.

ਭੱਟ ਬਾਣੀ-47

ਬਲਦੇਵ ਸਿੰਘ ਟੋਰਾਂਟੋ

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ।।

ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਯ੍ਯਾਨੁ

ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ।।

ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ

ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ।।

ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ ਪ੍ਰੇਮ ਗੁਰ

ਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ।।

ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ।। ੨।। ੧੪।।

(ਪੰਨਾ ੧੪੦੦-੦੧)

ਪਦ ਅਰਥ:- ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ। ਇਨ੍ਹਾਂ ਸ਼ਬਦਾਂ ਦਾ ਦੁਹਰਾਅ ਇਸ ਵਾਸਤੇ ਹੈ ਕਿ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਗਿਆਨ ਦੀ ਪ੍ਰੋੜ੍ਹਤਾ ਕੀਤੀ ਹੈ। ਜਪਿ – ਅਭਿਆਸ ਕਰਨ ਦੇ ਨਾਲ। ਸਤਿ ਕਰਿ – ਸਤਿ ਕਰਕੇ ਜਾਨਣ ਦੇ ਨਾਲ। ਅਗਮ ਗੁਨੁ – ਬੇਸ਼ੁਮਾਰ ਗੁਣਾਂ ਦੇ ਮਾਲਕ। ਜਾਨੁ ਨਿਧਾਨੁ – ਆਪਣੇ ਆਪ ਨੂੰ ਨਿਮਾਣਾ ਜਾਣ ਕੇ। ਨਿਧਾਨੁ – ਨਿਮਾਣਾ। ਜਾਨੁ – ਜਾਣ ਕੇ। ਹਰਿ ਮਨ ਧਰਹੁ – ਸੱਚ ਰੂਪ ਹਰੀ ਨੂੰ ਹੀ ਆਪਣੇ ਮਨ ਅੰਦਰ ਟਿਕਾਅ ਕੇ। ਧ੍ਯ੍ਯਾਨੁ ਅਹਿਨਿਸਿ ਕਰਹੁ – ਆਪਣੀ ਅਗਿਆਨਤਾ ਦੇ ਹਨੇਰੇ ਨੂੰ ਪ੍ਰਕਾਸ਼, ਗਿਆਨ ਵਿੱਚ ਬਦਲਣ ਲਈ ਗਿਆਨ ਵੱਲ ਆਪਣੀ ਤਵੱਜੋਂ ਦਿਉ। ਧ੍ਯ੍ਯਾਨੁ – ਤਵੱਜੋਂ ਦੇਣੀ, ਧਿਆਨ ਦੇਣਾ, (attention pay) ਕਰਨਾ। ਅਹਿ – ਹਨੇਰਾ। ਨਿਸਿ – ਦਿਨ, ਪ੍ਰਕਾਸ਼, ਚਾਨਣ। ਗੁਰ ਬਚਨ ਰਿਦੈ ਧਰਹੁ – ਗਿਆਨ ਦੇ ਸ਼ਬਦ ਆਪਣੇ ਹਿਰਦੇ ਵਿੱਚ ਟਿਕਾਉ, ਵਸਾਉ। ਫੁਨਿ – ਫਿਰ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਜਲ – ਜਲ। ਬਿਮਲ – ਨਿਰਮਲ। ਅਥਾਹ – ਬੇਹਿਸਾਬ, ਅਤਿ। ਬਿਮਲ ਅਥਾਹ – ਅਤਿ ਨਿਰਮਲ। ਫਿਰ ਇਸ ਅਤਿ ਨਿਰਮਲ ਗਿਆਨ ਰੂਪ ਜਲ ਨਾਲ ਆਪਣੀ (ਅਵਤਾਰਵਾਦੀ ਕਰਮ-ਕਾਂਡੀ ਸੋਚ) ਦਾ ਇਸ਼ਨਾਨ ਕਰਾਉ। ਸੰਤ – ਗਿਆਨ। ਗੁਰਸਿਖ – ਗੁਰ ਸਿੱਖਿਆ ਨਾਲ। ਤਰਹੁ – ਤਰਿਆ ਭਾਵ ਡੁੱਬਣ ਤੋਂ ਬਚਿਆ ਜਾ ਸਕਦਾ ਹੈ। ਨਾਮ ਸਚ – ਗਿਆਨ ਨੂੰ ਸੱਚ ਜਾਣ ਕੇ। ਰੰਗ ਸਰਿ – ਰੰਗ ਵਿੱਚ ਰੰਗੇ ਜਾਣ ਨਾਲ। ਸਦਾ – ਸਦੀਵੀ ਸਥਿਰ ਰਹਿਣ ਵਾਲਾ। ਨਿਰਭਉ – ਭੈ ਤੋਂ ਰਹਿਤ। ਨਿਰਵੈਰ – ਨਿਰਵੈਰ। ਨਿਰੰਕਾਰੁ – ਅਕਾਰ ਤੋਂ ਰਹਿਤ। ਜਪੈ ਪ੍ਰੇਮ – ਪ੍ਰੇਮ ਨਾਲ ਜਪੈ। ਗੁਰ ਸਬਦ – ਉਸ ਨਿਰੰਕਾਰੁ ਦੀ ਬਖ਼ਸ਼ਿਸ਼ ਗਿਆਨ। ਰਸਿ – ਰਸ ਨੂੰ। ਕਰਤ ਦ੍ਰਿੜ – ਦ੍ਰਿੜੁ ਕਰਨ ਵਾਲਾ ਹੀ। ਭਗਤਿ – ਇਕੁ ਹਰੀ-ਖ਼ੁਦਾ ਤੋਂ ਸਿਵਾਏ ਹੋਰ ਕਿਸੇ (ਅਵਤਾਰਵਾਦੀ) ਦੀ ਬੰਦਗੀ-ਗ਼ੁਲਾਮੀ ਨਾ ਕਰਨ ਵਾਲਾ ਇਨਕਲਾਬੀ ਪੁਰਸ਼। ਮੁਗਧ – ਮੂੜ। ਮੁਗਧ ਮਨ – ਮੂੜ ਮਨਾ। ਭ੍ਰਮ – (ਅਵਤਾਰਵਾਦੀ ਅਗਿਆਨਤਾ) ਦੇ ਰੱਬ ਹੋਣ ਦਾ ਭਰਮ। ਤਜਹੁ – ਤਜ ਦੇਣਾ, ਛੱਡ ਦੇਣਾ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ ਕਰਨਾ। ਗੁਰਮੁਖਿ – ਕਰਤਾ। ਮਾਰੂ ਮਹਲਾ ੩।। ਗੁਰਮੁਖਿ ਸਾਚੈ ਕੀਆ ਅਕਾਰਾ।। ਗੁਰਮੁਖਿ ਪਸਰਿਆ ਸਭੁ ਪਾਸਾਰਾ।। ਗੁਰਮੁਖਿ ਗੁਰਬਾਣੀ ਅੰਦਰ ਉਹ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ।। ੧੦।। ਗੁਰਬਾਣੀ ਦਾ ਗੁਰਮੁਖਿ-ਕਰਤਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਭਜਹੁ – ਅਪਣਾਉਣਾ। ਪਹਿਲਾ ਸ਼ਬਦ ਤਜਹੁ ਹੈ ਜਿਸ ਦਾ ਅਰਥ ਤੱਜਣਾ ਭਾਵ ਛੱਡਣਾ ਹੈ। ਦੂਸਰਾ ਸ਼ਬਦ ਭਜਹੁ ਹੈ, ਸੋ ਪ੍ਰਕਰਣ ਦੇ ਮੇਲ ਨਾਲ ਭਜਹੁ ਦੇ ਅਰਥ ਅਪਣਾਉਣਾ, ਅਪਣਾ ਕੇ ਬਣਦੇ ਹਨ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਗੁਰੁ – ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਨਾ। ਗੁਰੂ ਗੁਰੁ ਗੁਰੂ ਗੁਰੁ ਗੁਰੂ – ਗਿਆਨ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਉਣ ਲਈ ਸ਼ਬਦਾਂ ਦਾ ਦੁਹਰਾ। ਜਪੁ ਸਤਿ ਕਰਿ – ਸੱਚ ਨੂੰ ਹੀ ਸੱਚ ਜਾਣ ਕੇ ਅਭਿਆਸ ਕਰ।

