.

ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ

ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥

ਉਗਵੈ ਸੂਰੁ ਨ ਜਾਪੈ ਚੰਦੁ॥

ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥

ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥

ਬਿਨੁ ਬੂਝੇ ਸਭ ਹੋਇ ਖੁਆਰ॥

ਪੜਿੑ ਪੜਿੑ ਪੰਡਿਤ ਮ+ਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ॥

ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥

ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ॥

ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ॥

ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ॥

ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ॥

ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ॥

ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ॥

ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ॥

ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ॥

ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ॥

ਜਿਵੇਂ ਦੀਵੇ ਦੇ ਚਾਨਣ ਨਾਲ ਅੰਧੇਰਾ ਖਤਮ ਹੋ ਜਾਂਦਾ ਹੈ ਅਤੇ ਜਿਵੇਂ ਸੂਰਜ ਦੇ ਚੜ੍ਹਣ ਨਾਲ ਚੰਦ ਤਾਰੇ ਅਲੋਪ ਹੋ ਜਾਂਦੇ ਹਨ ਤਿਵੇਂ ਧਾਰਮਿਕ ਗ੍ਰੰਥਾਂ ਦੇ ਉਪਦੇਸ਼ਾਂ, ਸਿਖਿਆ ਅਤੇ ਗਿਆਨ ਨਾਲ ਪਾਪਾਂ ਵਾਲੀ ਮਤਿ ਦਾ ਨਾਸ ਹੋ ਜਾਂਦਾ ਹੈ। ਸਿਖਿਆ ਧਾਰਨ ਵਾਲੇ ਪ੍ਰਾਣੀ ਗੁਰਮੁਖਿ ਬਣਕੇ ਭਵਸਾਗਰ ਤੋਂ ਪਾਰ ਲੰਘ ਜਾਂਦੇ ਹਨ ਅਤੇ ਇਸ ਦੇ ਉਲਟ ਸਿਖਿਆ ਦੀ ਪ੍ਰਵਾਹ ਨਾਂ ਕਰਨ ਵਾਲੇ ਸਭ ਦੇ ਸਭ ਖੁਆਰ ਹੁੰਦੇ ਹਨ। ਸਤਿਗੁਰਾਂ ਦਾ ਫੈਸਲਾ ਹੈ ਕਿ ਦੂਸਰਿਆਂ ਨੂੰ ਮਤਾਂ ਦੇਣ ਵਾਲੇ ਪੰਡਿਤਾਂ, ਜੋਗੀਆਂ ਆਦਿ ਨੇ ਆਪ ਮਤਿ ਲੈਣ ਦੀ ਬਜਾਏ ਬੇਦ ਪੁਰਾਣਾਂ ਦੇ ਪਾਠਾਂ ਨੂੰ ਅਗਿਆਨੀ ਸ਼ਰਧਾਲੂਆਂ ਤੋਂ ਮਾਇਆ ਬਿਟੋਰਨ ਦਾ ਕਾਰੋਬਾਰ ਬਣਾਇਆ ਹੋਇਆ ਹੈ। ਇਹ ਮੂਰਖ ਤੇ ਅੰਨ੍ਹੇ ਧਾਰਮਿਕ ਆਗੂ ਅਪਣਾ ਢਿੱਡ ਭਰਨ ਵਾਸਤੇ ਹੀ ਪਾਠ ਪੜ੍ਹਦੇ ਹਨ ਅਤੇ ਪਾਠ ਕਰਨ ਵੇਲੇ ਆਪਣੇ ਜਜਮਾਨਾਂ ਦੇ ਘਰ ਪਸ਼ੂਆਂ ਵਾਂਗ ਲੋੜ ਤੋਂ ਵੀ ਵੱਧ ਖਾਂਦੇ ਹਨ। ਇਹ ਆਪ ਧਰਮ ਗਰੰਥਾਂ ਦੀ ਸਿਖਿਆ ਸਮਝਦੇ ਨਹੀਂ ਅਤੇ ਇਨ੍ਹਾਂ ਦੇ ਪਾਠਾਂ ਵਾਲੀ ਰਸਮ ਇੱਕ ਮਾਇਆ ਵਾਲਾ ਵਾਪਾਰ ਹੈ। ਇਹ ਨਿਗੁਰੇ ਹਨ ਕਿਉਂਕਿ ਇਹ ਰਸਮੀਂ ਪਾਠਾਂ ਨਾਲ ਝੂਠੀਆਂ ਕਰਾਮਾਤਾਂ ਜੋੜਕੇ ਸ਼ਰਧਾਲੂਆਂ ਨੂੰ ਗੁਰਉਪਦੇਸ਼ਾਂ ਨਾਲੋਂ ਤੋੜਦੇ ਹਨ। ਪਾਠ ਪੜ੍ਹਕੇ ਝੂਠ ਬੋਲਣਾ ਨਿਗੁਰਿਆਂ ਵਾਲੀ ਮਤਿ ਹੈ। ਇਹ ਧਰਮੀ ਹੋਣ ਦਾ ਪਖੰਡ ਰਚਾ ਕੇ ਸਧਾਰਨ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ।

