.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧੫)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧੦ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ॥ ੧ 

ਮਃ ੩॥ ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ॥ ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ॥ ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ॥ ੨ 

ਪਉੜੀ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ॥ ਸਾਹਿਬੁ ਸੇਵਨਿੑ ਆਪਣਾ ਪੂਰੈ ਸਬਦਿ ਵੀਚਾਰਿ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ॥ ਹਰਿ ਕਾ ਮਹਲੁ ਤਿਨੀੑ ਪਾਇਆ ਜਿਨੑ ਹਉਮੈ ਵਿਚਹੁ ਮਾਰਿ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ॥ ੧੦ 

(ਪਉੜੀ ੧੦, ਸਟੀਕ, ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ, ਜਿ ਅਨਦਿਨੁ ਹਰਿ ਲਿਵ ਲਾਏ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ, ਹਉਮੈ ਰੋਗੁ ਤਿਸੁ ਜਾਏ॥ ਹਰਿ ਗੁਣ ਗਾਵੈ, ਗੁਣ ਸੰਗ੍ਰਹੈ, ਜੋਤੀ ਜੋਤਿ ਮਿਲਾਏ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮਗਿਆਨੀ, ਜਿ ਹਉਮੈ ਮੇਟਿ ਸਮਾਏ॥ ਨਾਨਕ ਤਿਸ ਨੋ ਮਿਲਿਆ, ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ॥ ੧॥ {ਪੰ: ੫੧੨}

ਪਦ ਅਰਥ : —ਬ੍ਰਹਮੁ—ਪ੍ਰਮਾਤਮਾ, ਅਕਾਲਪੁਰਖ। ਬਿੰਦੇ—ਜਾਣਦਾ ਹੈ, ਪਹਿਚਾਣਦਾ ਹੈ। ਜਿ—ਜੋ, ਜਿਹੜਾ। ਅਨਦਿਨੁ—ਦਿਨ ਰਾਤ, ਸੁਆਸ ਸੁਆਸ। ਸਤਿਗੁਰ ਪੁਛੈ—ਸਤਿਗੁਰੂ ਨੂੰ ਪੁੱਛਕੇ, ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਣ ਕਰਕੇ। ਸਚੁ— ਸਦਾ ਥਿਰ ਪ੍ਰਭੂ, ਅਕਾਲਪੁਰਖ। ਸੰਜਮੁ—ਬੰਦਸ਼, ਪਾਬੰਦੀ, ਮਰਯਾਦਾ, ਉੱਚਾ ਆਚਰਣ। ਕਮਾਵੈ—ਪਾਲਣ ਕਰਦਾ ਹੈ। ਸਚੁ ਸੰਜਮੁ ਕਮਾਵੈ—ਪ੍ਰਭੂ ਦੇ ਨਿਰਮਲ ਭਉ `ਚ ਰਹਿੰਦਾ ਹੋਇਆ ਸਦਾ ਉੱਚੇ-ਸੁੱਚੇ ਆਚਰਣ ਦਾ ਪਾਲਣ ਕਰਦਾ ਰਵੇ। ਸੰਗ੍ਰਹੈ—ਇਕੱਠੇ ਕਰੇ। ਜੁਗ—ਪ੍ਰਾਪਤ ਅਜੋਕਾ ਮਨੁੱਖਾ ਜਨਮ। ਸਮਾਏ— ਪ੍ਰਭੂ ਨਾਲ ਇੱਕ ਮਿੱਕ ਹੋਇਆ ਰਹੇ। {ਨੋਟ : —ਇਥੇ ਇਸੁ ਜੁਗ ਮਹਿ ਕੋ ਵਿਰਲਾ” ਵਾਲੀ ਪੰਕਤੀ `ਚ ਕਿਸੇ ਬ੍ਰਾਹਮਣੀ ‘ਜੁਗ’ ਦਾ ਜ਼ਿਕਰ ਨਹੀਂ, ਬਲਕਿ ਪ੍ਰਾਪਤ ਮਨੁੱਖਾ ਜਨਮ ਲਈ ਹੀ ਇਥੇ ਲਫ਼ਜ਼ ਜੁਗ ਆਇਆ ਹੈ}

ਅਰਥ : — “ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ, ਜਿ ਅਨਦਿਨੁ ਹਰਿ ਲਿਵ ਲਾਏ” -ਜਿਹੜਾ ਬ੍ਰਹਮ ਨੂੰ ਬਿੰਦਦਾ, ਅਕਾਲਪੁਰਖ ਨੂੰ ਹੀ ਪਛਾਣਦਾ ਤੇ ਸੁਰਤ ਕਰਕੇ ਸੁਆਸ ਸੁਆਸ ਪ੍ਰਮਾਤਮਾ ਨਾਲ ਹੀ ਜੁੜਿਆ ਰਹਿੰਦਾ ਹੈ; ਕੇਵਲ ਅਜਿਹੇ ਮਨੁੱਖ ਨੂੰ ਹੀ ਬ੍ਰਾਹਮਣ ਕਹਿਣਾ ਚਾਹੀਦਾ ਹੈ।

ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ, ਹਉਮੈ ਰੋਗੁ ਤਿਸੁ ਜਾਏ” - ਅਜਿਹਾ ਬ੍ਰਾਹਮਣ, ਸਦਾ ਸਤਿਗੁਰੂ ਦੇ ਕਹੇ `ਤੇ ਟੁਰਦਾ ਭਾਵ ਸ਼ਬਦ-ਗੁਰੂ ਦੇ ਆਦੇਸ਼ਾਂ ਦੀ ਕਮਾਈ ਕਰਦਾ ਹੈ ਅਤੇ ਪ੍ਰਭੂ ਦੇ ਨਿਰਮਲ ਭਉ `ਚ ਰਹਿੰਦਾ ਹੋਇਆ ਉੱਚੇ ਆਚਰਣ ਦਾ ਪਾਲਣ ਕਰਦਾ ਹੈ। ਦਰਅਸਲ ਉਸਦੇ ਜੀਵਨ ਅੰਦਰੋਂ ਹਉਮੈ ਵਾਲਾ ਰੋਗ ਵੀ, ਆਪਣੇ ਆਪ ਹੀ ਮੁੱਕ ਜਾਂਦਾ ਹੈ।