ਅਰਥ:- ਹੇ ਭਾਈ! ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਆਪਣੇ ਜੀਵਨ ਵਿੱਚ ਸਤਿ-ਸੱਚ ਗ੍ਰਹਿਣ ਕਰਕੇ, ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਭਿਆਸ (practice) ਕਰੋ। ਉਸ ਸੱਚ ਰੂਪ ਹਰੀ ਨੂੰ ਬੇਸ਼ੁਮਾਰ ਗੁਣਾਂ ਦਾ ਮਾਲਕ ਅਤੇ ਆਪਣੇ ਆਪ ਨੂੰ ਨਿਧਾਨੁ ਜਾਨੁ-ਨਿਮਾਣੇ ਜਾਣ ਕੇ, ਇਹ ਗੱਲ ਆਪਣੇ ਮਨ ਅੰਦਰ ਟਿਕਾਅ ਕੇ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਵੱਲ ਤਵੱਜੋ ਦੇ ਕੇ ਗਿਆਨ ਦੇ ਬਚਨ-ਸ਼ਬਦ ਹੀ ਆਪਣੇ ਹਿਰਦੇ ਵਿੱਚ ਵਸਾਉ। ਫਿਰ ਇਸ ਅਤਿ ਨਿਰਮਲ ਗਿਆਨ ਰੂਪੀ ਜਲ ਨਾਲ ਆਪਣੇ ਮਨ ਦੀ (ਅਵਤਾਰਵਾਦੀ ਕਰਮ-ਕਾਂਡੀ) ਸੋਚ ਦਾ ਇਸ਼ਨਾਨ ਕਰਾਉ। ਇਸ ਤਰ੍ਹਾਂ ਇਸ ਸਿੱਖਿਆ ਨੂੰ ਸੱਚ ਜਾਣ ਕੇ ਆਪਣੇ ਆਪ ਨੂੰ ਗਿਆਨ ਦੇ ਰੰਗ ਵਿੱਚ ਰੰਗ ਕੇ ਹੀ (ਅਗਿਆਨਤਾ) ਤੋਂ ਤਰਹੁ-ਭਾਵ ਅਗਿਆਨਤਾ ਦੇ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ। ਉਹ ਸਦੀਵੀ ਸਥਿਰ ਰਹਿਣ ਵਾਲਾ ਨਿਰਭਉ ਨਿਰਵੈਰ ਜੋ ਆਕਾਰ ਤੋਂ ਰਹਿਤ ਹੈ, ਨੂੰ ਹੀ ਪ੍ਰੇਮ ਨਾਲ ਜੋ ਜਪੇ ਅਤੇ ਗੁਰ ਸਬਦ–ਉਸ ਦੀ ਬਖ਼ਸ਼ਿਸ਼ ਗਿਆਨ ਰਸ ਨੂੰ ਹੀ ਦ੍ਰਿੜ੍ਹ ਕਰੇ, ਉਹ ਉਸ ਖ਼ੁਦਾ ਤੋਂ ਸਿਵਾਏ ਹੋਰ ਕਿਸੇ (ਅਵਤਾਰਵਾਦੀ) ਦੀ ਗ਼ੁਲਾਮੀ ਨਾ ਕਰਨ ਵਾਲਾ ਹੀ ਭਗਤ ਭਾਵ ਇਨਕਲਾਬੀ ਪੁਰਸ਼ ਹੈ। ਇਸ ਕਰਕੇ ਹੇ ਮੂੜ ਮਨਾ! (ਅਵਤਾਰਵਾਦੀ ਅਗਿਆਨਤਾ) ਦਾ ਭਰਮ ਛੱਡ ਅਤੇ ਸੱਚ ਰੂਪ ਕਰਤੇ ਦੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਅਤੇ ਦ੍ਰਿੜ੍ਹਤਾ ਨਾਲ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਸਦੀਵੀ ਸੱਚ ਗਿਆਨ ਦਾ ਹੀ ਆਪਣੇ ਜੀਵਨ ਵਿੱਚ ਅਭਿਆਸ (practice) ਕਰ।

ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ।।

ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ

ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ।।

ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ

ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯ੍ਯਾਈਐ।।

ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ

ਜਿਸੁ ਗ੍ਯ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ।।

ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ

ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ।। ੩।। ੧੫।।

(ਪੰਨਾ ੧੪੦੧)

