.

ਹਿੰਦੀ ਹਿੰਦੂ ਹਿੰਦੁਸਤਾਨ ਤੇ ਸਿੱਖ

ਸਤਨਾਮ ਸਿੰਘ ਜੌਹਲ 604-307-3800

ਭਾਰਤ ਇੱਕ ਬਹੁ ਸਭਿਆਚਾਰਕ ਅਤੇ ਬਹੁ ਭਾਸ਼ਾਈ ਦੇਸ਼ ਹੈ ਜਿਸ ਵਿੱਚ ਹਿੰਦੂ, ਮੁਸਲਮਾਨ, ਈਸਾਈ, ਸਿੱਖ, ਬੋਧੀ, ਜੈਨੀ, ਦਲਿਤ ਅਦਿਕ ਕੌਮਾਂ ਰਹਿੰਦੀਆਂ ਹਨ। ਦੇਸ਼ ਵਿੱਚ ਕਿਸੇ ਵੀ ਭਾਸ਼ਾ ਨੂੰ ਕੌਮੀ ਦਰਜਾ ਹਾਸਿਲ ਨਹੀ ਹੈ। ਯੂਨੀਅਨ ਗੌਰਮਿੰਟ ਆਫ ਇੰਡੀਆਂ ਦੀ ਆਫੀਸ਼ੀਅਲ ਭਾਸ਼ਾ ਦੇ ਤੌਰ ਤੇ ਇੰਗਲਿਸ਼ ਅਤੇ ਹਿੰਦੀ (ਦੇਵਨਗਰੀ ਲਿਪੀ) ਨੂੰ ਮਾਨਤਾ ਪ੍ਰਾਪਤ ਹੈ। ਦੇਸ ਵਿੱਚ 22 ਖੇਤਰੀ ਬੋਲੀਆਂ ਨੂੰ ਆਫੀਸ਼ੀਅਲ ਭਾਸ਼ਾ ਦਾ ਦਰਜਾ ਹਾਸਲ ਹੈ। ਜਿਨ੍ਹਾਂ ਵਿਚੋਂ ਇੱਕ ਪੰਜਾਬੀ ਭਾਸ਼ਾ ਵੀ ਹੈ ਜਿਹੜੀ ਕਿ ਦੇਸ ਦੇ 29 ਮਿਲੀਅਨ ਲੋਕਾਂ ਦੀ ਬੋਲੀ ਹੈ। ਪੰਜਾਬੀ ਸੰਸਾਰ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਂਵਾਂ ਵਿੱਚ ਦਸਵੇਂ ਨੰਬਰ ਤੇ ਅਤੇ ਭਾਰਤ `ਚ ਗਿਆਰਵੇ ਦਰਜੇ ਉਪਰ ਆਂਉਦੀ ਹੈ। ਪੰਜਾਬੀ ਭਾਸ਼ਾ ਨੂੰ ਹੀ ਗੁਰੂ ਸਾਹਿਬਾਨ ਨੇ ਪ੍ਰਚਾਰ ਤੇ ਪ੍ਰਸਾਰ ਦਾ ਮਾਧਿਆਮ ਬਣਾਇਆ ਸੀ।
ਪਿਛਲੇ ਕੁਛ ਸਮੇਂ ਤੋਂ ਜਿਥੇ ਘੱਟ ਗਿਣਤੀਆਂ ਉਪਰ ਹਮਲਿਆਂ `ਚ ਵਾਧਾ ਹੋਇਆਂ ਉਥੇ ਘਰ ਵਾਪਸੀ ਉਪਰ ਵੀ ਪੂਰਾ ਜ਼ੋਰ ਦਿੱਤਾ ਗਿਆ। ਸਿੱਖ ਧਰਮ ਜਦ ਤੋਂ ਹੋਂਦ ਵਿੱਚ ਆਇਆ ਹੈ ਉਸ ਸਮੇਂ ਤੋਂ ਹੀ ਹਿੰਦੂ ਧਰਮ ਵਲੋਂ ਇਸ ਨੂੰ ਆਪਣੇ ਵਿੱਚ ਜ਼ਜ਼ਬ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਜਿਸ ਦੀ ਪੁਸ਼ਟੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਬਿਆਨ ਤੋਂ ਵੀ ਹੋ ਜਾਂਦੀ ਹੈ:
“ਭਾਰਤ ਵਿੱਚ ਧਾਰਮਕ ਅਸਹਿਣਸ਼ੀਲਤਾ ਦੀਆਂ ਵਾਰਦਾਤਾਂ ਸ਼ਰਮਨਾਕ ਹਨ ਜੇ ਦੇਸ਼ ਫਿਰਕੂ ਲੀਹਾਂ ਉਪਰ ਵੰਡਿਆਂ ਗਿਆ ਤਾਂ ਵਿਕਾਸ ਨਹੀ ਕਰ ਸਕੇਗਾ।”
ਅਮਰੀਕਾ ਦੇ ਮਸ਼ਹੂਰ ਅਖਬਾਰ ਨਿਉਯਾਰਕ ਟਾਇਮਜ਼ ਨੇ ਆਪਣੇ ਸੰਪਾਦਕੀ `ਚ ਲਿਖਿਆ ਕਿ ਭਾਰਤ ਵਿੱਚ ਘਟ ਗਿਣਤੀਆਂ ਵਿਰੁੱਧ ਵਧਦੀ ਹਿੰਸਾਂ ਵਾਰੇ ਪ੍ਰਧਾਨ ਮੰਤਰੀ ਆਪਣੀ ਚੁੱਪ ਕਦੋਂ ਤੋੜਨਗੇ? “ਜਿਸ ਇਨਸਾਨ ਨੂੰ ਦੇਸ ਦੇ ਹਰ ਇੱਕ ਨਾਗਰਿਕ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੋਵੇ ਉਹ ਗਿਰਜਿਆਂ ਉਪਰ ਹੋ ਰਹੇ ਹਮਲ਼ਿਆਂ ਵਾਰੇ ਕਿਉਂ ਨਹੀ ਬੋਲਦਾ, ਈਸਾਈਆਂ ਜਾਂ ਮੁਸਲਮਾਨਾਂ ਨੂੰ ਪੈਸੇ ਦੇ ਕੇ ਜਾਂ ਜ਼ਬਰੀ ਹਿੰਦੂ ਬਣਾਏ ਜਾਣ ਬਾਬਤ ਕੋਈ ਬਿਆਨ ਨਾਂ ਦੇਣ ਦਾ ਕੀ ਕਾਰਨ ਹੈ।”