ਹਰਿ ਗੁਣ ਗਾਵੈ, ਗੁਣ ਸੰਗ੍ਰਹੈ, ਜੋਤੀ ਜੋਤਿ ਮਿਲਾਏ” -ਅਜਿਹਾ ਬ੍ਰਾਹਮਣ, ਸਦਾ ਹਰੀ ਦੇ ਹੀ ਗੁਣ ਗਾਉਂਦਾ ਤੇ ਆਪਣੇ ਜੀਵਨ `ਚ ਰੱਬੀ ਗੁਣਾਂ ਨੂੰ ਇਕੱਤ੍ਰ ਕਰਦਾ ਹੈ। ਇਸ ਤਰ੍ਹਾਂ ਉਹ ਪਰਮ-ਜੋਤਿ ਅਕਾਲਪੁਰਖ `ਚ ਹੀ ਆਪਣੀ ਜੋਤ (ਆਤਮਾ) ਨੂੰ ਮਿਲਾਈ ਰੱਖਦਾ ਹੈ। ਭਾਵ ਉਹ ਸੁਰਤ ਕਰਕੇ ਸਦਾ ਪ੍ਰਭੂ ਨਾਲ ਹੀ ਇਕ-ਮਿੱਕ ਹੋਇਆ ਰਵੇ।

ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮਗਿਆਨੀ, ਜਿ ਹਉਮੈ ਮੇਟਿ ਸਮਾਏ” - ਦਰਅਸਲ ਮਨੁੱਖਾ ਜਨਮ ਪਾ ਕੇ, ਕੋਈ ਵਿਰਲਾ ਹੀ ਅਜਿਹਾ ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਹੈ ਜਿਹੜਾ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਅਤੇ ਸੁਰਤ ਕਰਕੇ, ਸਦਾ ਬ੍ਰਹਮ `ਚ ਹੀ ਲੀਨ ਹੋਇਆ ਰਵੇ।

ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ, ਜਿ ਅਨਦਿਨੁ ਹਰਿ ਨਾਮੁ ਧਿਆਏ” -ਇਸ `ਤੇ ਤੀਜੇ ਨਾਨਕ ਫ਼ੁਰਮਾਉਂਦੇ ਹਨ, ਅਜਿਹਾ ਬ੍ਰਹਮਗਿਆਨੀ ਬ੍ਰਾਹਮਣ ਜਿਹੜਾ ਹਰ ਸਮੇਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿੰਦਾ ਹੈ, ਉਸਨੂੰ ਮਿਲਿਆਂ ਵੀ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ੧।

ਗੁਰਮੱਤ ਵਿਚਾਰ ਦਰਸ਼ਨ-ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਨ, ਦਰਅਸਲ ਬ੍ਰਾਹਮਣ ਵੀ ਉਸੇ ਨੂੰ ਕਹਿਣਾ ਚਾਹੀਦਾ ਹੈ, ਜਿਹੜਾ ਸੁਆਸ ਸੁਆਸ, ਪ੍ਰਭੂ ਚਰਨਾਂ ਨਾਲ ਜੁੜਿਆ ਰਵੇ। ਜਿਹੜਾ ਉੱਚੇ ਆਦਰਸ਼ਕ ਜੀਵਨ ਵਾਲਾ ਹੋਵੇ ਤੇ ਸ਼ਬਦ ਗੁਰੂ ਦੀ ਕਮਈ ਰਾਹੀਂ ਆਪਣੇ ਅੰਦਰੋਂ ਹਉਮੈ ਦਾ ਨਾਸ ਕਰੇ। ਇਸ ਤਰ੍ਹਾਂ ਉਹ ਮਨ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿ ਕੇ ਪ੍ਰਭੂ `ਚ ਅਭੇਦ ਹੋਇਆ ਰਵੇ, ਜਿਸਤੋਂ ਉਹ ਆਪਣੇ ਜੀਵਨ ਅੰਦਰ ਰੱਬੀ ਗੁਣਾਂ ਨੂੰ ਇਕਤ੍ਰ ਕਰੇ। ਇਹੀ ਨਹੀਂ ਬਲਕਿ ਉਹ ਰੱਬੀ ਗੁਣ ਉਸਦੇ ਜੀਵਨ ਅੰਦਰੋਂ ਵੀ ਪ੍ਰਗਟ ਹੁੰਦੇ ਹੋਣ।

ਗੁਰਦੇਵ ਨਾਲ ਇਹ ਵੀ ਫ਼ੁਰਮਾਉਂਦੇ ਹਨ, ਸੱਚ ਤਾਂ ਇਹ ਹੈ ਕਿ ਮਨੁੱਖਾ ਜਨਮ ਪਾ ਕੇ ਵਿਰਲੇ ਹੀ ਇਸ ਬ੍ਰਹਮਗਿਆਨ ਵਾਲੇ ਉੱਤਮ ਜੀਵਨ ਨੂੰ ਪ੍ਰਾਪਤ ਹੁੰਦੇ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰਣ `ਚ ਸਫ਼ਲ ਹੁੰਦੇ ਹਨ। ਫ਼ਿਰ ਜਿਹੜੇ ਮਨ ਕਰਕੇ ਪ੍ਰਭੂ ਦੇ ਨਾਮ ਰੰਗ `ਚ ਰੰਗੇ ਹੋਏ ਜੀਵਨ ਵਾਲੇ ਹੁੰਦੇ ਹਨ, ਉਨ੍ਹਾਂ ਦੀ ਸੰਗਤ `ਚ ਜਾ ਕੇ ਦੂਜਿਆਂ ਦੇ ਜੀਵਨ `ਚ ਵੀ ਟਿਕਾਅ ਆਉਂਦਾ ਤੇ ਤ੍ਰਿਸ਼ਨਾ ਮਿਟਦੀ ਹੈ।

