.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਨਿਸ਼ਾਨੇ ਦੀ ਪ੍ਰਾਪਤੀ ਵਿੱਚ ਅਨੰਦ

ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ।।

ਸੰਤ ਜਨਾ ਮਿਲਿ ਪਾਈਐ, ਰਸਨਾ ਨਾਮੁ ਭਣਾ।।

ਜਿਨਿ ਪਾਇਆ ਪ੍ਰਭੁ ਆਪਣਾ, ਆਏ ਤਿਸਹਿ ਗਣਾ।।

ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ।।

ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿੱਚ ਵਣਾ।।

ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ।।

ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗੁ ਮਣਾ।।

ਹਰਿ ਦਰਸਨ ਕੰਉ ਮਨੁ ਲੋਚਦਾ, ਨਾਨਕ ਪਿਆਸ ਮਨਾ।।

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ।। ੨।।

ਪੰਨਾ ੧੩੩

ਮੁੱਢਲੀ ਵਿਚਾਰ--ਜਨਮ ਤੋਂ ਹੀ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕਿਸੇ ਨਾ ਕਿਸੇ ਤਰੀਕਾ ਨਾਲ ਅਨੰਦ ਮਿਲਦਾ ਰਹੇ। ਅਨੰਦ ਦੀ ਸਿੱਧੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ। ਅਨੰਦ ਕਿਸੇ ਪੱਕੀ ਹੋਈ ਫਸਲ ਦਾ ਫਲ਼ ਹੁੰਦਾ ਹੈ। ਜਿਸ ਤਰ੍ਹਾਂ ਕਿਸਾਨ ਫਸਲ ਬੀਜਣ ਲੱਗਾ ਪਹਿਲਾਂ ਪੈਲ਼ੀ ਤਿਆਰ ਕਰਦਾ ਹੈ ਫਿਰ ਖਾਦ, ਦਵਾਈ ਤੇ ਬੀਜ ਆਦਿ ਜ਼ਮੀਨ ਵਿੱਚ ਪਾਉਂਦਾ ਹੈ। ਪੰਛੀਆਂ ਤੋਂ ਬਚਾਉਣ ਲਈ ਵਿਚਾਰਾ ਕਿਸਾਨ ਕਈ ਢੰਗ ਤਰੀਕੇ ਵਰਤਦਾ ਹੈ। ਗੋਡੀ ਕਰਦਿਆਂ ਪਾਣੀ ਦੇਂਦਿਆਂ ਤਾਂ ਕਿਤੇ ਜਾ ਕੇ ਫਸਲ ਤਿਆਰ ਹੁੰਦੀ ਹੈ। ਕਈ ਵਾਰੀ ਬਦਲ਼ਾਂ ਗੜਿਆਂ ਨਾਲ ਤਿਆਰ ਹੋਈ ਫਸਲ ਮਾਰੀ ਵੀ ਜਾਂਦੀ ਹੈ। ਜਨੀ ਕਿ ਕਿਰਸਾਨ ਕਈ ਮੁਸੀਬਤਾਂ ਝੱਲਦਿਆਂ ਝੱਲਦਿਆਂ ਮਸੀਂ ਕਿਤੇ ਫਸਲ ਦਾ ਮੂੰਹ ਦੇਖਦਾ ਹੈ। ਕਿਸੇ ਵੀ ਫਸਲ ਦਾ ਸਿੱਧਾ ਫਲ਼ ਪ੍ਰਾਪਤ ਨਹੀਂ ਹੁੰਦਾ। ਫਲ਼ ਦੀ ਪ੍ਰਾਪਤੀ ਲਈ ਢੰਗ ਤਰੀਕੇ ਨਾਲ ਚੱਲਣਾ ਪੈਂਦਾ ਹੈ। ਏਸੇ ਤਰ੍ਹਾਂ ਅਨੰਦ ਸਿੱਧਾ ਪ੍ਰਾਪਤ ਨਹੀਂ ਹੁੰਦਾ। ਜੇ ਹੁਣ ਇਹ ਸੋਚੀਏ ਕਿ ਕਣਕ ਬੀਜਣ ਨਾਲ ਹੁਣ ਸਿੱਧਾ ਜ਼ਮੀਨ ਵਿਚੋਂ ਕਣਕ ਦਾ ਸਿੱਟਾ ਹੀ ਨਿਕਲੇ ਤਾਂ ਸਾਡੀ ਮੂਰਖਤਾ ਹੀ ਹੋਏਗੀ। ਇੰਜ ਹੀ ਮਨੁੱਖ ਸੋਚੇ ਕਿ ਮੈਨੂੰ ਅਨੰਦ ਸਿੱਧਾ ਹੀ ਪ੍ਰਾਪਤ ਹੋ ਜਾਏ ਇਹ ਇੱਕ ਵੱਡੀ ਭੁੱਲ ਹੈ। ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਪਹਿਲਾਂ ਮੇਹਨਤ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਅਨੰਦ ਪ੍ਰਾਪਤ ਹੁੰਦਾ ਹੈ। ਚੱਲ ਰਹੀ ਜ਼ਿੰਦਗੀ ਵਿੱਚ ਜਦੋਂ ਬੰਦਾ ਅਵਾਜ਼ਾਰ ਹੋ ਜਾਂਦਾ ਹੈ ਤਾਂ ਉਹ ਸੰਸਾਰ ਤੋਂ ਭਗੌੜਾ ਹੋ ਕੇ ਜੰਗਲ਼ਾਂ ਵਲ਼ ਨੂੰ ਭੱਜਣ ਦੀ ਕਰਦਾ ਹੈ। ਕਿਸੇ ਇਕਾਂਤ ਥਾਂ ਦੀ ਭਾਲ ਵਿੱਚ ਹੁੰਦਾ ਹੈ। ਕਈ ਅਨੰਦ ਦੀ ਪ੍ਰਾਪਤੀ ਲਈ ਸਰੀਰ ਨੂੰ ਕਸ਼ਟ ਦੇਂਦੇ ਹਨ ਪਰ ਸਰੀਰਕ ਕਸ਼ਟਾਂ ਨਾਲ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਕਈ ਤੀਰਥਾਂ ਦੇ ਇਸ਼ਨਾਨ ਵਿਚੋਂ ਅਨੰਦ ਲੱਭਣ ਲਈ ਥਾਂ ਥਾਂ ਦਾ ਭਰਮਣ ਕਰਦੇ ਫਿਰਦੇ ਹਨ। ਗੱਲ ਕੀ ਮਨ ਦੀ ਸ਼ਾਂਤੀ ਲਈ ਮਨੁੱਖ ਕਈ ਪ੍ਰਕਾਰ ਦੇ ਪਾਪੜ ਵੇਲਦਾ ਹੈ। ਦਰ-ਅਸਲ ਅਨੰਦ ਮਨੁੱਖ ਨੇ ਆਪ ਪ੍ਰਾਪਤ ਕਰਨਾ ਹੈ। ਗੁਰਮਤਿ ਨੇ ਸੁਖਾਵੀਆਂ ਤੇ ਅਣ-ਸੁਖਾਵੀਆਂ ਘਟਨਾਵਾਂ ਵਿਚੋਂ ਅਨੰਦ ਦੀ ਪ੍ਰਪਾਤੀ ਦੱਸੀ ਹੈ। ਬਾਰਹ ਮਾਂਹ ਵਿੱਚ ਚੇਤ ਦੇ ਮਹੀਨੇ ਦਾ ਅਧਾਰ ਬਣ ਕੇ ਮਨੁੱਖੀ ਜ਼ਿੰਦਗੀ ਵਿੱਚ ਅਨੰਦ ਭਰਨ ਦਾ ਵਲ਼ ਸਮਝਾਇਆ ਹੈ-

ਚੇਤ ਦੇ ਮਹੀਨੇ ਵਿੱਚ ਬਸੰਤ ਰੁੱਤ ਆਉਂਦੀ ਹੈ ਜਿਸ ਨਾਲ ਸਾਰੀ ਬਨਾਸਪਤੀ ਖਿੜਦੀ ਹੈ। ਖਿੜੀ ਹੋਈ ਬਨਸਪਤੀ ਹਰੇਕ ਦੇ ਮਨ ਨੂੰ ਸੋਹਣੀ ਲੱਗਦੀ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਰੱਬ ਜੀ ਦੀ ਅਰਾਧਣਾ ਕਰ ਤਾਂ ਕਿ ਤੇਰੇ ਜੀਵਨ ਵਿੱਚ ਅਨੰਦ ਆ ਸਕੇ—

ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ।।

ਅੱਖਰੀਂ ਅਰਥ--ਚੇਤ ਵਿੱਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ।

ਵਿਚਾਰ ਤੇ ਵਿਹਾਰਕ ਪੱਖ-- ਗੋਵਿੰਦ ਨੂੰ ਅਰਾਧਣ ਲਈ ਕਿਹਾ ਹੈ ਤੇ ਏਸੇ ਅਰਾਧਣ ਨਾਲ ਹੀ ਜੀਵਨ ਵਿੱਚ ਅਨੰਦ ਭਰਿਆ ਜਾਣਾ ਹੈ। ਗੁਰਬਾਣੀ ਦੇ ਤੱਤ ਗਿਆਨ ਨੂੰ ਨਾ ਸਮਝਦਿਆਂ ਹੋਇਆਂ ਅਸਾਂ ਬਹੁਤ ਜ਼ਿਆਦਾ ਵਹਿਮ ਭਰਮ ਪਾਲ਼ ਲਏ ਹਨ। ਅਨੰਦ ਦੀ ਪ੍ਰਾਪਤੀ ਲਈ ਕੋਈ ਭੋਰਿਆਂ ਵਿੱਚ ਬੈਠ ਕੇ ਅਨੰਦ ਦੀ ਪ੍ਰੀਭਾਸ਼ਾ ਸਮਝ ਸਮਝਾ ਰਿਹਾ ਹੈ। ਕੋਈ ਵੀਰਵਾਰ ਨੂੰ ਤੇਲ ਚੜ੍ਹਾ ਕੇ ਅਨੰਦ ਦੀ ਭਾਲ ਕਰ ਰਿਹਾ ਹੈ। ਕੋਈ ਦਰਿਆ ਵਿੱਚ ਨਿੱਕ-ਸੁੱਕ ਸੁਟ ਕੇ ਅਨੰਦ ਦੀ ਭਾਲ ਕਰ ਰਿਹਾ ਹੈ। ਗੁਰੂ ਸਾਹਿਬ ਜੀ ਨੇ ਅਨੰਦ ਦੀ ਅਵਸਥਾ ਗੋਵਿੰਦ ਨੂੰ ਅਰਾਧਣ ਵਿੱਚ ਦੱਸੀ ਹੈ। ਗੋਵਿੰਦ ਨੂੰ ਅਰਾਧਣ ਦਾ ਅਰਥ ਹੈ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਸਮਝਣੀ। ਆਪਣੇ ਫ਼ਰਜ਼ਾਂ ਦੀ ਪਹਿਛਾਣ ਕਰਨੀ। ਏੱਥੇ ਤੋਤਿਆਂ ਵਾਂਗ ਇੱਕ ਸ਼ਬਦ ਨੂੰ ਬਾਰ ਬਾਰ ਕਹਿਣ ਨੂੰ ਅਰਾਧਣ ਨਹੀਂ ਕਿਹਾ ਗਿਆ। ਇਸ ਵਿੱਚ ਦੋ ਰਾਏ ਨਹੀਂ ਹਨ ਕਿ ਸਿਮਰਣ ਤੇ ਅਰਾਧਣਾ ਸ਼ਬਦ ਗੁਰਬਾਣੀ ਵਿੱਚ ਵਾਰ ਵਾਰ ਆਏ ਹਨ। ਅਰਾਧਣ ਦੇ ਤੱਤ ਗਿਆਨ ਨੂੰ ਸਮਝਿਆ ਨਹੀਂ ਗਿਆ। ਕੁੱਝ ਲੋਕਾਂ ਨੇ ਨਿਰਧਾਰਤ ਕੀਤੇ ਹੋਏ ਮਨੋ ਕਲਪਤ ਅਰਾਧਣ ਦੇ ਰਸਤੇ ਨੂੰ ਗੁਰਬਣੀ ਦੇ ਸਿਧਾਂਤ ਵਿੱਚ ਢਾਲਣ ਦਾ ਯਤਨ ਕੀਤਾ ਹੈ। ਕਿਸੇ ਮਨੁੱਖ ਦੀ ਜੀਵਨ ਸ਼ੈਲੀ ਸਮੁਚੇ ਪੰਥ ਦੀ ਨਹੀਂ ਹੋ ਸਕਦੀ। ਸਿੱਖੀ ਵਿੱਚ ਬਹੁਤ ਵੱਡਾ ਦੁਖਾਂਤ ਹੈ ਕਿ ਇੱਕ ਸ਼ਬਦ ਨੂੰ ਬਾਰ ਬਾਰ ਬੋਲੀ ਜਾਣ ਨੂੰ ਨਾਮ ਅਰਾਧਣਾ ਸਮਝ ਲਿਆ ਹੈ। ਅਸਲ ਵਿੱਚ ਸਿਮਰਣ ਹੈ ਸੱਚ ਦਾ ਧਾਰਨੀ ਹੋਣਾ ਦੂਜਾ ਆਪਣੇ ਕੰਮ ਪ੍ਰਤੀ ਇਮਾਨਦਾਰੀ ਤੇ ਸਾਵਧਾਨ ਹੋਣਾ। ਗੁਰਬਾਣੀ ਵਿੱਚ ਅਨੇਕਾਂ ਪਰਮਾਣ ਮਿਲਦੇ ਹਨ—ਜੇਹਾ ਕਿ

ਉਸਤਤਿ ਮਨ ਮਹਿ ਕਰਿ ਨਿਰੰਕਾਰ।। ਕਰਿ ਮਨ ਮੇਰੇ ਸਤਿ ਬਿਉਹਾਰ।।

ਪੰਨਾ ੨੮੧

ਧਰਮ ਦੀ ਦੁਨੀਆਂ ਵਿੱਚ ਇਹ ਸਮਝਿਆ ਗਿਆ ਹੈ ਕਿ ਸ਼ਾਇਦ ਵਿਹਲੇ ਬੈਠ ਕੇ ਕੇਵਲ ਭਗਤੀ ਕਰਨ ਨਾਲ ਰੱਬ ਦੀ ਪ੍ਰਾਪਤੀ ਹੈ। ਇੱਕ ਕਿਸਾਨ ਦਾ ਜ਼ਮੀਨ ਤੇ ਸਿਆੜ ਕੱਢਣਾ, ਘੁਮਿਆਰ ਦਾ ਭਾਂਡੇ ਬਣਾਉਣਾ, ਮਿੱਟੀ ਦੀਆਂ ਇੱਟਾਂ ਪੱਥਣੀਆਂ, ਲਕੜੀ ਦਾ ਕੰਮ ਕਰਨਾ, ਇੱਕ ਮਜ਼ਦੂਰ ਦਾ ਗਾਰਾ ਫੜਾਉਣਾ, ਸੜਕਾਂ ਤੇ ਲੁੱਕ ਪਉਣਾ, ਅਧਿਆਪਕ ਦਾ ਮਨ ਮਾਰ ਕੇ ਪੜ੍ਹਾਉਣਾ, ਦੋਧੀ ਦਾ ਇਮਾਨਦਾਰੀ ਨਾਲ ਦੁੱਧ ਪਉਣਾ, ਗੱਲ ਕੀ ਮੇਹਨਤਕਸ਼ ਮਨੁੱਖ ਦੇ ਸਰੀਰ ਦਾ ਚੋਂਦਾ ਹੋਇਆ ਪਸੀਨਾ ਗੋਵਿੰਦ ਦੀ ਅਰਾਧਣਾ ਵਿੱਚ ਆਉਂਦਾ ਹੈ। ਏਹੀ ਕਾਰਨ ਹੈ ਕਿ ਅੱਜ ਜਿੰਨੀਆਂ ਵੀ ਗੁਰੂ ਨਾਨਕ ਸਾਹਿਬ ਜੀ ਦੀਆਂ ਮਨੋ ਕਲਪਤ ਤਸਵੀਰਾਂ ਮਿਲਦੀਆਂ ਹਨ ਇਹਨਾਂ ਵਿੱਚ ਮਾਲਾ ਤੇ ਅੱਖਾਂ ਬੰਦ ਕਰਕੇ ਨਾਮ ਜਪਣ ਦੀਆਂ ਹੀ ਹਨ। ਭਾਵ ਸਮਝਿਆ ਗਿਆ ਹੈ ਕਿ ਸ਼ਾਇਦ ਏਦਾਂ ਦੇ ਅਰਾਧਣ ਨਾਲ ਹੀ ਰੱਬ ਜੀ ਖੁਸ਼ ਹੁੰਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਹੱਲ ਵਹੁੰਦਿਆਂ ਜਾਂ ਵਿਦਵਾਨਾ ਨਾਲ ਵਿਚਾਰ ਚਰਚਾ ਕਰਦਿਆਂ ਦੀ ਫੋਟੋ ਕਿਤੇ ਵੀ ਨਹੀਂ ਮਿਲਦੀ। ਚੋਂਦੇ ਹੋਏ ਪਸੀਨੇ ਨਾਲ ਕਿਰਤੀ ਸੰਸਾਰ ਦੀ ਪਾਲਣਾ ਕਰਦਾ ਹੈ। ਉਹ ਰੁੱਖੀ ਸੁੱਖੀ ਖਾ ਕੇ ਵੀ ਅਨੰਦ ਵਿੱਚ ਰਹਿੰਦਾ ਹੈ। ਆਪਣੀ ਕਿਰਤ `ਤੇ ਯਕੀਨ ਕਰਨਾ ਹੀ ਅਨੰਦ ਦੀ ਤ੍ਰਿਪਤੀ ਦਰਸਾਈ ਗਈ ਹੈ। ਖੂਨ ਪਸੀਨੇ ਤੇ ਇਮਾਨਦਾਰੀ ਨਾਲ ਕੀਤੀ ਕਮਾਈ ਹੀ ਅਸਲ ਅਰਾਧਣਾ ਹੈ। ਰਾਜਾ ਸ਼ਿਵਨਾਭ ਕਹਿੰਦਾ ਹੈ, ਕਿ “ਭਾਈ ਮਨਸੁੱਖ ਤੂੰ ਜੇਲ੍ਹ ਵਿੱਚ ਗਾ ਰਿਹਾ ਏਂ ਤੇ ਮੈਂ ਘਰ ਵਿੱਚ ਸਭ ਸਹੂਲਤਾ ਮਾਣਦਾ ਹੋਇਆ ਵੀ ਅਵਾਜ਼ਾਰ ਵਾਲੇ ਆਲਮ ਵਿੱਚ ਘੁੰਮ ਰਿਹਾ ਹਾਂ”। ਭਾਈ ਮਨਸੁੱਖ ਨੇ ਬੜਾ ਕਮਾਲ ਦਾ ਉੱਤਰ ਦਿੱਤਾ ਸੀ, ਕਿ “ਰਾਜਾ ਜੀ ਤੁਹਾਡੇ ਸੁੱਖ ਸਰੀਰ ਦੇ ਹਨ ਤੇ ਮੇਰੇ ਸੁੱਖ ਮਨ ਦੇ ਹਨ”। ਮਨ ਦੀ ਸੰਤੁਸ਼ਟੀ ਅਨੰਦ ਦੀ ਸਿੱਖਰ ਹੈ। ਭਾਈ ਮਨਸੁਖ ਨੇ ਰਾਜਾ ਸ਼ਿਵਨਾਭ ਨੂੰ ਏਹੀ ਕਿਹਾ ਸੀ। ਇਮਾਨਦਾਰੀ, ਸਿਰੜ, ਹੱਡ ਭੰਨਵੀਂ ਮੇਹਨਤ ਤੇ ਕਿਸੇ ਦਾ ਦੁੱਖ ਦੇਖ ਕੇ ਉਸ ਵਿੱਚ ਸ਼ਰੀਕ ਹੋ ਕੇ ਦਰਦ ਵੰਡਉਣਾ ਹੀ ਅਰਾਧਣਾ ਹੈ। ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਕੇਵਲ ਪ੍ਰਾਮਤਾਮਾ ਹੀ ਪੂਜਣ ਵਾਲੀ ਹਸਤੀ ਹੈ ਤੇ ਇਸ ਦੀ ਪੂਜਾ ਕੀਤਿਆਂ ਹੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਹੁਣ ਪੂਰਾ ਗੁਰੂ ਸਾਨੂੰ ਸੱਚਾ ਗਿਆਨ ਦੇਂਦਾ ਹੈ ਤੇ ਉਸ ਗਿਆਨ ਦੇ ਅਨੁਸਾਰੀ ਹੋ ਕੇ ਤੁਰਿਆਂ ਹੀ ਬੰਦਾ ਅਨੰਦ ਦੀ ਮੰਜ਼ਿਲ `ਤੇ ਪਹੁੰਚਦਾ ਹੈ ਜੇਹਾ ਕਿ ਗੁਰਵਾਕ ਹੈ—

ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ।।

ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ।। ਰਹਾਉ।।

ਸੋਰਠਿ ਮਹਲਾ ੫ ਪੰਨਾ ੬੦੮

ਅੱਖਰੀਂ ਅਰਥ--ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿੱਚ ਆਈ ਹੈ। ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ। ਰਹਾਉ।

ਅਤੇ—

ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ।।

ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ।। ੮।।

ਪੰਨਾ ੧੪੨੫

ਅੱਖਰੀਂ ਅਰਥ—ਹੇ ਭਾਈ! ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ। ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ। ੮।

ਪੂਰੇ ਗੁਰੂ ਦੇ ਉਪਦੇਸ਼ ਵਿੱਚ ਜੀਵਨ ਜਾਚ ਦਾ ਖ਼ਜ਼ਾਨਾ ਹੈ ਤੇ ਇਹ ਸੁਚੱਜੀ ਜੀਵਨ ਜਾਚ ਹੀ ਰੱਬੀ ਅਰਾਧਣਾ ਹੈ। `ਚੇਤਿ ਗੋਵਿੰਦੁ ਅਰਾਧੀਐ` ਦੇ ਭਾਵ ਨੂੰ ਲੈਂਦਿਆਂ ਇਹ ਸਮਝ ਵਿੱਚ ਆਉਂਦਾ ਹੈ ਕਿ ਸਾਨੂੰ ਸੱਚ- ਸੰਤੋਖ ਦੇ ਧਾਰਨੀ ਹੋ ਕੇ ਇਮਾਨਦਾਰੀ ਨਾਲ ਸੱਚੀ ਸੁੱਚੀ ਮਿਹਨਤ ਕਰਨੀ ਚਾਹੀਦੀ ਹੈ। ਇਹ ਹੀ ਅਨੰਦ ਦੀ ਪਰਾਪਤੀ ਹੈ। ਇੱਕ ਵਿਗਿਆਨੀ ਮਨੁੱਖਤਾ ਦੇ ਭਲੇ ਲਈ ਦਿਨ ਰਾਤ ਇੱਕ ਕਰਕੇ ਕੋਈ ਨਵੀਂ ਖੋਜ ਦੇਂਦਾ ਹੈ ਜਿਸ ਨਾਲ ਸਮਾਜ ਨੂੰ ਲਾਭ ਪਹੁੰਚਦਾ ਹੋਵੇ ਤਾਂ ਇਹ ਉਸ ਵਿਗਿਆਨੀ ਦਾ ਰੱਬ ਨੂੰ ਅਰਾਧਣਾ ਹੈ। ਉਸ ਦੀ ਖੋਜ ਨਾਲ ਲੋਕਾਂ ਨੂੰ ਜਦੋਂ ਲਾਭ ਹੁੰਦਾ ਹੈ ਤਾਂ ਕੁਦਰਤੀ ਵਿਗਿਆਨੀ ਨੂੰ ਅਨੰਦ ਆਉਂਦਾ ਹੈ।

ਪਉੜੀ ਦੀ ਅਗਲ਼ੀ ਤੱਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਸੰਤ ਜਨਾ ਮਿਲਿ ਪਾਈਐ, ਰਸਨਾ ਨਾਮੁ ਭਣਾ।।

ਅੱਖਰੀਂ ਅਰਥ-- ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।

ਵਿਚਾਰ ਤੇ ਵਿਹਾਰਕ ਪੱਖ—ਅੱਖਰੀਂ ਅਰਥ ਅਸਾਂ ਉਪਰ ਵਿਚਾਰ ਲਏ ਹਨ। ਲੋਕਾਂ ਨੂੰ ਆਮ ਸਮਝਾਇਆ ਗਿਆ ਹੈ ਕਿ ਕੋਈ ਮਨੁੱਖ ਸੰਤ ਹੈ ਤੇ ਉਸ ਪਾਸੋਂ ਨਾਮ ਲਿਆ ਜਾਏ ਤੇ ਫਿਰ ਉਸ ਨਾਮ ਨੂੰ ਆਪਣੀ ਜ਼ਬਾਨ ਨਾਲ ਬਾਰ ਜਪਿਆ ਜਾਏ। ਏਦਾਂ ਸਿਮਰਣ ਕਰਨ ਨਾਲ ਸਾਡੇ ਕਾਰਜ ਆਪਣੇ ਆਪ ਹੀ ਰਾਸ ਹੋ ਜਾਣੇ ਹਨ। ਨਿਰੇ ਕਾਰਜ ਰਾਸ ਹੀ ਨਹੀਂ ਹੋਣੇ ਸਗੋਂ ਸਵਰਗ ਵਿੱਚ ਵੀ ਖਾਸ ਥਾਂ ਹਾਸਲ ਹੋਏਗੀ। ਜਿੱਥੇ ਭਾਰਤ ਸੰਤਾਂ ਨਾਲ ਭਰਿਆ ਪਿਆ ਹੈ। ਓੱਥੇ ਪੰਜਾਬ ਦੀ ਧਰਤੀ ਵੀ ਸੰਤਾਂ ਨਾਲ ਭਰੀ ਪਈ ਹੈ। ਹਰ ਮੋੜ `ਤੇ ਸੰਤਾਂ ਦੀਆਂ ਚਮ੍ਹ ਚਮ੍ਹ ਕਰਦੀਆਂ ਵੱਡ-ਅਕਾਰੀ ਇਮਾਰਤਾਂ ਦੂਰੋਂ ਲਿਸ਼ਕਾਂ ਮਾਰਦੀਆਂ ਨਜ਼ਰ ਆਉਂਦੀਆਂ ਹਨ। ਹਲ਼ ਵਾਹੁੰਣ ਵਾਲ਼ੀ, ਟਰੱਕ ਦੀ ਡਰਾਇਵਰੀ ਕਰਨ ਵਾਲੀ, ਵਪਾਰੀ, ਨੌਕਰੀ ਪੇਸ਼ਾ, ਭਾਵ ਹਰ ਸੱਚੀ ਕਿਰਤ ਕਰਨ ਵਾਲੀ ਸਿੱਖ ਕੌਮ ਨੂੰ ਇਹਨਾਂ ਸਾਧਾਂ ਨੇ ਭੋਰਿਆਂ ਵਿੱਚ ਬਿਠਾ ਕੇ ਹੱਥ ਵਿੱਚ ਮਾਲਾ ਫੜਾ ਕੇ ਨਾਮ ਜੱਪਣ ਲਾ ਦਿੱਤਾ ਹੈ। ਰੰਗ-ਬ-ਰੰਗੇ ਪਹਿਰਾਵਿਆਂ ਵਾਲੇ ਸੰਤਾਂ ਦੀਆਂ ਭੀੜਾਂ ਆਮ ਵੱਗਾਂ ਦੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਹਨ। ਗੁਰਬਾਣੀ ਨੇ ਧਰਤੀ `ਤੇ ਬੋਝ ਬਣੇ ਹੋਏ ਇਹਨਾਂ ਵਿਹਲੜ ਲੋਕਾਂ ਨੂੰ ਸੰਤ ਨਹੀਂ ਕਿਹਾ ਸਗੋਂ ਕਿਹਾ ਹੈ--

ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।।

ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।।

ਸਲੋਕ ਮ: ੧ (ਪੰਨਾ ੧੨੪੫)

ਅੱਖਰੀਂ ਅਰਥ--ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ। ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ੧।

ਸੰਤ ਜਨਾਂ ਤੋਂ ਭਾਵ ਗੁਰਬਾਣੀ ਦੀ ਸੰਗਤ ਕਰਨੀ ਹੈ। ਗੁਰਬਾਣੀ ਗਿਆਨ ਦੁਆਰਾ ਮਿਲੇ ਉਪਦੇਸ ਨੂੰ ਆਪਣੀ ਜ਼ਬਾਨ `ਤੇ ਲੈ ਕੇ ਆਉਣਾ ਹੈ। ‘ਰਸਨਾ ਨਾਮੁ ਭਣਾ` ਤੋਂ ਸਪੱਸ਼ਟ ਹੈ ਕਿ ਏੱਥੇ ਆਪਣੀਆਂ ਮਨ ਮਰਜ਼ੀ ਦੀਆਂ ਜ਼ਬਾਨਾ ਨਹੀਂ ਚਲਣੀਆਂ ਸਗੋਂ ਗੁਰੂ ਦੇ ਸਿਧਾਂਤ ਦੀ ਹੀ ਗੱਲ ਹੋਵੇਗੀ। ਜੇ ਹਿਰਦੇ ਵਿੱਚ ਗੁਰਬਾਣੀ ਗਿਆਨ ਹੈ ਤਾਂ ਜ਼ਬਾਨ `ਤੇ ਵੀ ਉਹੋ ਗੱਲ ਹੀ ਹੋਏਗੀ। ਬਹੁਤ ਦਫ਼ਾ ਇਨਸਾਨ ਮਨ ਵਿੱਚ ਕੁੱਝ ਹੋਰ ਰੱਖਦਾ ਹੈ ਤੇ ਜ਼ਬਾਨ ਤੋਂ ਕੁੱਝ ਹੋਰ ਬੋਲਦਾ ਹੈ। ਇਸ ਦਾ ਅਰਥ ਹੈ ਕਿ ਬੰਦਾ ਅੰਦਰੋਂ ਬਾਹਰੋਂ ਇਕੋ ਜੇਹਾ ਨਹੀਂ ਹੈ। ਇਸ ਵਿਚਾਰ ਰਾਂਹੀ ਬੜਾ ਪਿਆਰਾ ਸਿਧਾਂਤ ਨਿਕਲਦਾ ਹੈ ਕਿ ਬੰਦੇ ਨੂੰ ਹਰ ਖੇਤਰ ਵਿੱਚ ਅੰਦਰੋਂ ਬਾਹਰੋਂ ਇੱਕ ਹੋ ਕੇ ਸ਼ੁਧ ਗਿਆਨ ਹਾਸਲ ਕਰਨਾ ਚਾਹੀਦਾ ਹੈ ਤੇ ਫਿਰ ਓਸੇ ਗਿਆਨ ਦੁਆਰਾ ਸਮਾਜ ਦਾ ਭਲਾ ਕਰੇ। ਕਿਸੇ ਵੀ ਕਿੱਤੇ ਵਿੱਚ ਮੁਹਾਰਤ ਹਾਸਲ ਕਰਕੇ ਉਸ ਦੀ ਵਰਤੋਂ ਕਰਨੀ ਹੈ। ਕਿਸੇ ਖੇਡ ਦਾ ਉਸਤਾਦ ਬਣਨ ਲਈ ਪਹਿਲਾਂ ਟ੍ਰੇਨਿੰਗ ਲੈਣੀ ਪੈਂਦੀ ਹੈ ਫਿਰ ਉਸਤਾਦ ਲਈ ਹੋਈ ਟ੍ਰੇਨਿੰਗ ਦੁਆਰਾ ਦੂਜੇ ਬੱਚਿਆਂ ਨੂੰ ਬੋਲ ਕੇ ਖੇਡ ਦੇ ਵਲ਼ ਸਮਝਾਉਂਦਾ ਹੈ। ਇਸ ਦਾ ਅਰਥ ਹੈ ਕਿ ਉਸਤਾਦ ਨੇ ਜੋ ਸਿੱਖਿਆ ਹੈ ਉਹ ਹੀ ਅਗਾਂਹ ਬੱਚਿਆਂ ਨੂੰ ਸਿਖਾਂਉਂਦਾ ਹੈ।

ਚੰਗਿਆਂ ਉਸਤਾਦਾਂ ਦੇ ਚੰਡੇ ਹੋਏ ਵਿਦਿਆਰਥੀਆਂ ਦਾ ਵਰਤੋਂ ਵਿਹਾਰ ਸਭਿਆਕ ਹੁੰਦਾ ਹੈ। ਬੱਚੇ ਨੂੰ ਜੋ ਸਿਖਾਇਆ ਜਾਂਦਾ ਹੈ ਬੱਚਾ ਉਹ ਹੀ ਵਾਪਸ ਕਰਦਾ ਹੈ ਭਾਵ ਉਹ ਹੀ ਬੋਲਦਾ ਹੈ। ਏਸੇ ਲਈ ਹਮੇਸ਼ਾਂ ਚੰਗੀ ਸੰਗਤ ਕਰਨ ਦੀ ਤਾਗ਼ੀਦ ਕੀਤੀ ਜਾਂਦੀ ਹੈ। ਇਨਾਸਾਨ ਜੋ ਸਿੱਖਦਾ ਹੈ ਓਸੇ ਦੀ ਹੀ ਵਰਤੋਂ ਵਿਹਾਰ ਕਰਦਾ ਹੈ। ਏੱਥੋਂ ਤਕ ਕਿ ਪੁਸ਼ੂ ਪੰਛੀਆਂ ਨੂੰ ਵੀ ਜੋ ਸਿਖਾਇਆ ਜਾਂਦਾ ਹੈ ਉਹ ਵੀ ਓਸੇ ਤਰ੍ਹਾਂ ਹੀ ਵਾਪਸ ਕਰਦੇ ਹਨ। ਵਿਹਾਰਕ ਪੱਖ ਪ੍ਰਗਟ ਹੁੰਦਾ ਹੈ ਕਿ ਬੰਦਾ ਜੋ ਉਸਤਾਦਾਂ ਪਾਸੋਂ ਸਿੱਖਦਾ ਹੈ ਉਹ ਅਗਾਂਹ ਵੰਡਦਾ ਹੈ। ਗੁਰਬਾਣੀ ਗਿਆਨ ਵਿਚੋਂ ਵੀ ਇਹ ਹੀ ਸਮਝ ਆਉਂਦਾ ਹੈ ਕਿ ਗੁਰੂ ਜੀ ਦੀ ਸਿੱਖਿਆ ਆਪ ਪ੍ਰਾਪਤ ਕਰਕੇ ਅਗਾਂਹ ਆਪਣੇ ਜੀਵਨ ਵਿਚੋਂ ਪ੍ਰਗਟ ਕਰੀਏ ਗੁਰਵਾਕ ਹੈ--

ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ।।

ਪਉ ਸੰਤ ਸਰਣੀ, ਲਾਗੁ ਚਰਣੀ, ਮਿਟੈ ਦੂਖੁ ਅੰਧਾਰੁ।। ੨।।

ਸਿਰੀ ਰਾਗ ਮਹਲਾ ੫ ਪੰਨਾ ੫੧

ਅੱਖਰੀਂ ਅਰਥ--ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਮਸਤ ਰਹਿੰਦੇ ਹਨ। (ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ। ੨।