ਕੁਝ ਸਮਾਂ ਪਹਿਲਾਂ ਆਰ ਐਸ ਐਸ ਦੇ ਮੁੱਖੀ ਯਾਦਵਰਾਜ ਜੋਸ਼ੀ ਦੀ ਇੱਕ ਸਜਨ ਨਾਲ ਹੋਈ ਵਾਰਤਾਲਾਪ `ਚ ਦਿੱਤਾ ਜੋਸ਼ੀ ਦਾ ਜ਼ੁਵਾਬ ਬੁਹਤ ਹੀ ਮਹੱਤਵ ਪੂਰਨ ਹੈ:
“ਅਸੀ ਕਹਿੰਦੇ ਹਾਂ ਕਿ ਆਰ ਐਸ ਐਸ ਇੱਕ ਹਿੰਦੂ ਸੰਗਠਨ ਹੈ। ਅਸੀ ਕਹਿੰਦੇ ਹਾਂ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ। ਤੇ ਨਾਲ ਅਸੀ ਇਹ ਵੀ ਕਹਿਦੇ ਹਾਂ ਕਿ ਈਸਾਈ ਅਤੇ ਮੁਸਲਮਾਨ ਆਪਣੇ ਆਪਣੇ ਧਰਮ ਦੀ ਪਾਲ਼ਣਾ ਕਰਦੇ ਰਹਿ ਸਕਦੇ ਹਨ ਬਸ਼ਰਤੇ ਕਿ ਉਹ ਭਾਰਤ ਪ੍ਰਤੀ ਵਫਾਦਾਰ ਰਹਿਣ ਤੇ ਦੇਸ਼ ਨਾਲ ਪਿਆਰ ਕਰਨ। ਅਸੀ ਸਾਫ ਕਿਉ ਨਹੀ ਕਹਿੰਦੇ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਇਸ ਵਿੱਚ ਈਸਾਈਆਂ ਅਤੇ ਮੁਸਲਮਾਨਾਂ ਲਈ ਕੋਈ ਥਾਂ ਨਹੀ?”
ਜੋਸ਼ੀ ਨੇ ਜੁਵਾਬ ਵਿੱਚ ਕਿਹਾ “ਕਿ ਅੱਜ ਕਲ ਹਿੰਦੂ ਸਮਾਜ ਅਤੇ ਆਰ ਐਸ ਐਸ ਏਨੇ ਤਾਕਤਵਰ ਨਹੀ ਹਨ ਕਿ ਉਹ ਈਸਾਈਆਂ ਅਤੇ ਮੁਸਲਮਾਨਾਂ ਨੂੰ ਇਹ ਕਹਿ ਸਕਣ ਕਿ ਉਨ੍ਹਾਂ ਨੇ ਭਾਰਤ `ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਹਿੰਦੂ ਧਰਮ ਮੰਨਣਾ ਪੈਣਾ ਹੈ ਜਾਂ ਉਹ ਹਿੰਦੂ ਬਣਨ ਜਾਂ ਫਿਰ ਮਰ ਜਾਣ। ਪਰ ਜਦੋਂ ਹਿੰਦੂ ਸਮਾਜ ਅਤੇ ਆਰ ਐਸ ਐਸ ਲੋੜੀਂਦੀ ਤਾਕਤ ਹਾਸਲ ਕਰ ਲੈਣਗੇ, ਉਦੋਂ ਅਸੀ ਉਨ੍ਹਾਂ ਨੂੰ ਕਹਾਂਗੇ ਕਿ ਉਨ੍ਹਾਂ ਨੇ ਜੇ ਭਾਰਤ `ਚ ਰਹਿਣਾ ਹੈ ਤੇ ਭਾਰਤ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਮੰਨਣਾ ਪਵੇਗਾ ਕਿ ਕੁੱਝ ਪੀੜ੍ਹੀਆਂ ਪਹਿਲਾਂ ਤੱਕ ਉਹ ਹਿੰਦੂ ਸਨ ਅਤੇ ਉਨ੍ਹਾਂ ਨੂੰ ਹਿੰਦੂ ਧਰਮ ਵਿੱਚ ਵਾਪਸ ਆਉਣਾ ਪਵੇਗਾ।”
ਸਾਵਰਕਰ ਨੇ ਹਿੰਦੂ ਸ਼ਬਦ ਦੀ ਪ੍ਰੀਭਾਸ਼ਾ 1924 ਈ: ’ਚ ਇਸ ਪ੍ਰਕਾਰ ਕੀਤੀ:
“ਕਿ ਭਾਰਤ ਵਿੱਚ ਰਹਿਣ ਵਾਲਾ ਹਰ ਇੱਕ ਵਿਅਕਤੀ ਹਿੰਦੂ ਹੈ ਚਾਹੇ ਉਹ ਮੁਸਲਮਾਨ, ਈਸਾਈ ਕਿਉ ਨਾ ਹੋਵੇ? ਜਿਨ੍ਹਾਂ ਦੀ ਮਾਤਭੂਮੀ ਅਤੇ ਪੂਜਣਯੋਗ ਭੂਮੀ ਭਾਰਤ ਹੈ ਉਹ ਹਿੰਦੂ ਹਨ। ਹਿੰਦੂ ਉਹ ਹੈ ਜੋ ਆਰੀਆ ਹੈ ਅਤੇ ਬ੍ਰਾਹਮਣਵਾਦੀ ਸਭਿਆਚਾਰ `ਚ ਨਿਸ਼ਚਾ ਰੱਖਦਾ ਹੈ। ਹਿਮਾਲੀਆ ਪਰਬਤ ਤੋਂ ਲੈਕੇ ਸਮੁੰਦਰ ਤੱਕ ਫੈਲੇ ਹੋਏ ਇਲਾਕੇ ਵਿੱਚ ਰਹਿੰਦਾ ਹੈ।” ਹਿੰਦੂ ਰਾਸ਼ਟਰਵਾਦ ਦੀ ਧਾਰਨਾ ਵੀ ਇਸੇ ਦੀ ਹੀ ਦੇਣ ਹੈ।
ਇਸ ਪ੍ਰੀਭਾਸ਼ਾ ਤੋਂ ਇਹ ਵੀ ਸਾਫ ਹੋ ਜਾਂਦਾ ਹੇ ਕਿ ਈਸਾਈ ਅਤੇ ਮੁਸਲਮਾਨ ਹਿੰਦੂ ਨਹੀ ਹਨ ਕਿਉਕਿ ਉਨ੍ਹਾਂ ਦੀ ਪਿਤਰ ਭੂਮੀ ਭਾਰਤ ਨਹੀ ਹੈ।
ਮੁਰਲੀ ਮਨੋਹਰ ਜੋਸ਼ੀ ਅਤੇ ਆਰ ਐਸ ਐਸ ਦੇ ਚੀਫ ਸੁਦਰਸ਼ਨ ਅਨੁਸਾਰ: “ਕਿ ਸਿੱਖ ਧਰਮ ਵੱਖਰਾ ਧਰਮ ਨਹੀ ਸਿੱਖ ਵੀ ਹਿੰਦੂ ਹਨ।”
ਆਰ ਐਸ ਐਸ ਤੇ ਜਨ ਸ਼ੰਘ ਦੇ ਲੀਡਰ “ਹਿੰਦੀ ਹਿੰਦੂ ਹਿੰਦੁਸਤਾਨ” ਦਾ ਨਾਹਰਾ ਵੀ ਬੜੇ ਜ਼ੋਰ ਸ਼ੋਰ ਨਾਲ ਲਗਾ ਰਹੇ ਹਨ। ਉਂਜ ਤਾ ਇਸ ਤਰ੍ਹਾਂ ਦਾ ਰੌਲਾ ਰੱਪਾ ਸਮੇਂ ਸਮੇਂ ਸਿਰ ਇਨ੍ਹਾਂ ਵਲੋਂ ਪਾਇਆ ਜਾਂਦਾ ਰਿਹਾ ਹੈ। ਪਰ ਭਾਜਪਾ ਸਰਕਾਰ ਬਨਣ ਬਾਦ ਇਸ ਲਹਿਰ ਨੇ ਕਾਫੀ ਜ਼ੋਰ ਫੜ ਲਿਆ ਜੋ ਕਿ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ।
ਹਿੰਦੀ ਨੂੰ ਦੇਸ ਦੀ ਨੈਸਨਲ ਭਾਸ਼ਾ ਦਾ ਦਰਜਾ ਹਾਸਲ ਨਾ ਹੋਣ ਕਰਕੇ ਵੀ ਇਨ੍ਹਾਂ ਵਲੋਂ ਸਾਰੇ ਭਾਰਤੀਆਂ ਉਪਰ ਠੋਸਣ ਦਾ ਯਤਨ ਕੀਤਾ ਜਾ ਰਹਾ ਹੈ ਜਦੋਂ ਕੇ 2001 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ ਵਿੱਚ 22 ਖੇਤਰੀ ਭਾਸ਼ਾਂਵਾਂ ਨੂੰ ਆਫੀਸ਼ੀਅਲ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਲੱਗ ਭੱਗ 1599 ਹੋਰ ਭਾਸ਼ਾਂਵਾਂ ਬੋਲੀਆਂ ਜਾਂਦੀਆਂ ਹਨ।
ਮੌਜ਼ੂਦਾ ਆਰ ਐਸ ਐਸ ਦੇ ਚੀਫ ਮੋਹਨ ਭਗਵਤ ਦਾ ਕਹਿਣਾ ਹੈ “ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਅਮਰੀਕਨ, ਵਲਾਇਤ ਵਿੱਚ ਰਹਿਣ ਵਾਲੇ ਸਾਰੇ ਵਲਾਇਤੀ ਅਤੇ ਪਾਕਸਿਤਾਨ ਦੇ ਲੋਕਾਂ ਨੂੰ ਪਾਕਸਿਤਾਨੀ ਕਿਹਾ ਜਾਂਦਾ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੂ ਕਿਉਂ ਨਹੀ ਕਿਹਾ ਜਾਂਦਾ?”
