.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਣ ਚੁਰਾਏ ਨਹੀਂ ਜਾ ਸਕਦੇ

ਹਰਿ ਜੇਠਿ ਜੁੜੰਦਾ ਲੋੜੀਐ, ਜਿਸੁ ਅਗੈ ਸਭਿ ਨਿਵੰਨਿ।।

ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ।।

ਮਾਣਕ ਮੋਤੀ ਨਾਮੁ ਪ੍ਰਭ, ਉਨ ਲਗੈ ਨਾਹੀ ਸੰਨਿ।।

ਰੰਗ ਸਭੇ ਨਾਰਾਇਣੈ, ਜੇਤੇ ਮਨਿ ਭਾਵੰਨਿ।।

ਜੋ ਹਰਿ ਲੋੜੇ ਸੋ ਕਰੇ, ਸੋਈ ਜੀਅ ਕਰੰਨਿ।।

ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ।।

ਆਪਣ ਲੀਆ ਜੇ ਮਿਲੈ, ਵਿਛੁੜਿ ਕਿਉ ਰੋਵੰਨਿ।।

ਸਾਧੂ ਸੰਗੁ ਪਰਾਪਤੇ, ਨਾਨਕ ਰੰਗ ਮਾਣੰਨਿ।।

ਹਰਿ ਜੇਠੁ ਰੰਗੀਲਾ ਤਿਸੁ ਧਣੀ, ਜਿਸ ਕੈ ਭਾਗੁ ਮਥੰਨਿ।।

ਦੋ ਅੱਖਾਂ ਕੁਦਰਤ ਵਲੋਂ ਮਿਲੀਆਂ ਹੋਈਆਂ ਹਨ ਤੇ ਤੀਜੀ ਅੱਖ ਉਸਤਾਦਾਂ ਕੋਲੋਂ ਪ੍ਰਾਪਤ ਹੁੰਦੀ ਹੈ। ਸਿਆਣੇ ਕਹਿੰਦੇ ਹਨ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿਦਿਆ ਇੱਕ ਅਜੇਹੀ ਕੀਮਤੀ ਵਸਤੂ ਹੈ ਜੋ ਕਿਸੇ ਦੀ ਚੁਰਾਈ ਨਹੀਂ ਜਾ ਸਕਦੀ। ਹਾਂ ਵਿਦਿਆ ਦੁਆਰਾ ਹੁਨਰ ਸਿੱਖਿਆ ਜਾ ਸਕਦਾ ਹੈ ਪਰ ਹੁਨਰ ਸਿੱਖਣ ਲਈ ਮਨ ਮਾਰਨਾ ਪੈਂਦਾ ਹੈ। ਮਨ ਵਿੱਚ ਪਹਿਲਾ ਭਰਿਆ ਹੋਇਆ ਗਿਆਨ ਬਾਹਰ ਕੱਢਣਾ ਪੈਂਦਾ ਹੈ ਤਾਂ ਜਾ ਕੇ ਉਸਤਾਦ ਦੀ ਗੱਲ ਸਮਝ ਵਿੱਚ ਆਉਂਦੀ ਹੈ। ਜਦੋਂ ਮਨ ਕਰਕੇ ਮਨੁੱਖ ਕੋਈ ਹੁਨਰ ਸਿੱਖਦਾ ਹੈ ਤਾਂ ਉਹ ਸਿੱਖੇ ਹੋਏ ਹੁਨਰ ਨੂੰ ਅਗਾਂਹ ਵੰਡ ਵੀ ਸਕਦਾ ਹੈ। ਬੰਦਾ ਧੰਨ ਇਕੱਠਾ ਕਰਦਾ ਹੈ, ਕਾਰ ਨਵੀਂ ਖਰੀਦ ਦਾ ਹੈ ਤਾਂ ਉਸ ਨੂੰ ਇਹ ਹਮੇਸ਼ਾਂ ਖਦਸ਼ਾ ਬਣਿਆ ਰਹਿੰਦਾ ਹੈ ਕਿ ਇਸ ਨੂੰ ਕੋਈ ਚੁਰਾ ਨਾ ਲਏ। ਚੋਰੀ ਦੇ ਡਰੋਂ ਬੰਦਾ ਬੀਮੇ ਵਰਗੀਆਂ ਪਾਲਸੀਆਂ ਖਰੀਦਦਾ ਹੈ ਤਾਂ ਕਿ ਚੋਰੀ ਹੋਈ ਕਾਰ ਦੀ ਕੀਮਤ ਵਸੂਲੀ ਹੋ ਜਾਏ। ਕੁੱਝ ਹੁਨਰ ਇਸ ਤਰ੍ਹਾਂ ਦੇ ਹਨ ਜਿੰਨ੍ਹਾਂ ਨੂੰ ਸਿਆਣਾ ਕਾਰੀਗਰ ਦੇਖ ਕੇ ਹੂ-ਬਹ-ਹੂ ਨਕਲ ਤਿਆਰ ਕਰ ਲੈਂਦਾ ਹੈ ਪਰ ਡਾਕਟਰੀ ਕਿੱਤੇ ਵਿੱਚ ਤਾਂ ਸਿੱਖਿਆ ਹੋਇਆ ਡਾਕਟਰ ਹੀ ਮਰੀਜ਼ ਦਾ ਅਪ੍ਰੇਸ਼ਨ ਕਰ ਸਕਦਾ ਹੈ। ਗੁਰਬਾਣੀ ਨੇ ਬੜਾ ਪਿਆਰਾ ਵਿਚਾਰ ਦਿੱਤਾ ਹੈ ਕਿ ਜੇ ਰੱਬੀ ਗੁਣਾਂ ਨਾਲ ਬੰਦਾ ਸਾਂਝ ਪਉਂਦਾ ਹੈ ਤਾਂ ਇਹ ਗੁਣ ਚੁਰਾਏ ਨਹੀਂ ਜਾ ਸਕਦੇ। ਗੁਣ ਚਰਾਉਣ ਤੋਂ ਭਾਵ ਹੈ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਵਿਚਾਰ ਨੂੰ ਸਮਝਾਉਣ ਲਈ ਗੁਰੂ ਅਰਜਨ ਪਾਤਸ਼ਾਹ ਜੀ ਮਾਝ ਰਾਗ ਦੇ ਬਾਰਹ ਮਾਂਹ ਦੇ ਜੇਠ ਮਹੀਨੇ ਦੀ ਪਉੜੀ ਦੀ ਪਹਿਲੀ ਤੁਕ ਦੀ ਵਿਚਾਰ ਕੀਤੀ ਜਾਏਗੀ।