ਪਦ ਅਰਥ:- ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਗੁਰੁ – ਗਿਆਨ ਨੂੰ ਗ੍ਰਹਿਣ ਕਰਨ। ਗੁਰੁ ਗੁਰੁ ਕਰਹੁ – ਦ੍ਰਿੜ੍ਹਤਾ ਨਾਲ ਗਿਆਨ ਨੂੰ ਗ੍ਰਹਿਣ ਕਰਨ ਨਾਲ। ਗੁਰੁ ਗੁਰੁ – ਦ੍ਰਿੜ੍ਹਤਾ ਲਈ ਗੁਰੁ ਸ਼ਬਦ ਦਾ ਦੁਹਰਾਅ ਹੈ। ਗੁਰੂ ਹਰਿ ਪਾਈਐ – ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਹਰੀ ਦੀ ਬਖ਼ਸ਼ਿਸ਼ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਉਦਧਿ – ਸਾਗਰ। ਗੁਰੁ ਗਹਿਰ – ਗਹਿਰੇ ਗਿਆਨ ਨੂੰ ਗ੍ਰਹਿਣ ਕਰਨ। ਗੰਭੀਰ ਬੇਅੰਤ – ਅਤਿ ਡੂੰਘੇ। ਨਾਮ – ਸੱਚ, ਅਸਲ। ਹਰਿ –ਹਰੀ। ਨਾਮ – ਅਸਲ। ਨਗ – ਵਡਮੁੱਲੇ। ਹੀਰ – ਹੀਰੇ। ਮਣਿ – ਉੱਤਮ। ਮਿਲਤ – ਮਿਲ ਕੇ, ਜਾਣ ਕੇ। ਲਿਵ ਲਾਈਐ – ਨਾਤਾ ਜੋੜਿਆ ਹੈ। ਮਣਿ ਮਿਲਤ ਲਿਵ ਲਾਈਐ – ਉੱਤਮ ਜਾਣ ਕੇ ਆਪਣੀ ਲਿਵ ਲਾਈ ਹੈ ਭਾਵ ਸੱਚ ਨਾਲ ਜੁੜੇ ਹਨ। ਫੁਨਿ – ਫਿਰ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਪਰਮਲ – ਚੰਦਨ। ਸਰਸ – ਵਾਂਗ ਸੁਗੰਧੀ। ਕੰਚਨ – ਪਵਿੱਤਰ। ਪਰਸ – ਪਰਸਣ ਨਾਲ। ਕਰਤ – ਕਰਦੇ ਹਨ, ਵੰਡਦੇ ਹਨ। ਮੈਲ ਦੁਰਮਤਿ – ਅਗਿਆਨਤਾ ਦੀ ਮੈਲ। ਹਿਰਤ – ਖ਼ਤਮ। ਸਬਦਿ – ਹਰੀ ਬਖ਼ਸ਼ਿਸ਼ ਗਿਆਨ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ। ਛੁਟਕੰਤ ਸਦਾ – ਹਮੇਸ਼ਾ ਝਰਦੇ ਰਹਿੰਦੇ ਹਨ। ਦ੍ਵਾਰਿ – ਦੁਆਰੇ ਉੱਪਰ। ਜਿਸੁ – ਜਿਸ ਦੇ। ਗ੍ਯ੍ਯਾਨ – ਗਿਆਨ। ਗੁਰ – ਬਖ਼ਸ਼ਿਸ਼। ਬਿਮਲ – ਨਿਰਮਲ। ਸਰ – ਸਰੋਵਰ। ਸੰਤ –ਗਿਆਨ। ਸਿਖ – ਸਿੱਖਿਆ। ਨਾਈਐ – ਨਹਾਈਐ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਨਿਰਬਾਣੁ – ਸੰ: ਛੁਟਕਾਰਾ (ਮ: ਕੋਸ਼)। ਨਿਧਾਨੁ – ਨਿਧਾਨਤਾ, ਅਗਿਆਨਤਾ। ਨੋਟ: - ਇਥੇ ਨਿਧਾਨੁ ਸ਼ਬਦ ਦੇ ਨਾਲ ਸਬੰਧਤ ਸ਼ਬਦ ਨਿਰਬਾਣੁ/ਛੁਟਕਾਰਾ ਜਦੋਂ ਜੁੜੇਗਾ ਤਾਂ ਇਸ ਸ਼ਬਦ ਦੇ ਅਰਥ ਬਦਲ ਕੇ ਅਗਿਆਨਤਾ ਹੋ ਜਾਣਗੇ। ਉਰਿ – ਹਿਰਦੇ ਵਿੱਚ। ਧਰਹੁ – ਟਿਕਾਉ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਗੁਰੁ ਗੁਰੁ – ਦ੍ਰਿੜ੍ਹਤਾ ਲਈ ਦੁਹਰਾਅ ਹੈ।