ਅਸੰਖ ਗਰੰਥ ਮੁਖਿ ਵੇਦ ਪਾਠ॥ ਅਸੰਖ ਜੋਗ ਮਨਿ ਰਹਹਿ ਉਦਾਸ॥

ਆਖਹਿ ਵੇਦ ਪਾਠ ਪੁਰਾਣ॥ ਆਖਹਿ ਪੜੇ ਕਰਹਿ ਵਖਿਆਣ॥

ਕੇਤੇ ਆਖਹਿ ਆਖਣਿ ਪਾਹਿ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ॥

ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ॥ ਬੇਦ ਪੁਰਾਣ ਪੜੈ ਸੁਣਿ ਥਾਟਾ॥

ਬਿਨੁ ਰਸ ਰਾਤੇ ਮਨੁ ਬਹੁ ਨਾਟਾ॥

ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ॥

ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ॥

ਪੰਡਿਤ ਲੋਕ ਤਿੰਨ ਵੇਲੇ ਦੀ ਸੰਧਿਆ ਵਾਲਾ ਨਿਤ ਨੇਮ ਕਰਦੇ ਹਨ। ਵੇਦ, ਪੁਰਾਣ, ਸਿਮ੍ਰਿਤੀਆਂ, ਵਿਆਕਰਣ ਆਦਿ ਦੇ ਪਾਠ ਪੜਦੇ ਹਨ। ਇਨ੍ਹਾਂ ਦੀ ਵਿਆਖਿਆ ਕਰਦੇ ਹਨ ਪਰ ਇਨ੍ਹਾਂ ਵਿੱਚ ਦਸੇ ਹੋਏ ਉਪਦੇਸ਼ਾਂ ਨੂੰ ਨਹੀਂ ਬੁਝਦੇ ਇਸ ਕਰਕੇ ਇਹਨਾਂ ਦਾ ਇਹ ਪੜਣਾ-ਸੁੰਨਣਾ ਮਾਇਆ ਵਾਸਤੇ ਨਾਟਕ ਚੇਟਕ ਹੀ ਹੈ। ਇਹਨਾਂ ਦੀ ਰੀਸੇ ਹੋਰ ਬੇਅੰਤ ਅਗਿਆਨੀ ਸ਼ਰਧਾਲੂ ਇਹਨਾਂ ਵਾਂਗ ਰਿਵਾਜੀ ਪਾਠਾਂ ਵਿੱਚ ਵਢਮੁੱਲਾ ਸਮਾਂ ਬਰਬਾਦ ਕਰ ਰਹੇ ਹਨ।