ਹਿੰਦੂ ਅਤੇ ਹਿੰਦੁਸਤਾਨ ਦੋ ਵਖਰੇ ਵਖਰੇ ਅਰਥਾਂ ਵਾਲੇ ਸ਼ਬਦ ਹਨ: ਹਿੰਦੂ ਸ਼ਬਦ ਇੱਕ ਫਿਰਕੇ ਅਤੇ ਧਰਮ ਨਾਲ ਸਬੰਧਤ ਹੈ ਨਾ ਕੇ ਦੇਸ ਦੀ ਪਛਾਣ ਨਾਲ, ਕਿਉਕਿ ਭਾਰਤੀ ਸੰਵਿਧਾਨ ਮੁਤਾਬਕ ਦੇਸ ਦਾ ਨਾਂ “ਭਾਰਤ, ਦੈਟ ਇਜ਼ ਇੰਡੀਆ ਹੈ।” ਸੰਸਾਰ ਦੇ ਲੋਕ ਇਸ ਨੂੰ ਇੰਡੀਆ ਜਾਂ ਭਾਰਤ ਹੀ ਕਹਿੰਦੇ ਹਨ। ਹਿੰਦੂ ਸ਼ਬਦ ਅਠਵੀਂ ਸਦੀ ਵਿੱਚ ਹੋਂਦ ਵਿੱਚ ਆਇਆ। ਆਰੀਅਨ ਲੋਕ ਹਿੰਦੂ ਕੁਸ਼ ਦੇ ਇਲਾਕੇ ਤੋਂ ਭਾਰਤ `ਚ ਉੱਤਰੀ ਪੱਛਮ ਸੀਮਾ ਰਾਂਹੀ ਦਾਖਲ ਹੋਣ ਉਪਰੰਤ ਸਿੰਧ ਨਦੀ ਦੇ ਇਲਾਕੇ ਵਿੱਚ ਫੈਲ ਗਏ ਜਿਸ ਨੂੰ ਇਹ ਲੋਕ ਸਿੰਧੂ ਨਦੀ ਦੇ ਨਾਂ ਨਾਲ ਪੁਕਾਰਦੇ ਹਨ। ਹਿੰਦੂ ਸ਼ਬਦ ਅਰਬੀ ਅਤੇ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਚੋਰ, ਗੁਲਾਮ ਜਾਂ ਕਾਲਾ ਦਾਗ ਆਦਿਕ ਹਨ।
ਭਾਈ ਕਾਹਨ ਸਿੰਘ ਨਾਭਾ ਨੇ ਹਿੰਦੂ ਸ਼ਬਦ ਦੀ ਵਿਅਖਿਆ ਮਹਾਨ ਕੋਸ਼ ਦੇ ਪੰਨਾ 275 ਉਪਰ ਇਸ ਪ੍ਰਕਾਰ ਕੀਤੀ: “ਆਰੀਅਨ ਲੋਕ ਮੱਧ ਏਸ਼ੀਆ ਤੋਂ ਈਰਾਨ ਅਤੇ ਅਫਗਾਨਸਤਾਨ ਤੱਕ ਆਏ ਤਾਂ ਉਨ੍ਹਾਂ ਦੇ ਕੋਲ ਰੋਟੀ ਰੋਜ਼ੀ ਤੇ ਰਹਿਣ ਸਹਿਣ ਦਾ ਕੋਈ ਵਸੀਲਾ ਨਾਂ ਹੋਣ ਕਰਕੇ ਲੁਟ ਖਸੁਟ, ਮਾਰ ਧਾੜ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਸਨ ਜਿਸ ਕਰਕੇ ਇਨ੍ਹਾਂ ਦਾ ਨਾਮ ਈਰਾਨ ਅਤੇ ਅਫਗਾਨਸਤਾਨ ਵਿੱਚ ਹਿੰਦੂ ਪੈ ਗਿਆ ਸੀ।” ਇਥੇ ਇਹ ਕਹਿਣਾ ਵੀ ਗਲ਼ਤ ਹੈ ਕਿ ਅਰਬੀ ਲੋਕਾਂ ਨੇ ਪੂਰਬ ਦੇ ਲੋਕਾ ਨੂੰ ਹਿੰਦੂ ਕਹਿਣਾ ਸੁਰੂ ਕੀਤਾ। ਕਿਉਕਿ ਇਹ ਸ ਨੂੰ ਹ ਬੋਲਦੇ ਸਨ, ਸ ਦਾ ਉਚਾਰਣ ਨਹੀ ਸਨ ਕਰ ਸਕਦੇ। ਈਰਾਨ ਵਿੱਚ ਸਿੰਧ ਨਾਉਂ ਦੀ ਕੋਈ ਨਦੀ ਨਹੀ ਪਰ ਉਨ੍ਹਾਂ ਦੇ ਧਾਰਮਕ ਗ੍ਰੰਥ ਵਿੱਚ ਹਿੰਦੂ ਸ਼ਬਦ ਦੀ ਵਰਤੌਂ ਕੀਤੀ ਮਿਲਦੀ ਹੈ।
ਸਿੰਧੂ ਤੋਂ ਹਿੰਦੂ ਸ਼ਬਦ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਇਹ ਵੀ ਸਮਝ ਤੋਂ ਬਾਹਰ ਦੀ ਗੱਲ ਹੈ ਕਿਉਕਿ ਇਥੇ ਨਦੀ ਦਾ ਨਾਂ ਸਿੰਧ ਹੈ ਨਾ ਕੇ ਸਿੰਧੂ। ਇਸ ਨੂੰ ਸਿੰਧ ਪ੍ਰਾਂਤ ਕਿਹਾ ਜਾਂਦਾ ਹੈ ਨਾ ਕਿ ਸਿੰਧੂ ਪ੍ਰਾਂਤ। ਸਿੰਧ ਤੋਂ ਸਿੰਧੀ ਬਣਦਾ ਹੈ ਨਾ ਕੇ ਹਿੰਦੂ। ਅਸਲ ਵਿੱਚ ਤਾਂ ਆਰੀਆ ਲੋਕ ਹੀ ਹਿੰਦੂ ਹਨ ਜਦੋਂ ਕਿ ਭਾਰਤ ਦੇ ਮੂਲ ਨਿਵਾਸੀਆਂ ਨੂੰ ਦਰਾਵੜ ਕਿਹਾ ਜਾਂਦਾ ਸੀ।
