹ ਘੁੱਟਵੀਂ ਕੈਦ ਵਿੱਚ ਪੈ ਗਏ। ਕੈਦ ਦੇ ਪਿੰਜਰੇ ਵਿੱਚ ਪਾ ਕੇ ਦੇਸ਼ ਭਗਤ ਸਿੱਖਾਂ ਨੂੰ ਕਈ ਲਾਰੇ ਲਾਉਣ ਵਾਲੇ ਲੀਡਰਾਂ ਤੇ ਕੱਟੜ ਪੰਥੀ ਫਿਰਕੂ ਪ੍ਰੈਸ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਤੇ ਦਹਿਸ਼ਤਗਰਦ ਵਜੋਂ ਬਦਨਾਮ ਕਰਨਾ ਐਸਾ ਸ਼ੁਰੂ ਕੀਤਾ ਕਿ ਬਹੁਗਿਣਤੀ ਦਾ ਹਰ ਬੰਦਾ ਸਿੱਖਾਂ ਨੂੰ ਦਹਿਸ਼ਤਗਰਦ ਸਮਝਣ ਲੱਗ ਪਿਆ।
ਉੱਧਰ ਅਮਲੀ ਤੌਰ ਤੇ ਦਹਿਸ਼ਤਗਰਦ ਸਾਬਤ ਕਰਨ ਲਈ ਕਈ ਚਾਲਾਂ ਚੱਲੀਆਂ ਗਈਆਂ। ਸੱਭ ਤੋਂ ਪਹਿਲਾਂ ਪੰਜਾਬ ਸਿੱਖ ਇਲਾਕਾ ਹੋਣ ਕਰਕੇ ਪੰਜਾਬ ਦੇ ਜਾਇਜ਼ ਹੱਕਾਂ, ਦਰਿਆਵਾਂ ਦੇ ਪਾਣੀ, ਬਿਜਲੀ ਪੈਦਾ ਕਰਨ ਵਾਲੇ ਸਾਰੇ ਡੈਮ ਤੇ ਪੰਜਾਬ ਲਈ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਇਨ੍ਹਾਂ ਸੱਭ ਤੇ ਕੇਂਦਰ ਨੇ ਕਬਜ਼ਾ ਕਰ ਲਿਆ। ਪੰਜਾਬੀ ਬੋਲਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤੱਕ ਪੰਜਾਬ ਤੋਂ ਬਾਹਰ ਕੱਢਕੇ ਹਿਮਾਚਲ ਪ੍ਰਦੇਸ਼ ਤੇ ਹਰਿਆਣੇ ਨੂੰ ਦੇ ਕੇ ਕਈ ਤਰ੍ਹਾਂ ਦੇ ਜਾਣ ਬੁੱਝ ਕੇ ਝਗੜੇ ਖੜ੍ਹੇ ਕਰ ਦਿੱਤੇ। ਹੱਕ ਮੰਗਣ ਲਈ ਸ਼ਾਂਤੀ ਪੂਰਬਕ ਸੰਘਰਸ਼ ਕਰਦਿਆਂ ਤੇ ਭੀ ਲਾਠੀ ਚਾਰਜ ਤੇ ਗੋਲੀ ਤੱਕ ਚਲਾਉਣ ਦੀ ਹਿਮਾਕਤ ਹੁੰਦੀ ਰਹੀ, ਜਿੱਸ ਨੇ ਸਿੱਖ ਨੌਜਵਾਨਾਂ ਵਿੱਚ ਰੋਹ ਤਾਂ ਪੈਦਾ ਕਰਨਾ ਹੀ ਸੀ। ਦੂਸਰੇ ਨਾਮਧਾਰੀ ਤੇ ਰਾਧਾਸੁਆਮੀ ਸਿੱਖੀ ਨੂੰ ਅੰਦਰੋਗਤੀ ਹਾਨੀ ਪੁਜਾ ਰਹੇ ਸਨ। ਪਰ ਨਿਰੰਕਾਰੀ ਸੰਪਰਦਾ ਨੂੰ ਹੱਲਾਸ਼ੇਰੀ ਦੇ ਕੇ ਸਿੱਖੀ ਤੇ ਸਿੱਖ ਗੁਰੂ ਸਾਹਿਬਾਨ ਦਾ ਮਖੌਲ ਤੱਕ ਉਡਾਉਣ ਦੀ ਖੁੱਲ੍ਹ ਦਿੱਤੀ ਗਈ ਤਾਕਿ ਉਨ੍ਹਾਂ ਵਿਰੁੱਧ ਰੋਸ ਪ੍ਰਗਟ ਕਰਨ ਵਾਲਿਆਂ ਤੇ ਲਾਠੀਚਾਰਜ ਆਦਿ ਕਰਕੇ ਤੇ ਪ੍ਰੈਸ ਰਾਹੀਂ ਸਿੱਖਾਂ ਨੂੰ ਦਹਿਸ਼ਤਗਰਦਾਂ ਵਜੋਂ ਬਦਨਾਮ ਕੀਤਾ ਜਾਵੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਅੰਮ੍ਰਿਤਸਰ, ਦਿੱਲੀ, ਕਾਨਪੁਰ ਆਦਿ ਥਾਵਾਂ ਤੇ ਦਰਜਨਾਂ ਸਿੰਘ ਸ਼ਾਂਤੀ ਪੂਰਬਕ ‘ਵਾਹਿਗੁਰੂ’ ਜਾਪ ਕਰਦੇ ਸ਼ਹੀਦ ਕਰ ਦਿੱਤੇ ਗਏ। ਇਸ ਸੱਭ ਕਾਸੇ ਦਾ ਜ਼ਿੰਮੇਵਾਰ ਗੁਰਬਚਨਾ ਨਿਰੰਕਾਰੀ ਸ੍ਰਕਾਰੀ ਤੇ ਪੁਲੀਸ ਸੁਰੱਖਿਆ ਹੇਠ ਸਾਫ ਬਚਦਾ ਰਿਹਾ। ਇਹ ਸੱਭ ਕੁੱਛ ਮੁੱਖ ਮੰਤਰੀ ਬਾਦਲ ਦੇ ਹੁੰਦਿਆਂ ਹੋਇਆ। ਇਸ ਤਰ੍ਹਾਂ ਸੱਚ, ਹੱਕ ਦਾ ਸੰਘਰਸ਼ ਕਰਦੇ ਸਿੱਖ ਦਹਿਸ਼ਤਗਰਦ ਕਰਕੇ ਬਦਨਾਮ ਕੀਤੇ ਗਏ। ਇਸ ਤਰ੍ਹਾਂ ਦੇ ਪ੍ਰੋਗਰਾਮ ਨੂਰਮਹਿਲੀਏ, ਸਰਸਾ ਸਾਧ ਆਦਿ ਤੋਂ ਕਰਵਾ ਕੇ ਹਾਲੇ ਤੱਕ ਦੁਹਰਾਇਆ ਜਾ ਰਿਹਾ ਹੈ। ਉਹ ਵੀ ਆਪਣੇ ਆਪ ਨੂੰ ਪੰਥਕ ਸਰਕਾਰ ਕਹਿਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ੍ਰਕਾਰ ਹੁੰਦਿਆਂ। ਜਦ ਕਿ ਕੈਪਟਨ ਅਰਮਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਇਨ੍ਹਾਂ ਕਿਸੇ ਨੂੰ ਤੇ ਖਾਸ ਕਰਕੇ ਸਰਸਾ ਸਾਧ ਨੂੰ ਪੰਜਾਬ ਵਿੱਚ ਕੋਈ ਭੀ ਪ੍ਰੋਗਰਾਮ ਕਰਨ ਤੇ ਰੋਕ ਲਾਈ ਹੋਈ ਸੀ। ਸੋ ਅਖੌਤੀ ਪੰਥਕ ਸ੍ਰਕਾਰ ਦੀ ਸਿੱਖਾਂ ਨੂੰ ਦੇਣ ਹੈ, ਲਾਠੀਚਾਰਜ, ਗੋਲੀ ਦੇ ਸ਼ਿਕਾਰ ਅਤੇ ਉਨ੍ਹਾਂ ਸਿੱਖਾਂ ਨੂੰ ਦਹਿਸ਼ਤਗਰਦ ਵਜੋਂ ਬਦਨਾਮ ਕਰਨਾ ਜਿਨ੍ਹਾਂ ਦੀਆਂ ਵੋਟਾਂ ਦੇ ਸਿਰ ਤੇ ਮੁੱਖ ਮੰਤਰੀ ਦੀ ਕੁਰਸੀ ਦਾ ਨਿੱਘ ਮਾਣਿਆ ਜਾ ਰਿਹਾ ਹੈ। ਇਸ ਦੇ ਨਾਲ ਸਿੱਖੀ ਵਿਰੁੱਧ ਡੇਰਾਵਾਦ ਨੂੰ ਖੁੱਲੀ ਛੁੱਟੀ ਦਿੱਤੀ ਗਈ ਹੈ, ਸਿਰਫ ਕੁਰਸੀ ਦੀਆਂ ਵੋਟਾਂ ਲਈ। ਇਸ ਸੱਭ ਕੁੱਛ ਦੇ ਨਾਲ ‘ਗੋਹਟੇ ਨਾਲ ਸਹੇ ਦਾ ਸ਼ਿਕਾਰ’ ਭਾਵ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪਾਂ ਪਾਸਕ ਹਿੱਸਾ ਪਾਕੇ, ਮੁਸਲਮਾਨੀ ਰਾਜ ਦੇ ਸਮੇਂ, ਇਹ ‘ਰਾਸ਼ਟਰ ਸੇਵਿੰਗ ਸੰਗ’, ਸ਼ਿਵ ਸੈਨਾ, ਬਜਰੰਗ ਦਲ ਆਦਿ ਗਿੱਦੜਾਂ ਦੀ ਨੀਂਦੇ ਸੁੱਤੇ ਪਏ ਮੁਫਤੋ ਮੁਫਤੀ ਆਜ਼ਾਦੀ ਮਿਲਣਸਾਰ ਗਿੱਦੜੋਂ ਸ਼ੇਰ ਬਣ ਗਏ ਅਤੇ ਹਰ ਤਰ੍ਹਾਂ ਦੀ ਤਾਕਤ ਹੱਥ ਵਿੱਚ ਹੋਣ ਕਰਕੇ ਸ਼ੇਰਾਂ (ਆਜ਼ਾਦੀ ਲਈ ਸੱਭ ਕੁੱਛ ਕੁਰਬਾਨ ਕਰਨ ਵਾਲੇ ਸਿੱਖਾਂ) ਨੂੰ ਦਹਿਸ਼ਤਗਰਦ ਤੇ ਬੱਕਰੀਆਂ ਬਣਾ ਕੇ ਰੱਖ ਦਿੱਤਾ।