ਮਃ ੩॥ ਅੰਤਰਿ ਕਪਟੁ ਮਨਮੁਖ ਅਗਿਆਨੀ, ਰਸਨਾ ਝੂਠੁ ਬੋਲਾਇ॥ ਕਪਟਿ ਕੀਤੈ ਹਰਿ ਪੁਰਖੁ ਨ ਭਜਿੈ, ਨਿਤ ਵੇਖੈ ਸੁਣੈ ਸੁਭਾਇ॥ ਦੂਜੈ ਭਾਇ ਜਾਇ ਜਗੁ ਪਰਬੋਧੈ, ਬਿਖੁ ਮਾਇਆ ਮੋਹ ਸੁਆਇ॥ ਇਤੁ ਕਮਾਣੈ ਸਦਾ ਦੁਖੁ ਪਾਵੈ, ਜੰਮੈ ਮਰੈ ਫਿਰਿ ਆਵੈ ਜਾਇ॥ ਸਹਸਾ ਮੂਲਿ ਨ ਚੁਕਈ, ਵਿਚਿ ਵਿਸਟਾ ਪਚੈ ਪਚਾਇ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ, ਤਿਸੁ ਗੁਰ ਕੀ ਸਿਖ ਸੁਣਾਇ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ, ਹਰਿ ਨਾਮੋ ਅੰਤਿ ਛਡਾਇ॥ ੨॥ {ਪੰ: ੫੧੨} “

ਪਦ ਅਰਥ : —ਰਸਨਾ—ਜੀਭ ਨਾਲ। ਕਪਟਿ ਕੀਤੈ—ਕਪਟ ਕੀਤਿਆਂ। ਸੁਭਾਇ—ਸੁਤੇ ਹੀ, ਆਪਣੇ ਆਪ, ਸੌਖੇ ਹੀ। ਹਰਿ ਪੁਰਖੁ—ਜ਼ਰੇ ਜ਼ਰੇ `ਚ ਵਿਆਪਕ ਅਕਾਲਪੁਰਖ। ਦੂਜੈ ਭਾਇ— ਪ੍ਰਭੂ ਦਾ ਦਰ ਤਿਆਗ ਕੇ ਮੋਹ-ਮਾਇਆ `ਚ ਖੱਚਤ। ਜਾਇ—ਜਾ ਕੇ। ਪਰਬੋਧੈ—ਜਗਾਂਦਾ ਹੈ, ਉਪਦੇਸ਼ ਕਰਦਾ ਹੈ, ਗਿਆਨ ਵੰਡਦਾ ਹੈ। ਜਗੁ ਪਰਬੋਧੈ—ਦੂਜਿਆਂ ਨੂੰ ਗਿਆਨ ਵੰਡਦਾ ਹੈ। ਬਿਖੁ ਮਾਇਆ ਮੋਹ— ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਆਦਿ ਦਾ ਵਿਸ਼। ਸੁਆਇ—ਸੁਆਰਥ ਵੱਸ। ਇਤੁ ਕਮਾਣੈ—ਇਹ ਕਮਾਇਆਂ। ਸਹਸਾ—ਤੌਖਲਾ, ਭਟਕਣਾ, ਸਹਿਮ। ਪਚੈ ਪਚਾਇ—ਖੁਆਰੀਆਂ ਹੁੰਦੀਆਂ ਹਨ। ਨਾਮੋ—ਨਾਮ ਨਾਲ ਹੀ, ਪ੍ਰਭੂ ਦੀ ਸਿਫ਼ਤ ਸਲਾਹ ਤੋਂ ਹੀ। ਹਰਿ ਨਾਮੋ ਅੰਤਿ ਛਡਾਇ—ਪ੍ਰਭੂ ਦੀ ਸਿਫ਼ਤ ਸਲਾਹ ਹੀ ਸਹਿਸੇ ਤੋਂ ਛੁਟਕਾਰਾ ਦੁਆਂਦੀ ਤੇ ਉਸ ਤੋਂ ਸੁਰਖਰੂ ਕਰਦੀ ਹੈ।

{ਨੋਟ : —ਲਫ਼ਜ਼ ‘ਕਪਟਿ’ ਵਿਆਕਰਣ ਅਨੁਸਾਰ ‘ਅਧਿਕਰਣ ਕਾਰਕ’ ਹੈ, ਲਫ਼ਜ਼ ‘ਕੀਤੈ’ ਭੀ ਏਸੇ ‘ਕਾਰਕ’ ਵਿੱਚ ਹੈ। ਅੰਗਰੇਜ਼ੀ ਵਿੱਚ ਇਸ ਬਨਾਵਟ ਨੂੰ Locative Absolute ਕਹੀ ਦਾ ਹੈ; ਸੰਸਕ੍ਰਿਤ ਵਿੱਚ ਇਹ ਵਿਆਕਰਣਕ ਬਣਤਰ ਬਹੁਤ ਮਿਲਦੀ ਹੈ, ਓਥੋਂ ਹੀ ਇਹ ਪੁਰਾਣੀ ਪੰਜਾਬੀ ਵਿੱਚ ਆਈ। ਸੋ ਏਥੇ ‘ਕਪਟਿ’ ਦਾ ਅਰਥ ‘ਕਪਟ ਨਾਲ’ ਕਰਨਾ ਗ਼ਲਤ ਹੈ}। (ਪ੍ਰੋ: ਸਾਹਿਬ ਸਿੰਘ ਜੀ)