ਭਾਜਪਾ, ਆਰ ਐਸ ਐਸ ਅਤੇ ਜਨ ਸੰਘ ਵਾਲੇ ਇਸ ਨੂੰ ਧਰਮ ਨਾਂ ਮੰਨ ਕੇ ਜੀਵਨ ਜਾਂਚ ਦਾ ਨਾਂ ਦੇ ਕੇ ਹੋਰ ਭੁਲੇਖਾ ਖੜ੍ਹਾ ਕਰ ਰਹੇ ਹਨ ਪਰੰਤੂ ਜੀਵਨ ਜੀਉਣ ਦੀ ਸ਼ੈਲੀ ਵਿੱਚ ਧਾਰਮਕ ਗ੍ਰੰਥ, ਭਾਸ਼ਾ, ਰਹਿਣ ਸਹਿਣ, ਪਹਿਰਾਵਾ, ਖਾਣ ਪੀਣ, ਜਨਮ ਤੋਂ ਮਰਨ ਤਕ ਦੇ ਸੰਸਕਾਰ ਆਦਿਕ ਸ਼ਾਮਲ ਹਨ।
ਭਾਰਤ ਵਿੱਚ ਰਹਿਣ ਵਾਲੀਆਂ ਕੌਮਾਂ ਹਿੰਦੂ, ਮੁਸਲਮਾਨ, ਈਸਾਈ, ਸਿੱਖ, ਬੋਧੀ, ਜੈਨੀ ਅਤੇ ਦਲਿਤਾਂ ਦੇ ਧਾਰਮਕ ਗ੍ਰੰਥ, ਭਾਸ਼ਾ, ਰਹਿਣ ਸਹਿਣ, ਖਾਣਪੀਣ, ਪਹਿਰਾਵਾ, ਜਨਮ ਤੋਂ ਲੈ ਕੇ ਮਰਨ ਤਕ ਦੇ ਸੰਸਕਾਰ ਵੀ ਸਭ ਵੱਖ ਵੱਖ ਹਨ। ਜਿਥੇ ਉਨ੍ਹਾਂ ਨੂੰ ਹਿੰਦੂ ਕਹਿਣਾਂ ਗੈਰ ਸੰਵਿਧਾਨਕ ਹੈ ਉਥੇ ਇਸ ਨਾਲ ਭਾਈਚਾਰਕ ਸਾਂਝ `ਚ ਤਰੇੜਾਂ ਵਿੱਚ ਵਾਧਾ ਹੋਣ ਦੇ ਨਾਲ ਨਾਲ ਨਫਰਤ ਵਿੱਚ ਵਾਧਾ ਹੋਣ ਦੇ ਅਸਾਰ ਵੀ ਵੱਧ ਜਾਂਦੇ ਹਨ। ਆਰ ਐਸ ਐਸ ਅਤੇ ਜਨ ਸੰਘ ਦੇ ਮੈਂਬਰ ਦੇਸ਼ ਦੇ ਸੰਵਿਧਾਨ ਵਿਚੋਂ ਸੈਕਲਰਿਇਜ਼ਮ (ਧਰਮ ਨਿਰਪਖਤਾ) ਸ਼ਬਦ ਨੂੰ ਕੱਢ ਕੇ ਹਿੰਦੂ ਰਾਸ਼ਟਰਵਾਦ ਬਣਾਉਣ ਤੇ ਵੀ ਜ਼ੋਰ ਦੇ ਰਹੇ ਹਨ।
ਆਰ ਐਸ ਐਸ ਆਪਣੇ ਆਪ ਨੂੰ ਹਿੰਦੂਤਵ ਦੀ ਵੱਡੀ ਮੋਹਤਵਰ ਸੰਸਥਾ ਕਹਾਉਂਦੀ ਹੈ ਜਿਹੜੀ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਜਥੇਬੰਦੀ ਬਣਾ ਕਿ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਦੀ ਹੈ, ਅਤੇ ਪੂਰੇ ਜ਼ੋਰ ਨਾਲ ੱਿਸੱਖਾਂ `ਚ ਘੁਸ ਪੈਠ ਕਰਕੇ ਸਿੱਖ ਧਰਮ ਦਾ ਨਾਮੋ ਨਿਸ਼ਾਨ ਮਿਟਾਉਣ ਉਪਰ ਤੁਲੀ ਹੋਈ ਹੈ। ਸਿੱਖ ਕੇਸਾਧਾਰੀ ਹਿੰਦੂ, ਸਿੱਖਾਂ ਨੂੰ ਹਿੰਦੂਆਂ ਦੀ ਰਖਵਾਲੀ ਵਾਸਤੇ, ਸਿੱਖ ਧਰਮ ਕੋਈ ਵਖਰਾ ਧਰਮ ਨਹੀ ਇਹ ਤਾਂ ਹਿੰਦੂ ਹਨ ਦਾ ਪਰਚਾਰ ਕਰਦੀ। ਸਿੱਖਾਂ ਉਪਰ ਇਸ ਤਰ੍ਹਾਂ ਦੇ ਹਮਲੇ ਪਹਿਲੋਂ ਵੀ ਬਹੁਤ ਵਾਰ ਹੋ ਚੁਕੇ ਹਨ ਪਰ ਜਿਨਾ ਚਿਰ ਸਿੱਖ ਆਪਣੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਸ ਦੇ ਉਪਦੇਸ ਨਾਲ ਜੁੜੇ ਹੋਏ ਹਨ ਉਨਾ ਚਿਰ ਇਨ੍ਹਾਂ ਨੂੰ ਕੋਈ ਖਤਰਾ ਨਹੀ। ਸਿੱਖਾਂ ਦਾ ਧਾਰਮਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਵਿੱਚ ਇਹ ਉਪਦੇਸ਼ ਵੀ ਦ੍ਰਿੜ ਕਰਵਾਇਆਂ ਗਿਆ ਹੈ ਕਿ ਜੇ ਤੁਸੀ ਹਿੰਦੂ ਜਾਂ ਮੁਸਲਮਾਨ ਹੋ ਤਾਂ ਆਪਣੇ ਆਪਣੇ ਧਰਮ ਵਿੱਚ ਪੱਕੇ ਰਹੋ। ਹਿੰਦੂ ਵੇਦ, ਪੁਰਾਣ, ਸਿਮਰਤੀਆ ਆਦਿਕ ਧਾਰਮਕ ਗ੍ਰੰਥਾਂ ਨੂੰ ਮੰਨਦੇ ਹਨ। ਹਿੰਦੂ ਧਰਮ ਅਵਤਾਰਵਾਦ, ਜਾਤ ਪਾਤ, ਵਰਣ ਵੰਡ, ਮੂਰਤੀ ਪੂਜਾ, ਬ੍ਰਤ, ਸੁਤਕ ਪਾਤਕ, ਸ਼ਗਨ ਅਪਸ਼ਗਨ ਉਪਰ ਆਧਾਰਤ ਹੈ ਸਿੱਖ ਧਰਮ ਇਨ੍ਹਾਂ ਸਾਰੇ ਕਰਮ ਕਾਂਡਾਂ ਦਾ ਪੁਰ ਜ਼ੋਰ ਸ਼ਬਦਾਂ ਨਾਲ ਖੰਡਨ ਕਰਦਾ ਹੈ।
ਸਿੱਖ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ (ਰੱਬ) ਵਿੱਚ ਨਿਸਚਾ ਰੱਖਦਾ ਹੈ। ਕਿਸੇ ਦੇਵੀ ਦੇਵਤੇ ਦਾ ਉਪਾਸ਼ਕ ਨਹੀ।
ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥ ਅਵਤਾਰ ਨ ਜਾਨਹਿ ਅੰਤ॥ ਪਰਮੇਸਰੁ ਪਾਰਬ੍ਰਹਮ ਬੇਅੰਤ॥
(ਰਾਮਕਲੀ ਮ: 5 ਪੰਨਾ 895)
(ਪਰਮਾਤਮਾ ਪ੍ਰਭੂ ਬੇਅੰਤ ਹੈ। ਇਸ ਵਾਰੇ ਵੇਦ ਵੀ ਕੁਛ ਨਹੀ ਜਾਣਦੇ, ਨਾ ਹੀ ਅਨੇਕਾਂ ਬ੍ਰਹਮਾ ਉਸਦੇ ਦਿਲ ਦੀ ਗੱਲ ਜਾਣਦੇ ਹਨ। ਸਾਰੇ ਅਵਤਾਰ ਵੀ ਪ੍ਰਭੂ ਦੇ ਗੁਣਾਂ ਨੂੰ ਨਹੀ ਜਾਣਦੇ।)
ਜਾਤ ਪਾਤ ਹਿੰਦੂ ਧਰਮ ਦਾ ਥੰਮ ਹੈ ਜਿਸ ਨੇ ਸਮਾਜ ਨੂੰ ਬ੍ਰਾਹਮਣ, ਖਤਰੀ, ਸ਼ੂਦ ਅਤੇ ਵੈਸ਼ ਚਾਰ ਵਰਣਾਂ `ਚ ਵੰਡਿਆ ਹੈ। ਜਦੋਂ ਕਿ ਸਿੱਖ ਧਰਮ ਜਾਤਪਾਤ ਦੇ ਕੋਹੜ ਨੂੰ ਮੁੱਢ ਤੋਂ ਹੀ ਨਿਕਾਰਦਾ ਹੈ
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
(ਭੈਰਉ ਮ: 3 ਪੰਨਾ 1127)
(ਹੇ ਮੂਰਖ ਗੰਵਾਰ ਉੱਚੀ ਜਾਤ ਦਾ ਹੰਕਾਰ ਨਾ ਕਰ ਇਸ ਤੋਂ ਬੁਹਤ ਵਿਕਾਰ ਪੈਦਾ ਹੁੰਦੇ ਹਨ।)
ਹਿੰਦੂ ਦੇਵੀ ਦੇਵਤਿਆਂ ਨੂੰ ਵਰਦਾਇਕ ਮੰਨਕੇ ਉਨ੍ਹਾਂ ਦੀ ਪੂਜਾ ਕਰਦੇ ਹਨ ਸਿੱਖ ਧਰਮ ਇਸ ਦਾ ਖੰਡਨ ਇਸ ਤਰ੍ਹਾਂ ਕਰਦਾ ਹੈ:
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥
(ਸੋਰਿਠ ਮ: 1 ਪੰਨਾ 637)