ਹਰਿ ਜੇਠਿ ਜੁੜੰਦਾ ਲੋੜੀਐ, ਜਿਸੁ ਅਗੈ ਸਭਿ ਨਿਵੰਨਿ।।

ਅੱਖਰੀਂ ਅਰਥ--ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿੱਚ ਉਸ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ।

ਵਿਚਾਰ ਤੇ ਵਿਹਾਰਕ ਪੱਖ—ਕੀ ਪਿੰਡ ਕੀ ਸ਼ਹਿਰ ਆਮ ਧਾਰਨਾ ਹੁੰਦੀ ਸੀ ਕਿ ਜੇ ਸਗਰਾਂਦ ਵਾਲੇ ਦਿਨ ਬੰਦਾ ਗੁਰਦੁਆਰੇ ਜਾਂ ਮੰਦਰ ਵਿੱਚ ਚੜ੍ਹਾਵਾ ਆਦਿਕ ਚੜ੍ਹਾ ਆਏ ਤਾ ਉਸ ਦਾ ਸਾਰਾ ਮਹੀਨਾ ਹੀ ਸੌਖਾ ਨਿਕਲ ਜਾਂਦਾ ਹੈ। ਏਹੀ ਕਾਰਨ ਹੈ ਆਮ ਮਨੁੱਖ ਸਗਰਾਂਦ ਵਾਲੇ ਦਿਨ ਉਚੇਚੇ ਤੌਰ `ਤੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਕੇ ਦਾਨ ਪੁੰਨ ਕਰਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਵਹਿਮ ਵਿਚੋਂ ਕਢਣ ਲਈ ਬਾਰਹ ਮਾਹ ਸਿਰਲੇਖ ਹੇਠ ਹਰ ਮਹੀਨੇ ਦਾ ਨਾਂ ਲੈ ਕੇ ਆਤਮਿਕ ਉਪਦੇਸ਼ ਦਿੱਤਾ ਹੈ। ਇਹ ਆਤਮਿਕ ਉਪਦੇਸ਼ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲਾਗੂ ਹੁੰਦਾ ਹੈ। ਰੋਜ਼ਮਰਾ ਦੀ ਜ਼ਿੰਦਗੀ ਨੂੰ ਸੱਚ ਦੇ ਅਧਾਰਤ ਬਤੀਤ ਕਰਨ ਵਾਲਾ ਹੀ ਧਰਮੀ ਮਨੁੱਖ ਹੈ।

ਹਰਿ ਜੇਠਿ ਜੁੜੰਦਾ ਲੋੜੀਐ, ਜਿਸੁ ਅਗੈ ਸਭਿ ਨਿਵੰਨਿ।।

ਜਿਸ ਹਰੀ ਦੇ ਅੱਗੇ ਸਾਰਾ ਸੰਸਾਰ ਸਿਰ ਨਿਵਾਉਂਦਾ ਹੈ ਜੇਠ ਦੇ ਮਹੀਨੇ ਵਿੱਚ ਸਾਨੂੰ ਵੀ ਉਸਦੇ ਚਰਨਾ ਵਿੱਚ ਜੁੜਨਾ ਚਾਹੀਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੇਵਲ ਜੇਠ ਦੇ ਮਹੀਨੇ ਵਿੱਚ ਹੀ ਜੁੜਨਾ ਚਾਹੀਦਾ ਹੈ? ਕੀ ਅੱਗੋਂ ਪਿੱਛੋਂ ਜਿਹੜੇ ਮਰਜ਼ੀ ਕਰਮ ਕਰਦੇ ਰਹੀਏ? ਫਿਰ ਤਾਂ ਔਖਿਆਂ ਹੋ ਕੇ ਹੀ ਜੇਠ ਦੇ ਮਹੀਨੇ ਵਿੱਚ ਜੁੜਨਾ ਚਹੀਦਾ ਹੈ। ਇਸ ਦਾ ਅਰਥ ਹੈ ਜੇਠ ਦੇ ਮਹੀਨੇ ਵਿੱਚ ਨਸ਼ਾ ਛੱਡ ਦਿੱਤਾ ਜਾਏ ਫਿਰ ਭਾਂਵੇਂ ਸਾਰਾ ਸਾਲ ਦਾਰੂ ਪੀਂਦਾ ਰਹੇ। ਬਾਕੀ ਦਿਨਾਂ ਵਿੱਚ ਫਿਰ ਕੋਈ ਰੋਕ ਟੋਕ ਨਹੀਂ ਰਹਿ ਜਾਏਗੀ? ਸਭ ਤੋਂ ਪਹਿਲਾਂ ਇਹ ਦੇਖਿਆ ਜਾਏਗਾ ਕੇ ਹਰਿ ਜੀ ਨਾਲ ਜੁੜਨਾ ਕਿਸ ਤਰ੍ਹਾਂ ਹੈ? ਹਰਿ ਜੀ ਕੀ ਹਨ? ਸਾਡੀਆਂ ਲਿਖਤਾਂ ਵਿੱਚ ਕਈ ਵਾਰੀ ਰੱਬ ਜੀ ਸਬੰਧੀ ਵਿਚਾਰ ਹੋਏ ਹਨ ਕਿ ਰੱਬ ਜੀ ਨਾ ਤਾਂ ਜੰਮਦੇ ਹਨ ਤੇ ਨਾ ਹੀ ਉਹ ਮਨੁੱਖਾਂ ਵਾਂਗ ਮਰਦੇ ਹਨ। ਨਾ ਹੀ ਮਨੁੱਖਾਂ ਵਾਂਗ ਉਸ ਦੀ ਕੋਈ ਸ਼ਕਲ ਹੈ। ਫਿਰ ਹਰਿ ਜੀ ਕਿਸ ਤਰ੍ਹਾਂ ਦੇ ਹਨ? ਮਹਾਨ ਕੋਸ਼ ਅਨੁਸਾਰ ‘ਹਰਿ` ਸ਼ਬਦ ਦੇ ੪੪ ਅਰਥ ਆਏ ਹਨ। ਇਹਨਾਂ ਅਰਥਾਂ ਵਿੱਚ ਇੱਕ ਅਰਥ ਕਰਤਾਰ ਤਥਾ ਪ੍ਰਮੇਸ਼ਵਰ ਵੀ ਆਇਆ ਹੈ। ਗੁਰਮਤਿ ਵਿੱਚ ਰੱਬ ਜੀ ਨੂੰ ਦੈਵੀ ਗੁਣਾਂ ਵਿੱਚ ਪ੍ਰਗਟ ਕੀਤਾ ਗਿਆ ਹੈ। ਇਸ ਦਾ ਅਰਥ ਹੈ ਕਿ ਜੋ ਰੱਬ ਜੀ ਦੇ ਗੁਣ ਹਨ ਅਸਾਂ ਉਨ੍ਹਾਂ ਨਾਲ ਸਾਂਝ ਪਉਣੀ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਰੱਬ ਜੀ ਇੱਕ ਹਨ, ਇਸ ਦਾ ਅਰਥ ਹੈ ਕਿ ਅਸੀਂ ਵੀ ਇੱਕ ਦੇ ਧਾਰਨੀ ਹੋਈਏ। ਰੱਬ ਜੀ ਨਿਰਵੈਰ ਹਨ ਅਸੀਂ ਵੀ ਆਪਣੇ ਅੰਦਰੋਂ ਵੈਰ ਭਾਵਨਾ ਖਤਮ ਕਰੀਏ। ਰੱਬ ਜੀ ਦੀ ਬੋਲੀ ਪਿਆਰ ਦੀ ਹੈ ਤੇ ਸਾਡੀ ਬੋਲੀ ਵੀ ਪਿਆਰ ਦੀ ਹੋਣੀ ਚਾਹੀਦੀ ਹੈ। ਗੁਣਾਂ ਦੇ ਧਾਰਨੀ ਹੋ ਕੇ ਵਿਚਰਨਾ ਹੀ ਹਰਿ ਜੀ ਨਾਲ ਜੁੜਨਾ ਹੈ। ਰੱਬੀ ਨਿਯਮਾਵਲੀ, ਰੱਬੀ ਗੁਣ ਤੇ ਸਦਾਚਾਰਕ ਕੀਮਤਾਂ ਦੇ ਅੱਗੇ ਹਮੇਸ਼ਾਂ ਸਿਰ ਨਿਵਾਉਣਾ ਹੀ ਰੱਬ ਜੀ ਨਾਲ ਜੁੜਨਾ ਹੈ। ਸਾਰਾ ਸੰਸਾਰ ਹੀ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਭਾਵ ਸਿਰ ਨਿਵਾ ਰਿਹਾ ਹੈ ---

ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ।।

ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ।।

ਅੱਖਰੀਂ ਅਰਥ-- ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ)। ੨।

ਸਾਨੂੰ ਵੀ ਆਪਣੀ ਮੱਤ ਤਿਆਗ ਕੇ ਹਰਿ ਜੀ ਦੇ ਚਰਨਾ ਨਾਲ ਜੁੜਨਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਰਾਗ ਗਉੜੀ ਵਿੱਚ ਫਰਮਾਉਂਦੇ ਹਨ ਕਿ ਗੁਰੂ ਦੀ ਮਤ ਨੂੰ ਮਾਂ, ਸੰਤੋਖ ਨੂੰ ਪਿਤਾ ਤੇ ਦੁਨੀਆਂ ਦੀ ਸੇਵਾ ਨੂੰ ਭਰਾ ਬਣਾਉਣਾ ਚਾਹੀਦਾ ਹੈ—

ਮਾਤਾ ਮਤਿ ਪਿਤਾ ਸੰਤੋਖੁ।।

ਸਤੁ ਭਾਈ ਕਰਿ ਏਹੁ ਵਿਸੇਖੁ।।

ਅੱਖਰੀਂ ਅਰਥ-- ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿੱਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿੱਚ ਰਹੇ), ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ)। ੧। ; ਉੱਦਮ ਅਤੇ ਉੱਚੀ ਸੁਰਤਿ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ; ਤੇ ਹੇ ਮਨ ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ।

ਇਹਨਾਂ ਗੁਣਾਂ ਦੇ ਅੱਗੇ ਸਿਰ ਝਕਾਉਣਾ ਬਣਦਾ ਹੈ। ਇਹ ਗੁਣ ਹੀ ਸਾਡੇ ਸੱਜਣ-ਮਿੱਤਰ ਹਨ—

ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ।।

ਅੱਖਰੀਂ ਅਰਥ-- ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।

ਵਿਚਾਰ ਤੇ ਵਿਹਾਰਕ ਪੱਖ-- ਸੱਜਣ ਨੂੰ ਆਪਣੇ ਪੱਲੇ ਬੰਨਣ ਲਈ ਕਿਹਾ ਹੈ। ਜਿਹੜੀ ਗੱਲ ਅਸੀਂ ਆਪਣੇ ਭੈਣ ਭਰਾ ਜਾਂ ਮਾਤਾ ਪਿਤਾ ਨੂੰ ਨਹੀਂ ਦੱਸ ਸਕਦੇ ਉਹ ਗੱਲ ਅਸੀਂ ਆਪਣੇ ਜਿਗਰੀ ਮਿੱਤਰ ਨੂੰ ਦੱਸ ਦੇਂਦੇ ਹਾਂ। ਮਨੁੱਖ ਮਿੱਤਰ ਓਸੇ ਨੂੰ ਬਣਾਉਂਦਾ ਹੈ ਜਿਸ ਵਿੱਚ ਕੋਈ ਗੁਣ ਹੋਵੇ ਇਸ ਦਾ ਅਰਥ ਹੈ ਸਰੀਰ ਨੂੰ ਮਿੱਤਰ ਨਹੀਂ ਬਣਾ ਰਹੇ ਸਗੋਂ ਮਿੱਤਰ ਵਿਚਲੇ ਗੁਣਾਂ ਨਾਲ ਸਾਡਾ ਯਰਾਨਾ ਹੈ—ਗੁਰਬਾਣੀ ਦਾ ਫੈਸਲਾ ਹੈ—

ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ।।

ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ।। ੨੧।।

ਜਿਨਾ ਇੱਕ ਮਨਿ ਇੱਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ।।

ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ।।

ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ।।

ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ।। ੨੨।।

ਪੰਨਾ ੧੪੨੩

ਹੇ ਭਾਈ! ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ। (ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿੱਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹਾਂ। ੨੧।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿੱਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ।

ਹੇ ਭਾਈ! (ਗੁਰੂ-ਚਰਨਾਂ ਵਿੱਚ ਸੁਰਤਿ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿੱਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿੱਚ ਆ ਮਿਲਦਾ ਹੈ। ੨੨।