ਪਉੜੀ ਦੀ ਤੀਜੀ ਤੱਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--

ਜਿਨਿ ਪਾਇਆ ਪ੍ਰਭੁ ਆਪਣਾ, ਆਏ ਤਿਸਹਿ ਗਣਾ।।

ਅੱਖਰੀਂ ਅਰਥ--ਉਸੇ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।

ਵਿਚਾਰ ਤੇ ਵਿਹਾਰ ਪੱਖ—ਅੱਖਰੀਂ ਅਰਥ ਤਾਂ ਬੜੇ ਸਪੱਸ਼ਟ ਹਨ ਕਿ ਜਿਸ ਮਨੁੱਖ ਨੇ ਰੱਬ ਜੀ ਨੂੰ ਪ੍ਰਾਪਤ ਕਰ ਲਿਆ ਉਸ ਮਨੁੱਖ ਦਾ ਹੀ ਸੰਸਾਰ ਵਿੱਚ ਆਉਣਾ ਸਫਲ ਗਿਣਿਆ ਗਿਆ ਹੈ। ‘ਪ੍ਰਭੁ ਪਾਇਆ` ਜਾਂ ਰੱਬ ਪਾਇਆ ਇੰਜ ਲੱਗਦਾ ਹੈ ਜਿਵੇਂ ਕੋਈ ਸਥੂਲ ਵਸਤੂ ਪ੍ਰਾਪਤ ਕੀਤੀ ਹੋਵੇ ਜਾਂ ਕਿਸੇ ਦੁਕਾਨ ਤੋਂ ਕੋਈ ਸੌਦਾ ਖਰੀਦਿਆ ਹੋਵੇ। ਗੁਰੂ ਨਾਨਕ ਸਾਹਿਬ ਜੀ ਦਾ ਰੱਬ ਅਜੂਨੀ ਹੈ, ਜਨਮ ਮਰਣ ਵਿੱਚ ਨਹੀਂ ਆਉਂਦਾ, ਸਦਾ ਇਕਸਾਰ ਰਹਿੰਦਾ ਹੈ ਤੇ ਦੂਜਾ ਉਸ ਦਾ ਕੋਈ ਰੰਗ ਰੂਪ ਵੀ ਨਹੀਂ ਹੈ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਰੱਬ ਜੀ ਨੂੰ ਕਿਦਾਂ ਸਮਝਣਾ ਹੈ? ਇਸ ਦਾ ਉੱਤਰ ਹੈ ਕਿ ਜੋ ਰੱਬ ਜੀ ਦੇ ਗੁਣਾਂ ਹਨ ਉਹਨਾਂ ਨੂੰ ਸਮਝਣਾ ਪਏਗਾ। ਰੱਬ ਜੀ ਦਾ ਇੱਕ ਗੁਣ ਹੈ ਕਿ ਉਹ ਕਰਤਾ ਪੁਰਖ ਹੈ। ਭਾਵ ਉਸ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ ਤੇ ਵਿੱਚ ਆਪ ਬੈਠਾ ਹੈ, ਜੇ ਹੁਣ ਏਸੇ ਗੁਣ ਨੂੰ ਹੀ ਲੈ ਲਈਏ ਤਾਂ ਇਸਦਾ ਇੱਕ ਭਾਵ ਅਰਥ ਹੈ ਕਿ ਅਸੀਂ ਵੀ ਆਪਣੇ ਜੀਵਨ ਵਿਕਾਸਸ਼ੀਲ਼ ਹੋਈਏ, ਆਪਣੇ ਫ਼ਰਜ਼ਾਂ ਦੀ ਪੂਰਤੀ ਕਰੀਏ ਦੂਜਾ ਆਪਣੀ ਬਣਦੀ ਜ਼ਿੰਮੇਵਾਰੀ ਸਮਝ ਕੇ ਉਸ ਪ੍ਰਤੀ ਜੁਆਬ ਦੇਹ ਹੋਈਏ। ਕਰਤਾ ਪੁਰਖ ਅਨੁਸਾਰ ਅਸਾਂ ਵੀ ਆਪਣੇ ਜੀਵਨ ਵਿੱਚ ਉਸਾਰੀ ਵਾਲੇ ਕੰਮਾਂ ਨੂੰ ਪਹਿਲ ਦੇਣੀ ਹੈ। ਇਹ ਤੁਕ ਵਿਹਲਿਆਂ ਮਨੁੱਖਾਂ ਨੂੰ ਨਿਕਰਾਦੀ ਹੈ। ਵਿਕਾਸ ਕਰਨ ਵਾਲੇ ਨੂੰ ਸਤਿਕਾਰਦੀ ਹੈ। ਸਫਲ ਮਨੁੱਖ ਓਸੇ ਨੂੰ ਸਮਝਿਆ ਜਾ ਸਕਦਾ ਹੈ ਜਿਸ ਨੇ ਨਿਸ਼ਾਨੇ ਹਾਸਲ ਕੀਤੇ ਹਨ—

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ।।

ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ।। ੩।।

ਸਿਰੀ ਰਾਗ ਮਹਲਾ ੫ ਪੰਨਾ ੫੧

ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ, ਉਹ ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਤੇ ਇਹੀ ਹੈ ਸ੍ਰੇਸ਼ਟ ਕਰਣੀ। ੩।

ਇਸ ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--

ਇਕ ਖਿਨੁ ਤਿਸੁ ਬਿਨੁ ਜੀਵਣਾ ਇਕੁ ਬਿਰਥਾ ਜਨਮੁ ਜਣਾ।।

ਅੱਖਰੀਂ ਅਰਥ---ਪਰਮਾਤਮਾ ਦੀ ਯਾਦ ਤੋਂ ਬਿਨਾ ਇੱਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।

ਵਿਚਾਰ ਤੇ ਵਿਹਾਰਕ ਪੱਖ--ਜਿਹੜਾ ਮਨੁੱਖ ਅਸਲੀਅਤ ਨੂੰ ਸਮਝ ਲੈਂਦਾ ਹੈ, ਮੇਹਨਤੀ ਸੁਭਾਅ ਰੱਖਦਾ ਹੈ ਤੇ ਆਲਸ ਦਾ ਤਿਆਗ ਕਰਦਾ ਹੈ ਉਹ ਮਨੁੱਖ ਹੀ ਕਿਸੇ ਨਿਸ਼ਾਨੇ `ਤੇ ਪਹੁੰਚਦਾ ਹੈ। ਸੂਝਵਾਨ ਮਨੁੱਖ ਇਹ ਸਮਝਦਾ ਹੈ ਕਿ ਜੇ ਮੈਂ ਕੋਈ ਕੁਤਾਹੀ ਕੀਤੀ ਤਾਂ ਮੈਂ ਸਦੀਆਂ ਤੇ ਚਲਿਆ ਜਾ ਸਕਦਾ ਹਾਂ। ਸਿਆਣੇ ਕਹਿੰਦੇ ਨੇ ਦਸ ਸੈਕਿੰਡ ਦਾ ਖੁੰਝਿਆ ਹੋਇਆ ਮਨੁੱਖ, ਜ਼ਿੰਦਗੀ ਵਿੱਚ ਦਸ ਸਾਲ ਵੀ ਪਿੱਛੇ ਜਾ ਸਕਦਾ ਹੈ—

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ।।

ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ।। ੧।।

ਸੋਰਠਿ ਮਹਲਾ ੩ ਪੰਨਾ ੬੦੧

ਅੱਖਰੀਂ ਅਰਥ--ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇੱਕ ਪਲ-ਭਰ ਇੱਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।

ਬਾਰਹ ਮਾਹ ਦੀ ਇਸ ਤੁਕ ਵਿੱਚ ਹਰ ਵੇਲੇ ਸਮੇਂ ਦੀ ਸੰਭਾਲ ਕਰਦੇ ਰਹਿਣ ਨੂੰ ਪ੍ਰੇਰਤ ਕਰਦਾ ਹੋਇਆ ਉਪਦੇਸ਼ ਮਿਲਦਾ ਹੈ। ਕਈ ਵਾਰੀ ਥੋੜੀ ਜੇਹੀ ਢਿੱਲ ਨਾਲ ਸਮਾਂ ਵਿਅਰਥ ਵਿੱਚ ਚਲਾ ਜਾ ਸਕਦਾ ਹੈ। ਸਮੇਂ ਦੀ ਸੰਭਾਲ਼ ਕਰਨ ਵਾਲੇ ਦੇ ਜੀਵਨ ਵਿੱਚ ਪ੍ਰਪੱਕਤਾ ਏਨੀ ਆ ਜਾਂਦੀ ਹੈ ਕਿ ਮਨੁੱਖ ਔਖੇ ਤੋਂ ਔਖੇ ਸਮੇਂ ਵਿੱਚ ਵੀ ਸਚਾਈ ਦਾ ਰਸਤਾ ਤਿਆਗਦਾ ਨਹੀਂ ਹੈ। ਅਸੀਂ ਬਹੁਤ ਵਾਰੀ ਸੋਚਦੇ ਹਾਂ ਕਿ ਸਾਨੂੰ ਕੌਣ ਦੇਖਦਾ ਹੈ ਕੋਈ ਗੱਲ ਨਹੀਂ—ਅਜੇਹੀ ਅਵਸਥਾ ਵਾਲੇ ਨੂੰ ਗੁਰਬਾਣੀ ਹੋਰ ਪਿਆਰਾ ਉਪਦੇਸ਼ ਦੇਂਦੀ---

ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿੱਚ ਵਣਾ।।

ਅੱਖਰੀਂ ਅਰਥ-- ਜੇਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਅਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਅਪਕ ਹੈ।