ਅਰਥ : — “ਅੰਤਰਿ ਕਪਟੁ ਮਨਮੁਖ ਅਗਿਆਨੀ, ਰਸਨਾ ਝੂਠੁ ਬੋਲਾਇ” -ਆਪਣੇ ਮਨ ਪਿਛੇ ਟੁਰਣ ਵਾਲੇ ਜਾਹਿਲ ਅਗਿਅਨੀ ਮਨੁੱਖ ਦੇ ਮਨ ਅੰਦਰ ਤਾਂ ਖੋਟ ਹੀ ਹੁੰਦੀ ਹੈ ਜਦਕਿ ਉਹ ਜੀਭ ਨਾਲ ਵੀ ਝੂਠ ਹੀ ਬੋਲਦਾ ਹੈ। ਭਾਵ ਮਨਮੁਖ ਅਗਿਆਨੀ ਆਪਣੇ ਅੰਦਰਲੇ ਖੋਟ ਵਾਲੇ ਸੁਭਾਅ ਦੇ ਉਲਟ, ਜ਼ਾਹਿਰਾ ਕੁੱਝ ਹੋਰ ਹੀ ਬਣਿਆ ਹੁੰਦਾ ਹੈ। ਉਹ ਬਾਹਿਰੋਂ ਗਿਆਨੀ ਤੇ ਅਂਦਰੋਂ ਕਪਟੀ ਹੁੰਦਾ ਹੈ।

ਕਪਟਿ ਕੀਤੈ ਹਰਿ ਪੁਰਖੁ ਨ ਭੀਜੈ, ਨਿਤ ਵੇਖੈ ਸੁਣੈ ਸੁਭਾਇ” -ਇਸ ਤਰ੍ਹਾਂ ਠੱਗੀ ਕੀਤਿਆਂ ਪ੍ਰਭੂ ਪ੍ਰਮਾਤਮਾ ਕਦੇ ਪ੍ਰਸੰਨ ਨਹੀਂ ਹੁੰਦਾ। ਕਿਉਂਕਿ ਉਹ ਸੁਤੇ ਤੇ ਸੁਭਾਅ ਕਰਕੇ ਹੀ ਸਾਡੀ ਹਰੇਕ ਕਰਣੀ ਨੂੰ ਵੇਖਦਾ, ਬੋਲਾਂ ਨੂੰ ਸੁਣਦਾ ਤੇ ਉਨ੍ਹਾ ਦੀ ਅਸਲੀਅਤ ਤੱਕ ਨੂੰ ਵੀ ਜਾਣਦਾ ਹੈ।

ਦੂਜੈ ਭਾਇ ਜਾਇ ਜਗੁ ਪਰਬੋਧੈ, ਬਿਖੁ ਮਾਇਆ ਮੋਹ ਸੁਆਇ” -ਮਨਮੁਖ ਆਪ ਤਾਂ ਪ੍ਰਭੂ ਦਾ ਦਰ ਤਿਆਗ ਕੇ, ਨਿਜੀ ਸੁਆਰਥਾਂ ਵੱਸ ਮਾਇਆ ਮੋਹ `ਚ ਅੰਨਾਂ ਹੋਇਆ, ਆਤਮਕ ਪੱਖੋਂ ਮੁਰਦਾ ਹੁੰਦਾ ਹੈ; ਪਰ ਦੂਜਿਆਂ ਨੂੰ ਜਾ ਜਾ ਕੇ ਸੱਚ ਦਾ ਉਪਦੇਸ਼ ਦਿੰਦਾ ਤੇ ਗਿਆਨ ਵੰਡਦਾ ਹੈ।

ਇਤੁ ਕਮਾਣੈ ਸਦਾ ਦੁਖੁ ਪਾਵੈ, ਜੰਮੈ ਮਰੈ, ਫਿਰਿ ਆਵੈ ਜਾਇ” -ਅਜਿਹੀਆਂ ਕਰਤੂਤਾਂ ਕੀਤਿਆਂ ਮਨਮੁਖ ਸਦਾ ਦੁੱਖ ਹੀ ਪਾਂਦਾ ਹੈ। ਉਹ ਜੀਂਦੇ ਜੀਅ ਵੀ ਮਾਨਸਿਕ ਭਟਕਣਾ ਦਾ ਸ਼ਿਕਾਰ ਰਹਿੰਦਾ ਹੈ ਅਤੇ ਮੌਤ ਤੋਂ ਬਾਅਦ ਵੀ ਉਹ ਜਨਮ-ਮਰਨ-ਗਰਭਾਂ ਦੇ ਗੇੜ `ਚ ਹੀ ਪੈਂਦਾ ਹੈ।

ਸਹਸਾ ਮੂਲਿ ਨ ਚੁਕਈ, ਵਿਚਿ ਵਿਸਟਾ ਪਚੈ ਪਚਾਇ” -ਅਜਿਹੇ ਮਨਮੁਖ ਦੇ ਜੀਵਨ ਅੰਦਰੋਂ ਤੌਖਲਾ ਤੇ ਭਟਕਣਾ ਆਦਿ ਕਦੇ ਨਹੀਂ ਮੁੱਕਦੇ, ਉਹ ਅਮਦਰਲੇ ਵਿਕਾਰਾਂ ਤੇ ਅਉਗੁਣਾ ਆਦਿ ਦੀ ਵਿਸ਼ਟਾ ਕਾਰਣ ਜੀਵਨ ਭਰ ਖੁਆਰੀਆਂ `ਚ ਹੀ ਪਿਆ ਰਹਿੰਦਾ ਹੈ।