ਮਨਮੁਖਿ ਝੂਠੋ ਝੂਠੁ ਕਮਾਵੈ॥ ਖਸਮੈ ਕਾ ਮਹਲੁ ਕਦੇ ਨ ਪਾਵੈ॥

ਆਚਾਰੀ ਨਹੀ ਜੀਤਿਆ ਜਾਇ॥ ਪਾਠ ਪੜੈ ਨਹੀ ਕੀਮਤਿ ਪਾਇ॥

ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ॥

ਹਠੁ ਅਹੰਕਾਰੁ ਕਰੈ ਨਹੀ ਪਾਵੈ॥ ਪਾਠ ਪੜੈ ਲੇ ਲੋਕ ਸੁਣਾਵੈ॥

ਤੀਰਥਿ ਭਰਮਸਿ ਬਿਆਧਿ ਨ ਜਾਵੈ॥

ਪ੍ਰਭੂ ਸਾਡੀ ਕਿਸੇ ਚਤੁਰਾਈ ਨਾਲ, ਸਿਆਣਪ ਨਾਲ ਅਤੇ ਕਿਸੇ ਧਾਰਮਿਕ ਗਰੰਥ ਦੇ ਪਾਠ ਨਾਲ ਨਹੀਂ ਮਿਲਦਾ। ਪ੍ਰਮਾਤਮਾ ਧਾਰਮਿਕ ਰਸਮਾਂ ਅਤੇ ਵੇਦਾਂ ਵਰਗੇ ਗਰੰਥਾਂ ਦੇ ਪਾਠ ਪੜਣ ਨਾਲ ਖੁਸ਼ ਨਹੀਂ ਹੁੰਦਾ। ਲਖ ਵਾਰੀ ਪੁਰਾਣ ਆਦਿ ਦੇ ਪਾਠ ਪੜੇ ਜਾਣ ਦਾ ਉੱਦਮ ਭੀ ਦਰਗਾਹ ਵਿੱਚ ਕਬੂਲ ਪੈਣ ਵਾਸਤੇ ਸਹਾਈ ਨਹੀਂ ਹੁੰਦਾ। ਲੋਕਾਂ ਨੂੰ ਰਵਾਇਤੀ ਪਾਠ ਪੜ੍ਹ ਕੇ ਸੁਨਾਉਣ ਵਾਲੇ ਹੱਠ ਧਰਮੀ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ।

ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ॥ ਬਹੁ ਬਿਧਿ ਬੇਦ ਪਾਠ ਸਭਿ ਸੋਧਾ॥

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥

ਦਸ ਆਠ ਲੀਖੇ ਹੋਵਹਿ ਪਾਸਿ॥ ਚਾਰੇ ਬੇਦ ਮੁਖਾਗਰ ਪਾਠਿ॥

ਪੁਰਬੀ ਨਾਵੈ ਵਰਨਾਂ ਕੀ ਦਾਤਿ॥ ਵਰਤ ਨੇਮ ਕਰੇ ਦਿਨ ਰਾਤਿ॥

ਕਾਜੀ ਮੁਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ॥

ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ॥

ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ॥

ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ॥

ਤੋਤੇ ਰਟਨ ਪਾਠ ਕਰਨ ਵਾਲਾ ਤਿਆਗੀ ਵੀ ਦੁਖੀ ਹੈ ਅਤੇ ਗ੍ਰਿਸਤੀ ਵੀ ਦੁਖੀ ਹੈ। ਬੇਦ ਪਾਠ ਪੜ੍ਹਣ ਨਾਲ, ਵਿਚਾਰਨ ਨਾਲ, ਨਿਵਲੀ ਕਰਮ ਨਾਲ ਕੁੰਡਲਾਨੀ ਨਾੜੀ ਪ੍ਰਾਣ ਚੜਾਣ ਨਾਲ ਪੰਜ ਚੋਰਾਂ ਅਥਵਾ ਕਾਮ, ਕ੍ਰੋਧ, ਲੋਭ ਮੋਹ ਹੰਕਾਰ ਤੇ ਵਿਕਾਰਾਂ ਤੋਂ ਛੁਟਕਾਰਾ ਨਹੀਂ ਮਿਲਦਾ ਅਤੇ ਅਜਿਹੇ ਅਨੇਕ ਹੀ ਕਰਮਕਾਡਾਂ ਵਾਲੀਆਂ ਬਿਧੀਆਂ ਨਾਲ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਗੁਰਪੀਰਾਂ ਦੇ ਉਪਦੇਸ਼ਾਂ ਨੂੰ ਬੁਝਣ ਦੀ ਲੋੜ ਨਾਂ ਸਮਝਣ ਵਾਲੇ ਕਾਜ਼ੀ ਮੁਲਾਂ ਸ਼ੇਖ, ਜੋਗੀ, ਜੰਗਮ, ਕਰਮਕਾਂਡੀ ਗ੍ਰਿਹਸਤੀ, ਹਥੀਂ ਅਠਾਰਾਂ ਪੁਰਾਣ ਲਿਖਣ ਵਾਲੇ ਅਤੇ ਚਾਰ ਵੇਦਾਂ ਦੇ ਮੂੰਹ ਜ਼ਬਾਨੀ ਪਾਠ ਕਰਨ ਵਾਲੇ ਪੰਡਿਤ ਆਦਿ ਸਾਰੇ ਦੇ ਸਾਰੇ ਦੋਸ਼ੀਆਂ ਵਾਂਗ ਬੰਨ੍ਹਕੇ ਅਗੇ ਲਾ ਲਏ ਜਾਂਦੇ ਹਨ। ਜਿਹੜੇ ਸ਼ਰਧਾਲੂ ਬਿਨਾਂ ਸਮਝੇ ਹੀ ਪਾਠ ਕਰੀ ਜਾਂਦੇ ਹਨ ਉਹ ਇਸ ਭੇਤ ਨੂੰ ਨਹੀਂ ਬੁਝ ਸਕਦੇ ਕਿ ਪ੍ਰਮਾਤਮਾ ਨਾਲ ਮਿਲਾਪ ਤਾਂ ਗੁਰ ਉਪਦੇਸ਼ ਸਮਝਕੇ ਉਨ੍ਹਾਂ ਦੀ ਕਮਾਈ ਨਾਲ ਹੁੰਦਾ ਹੈ। ਪ੍ਰਮਾਤਮਾ ਨੂੰ ਮਿਲਣ ਦੀ ਬਿਧੀ ਦਾ ਪਤਾ ਰਸਮੀ ਤੇ ਗਿਣਤੀ ਮਿਣਤੀ ਦੇ ਪਾਠ ਕਰਨ-ਕਰਾਉਣ ਨਾਲ ਨਹੀਂ ਬਲਕਿ ਧਿਆਨ ਨਾਲ ਪੜਿ-ਸੁਨਿ ਕੇ ਬੁਝਣ ਨਾਲ ਲਗਦਾ ਹੈ। ਇਸ ਕਰਕੇ ਸਤਿਗੁਰਾਂ ਨੇ ਤੋਤੇ ਰਟਨ ਪਾਠ ਵਰਜਿਤ ਕਰਕੇ ਗੁਰਬਾਣੀ ਨੂੰ ਕੇਵਲ ਬੁਝਣ ਦਾ ਹੀ ਹੁਕਮ ਕੀਤਾ ਹੈ।

ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥

ਭਾਈ ਰੇ ਗੁਰਮੁਖਿ ਬੂਝੈ ਕੋਇ॥

ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ॥

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆੲ॥ ੇ

ਪੜਿਐ ਨਾਹੀ ਭੇਦੁ ਬੁਝੀਐ ਪਾਵਣਾ॥

ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥

ਜਿਹੜੇ ਪ੍ਰਾਣੀ ਉਪਦੇਸ਼ਾਂ ਨੂੰ ਧਿਆਨ ਨਾਲ ਪੜ੍ਹਕੇ ਬੁਝਿਕੇ ਅਪਣੇ ਮਨ ਵਿੱਚ ਵਸਾਉਂਦੇ ਹਨ ਸਤਿਗੁਰ ਉਹਨਾਂ ਤੋਂ ਸਦਾ ਸਦਕੇ ਜਾਂਦੇ ਹਨ। ਮਨਮੁਖਿ ਗੁਰਮਤਿ ਨਹੀਂ ਬੁਝਦੇ ਅਤੇ ਬਿਬਰਜਤ ਕਰਮਕਾਂਡ ਕਰਦੇ ਹਨ। ਬਿਨਾਂ ਬੁਝੈ ਕਰਮ ਕਰਨ ਵਾਲਿਆਂ ਦਾ ਵਡਮੁਲਾ ਜਨਮ ਬਿਅਰਥ ਜਾਂਦਾ ਹੈ। ਸਤਿਗੁਰਾਂ ਦਾ ਹੁਕਮ ਹੈ ਕਿ ਗੁਰਬਾਣੀ ਧਿਆਨ ਨਾਲ ਪੜ੍ਹਕੇ ਸਮਝੋ ਅਤੇ ਹੋਰਨਾਂ ਨੂੰ ਸਮਝਾਓ। ਇਹੁ ਹੀ ਪ੍ਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਰਾਹ ਹੈ। ਦੂਸਰੇ ਰਾਹਾਂ ਦੀਆਂ ਗਲਾਂ ਕਰਨ ਵਾਲੇ ਤੁਹਾਨੂੰ ਕੁਰਾਹੇ ਪਾਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ।