ਅਰਥ:- ਹੇ ਭਾਈ! ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਦ੍ਰਿੜ੍ਹਤਾ ਨਾਲ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ ਹੀ ਹਰੀ ਦੀ ਬਖ਼ਸ਼ਿਸ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨੇ ਗਿਆਨ ਨੂੰ ਉੱਤਮ ਜਾਣ ਕੇ ਗਿਆਨ ਨਾਲ ਆਪਣਾ ਨਾਤਾ ਜੋੜਿਆ ਹੈ, ਉਹ ਗਿਆਨ ਨੂੰ ਗ੍ਰਹਿਣ ਕਰਨ ਵਾਲੇ ਹੀ ਉਸ ਹਰੀ ਦੇ ਉੱਤਮ ਗਿਆਨ ਦੇ ਅਤਿ ਗਹਿਰੇ ਸਾਗਰ ਦੇ ਅਸਲ ਵਡਮੁੱਲੇ ਹੀਰੇ ਹਨ। ਅਜਿਹੇ ਚੰਦਨ ਸੁਭਾਉ ਹੀਰੇ-ਉੱਤਮ ਪੁਰਸ਼ ਹੀ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਦੀ ਖ਼ੁਸ਼ਬੋ ਨੂੰ ਅੱਗੇ ਵੰਡਦੇ ਹਨ ਤਾਂ ਜੋ ਹੋਰਨਾਂ ਦੀ ਵੀ ਪਵਿੱਤਰ ਹਰੀ ਦੇ ਸ਼ਬਦ-ਗਿਆਨ ਨੂੰ ਆਪਣੇ ਜੀਵਨ ਵਿੱਚ ਪਰਸਣ ਨਾਲ ਦੁਰਮਤਿ ਮੈਲ ਖ਼ਤਮ ਹੋ ਸਕੇ। ਆਉ ਜਿਸ ਦੇ ਦੁਆਰੇ `ਤੇ ਹਮੇਸ਼ਾ ਗਿਆਨ ਦੇ ਅੰਮ੍ਰਿਤ ਦੇ ਪਰਵਾਹ ਦੇ ਝਰਨੇ ਝਰਦੇ ਹਨ, ਉਸ ਦੇ ਗਿਆਨ ਦੀ ਨਿਰਮਲ ਸਿੱਖਿਆ ਦੇ ਸਰੋਵਰ ਵਿੱਚ ਨਹਾਈਏ (ਤਾਂ ਜੋ ਸਾਡੀ ਵੀ ਦੁਰਮਤਿ ਮੈਲ ਦੂਰ ਹੋ ਸਕੇ)। ਆਉ ਜਿਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਨਿਧਾਨਤਾ ਭਾਵ ਅਗਿਆਨਤਾ ਤੋਂ ਛੁਟਕਾਰਾ ਹੁੰਦਾ ਹੈ, ਉਸ ਹਰੀ ਦੀ ਬਖ਼ਸ਼ਿਸ਼ ਨੂੰ ਆਪਣੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਦ੍ਰਿੜ੍ਹਤਾ ਨਾਲ ਗ੍ਰਹਿਣ ਕਰਕੇ ਆਪਣੇ ਹਿਰਦੇ ਵਿੱਚ ਟਿਕਾਈਏ ਤਾਂ ਕਿ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਪ੍ਰਕਾਸ਼ ਰੂਪ ਹਰੀ ਦੇ ਸੱਚ ਨੂੰ ਪ੍ਰਾਪਤ ਕਰ ਸਕੀਏ।




.