ਜਿਹੜੀਆਂ ਜੀਵ ਰੂਪੀ ਇਸਤ੍ਰੀਆਂ ਦਾ ਆਪਣੇ ਪ੍ਰਭੂ ਨਾਲ ਪਿਆਰ ਬਣ ਗਿਆ ਹੈ ਉਹ ਮੇਰੇ ਸੱਜਣ-ਮਿੱਤਰ ਹਨ। ਸਰੀਰਾਂ ਨਾਲ ਸਾਂਝ ਨਹੀਂ ਸਗੋਂ ਗੁਣਾਂ ਨਾਲ ਸਾਂਝ ਹੈ ਤੇ ਇਹ ਗੁਣ ਹਰ ਥਾਂ `ਤੇ ਮੇਰੀ ਅਗਵਾਈ ਕਰਦੇ ਹਨ। ਇਹਨਾਂ ਗੁਣਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਸੰਭਾਲ਼ ਕੇ ਰੱਖਿਆਂ ਹੈ। ਇਹਨਾਂ ਗੁਣਾਂ ਦੀ ਦਾਤ ਗੁਰੂ ਜੀ ਪਾਸੋਂ ਮਿਲਣੀ ਹੈ। ਭਾਵ ਗੁਰ-ਉਪਦੇਸ਼ ਨੂੰ ਆਪਣੀ ਮੱਤ ਵਿੱਚ ਲੈ ਕੇ ਆਉਣਾ ਹੈ। ਇਹਨਾਂ ਤੁਕਾਂ ਵਿੱਚ ਗੁਣਾਂ ਦੀ ਗੱਲ ਕਰਦਿਆਂ ਗੁਣਾਂ ਵਿੱਚ ਹੀ ਸਮਾਉਣ ਨੂੰ ਕਿਹਾ ਹੈ। ਪੂਰੇ ਗੁਰੂ ਦੇ ਉਪਦੇਸ਼ ਵਿੱਚ ਇਹ ਵਡਿਆਈਆਂ ਹਨ ਕਿ ਦੁਖ-ਭੁੱਖ, ਹਊਮੇ, ਐਬ ਸਾਰੇ ਦੂਰ ਕਰ ਦੇਂਦਾ ਹੈ। ਬਾਰਹ ਮਾਂਹ ਦੀ ਇਸ ਪਉੜੀ ਦੀ ਦੂਸਰੀ ਤੁਕ ਵਿੱਚ ਸਜਣ ਦੇ ਪੱਲੇ ਬਝਣ ਨਾਲ ਕਿਸੇ ਵੀ ਵਿਕਾਰ ਦਾ ਅਸਰ ਨਹੀਂ ਹੋ ਸਕਦਾ। ਦੂਸਰਾ ਜੇ ਸੱਜਣ ਦਾ ਪੱਲਾ ਫੜ ਲਿਆ ਹੈ ਤਾਂ ਪੰਚਾਇਤ ਮੈਂਬਰ ਹੋਣ ਦੇ ਨਾਤੇ ਕਦੇ ਵੀ ਪਿੰਡ ਦਾ ਸਾਂਝਾ ਛੱਪੜ ਨਹੀਂ ਪੂਰੇਗਾ। ਸੜਕ ਨੂੰ ਵੱਢ ਕੇ ਆਪਣੇ ਖੇਤ ਨਾਲ ਨਹੀਂ ਮਿਲਾਏਗਾ। ਸਗੋਂ ਸੜਕ ਤੇ ਪਏ ਖੱਡਿਆਂ ਵਿੱਚ ਮਿੱਟੀ ਪਉਣ ਦਾ ਯਤਨ ਕਰੇਗਾ। ਇਸ ਸੱਜਣ ਰੂਪੀ ਸੇਵਾ ਨੂੰ ਹੀ ਹਿਰਦੇ ਵਿੱਚ ਸੰਭਾਲਣਾ ਹੈ।

“ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ”।।

ਜਦੋਂ ਰੱਬੀ ਗੁਣਾਂ ਦੀ ਗੁਰ-ਉਪਦੇਸ਼ ਰਾਂਹੀ ਸਮਝ ਲੱਗਦੀ ਹੈ ਤਾਂ ਵੇਕਾਰੀ ਬਿਰਤੀ ਖਤਮ ਹੁੰਦੀ ਹੈ। ਭਾਵ ਵੇਕਾਰਾਂ ਨੂੰ ਅੱਗੇ ਲਗਾ ਲੈਂਦਾ ਹੈ।

ਅਗਲੀ ਤੁਕ ਵਿੱਚ ਆਮ ਲੋਕ ਬਿਰਤੀ ਦਾ ਜ਼ਿਕਰ ਕੀਤਾ ਹੈ ਕਿ ਮਨੁੱਖ ਆਪਣੀ ਆਪਣੀ ਸਮਰੱਥਾ ਅਨੁਸਾਰ ਧਨ ਦੌਲਤ ਇਕੱਠਾ ਕਰਦੇ ਹਨ। ਫਿਰ ਉਸ ਦੇ ਬਚਾ ਵਾਸਤੇ ਲੱਗੇ ਰਹਿੰਦੇ ਹਨ ਕਿ ਕਿਤੇ ਚੋਰੀ ਨਾ ਹੋ ਜਾਏ। ਕੋਈ ਬੈਂਕਾਂ ਦੇ ਲਾਕਰਾਂ ਵਿੱਚ ਰੱਖਦੇ ਹਨ ਤੇ ਕੋਈ ਘਰ ਵਿੱਚ ਹੀ ਪਹਿਰੇਦਾਰ ਰੱਖ ਕੇ ਕੀਮਤੀ ਵਸਤੂਆਂ ਦੀ ਬਚਾ ਕਰਦੇ ਹਨ। ਪਹਿਲਾਂ ਬੰਦਾ ਮਹਿੰਗੀਆਂ ਤੋਂ ਮਹਿੰਗੀਆਂ ਵਸਤੂਆਂ ਇਕੱਠੀਆਂ ਕਰਦਾ ਹੈ ਫਿਰ ਉਸ ਨੂੰ ਚੋਰੀ ਹੋਣ ਦਾ ਡਰ ਸਤਾਉਂਦਾ ਹੈ। ਪ੍ਰਮਾਤਮਾ ਦਾ ਨਾਂ ਜੋ ਸ਼ੁਭ ਗੁਣਾਂ ਦੇ ਰੂਪ ਵਿੱਚ ਆਉਂਦਾ ਹੈ ਉਸਨੂੰ ਕੋਈ ਚੁਰਾ ਨਹੀਂ ਸਕਦਾ—