ਤਪਨ ਤਪੁ ਗੁਰ ਗਿਆਨ॥

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥

ਫਲ ਕਾਰਨ ਫੂਲੀ ਬਨਰਾਇ॥ ਫਲੁ ਲਾਗਾ ਤਬ ਫੂਲੁ ਬਿਲਾਇ॥

ਗਿਆਨੈ ਕਾਰਨ ਕਰਮ ਅਭਿਆਸੁ ਗਿਆਨੁ ਭਇਆ ਤਹ ਕਰਮਹ ਨਾਸੁ॥

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥

ਜਿਥੇ ਗਿਆਨ ਹੈ ਓਥੇ ਹੀ ਧਰਮ ਹੈ। ਗੁਰ ਗਿਆਨ ਹੀ ਸਭ ਤੋਂ ਵੱਡਾ ਤਪ ਹੈ। ਇਸ ਨਾਲ ਹੀ ਮਨ ਦੀ ਭਟਕਣਾ ਹਟਦੀ ਹੈ। ਗੁਰਬਾਣੀ ਵਿੱਚ ਗੁਰਮਤਿ ਗਿਆਨ ਸਮਝਣ ਵਾਸਤੇ ਧਿਆਨ ਨਾਲ ਪੜ੍ਹਣ ਦੇ ਕਰਮ ਕਰਨ ਦੀ ਹੀ ਆਗਿਆ ਹੈ ਅਤੇ ਬੁਝਣ ਤੋਂ ਪਿਛੋਂ ਇਸ ਪੜ੍ਹਣ ਵਾਲੇ ਕਰਮ ਦੀ ਵੀ ਮਨਾਹੀ ਹੈ। ਸਤਿਗੁਰਾਂ ਪੜ-ਪੜ ਗਡੀਆਂ ਲਦਣ ਵਾਲੇ ਕਰਮ ਨੂੰ ਝਖਣਾ ਝਾਖ ਕਹਿਆ ਹੈ।

ਅਜ ਕਲ ਦੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਹਿਜ ਪਾਠ, ਅਖੰਡ ਪਾਠ, ਪਾਠਾਂ ਦੀਆਂ ਲੜੀਆਂ ਅਤੇ ਇਕੋਤ੍ਰੀਆਂ, ਸੁਖਮਨੀ ਸਾਹਿਬ ਦੇ ਪਾਠ ਆਦਿ ਦੀ ਤਰਾਂ ਗੁਰੂ ਸਾਹਿਬਾਨ ਵੇਲੇ ਉਹਨਾਂ ਦੇ ਪਿਤਾ ਪੁਰਖੀ ਧਰਮ ਗਰੰਥ ਅਥਵਾ ਬੇਦ, ਪੁਰਾਣ, ਸਿਮ੍ਰਿਤੀਆਂ ਆਦਿ ਦੇ ਪਾਠਾਂ ਦਾ ਬਹੁਤ ਰਿਵਾਜ ਸੀ। ਬੇਦ ਪਾਠ ਆਦਿ ਪ੍ਰਥਾਇ ਸ੍ਰੀ ਗੁਰੂ ਗਰੰਥ ਵਿੱਚ 23 ਸ਼ਬਦ ਹਨ। ਇੱਕ ਵਾਰੀ ਪਾਠਾ ਦੇ, ਦੋ ਵਾਰੀ ਪਾਠਿ ਦੇ, ਤਿੰਨ ਵਾਰੀ ਪਾਠੁ ਦੇ ਅਤੇ ਸਤਾਰਾਂ ਵਾਰੀ ਪਾਠ ਦੇ ਰੂਪ ਵਿੱਚ ਇਹ 23 ਸ਼ਬਦ ਹਨ। ਇਹਨਾਂ ਵਿਚੋਂ ਅਠਾਰਾਂ ਵਾਰ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸ਼ਬਦ ਦੀ ਵਰਤੋਂ ਕੀਤੀ ਹੈ। ਕਿਤੇ ਇੱਕ ਵਾਰ ਵੀ ਅਜਿਹੇ ਪਾਠ ਤੋਂ ਮਿਲਦੇ ਕਿਸੇ ਫਲ ਦਾ ਜਾਂ ਕਿਸੇ ਪੂਰੀ ਹੁੰਦੀ ਸੁਖਨਾ ਦਾ ਤੇ ਮੁਰਾਦ ਦਾ ਜ਼ਿਕਰ ਜਾਂ ਲਾਰਾ ਨਹੀਂ ਹੈ। ਸਤਿਗੁਰਾਂ ਨੇ ਇੱਕ ਵਾਰ ਵੀ ਰਿਵਾਜੀ, ਰਿਵਾਇਤੀ, ਬੇਧਿਆਨੇ ਅਤੇ ਸਮਝਣ ਦੇ ਮੰਤਵ ਤੋਂ ਬਿਨਾਂ ਪੜ੍ਹੇ ਜਾਂਦੇ ਪਾਠਾਂ ਨੂੰ ਸਹੀ ਨਹੀਂ ਮੰਨਿਆ ਪਰ ਇਨ੍ਹਾਂ ਦਾ ਖੰਡਨ ਵਾਰ ਵਾਰ ਕੀਤਾ ਹੈ ਅਤੇ ਧਿਆਨ ਨਾਲ ਪੜ੍ਹਕੇ ਬੁਝਣ ਦਾ ਹੁਕਮ ਕੀਤਾ ਹੈ। ਇਹ ਕਦੇ ਵੀ ਨਹੀਂ ਮੰਨਿਆ ਜਾ ਸਕਦਾ ਕਿ ਗੁਰੂ ਸਾਹਿਬ ਬੇਦਾਂ ਆਦਿ ਦੇ ਪਾਠਾਂ ਦਾ ਤਾਂ ਖੰਡਨ ਕਰਨ ਤੇ ਆਪਣੀ ਰਚਿਤ ਬਾਣੀ ਦੇ ਇਸੇ ਤਰਾਂ ਦੇ ਬੇਧਿਆਨੇ ਪਾਠਾਂ ਦੀ ਖੁਲ ਦੇਣ ਅਤੇ ਇਹਨਾਂ ਨੂੰ ਕਰਨ- ਕਰਾਉਣ ਵਾਲਿਆਂ ਦੀਆਂ ਮੁਰਾਦਾਂ ਪੂਰੀਆਂ ਕਰਨ। ਇਹ ਤਾਂ ਬੂਝਹੁ ਹਰਿਜਨ ਸਤਿਗੁਰ ਬਾਣੀ ਅਤੇ ਅਕਲੀ ਪੜਿ ਕੈ ਬੁਝੀਐ ਵਾਲੇ ਗੁਰ ਸਿਧਾਂਤਾਂ ਦੀ ਉਲੰਘਣਾ ਹੈ। ਇਸ ਕਰਕੇ ਸਮਝਣ ਦੇ ਮੰਤਵ ਤੋਂ ਬਿਨਾਂ ਕੀਤਾ ਗੁਰਬਾਣੀ ਦਾ ਪਾਠ ਬੇਦਾਂ ਦੇ ਪਾਠ ਵਾਂਗ ਗੁਰਮਤਿ ਬਿਰੋਧੀ ਕਰਮਕਾਂਡ ਹੀ ਬਣ ਜਾਂਦਾ ਹੈ।

ਬਾਬੇ ਨਾਨਕ ਨੇ ਤਾਂ ਬਾਣੀ ਬੁਝਣ ਦਾ ਹੁਕਮ ਦਿਤਾ ਹੈ। ਬੇਧਿਆਨੇ ਪਾਠਾਂ ਦੀ ਰੀਤ ਤਾਂ ਮਾਇਆਧਾਰੀਆਂ ਤੇ ਪੰਥ ਵਿਰੋਧੀਆਂ ਦੀ ਕਾਰਸ਼ਿਤਾਨੀ ਹੈ ਤਾਕਿ ਸਿਖ ਗਿਆਨਵਾਨ ਨਾ ਬਣ ਸਕਣ। ਪਾਠਾਂ ਨਾਲ ਕਰਾਮਾਤਾਂ ਜੋੜਕੇ ਡੇਰੇਦਾਰ ਸੰਤ ਬਾਬਿਆਂ ਨੇ ਸਿਖਾਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਗੁਰਬਾਣੀ ਤਾਂ ਬੇਧਿਆਨੇ ਪਾਠਾਂ ਤੋਂ ਰੋਕਦੀ ਹੈ। ਅਜਿਹੇ ਪਾਠ ਗੁਰਮਤਿ ਦੇ ਅਨੁਕੂਲ ਨਹੀਂ ਹਨ। ਗੁਰਬਾਣੀ ਤਾਂ ਸਮਝਣ ਵਾਸਤੇ ਹੀ ਲਿਖੀ ਗਈ ਹੈ, ਅਗਿਆਨਤਾ ਫੈਲਾ ਕੇ ਸ਼ਰਧਾਲੂਆਂ ਦੀ ਹੱਡ-ਪਸੀਨੇ ਦੀ ਕਮਾਈ ਲੁੱਟਣ ਲਈ ਨਹੀਂ।

