.

ਅਕਾਲ ਪੁਰਖੁ ਦਾ ਨਾਮੁ ਜਪਣ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਵੀਚਾਰਨੇ ਜਰੂਰੀ ਹਨ

Studying the qualities and capabilities of Akal Purkh through Gurbani are required for the recition of His Naam

ਕਿਸੇ ਵੀ ਮਨੁੱਖ ਦਾ ਵਾਰ ਵਾਰ ਦੁਨਿਆਵੀ ਨਾਂ ਲਈ ਜਾਣ ਨਾਲ ਉਸ ਬਾਰੇ ਜਾਂ ਉਸ ਦੇ ਗੁਣਾਂ ਬਾਰੇ ਕੁੱਝ ਪਤਾ ਨਹੀਂ ਲਗ ਸਕਦਾ। ਇਸੇ ਤਰ੍ਹਾਂ ਆਪਣੀ ਭਾਸ਼ਾ ਵਿੱਚ ਅਕਾਲ ਪੁਰਖੁ ਦਾ ਕੋਈ ਨਾਂ ਨੀਯਤ ਕਰਨ ਨਾਲ ਤੇ ਉਸ ਦੇ ਨਾਂ ਨੂੰ ਵਾਰ ਵਾਰ ਦੁਹਰਾਈ ਜਾਣ ਨਾਲ ਅਕਾਲ ਪੁਰਖੁ ਦੇ ਗੁਣਾਂ ਤੇ ਸਮੱਰਥਾ ਬਾਰੇ ਕੁੱਝ ਪਤਾ ਨਹੀਂ ਲਗ ਸਕਦਾ। ਅਸੀਂ ਜਦੋਂ ਵੀ ਕਿਸੇ ਨਾਲ ਸਾਂਝ ਕਰਨੀ ਹੁੰਦੀ ਹੈ ਤਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ, ਕਿ ਉਸ ਨੂੰ ਕੀ ਚੰਗਾ ਲਗਦਾ ਹੈ ਤੇ ਕੀ ਮਾੜਾ ਲਗਦਾ ਹੈ। ਉਸ ਵਰਗੇ ਗੁਣ, ਆਦਤਾਂ ਤੇ ਸੋਚ ਬਣਾਉਂਦੇ ਹਾਂ। ਅਸੀਂ ਕੰਮ ਵੀ ਉਹੋ ਜਿਹੇ ਕਰਦੇ ਹਾਂ, ਜੋ ਉਸ ਨੂੰ ਚੰਗੇ ਲਗਦੇ ਹਨ। ਠੀਕ ਉਸੇ ਤਰ੍ਹਾਂ ਜੇ ਕਰ ਅਸੀਂ ਵੀ ਅਕਾਲ ਪੁਰਖੁ ਨਾਲ ਸਾਂਝ ਕਾਇਮ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਵੀ ਅਕਾਲ ਪੁਰਖੁ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਪਵੇਗੀ, ਕਿ ਉਸ ਨੂੰ ਕਿਹੜੇ ਕਰਮ ਠੀਕ ਲਗਦੇ ਹਨ, ਉਸ ਦੀ ਰਚੀ ਹੋਈ ਕੁਦਰਤ ਦਾ ਸਤਿਕਾਰ ਕਰਨਾ ਪਵੇਗਾ, ਉਸ ਦੇ ਹੁਕਮੁ ਨੂੰ ਪਛਾਨਣਾਂ ਪਵੇਗਾ, ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ। ਸਾਨੂੰ ਆਪਣੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਕਰਨੇ ਪੈਣਗੇ, ਆਪਣੀ ਸੋਚ ਅਕਾਲ ਪੁਰਖੁ ਵਰਗੀ ਬਣਾਉਣੀ ਪਵੇਗੀ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਂ ਨੇ ਅਕਾਲ ਪੁਰਖੁ ਦਾ ਕੋਈ ਵੀ ਇੱਕ ਅਖਰੀ ਨਾਂ ਨੀਯਤ ਨਹੀਂ ਕੀਤਾ ਹੈ ਤੇ ਨਾ ਹੀ ਗੁਰਬਾਣੀ ਵਿੱਚ ਏਕਾਂ ਸ਼ਬਦੀ (ਇਕ ਸਬਦ ਨੂੰ ਵਾਰ ਵਾਰ ਦੁਹਰਾਈ ਜਾਣਾ) ਵਾਲਿਆ ਨੂੰ ਪਰਵਾਨ ਕੀਤਾ ਗਿਆ ਹੈ।

ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥ ੨॥ (੬੫੪-੬੫੫)

ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ। ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਨਾਮੁ ਹੈ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ ਤੇ ਵੀਚਾਰ ਕੇ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਣਾਂ ਪਵੇਗਾ ਤੇ ਆਪਣੇ ਦੁਨਿਆਵੀ ਜੀਵਨ ਵਿੱਚ ਅਪਨਾਉਂਣਾਂ ਪਵੇਗਾ। ਗੁਰਬਾਣੀ ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ, ਕਿ ਜੇ ਕਰ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਾਨਣਾਂ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ, ਤਾਂ ਜੋ ਸਾਡੇ ਅੰਦਰ ਵੀ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਸਕਣ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਅੰਦਰ ਅਕਾਲ ਪੁਰਖੁ ਦੇ ਨਾਮੁ ਨੂੰ ਖਾਸ ਮਹੱਤਤਾ ਦਿਤੀ ਗਈ ਹੈ ਤੇ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੇ ਗੁਣ ਸਮਝਾਏ ਗਏ ਹਨ ਤਾਂ ਜੋ ਅਸੀਂ ਅਕਾਲ ਪੁਰਖੁ ਦੀ ਰਚੀ ਹੋਈ ਕੁਦਰਤ ਨੂੰ ਸਮਝ ਸਕੀਏ, ਉਸ ਅਨੁਸਾਰ ਚਲ ਕੇ ਆਪਣੀਆਂ ਮੁਸ਼ਕਲਾਂ ਤੇ ਰੁਕਾਵਟਾਂ ਨੂੰ ਦੂਰ ਕਰ ਸਕੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਸਕੀਏ।

ਜਿਆਦਾ ਤਰ ਲੋਕ ਇਹੀ ਸਮਝਦੇ ਹਨ ਕਿ ਕੁੱਝ ਰਵਾਇਤਾਂ ਪੂਰੀਆਂ ਕਰਨ ਨਾਲ ਜਾਂ ਕਰਮ ਕਾਂਡ ਕਰਨ ਨਾਲ, ਅਕਾਲ ਪੁਰਖੁ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਕਈ ਐਸੇ ਲੋਕ ਵੀ ਹਨ ਜੋ ਕਿ ਜੋਗ ਸਾਧਨਾਂ ਵਿੱਚ ਲੱਗੇ ਰਹਿੰਦੇ ਹਨ, ਕਈ ਚਰਚਾ ਕਰਨ ਵਿਚ, ਕਈ ਤੀਰਥ ਇਸ਼ਨਾਨ ਜਾਂ ਦਾਨ ਕਰਨਾ ਠੀਕ ਸਮਝਦੇ ਹਨ। ਕਈਆਂ ਨੇ ਇੱਕ ਅੱਖਰ ਨੂੰ ਵਾਰ ਵਾਰ ਦੁਹਰਾਈ ਜਾਣ ਨੂੰ ਹੀ ਨਾਮੁ ਜਪਣਾ ਕਹਿਣਾਂ ਸ਼ੁਰੂ ਕਰ ਦਿਤਾ ਹੈ। ਸੋਚਿਆ ਜਾਵੇ ਕਿ ਇੱਕ ਅੱਖਰ ਦਾ ਘੋਟਾ ਲਾਣ ਨਾਲ, ਕਿਸ ਤਰ੍ਹਾਂ ਕੋਈ ਵਿਸ਼ਾ ਜਾਂ ਪੂਰੀ ਕਿਤਾਬ ਨੂੰ ਸਮਝਿਆ ਜਾ ਸਕਦਾ ਹੈ। ਜੇ ਕਰ ਪੂਰੀ ਕਿਤਾਬ ਬਾਰੇ ਜਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਪੂਰੀ ਕਿਤਾਬ ਨੂੰ ਹੀ ਪੜ੍ਹਨਾਂ, ਸਮਝਣਾਂ ਤੇ ਵੀਚਾਰਨਾ ਪਵੇਗਾ। ਇਸੇ ਤਰ੍ਹਾਂ ਜੇ ਕਰ ਅਸੀਂ ਅਕਾਲ ਪੁਰਖੁ ਨਾਲ ਸਾਂਝ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰਨੀ ਪਵੇਗੀ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਵਿੱਚ ਜੁੜਿਆਂ ਹੀ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਸਕਦੀ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਤੋਂ ਬਿਨਾ ਕੋਈ ਮਨੁੱਖ ਪੰਜ ਵਿਕਾਰਾਂ ਤੋਂ ਖ਼ਲਾਸੀ ਨਹੀਂ ਪਾ ਸਕਦਾ ਹੈ। ਅਕਾਲ ਪੁਰਖੁ ਨੇ ਐਸਾ ਨਿਯਮ ਬਣਾਇਆ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਂਣ ਤੋਂ ਬਿਨਾ ਕੋਈ ਮਨੁੱਖ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਨਹੀਂ ਕਰ ਸਕਦਾ ਹੈ।