ਮਾਣਕ ਮੋਤੀ ਨਾਮੁ ਪ੍ਰਭ, ਉਨ ਲਗੈ ਨਾਹੀ ਸੰਨਿ।।

ਅੱਖਰੀਂ ਅਰਥ-- (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।

ਵਿਚਾਰ ਤੇ ਵਿਹਾਰਕ ਪੱਖ--ਜਿਸ ਦਾ ਨਾਮ ਵਿੱਚ ਮਨ ਰੰਗਿਆ ਗਿਆ ਹੈ ਉਹ ਗੈਰ ਕੁਦਰਤੀ ਕਦੇ ਵੀ ਸਮਝੌਤੇ ਨਹੀਂ ਕਰੇਗਾ। ਸਿੱਖ ਪੰਥ ਵਿੱਚ ਕੌਮ ਦੇ ਪਰਵਾਨਿਆਂ ਨੇ ਸ਼ਹੀਦੀਆਂ ਦਿੱਤੀਆਂ ਹਨ ਪਰ ਉਹ ਮੌਤ ਤੋਂ ਬਚ ਵੀ ਸਕਦੇ ਸਨ ਜੇ ਸਰਕਾਰ ਨਾਲ ਸਮਝੌਤਾ ਕਰ ਲੈਂਦੇ। ਗੁਰ ਜੀ ਦੇ ਸੱਚ ਵਾਲੇ ਮਾਰਗ `ਤੇ ਚੱਲਣ ਵਾਲਿਆਂ ਨੇ ਗੁਰੂ ਜੀ ਦੇ ਅਦਰਸ਼ ਨੂੰ ਅੱਗੇ ਰੱਖਿਆ ਹੈ। ਸ਼ਹੀਦੀ ਦੇ ਦਿੱਤੀ ਪਰ ਅਸੂਲ ਤੋਂ ਨਹੀਂ ਥਿੜਕੇ। ਕਿਸੇ ਦੇ ਘਰ ਦੀ ਦੀਵਾਰ ਵਿੱਚ ਪਾੜ ਪਾ ਕੇ ਚੋਰੀ ਕਰਨ ਨੂੰ ਸੰਨ੍ਹ ਲੱਗਣੀ ਕਿਹਾ ਜਾਂਦਾ ਹੈ। ਭਾਵ ਪਰਵਾਰ ਦੇ ਸੁਤਿਆਂ ਹੋਇਆਂ ਪਿੱਛਲੇ ਦਰਵਾਜ਼ੇ ਦੀ ਕੀਮਤੀ ਸਮਾਨ ਕੱਢ ਕੇ ਲੈ ਜਾਣਾ। ਇਸ ਨੂੰ ਸੰਨ੍ਹ ਲੱਗਣੀ ਕਿਹਾ ਜਾਂਦਾ ਹੈ। ਗੁਰੂ ਜੀ ਦੀ ਮਤ ਲੈਣ ਵਾਲੇ ਦੇ ਜੀਵਨ ਵਿੱਚ ਕਦੇ ਵੀ ਸੰਨ੍ਹ ਨਹੀਂ ਲੱਗ ਸਕਦੀ। ਕਿਉਂਕਿ ਉਹ ਰੱਬੀ ਰੰਗ ਵਿੱਚ ਰੰਗਿਆ ਹੁੰਦਾ ਹੈ ਜੇਹਾ ਕਿ

ਰੰਗ ਸਭੇ ਨਾਰਾਇਣੈ, ਜੇਤੇ ਮਨਿ ਭਾਵੰਨਿ

ਅੱਖਰੀਂ ਅਰਥ-- ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਹਨ।

ਵਿਚਾਰ ਤੇ ਵਿਹਾਰਕ ਪੱਖ--ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਰੱਬੀ ਰੰਗ ਵਿੱਚ ਹਰ ਵੇਲੇ ਰੰਗਿਆ ਰਹਿੰਦਾ ਹੈ। ਬੰਦਾ ਇਹ ਹੀ ਸੋਚਦਾ ਹੈ ਕਿ ਮੈਨੂੰ ਉਹ ਹੀ ਕੰਮ ਕਰਨੇ ਚਾਹੀਦੇ ਹਨ ਜਿਹੜੇ ਰੱਬ ਜੀ ਨੂੰ ਚੰਗੇ ਲੱਗਣ। ਆਪਣੇ ਫ਼ਰਜ਼ ਦੀ ਪਹਿਚਾਨ ਕਰਨੀ ਕਦੇ ਵੀ ਨਹੀਂ ਭੁਲੇਗਾ। ਇਮਨਦਾਰੀ ਦਾ ਕਦੇ ਵੀ ਪੱਲਾ ਨਹੀਂ ਛੱਡੇਗਾ। ਇਸ ਦਾ ਇੱਕ ਵਿਹਾਰਕ ਪੱਖ ਜੇ ਕਿਤੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਉਸ ਤਾਂ ਆਪਣਾ ਮਨ ਡੋਲਣ ਨਹੀਂ ਦੇਵੇਗਾ, ਸਗੋਂ ਮੁਸੀਬਤ ਦੇ ਹੱਲ ਲਈ ਤਿਆਰੀ ਕਰੇਗਾ। ਕਈ ਵਾਰੀ ਥੋੜਾ ਬਹੁਤ ਨੁਕਸਾਨ ਆਪਣੀਆਂ ਗਲਤੀਆਂ ਕਰਕੇ ਹੋ ਜਾਂਦਾ ਹੈ ਤਾਂ ਅਸੀਂ ਓਸੇ ਵੇਲੇ ਹੀ ਰੱਬ ਜੀ ਕੋਸਣ ਲੱਗ ਜਾਂਦੇ ਹਾਂ ਜਾਂ ਪੀਰਾਂ-ਫਕੀਰਾਂ ਦੇ ਸੁੱਖਣਾ ਸੁੱਖਣ ਲੱਗ ਜਾਂਦੇ ਹਾਂ। ਆਸਾ ਕੀ ਵਾਰ ਵਿੱਚ ਬੜਾ ਪਿਆਰਾ ਖਿਆਲ ਆਇਆ ਹੈ—

ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ।।

ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ।।

ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ।।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ।।