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ, ਤਿਸੁ ਗੁਰ ਕੀ ਸਿਖ ਸੁਣਾਇ” -ਤਾਂ ਵੀ, ਜਿਸ ਮਨੁੱਖ `ਤੇ ਮੇਰਾ ਮਾਲਕ ਪ੍ਰਭੂ ਮਿਹਰ ਕਰ ਦਿੰਦਾ ਹੈ; ਪ੍ਰਭੂ ਆਪ ਉਸ ਮਨਮੁਖ ਨੂੰ ਵੀ ਗੁਰੂ ਦੇ ਉਪਦੇਸ਼ ਨਾਲ ਜੋੜ ਦਿੰਦਾ ਹੈ। ਭਾਵ ਪ੍ਰਭੂ ਆਪ ਆਪਣੀ ਮਿਹਰ ਕਰਕੇ ਅਜਿਹੇ ਬੇਮੁੱਖ ਤੋਂ ਵੀ ਸ਼ਬਦ ਗੁਰੂ ਦੀ ਕਮਾਈ ਕਰਵਾ ਲੈਂਦਾ ਤੇ ਉਸ ਦੇ ਜੀਵਨ ਨੂੰ ਸ਼ਬਦ ਗੁਰੂ ਦੇ ਆਦੇਸ਼ਾਂ ਅਨੁਸਾਰ ਤਿਆਰ ਕਰ ਦਿੰਦਾ ਹੈ।

ਹਰਿ ਨਾਮੁ ਧਿਆਵੈ, ਹਰਿ ਨਾਮੋ ਗਾਵੈ, ਹਰਿ ਨਾਮੋ ਅੰਤਿ ਛਡਾਇ” -ਫ਼ਿਰ ਉਹੀ ਮਨਮੁਖ, ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਗਾਉਂਦਾ ਤੇ ਅੰਤ ਪ੍ਰਭੂ ਦੀ ਸਿਫ਼ਤ ਸਲਾਹ ਉਸ ਨੂੰ ਵੀ ਸਹਸਾ ਮੂਲਿ ਨ ਚੁਕਈ, ਵਿਚਿ ਵਿਸਟਾ ਪਚੈ ਪਚਾਇ” ਭਾਵ ਉਸ ਸਹਿਸੇ ਵਾਲੇ ਜੀਵਨ ਤੋਂ ਛੁਟਕਾਰਾ ਦੁਆ ਦਿੰਦੀ ਹੈ। ਸ਼ਬਦ ਗੁਰੂ ਦੀ ਕਮਾਈ ਤੇ ਪ੍ਰਭੂ ਦੀ ਸਿਫ਼ਤ ਸਲਾਹ, ਉਸ ਨੂੰ ਵੀ ਵਿਸਟਾ ਤੇ ਖੁਆਰੀਆਂ ਤੋਂ ਬਚਾਅ ਲੈਂਦੀ ਹੈ, ਇਸ ਤਰ੍ਹਾਂ ਉਸ ਦੇ ਜੀਵਨ ਨੂੰ ਵੀ ਅਨੰਦਮਈ ਤੇ ਸੁਖਾਲਾ ਬਣਾ ਦਿੰਦੀ ਹੈ। ੨।

ਗੁਰਮੱਤ ਵਿਚਾਰ ਦਰਸ਼ਨ-ਦੂਜੇ ਸਲੋਕ `ਚ, ਗੁਰਦੇਵ ਪਹਿਲੇ ਸਲੋਕ ਵਾਲੇ ਵਿਸ਼ੇ ਨੂੰ ਹੀ ਹੋਰ ਸਪਸ਼ਟ ਕਰਦੇ ਹਨ। ਫ਼ੁਰਮਾਉਂਦੇ ਹਨ, ਮਨਮੁਖਾਂ, ਅਗਿਆਨੀਆਂ ਤੇ ਕਪਟੀਆਂ ਦਾ ਜੀਵਨ, ਬ੍ਰਹਮ ਨੂੰ ਜਾਨਣ ਵਾਲਿਆਂ ਦੇ ਬਿਲਕੁਲ ਉਲਟ ਹੁੰਦਾ ਹੈ। ਇਹ ਬਾਹਰੋਂ ਤਾਂ ਵੱਡੇ ਉਪਦੇਸ਼ਕ ਹੁੰਦੇ ਹਨ ਜਦਕਿ ਅੰਦਰੋਂ ਮੋਹ ਮਾਇਆ ਤੇ ਸੁਆਰਥਾਂ `ਚ ਗ੍ਰਸੇ ਹੁੰਦੇ ਹਨ। ਇਸ ਲਈ ਇਹ ਅਸਲੋਂ ਕਪਟੀ ਤੇ ਜ਼ਬਾਨ ਦੇ ਦਗ਼ਬਾਜ਼ ਹੁੰਦੇ ਹਨ। ਇਸ ਤਰ੍ਹਾਂ, ਇਹ ਜੀਂਦੇ ਜੀਅ ਵੀ ਭਟਕਣਾ ਵਿਕਾਰਾਂ ਦੀ ਵਿਸ਼ਟਾ ਤੇ ਖੁਆਰੀਆਂ ਭਰਿਆ ਜੀਵਨ ਬਤੀਤ ਕਰਦੇ ਹਨ ਤੇ ਮੌਤ ਤੋਂ ਬਾਅਦ ਵੀ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ।