ਸਚੈ ਸਬਦਿ ਸਚੀ ਪਤਿ ਹੋਈ॥ ਬਿਨੁ ਨਾਵੈ ਮੁਕਤਿ ਨ ਪਾਵੈ ਕੋਈ॥ ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ॥ ੯॥ (੧੦੪੬)

ਅਕਾਲ ਪੁਰਖੁ ਆਪ ਸਭ ਨੂੰ ਆਸਰਾ ਦੇਣ ਵਾਲਾ ਹੈ, ਇਸ ਲਈ ਕਿਸੇ ਮਨੁੱਖ ਦਾ ਓਟ ਤੇ ਆਸਰਾ ਰੱਖਣਾ ਵਿਅਰਥ ਹੈ। ਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਤੇ ਚਿੰਤਾ ਰਹਿਤ ਅਕਾਲ ਪੁਰਖੁ ਨੂੰ ਮਿਲ ਲੈਂਦਾ ਹੈ, ਉਸ ਦੇ ਅੰਦਰੋਂ ਦੁਨੀਆਂ ਦੀ ਹਰੇਕ ਤਰ੍ਹਾਂ ਦੀ ਚੀਜ ਲਈ ਆਸ ਤੇ ਚਿੰਤਾ ਮੁੱਕ ਜਾਂਦੀ ਹੈ। ਇਸ ਜਗਤ ਦੀ ਰਚਨਾ ਕਰਨ ਵਾਲਾ ਸਿਰਫ ਅਕਾਲ ਪੁਰਖੁ ਆਪ ਹੀ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖਦਾ ਹੈ, ਗੁਰੂ ਉਸ ਨੂੰ ਆਨੰਦ ਦੇਣ ਵਾਲੇ ਅਕਾਲ ਪੁਰਖੁ ਦੇ ਦਰਸ਼ਨ ਕਰਾ ਦਿੰਦਾ ਹੈ। ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ ਅੰਤ ਨੂੰ ਅਕਾਲ ਪੁਰਖੁ ਹੀ ਰੱਖਿਆ ਕਰ ਸਕਣ ਵਾਲਾ ਹੈ। ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਅਤੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਕੇ ਹੀ ਅਕਾਲ ਪੁਰਖੁ ਨੂੰ ਮਿਲਿਆ ਜਾ ਸਕਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਸਦਾ ਅਕਾਲ ਪੁਰਖੁ ਦੇ ਗੁਣ ਗਾਇਆ ਕਰ। ਤੇਰਾ ਇਹ ਮਨੁੱਖਾ ਜਨਮ ਸਫਲ ਕਰਨ ਦਾ ਕਾਰਜ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ ਤੇ ਇਸ ਕਾਰਜ ਦਾ ਤੈਨੂੰ ਫਲ ਜ਼ਰੂਰ ਮਿਲੇਗਾ।

ਏਕੋ ਨਾਮੁ ਧਿਆਇ ਮਨ ਮੇਰੇ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ॥ ੧॥ ਰਹਾਉ॥ (੮੯੬)

ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਹਮੇਸ਼ਾਂ ਨਾਮੁ ਜਪ ਜਪ ਕੇ ਆਤਮਕ ਬਲ ਹਾਸਲ ਕਰਦਾ ਰਹਿੰਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ ਹਉਮੈ ਦੀ ਅੱਗ ਬੁੱਝ ਜਾਂਦੀ ਹੈ, ਤਾਂ ਉਹ ਗੁਰੂ ਦੀ ਮਤਿ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦਾ ਹੈ। ਗੁਰੂ ਸਭ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰੰਤੂ ਆਮ ਮਨੁੱਖ ਨੂੰ ਬਦਕਿਸਮਤੀ ਨਾਲ ਗੁਰੂ ਪਿਆਰਾ ਨਹੀਂ ਲੱਗਦਾ ਤੇ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਤਮਕ ਜੀਵਨ ਦੀ ਦਾਤ ਪ੍ਰਾਪਤ ਨਹੀਂ ਕਰਦਾ। ਜਦੋਂ ਇੱਕ ਵਾਰੀ ਸਮਾਂ ਨਿਕਲ ਜਾਂਦਾ ਹੈ, ਤਾਂ ਫਿਰ ਵਾਪਿਸ ਹੱਥ ਨਹੀਂ ਆਉਂਦਾ, ਫਿਰ ਮਨੁੱਖ ਦੁਖੀ ਹੁੰਦਾ ਹੈ, ਪਛਤਾਂਦਾ ਹੈ ਤੇ ਹੱਥ ਮਲਦਾ ਹੀ ਰਹਿ ਜਾਂਦਾ ਹੈ। ਇਸ ਲਈ ਜੇ ਕਰ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੇ ਦਰ ਤੇ ਆਪਾ ਭਾਵ ਮਿਟਾ ਕੇ ਟਿਕਿਆ ਰਹੇ। ਜਿਸ ਮਨੁੱਖ ਦਾ ਮਨ ਗੁਰੂ ਦੀ ਮਤਿ ਲੈ ਕੇ ਸੁਆਦ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਲੱਗ ਪੈਂਦਾ ਹੈ, ਉਹ ਮਨੁੱਖ ਖਲੋਤਿਆਂ, ਬੈਠਦਿਆਂ, ਉਠਦਿਆਂ, ਰਸਤੇ ਵਿੱਚ ਤੁਰਦਿਆਂ, ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹੈ। ਅਜੇਹਾ ਮਨੁੱਖ ਸਦਾ ਗੁਰੂ ਦੇ ਬਚਨਾਂ ਵਿੱਚ ਮਗਨ ਰਹਿੰਦਾ ਹੈ, ਗੁਰੂ ਦਾ ਉਪਦੇਸ਼ ਉਸ ਨੂੰ ਵਿਕਾਰਾਂ ਵਿਚੋਂ ਬਾਹਰ ਨਿਕਲਣ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ ਕਿ ਗੁਰੂ (ਬਾਣੀ) ਤੋਂ ਬਿਨਾ ਕੋਈ ਹੋਰ ਤਰੀਕਾ ਨਹੀਂ ਹੈ, ਜਿਸ ਨਾਲ ਜੀਵਨ ਮੁਕਤ ਕੀਤਾ ਜਾ ਸਕਦਾ ਹੈ।

ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ॥ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ॥ ੫॥ (੧੩੦੯)