ਹੁਣ ਆਰ. ਐਸ. ਐਸ. ਰਾਤ ਦਿਨ ਸਿੱਖਾਂ ਨੂੰ ਸਿੱਖੀ ਸਿਧਾਂਤ ਤੋਂ ਉਖੇੜ ਕੇ ਹਿੰਦੂ ਕਹਿਣ ਕਹਾਉਣ ਤੇ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਇਨ੍ਹਾਂ ਦਾ ਆਗੂ ਤਾਂ ਭਾਰਤ ਵਿੱਚ ਵਸਣ ਵਾਲੇ ਸੱਭਨਾਂ ਨੂੰ ਹਿੰਦੂ ਕਹਿ ਕੇ ਦੇਸ਼ ਵਿੱਚ ਰਹਿਣ ਲਈ ਮਜਬੂਰ ਕਰ ਰਿਹਾ ਹੈ। ਕਿਸੇ ਦਾ ਬੁਰਾ ਤੱਕਣਾ ਤੇ ਕਰਨਾ ਕਿੱਡਾ ਬੜਾ ਪਾਪ ਹੈ ਜੋ ਬੰਦੇ ਨੂੰ ਨਰਕਾਂ ਦਾ ਭਾਗੀ ਬਣਾ ਦਿੰਦਾ ਹੈ। ਇਹ ਪਾਪ ਕਿਸੇ ਵੇਲੇ ਇਹ ਸੋਚ ਰੱਖਣ ਵਾਲੇ ਇਨ੍ਹਾਂ ਦੇ ਵਡੇਰਿਆ ਨੇ ਬੋਧੀਆਂ ਨਾਲ ਕੀਤਾ ਸੀ ਤੇ ਸਿੱਟੇ ਵਜੋਂ ਸੈਂਕੜੇ ਸਾਲਾਂ ਦੀ ਗੁਲਾਮੀ ਦਾ ਨਰਕ ਭੋਗਣ ਦੀ ਸਜ਼ਾ ਮਿਲੀ ਸੀ। ਹੁਣ ਇਹ ਸਿੱਖਾਂ ਤੇ ਘੱਟਗਿਣਤੀਆਂ ਨਾਲ ਕਰ ਰਹੇ ਹਨ, ਮਿਥਿਹਾਸ ਵਿੱਚ ਵਿਸ਼ਵਾਸ ਰੱਖਣ ਵਾਲੇ ਇਤਿਹਾਸ ਤੋਂ ਬਿਨਾਂ ਸਿੱਖੇ, ਕਿ ਇਸ ਦੀ ਕੀ ਸਜ਼ਾ ਮਿਲੇਗੀ। ਹਾਲੇ ਭੀ ਸਮਾਂ ਹੈ ਕਿ ਸਿੱਖਾਂ ਤੇ ਸਿੱਖੀ ਨੂੰ ਖਤਮ ਕਰਨ ਦੀ ਸੋਚ ਛੱਡ ਕੇ ਸਰਬੱਤ ਦਾ ਭਲਾ ਲੋੜਨ ਹੀ ਨਹੀਂ ਕਰਨ ਵਾਲੇ ਸਿੱਖਾਂ ਨੂੰ ਦੇਸ਼ ਦੀ ਤਰੱਕੀ ਦੇ ਭਾਗੀ ਬਣਾਇਆ ਜਾਵੇ। ਕਿਉਂਕਿ ਸਿੱਖਾਂ ਵਿੱਚ ਗੁਰੂ ਸਾਹਿਬਾਨ ਵਲੋਂ ਮਿਲਿਆ ਸਿੱਖੀ ਜਜ਼ਬਾ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਸਿੱਖੀ ਨੂੰ ਸਦਾ ਕਾਇਮ ਰੱਖਣ ਲਈ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਭਾਈ ਸੱਖਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, ਭਾਈ ਸੁੱਖਾ, ਭਾਈ ਜਿੰਦਾ, ਭਾਈ ਦਲਾਵਰ ਸਿੰਘ ਆਦਿ ਦੇ ਰੂਪ ਵਿੱਚ ਸਦਾ ਹੀ ਪ੍ਰਗਟ ਹੁੰਦੇ ਰਹਿਣਗੇ। ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਵਜੋਂ ਅਕਾਲ ਪੁਰਖ ਵਲੋਂ ਹੀ ਪ੍ਰਗਟ ਕੀਤਾ ਗਿਆ ਹੈ, ਤੇ ਸਦਾ ਹੀ ਜ਼ੁਲਮ ਦਾ ਟਾਕਰਾ ਕਰਨ ਲਈ ਕਾਇਮ ਰਹਿਣ ਵਾਲਾ ਨਿਰਾਲਾ ਤੇ ਨਿਆਰਾ ਪੰਥ ਹੈ। ਭਾਵੇਂ ਇਸ ਨੂੰ ਖਤਮ ਕਰਨ ਲਈ ਅੱਜ 18 ਵੀਂ ਸਦੀ ਦੇ ਜ਼ੁਲਮਾਂ ਤੇ ਢੰਗਾਂ ਨਾਲੋਂ ਵੀ ਵੱਧ ਚੜ੍ਹਕੇ ਹਰ ਤਰ੍ਹਾਂ ਦੀ ਤਾਕਤ ਵਰਤੀ ਜਾ ਰਹੀ ਹੈ। ਇਸ ਵਿੱਚ ਅਖੌਤੀ ਪੰਥਕ ਸ੍ਰਕਾਰ ਸਗੋਂ ਅੱਗੇ ਹੋਕੇ ਹਿੱਸੇਦਾਰ ਬਣ ਰਹੀ ਹੈ। ਹੁਣ ਹੈ ਆਖਰੀ ਪੜਾਅ। ਇੱਕ ਪੜਾਅ ਮ. ਰਣਜੀਤ ਸਿੰਘ ਦੇ ਸਮੇਂ ਦਾ ਜਦ ਮਹਾਰਾਜਾ ਨੇ ਆਪਣੇ ਸੁਹਿਰਦ ਸਰਦਾਰ ਤੇ ਜਰਨੈਲਾਂ ਦੀ ਨਸੀਹਤ ਤੋਂ ਉਲਟ ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਬਿੱਪਰ ਸੋਚ ਦੇ ਮਾਲਕ ਸਿੱਖੀ ਦੇ ਕੱਟੜ ਵਿਰੋਧੀ ਡੋਗਰਿਆਂ, ਮਿਸਰਾਂ ਆਦਿ ਨੂੰ ਸ੍ਰਦਾਰੀ ਸੌਂਪ ਕੇ ਸਿੱਖੀ ਦਾ ਐਸਾ ਘਾਣ ਕਰਾਉਣਾ ਸ਼ੁਰੂ ਕੀਤਾ ਕਿ ਮਨੂੰ ਦੇ ਸੋਏ ਪੈਦਾ ਹੋਣੇ ਬੰਦ ਹੋ ਗਏ, ਜੋ ਕਿ ਕਿਤੇ ਜਾਕੇ ਸਿੰਘ ਸਭਾ ਲਹਿਰ ਦੇ ਦੂਲਿਆਂ ਨੇ ਆਪਣਾ ਸੱਭ ਕੁੱਛ ਵਾਰ ਕੇ ਸਿੱਖੀ ਪਤਨ ਨੂੰ ਠਲ੍ਹ ਪਾਈ।
ਇਸ ਸਮੇਂ ਅਖੌਤੀ ਪੰਥਕ ਸ੍ਰਕਾਰ ਦੇ ਆਗੂ ਖਾਸ ਕਰਕੇ ਸਤਿਕਾਰਯੋਗ ਮੁੱਖ ਮੰਤਰੀ ਮ. ਰਣਜੀਤ ਸਿੰਘ ਤੋਂ ਕਈ ਗੁਣਾਂ ਅੱਗੇ ਹੋਕੇ ਆਪਣਾ ਆਪ ਕੱਟੜ ਪੰਥੀ ਸਿੱਖ ਵਿਰੋਧੀ ਤਾਕਤਾਂ ਆਰ. ਐਸ. ਐਸ. , ਬੀ. ਜੇ. ਪੀ. , ਸਨਾਤਨੀ ਕਿਸਮ ਦੇ ਸਿੱਖ ਡੇਰਿਆ ਆਦਿ ਦੇ ਹਵਾਲੇ ਕਰ ਚੁੱਕਾ ਹੈ। ਸਿੱਖ ਪਰੰਪਰਾ ਤੋਂ ਉਲਟ ਮੰਦਰਾਂ ਵਿੱਚ ਹਵਨ, ਰਮਾਇਣ ਆਦਿ ਦੇ ਪਾਠ (ਜੋ ਹਜ਼ਾਰ ਸਾਲ ਦੀ ਗੁਲਾਮੀ ਸਮੇਂ ਦੇਸ਼ ਦਾ ਕੁੱਛ ਨਾ ਸੰਵਾਰ ਸਕੇ) ਕਰਾਉਣੇ, ਸਾਧਾਂ ਦੇ ਡੇਰਿਆਂ ਤੇ ਮੱਥੇ ਰਗੜਨੇ ਆਦਿ ਮਾਮੂਲੀ ਹੀ ਸਮਝਿਆ ਜਾਂਦਾ ਹੈ। ਇਸ ਤੋਂ ਭੀ ਖਤਰਨਾਕ, ਸ਼੍ਰੋ. ਗੁ. ਪ੍ਰ. ਕਮੇਟੀ (ਜੋ ਸਿਰਲੱਥ ਸੱਜਨਾਂ ਨੇ ਸਿੱਖੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਲਈ ਬਣਾਈ ਸੀ) ਦੀ ਚੋਣ ਵਿੱਚ ਵੱਧ ਤੋਂ ਵੱਧ ਆਪਣੇ ਵਲੋਂ ਟਿੱਕੇ ਗਏ ਬੰਦਿਆਂ ਨੂੰ, ਸਿੱਖੀ ਵਿੱਚ ਵਿਵਰਜਤ ਸ਼ਰਾਬ ਤੇ ਹੋਰ ਨਸ਼ੇ ਵੰਡ ਕੇ ਜਿਤਾ ਕੇ ਕਮੇਟੀ ਦੇ ਮੈਂਬਰ ਬਨਾਉਣਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖਾਲਸਾ ਪੰਥ ਵਲੋਂ ਚੁਣੇ ਜਾਣ ਦੀ ਥਾਂ ਆਪਣਾ ਹੱਥ ਟੋਕਾ ਵਜੋਂ ਸੇਵਾ ਤੇ ਲਾਉਣਾ ਹੈ। ਕਮੇਟੀ ਦਾ ਕੋਈ ਅਜ਼ਾਦ ਮੈਂਬਰ ਆਪਣੇ ਖਿਆਲਾਂ ਦੇ ਵਿਰੁੱਧ ਚੁਿਣਆ ਦੇਖ ਕੇ ਉਸ ਤੇ ਗਲਤ ਇਲਜ਼ਾਮ ਲਗਾ ਕੇ ਕੈਦ ਕਰਵਾ ਦੇਣਾ, ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਨਾਲ ਕੀਤੀ। ਜਦ ਸ਼੍ਰੋ. ਕਮੇਟੀ ਦਾ ਪ੍ਰਧਾਨ ਇਹ ਖੁਲੇਆਮ ਕਹਿ ਦੇਵੇ ਕਿ ਮੈਂ ਤਾਂ ਆਪਣੇ ਮਾਲਕ, ਭਾਵ ਮੁੱਖ ਮੰਤਰੀ, ਦਾ ਹੁਕਮ ਮੰਨਣਾ ਹੈ, ਤਦ ਕਮੇਟੀ ਦੇ ਸਾਰੇ ਮੈਂਬਰਾਂ ਪਾਸੋਂ ਕਿਹੜੀ ਸੇਵਾ ਦੀ ਆਸ ਰੱਖੀ ਜਾ ਸਕਦੀ ਹੈ। ਤਾਹੀਉਂ ਤਾਂ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀਂ ਹੋਇਆ।
ਪ੍ਰਚਾਰ ਹੋਵੇ ਭੀ ਕਿੱਦਾਂ, ਜਦ ਸਤਿਕਾਰਯੋਗ ਮੁੱਖ ਮੰਤਰੀ (ਫਖਰੇ ਕੌਮ ਦੀ ਪਦਵੀ ਲੈ ਕੇ ਭੀ) ਸ੍ਰੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਮੁੱਠੀ ਵਿੱਚ ਲੈ ਕੇ, ਗੁਰੂ ਜੀ ਵਲੋਂ ਬਿਆਨਿਆ “ਖਾਲਸਾ ਅਕਾਲ ਪੁਰਖ ਕੀ ਫੌਜ। ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ” ਨੂੰ ਬਿਲਕੱਲ ਭੁਲਾ ਕੇ ਲਖਪਤ ਰਾਏ ਵਾਂਗ ਦਿਲ ਵਿੱਚ ਧਾਰ ਬੈਠਾ ਹੋਵੇ ਕਿ ਸਿੱਖ ਧਰਮ ਕਿਸੇ ਕੀਮਤ ਤੇ ਭੀ ਰਹਿਣ ਨਹੀਂ ਦੇਣਾ। ਇਸ ਕਰਕੇ ਹੀ ਪੰਜਾਬ ਦੀਆਂ ਜਾਇਜ਼ ਮੰਗਾਂ, ਦਰਿਆਈ ਪਾਣੀ, ਬਿਜਲੀ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਲੈਣ (ਕਦੇ ਕਦੇ ਨਾਹਰਾ ਲਾ ਦੇਣਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਕੋਈ ਮਤਲਬ ਨਹੀਂ ਰੱਖਦਾ) ਉਮਰ ਕੈਦ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਆਦਿ ਸੱਭ ਕੁੱਛ ਭੁਲਾ ਦਿੱਤਾ ਗਿਆ ਹੈ। ਇਹ ਤਾਂ ਕੀ ਪੰਜਾਬ ਤੇ ਸਿੱਖੀ ਨਾਲ ਦਰਦ ਰੱਖਣ ਵਾਲੇ ਜੇ ਇਨ੍ਹਾਂ ਮੰਗਾਂ ਜਾ ਛੋਟੀਆਂ ਮੰਗਾਂ ਬਾਰੇ ਦਿਖਾਵਾ ਕਰਦੇ ਹਨ ਤਾਂ ਉਨ੍ਹਾਂ ਤੇ ਲਾਠੀ ਚਾਰਜ ਤੇ ਗੋਲੀ ਤੱਕ ਚਲਾਈ ਜਾਂਦੀ ਹੈ। ਸਿੱਖ ਫਿਰ ਭੀ ਕੋਈ ਭੰਨ ਤੋੜ ਨਹੀਂ ਕਰਦੇ, ਪਰ ਗ੍ਰਿਫਤਾਰ ਜ਼ਰੂਰ ਕਰ ਲਏ ਜਾਂਦੇ ਹਨ। ਜੇ ਹੋਰ ਕੋਈ ਆਪਣੀਆਂ ਮੰਗਾਂ ਲਈ ਮੁਜ਼ਾਹਰਾ ਹੀ ਨਹੀਂ, ਭੰਨ ਤੋੜ ਭੀ ਕਰਦੇ ਹਨ ਤਾਂ ਉਨ੍ਹਾਂ ਤੇ ਕੋਈ ਲਾਠੀ ਚਾਰਜ ਆਦਿ ਨਹੀਂ ਕੀਤਾ ਜਾਂਦਾ। ਇਸ ਸੱਭ ਕੁੱਛ ਦਾ ਕੀ ਮਤਲਬ ਹੈ? ਸਮਝਣਾ ਔਖਾ ਨਹੀਂ।