ਗੁਰਦੇਵ ਹੋਰ ਸਪਸ਼ਟ ਕਰਦੇ ਹਨ, ਫ਼ਿਰ ਜੇ ਕਰਤਾ ਆਪ ਮਿਹਰ ਕਰ ਦੇਵੇ ਤਾਂ ਅਜਿਹੇ ਮਨਮੁਖਾਂ ਅਗਿਆਨੀਆਂ, ਕਪਟੀਆਂ ਦੇ ਜੀਵਨ `ਚ ਵੀ ਪਲਟਾ ਆ ਸਕਦਾ ਹੈ। ਅਕਾਲਪੁਰਖ ਇਨ੍ਹਾਂ ਦੇ ਜੀਵਨ ਨੂੰ ਵੀ ਸ਼ਬਦ-ਗੁਰੂ ਦੀ ਕਮਾਈ ਨਾਲ ਜੋੜ ਦਿੰਦਾ ਹੈ। ਉਪ੍ਰੰਤ ਸ਼ਬਦ ਗੁਰੂ ਦੀ ਕਮਾਈ ਤੇ ਕਰਤੇ ਦੀ ਸਿਫ਼ਤ ਸਲਾਹ, ਇਨ੍ਹਾਂ ਦੇ ਜੀਵਨ ਅੰਦਰੋਂ ਵੀ ਉਸ ਸਹਿਸੇ ਤੇ ਭਟਕਣਾ ਆਦਿ ਮੁਕਾਅ ਦਿੰਦੀ ਹੈ।

ਪਉੜੀ॥ ਜਿਨਾ ਹੁਕਮੁ ਮਨਾਇਓਨੁ, ਤੇ ਪੂਰੇ ਸੰਸਾਰਿ॥ ਸਾਹਿਬੁ ਸੇਵਨਿੑ ਆਪਣਾ, ਪੂਰੈ ਸਬਦਿ ਵੀਚਾਰਿ॥ ਹਰਿ ਕੀ ਸੇਵਾ ਚਾਕਰੀ, ਸਚੈ ਸਬਦਿ ਪਿਆਰਿ॥ ਹਰਿ ਕਾ ਮਹਲੁ ਤਿਨੀੑ ਪਾਇਆ, ਜਿਨੑ ਹਉਮੈ ਵਿਚਹੁ ਮਾਰਿ॥ ਨਾਨਕ ਗੁਰਮੁਖਿ ਮਿਲਿ ਰਹੇ, ਜਪਿ ਹਰਿ ਨਾਮਾ ਉਰ ਧਾਰਿ॥ ੧੦॥ {ਪੰ: ੫੧੨}

ਪਦ ਅਰਥ : —ਮਨਾਇਓਨੁ—ਪ੍ਰਭੂ ਨੇ ਆਪ ਮਨਵਾਇਆ ਹੁੰਦਾ ਹੈ, ਮੰਨਣ ਲਈ ਸਮ੍ਰਥਾ ਵੀ ਪ੍ਰਭੂ ਨੇ ਆਪ ਬਖ਼ਸ਼ੀ ਹੁੰਦੀ ਹੈ। ਪੂਰੇ—ਸਰਬ ਗੁਣ-ਸੰਪਣ। ਸਬਦਿ—ਸਬਦ `ਚ। ਵੀਚਾਰਿ—ਵਿਚਾਰ ਕਰਨ ਨਾਲ। ਸਬਦਿ ਵੀਚਾਰਿ—ਸ਼ਬਦ ਗੁਰੂ ਦੀ ਕਮਾਈ ਕਰਣ ਨਾਲ, ਸ਼ਬਦ ਗੁਰੂ ਦੇ ਆਦੇਸ਼ਾਂ ਦੇ ਅਨੁਸਾਰੀ ਹੋਣ ਨਾਲ। ਚਾਕਰ—ਸੇਵਾ। ਮਹਲੁ—ਘਰ, ਹਜ਼ੂਰੀ, ਪ੍ਰਭੂ ਦਾ ਦਰ। ਉਰ—ਹਿਰਦਾ।

ਅਰਥ : — “ਜਿਨਾ ਹੁਕਮੁ ਮਨਾਇਓਨੁ, ਤੇ ਪੂਰੇ ਸੰਸਾਰਿ” -ਸੰਸਾਰ `ਚ ਸਰਬ ਗੁਣ ਸੰਪਣ ਕੇਵਲ ਉਹੀ ਹੁੰਦੇ ਹਨ ਜਿਨ੍ਹਾਂ ਤੋਂ ਪ੍ਰਭੂ ਅਕਾਲਪੁਰਖ ਆਪਣਾ ਹੁਕਮ ਆਪ ਮਨਵਾ ਲੈਂਦਾ ਹੈ।

ਸਾਹਿਬੁ ਸੇਵਨਿੑ ਆਪਣਾ, ਪੂਰੈ ਸਬਦਿ ਵੀਚਾਰਿ” -ਦਰਅਸਲ ਅਜਿਹੇ ਸਫ਼ਲ ਜੀਵਨ ਮਨੁੱਖ, ਆਪਣੀ ਲਿਵ ਨੂੰ ਪ੍ਰਭੂ ਚਰਨਾਂ ਨਾਲ ਜੋੜ ਕੇ, ਸ਼ਬਦ-ਗੁਰੂ ਦੇ ਆਦੇਸ਼ਾਂ ਦੀ ਕਮਾਈ ਕਰਦੇ ਹਨ।

ਹਰਿ ਕੀ ਸੇਵਾ ਚਾਕਰੀ, ਸਚੈ ਸਬਦਿ ਪਿਆਰਿ” -ਉਂਝ ਪ੍ਰਭੂ ਦੀ ਬੰਦਗੀ ਵੀ ਤਾਂ ਹੀ ਸੰਭਵ ਹੈ ਜੇ ਮਨੁੱਖ ਦਾ ਸੱਚੇ ਸ਼ਬਦ ਨਾਲ ਮਨ ਕਰਕੇ ਪਿਆਰ ਹੋਵੇ ਭਾਵ ਮਨੁੱਖ ਮਨ ਕਰਕੇ ਸ਼ਬਦ-ਗੁਰੂ ਨੂੰ ਸਮ੍ਰਪਿਤ ਹੋਵੇ ਅਤੇ ਉਹ ਸ਼ਬਦ ਦੇ ਕੇਵਲ ਪੜ੍ਹਣ ਤੀਕ ਹੀ ਸੀਮਿਤ ਨਾ ਹੋਵੇ।