ਮਨੁੱਖ ਦਾ ਮਨ ਹਮੇਸ਼ਾਂ ਭਟਕਦਾ ਰਹਿੰਦਾ ਹੈ, ਇਸ ਲਈ ਆਤਮਕ ਅਡੋਲਤਾ ਵਿੱਚ ਟਿਕ ਕੇ ਹੀ ਅਕਾਲ ਪੁਰਖੁ ਦੇ ਗੁਣ ਗਾਏ ਜਾ ਸਕਦੇ ਹਨ, ਤੇ ਉਸ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਮਤਿ ਉੱਤੇ ਚਲ ਕੇ ਹੀ ਅਕਾਲ ਪੁਰਖੁ ਦੇ ਨਾਮੁ ਦਾ ਰਸ ਪੀਤਾ ਜਾ ਸਕਦਾ ਹੈ। ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤਰ ਹੋ ਜਾਂਦਾ ਹੈ ਤਾਂ ਉਹ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਗੁਰੂ ਦੀ ਮਤਿ ਅਨੁਸਾਰ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਤੇ ਆਪਣੇ ਆਪ ਨੂੰ ਨੀਚ ਤੋਂ ਇੱਕ ਉੱਤਮ ਮਨੁੱਖ ਬਣਾ ਲੈਂਦਾ ਹੈ। ਜੇਹੜੇ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲ ਕੇ ਸ੍ਰੇਸ਼ਟ ਮੱਤ ਹਾਸਲ ਕਰ ਲੈਂਦੇ ਹਨ, ਉਹ ਵਿਕਾਰਾਂ ਵਾਲਾ ਜ਼ਹਿਰ ਪੀਣ ਦੀ ਬਜਾਏ, ਅੰਮ੍ਰਿਤ ਰੂਪੀ ਬਾਣੀ ਦਾ ਆਨੰਦ ਮਾਣਦੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰ ਸੱਚੇ ਤੇ ਸੁੱਚੇ ਆਤਮਕ ਜੀਵਨ ਦੀ ਸੁਗੰਧੀ ਆ ਵੱਸਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਕਸਰ ਕੁਰਾਹੇ ਪਏ ਰਹਿੰਦੇ ਹਨ, ਤੇ ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ ਜ਼ਹਿਰ ਵਿੱਚ ਮਸਤ ਰਹਿੰਦੇ ਹਨ, ਜਿਸ ਕਰਕੇ ਉਹ ਆਪਣਾ ਕੀਮਤੀ ਮਨੁੱਖ ਜਨਮ ਗਵਾਂ ਲੈਂਦੇ ਹਨ। ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ। ਮੂੰਹ ਨਾਲ ਬਾਹਰੋਂ ਬਾਹਰੋਂ ਤਾਂ ਹਰੇਕ ਮਨੁੱਖ ਅਕਾਲ ਪੁਰਖੁ ਦਾ ਦੁਨਿਆਵੀ ਨਾਂ ਉਚਾਰ ਲੈਂਦਾ ਹੈ, ਪਰ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਕਿ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਦੇ ਹਨ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਣ ਲਈ ਸਾਨੂੰ ਧਿਆਨ ਨਾਲ, ਆਪਣੇ ਆਪ ਨੂੰ ਟਿਕਾਉ ਵਿੱਚ ਲਿਆ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਬਾਰੇ ਜਾਣ ਸਕੀਏ, ਤੇ ਉਸ ਦੀ ਰਚੀ ਹੋਈ ਕੁਦਰਤ ਲਈ ਆਪਣੇ ਅੰਦਰ ਪ੍ਰੇਮ ਪੈਦਾ ਕਰ ਸਕੀਏ।

ਵਾਹੁ ਵਾਹੁ ਸਹਜੇ ਗੁਣ ਰਵੀਜੈ॥ ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ॥ ੧॥ ਰਹਾਉ॥

ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ॥ ੮॥ ੨॥ (੫੬੫)

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅਕਾਲ ਪੁਰਖੁ ਦਾ ਨਾਮੁ ਯਾਦ ਕਰਦਾ ਰਹਿੰਦਾ ਹੈ, ਉਸ ਦੇ ਮਨ ਤੇ ਤਨ ਦੀਆਂ ਸਾਰੀਆਂ ਇੱਛਾਂਵਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ ਜਮ ਦਾ ਸਾਰਾ ਡਰ ਨਿਕਲ ਜਾਂਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਂਣਾਂ ਹੈ, ਕਿ ਅਕਾਲ ਪੁਰਖੁ ਦਾ ਨਾਮੁ ਜਪਣ ਲਈ ਸ਼ਬਦ ਗੁਰੂ ਦੁਆਰਾ ਉਸ ਦੇ ਗੁਣ ਗਾਇਨ ਕਰਿਆ ਕਰੇ। ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੋ ਜਾਂਦਾ ਹੈ, ਉਸ ਦਾ ਮਨ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪੈਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਦਾ ਰਸ ਬੜੇ ਸੁਆਦਾ ਨਾਲ ਪੀਣ ਲਗ ਪੈਂਦਾ ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਤਰ੍ਹਾਂ ਦੇ ਸੁਖ ਦੇਣ ਵਾਲਾ ਹੈ, ਪਰੰਤੂ ਗੁਰੂ ਦੀ ਮਤਿ ਅਨੁਸਾਰ ਚਲ ਕੇ ਹੀ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਮਾਣਿਆ ਜਾ ਸਕਦਾ ਹੈ। ਇਸ ਲਈ ਹਮੇਸ਼ਾਂ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਕਰਨਾ ਚਾਹੀਦਾ ਹੈ।

ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ॥ ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ॥ ੧॥ ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ॥ ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ॥ ੧॥ ਰਹਾਉ॥ (੭੩੧)

ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ ਇਹ ਘਰ, ਸੋਨਾ, ਚਾਂਦੀ, ਰੁਪਇਆ ਪੈਸਾ, ਹਕੂਮਤ, ਆਦਿ ਕੋਈ ਵੀ ਆਤਮਕ ਜੀਵਨ ਦੇ ਕੰਮ ਲਈ ਸਹਾਈ ਨਹੀਂ ਹੋ ਸਕਦੇ। ਮਾਇਕ ਪਦਾਰਥਾਂ ਦੇ ਝਮੇਲੇ ਵੀ ਕੋਈ ਲਾਭ ਨਹੀਂ ਦੇ ਸਕਦੇ। ਇਹ ਹਮੇਸ਼ਾਂ ਚੇਤਾ ਰੱਖਣਾ ਹੈ ਕਿ ਇਸ ਜੀਵਨ ਵਿੱਚ ਆਪਣੇ ਬਣਾਏ ਗਏ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਸਾਥ ਵੀ ਸਦੀਵੀ ਨਹੀਂ ਹੈ, ਸਿਰਫ਼ ਅਕਾਲ ਪੁਰਖੁ ਦਾ ਨਾਮੁ ਹੀ ਸਾਡੇ ਨਾਲ ਚਲ ਸਕਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ ਹੋ ਜਾਂਦੇ ਹਨ। ਮਨੁੱਖ ਆਪਣੇ ਮਿੱਤਰ ਦੀ ਗੱਲ ਬਹੁਤ ਜਲਦੀ ਮੰਨਦਾ ਹੈ, ਇਸੇ ਲਈ ਗੁਰੂ ਸਾਹਿਬ ਵੀ ਸਾਨੂੰ ਇੱਕ ਮਿੱਤਰ ਦੀ ਤਰ੍ਹਾਂ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਆਪਣੇ ਇਸ ਮਨੁੱਖਾ ਜਨਮ ਵਿੱਚ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰਨ ਲਈ ਉਸ ਦੇ ਗੁਣ ਗਾਇਨ ਕਰ ਲੈ, ਤਾਂ ਜੋ ਅਕਾਲ ਪੁਰਖੁ ਦੇ ਨਾਮੁ ਸਿਮਰਨ ਸਦਕਾ ਸਾਡੀ ਲੋਕ ਪਰਲੋਕ ਵਿੱਚ ਇੱਜ਼ਤ ਰਹਿ ਸਕੇ। ਅਕਾਲ ਪੁਰਖੁ ਦਾ ਨਾਮੁ ਸਿਮਰਨ ਵਾਲਿਆਂ ਨੂੰ ਜਮਰਾਜ ਵੀ ਕੁੱਝ ਨਹੀਂ ਕਹਿ ਸਕਦਾ। ਇਸ ਲਈ ਗੁਰੂ ਦਾ ਸ਼ਬਦ ਚੇਤੇ ਕਰਿਆ ਕਰੋ, ਤਾਂ ਜੋ ਮਨ ਨੂੰ ਆਨੰਦ ਮਿਲਦਾ ਰਹੇ, ਤੇ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਸੁਰਖ਼ਰੂ ਹੋ ਸਕੀਏ।

ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ॥ ਹਰਿ ਸਿਮਰਤ ਜਮੁ ਕਛੁ ਨ ਕਹੈ॥ ੧॥ ਰਹਾਉ॥ (੮੮੯)

ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਗੁਰੂ ਪਾਸੋਂ ਸੁਣ ਕੇ ਆਪਣੇ ਮਨ ਵਿੱਚ ਵਸਾਂਦਾ ਹੈ, ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਸਾਰਾ ਜਗਤ ਜੋ ਸਾਨੂੰ ਦਿਖਾਈ ਦੇ ਰਿਹਾ ਹੈ, ਉਹ ਅਕਾਲ ਪੁਰਖੁ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕੀਤਾ ਹੈ, ਮਾਇਆ ਦਾ ਮੋਹ ਵੀ ਅਕਾਲ ਪੁਰਖੁ ਨੇ ਆਪਣੇ ਹੁਕਮ ਵਿੱਚ ਹੀ ਬਣਾਇਆ ਹੈ। ਅਕਾਲ ਪੁਰਖੁ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ਤੇ ਕਰਵਾ ਰਿਹਾ ਹੈ। ਅਕਾਲ ਪੁਰਖੁ ਦੀ ਮਿਹਰ ਨਾਲ ਜਿਸ ਮਨੁੱਖ ਨੂੰ ਗੁਰੂ ਮਿਲ ਜਾਂਦਾ ਹੈ, ਫਿਰ ਗੁਰੂ ਦੀ ਸ਼ਰਨ ਵਿੱਚ ਆਉਂਣ ਸਦਕਾ ਉਸ ਨੂੰ ਇਹ ਸ੍ਰੇਸ਼ਟ ਤੇ ਉੱਤਮ ਕੰਮ ਕਰਨ ਲਈ ਮਿਲ ਜਾਂਦਾ ਹੈ, ਕਿ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਈ ਰੱਖੇ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰ ਲੈਂਦਾ ਹੈ।