ਵਿਚਾਰ ਤੇ ਵਿਹਾਰਕ ਪੱਖ—ਅੱਖਰੀਂ ਅਰਥਾਂ ਦੇ ਅਨੁਸਾਰ ਰੱਬ ਜੀ ਜਲ, ਥਲ, ਤੇ ਅਕਾਸ਼ ਵਿੱਚ ਸਦਾ ਰਹਿੰਦੇ ਹਨ। ਪਰ ਅਸਾਂ ਰੱਬ ਜੀ ਦੇ ਸੰਕਲਪ ਨੂੰ ਆਪਣੀ ਜ਼ਿੰਮੇਵਾਰੀ, ਫ਼ਰਜ਼ ਪ੍ਰਤੀ ਸੁਚੇਤਤਾ, ਰੱਬੀ ਨਿਯਮਾਵਲੀ ਤੇ ਰੱਬੀ ਗੁਣਾਂ ਵਜੋਂ ਲਿਆ ਹੈ। ਇਸ ਤੁੱਕ ਅਨੁਸਾਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਕੁਤਾਹੀ ਨਹੀਂ ਕਰਨੀ ਚਾਹੀਦੀ। ਸਾਡੇ ਸੁਭਾਅ ਦਾ ਇਹ ਵਰਤਾਰਾ ਹੈ ਕਿ ਜਦੋਂ ਸਾਨੂੰ ਕੋਈ ਦੇਖਦਾ ਹੈ ਤਾਂ ਓਦੋਂ ਸੁਚੇਤ ਹੋ ਕੇ ਕੰਮ ਕਰਦੇ ਹਾਂ ਪਰ ਜਦੋਂ ਕੋਈ ਨਹੀਂ ਦੇਖਦਾ ਤਾਂ ਅਸੀਂ ਅਵੇਸਲੇ ਹੋ ਜਾਂਦੇ ਹਾਂ। ਰੱਬ ਜੀ ਹਰ ਥਾਂ `ਤੇ ਮੌਜੂਦ ਹਨ ਦਾ ਭਾਵ ਅਰਥ ਹੈ ਕਿ ਅਸੀਂ ਜਿੱਥੇ ਵੀ ਜਾਈਏ ਨਿਯਮਾਵਲੀ ਨੂੰ ਸਮਝ ਕੇ ਹੁਕਮ ਵਿੱਚ ਬੱਝ ਕੇ ਮਨ ਕਰਕੇ ਕੰਮ ਵਿੱਚ ਜੁੱਟ ਜਾਈਏ। ਸਾਡੇ ਇਸ ਉਦਮੀ ਸੁਭਾ ਨੂੰ ਦੇਖ ਕੇ ਲੋਕ ਫੱਟ ਕਹਿ ਦੇਂਦੇ ਹਨ ਇਹ ਕਿ ਇਹ ਜ਼ਰੂਰ ਮੰਜ਼ਿਲ ਨੂੰ ਹਾਸਲ ਕਰੇਗਾ। ਉਦਮੀ ਬੰਦਾ ਰੱਬ ਦਾ ਰੂਪ ਹੋ ਨਿਬੜਦਾ ਹੈ। ਇਹ ਤੁਕ ਸਾਨੂੰ ਹਰ ਸਮੇਂ ਇਮਾਨਦਾਰੀ ਤੇ ਮੇਹਨਤ ਵਾਲੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਇਸ ਦੀ ਇੱਕ ਹੋਰ ਵਿਚਾਰ ਵੀ ਸਮਝ ਵਿੱਚ ਆਉਂਦੀ ਹੈ ਕਿ ਜਦੋਂ ਰੱਬ ਜੀ ਹਰ ਥਾਂ `ਤੇ ਵਰਤ ਰਹਿਆ ਹੈ ਤਾਂ ਸਾਨੂੰ ਫਿਰ ਉਹ ਦੇਖ ਰਿਹਾ ਵੀ ਹੈ। ਦੇਖਣ ਵਾਲੇ ਦਾ ਕੋਈ ਰੂਪ ਨਹੀਂ ਹੈ। ਫਿਰ ਦੇਖਦਾ ਕੌਣ ਹੈ? ਰੱਬ ਸਾਡੇ ਹਿਰਦੇ ਵਿੱਚ ਬੈਠਾ ਹੈ। ਇਸ ਦਾ ਭਾਵ ਅਰਥ ਹੋਇਆ ਸਾਡੀ ਜ਼ਮੀਰ, ਆਤਮਾ ਭਾਵ ਸਾਡੀ ਸੱਚੀ ਸੋਚ ਹੀ ਸਾਡੇ ਨਾਲ ਚੱਲਦੀ ਹੋਈ ਸਹੀ ਫੈਸਲੇ ਲੈਂਦੀ ਹੈ। ਜੇ ਇਸ ਵਿਚਾਰ ਨੂੰ ਸਮਝ ਲਵਾਂਗੇ ਕਿ ਰੱਬ ਜੀ ਹਰ ਵੇਲੇ ਸਾਡੇ ਨਾਲ ਹਨ ਤਾਂ ਸਰਕਾਰੀ ਅਹਿਲਕਾਰ ਕਦੇ ਵੀ ਭ੍ਰਿਸ਼ਟ ਨਹੀਂ ਹੋਏਗਾ।

ਇਸ ਪਉੜੀ ਦੀ ਅਗਲੀ ਤਕ ਵਿਚ—

ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ।।

ਅੱਖਰੀਂ ਅਰਥ--ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ।

ਵਿਚਾਰ ਤੇ ਵਿਹਾਰਕ ਪੱਖ---ਉਪਰੋਕਤ ਅਰਥਾਂ ਅਨੁਸਾਰ ਜੇ ਰੱਬ ਜੀ ਜੇ ਤੁਸੀਂ ਸਾਡੇ ਚਿੱਤ ਵਿੱਚ ਨਹੀਂ ਆਉਂਦੇ ਤਾਂ ਜਿਹੜਾ ਦੁੱਖ ਸਾਨੂੰ ਵਿਆਪਦਾ ਹੈ ਉਸ ਦਾ ਵਿਸਥਾਰ ਕਰਨਾ ਮੁਸ਼ਕਲ ਹੈ। ਇਸ ਉਪਦੇਸ਼ ਨੂੰ ਅਸਾਂ ਆਪਣੇ ਜੀਵਨ ਵਿੱਚ ਢਾਲਣਾ ਹੈ। ਫਿਰ ਇਸ ਦਾ ਭਾਵ ਅਰਥ ਬਣੇਗਾ ਸ਼ਬਦ ਤੇ ਸੁਰਤ ਦਾ ਸੁਮੇਲ ਕਰਨਾ ਹੈ। ਘਰ ਵਿੱਚ ਮਾਂ ਬਿਮਾਰ ਹੈ। ਬੰਦਾ ਡਾਕਟਰ ਪਾਸੋਂ ਦਵਾਈ ਲਿਖਾ ਕੇ ਮੁੱਲ ਲੈ ਆਉਂਦਾ ਹੈ ਪਰ ਬੰਦਾ ਦਵਾਈ ਆਪਣੀ ਦੁਕਾਨ `ਤੇ ਭੁੱਲ ਆਉਂਦਾ ਹੈ। ਜਦ ਘਰਦਿਆਂ ਪੁੱਛਿਆ ਦਵਾਈ ਲੈ ਆਇਆ ਏਂ? ਅੱਗੋਂ ਬੰਦਾ ਕਹੇ ਕੇ ਦਵਾਈ ਤਾਂ ਆਪਣੀ ਹੀ ਦੁਕਾਨ `ਤੇ ਭੁੱਲ ਆਇਆ ਹਾਂ, ਆਉਣ ਲੱਗਿਆ ਦਵਾਈ ਚੁੱਕਣ ਦਾ ਚੇਤਾ ਹੀ ਭੁੱਲ ਗਿਆ। ਦੂਜੇ ਪਾਸੇ ਦਵਾਈ ਦੀ ਉਡੀਕ ਕਰਦਿਆਂ ਕਰਦਿਆਂ ਮਾਂ ਦੀ ਹਾਲਤ ਖਤਰੇ ਵਿੱਚ ਪੈ ਜਾਂਦੀ ਹੈ। ਇਸ ਦਾ ਭਾਵ ਅਰਥ ਹੋਇਆ ਕਿ ਜਦੋਂ ਗੱਲ ਮਨੁੱਖ ਦੇ ਚੇਤੇ ਵਿਚੋਂ ਨਿਕਲ ਜਾਂਦੀ ਹੈ ਤਾਂ ਦੁੱਖ ਜਨਮ ਲੈਂਦਾ ਹੈ। ਅਜੇਹਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ। ‘ਪ੍ਰਭੁ ਚਿਤਿ ਨ ਆਵਈ` ਦਾ ਅਰਥ ਹੈ ਆਪਣੇ ਫ਼ਰਜ਼ ਨੂੰ ਭੁੱਲ ਜਾਣਾ, ਗੱਲ ਨੂੰ ਚੇਤੇ ਵਿੱਚ ਨਾ ਰੱਖਣਾ। ਗੱਲ ਨੂੰ ਊਪਰਲੇ ਮਨ ਨਾਲ ਮੰਨ ਨਾਲ ਮੰਨਣ ਵਾਲਾ ਦੁਖ ਸਹੇੜ ਲੈਂਦਾ ਹੈ। ਮਾਂ ਅਚਾਰ ਵਿੱਚ ਲੂਣ ਪਉਣ ਦੀ ਮਿਕਦਾਰ ਭੁੱਲ ਜਾਏ ਤਾਂ ਅਚਾਰ ਚਾਰ ਦਿਨ ਵਿੱਚ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਰਾਹੀ ਨੂੰ ਰਾਹ ਦਾ ਚੇਤਾ ਭੁੱਲ ਜਾਏ ਮੰਜ਼ਿਲ ਤੋਂ ਖੁੰਝ ਜਾਂਦਾ ਹੈ। ਕਥਾ ਵਾਚਕ ਨੂੰ ਕਥਾ ਦਾ ਚੇਤਾ ਭੁੱਲ ਜਾਏ ਤਾਂ ਸਟੇਜ `ਤੇ ਉਹਦੀ ਕੀ ਹਾਲਤ ਹੁੰਦੀ ਹੈ ਇਹ `ਤੇ ਉਹੀ ਜਾਣਦਾ ਹੈ। ਹੋਰ ਸਮਝਣ ਲਈ ਕਿ ਰੱਬ ਜੀ ਵਿੱਚ ਮਿੱਠਾ ਬੋਲਣ ਦਾ ਇੱਕ ਗੁਣ ਹੈ। ਜੇ ਅਸੀਂ ਹਰ ਵੇਲੇ ਗੱਸੇ ਵਿੱਚ ਹੀ ਬੋਲੀ ਜਾਵਾਂਗੇ ਤਾਂ ਸਾਨੂੰ ਕਈ ਮਾਨਸਿਕ ਪਰੇਸ਼ਾਂਨੀਆਂ ਘੇਰ ਲੈਂਦੀਆਂ ਹਨ। ਰੱਬ ਜੀ ਦਾ ਇੱਕ ਗੁਣ ਹੈ ਕਿ ਉਹ ਨਿਰਵੈਰ ਹਨ ਤਾਂ ਸਾਨੂੰ ਵੀ ਨਿਰਵੈਰ ਹੋ ਕੇ ਵਿਚਰਨਾ ਚਾਹੀਦਾ ਹੈ। ਇੱਕ ਬੜੀ ਪਿਆਰੀ ਮਿਸਾਲ ਗੁਰੂ ਸਾਹਿਬ ਜੀ ਦੇਂਦੇ ਹਨ ਕਿ ਮੰਨ ਲਓ ਸਰਕਾਰੀ ਮਹਿਕਮੇ ਵਿੱਚ ਕੋਈ ਉੱਚੇ ਅਹੁਦੇ ਤੇ ਤਾਇਨਾਤ ਹੈ। ਅਜੇਹਾ ਅਫਸਰ ਪੈਸੇ ਲੈ ਕੇ ਕੰਮ ਕਰਦਾ ਹੈ ਤਾਂ ਲੋਕ ਕਹਿਣਗੇ ਇਸ ਨੂੰ ਤਾਂ ਰੱਬ ਭੁਲਿਆ ਪਿਆ ਹੈ। ਇਸ ਤਾਂ ਸੱਪ ਬਣਿਆ ਬੈਠਾ ਹੈ—

ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ।।

ਚਿਤਿ ਨਾ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ।। ੬।।

ਪੰਨਾ ੭੦

ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿੱਚ ਚਾ-ਮਲਾਰ ਵਿੱਚ ਰੁੱਝਾ ਰਹਿੰਦਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿੱਚ ਪਿਆ ਹੋਇਆ ਸਮਝੋ।

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--

ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗੁ ਮਣਾ।।

ਅੱਖਰੀਂ ਅਰਥ--ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।

ਵਿਚਾਰ ਤੇ ਵਿਹਾਰਕ ਪੱਖ--ਜਿਨ੍ਹਾਂ ਨੇ ਰੱਬ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ। ਇਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ। ਪ੍ਰਭੂ ਨੂੰ ਰਾਵਿਆ ਦਾ ਭਾਵ ਅਰਥ ਮਨ ਚਿੱਤ ਲਗਾ ਕੇ ਸੱਚ ਦੇ ਅਧਾਰਤ ਆਪਣੇ ਕੰਮ ਵਿੱਚ ਮੁਹਾਰਤ ਹਾਸਲ ਕਰਨੀ ਹੈ। ਕਿਸੇ ਬੱਚੇ ਨੇ ਪੜ੍ਹਾਈ ਕਰਨ ਲਈ ਨਿਉਜ਼ੀਲੈਂਡ ਜਾਣਾ ਹੈ ਉਸ ਨੇ ਸਖਤ ਮੇਹਨਤ ਕਰਦਿਆਂ ਆਈ ਲੈਟ ਵਿਚੋਂ ਸਾਡੇ ਸੱਤ ਪ੍ਰਤੀਸ਼ਤ ਨੰਬਰ ਲੈ ਲਏ ਹਨ। ਘਰਦਿਆਂ ਨੇ ਪੈਸਿਆਂ ਦਾ ਵੀ ਪ੍ਰਬੰਧ ਕਰ ਲਿਆ ਹੈ ਫਿਰ ਮਾਪੇ ਕਹਿੰਦੇ ਨੇ ਇਸ ਬੱਚੇ ਦੇ ਭਾਗ ਜਾਗ ਪਏ ਹਨ। ਜਿੰਨ੍ਹਾਂ ਨੇ ਸਖਤ ਤੋਂ ਸਖਤ ਮੇਹਨਤ ਕੀਤੀ ਹੈ ਭਾਗ ਉਹਨਾਂ ਦੇ ਹੀ ਜਾਗਣੇ ਹਨ। ਸਿਆਣਿਆਂ ਨੇ ਇੱਕ ਮੁਹਾਵਰਾ ਵੀ ਬਣਾਇਆ ਹੋਇਆ ਹੈ ਕਿ ਜਾਗਦਿਆਂ ਦੀਆਂ ਕੱਟੀਆਂ `ਤੇ ਸੁੱਤਿਆਂ ਦੇ ਕੱਟੇ। ਜਾਗਣ ਵਾਲੇ ਬੰਦੇ ਨੇ ਕੱਟੀਆਂ ਆਪਣੀਆਂ ਮੱਝਾਂ ਪਿੱਛੇ ਬੰਨ੍ਹ ਲਈਆਂ ਤੇ ਸੁੱਤਾ ਹੋਏ ਮਨੁੱਖ ਦੀਆਂ ਮੱਝਾਂ ਪਿੱਛੇ ਕੱਟੇ ਬੰਨ੍ਹ ਦਿੱਤੇ ਗਏ। ਭਾਗ ਓਸੇ ਦੇ ਹੀ ਜਾਗਣਗੇ ਹਨ ਜਿਹੜਾ ਜਾਗਦਾ ਰਹੇਗਾ। ਗੁਰਬਾਣੀ ਵਾਕ ਹੈ—

ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ।।

ਸਦਾ ਪਿਰੁ ਰਾਵਹਿ ਆਪਣਾ, ਤਿਨਾ ਸੁਖੇ ਸੁਖਿ ਵਿਹਾਇ।। ੨।।

ਸਿਰੀ ਰਾਗੁ ਮਹਲਾ ੩ ਪੰਨਾ ੩੮

ਅੱਖਰੀਂ ਅਰਥ--ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿੱਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿੱਚ ਬੀਤਦੀ ਹੈ। ੨।

ਬਹੁਤ ਦਫਾ ਮਨੁੱਖ ਇਸ ਤਰ੍ਹਾਂ ਸਮਝਦਾ ਹੈ ਕਿ ਪੂਜਾ ਪਾਠ ਨਾਲ ਹੀ ਸਾਡੇ ਮੱਥੇ ਦੇ ਭਾਗ ਜਾਗ ਪੈਣੇ ਹਨ। ਪੂਜਾ ਪਾਠ ਨਾਲ ਹੀ ਰੱਬ ਜੀ ਖੁਸ਼ ਹੋ ਜਾਣੇ ਹਨ। ਮਸਲਿਆਂ ਦਾ ਹੱਲ ਲੱਭਣ ਦੀ ਬਜਾਏ ਧਰਮ ਦੇ ਨਾਂ `ਤੇ ਕਰਮ ਕਾਂਡ ਕਰਨ ਨੂੰ ਤਰਜੀਹ ਦੇਵੇਗਾ।

ਤੁਮ ਹੀ ਸੁੰਦਰਿ ਤੁਮਹਿ ਸੁਹਾਗੁ।। ਤੁਮ ਘਰਿ ਲਾਲਨੁ ਤੁਮ ਘਰਿ ਭਾਗੁ।। ੨।।

ਪੰਨਾ੩੮੪

ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ (ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿੱਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿੱਚ ਕਿਸਮਤ ਜਾਗ ਪਈ ਹੈ। ੨।

ਪਉੜੀ ਦੀਆਂ ਅਖੀਰਲੀਆਂ ਤੁਕਾਂ ਦਾ ਮੂਲ ਪਾਠ ਹੈ—

ਹਰਿ ਦਰਸਨ ਕੰਉ ਮਨੁ ਲੋਚਦਾ, ਨਾਨਕ ਪਿਆਸ ਮਨਾ।।

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ।।

ਅਖਰੀਂ ਅਰਥ ---ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿੱਚ ਹਰੀ-ਦਰਸਨ ਦੀ ਪਿਆਸ ਹੈ। ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ।