ਜਿੱਥੇ ਮ. ਰਣਜੀਤ ਸਿੰਘ, ਕਈ ਗੱਲਾਂ ਵਿੱਚ, ਸਿੱਖ ਸਿਧਾਂਤ ਤੋਂ ਉਲਟ ਚੱਲ ਕੇ ਵੀ ਸਿੱਖੀ ਦਾ ਬੁਰਾ ਨਹੀਂ ਸੀ ਚਾਹੁੰਦਾ, ਭਾਵੇਂ ਸਿੱਖ ਵਿਰੋਧੀ ਤਾਕਤਾਂ ਦੇ ਅਧੀਨ ਹੋਕੇ ਅਤੇ ਦੂਰ-ਅੰਦੇਸ਼ੀ ਨਾ ਵਰਤ ਕੇ, ਸਿੱਖੀ ਦਾ ਹੱਦੋਂ ਵੱਧ ਨੁਕਸਾਨ ਕਰਾਉਣ ਦਾ ਜ਼ੁੰਮੇਵਾਰ ਬਣਿਆ, ਪਰ ਉਹ ਦਿਲੋਂ ਸਿੱਖੀ ਨਾਲ ਪਿਆਰ ਕਰਦਾ ਸੀ। ਪਰ ਇੱਥੇ ਪੰਜਾਬ ਵਿੱਚ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਓਹਲੇ ਕਰਕੇ ਅਮਨ ਸ਼ਾਂਤੀ ਦਾ ਨਾਹਰਾ ਲਾਕੇ, ਸਿਰਫ ਮੁਖ-ਮੰਤਰੀ ਦੀ ਕੁਰਸੀ ਨੂੰ ਪੱਕਿਆਂ ਰੱਖਣ ਲਈ, ਸਿਰਫ ਸਿੱਖਾਂ ਨੂੰ ਹੀ ਦਬਾ ਕੇ, ਭਾਵੇਂ ਮੁਜ਼ਾਹਰੇ ਕਰਦਿਆਂ ਨੂੰ ਉੱਪਰ ਦੱਸਿਆ ਵਰਤਾਉ ਕਰਕੇ, ਭਾਵੇਂ ਨਸ਼ੇ ਦੀ ਮਸਤੀ ਵਿੱਚ ਚੂਰ ਕਰਕੇ ਆਪਣੇ ਹੱਕਾਂ ਲਈ ਸੋਚਣੀ ਤੱਕ ਨਾ ਰਹਿਣ ਦੇਣੀ ਵਾਲਾ ਦਾਉ ਵਰਤ ਕੇ (ਕਿਉਂਕਿ ਨੌਜਵਾਨਾਂ ਨੂੰ ਨਸ਼ੇ ਅਖੌਤੀ ਪੰਥਕ ਸ੍ਰਕਾਰ ਦੇ ਵਜ਼ੀਰ, ਜਿਨ੍ਹਾਂ ਦਾ ਨਾਮ ਸ਼ਰੇਆਮ ਨਸ਼ਰ ਹੋ ਚੁੱਕਾ ਹੈ, ਵਰਤਾ ਰਹੇ ਹਨ) ਅਤੇ ਨੌਜਵਾਨਾਂ ਨੂੰ ਡਰਾਉਣ ਧਮਕਾਉਣ ਲਈ ਬਦਨਾਮ ਹੋ ਚੁੱਕੇ ਪੁਲੀਸ ਅਫਸਰ, ਜਿਨ੍ਹਾਂ ਦੇ ਹੱਥ ਨੌਜਵਾਨਾਂ ਦੇ ਖੂਨ ਨਾਲ ਰੰਗੇ ਪਏ ਹਨ, ਉੱਚੀਆਂ ਪਦਵੀਆਂ ਤੇ ਲਗਾਏ ਗਏ ਹਨ। ਹੁਣ ਵਾਂਗ ਇਹ ਹੀ ਅਮਨ ਸ਼ਾਂਤੀ ਦਾ ਨਾਹਰਾ, ਕਿਸੇ ਵੇਲੇ ਜਬਰੀ ਬਣੇ ਮੁਖ-ਮੰਤਰੀ ਬਿਅੰਤ ਸਿਉਂ ਨੇ, ਲਾਕੇ 4/5 ਸਾਲਾਂ ਵਿੱਚ ਹਜ਼ਾਰਾਂ ਵਿੱਚ ਸਿੱਖ ਨੌਜਵਾਨ ਫਰਜ਼ੀ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਏ ਸਨ। ਹੁਣ ਅਖੌਤੀ ਪੰਥਕ ਸ੍ਰਕਾਰ ਵਲੋਂ ਆਪਣੇ ਕੋਲੋਂ ਅਸਲਾ ਪਾਕੇ ਸਿੱਖ ਨੌਜਵਾਨਾਂ ਨੂੰ ਕੈਦ ਕੀਤਾ ਜਾਂਦਾ ਹੈ, ਉੱਪਰ ਦੱਸੇ ਵਾਂਗ ਬਾਕੀ ਦਿਆਂ ਨੂੰ ਨਸ਼ੇ ਵਿੱਚ ਚੂਰ ਕਰਕੇ ਸੋਚਣ ਦੀ ਸ਼ਕਤੀ ਹੀ ਨਹੀਂ, ਜੀਉਣ ਤੇ ਬੱਚੇ ਪੈਦਾ ਕਰਨ ਸ਼ਕਤੀ ਤੋਂ ਵੀ ਵਾਂਝੇ ਬਣਾਇਆ ਜਾ ਰਿਹਾ ਹੈ। ਇਸ ਤੋਂ ਵੱਧ ਸਿੱਖੀ ਦਾ ਕੀ ਘਾਣ ਹੋ ਸਕਦਾ ਹੈ? ਇਸ ਬਹੁਰੂਪੀਏ ਮੁੱਖ-ਮੰਤਰੀ ਵਲੋਂ ਅਪਨਾਏ ਢੰਗਾਂ ਨਾਲ ਸਿੱਖੀ ਦਾ ਨਿਘਾਰ ਆਪਣੀਆਂ ਹੱਦਾਂ ਟੱਪ ਚੁੱਕਾ ਹੈ। ਸਿਰਫ ਮੁੱਖ-ਮੰਤਰੀ ਦੀ ਕੁਰਸੀ ਨੂੰ ਚਿੰਬੜੇ ਰਹਿਣ ਲਈ। ਇਸ ਕੁਰਸੀ ਨੂੰ ਸਾਰੇ, ਪਠਾਣ, ਮੁਗਲ ਤੇ ਅੰਗ੍ਰੇਜ਼ ਹੰਢਾ ਕੇ ਚਲਦੇ ਬਣੇ, ਪਰ ਸਿੱਖੀ ਸਪਿਰਟ (ਜਜ਼ਬਾ) ਸਦਾ ਚੜ੍ਹਦੀ ਕਲਾ ਵਿੱਚ ਹੀ ਰਹੀ ਹੈ, ਕਿਉਂਕਿ ਉੱਪਰ ਦੱਸੇ ਵਾਂਗ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਸਦਾ ਹੀ ਪੈਦਾ ਹੁੰਦੇ ਰਹਿਣੇ ਹਨ। ਖਾਲਸਾ ਅਕਾਲ ਪੁਰਖ ਦੀ ਫੌਜ ਜੁ ਹੋਈ।
ਅੰਤ ਵਿੱਚ ਇੱਕ ਦੋ ਜ਼ਰੂਰੀ ਗੱਲਾਂ ਹਨ। ਇੱਕ ਤਾਂ ਪ੍ਰੋ. ਪੂਰਨ ਸਿੰਘ ਦੇ ਬੋਲ, “ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ” ਹਾਲੇ ਵੀ ਸੱਚ ਹੈ। ਭਾਵੇਂ ਨੌਜਵਾਨਾਂ ਨੇ ਪੰਜਾਬ ਦੀ ਬੁੱਚੜ ਪੁਲੀਸ ਤੋਂ ਡਰਦਿਆਂ ਨੇ ਕੇਸ ਕਟਾਏ ਹੋਏ ਹਨ, ਪਰ ਜਦ ਵੀ ਕੋਈ ਪੰਥ ਲਈ ਨਾਹਰਾ ਦਿੱਤਾ ਜਾਂਦਾ ਹੈ ਤਾਂ ਉਹ ਹੀ ਨੌਜਵਾਨ ਹੱਥਾਂ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੁੱਕੀ ਵਹੀਰਾਂ ਘੱਤ ਦਿੰਦੇ ਹਨ, ਜਿਵੇਂ ਭਾਈ ਰਾਜੂਆਣਾ ਦੀ ਫਾਂਸੀ ਸੰਬੰਧੀ ਜਾ ਭਾਈ ਗੁਰਬਖਸ਼ ਸਿੰਘ ਵਲੋਂ ਸਿੰਘਾਂ ਦੀ ਰਿਹਾਈ ਸਮੇਂ ਦੇਖਣ ਵਿੱਚ ਆਇਆ ਹੈ। ਦੂਸਰੇ ਸਿੱਖੀ ਲਈ ਸੱਭ ਕੁੱਛ ਵਾਰਨ ਵਾਲੇ ਕਈ ਤਰ੍ਹਾਂ ਦੇ ਢੰਗ ਵਰਤ ਕੇ ਸਿੱਖੀ ਨੂੰ ਢਹਿੰਦੀ ਕਲਾ ਤੋਂ ਬਚਾਉਣ ਤੇ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਸਕੂਲ, ਕਾਲਿਜ, ਹਸਪਤਾਲ ਆਦਿ ਰਾਹੀਂ ਸੇਵਾ ਕਰ ਰਹੇ ਹਨ। ਕਿੰਨਾਂ ਚੰਗਾ ਹੋਵੇ ਜੇ ਸਾਰੇ ਇੱਕ ਮੰਚ ਤੇ ਆਕੇ ਇੱਕ ਐਸਾ ਬੋਰਡ, ਖਾਸ ਕਰਕੇ ਯੁਨੀਵਰਸਟੀ ਦਾ ਰੂਪ ਦੇ ਕੇ ਇਹ ਸਾਰੇ ਸਕੂਲ, ਕਾਲਿਜ, ਹਸਪਤਾਲ ਆਦਿ ਉਸ ਦੇ ਪ੍ਰਬੰਧ ਥੱਲੇ ਕਰਕੇ ਇੱਕ ਖਾਸ ਸਲੇਬਸ ਤਿਆਰ ਕਰਨ, ਜਿੱਸ ਵਿੱਚ, ਸਿੱਖ ਇਤਿਹਾਸ ਇੱਕ ਜ਼ਰੂਰੀ ਵਿਸ਼ਾ ਹੋਵੇ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮ. ਰਣਜੀਤ ਸਿੰਘ ਕੀ, 1947 ਤੱਕ ਪੰਜਾਬ ਦਾ ਇਤਹਿਾਸ ਸਿੱਖ ਇਤਹਿਾਸ ਹੀ ਤਾਂ ਹੈ। ਗੁਰੂ ਨਾਨਕ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਜਾਂਦੇ ਕਿਰਤੀਆਂ, ਨੀਵੀਆਂ ਜਾਤਾਂ ਤੇ ਔਰਤ ਨੂੰ ਬਰਾਬਰ ਦੇ ਦਰਜੇ ਲਈ ਨਿਕਲਾਬੀ ਕਦਮ ਚੁੱਕੇ ਅਤੇ ਧਾਰਮਿਕ ਤੇ ਹਾਕਮ ਸ਼੍ਰੇਣੀਆਂ ਨੂੰ ਲੋਕਾਂ ਤੇ ਜ਼ੁਲਮ ਤੇ ਲੁੱਟ ਖਸੁੱਟ ਵਿਰੁੱਧ, ਬ੍ਰਾਹਮਣ, ਕਾਜ਼ੀ, ਤੇਜੋਗੀ, ਤਿੰਨੇ ਉਜਾੜੇ ਦੀ ਜੜ੍ਹ ਕਹਿ ਕੇ ਤੇਹਾਕਮਾਂ ਨੂੰ ਰਾਜੇ ਸ਼ੀਂਹ, ਮੁਕੱਦਮ ਕੁੱਤੇ ਕਹਿ ਕੇ ਉਨ੍ਹਾਂ ਦੇ ਮੂੰਹ ਤੇ ਉਨ੍ਹਾਂ ਨੂੰ ਝਾੜਾਂ ਪਾਈਆਂ। ਅੱਜ ਇਸ ਮਹਾਨ ਕੰਮ ਦਾ ਸਿਹਰਾ ਭਾਵੇਂ ਹੋਰਨਾਂ ਦੇ ਸਿਰ ਤੇ ਬੰਨ੍ਹਿਆਂ ਜਾ ਰਿਹਾ ਹੈ। ਸਿੱਖ ਇਤਿਹਾਸ ਪਹਿਲੀ ਤੋਂ ਲੈ ਕੇ ਡਾਕਟਰੇਟ ਤੱਕ ਜ਼ਰੂਰੀ ਹੋਵੇ, ਕਿਉਂਕਿ ਪੰਜਾਬ ਦਾ ਇਤਿਹਾਸ ਇਸ ਕਰਕੇ ਸਿੱਖ ਇਤਿਹਾਸ ਹੈ, ਕਿ ਸਿੱਖ ਜਦੋਜਿਹਦ ਕਰਕੇ ਹੀ ਪੰਜਾਬ ਅਫਗਾਨਿਸਤਾਨ ਦਾ ਸੂਬਾ ਨਾ ਬਣ ਸਕਿਆ।
ਇਹ ਦੋ ਗੱਲਾਂ ਖਾਸ ਮਹੱਤਤਾ ਰੱਖਦੀਆਂ ਹਨ, ਨੌਜਵਾਨਾਂ ਵਿੱਚ ਵਿਸ਼ਵਾਸ, ਕਿਉਂਕਿ ਉਹ ਕਿਸੇ ਸ਼ਕਲ ਵਿੱਚ ਹੋਣ, ਉਨ੍ਹਾਂ ਵਿੱਚ ਸਿੱਖੀ ਜਜ਼ਬਾ ਹੈ। ਦੂਸਰੇ ਸਾਰਾ ਵਿਦਿਅਕ ਆਦਿ ਪ੍ਰਬੰਧ ਇੱਕ ਸਾਂਝੀ ਯੁਨੀਵਰਸਟੀ ਦੇ ਅਧੀਨ ਹੋਵੇ ਅਤੇ ਗੁਰੂ ਦੱਸੇ ਗੁਰਮਤੇ ਦੇ ਅਧਾਰ ਤੇ ਬੜੀ ਸੂਝ ਬੂਝ ਤੇ ਹੋਸ਼ ਨਾਲ ਚਲਾਇਆ ਜਾਵੇ। ਇਸ ਦੀ ਸੇਵਾ ਲਈ ਸੇਵਾ ਮੁਕਤ ਪ੍ਰੋਫੈਸਰ, ਟੀਚਰ, ਡਾਕਟਰ, ਫੌਜੀ ਅਫਸਰ ਆਦਿ ਖੁਸ਼ੀ ਖੁਸ਼ੀ ਆਪਣੀ ਸੇਵਾ ਅਰਪਨ ਕਰਨ। ਫਿਰ ਕੋਈ ਕੱਟੜ-ਪੰਥੀ ਸੰਸਥਾ ਕਿਸੇ ਰੂਪ ਵਿੱਚ ਭੀ ਸਿੱਖੀ ਦਾ ਕੁੱਛ ਵਿਗਾੜ ਨਹੀਂ ਸਕਦੀ। ਇਨ੍ਹਾਂ ਤੋਂ ਇਲਾਵਾ ਹੋਰ ਭੀ ਢੰਗ ਤਰੀਕੇ ਜੋ ਠੀਕ ਲੱਗਣ ਵਰਤੇ ਜਾ ਸਕਦੇ ਹਨ।
ਅਖੀਰ ਵਿੱਚ ਦਇਆ, ਧਰਮ, ਸਤ, ਸੰਤੋਖ ਆਦਿ ਸ਼ੁਭ ਵਿਰਤੀਆਂ ਤੇ ਅਧਾਰਤ ਸਰਬੱਤ ਦੇ ਭਲੇ ਦੀ ਸਿੱਖੀ ਨੂੰ ਖਤਮ ਕਰਨ ਦਾ ਹਰ ਸ਼ੈਤਾਨੀ ਤੇ ਰਾਕਸ਼ੀ ਢੰਗ ਬਾਹਰਲਿਆਂ ਨੇ ਚੁੱਕਿਆ। ਪਰ ਅੱਜ ਸਿੱਖੀ ਨੂੰ ਖਤਮ ਕਰਨ ਦਾ ਸ਼ੈਤਾਨੀ ਬੀੜਾ ਉਨ੍ਹਾਂ ਨੇ ਚੁੱਕਿਆ ਹੈ ਜਿਨ੍ਹਾਂ ਦੇ ਪਸੀਨੇ ਦੇ ਹਰ ਤੁਪਕੇ ਲਈ ਸਿੱਖਾਂ ਨੇ ਆਪਣਾ ਖੂਨ ਬਹਾਉਣਾ ਭੀ ਸਸਤਾ ਸਮਝਿਆ ਅਤੇ ਦੂਸਰੇ ਉਹ ਹਨ ਜੋ ਨੌਜਵਾਨਾਂ ਨੂੰ ਪੰਜਾਬ ਦੀਆਂ ਜਾਇਜ਼ ਮੰਗਾਂ ਲਈ ਸ਼ਹੀਦੀ ਦੇ ਰਾਹ ਤੇ ਤੋਰ ਕੇ ਅੱਜ ਕੁਰਸੀਆਂ ਦਾ ਆਨੰਦ ਮਾਣ ਰਹੇ ਹਨ।




.