ਗੁਰ ਸੇਵਾ ਤੇ ਕਰਣੀ ਸਾਰ॥ ਰਾਮ ਨਾਮੁ ਰਾਖਹੁ ਉਰਿ ਧਾਰਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ ੩॥ (੧੦੬੬)

ਗੁਰੂ ਸਾਹਿਬ ਨੇ ਇਸ ਸਬਦਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ਵਿੱਚ ਬਿਲਕੁਲ ਸਿੱਧੇ ਤੇ ਸਪੱਸ਼ਟ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਅਕਾਲ ਪੁਰਖੁ ਦਾ ਨਾਮੁ ਗੁਰਬਾਣੀ ਦੁਆਰਾ ਹੀ ਪਾਇਆ ਜਾ ਸਕਦਾ ਹੈ।

ਅਕਾਲ ਪੁਰਖੁ ਕਿੱਡਾ ਵੱਡਾ ਹੈ, ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿੱਚ ਨਹੀਂ ਲਿਆਂਦੀ ਜਾ ਸਕਦੀ। ਜਗਤ ਵਿੱਚ ਜੋ ਵੱਡੇ ਵੱਡੇ ਲੋਕ ਦਿੱਸਦੇ ਹਨ, ਉਹ ਸਭ ਅਕਾਲ ਪੁਰਖੁ ਦੇ ਦਰ ਤੋਂ ਹੀ ਮੰਗਦੇ ਹਨ। ਅਕਾਲ ਪੁਰਖੁ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਉਨ੍ਹਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦਿੰਦਾ ਰਹਿੰਦਾ ਹੈ। ਪਰ ਜੀਵ ਦੀ ਮੂਰਖਤਾ ਵੇਖੋ ਕਿ ਇਤਨੀਆਂ ਦਾਤਾਂ ਵਰਤਦੇ ਹੋਏ ਵੀ ਦਾਤਾਂ ਨਾਲ ਤਾਂ ਪਿਆਰ ਕਰਦੇ ਹਨ, ਪਰੰਤੂ ਇਹ ਸਭ ਦਾਤਾਂ ਦੇਣ ਵਾਲੇ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਪੈ ਜਾਂਦੇ ਹਨ ਤੇ ਅਨੇਕਾਂ ਦੁੱਖ ਤੇ ਕਸ਼ਟ ਸਹੇੜ ਲੈਂਦੇ ਹਨ। ਇਹ ਦੁੱਖ ਤੇ ਕਲੇਸ਼ ਵੀ ਅਕਾਲ ਪੁਰਖੁ ਦੀ ਦਾਤ ਹੀ ਹੈ, ਕਿਉਂਕਿ ਇਨ੍ਹਾਂ ਦੁੱਖਾਂ ਕਲੇਸ਼ਾਂ ਕਰਕੇ ਹੀ ਮਨੁੱਖ ਨੂੰ ਮੁੜ ਅਕਾਲ ਪੁਰਖੁ ਦੀ ਰਜ਼ਾ ਵਿੱਚ ਚਲਣ ਲਈ ਸਮਝ ਆਂਉਂਦੀ ਹੈ ਤੇ ਉਹ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਲੱਗ ਪੈਂਦਾ ਹੈ। ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਸਭ ਤੋਂ ਉੱਚੀ ਦਾਤ ਹੈ, ਅਤੇ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ ਸਾਲਾਹ ਦੀ ਦਾਤ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ।

ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥ ੨੫॥ (੫)

ਜੇਹੜੇ ਮਨੁੱਖ ਅਕਾਲ ਪੁਰਖੁ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖਦੇ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਕੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਸਤਿਗੁਰੂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਆਪਣੇ ਸਾਰੇ ਡਰ ਤੇ ਆਪਣੀਆਂ ਸਾਰੀਆਂ ਭਟਕਣਾ ਦੂਰ ਕਰ ਲੈਂਦਾ ਹੈ। ਗੁਰੂ ਦੀ ਸ਼ਰਨ ਵਿੱਚ ਆਉਂਣ ਸਦਕਾ ਮਨੁੱਖ ਨੂੰ ਸਭ ਪਾਸੇ ਅਕਾਲ ਪੁਰਖੁ ਦਾ ਰੂਪ ਹੀ ਵਿਖਾਈ ਦਿੰਦਾ ਹੈ। ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਗੁਣਾਂ ਦੇ ਗੀਤ ਗਾਇਨ ਕਰਦੇ ਰਹਿਣਾ ਚਾਹੀਦਾ ਹੈ, ਤੇ ਗੁਰੂ ਨੂੰ ਮਿਲ ਕੇ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਯਾਦ ਕਰਦੇ ਰਹਿਣਾ ਚਾਹੀਦਾ ਹੈ।

ਗੋਵਿੰਦ ਗੁਣ ਗਾਵਹੁ ਮੇਰੇ ਭਾਈ॥ ਮਿਲਿ ਸਾਧੂ ਹਰਿ ਨਾਮੁ ਧਿਆਈ॥ ੧॥ ਰਹਾਉ॥ (੧੯੩)

ਜਗਤ ਦੇ ਸਾਰੇ ਜੀਵ ਆਪੋ ਆਪਣੀ ਵਾਰੀ ਅਨੁਸਾਰ ਇਥੋਂ ਤੁਰ ਜਾਣਗੇ, ਫਿਰ ਅਸੀਂ ਨਾਸ਼ਵੰਤ ਸੰਸਾਰ ਦੀ ਕਿਉਂ ਆਸ ਲਾਈ ਬੈਠੇ ਹਾਂ? ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਨੂੰ ਇਨ੍ਹਾਂ ਆਸਾਂ ਦੇ ਰੋਗ ਤੋਂ ਬਚਾ ਸਕਦਾ ਹੈ, ਗੁਰੂ ਦੀ ਸ਼ਰਨ ਵਿੱਚ ਆਉਂਣ ਨਾਲ ਨਾਸ਼ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ। ਇਸ ਲਈ ਸੁਆਸ ਸੁਆਸ, ਭਾਵ ਸਦਾ ਅਕਾਲ ਪੁਰਖੁ ਦਾ ਨਾਮੁ ਜਪਦੇ ਰਹਿਣਾ ਚਾਹੀਦਾ ਹੈ, ਤੇ ਅਕਾਲ ਪੁਰਖੁ ਦੇ ਗੁਣਾਂ ਨੂੰ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਭਾਂਵੇਂ ਬਾਲਪਨ ਹੋਵੇ, ਜੁਆਨੀ ਹੋਵੇ ਜਾਂ ਬੁਢੇਪਾ, ਮੌਤ ਨੂੰ ਆਉਣ ਲਈ ਕਿਸੇ ਵੇਲੇ ਵੀ ਕੋਈ ਰੁਕਾਵਟ ਨਹੀਂ। ਮਰਨ ਸਬੰਧੀ ਮਨੁੱਖ ਦੇ ਹੱਥ ਵਿੱਚ ਕੁੱਝ ਵੀ ਨਹੀਂ, ਇਸ ਮਨੁੱਖਾ ਸਰੀਰ ਦਾ ਕੋਈ ਭਰੋਸਾ ਨਹੀਂ, ਕਿ ਅਗਲਾ ਸਵਾਸ ਆਉਣਾਂ ਹੈ ਕਿ ਨਹੀਂ, ਇਸ ਲਈ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿੱਚ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਹੈ।

ਪਉੜੀ॥ ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ॥ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ॥ (੨੫੪)