(ਪੱਥਰ ਆਦਿਕ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਨਾਲ ਕੁਛ ਵੀ ਨਹੀ ਮਿਲਦਾ ਤੇ ਇਨ੍ਹਾਂ ਪਾਸੋਂ ਕੁਛ ਮੰਗਣਾ ਵੀ ਫਜ਼ੂਲ ਹੈ। ਪੱਥਰ ਦੇ ਦੇਵੀ ਦੇਵਤਿਆਂ ਨੂੰ ਧੋਂਦੇ ਵੀ ਰਹੀਏ ਤਾ ਵੀ ਉਹ ਪਾਣੀ `ਚ ਡੁੱਬ ਜਾਂਦੇ ਹਨ ਤਾ ਤੁਹਾਨੂੰ ਸ਼ੰਸਾਰ ਸੁਮੰਦਰ ਤੋਂ ਕਿਵੇ ਪਾਰ ਲੰਘਾ ਸਕਦੇ ਹਨ।)
ਹਿੰਦੂ ਮਹੂਰਤ, ਤਿਥ ਵਾਰ, ਸਗਨ ਅਪਸਗਨ ਆਦਿ `ਚ ਵਿਸ਼ਵਾਸ ਰੱਖਦੇ ਹਨ ਸਿੱਖ ਧਰਮ ਇਨ੍ਹਾਂ ਵਹਿਮ ਭਰਮਾਂ ਦਾ ਤਿਆਗ ਕਰਦਾ ਹੈ:
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥
(ਆਸਾ ਮ: 5 ਪੰਨਾ 401)
(ਜਿਸ ਮਨੁੱਖ ਦੇ ਚਿਤ ਵਿੱਚ ਪ੍ਰਭੂ ਪਰਮਾਤਮਾ ਨਹੀ ਵਸਦਾ ਉਸਨੂੰ ਚੰਗੇ ਮੰਦੇ ਸਗਨਾਂ ਦਾ ਸਹਿਮ ਸਤਾਂਉਦਾ ਹੈ ਅਤੇ ਜਿਹੜਾ ਮਨੁੱਖ ਪ੍ਰਭੂ ਯਾਦ `ਚ ਜੁੜਦਾ ਹੈ ਉਹ ਪ੍ਰਭੂ ਪ੍ਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਜਮਦੂਤ ਵੀ ਉਸਦਾ ਕੁਛ ਨਹੀ ਵਿਗਾੜ ਸਕਦੇ।)
ਹਿੰਦੂ ਧਰਮ ਵਿੱਚ ਤੀਰਥ ਇਸਨਾਨ ਦੀ ਬਹੁਤ ਮਹੱਤਤਾ ਹੈ। ਤੀਰਥ ਇਸ਼ਨਾਨ ਵਾਰੇ ਗੁਰਬਾਣੀ ਇਸ ਤਰ੍ਹਾਂ ਫਰਮਾਣ ਕਰਦੀ ਹੈ;
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
(ਧਨਾਸਰੀ ਮ: 1 ਪੰਨਾ 687)
(ਸਿੱਖ ਵਾਸਤੇ ਪਰਮਾਤਮਾ ਦਾ ਨਾਮ ਹੀ ਤੀਰਥ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਮਨ `ਚ ਟਿਕਾਉਣਾ ਹੀ ਤੀਰਥ ਹੈ ਜਿਸ ਦੀ ਬਰਕਤ ਨਾਲ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ।)
ਗੁਰੂ ਸਹਿਬਾਨ ਨੇ ਸਰੀਰ ਦੀ ਪਵਿਤਰਤਾ ਦੇ ਨਾਲੋਂ ਮਨ ਦੀ ਪਵਿਤਰਤਾ ਉਪਰ ਜ਼ਿਆਦਾ ਜ਼ੋਰ ਦਿੱਤਾ ਹੈ। ਸਿੱਖਾਂ ਦਾ ਹਿੰਦੂਆਂ ਜਾਂ ਮੁਸਲਮਾਨਾਂ ਨਾਲ ਕੋਈ ਝਗੜਾ ਨਹੀ ਕਿਉਕਿ ਗੁਰੂ ਸਾਹਿਬਾਨ ਨੇ ਦੋਹਾਂ ਤੋਂ ਵੱਖ ਇੱਕ ਨਿਰਮਲ ਪੰਥ ਚਲਾਇਆ।
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥
(ਭਗਤ ਕਬੀਰ ਜੀ ਪੰਨਾ 1159)

(ਪੰਡਤ ਅਤੇ ਮੁੱਲਾਂ ਦੋਹਾਂ ਦੇ ਕਰਮ ਕਾਂਡ ਅਤੇ ਸ਼ਰਹ ਨਾਲ ਕੋਈ ਵਾਸਤਾ ਨਹੀ, ਅਸੀ ਇਨ੍ਹਾਂ ਦੋਹਾਂ ਨੂੰ ਸਵੀਕਾਰ ਨਹੀ ਕਰਦੇ।)
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥
(ਭਗਤ ਕਬੀਰ ਜੀ ਪੰਨਾ 1159)
(ਪੰਡਤ ਅਤੇ ਮੌਲਵੀਆਂ ਨੇ ਕਰਮ- ਕਾਂਡ ਜਾਂ ਸ਼ਰਹ ਵਾਰੇ ਜੋ ਲਿਖਿਆ ਸਾਨੂੰ ਇਸ ਦੀ ਲੋੜ ਨਹੀ ਨਾਂ ਹੀ ਅਸੀ ਇਸ ਦੇ ਧਾਰਨੀ ਹਾਂ।)
ਉਕਤ ਗੁਰਬਾਣੀ ਦੇ ਫਰਮਾਣਾਂ ਦੇ ਨਾਲ ਨਾਲ ਸਿੱਖਾਂ ਦੇ ਜਨਮ, ਅੰਮ੍ਰਿਤ, ਅਨੰਦ ਅਤੇ ਚਲਾਣਾ ਆਦਿਕ ਸੰਸਕਾਰ ਵੀ ਹਿੰਦੂਆਂ ਨਾਲੋਂ ਵੱਖ ਹਨ। ਦੁਨੀਆਂ ਦੇ ਧਰਮ ਨਿਰਪਖ ਦੇਸ਼ਾਂ ਵਿੱਚ ਘਟ ਗਿਣਤੀਆਂ ਦੀ ਰਖਵਾਲੀ ਵਾਸਤੇ ਜੋ ਕਾਨੂੰਨ ਬਣਾ ਗਏ ਹਨ ੳਸਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ। ਜਿਸ ਤਰਾਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿੱਚ ਹੋਰ ਘਟ ਗਿਣਤੀਆਂ ਦੇ ਨਾਲ ਨਾਲ ਸਿੱਖ ਬਹੁਤ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਜਿਥੇ ਇਨ੍ਹਾਂ ਨੂੰ ਆਪਣੇ ਧਰਮ ਨੂੰ ਮੰਨਣ ਅਤੇ ਪਰਚਾਰ ਕਰਨ ਦੀ ਪੂਰੀ ਅਜ਼ਾਦੀ ਹੈ। ਭਾਜਪਾ ਦੇ ਇੱਕ ਐਮ ਪੀ ਦਿਤਯਨਾਥ ਨੇ ਵਾਰਾਨਸੀ `ਚ ਕਿਹਾ ਕੇ ਜੇ ਮੌਲਾਨੇ ਨਾ ਮੰਨੇ ਤਾਂ ਮਸਜਿਦਾਂ ਵਿੱਚ ਨੰਦੀ, ਗੌਰੀ ਅਤੇ ਗਣੇਸ ਦੀਆਂ ਮੂਰਤੀਆਂ ਬਿਰਾਜਮਾਨ ਕਰ ਦਿੱਤੀਆਂ ਜਾਣਗੀਆਂ। ਖੇਤ ਦੀ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਫਿਰ ਰੱਬ ਹੀ ਰਾਖਾ।
ਸਿੱਖ ਧਰਮ ਦੁਨੀਆਂ ਦੇ ਧਰਮਾਂ `ਚੋਂ ਪੰਜਵਾਂ ਵੱਡਾ ਧਰਮ ਹੈ। ਜਿਥੇ ਇਹ ਇੱਕ ਧਾਰਮਕ ਬਰਾਦਰੀ ਹੈ ਉਥੇ ਰਾਜਸੀ ਤੌਰ ਤੇ ਇੱਕ ਕੌਮ ਵੀ ਹੈ। ਸਿੱਖ ਕੌਮ ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲ ਚੁੱਕੀ ਹੈ ਤੇ ਤਰੱਕੀ ਦੀਆਂ ਸਿਖਰਾਂ ਨੂੰ ਛੋਹ ਰਹੀ ਹੈ।
ਨੈਸ਼ਨਲ ਪ੍ਰੋਫੈਸਰ ਆਫ ਸਿੱਖ-ਇਜ਼ਮ ਸ: ਕਪੂਰ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕਰਦਾ ਹਾਂ:
“ਸਿੱਖ ਧਰਮ ਇੱਕ ਵਿਸ਼ਵ ਵਿਆਪਕ ਧਰਮ ਹੈ। ਇਹ ਗੈਰ ਨਸਲੀ ਅਤੇ ਸਮਾਜੀ ਧਰਮ ਹੈ। ਇਸ ਦੀਆਂ ਜੜ੍ਹਾਂ ਰਾਜਸੀ ਸਮਾਜ ਵਿੱਚ ਲੱਗੀਆਂ ਹੋਈਆਂ ਹਨ। ਇਹ ਧਰਮ ਸਰਲ, ਖੁਲਾ- ਡੁੱਲਾ, ਸਹਿਣ-ਸ਼ੀਲ, ਪ੍ਰਗਤੀਸ਼ੀਲ ਅਤੇ ਸੁਤੰਤਰ ਸਭਾਉ ਦਾ ਹੈ।”




.