ਅੱਖਰੀਂ ਅਰਥ-- ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿੱਚ ਉਹ ਬੰਦੇ ਨੇਕ ਹਨ; ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿੱਚ ਹੀ (ਸਦਾ ਜੁੜੇ ਰਹਿੰਦੇ ਹਨ)। ਉਹ ਮਨੁੱਖ ਪ੍ਰਭੂ ਦੇ ਪਿਆਰ ਵਿੱਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿੱਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿੱਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿੱਚ ਹੀ ਮਸਤ ਰਹਿੰਦੇ ਹਨ); ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ। ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--

ਜੋ ਹਰਿ ਲੋੜੇ ਸੋ ਕਰੇ, ਸੋਈ ਜੀਅ ਕਰੰਨਿ।।

ਅੱਖਰੀਂ ਅਰਥ-- (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁੱਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਵਿਚਾਰ ਤੇ ਵਿਹਾਰਕ ਪੱਖ—ਇਸ ਤੁਕ ਦੀ ਵਿਚਾਰ ਕਰਦਿਆ ਇਹ ਸਮਝ ਲੱਗਦੀ ਹੈ ਕਿ “ਜੋ ਹਰਿ ਲੋੜੇ ਸੋ ਕਰੇ” ਮਨੁੱਖ ਨੂੰ ਜਦੋਂ ਸੱਚ ਦਾ ਪਤਾ ਚੱਲਦਾ ਹੈ ਤਾਂ ਉਹ ਸੱਚ ਦੇ ਰਸਤੇ ਨੂੰ ਪਹਿਲ ਦੇਵੇਗਾ। ਮਨੁੱਖ ਦੀ ਸੋਚ ਗਲਤ ਕੰਮ ਕਦੇ ਵੀ ਨਹੀਂ ਕਰੇਗੀ। ਭਾਰਤ ਵਿੱਚ ਧਰਮ ਦੇ ਕਰਮ ਵੀ ਬਹੁਤ ਹੋ ਰਹੇ ਹਨ ਤੇ ਹੇਰਾ-ਫੇਰੀ, ਝੂਠ-ਫਰੇਬ, ਵੱਢੀ, ਭਤੀਜਾਵਾਦ ਆਦਿ ਬੀਮਾਰੀਆਂ ਦੀ ਜੜ੍ਹ ਵੀ ਬਹੁਤ ਡੂੰਘੀ ਹੈ। ਇਸ ਦਾ ਭਾਵ ਹੈ ਕਿ ਅਜੇ ਮਨੁਖ ਨੂੰ ਰੱਬੀ ਗਿਆਨ ਆਇਆ ਨਹੀਂ ਹੈ। ਜਿਸ ਨੂੰ ਸੱਚ ਦੇ ਮਾਰਗ ਦੀ ਸਮਝ ਲੱਗਦੀ ਹੈ ਉਹ ਰੱਬੀ ਹੁਕਮ ਵਿੱਚ ਹੀ ਵਿਚਰਦਾ ਹੈ।

ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ।।

ਅੱਖਰੀਂ ਅਰਥ--ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ।

ਵਿਚਾਰ ਤੇ ਵਿਹਾਰਕ ਪੱਖ--ਪ੍ਰਭੂ ਜਿੰਨ੍ਹਾਂ ਨੂੰ ਆਪਣਾ ਬਣਾ ਲੈਂਦਾ ਹੈ ਉਹਨਾਂ ਨੂੰ ਧੰਨ ਕਿਹਾ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ। ਉਮਰ ਸੱਤ ਸਾਲ ਅਤੇ ਨੌਂ ਸਾਲ ਦੀ ਹੈ ਪਰ ਅਜੇਹਾ ਕੰਮ ਕੋਈ ਸੌ ਸਾਲ ਦੀ ਉਮਰ ਵਾਲਾ ਵੀ ਨਹੀਂ ਕਰ ਸਕਦਾ। ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਖ ਕੌਮ ਨਿਰਾ ਧੰਨ ਹੀ ਨਹੀਂ ਕਹਿ ਰਹੀ ਸਗੋਂ ਹਰ ਵੇਲੇ ਅਰਦਾਸ ਵਿੱਚ ਸਿਮ੍ਰਤੀ ਵੀ ਕਰਦੀ ਹੈ। ਸਾਹਿਬਜ਼ਾਦਿਆਂ ਪ੍ਰਭੂ ਦੇ ਹੁਕਮ ਵਿੱਚ ਵਿਚਰਦਿਆਂ ਭਾਵ ਸੱਚਾਈ ਤੇ ਧ੍ਰਿੜਤਾ ਨਾਲ ਪਹਿਰਾ ਦੇਂਦਿਆਂ ਸਮੇਂ ਦੀ ਹਕੂਮਤ ਨਾਲ ਕਿਸੇ ਪਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ। ਉਹਨਾਂ ਦੀ ਮਹਾਨ ਸ਼ਹੀਦੀ ਦੇਖ ਕੇ ਸਾਰੀ ਦੁਨੀਆਂ ਧੰਨ ਕਹਿ ਰਹੀ ਹੈ। ਗੁਰਬਾਣੀ ਦਾ ਅਦਰਸ਼ ਹੈ ਕਿ ਬੰਦੇ ਨੂੰ ਦੁਨੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਭਗਤ ਪੂਰਨ ਸਿੰਘ ਦੀ ਸੇਵਾ ਦੇਖ ਕੇ ਉਨ੍ਹਾਂ ਨੂੰ ਸਾਰੇ ਧੰਨ ਆਖਦੇ ਹਨ। ਦੁਨੀਆਂ `ਤੇ ਕੋਈ ਨਵੀਂ ਖੋਜ ਕਰਦਾ ਹੈ ਜਿਸ ਨਾਲ ਮਨੁੱਖਤਾ ਨੂੰ ਲਾਭ ਹੁੰਦਾ ਹੈ ਤਾਂ ਉਸ ਦੀ ਖੋਜ ਦੇਖ ਕੇ ਨੋਬਲ ਇਨਾਮ ਵੀ ਦਿੱਤਾ ਜਾਂਦਾ ਹੈ। ਇਹ ਉਸ ਨੂੰ ਧੰਨ ਕਹਿਣ ਦਾ ਤਰੀਕਾ ਹੈ। ਜਿਸ ਦੇ ਮਨ ਵਿੱਚ ਸਚਾਈ ਬੈਠ ਜਾਂਦੀ ਹੈ ਉਹ ਕਦੇ ਵੀ ਸਚਾਈ ਨਾਲ ਤੋੜ ਵਿਛੋੜਾ ਨਹੀਂ ਕਰਦਾ—

ਆਪਣ ਲੀਆ ਜੇ ਮਿਲੈ, ਵਿਛੁੜਿ ਕਿਉ ਰੋਵੰਨਿ।।

ਅੱਖਰੀਂ ਅਰਥ— (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?

ਵਿਚਾਰ ਤੇ ਵਿਹਾਰਕ ਪੱਖ- ਕੰਮ ਕਰਨ ਲਈ ਉਦਮ ਤਾਂ ਬੰਦੇ ਨੂੰ ਹੀ ਕਰਨਾ ਪੈਂਦਾ ਹੈ। ਇਹ ਉਦਮ ਵੀ ਦੋ ਤਰ੍ਹਾਂ ਦਾ ਹੈ ਇੱਕ ਉਦਮ ਕਰਕੇ ਦਾਰੂ ਵੰਡ ਰਿਹਾ ਹੈ ਦੂਜਾ ਉਦਮ ਕਰਕੇ ਦਾਰੂ ਵੰਡਣ ਵਾਲਿਆਂ ਨੂੰ ਰੋਕ ਰਿਹਾ ਹੈ। ਦਾਰੂ ਵੇਚ ਕੇ ਲੋਕਾਂ ਦੇ ਘਰ ਉਜਾੜ ਦੇਵੇ ਫਿਰ ਬੰਦਾ ਗੁਰਦੁਆਰੇ ਵਿੱਚ ਲੰਗਰ ਲਗਾਵੇ ਤੇ ਕਹੇ ਮੈਂ ਰੱਬ ਜੀ ਨਾਲ ਜੁੜਿਆ ਹੋਇਆ ਹਾਂ ਏਦਾਂ ਉਹ ਸੌ ਜਨਮ ਕਰਕੇ ਵੀ ਨਹੀਂ ਜੁੜ ਸਕਦਾ। ਜਿਹੜਾ ਅਸਲੀਅਤ ਨਾਲ ਜੁੜ ਜਾਂਦਾ ਹੈ ਉਹ ਫਿਰ ਕਦੇ ਵੀ ਨਹੀਂ ਵਿਛੜਦਾ। ਨਸ਼ਾ ਵੇਚਣ ਵਾਲਾ ਕਹੇ ਕੇ ਮੈਂ ਲੰਗਰਾਂ ਦੀ ਮਹਾਨ ਸੇਵਾ ਕਰਕੇ ਰੱਬ ਨਾਲ ਜੁੜਿਆ ਹੋਇਆ ਹਾਂ ਇਹ ਉਸ ਦਾ ਨਿਰਾ ਵਹਿਮ ਹੀ ਹੈ। ਦਰ ਅਸਲ ਉਹ ਸਮਾਜ ਵਿੱਚ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ। ਏਨੀ ਗੱਲ ਜ਼ਰੂਰ ਹੈ ਕਿ ਮਾਰੂ ਨਸ਼ੇ ਵੇਚਣ ਵਾਲਾ ਕਦੇ ਸੁੱਖ ਦੀ ਨੀਂਦ ਨਹੀਂ ਸਾਉਂਦਾ ਉਸ ਦੇ ਅੰਦਰ ਤਾਂ ਇੱਕ ਧੜਕੂ ਲੱਗਾ ਰਹਿੰਦਾ ਹੈ ਪੁਲੀਸ ਮੈਨੂੰ ਫੜ ਕੇ ਨਾ ਲੈ ਜਾਵੇ।

ਗੁਰੂ ਸਾਹਿਬ ਜੀ ਅਗਲੀ ਤੁਕ ਵਿੱਚ ਦਸਦੇ ਹਨ ਕਿ---

ਸਾਧੂ ਸੰਗੁ ਪਰਾਪਤੇ, ਨਾਨਕ ਰੰਗ ਮਾਣੰਨਿ।।

ਅੱਖਰੀਂ ਅਰਥ-- ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ।

ਵਿਚਾਰ ਤੇ ਵਿਹਾਰਕ ਪੱਖ--ਪਿਆਰ ਦਾ ਰੰਗ ਉਹ ਹੀ ਮਾਣਦਾ ਹੈ ਜਿਸ ਨੇ ਗੁਰੂ ਜੀ ਦਾ ਸੰਗ ਪ੍ਰਾਪਤ ਕਰ ਲਿਆ। “ਸਾਧੁ ਸੰਗੁ” ਜੇ ਊਪਰਲੀ ਨਜ਼ਰ ਨਾਲ ਅੱਖਰੀਂ ਅਰਥ ਕਰਨੇ ਹੋਣ ਤਾਂ ਏਹੀ ਕਰਾਂਗੇ ਕਿ ਕੋਈ ਚੋਲ਼ੇ ਵਾਲਾ, ਨੰਗੀਆਂ ਲੱਤਾਂ, ਗੋਲ ਪੱਗ ਤੇ ਹੱਥ ਵਿੱਚ ਮਾਲਾ ਲਮਕਾਉਣ ਵਾਲਾ ਬੰਦਾ ਹੋਣਾ ਹੈ। ਉਸ ਦੀ ਕੇਵਲ ਸੰਗਤ ਕਰਨ ਨਾਲ ਹੀ ਸਾਡਾ ਬੇੜਾ ਪਾਰ ਹੋ ਜਾਣਾ ਹੈ। ਅੱਖਰਾਂ ਦੇ ਅਰਥਾਂ ਤੋਂ ਹੀ ਚਲਾਕ ਸਾਧੜਿਆਂ ਨੇ ਲੁਕਾਈ ਨੂੰ ਲੁੱਟਿਆ ਹੈ—

ਸਾਧ ਸੰਗਿ ਜਪਿਓ ਭਗਵੰਤੁ।। ਕੇਵਲ ਨਾਮੁ ਦੀਓ ਗੁਰਿ ਮੰਤੁ।।

ਤਜਿ ਅਭਿਮਾਨ ਭਏ ਨਿਰਵੈਰ।। ਆਠ ਪਹਰ ਪੂਜਹੁ ਗੁਰ ਪੈਰ।। ੧।।

ਗਉੜੀ ਗੁਆਰੇਰੀ ੫ ਪੰਨਾ ੧੮੩

ਅੱਖਰੀਂ ਅਰਥ— (ਹੇ ਭਾਈ!) ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ। (ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿੱਚ ਭਗਵਾਨ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ (ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ। ੧।