ਗੁਰੂ ਸਾਹਿਬਾਂ ਨੇ ਰਵਾਇਤੀ ਤੌਰ ਤੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਲਈ ਨਹੀਂ ਕਿਹਾ ਹੈ, ਬਲਕਿ ਪੂਰੀ ਨਿਸ਼ਟਾ ਤੇ ਲਗਨ ਨਾਲ ਕਰਨ ਲਈ ਕਿਹਾ ਹੈ। ਇਸ ਲਈ ਹੇ ਮੇਰੇ ਮਨ ਜੇ ਕਰ ਤੂੰ ਅਕਾਲ ਪੁਰਖੁ ਦੇ ਗੁਣ ਕਦੇ ਨਹੀਂ ਗਾਏ, ਤਾਂ ਸਮਝ ਲੈ ਕਿ ਤੂੰ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ। ਅਕਾਲ ਪੁਰਖੁ ਦਾ ਭਜਨ ਇਸ ਤਰ੍ਹਾਂ ਕਰਿਆ ਕਰ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਮੱਛੀ ਕਦੇ ਵੀ ਪਾਣੀ ਬਿਨਾ ਰਹਿ ਨਹੀਂ ਸਕਦੀ। ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਨੂੰ ਆਪਣੀ ਜ਼ਿੰਦਗੀ ਦਾ ਅਜੇਹੇ ਤਰੀਕੇ ਨਾਲ ਆਸਰਾ ਬਣਾ, ਜਿਸ ਤਰ੍ਹਾਂ ਕਿ ਮੱਛੀ ਨੇ ਪਾਣੀ ਨੂੰ ਆਪਣੀ ਜਿੰਦਗੀ ਦਾ ਆਸਰਾ ਬਣਾਇਆ ਹੋਇਆ ਹੈ।

ਸਲੋਕ ਮਹਲਾ ੯॥ ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ॥ ੧॥ (੧੪੨੬)

ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਅਕਾਲ ਪੁਰਖੁ ਦਇਆਵਾਨ ਹੁੰਦਾ ਹੈ ਤੇ, ਉਹ ਮਨੁੱਖ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਵਿੱਚ ਰਹਿੰਣ ਲਗ ਪੈਂਦਾ ਹੈ। ਅਕਾਲ ਪੁਰਖੁ ਦੀ ਸ਼ਰਨ ਵਿੱਚ ਆਣ ਸਦਕਾ ਮਨੁੱਖ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਸਾਰੇ ਦੁੱਖ ਖਤਮ ਹੋ ਜਾਂਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ, ਭਾਵ ਨਾਮੁ ਜਪਣਾ ਦ੍ਰਿੜ ਕਰ ਦਿੱਤਾ, ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਜਿਸ ਮਨੁੱਖ ਦੀ ਰੱਖਿਆ ਗੁਰੂ ਆਪ ਕਰਦਾ ਹੈ, ਉਸ ਮਨੁੱਖ ਨੂੰ ਆਤਮਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਅਕਾਲ ਪੁਰਖੁ ਅੱਗੇ ਹਮੇਸ਼ਾਂ ਇਹੀ ਬੇਨਤੀ ਕਰਨੀ ਹੈ ਕਿ ਤੂੰ ਮੇਰਾ ਮਾਲਕ ਹੈ, ਤੇ ਤੂੰ ਹੀ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਮੇਰੇ ਉਤੇ ਮੇਹਰ ਕਰੋ, ਕਿ ਮੈਂ ਆਪ ਜੀ ਦੇ ਪ੍ਰੇਮ ਦੇ ਰੰਗ ਵਿੱਚ ਲੀਨ ਹੋ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਗੁਣ ਗਾਇਨ ਕਰਦਾ ਰਹਾਂ।

ਸੋਰਠਿ ਮਹਲਾ ੫॥ ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ॥ ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ॥ ੧॥ ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ॥ ਰਹਾਉ॥ (੬੧੫-੬੧੬)

ਉਸ ਅਕਾਲ ਪੁਰਖੁ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਤੇ ਜਿਸ ਦੇ ਵੱਸ ਵਿੱਚ ਦੁਨੀਆਂ ਦੇ ਸਾਰੇ ਪਦਾਰਥ, ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ, ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਜਾਈਦਾ ਹੈ। ਇਸ ਲਈ ਸਦਾ ਅਕਾਲ ਪੁਰਖੁ ਦਾ ਨਾਮੁ ਜਪਣਾ ਚਾਹੀਦਾ ਹੈ, ਜਿਸ ਸਦਕਾ ਸਾਡੇ ਸਾਰੇ ਕੰਮ ਸਫਲ ਹੋ ਸਕਦੇ ਹਨ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ, ਮਨੁੱਖ ਦੇ ਅੰਦਰ ਉਸ ਅਕਾਲ ਪੁਰਖੁ ਵਰਗੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਦੇ ਮੂੰਹ ਵਿਚੋਂ ਪਵਿਤਰ ਬੋਲ ਨਿਕਲਦੇ ਹਨ। ਦੁਨੀਆਂ ਵਿੱਚ ਅਸਲੀ ਭਰਾ ਜਾਂ ਮਿੱਤਰ ਉਹੀ ਮਨੁੱਖ ਹੈ, ਜਿਸ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਸੁਣੀ ਜਾਏ।

ਗਉੜੀ ਮਾਝ ਮਹਲਾ ੫॥ ਹਰਿ ਰਾਮ ਰਾਮ ਰਾਮ ਰਾਮਾ॥ ਜਪਿ ਪੂਰਨ ਹੋਏ ਕਾਮਾ॥ ੧॥ ਰਹਾਉ॥ ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ॥ ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ॥ ੧॥ (੨੧੮)

ਆਪਣੇ ਮਨ ਨੂੰ ਸਮਝਾਣਾਂ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਨ੍ਹਾਂ ਪੰਜ ਵਿਕਾਰਾਂ ਦੇ ਚਸਕਿਆਂ ਤੋਂ ਸਦਾ ਦੂਰ ਰਹਿਣਾਂ ਹੈ। ਆਪਣੇ ਮਨ ਨੂੰ ਪਰੇਰਨਾ ਹੈ ਕਿ ਸਾਧ ਸੰਗਤਿ ਵਿੱਚ ਮਿਲ ਕੇ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੇ ਗੁਣਾਂ ਦੀ ਵਿਚਾਰ ਕਰਨੀ ਹੈ। ਮਨ ਨੂੰ ਸਮਝਾਂਣਾਂ ਹੈ ਕਿ ਆਪਣੇ ਅੰਦਰੋਂ ਦਾ ਇਹ ਮਾਣ ਕਢ ਦੇਵੇ ਕਿ ਤੂੰ ਬਹੁਤ ਕੁੱਝ ਜਾਣਦਾ ਹੈ ਤੇ ਬੜਾ ਸਿਆਣਾ ਹੈ, ਬਲਕਿ ਆਪਣੇ ਆਪ ਨੂੰ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣਾਈ ਰੱਖਣਾ ਹੈ। ਗੁਰੂ ਸਾਹਿਬ ਗੁਰਬਾਣੀ ਵਿੱਚ ਮਨ ਨੂੰ ਵਾਰ ਵਾਰ ਇਹੀ ਸਮਝਾਂਦੇ ਹਨ ਕਿ ਅਕਾਲ ਪੁਰਖੁ ਦੇ ਗੁਣ ਗਾਇਆ ਕਰ, ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ, ਭਾਵ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਿਆ ਕਰ। ਆਪਣੇ ਹੰਕਾਰ ਨੂੰ ਤਿਆਗ ਕੇ ਸਤਿਗੁਰੂ ਦੀ ਸ਼ਰਨ ਪਿਆ ਰਹਿ। ਆਪਣੇ ਮਨ ਨੂੰ ਪਰੇਰਨਾ ਹੈ ਕਿ ਇਸ ਤਰੀਕੇ ਨਾਲ ਤੂੰ ਆਪਣੀ ਸੋਚ ਤੇ ਕਰਮਾਂ ਨੂੰ ਗੁਰਬਾਣੀ ਅਨੁਸਾਰ ਢਾਲ ਕੇ ਆਪਣੇ ਪਿਆਰੇ ਅਕਾਲ ਪੁਰਖੁ ਨੂੰ ਲੱਭ ਸਕੇਂਗਾ।

ਮੇਰੇ ਮਨ ਹਰਿ ਹਰਿ ਗੁਨ ਕਹੁ ਰੇ॥ ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ॥ ਰਹਾਉ॥ (੧੧੧੮, ੧੧੧੯)

ਸਤਿਗੁਰੁ ਦੀ ਸ਼ਰਨ ਵਿੱਚ ਆਉਂਣ ਨਾਲ ਮਨ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ ਤੇ ਸਾਰੇ ਦੁੱਖ ਕਲੇਸ਼ ਆਪਣੇ ਆਪ ਦੂਰ ਹੋ ਜਾਂਦੇ ਹਨ। ਸਬਦ ਗੁਰੂ ਦੀ ਬਰਕਤ ਨਾਲ ਜਿਸ ਮਨੁੱਖ ਦੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਜਾਂਦੀ ਹੈ, ਉਹ ਹਉਮੈ ਪੈਦਾ ਕਰਨ ਵਾਲੀ ਸਾਰੀ ਬੁੱਧੀ ਤਿਆਗ ਦਿੰਦਾ ਹੈ ਤੇ ਸਬਦ ਗੁਰੂ ਅਨੁਸਾਰ ਦਰਸਾਈ ਗਈ ਮਤ ਅਪਨਾ ਲੈਂਦਾ ਹੈ। ਗੁਰੂ ਦਾ ਸ਼ਬਦ ਮਨ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਹੈ, ਤੇ ਮਨੁੱਖ ਅਕਾਲ ਪੁਰਖੁ ਦੇ ਦਰਸਨ ਕਰ ਲੈਂਦਾ ਹੈ। ਅਜੇਹੇ ਗੁਰਮੁਖ ਲਈ ਗੁਰੂ ਹੀ ਸਾਰੇ ਸੁਖ ਦੇਣ ਵਾਲਾ ਹੈ, ਤੇ ਗੁਰੂ ਹੀ ਕਰਤਾਰ ਦਾ ਰੂਪ ਹੈ, ਤੇ ਗੁਰੂ ਹੀ ਪ੍ਰਾਣਾਂ ਦਾ ਸਹਾਰਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਤਮਿਕ ਆਨੰਦ ਮਾਣ ਰਿਹਾ ਹਾਂ।

ਸਤਿਗੁਰ ਅਪੁਨੇ ਕਉ ਕੁਰਬਾਨੀ॥ ਆਤਮ ਚੀਨਿ ਪਰਮ ਰੰਗ ਮਾਨੀ॥ ੧॥ ਰਹਾਉ॥ (੧੮੭)

ਮਾਇਆ ਵਿੱਚ ਫਸਿਆ ਹੋਇਆ ਮਨੁੱਖ ਕਾਂ ਦੀ ਤਰ੍ਹਾਂ ਰੌਲਾ ਪਾ ਕੇ, ਨਿਰਾ ਮੂੰਹੋਂ ਹੀ ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ ਬਾਰੇ ਦੱਸਦਾ ਰਹਿੰਦਾ ਹੈ। ਅਜੇਹੇ ਚੁੰਝ ਗਿਆਨੀ ਦੇ ਮਨ ਵਿੱਚ ਲੋਭ, ਝੂਠ ਤੇ ਹੰਕਾਰ ਟਿਕਿਆ ਰਹਿੰਦਾ ਹੈ। ਨਾਮੁ ਤੋਂ ਵਾਂਝੇ ਰਹਿ ਕੇ ਇਸ ਦਾ ਧਾਰਮਿਕ ਵਿਖਾਵਾ ਇੱਕ ਦਿਨ ਸਾਰਿਆਂ ਨੂੰ ਪਤਾ ਲਗ ਜਾਂਦਾ ਹੈ।

ਜਗੁ ਕਊਆ ਮੁਖਿ ਚੁੰਚ ਗਿਆਨੁ॥ ਅੰਤਰਿ ਲੋਭੁ ਝੂਠੁ ਅਭਿਮਾਨੁ॥ ਬਿਨੁ ਨਾਵੈ ਪਾਜੁ ਲਹਗੁ ਨਿਦਾਨਿ॥ ੧॥ (੮੩੨, ੮੩੩)

ਅੱਜਕਲ ਪੰਜਾਬ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਤਾਂ ਤੇ ਬਾਬਿਆਂ ਦੇ ਪੋਲ ਖੁਲ ਰਹੇ ਹਨ। ਲੋਕ ਇਨ੍ਹਾਂ ਦੀਆਂ ਮਿਠੀਆਂ ਗੱਲਾਂ ਤੇ ਲਾਲਚ ਵਿੱਚ ਆ ਕੇ ਫਸ ਜਾਂਦੇ ਹਨ ਤੇ ਕਈ ਕਈ ਸਾਲਾਂ ਇਨ੍ਹਾਂ ਸੰਤਾਂ ਦੇ ਵਧਣ ਫੁਲਣ ਲਈ ਸੇਵਾ ਤੇ ਮਾਇਆ ਭੇਟ ਕਰਦੇ ਰਹਿੰਦੇ ਹਨ। ਬਾਅਦ ਵਿੱਚ ਜਦੋਂ ਅਸਲੀਅਤ ਦਾ ਪਤਾ ਲਗਦਾ ਹੈ ਤਾਂ ਫਿਰ ਪਛਤਾਂਦੇ ਹਨ। “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ (੪੧੭)”। ਬਾਅਦ ਵਿੱਚ ਪਛਤਾਂਣ ਤੋਂ ਬੇਹਤਰ ਇਹੀ ਹੈ, ਕਿ ਪਹਿਲਾਂ ਝੂਠੇ ਲਾਲਚ ਵਿੱਚ ਨਾ ਫਸੀਏ, ਸੁਚੇਤ ਰਹੀਏ ਤੇ ਸੱਚੀ ਸਿਖਿਆ ਹਾਸਲ ਕਰੀਏ।

ਕਹਾ ਭੂਲਿਓ ਰੇ ਝੂਠੇ ਲੋਭ ਲਾਗ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ॥ ੧॥ ਰਹਾਉ॥ (੧੧੮੭)

ਇਸ ਲਈ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਦਰਸਾਏ ਗਏ ਮਾਰਗ ਤੇ ਚਲਣਾ ਹੈ ਤੇ ਜੀਵਨ ਵਿੱਚ ਹਰੇਕ ਕਾਰਜ ਗੁਰਬਾਣੀ ਅਨੁਸਾਰ ਕਰਨਾ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਵਿੱਚ ਟਿਕੇ ਰਹਿ ਸਕੀਏ। ਜਿਹੜਾ ਮਨੁੱਖ ਆਤਮਕ ਜੀਵਨ ਬਾਰੇ ਆਪ ਤਾਂ ਕੁੱਝ ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ, ਉਹ ਆਤਮਕ ਜੀਵਨ ਦੇ ਰਸਤੇ ਵਿੱਚ ਅੰਨ੍ਹਿਆਂ ਵਾਂਗ ਠੇਡੇ ਖਾਂਦਾ ਰਹਿੰਦਾ ਹੈ, ਤੇ ਅੰਨ੍ਹਿਆਂ ਵਾਲੇ ਕੰਮ ਕਰਦਾ ਰਹਿੰਦਾ ਹੈ। ਅਜੇਹਾ ਮਨੁੱਖ ਅਕਾਲ ਪੁਰਖੁ ਦੇ ਦਰ ਵਿੱਚ ਟਿਕਾਣਾ ਨਹੀਂ ਲੱਭ ਸਕਦਾ। ਸਤਿਗੁਰ ਦੇ ਸਬਦ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਤੇ ਚਿੱਤ ਵਿੱਚ ਵੱਸ ਜਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਅਕਾਲ ਪੁਰਖੁ ਦਾ ਨਾਮੁ ਜਪਾਂਦਾ ਹੈ। ਸਬਦ ਗੁਰੂ ਦੀ ਮਿਹਰ ਨਾਲ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਦੇ ਨਾਮੁ ਦੇ ਪਿਆਰ ਤੋਂ ਬਿਨਾ ਹੋਰ ਸਾਰੇ ਪਿਆਰ ਝੂਠੇ ਹਨ।

ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ॥ ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ॥ ੧॥ ਰਹਾਉ॥ (੮੩੨, ੮੩੩)

ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਿਆ, ਉਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮੁਕਾ ਕੇ ਅਕਾਲ ਪੁਰਖੁ ਦੇ ਨਾਮੁ ਨੂੰ ਸਦਾ ਲਈ ਆਪਣੇ ਮਨ ਵਿੱਚ ਵਸਾ ਲਿਆ। ਉਹੀ ਮਨੁੱਖ ਜੀਵਨ ਦੇ ਸਹੀ ਰਸਤੇ ਨੂੰ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸੂਝ ਬਖ਼ਸ਼ਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ। ਅਜੇਹਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਤੇ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਜੋੜੀ ਰੱਖਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਅਕਾਲ ਪੁਰਖੁ ਦਾ ਨਾਮੁ ਇੱਕ ਇੱਕ ਖਿਨ, ਭਾਵ ਸਦਾ ਯਾਦ ਕਰਦਾ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਕਾਇਮ ਰਹੇਗਾ ਤੇ ਅਕਾਲ ਪੁਰਖੁ ਦੇ ਨਾਮੁ ਦਾ ਸਾਥ ਤੇਰੇ ਨਾਲ ਸਦਾ ਬਣਿਆ ਰਹੇਗਾ।