ਰੱਬੀ ਸ਼ਕਤੀ ਨਾਲ ਸਾਰੀ ਦੁਨੀਆ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਦੀਆਂ ਫੜ੍ਹਾਂ ਮਾਰਨ ਵਾਲੇ ਇਹ ਪਰਮ ਮਹਾਂ ਸੰਤ ਆਪਣੀ ਹਰ ਇੱਕ ਮਾੜੀ ਮੋਟੀ ਬੀਮਾਰੀ ਦਾ ਇਲਾਜ ਸੀ. ਐਮ. ਸੀ. ਵਰਗੇ ਵਧੀਆ ਹਸਤਪਤਾਲਾਂ ਵਿੱਚ ਨਵੀਨ ਜੰਤ੍ਰਾਂ ਨਾਲ ਮਾਹਰ ਤੇ ਉਘੇ ਡਾਕਟਰਾਂ ਤੋਂ ਕਰਾਉਂਦੇ ਹਨ। ਮੰਨੇ-ਪ੍ਰਮੰਨੇ ਰੱਬ ਸਮਝੇ ਜਾਂਦੇ ਸੰਤ ਮਹਾਤਮਾ ਵੀ ਇਨ੍ਹਾਂ ਕਰਾਮਾਤਾਂ ਨਾਲ ਅਰੋਗ ਹੋਣ ਦੀ ਬਜਾਏ ਪੜੇ ਲਿਖੇ ਡਾਕਟਰਾਂ ਦਾ ਹੀ ਓਟ ਆਸਰਾ ਲੈਂਦੇ ਹਨ।

ਯੂਬਾ ਸਿਟੀ ਨਗਰ ਕੀਰਤਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਢਿਆ ਹੋਇਆ ਗੁਰੂ ਮਾਨਿਓ ਗ੍ਰੰਥ ਨਾਮ ਦਾ ਇੱਕ ਟ੍ਰੈਕਟ ਵੰਡਿਆ ਗਿਆ ਸੀ। ਉਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਿਖ ਲਈ ਸੰਸਾਰ ਅੰਦਰ ਕੇਵਲ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ …ਬਾਣੀ ਦਾ ਪਾਠ ਕਰਨਾ/ਸੁਣਨਾ ਤੇ ਕੀਰਤਨ ਕਰਨਾ/ਸੁਣਨਾ ਉਨ੍ਹਾਂ ਦਾ ਹੀ ਸਫਲ ਹੈ ਜਿਹੜੇ ਸਿੱਖ ਗੁਰੂ ਦੀ ਆਗਿਆ {ਸ਼ਬਦ} ਨੂੰ ਸਤਿ ਸਤਿ ਮੰਨ ਕੇ ਹਿਰਦੇ ਵਿੱਚ ਧਾਰਦੇ ਹਨ ਤੇ ਇਸ ਅਨੁਸਾਰ ਜੀਵਨ ਬਸਰ ਕਰਦੇ ਹਨ ……ਸਤਿਗੁਰਾਂ ਅੱਗੇ ਸੀਸ ਝੁਕਾਉਣ ਦਾ ਅਸਲ ਮੰਤਵ ਹੈ ਕਿ ਗੁਰੂ-ਹੁਕਮਾਂ {ਸ਼ਬਦ} ਦੀ ਸਮਝ ਪਵੇ ਤੇ ਫਿਰ ਉਨ੍ਹਾਂ ਹੁਕਮਾਂ ਦੀ ਕਮਾਈ ਕੀਤੀ ਜਾਵੇ …ਅਸੀਂ ਸ੍ਰੀ ਗੁਰੂ ਗ੍ਰਥ ਸਾਹਿਬ ਜੀ ਦਾ ਰਸਮੀਂ ਸਤਿਕਾਰ ਤਾਂ ਬਹੁਤ ਕਰਦੇ ਹਾਂ, ਪਰ ਅਸੀਂ ਗੁਰੂ ਹੁਕਮਾਂ ਨੂੰ ਸਮਝਣ ਦਾ ਯਤਨ ਬਹੁਤ ਘੱਟ ਕਰਦੇ ਹਾਂ। ……ਹੁਣ ਸਮਾਂ ਹੈ ਕਿ ਅਸੀਂ ਵਾਧੂ ਦੀਆਂ ਰਸਮਾਂ ਨੂੰ ਤਿਆਗ ਕੇ ਗੁਰਬਾਣੀ ਨੂੰ ਪੜ੍ਹਨ-ਸਮਝਣ ਅਤੇ ਆਪਣੇ ਜੀਵਨ ਦਾ ਅਧਾਰ ਬਣਾੳੇੁਣ ਲਈ ਉਪਰਾਲੇ ਕਰੀਏ