ਵਿਚਾਰ ਤੇ ਵਿਹਾਰਕ ਪੱਖ--ਸਾਧੂ ਸੰਗ ਦਾ ਭਾਵ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ- ਜਿਸ ਦੀ ਰੋਸ਼ਨੀ ਵਿੱਚ ਤੁਰਨ ਨਾਲ ਮਨੁੱਖ ਪਿਆਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।

ਸਾਡੇ ਸਮਾਜ ਦੀ ਇੱਕ ਹੋਰ ਬੜੀ ਵੱਡੀ ਸਮੱਸਿਆ ਹੈ ਕਿ ਜਦੋਂ ਕਿਸੇ ਕਾਰਜ ਵਿੱਚ ਬੰਦਾ ਅਸਫਲ ਰਹਿੰਦਾ ਹੈ ਤਾਂ ਝੱਟ ਕਹਿ ਦੇਂਦਾ ਹੈ ਕਿ ਮੇਰੇ ਮੱਥੇ ਦੇ ਭਾਗ ਨਹੀਂ ਜਾਗੇ ਜਾਂ ਮੇਰੇ ਭਾਗਾਂ ਵਿੱਚ ਨਹੀਂ ਲਿਖਿਆ ਹੋਇਆ ਸੀ। ਸਾਡੀ ਤਰੱਕੀ ਨਾ ਹੋਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਅਸਫਲਤਾ ਦਾ ਜ਼ਿੰਮੇਵਾਰੀ ਰੱਬ ਜੀ ਤੇ ਪਾ ਦੇਂਦੇ ਹਾਂ। ਇਸ ਪਉੜੀ ਦੀ ਅਖੀਰੀਲੀ ਤੁਕ ਵਿੱਚ ਗੁਰੂ ਸਾਹਿਬ ਜੀ ਬੜਾ ਪਿਆਰਾ ਸੁਨੇਹਾਂ ਦੇਂਦੇ ਹਨ—

ਹਰਿ ਜੇਠੁ ਰੰਗੀਲਾ ਤਿਸੁ ਧਣੀ, ਜਿਸ ਕੈ ਭਾਗੁ ਮਥੰਨਿ।।

ਅੱਖਰੀਂ ਅਰਥ--ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ। ੪।

ਵਿਚਾਰ ਤੇ ਵਿਹਾਰ ਪੱਖ--ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ ਉਸ ਲਈ ਜੇਠ ਦਾ ਮਹੀਨਾ ਸੋਹਣਾ ਲਗਣ ਲੱਗ ਜਾਂਦਾ ਹੈ। ਮੱਥੇ ਦੇ ਭਾਗਾਂ ਨੂੰ ਵਿਦਿਆ ਦੁਆਰਾ ਜਗਾਉਣਾ ਹੈ। ਮੱਥੇ ਦੇ ਪਿਛੇ ਦਿਮਾਗ ਹੈ ਤੇ ਦਿਮਾਗ ਵਿਦਿਆ ਦੁਆਰਾ ਤੇਜ਼ ਕੀਤਾ ਜਾਂਦਾ ਹੈ। ਦਿਮਾਗ ਵਿੱਚ ਗੁਣ ਹਨ ਤੇ ਇਹਨਾਂ ਗੁਣਾਂ ਨੂੰ ਪ੍ਰਗਟ ਕਰਨ ਲਈ ਵਿਦਿਆ ਦਾ ਅਭਿਆਸ ਕਰਨਾ ਪਏਗਾ।

ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ।।

ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ।। ੧।।

ਪੰਨਾ ੨੬੦

ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ)

ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ।।

ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ।।

ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ।। ੪।। ੪।। ੭।।

{ਪੰਨਾ ੪੫੭}

ਅੱਖਰੀਂ ਅਰਥ--ਉਹਨਾਂ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ।

ਨਾਨਕ ਆਖਦਾ ਹੈ—ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿੱਚ ਜੋੜਦਾ ਹੈ।

ਤੱਤਸਾਰ--ਸਪੱਸ਼ਟ ਹੋਇਆ ਮੱਥੇ ਦੇ ਭਾਗ ਵਿਦਿਆ ਜੋ ਸ਼ੁਭ ਗੁਣਾਂ ਦੇ ਅਧਾਰਤ ਹੈ ਉਸ ਦੁਆਰਾ ਜਗਾਉਣੇ ਹਨ। ਇਹ ਗੁਣ ਕਿਸੇ ਦੇ ਚੁਰਾਏ ਨਹੀਂ ਜਾ ਸਕਦੇ ਸਿੱਖੇ ਜਾ ਸਕਦੇ ਹਨ। ਜੇਠ ਦੇ ਮਹੀਨੇ ਦਾ ਨਾਂ ਲੈ ਕੇ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਮਨੁੱਖ ਨੂੰ ਵੱਧ ਤੋਂ ਵੱਧ ਗੁਣ ਸਿੱਖਣੇ ਚਾਹੀਦੇ ਹਨ ਜੋ ਦੇਸ-ਪ੍ਰਦੇਸ ਵਿੱਚ ਸਾਡੇ ਕੰਮ ਆਉਣੇ ਹਨ।

ਤੱਤਸਾਰ—ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ-ਇਸ ਵਿਦਿਆ ਰਾਂਹੀ ਸੰਸਾਰ ਦੇ ਭਲੇ ਲਈ ਚੰਗੇ ਸਾਧਨ ਜਟਾਉਣਾ ਹੈ। ਵਿਦਿਆ ਦਾ ਗੁਣ ਚੁਰਾਇਆ ਨਹੀਂ ਜਾ ਸਕਦਾ। ਇਹ ਤੇ ਸੰਸਾਰਕ ਪੱਖ ਹੈ। ਏਸੇ ਤਰ੍ਹਾਂ ਜੇ ਰੱਬੀ ਗੁਣਾਂ ਦੀ ਸਮਝ ਪੈ ਜਾਂਦੀ ਹੈ ਤਾਂ ਫਿਰ ਮਨੁੱਖੀ ਸੁਭਾਅ ਵਿੱਚ ਵਿਕਾਰੀ ਬਿਰਤੀ ਦਾ ਜਨਮ ਨਹੀਂ ਹੋ ਸਕਦਾ।

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ।।

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ।।

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ।।

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ।। ੫।। ੪।। ੩੭

ਸਿਰੀ ਰਾਗੁ ਮਹਲਾ ੩ ਪੰਨਾ ੨੮
.