ਹਰਿ ਕਾ ਮਹਲੁ ਤਿਨੀੑ ਪਾਇਆ, ਜਿਨੑ ਹਉਮੈ ਵਿਚਹੁ ਮਾਰਿ” - ਕਿਉਂਕਿ ਪ੍ਰਭੂ ਪ੍ਰਮਾਤਮਾ ਦੀ ਹਜ਼ੂਰੀ ਵੀ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਹਨ।

ਨਾਨਕ ਗੁਰਮੁਖਿ ਮਿਲਿ ਰਹੇ, ਜਪਿ ਹਰਿ ਨਾਮਾ ਉਰ ਧਾਰਿ” -ਤਾਂ ਤੇ ਆਪਣੇ ਤੀਜੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਕੇਵਲ ਗੁਰੂ ਦੇ ਸਨਮੁਖ ਰਹਿਣ ਵਾਲੇ ਹੀ ਮਨ ਕਰਕੇ ਸ਼ਬਦ-ਗੁਰੂ ਦੇ ਆਦੇਸ਼ਾਂ ਅਨੁਸਾਰ ਚਲਦੇ ਹਨ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ। ੧੦।

ਗੁਰਮੱਤ ਵਿਚਾਰ ਦਰਸ਼ਨ-ਪਉੜੀ `ਚ ਗੁਰਦੇਵ ਸਫ਼ਲ ਜੀਵਨ ਦੀ ਵਿਆਖਿਆ ਕਰ ਰਹੇ ਹਨ ਤੇ ਫ਼ੁਰਮਾਅ ਰਹੇ ਹਨ। ਜਿਹੜੇ ਸੁਰਤ ਕਰਕੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ, ਰੱਬੀ ਗੁਣ ਵੀ ਉਨ੍ਹਾਂ ਦੇ ਜੀਵਨ ਅੰਦਰ ਹੀ ਉਪਜਦੇ ਹਨ। ਉਹ ਮਨ ਕਰਕੇ ਸ਼ਬਦ-ਗੁਰੂ ਦੇ ਅਨੁਸਾਰੀ ਹੁੰਦੇ ਹਨ ਤੇ ਸਦਾ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ। ਇਸੇ ਕਰਕੇ ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰਨ `ਚ ਵੀ ਸਫ਼ਲ ਹੁੰਦੇ ਹਨ। ਪਉੜੀ ਦੀ ਅਰੰਭਕ ਪੰਕਤੀ `ਚ ਅਜਿਹੇ ਸਫ਼ਲ ਜੀਵਨ ਜੀਊੜਿਆਂ ਲਈ ਹੀ ਗੁਰਦੇਵ ਦਾ ਫ਼ੈਸਲਾ ਹੈ ਜਿਨਾ ਹੁਕਮੁ ਮਨਾਇਓਨੁ, ਤੇ ਪੂਰੇ ਸੰਸਾਰਿ” ਸੰਸਾਰ `ਚ ਵਿਚਰਦੇ ਹੋਏ ਵੀ ਉਹੀ ਸਰਬ ਗੁਣ ਸੰਪਣ ਹੁੰਦੇ ਹਨ, ਜਿਨ੍ਹਾਂ ਤੋਂ ਪ੍ਰਭੂ, ਆਪਣਾ ਹੁਕਮ ਆਪ ਮਨਵਾ ਲੈਂਦਾ ਹੈ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ- ਦੇਖਣਾ ਇਹ ਹੈ ਕਿ ਪਉੜੀ `ਚ ਮੂਲ ਵਿਸ਼ਾ ਹੀ ਸਫ਼ਲ ਮਨੁੱਖਾ ਜੀਵਨ ਦਾ ਹੈ। ਉਪ੍ਰੰਤ ਸਲੋਕਾਂ `ਚ ਵੀ ਸਫ਼ਲ ਮਨੁੱਖਾ ਜਨਮ ਦੀ ਪ੍ਰਾਪਤੀ ਤੇ ਬਿਰਥਾ ਜਨਮ ਦੇ ਕਾਰਣਾ ਦਾ ਵਿਸ਼ਲੇਸ਼ਣ ਕੀਤਾ ਹੋਇਆ ਹੈ।

ਪਹਿਲੇ ਸਲੋਕ “ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ. .” `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵਿਸ਼ੇਸ਼ ਵਰਣ-ਜਾਤ `ਚ ਜਨਮ ਲੈਣ ਕਰਕੇ ਕੋਈ ਬ੍ਰਾਹਮਣ ਆਦਿ ਨਹੀਂ ਹੁੰਦਾ। ਅਸਲ ਬ੍ਰਾਹਮਣ ਤੇ ਬ੍ਰਹਮ ਨੁੰ ਜਾਨਣ ਵਾਲਾ ਉਹੀ ਬ੍ਰਹਮਗਿਆਨੀ ਅਥਵਾ ਬ੍ਰਾਹਮਣ ਹੁੰਦਾ ਹੈ ਜਿਹੜਾ ਸ਼ਬਦ ਗੁਰੂ ਦੀ ਕਮਾਈ ਰਾਹੀਂ, ਸੁਆਸ ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਤੇ ਆਪਣੇ ਅੰਦਰੋਂ ਹਉਮੈ ਨੂੰ ਖ਼ਤਮ ਕਰੇ। ਇਸ ਤਰ੍ਹਾਂ ਉਹ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਆਪਣੇ ਜੀਵਨ ਅੰਦਰੋਂ ਰੱਬੀ ਗੁਣਾਂ ਨੂੰ ਇਕਤ੍ਰ ਕਰੇ ਤੇ ਜੀਵਨ `ਚੋਂ ਪ੍ਰਗਟ ਵੀ ਕਰੇ। ਇਸ ਤਰ੍ਹਾਂ ਉਹ ਜੀਂਦੇ ਜੀਅ ਪ੍ਰਭੁ ਨਾਲ ਅਭੇਦ ਹੋ ਕੇ ਆਪਣਾ ਰਸਦਾਇਕ ਜੀਵਨ ਬਤੀਤ ਕਰੇ।