ਗੁਰੂ ਨਾਨਕ ਸਾਹਿਬ ਜੀ ਨੇ ਅਪਣੇ ਪਿਉ-ਦਾਦੇ ਦੀ ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ਰਹਤ-ਮਰਿਆਦਾ ਛਡਣ ਲਗਿਆਂ ਝਿਝਕ ਨਹੀਂ ਕੀਤੀ। ਗੁਰੂ ਅਮਰ ਦਾਸ ਜੀ ਨੇ 60-62 ਸਾਲ ਦੀ ਉਮਰ ਤੱਕ ਹਿੰਦੂ ਧਰਮ ਦੇ ਸਾਰੇ ਕਰਮਕਾਂਡ ਕੀਤੇ ਅਤੇ ਫਿਰ ਇਨ੍ਹਾਂ ਨੂੰ ਤਿਆਗਕੇ ਇਹਨਾਂ ਦਾ ਹੀ ਜੋਰਦਾਰ ਸ਼ਬਦਾਂ ਨਾਲ ਖੰਡਨ ਕੀਤਾ। ਫੋਕਟ ਕਰਮਕਾਂਡਾਂ ਨੂੰ ਵਰਜਿਤ ਕਰਕੇ ਸਤਿਗੁਰਾਂ ਸੰਸਾਰ ਉਪਰ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਇਹਨਾਂ ਨੂੰ ਚਾਲੂ ਰਖਣਾ ਹੁਕਮ ਅਦੂਲੀ ਹੈ। ਇਹ ਸਤਿਗੁਰਾਂ ਤੋਂ ਬਾਗੀ ਹੋਣ ਦੇ ਬਰਾਬਰ ਹੈ ਅਤੇ ਉਨ੍ਹਾਂ ਦਾ ਅਪਮਾਨ ਕਰਨ ਵਾਲਾ ਕੁਕਰਮ ਹੈ। ਹਰ ਇੱਕ ਸਿਖ ਦਾ ਇਹ ਨਿੱਜੀ ਫੈਸਲਾ ਹੈ ਕਿ ਕੀ ਉਸ ਨੇ ਤੋਤੇ ਰਟਨ, ਗਿਣਤੀ ਮਿਣਤੀ ਅਤੇ ਮਾਇਆ ਵੱਟੇ, ਸਤਿਗੁਰਾਂ ਦੀ ਖੰਡਨ ਕੀਤੀ ਹੋਈ, ਬੇਧਿਆਨੇ ਪਾਠ ਪੜ੍ਹਣ-ਪੜਾਉਣ ਵਾਲੀ ਰੀਤ ਚਾਲੂ ਰੱਖਕੇ ਸਤਿਗੁਰਾਂ ਦਾ ਅਪਮਾਨ ਕਰੀ ਜਾਣਾ ਹੈ ਜਾਂ ਇਸ ਨੂੰ ਬੰਦ ਕਰਕੇ ਸਤਿਗੁਰਾਂ ਦਾ ਸਤਿਕਾਰ ਕਰਨਾ ਹੈ ਅਤੇ ਅਕਲ ਨਾਲ ਪੜਕੇ ਬੁਝਣ ਵਾਲਾ ਹੁਕਮ ਮੰਨਕੇ ਮੇਹਰ ਤੇ ਬਖਸਸ਼ਾਂ ਦਾ ਫਲ ਪ੍ਰਾਪਤ ਕਰਨਾ ਹੈ। ਗੁਰਬਾਣੀ ਨੂੰ ਬਿਨਾਂ ਸਮਝੇ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਅਤੇ ਖੁਆਰ ਹੀ ਹੋਵਾਂ ਗੇ। ਸਤਿਗੁਰਾਂ ਦੇ ਫੈਸਲਾ ਤਾਂ ਬਹੁਤ ਸਪਸ਼ਟ ਹੈ ਕਿ:-

ਬਿਨੁ ਬੂਝੇ ਸਭ ਹੋਇ ਖੁਆਰ

ਜੁਗਰਾਜ ਸਿੰਘ ਧਾਲੀਵਾਲ।
.