ਵਿਚਾਰ ਤੇ ਵਿਹਾਰਕ ਪੱਖ--ਮੈਂ ਰੱਬ ਜੀ ਦੇ ਦਰਸ਼ਨਾਂ ਕਰਨੇ ਚਹੁੰਦਾ ਹਾਂ ਤੇ ਮੈਨੂੰ ਇਸ ਦੀ ਪਿਆਸ ਲੱਗ ਗਈ ਹੈ। ਜਿਹੜਾ ਮਨੁੱਖ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੇ ਚਰਨੀ ਲੱਗਾਂਗਾ। ਅੱਖਰੀਂ ਅਰਥਾਂ ਦੇ ਸਿਧਾਂਤ ਅਨੁਸਾਰ ਅਸੀਂ ਚੱਲ ਨਹੀਂ ਸਕਦੇ ਕਿਉਂ ਕਿ ਰੱਬ ਜੀ ਦਾ ਤਾਂ ਕੋਈ ਰੂਪ ਹੀ ਨਹੀਂ ਹੈ। ਸਰੀਰ ਨੂੰ ਪਿਆਸ ਲੱਗੀ ਹੋਏ ਤਾਂ ਪਾਣੀ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ। ਦੂਸਰੀ ਤੁਕ ਵਿੱਚ ਜਿਹੜਾ ਆਦਮੀ ਰੱਬ ਜੀ ਨਾਲ ਮਿਲਾਪ ਕਰਾ ਦੇਵੇ ਅਸੀਂ ਉਸ ਦੇ ਚਰਨੀ ਲੱਗ ਜਾਈਏ। ਇਸ ਦਾ ਅਰਥ ਹੋਇਆ ਕਿ ਸਰੀਰ ਦੇ ਤਲ਼ `ਤੇ ਰੱਬ ਜੀ ਨਾਲ ਮਿਲਾਪ ਕਰਨਾ ਹੈ ਤੇ ਪਾਣੀ ਵਾਂਗ ਪਿਆਸ ਲੱਗੀ ਹੋਈ ਹੈ। ਦੂਸਰਾ ਉਸ ਮਨੁੱਖ ਦੀ ਭਾਲ ਕਰਨੀ ਪਏਗੀ ਜਿਸ ਨੇ ਰੱਬ ਜੀ ਨੂੰ ਆਪ ਅੱਖੀਂ ਦੇਖਿਆ ਹੈ ਤੇ ਉਹ ਸਾਨੂੰ ਦਰਸ਼ਨ ਕਰਾ ਦੇਵੇਗਾ। ਅੱਖਰੀਂ ਅਰਥਾਂ ਨਾਲ ਇਹ ਦੋਵੇਂ ਵਿਚਾਰ ਸਾਡੇ ਵਿੱਚ ਲਾਗੂ ਨਹੀਂ ਹੁੰਦੇ ਇਸ ਲਈ ਇਹਨਾਂ ਤੁਕਾਂ ਦੇ ਭਾਵ ਅਰਥ ਨੂੰ ਹੀ ਸਮਝਿਆ ਜਾਏਗਾ। ‘ਹਰਿ ਦਰਸਨ ਕੰਉ ਮਨ ਲੋਚਦਾ` ਕਿ ਮੇਰਾ ਮਨ ਸੱਚੇ ਨਿਸ਼ਾਨੇ ਦੀ ਪ੍ਰਾਪਤੀ ਚਾਹੁੰਦਾ ਹੈ ਤੇ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੇਰੇ ਵਿੱਚ ਕੰਮ ਕਰਨ ਦਾ ਉਦਮ ਆ ਗਿਆ ਹੈ। ‘ਨਾਨਕ ਪਿਆਸ ਮਨਾ` ਜਿੱਥੇ ਕੰਮ ਕਰਨ ਲਈ ਉਦਮ ਤੇ ਉਤਸ਼ਾਹ ਪੈਦਾ ਹੋਇਆ ਹੈ ਓੱਥੇ ਹੁਣ ਸਮਰੱਥਾ ਵੀ ਆ ਗਈ ਹੈ।” ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ”ਇਸ ਤੁਕ ਦੇ ਅੱਖਰੀਂ ਅਰਥਾਂ ਵਿੱਚ ਉਸ ਬੰਦੇ ਦੇ ਚਰਨ ਫੜਨ ਦੀ ਗੱਲ ਕੀਤੀ ਗਈ ਹੈ ਜਿਹੜਾ ਰੱਬ ਜੀ ਨੂੰ ਮਿਲਾਉਂਦਾ ਹੈ। ਪ੍ਰਭੂ ਮਿਲਾਪ ਹੈ ਨਿਸ਼ਾਨੇ ਦੀ ਪ੍ਰਾਪਤੀ ਤੇ ਚਰਨੀ ਲੱਗਣ ਦਾ ਅਰਥ ਹੈ ਉਸਤਾਦਾਂ ਦਾ ਦਿਖਾਇਆ ਹੋਇਆ ਦਰਸ਼ਨ ਮਾਰਗ। ਵਕੀਲ ਕਿੰਨਾ ਵੀ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ ਉਹ ਦਵਾਈ ਨਹੀਂ ਦੇ ਸਕਦਾ। ਡਾਕਟਰ ਕਿੰਨਾ ਵੀ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ ਉਹ ਅਦਾਲਤ ਵਿੱਚ ਕੇਸ ਨਹੀਂ ਲੜ ਸਕਦਾ। ਪਹਿਲਾਂ ਕੇਵਲ ਕੁੱਝ ਮਨੁੱਖ ਹੀ ਵਿਦਿਆ ਦੇ ਸਕਦੇ ਸਨ ਸਮਾਂ ਬਦਲਿਆਂ ਸਕੂਲ ਕਾਲਜ ਹੋਂਦ ਵਿੱਚ ਤੇ ਵਿਦਿਆ ਵਿੱਚ ਵਾਧਾ ਹੋਇਆ ਹੈ। ਅੱਜ ਖੇਤਰ ਦੇ ਵੱਖਰੋ ਵੱਖਰੇ ਉਸਤਾਦ ਹਨ। ਉਸਤਾਦ ਲੋਕ ਰਸਤਾ ਨਿਰਧਾਰਤ ਕਰਦੇ ਹਨ। ਕਿੱਤੇ ਦੀਆਂ ਬਰੀਕੀਆਂ ਦੱਸਦੇ ਹਨ। ਇਹਨਾਂ ਬਰੀਕੀਆਂ ਨੂੰ ਸਮਝਣ ਵਾਲਾ ਹੀ ਤਰੱਕੀ ਦੀਆਂ ਮੰਜ਼ਿਲਾਂ ਤਹਿ ਕਰਦਾ ਹੈ। ਤਿਸ ਕੇ ਪਾਂਇ ਲੱਗਾ ਦਾ ਅਰਥ ਕੇਵਲ ਪੈਰ ਫੜਨੇ ਨਹੀਂ ਹਨ ਸਗੋਂ ਉਸਾਤਦ ਵਲੋਂ ਜੋ ਸਿਖਾਇਆ ਗਿਆ ਰਸਤਾ ਹੈ ਉਸ ਅਨੁਸਾਰ ਮੰਜ਼ਿਲ ਨੂੰ ਤਹਿ ਕਰਨਾ ਹੈ। ਉਸਤਾਦ ਦਾ ਸ਼ੁਕਰਾਨਾ ਕਰਨਾ ਬਣਦਾ ਹੈ।

ਇਸ ਪਉੜੀ ਵਿੱਚ ਅਨੰਦ ਦੀ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਜੀਵਨ ਵਿੱਚ ਵਿਕਾਸ-ਸ਼ੀਲ ਹੋਈਏ। ਜਿਸ ਤਰ੍ਹਾਂ ਬਨਸਪਤੀ ਮੌਲ਼ਦੀ ਹੈ ਏਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਵਿੱਚ ਬਨਸਪਤੀ ਵਾਂਗ ਸਦਾ ਖਿੜੇ ਰਹੀਏ। ਜੁਗਤੀ, ਢੰਗ-ਤਰੀਕਾ ਸਿੱਖਣ ਦੀ ਪ੍ਰੇਰਨਾ ਮਿਲਦੀ ਹੈ। ਸਮੇਂ ਦੀ ਸੰਭਾਲ਼ ਕਰਨ ਵਾਲਾ ਸਦਾ ਤਰੱਕੀਆਂ ਕਰਦਾ ਰਹਿੰਦਾ ਹੈ। ਕੰਮ ਸਿੱਖਣ ਵਿੱਚ ਅਨੰਦ ਭਰਿਆ ਪਿਆ ਹੈ। ਕਿਰਤੀ ਦੀ ਕਿਰਤ ਹੀ ਅਰਾਧਣਾ ਹੈ।

ਅਨੰਦ ਦੀ ਪ੍ਰਾਪਤੀ ਪਦਾਰਥਵਾਦੀ ਹੋ ਕੇ ਨਹੀਂ ਹੋ ਸਕਦੀ। ਅਨੰਦ ਇੱਕ ਅਵਸਥਾ ਹੈ ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਤਤੱਸਾਰ—ਆਧਿਆਤਿਮਕਤਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਨੰਦ ਦੀ ਪ੍ਰਾਪਤੀ ਗੋਵਿੰਦ ਦੀ ਆਰਾਧਣਾ ਵਿੱਚ ਆਉਂਦੀ ਹੈ। ਅਰਾਧਣ ਨੂੰ ਅਸਾਂ ਇਸ ਤਰ੍ਹਾਂ ਸਮਝ ਲਿਆ ਹੈ ਕਿ ਕਿਸੇ ਸ਼ਬਦ ਦਾ ਬਾਰ ਬਾਰ ਨਾਂ ਲਿਆ ਜਾਏ ਤਾਂ ਇਹ ਅਰਾਧਣਾ ਹੈ। ਅਸਲ ਵਿੱਚ ਇਸ ਸਾਰੀ ਵਿਚਾਰ ਨੂੰ ਜਦੋਂ ਅਸੀਂ ਆਪਣੇ ਜੀਵਨ `ਤੇ ਲਾਗੂ ਕਰਦੇ ਹਾਂ ਸੱਚੀ ਕਿਰਤ ਦਾ ਸੰਕਲਪ ਜਨਮ ਲੈਂਦਾ ਹੈ। ਸੱਚੀ ਕਿਰਤ ਕਰਨ ਲਈ ਉਸਤਾਦਾਂ ਪਾਸੋਂ ਸਿੱਖਿਆ ਲੈਣੀ ਹੁੰਦੀ ਹੈ ਤੇ ਰੀਝ ਨਾਲ ਕੰਮ ਨੂੰ ਸਿੱਖਣਾ ਵੀ ਹੈ। ਸੰਸਾਰ ਵਿੱਚ ਰਹਿੰਦਿਆਂ ਕਿਰਤ- ਵਿਹਾਰ ਕਰਦਿਆਂ ਹੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਵਿੱਚ ਉਦਮ ਸਾਨੂੰ ਹੀ ਕਰਨਾ ਪਏਗਾ ਤੇ ਸਾਤਿਗੁਰ ਦੇ ਦਿਖਾਏ ਮਾਰਗ ਤੇ ਚੱਲਣਾ ਹੈ, ਗੁਰਬਾਣੀ ਵਾਕ ਹੈ—

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।। ੨।।

ਸਲੋਕ ਮ: ੫ ਪੰਨਾ ੫੨੨

ਅੱਖਰੀਂ ਅਰਥ--ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿੱਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ। ੨।
.