ਮਨ ਮੇਰੇ ਖਿਨੁ ਖਿਨੁ ਨਾਮੁ ਸਮਾੑਲਿ॥ ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ॥ ੧॥ ਰਹਾਉ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਰਹਿੰਦੇ ਹਨ, ਤੇ ਉਹ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾ ਕੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮ ਸਿਮਰਦੇ ਹਨ, ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ, ਉਹ ਜੀਊਂਦੇ ਜੀ ਦੁਨੀਆਂ ਦੇ ਕਿਰਤ ਵਿਹਾਰ ਕਰਦੇ ਹੋਏ ਵੀ ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ। ਉਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਨ੍ਹਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਨ੍ਹਾਂ ਦੀ ਮਤਿ ਉੱਚੀ ਹੋ ਜਾਂਦੀ ਹੈ, ਉਨ੍ਹਾਂ ਦੀ ਬੋਲ ਚਾਲ ਉੱਤਮ ਹੋ ਜਾਂਦੀ ਹੈ। ਅਜੇਹੇ ਮਨੁੱਖ ਸਰਬ ਵਿਆਪਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਦੂਜਾ ਕਿਤੇ ਦਿਖਾਈ ਨਹੀਂ ਦਿੰਦਾ। ਜਿਸ ਮਨੁੱਖ ਉੱਪਰ ਅਕਾਲ ਪੁਰਖੁ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ ਮਨ ਤੇ ਤਨ ਗੁਰੂ ਦੀ ਬਾਣੀ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤਿ ਅਕਾਲ ਪੁਰਖੁ ਦੀ ਭਗਤੀ ਵਿੱਚ ਲੀਨ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿ ਕੇ ਅਜੇਹਾ ਮਨੁੱਖ ਆਪਣੇ ਅੰਦਰ ਵੱਸਦੇ ਅਕਾਲ ਪੁਰਖੁ ਨੂੰ ਵੇਖ ਲੈਂਦਾ ਹੈ।

ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ॥ ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ॥ (੧੨੫੯)

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅਕਾਲ ਪੁਰਖੁ ਦੇ ਨਾਮੁ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਨੰਦ ਦੀ ਲਹਿਰ ਚਲਦੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਤੇ ਹਿਰਦਾ ਅਕਾਲ ਪੁਰਖੁ ਦੇ ਪਿਆਰ ਭਰੇ ਰਸ ਵਿੱਚ ਭਿੱਜ ਜਾਂਦਾ ਹੈ, ਤੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਪਿਆਰ ਕਰਦਾ ਰਹਿੰਦਾ ਹੈ। ਅਜੇਹਾ ਮਨੁੱਖ ਜਿਥੇ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਕਰਦਾ ਹੈ, ਉਥੇ ਨਾਲ ਦੀ ਨਾਲ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਪਣੇ ਮੂੰਹ ਨਾਲ ਉਚਾਰਦਾ ਰਹਿੰਦਾ ਹੈ, ਤੇ ਅਜੇਹਾ ਕਰਨ ਨਾਲ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਇੱਕ ਰਸ ਆਨੰਦ ਮਾਣਦਾ ਰਹਿੰਦਾ ਹੈ, ਉਸ ਦੀ ਸੁਰਤਿ ਅਕਾਲ ਪੁਰਖੁ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ। ਅਕਾਲ ਪੁਰਖੁ ਉਸ ਮਨੁੱਖ ਉਤੇ ਮੇਹਰ ਕਰਦਾ ਰਹਿੰਦਾ ਹੈ, ਤੇ ਅਜੇਹਾ ਮਨੁੱਖ ਅਕਾਲ ਪੁਰਖੁ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦੀ ਲਹਿਰ ਚੱਲਦੀ ਰਹਿੰਦੀ ਹੈ।

ਸੂਹੀ ਮਹਲਾ ੩॥ ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ਰਾਮ॥ ਹਰਿ ਮਨੁ ਤਨੋ ਗੁਰਮੁਖਿ ਭੀਜੈ ਰਾਮ ਨਾਮੁ ਪਿਆਰੇ ਰਾਮ॥ ਰਾਮ ਨਾਮੁ ਪਿਆਰੇ ਸਭਿ ਕੁਲ ਉਧਾਰੇ ਰਾਮ ਨਾਮੁ ਮੁਖਿ ਬਾਣੀ॥ ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ॥ ਹਰਿ ਹਰਿ ਏਕੋ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ॥ ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ॥ ੧॥ (੭੭੨)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:

ਆਪਣੀ ਭਾਸ਼ਾ ਵਿੱਚ ਅਕਾਲ ਪੁਰਖੁ ਦਾ ਕੋਈ ਨਾਂ ਨੀਯਤ ਕਰਨ ਨਾਲ ਤੇ ਉਸ ਨਾਂ ਨੂੰ ਵਾਰ ਵਾਰ ਦੁਹਰਾਈ ਜਾਣ ਨਾਲ ਅਕਾਲ ਪੁਰਖੁ ਦੇ ਗੁਣਾਂ ਤੇ ਸਮੱਰਥਾ ਬਾਰੇ ਕੁੱਝ ਪਤਾ ਨਹੀਂ ਲਗ ਸਕਦਾ।

ਜੇ ਕਰ ਅਸੀਂ ਅਕਾਲ ਪੁਰਖੁ ਨਾਲ ਸਾਂਝ ਕਾਇਮ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਅਕਾਲ ਪੁਰਖੁ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਪਵੇਗੀ, ਕਿ ਉਸ ਨੂੰ ਕਿਹੜੇ ਕਰਮ ਠੀਕ ਲਗਦੇ ਹਨ, ਉਸ ਦੀ ਰਚੀ ਹੋਈ ਕੁਦਰਤ ਦਾ ਸਤਿਕਾਰ ਕਰਨਾ ਪਵੇਗਾ, ਉਸ ਦੇ ਹੁਕਮੁ ਨੂੰ ਪਛਾਨਣਾਂ ਪਵੇਗਾ, ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ।

ਗੁਰੂ ਸਾਹਿਬਾਂ ਨੇ ਅਕਾਲ ਪੁਰਖੁ ਦਾ ਕੋਈ ਵੀ ਇੱਕ ਅਖਰੀ ਨਾਂ ਨੀਯਤ ਨਹੀਂ ਕੀਤਾ ਹੈ ਤੇ ਨਾ ਹੀ ਗੁਰਬਾਣੀ ਵਿੱਚ ਏਕਾਂ ਸ਼ਬਦੀ ਵਾਲਿਆ ਨੂੰ ਪਰਵਾਨ ਕੀਤਾ ਹੈ।

ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ।

ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਖੋਜਣਾ ਪਵੇਗਾ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿੱਚ ਅਕਾਲ ਪੁਰਖੁ ਦੇ ਨਾਮੁ ਨੂੰ ਖਾਸ ਮਹੱਤਤਾ ਦਿਤੀ ਗਈ ਹੈ ਤੇ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੇ ਗੁਣ ਸਮਝਾਏ ਗਏ ਹਨ ਤਾਂ ਜੋ ਅਸੀਂ ਉਸ ਅਨੁਸਾਰ ਚਲ ਕੇ ਆਪਣਾ ਮਨੁੱਖਾ ਜਨਮ ਸਫਲ ਕਰ ਸਕੀਏ।

ਅਕਾਲ ਪੁਰਖੁ ਨੇ ਐਸਾ ਨਿਯਮ ਬਣਾਇਆ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਂਣ ਤੋਂ ਬਿਨਾ ਕੋਈ ਮਨੁੱਖ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਨਹੀਂ ਕਰ ਸਕਦਾ।

ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਸਿਰਫ਼ ਅਕਾਲ ਪੁਰਖੁ ਦਾ ਨਾਮੁ ਸਿਮਰਿਆ ਕਰ, ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਆ ਕਰ।

ਜਿਸ ਮਨੁੱਖ ਦਾ ਮਨ ਗੁਰੂ ਦੀ ਮਤਿ ਲੈ ਕੇ ਸੁਆਦ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਲੱਗ ਪੈਂਦਾ ਹੈ, ਉਹ ਮਨੁੱਖ ਖਲੋਤਿਆਂ, ਬੈਠਦਿਆਂ, ਉਠਦਿਆਂ, ਰਸਤੇ ਵਿੱਚ ਤੁਰਦਿਆਂ, ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹੈ।