ਜਦਕਿ ਗੁਰਦੇਵ ਇਹ ਵੀ ਫ਼ੁਰਮਾਉਂਦੇ ਹਨ ਕਿ ਇਸ `ਚ ਸ਼ੱਕ ਨਹੀਂ ਕਿ ਮਨੁੱਖਾ ਜਨਮ ਪਾ ਕੇ ਵੀ, ਵਿਰਲੇ ਹੀ ਮਨੁੱਖਾ ਜੀਵਨ ਦੀ ਇਸ ਉੱਤਮ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਫ਼ਿਰ ਇਹ ਵੀ ਕਿ ਅਜਿਹੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਹੋਏ ਜੀਊੜੇ, ਕੇਵਲ ਆਪਣੇ ਹੀ ਨਹੀਂ ਬਲਕਿ ਦੂਜਿਆਂ ਦੇ ਜੀਵਨ ਨੂੰ ਵੀ ਸੰਤੋਖੀ, ਰਸੀਲਾ ਤੇ ਸੁਖਦਾਈ ਬਨਾਉਂਦੇ ਹਨ।

ਉਪ੍ਰੰਤ ਦੂਜੇ ਸਲੋਕ “ਅੰਤਰਿ ਕਪਟੁ ਮਨਮੁਖ ਅਗਿਆਨੀ … “, `ਚ ਗੁਰਦੇਵ ਸਪਸ਼ਟ ਕਰਦੇ ਹਨ, ਜਿਹੜੇ ਮਨੁੱਖਾ ਜਨਮ ਪਾ ਕੇ ਵੀ, ਜ਼ਾਹਿਰਾ ਗਿਆਨੀ ਪਰ ਅਸਲੋਂ ਮਨਮੁਖ ਹੁੰਦੇ ਹਨ, ਉਹ ਸੁਭਾਅ ਕਰਕੇ ਕਪਟੀ ਹੀ ਹੁੰਦੇ ਹਨ। ਉਹ ਬਾਹਿਰੋਂ ਤਾਂ ਆਪਣੇ ਆਪ ਨੂੰ ਵੱਡਾ ਗਿਆਨ ਵਾਨ ਦੱਸਦੇ ਤੇ ਦੂਜਿਆਂ ਨੂੰ ੜਧ ਚੜ੍ਹ ਕੇ ਉਪਦੇਸ਼ ਕਰਦੇ ਹਨ ਪਰ ਆਪ ਅੰਦਰੋਂ ਮੋਹ ਮਾਇਆ `ਚ ਗ੍ਰਸੇ ਹੋਏ ਨਿਹਿਤ ਸੁਆਰਥੀ ਜੀਵਨ ਵਾਲੇ ਹੁੰਦੇ ਹਨ।

ਫ਼ਿਰ ਉਨ੍ਹਾਂ ਦੀਆਂ ਅਜਿਹੀਆਂ ਅਗਿਆਨਤਾ ਤੇ ਕਪਟ ਭਰਪੂਰ ਕਰਣੀਆਂ ਤੋਂ ਪ੍ਰਭੂ ਵੀ ਕਦੇ ਪ੍ਰਸੰਨ ਨਹੀਂ ਹੁੰਦਾ। ਉਹ ਜੀਂਦੇ ਜੀਅ ਵੀ ਭਟਕਣਾ, ਖੁਆਰੀਆ ਤੇ ਸਹਿਮਾਂ-ਤੋਖਲਿਆਂ ਭਰਿਆ ਜਨਮ ਬਤੀਾਤ ਕਰਦੇ ਹਨ; ਉਪ੍ਰੰਤ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਦੇ ਗੇੜ `ਚ ਹੀ ਪੈਂਦੇ ਹਨ।

ਗਰਦੇਵ ਫ਼ੁਰਮਾਉਂਦੇ ਤਾਂ ਵੀ ਇਹ ਵੱਖਰੀ ਗੱਲ ਹੈ ਕਿ ਜੇ ਪ੍ਰਭੂ ਆਪ ਬਖ਼ਸ਼ਿਸ਼ ਕਰ ਦੇਵੇ। ਉਪ੍ਰੰਤ ਜੇ ਅਜਿਹੇ ਮਨਮੁਖ ਅਗਿਆਨੀ ਵੀ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਣ। ਇਸ ਤੇ ਅਕਾਲਪੁਰਖ ਆਪ ਆਪਣੀ ਮਿਹਰ ਕਰਕੇ ਉਨ੍ਹਾਂ ਨੂੰ ਵੀ ਉਸ ਸਹਿਸੇ ਖੁਆਰੀਆਂ ਵਾਲੇ ਤੇ ਕਪਟੀ ਜੀਵਨ ਤੋਂ ਛੁਟਕਾਰਾ ਦੁਆ ਦਿੰਦਾ ਹੈ। (ਚਲਦਾ) #Instt. 15 th Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.