ਗੁਰਬਾਣੀ ਤੋਂ ਬਿਨਾ ਕੋਈ ਹੋਰ ਤਰੀਕਾ ਨਹੀਂ ਹੈ, ਜਿਸ ਨਾਲ ਜੀਵਨ ਮੁਕਤ ਕੀਤਾ ਜਾ ਸਕਦਾ ਹੈ।

ਜੇਹੜੇ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲ ਕੇ ਸ੍ਰੇਸ਼ਟ ਮੱਤ ਹਾਸਲ ਕਰ ਲੈਂਦੇ ਹਨ, ਉਹ ਵਿਕਾਰਾਂ ਵਾਲਾ ਜਹਿਰ ਪੀਣ ਦੀ ਬਜਾਏ, ਅੰਮ੍ਰਿਤ ਰੂਪੀ ਬਾਣੀ ਦਾ ਆਨੰਦ ਮਾਣਦੇ ਰਹਿੰਦੇ ਹਨ।

ਮੂੰਹ ਨਾਲ ਬਾਹਰੋਂ ਬਾਹਰੋਂ ਤਾਂ ਹਰੇਕ ਮਨੁੱਖ ਅਕਾਲ ਪੁਰਖੁ ਦਾ ਦੁਨਿਆਵੀ ਨਾਂ ਉਚਾਰ ਲੈਂਦਾ ਹੈ, ਪਰ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਕਿ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਦੇ ਹਨ।

ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਣ ਲਈ ਸਾਨੂੰ ਧਿਆਨ ਨਾਲ, ਆਪਣੇ ਆਪ ਨੂੰ ਟਿਕਾਉ ਵਿੱਚ ਲਿਆ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ।

ਅਕਾਲ ਪੁਰਖੁ ਦਾ ਨਾਮੁ ਹਰੇਕ ਤਰ੍ਹਾਂ ਦੇ ਸੁਖ ਦੇਣ ਵਾਲਾ ਹੈ, ਪਰੰਤੂ ਗੁਰੂ ਦੀ ਮਤਿ ਅਨੁਸਾਰ ਚਲ ਕੇ ਹੀ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਮਾਣਿਆ ਜਾ ਸਕਦਾ ਹੈ।

ਗੁਰੂ ਸਾਹਿਬ ਇੱਕ ਮਿੱਤਰ ਦੀ ਤਰ੍ਹਾਂ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਆਪਣੇ ਇਸ ਮਨੁੱਖਾ ਜਨਮ ਵਿੱਚ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰਨ ਲਈ ਉਸ ਦੇ ਗੁਣ ਗਾਇਨ ਕਰ ਲੈ, ਤਾਂ ਜੋ ਸਿਮਰਨ ਸਦਕਾ ਲੋਕ ਪਰਲੋਕ ਵਿੱਚ ਇੱਜ਼ਤ ਰਹਿ ਸਕੇ।

ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰ ਲੈਂਦਾ ਹੈ।

ਗੁਰਬਾਣੀ ਨੇ ਸਬਦਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ” ਵਿੱਚ ਬਿਲਕੁਲ ਸਿਧੇ ਤੇ ਸਪੱਸ਼ਟ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਅਕਾਲ ਪੁਰਖੁ ਦਾ ਨਾਮੁ ਗੁਰਬਾਣੀ ਦੁਆਰਾ ਹੀ ਪਾਇਆ ਜਾ ਸਕਦਾ ਹੈ।

ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਸਭ ਤੋਂ ਉੱਚੀ ਦਾਤ ਹੈ, ਅਤੇ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ ਸਾਲਾਹ ਦੀ ਦਾਤ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ।

ਇਸ ਮਨੁੱਖਾ ਸਰੀਰ ਦਾ ਕੋਈ ਭਰੋਸਾ ਨਹੀਂ, ਕਿ ਅਗਲਾ ਸਵਾਸ ਆਉਂਣਾਂ ਹੈ ਕਿ ਨਹੀਂ, ਇਸ ਲਈ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿੱਚ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਹੈ।

ਗੁਰੂ ਸਾਹਿਬਾਂ ਨੇ ਰਵਾਇਤੀ ਤੌਰ ਤੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਲਈ ਨਹੀਂ ਕਿਹਾ ਹੈ, ਬਲਕਿ ਪੂਰੀ ਨਿਸ਼ਟਾ ਤੇ ਲਗਨ ਨਾਲ ਕਰਨ ਲਈ ਕਿਹਾ ਹੈ।

ਗੁਰਬਾਣੀ ਦੁਆਰਾ ਅਕਾਲ ਪੁਰਖੁ ਨੂੰ ਆਪਣੀ ਜ਼ਿੰਦਗੀ ਦਾ ਅਜੇਹੇ ਤਰੀਕੇ ਨਾਲ ਆਸਰਾ ਬਣਾਣਾ ਹੈ, ਜਿਸ ਤਰ੍ਹਾਂ ਕਿ ਮੱਛੀ ਨੇ ਪਾਣੀ ਨੂੰ ਆਪਣੀ ਜਿੰਦਗੀ ਦਾ ਆਸਰਾ ਬਣਾਇਆ ਹੋਇਆ ਹੈ।

ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਮੇਰੇ ਉਤੇ ਮੇਹਰ ਕਰੋ, ਕਿ ਮੈਂ ਆਪ ਜੀ ਦੇ ਪ੍ਰੇਮ ਦੇ ਰੰਗ ਵਿੱਚ ਲੀਨ ਹੋ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਗੁਣ ਗਾਇਨ ਕਰਦਾ ਰਹਾਂ।

ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ, ਮਨੁੱਖ ਦੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਆਉਂਣੇ ਸ਼ੁਰੂ ਹੋ ਜਾਂਦੇ ਹਨ।

ਆਪਣੇ ਮਨ ਨੂੰ ਪਰੇਰਨਾ ਹੈ ਕਿ ਤੂੰ ਆਪਣੀ ਸੋਚ ਤੇ ਕਰਮਾਂ ਨੂੰ ਗੁਰਬਾਣੀ ਅਨੁਸਾਰ ਢਾਲ ਕੇ ਅਕਾਲ ਪੁਰਖੁ ਨੂੰ ਲੱਭ ਸਕਦਾ ਹੈ।

ਗੁਰੂ ਸਾਹਿਬ ਸਮਝਾਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਤਮਿਕ ਆਨੰਦ ਮਾਣ ਰਿਹਾ ਹਾਂ।

ਸਤਿਗੁਰ ਦੇ ਸਬਦ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਤੇ ਚਿੱਤ ਵਿੱਚ ਵੱਸ ਜਾਂਦਾ ਹੈ। ਸਬਦ ਗੁਰੂ ਦੀ ਮਿਹਰ ਨਾਲ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਦੇ ਨਾਮੁ ਦੇ ਪਿਆਰ ਤੋਂ ਬਿਨਾ ਹੋਰ ਸਾਰੇ ਪਿਆਰ ਝੂਠੇ ਹਨ।

ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਅਕਾਲ ਪੁਰਖੁ ਦਾ ਨਾਮੁ ਸਦਾ ਯਾਦ ਕਰਦਾ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ ਗੁਰੂ ਦੇ ਸ਼ਬਦ ਦਾ ਆਨੰਦ ਤੇਰੇ ਅੰਦਰ ਕਾਇਮ ਰਹੇਗਾ ਤੇ ਅਕਾਲ ਪੁਰਖੁ ਦੇ ਨਾਮੁ ਦਾ ਸਾਥ ਤੇਰੇ ਨਾਲ ਸਦਾ ਬਣਿਆ ਰਹੇਗਾ।

ਜਿਸ ਮਨੁੱਖ ਉੱਪਰ ਅਕਾਲ ਪੁਰਖੁ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ ਮਨ ਤੇ ਤਨ ਗੁਰੂ ਦੀ ਬਾਣੀ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤਿ ਅਕਾਲ ਪੁਰਖੁ ਦੀ ਭਗਤੀ ਵਿੱਚ ਲੀਨ ਰਹਿੰਦੀ ਹੈ।

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦੀ ਲਹਿਰ ਚੱਲਦੀ ਰਹਿੰਦੀ ਹੈ।

ਉੱਪਰ ਲਿਖੇ ਗਏ ਸਬਦ ਵਾਰ ਵਾਰ ਇਹੀ ਸਮਝਾਂਦੇ ਹਨ ਕਿ ਨਾਮੁ ਜਪਣ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਵੀਚਾਰਨੇ ਬਹੁਤ ਜਰੂਰੀ ਹਨ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ। ਇਸ ਲਈ ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿੱਚ ਅਪਨਾ ਕੇ, ਅਕਾਲ ਪੁਰਖੁ ਦੇ ਨਾਮੁ ਨੂੰ ਜਪੀਏ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰੀਏ।

ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ (੨)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.